ਸਰਪੰਚੀ ਦੀਆਂ ਉਮੀਦਵਾਰ ਦੋ ਔਰਤਾਂ ਦੀਆਂ ਫਾਈਲਾਂ ਗੁੰਮ ਹੋ ਜਾਣ ਤੋਂ ਭੜਕੇ ਸਮਰਥਕਾਂ ਨੇ ਕੀਤਾ ਚੱਕਾ ਜਾਮ
ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 7 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)- ਬਲਾਕ ਸੁਨਾਮ ਦੇ ਪਿੰਡ ਸ਼ਾਹਪੁਰ ਕਲਾਂ ਦੀ ਸਰਪੰਚੀ ਲਈ ਕਾਗਜ਼ ਭਰਨ ਵਾਲੀਆਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਦੋ ਔਰਤ ਉਮੀਦਵਾਰਾਂ ਦੀਆਂ ਫਾਈਲਾਂ ਗੁੰਮ ਹੋ ਜਾਣ ਤੋਂ ਭੜਕੇ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰੋਹ ’ਚ ਆਏ ਸਮਰਥਕਾਂ ਨੇ ਸਥਾਨਕ ਆਈ. ਟੀ. ਆਈ. ’ਚ ਬਣੇ ਚੋਣ ਦਫ਼ਤਰ ਦੇ ਸਾਹਮਣੇ ਚੱਕਾ ਜਾਮ ਕੀਤਾ ਗਿਆ। ਇਸ ਸਮੇਂ ਅੰਬੇਡਕਰ ਮਜ਼ਦੂਰ ਚੇਤਨਾ ਮੰਚ ਪੰਜਾਬ ਦੇ ਕਨਵੀਨਰ ਕਰਨੈਲ ਸਿੰਘ ਨੀਲੋਵਾਲ ਅਤੇ ਹਰੀ ਸਿੰਘ ਨੇ ਦੱਸਿਆ ਕਿ ਪਿੰਡ ਸ਼ਾਹਪੁਰ ਕਲਾਂ ਦੀ ਸਰਪੰਚ ਦੀ ਚੋਣ ਲੜਨ ਵਾਸਤੇ ਪਿੰਡ ’ਚੋਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਗਗਨਦੀਪ ਸਿੰਘ ਖਾਲਸਾ ਦੀ ਪਤਨੀ ਰਜਨੀ ਕੌਰ ਅਤੇ ਲਛਮਨ ਸਿੰਘ ਉਰਫ਼ ਕਾਕਾ ਦੀ ਪਤਨੀ ਬਲਬੀਰ ਕੌਰ ਨੇ ਬੀਤੇ 4 ਅਕਤੂਬਰ ਨੂੰ ਸੁਨਾਮ ਵਿਖੇ 5 ਨੰਬਰ ਕਲੱਸਟਰ ਦੇ ਰਿਟਰਨਿੰਗ ਅਧਿਕਾਰੀ ਕੋਲ ਆਪਣੇ ਕਾਗਜ਼ ਜਮਾਂ ਕਰਵਾਏ ਸਨ। ਅੱਜ ਜਦੋਂ ਉਕਤ ਇਹ ਉਮੀਦਵਾਰ ਸੰਬੰਧਿਤ ਕਲੱਸਟਰ ਅਧਿਕਾਰੀ ਕੋਲ ਗਏ ਤਾਂ ਉਨ੍ਹਾਂ ਕਿਹਾ ਕਿ ਤੁਸੀ ਕੋਈ ਕਾਗਜ਼ ਹੀ ਜਮਾਂ ਨਹੀਂ ਕਰਵਾਏ ।ਜਦੋਂ ਇਨ੍ਹਾਂ ਨੇ ਕਾਗਜ਼ ਜਮਾਂ ਕਰਵਾਈ ਦੀ ਰਸੀਦ ਦਿਖਾਈ ਤਾਂ ਅਧਿਕਾਰੀ ਕਹਿਣ ਲੱਗੇ ਇਹ ਰਸੀਦ ਸਾਡੀ ਨਹੀ ਬਲਕਿ ਜਾਅਲੀ ਹੈ। ਪ੍ਰਦਰਸ਼ਨ ਕਰ ਰਹੀ ਉਮੀਦਵਾਰ ਰਜਨੀ ਕੋਰ ਨੇ ਦੱਸਿਆ ਕਿ ਅਸੀਂ ਦੋਵੇਂ ਉਮੀਦਵਾਰ ਪੜੇ ਲਿਖੇ ਨਹੀਂ ਹਾਂ ਅਤੇ ਕਿਉਂਕਿ ਪਿੰਡ ਜਨਰਲ ਲਈ ਰਾਂਖਵਾ ਹੈ ਅਤੇ ਇਸ ਲਈ ਸਰਪੰਚੀ ਲਈ ਖੜੇ ਕੁਝ ਇਕ ਧਨਾਢ ਉਮੀਦਵਾਰਾਂ ਨੇ ਚੋਣ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸਾਡੀਆ ਫਾਈਲਾਂ ਜਾਣ ਬੁੱਝ ਕੇ ਗਾਇਬ ਕੀਤੀਆ ਹਨ। ਇਸ ਮਾਮਲੇ ਸੰਬੰਧੀ ਜਦੋਂ ਸਹਾਇਕ ਚੋਣ ਅਧਿਕਾਰੀ ਗੁਰਇਕਬਾਲ ਸਿੰਘ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਦੋਵੇਂ ਉਮੀਦਵਾਰ ਸਾਡੇ ਦਫ਼ਤਰ ਵਿਚ ਕਾਗਜ਼ ਭਰਨ ਆਏ ਹੀ ਨਹੀਂ, ਜੋ ਇਹ ਰਸੀਦਾਂ ਵਿਖਾ ਰਹੀਆਂ ਹਨ, ਉਹ ਸਾਡੇ ਦਫ਼ਤਰ ਵਲੋਂ ਨਹੀਂ ਦਿੱਤੀਆ ਗਈਆਂ। ਖਬਰ ਲਿਖੇ ਜਾਣ ਤੱਕ ਪ੍ਰਦਰਸ਼ਨ ਜਾਰੀ ਸੀ।