ਡਾਕਟਰ ’ਤੇ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਸਿਹਤ ਮੁਲਾਜ਼ਮਾਂ ਵਲੋਂ ਓ.ਪੀ.ਡੀ. ਤਿੰਨ ਦਿਨਾਂ ਤੋਂ ਬੰਦ
ਚੋਗਾਵਾਂ, 9 ਅਗਸਤ (ਗੁਰਵਿੰਦਰ ਸਿੰਘ ਕਲਸੀ)- ਸਰਕਾਰੀ ਹਸਪਤਾਲ ਲੋਪੋਕੇ ਦੇ ਸਮੂਹ ਡਾਕਟਰਾਂ ਤੇ ਸਿਹਤ ਵਿਭਾਗ ਦੀਆਂ ਸਮੂਹ ਜਥੇਬੰਦੀਆਂ ਵਲੋਂ ਹਸਪਤਾਲ ਦੇ ਸੀਨੀਅਰ ਡਾਕਟਰ ਉੱਪਰ ਹੋਏ ਹਮਲੇ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਤਿੰਨ ਦਿਨਾਂ ਤੋਂ ਓ.ਪੀ.ਡੀ ਬੰਦ ਕਰਕੇ ਧਰਨੇ ਉੱਪਰ ਬੈਠੇ ਹੋਏ ਹਨ। ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਹਸਪਤਾਲ ਵਿਚ ਡਾਕਟਰਾਂ ਦੀ ਕੋਈ ਸੁਰੱਖਿਆ ਨਹੀਂ ਹੈ। ਬੀਤੇ ਦਿਨੀਂ ਬੱਚਿਆਂ ਦੇ ਮਾਹਿਰ ਡਾਕਟਰ ਉੱਪਰ ਜਾਨਲੇਵਾ ਹਮਲਾ ਕਰਕੇ ਪੱਗ ਲਾਹ ਦਿੱਤੀ ਗਈ ਸੀ। ਪਵਨ ਸ਼ਰਮਾ ਰੇਡੀਓਗ੍ਰਾਫ਼ਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਅੱਜ ਤਿੰਨ ਦਿਨ ਬੀਤ ਜਾਣ ’ਤੇ ਵੀ ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ, ਜਿਸ ਕਰਕੇ ਸਮੂਹ ਸਿਹਤ ਮੁਲਾਜ਼ਮ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਜ਼ਿਲ੍ਹੇ ’ਤੇ ਰਾਜ ਪੱਧਰ ਦਾ ਸੰਘਰਸ਼ ਕੀਤਾ ਜਾਵੇਗਾ।