ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ - ਉਲੰਪੀਅਨ ਗਗਨ ਅਜੀਤ ਸਿੰਘ
ਮਲੇਰਕੋਟਲਾ, 5 ਅਗਸਤ (ਮੁਹੰਮਦ ਹਨੀਫ਼ ਥਿੰਦ)-ਸਾਬਕਾ ਹਾਕੀ ਉਲੰਪੀਅਨ ਗਗਨ ਅਜੀਤ ਸਿੰਘ ਨੇ ਪਿਛਲੇ ਦਿਨੀਂ ਬਤੌਰ ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਦਾ ਅਹੁਦਾ ਸੰਭਾਲਣ ਉਪਰੰਤ ਅੱਜ ਪੱਤਰਕਾਰਾਂ ਦੇ ਰੂ-ਬਰੂ ਹੁੰਦਿਆਂ ਜ਼ਿਲ੍ਹਾ ਪੁਲਿਸ ਨੂੰ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸ ਪ੍ਰਸ਼ਾਸਨ ਪ੍ਰਦਾਨ ਕਰਨ ਅਤੇ ਸਮੇਂ-ਸਮੇਂ ਉਤੇ ਆਉਣ ਵਾਲੀਆਂ ਚੁਣੌਤੀਆਂ ਨੂੰ ਦੂਰ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ਪੱਤਰਕਾਰਾਂ ਨੇ ਅਮਨ ਅਤੇ ਕਾਨੂੰਨ ਵਿਵਸਥਾ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਗਤੀਵਿਧੀਆਂ, ਟਰੈਫ਼ਿਕ ਲਾਈਟਾਂ, ਸ਼ਹਿਰ ਵਿਚ ਲੱਗੇ ਕੈਮਰਿਆਂ ਸੰਬੰਧੀ, ਲੜਕੀਆਂ ਦੇ ਸਕੂਲਾਂ/ਕਾਲਜਾਂ ਨੇੜੇ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਹੁੰਦੀ ਹੁੱਲੜਬਾਜ਼ੀ ਅਤੇ ਬਾਜ਼ਾਰਾਂ 'ਚ ਗ਼ਲਤ ਪਾਰਕਿੰਗ ਆਦਿ ਦਾ ਮਸਲਾ ਧਿਆਨ ਵਿਚ ਲਿਆਂਦਾ।