20-07-26
ਨਕਾਰਾਤਮਿਕ ਸੰਵੇਗਾਂ ਦਾ ਪ੍ਰਬੰਧਨ
ਵਿਅਕਤੀ ਦੀ ਹਲਚਲ ਅਤੇ ਉਤੇਜਿਤ ਅਵਸਥਾ ਨੂੰ ਸੰਵੇਗ ਕਿਹਾ ਜਾਂਦਾ ਹੈ। ਸੰਵੇਗਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਪਹਿਲੇ ਹਾਂ-ਵਾਚਕ ਜਾਂ ਸਾਕਾਰਤਾਮਿਕ ਸੰਵੇਗ ਅਤੇ ਦੂਜੇ ਨਾਂਹ-ਵਾਚਕ ਜਾਂ ਨਕਾਰਾਤਮਿਕ ਸੰਵੇਗ। ਕੰਟਰੋਲ ਅਤੇ ਸਧਾਰਨ ਸਥਿਤੀ ਦੌਰਾਨ ਦੋਵਾਂ ਕਿਸਮਾਂ ਦੇ ਸੰਵੇਗ ਮਨੁੱਖ ਲਈ ਲਾਭਦਾਇਕ ਹੁੰਦੇ ਹਨ ਪ੍ਰੰਤੂ ਨਾਂਹ-ਵਾਚਕ ਸੰਵੇਗਾਂ ਦੀ ਵਧੇਰੇ ਮਾਤਰਾ ਮਾਨਸਿਕ ਰੋਗਾਂ ਦਾ ਕਾਰਨ ਬਣਦੀ ਹੈ। ਇਸ ਲਈ ਜ਼ਿੰਦਗੀ ਦੀ ਖੁਸ਼ੀ ਅਤੇ ਸਫਲਤਾ ਲਈ ਜ਼ਰੂਰੀ ਹੈ ਕਿ ਡਰ, ਈਰਖਾ, ਕ੍ਰੋਧ ਅਤੇ ਨਫ਼ਰਤ ਆਦਿ ਨਕਾਰਾਤਮਿਕ ਸੰਵੇਗਾਂ ਨੂੰ ਕੰਟਰੋਲ ਵਿਚ ਰੱਖਿਆ ਜਾਵੇ। ਨਕਾਰਾਤਮਿਕ ਸੰਵੇਗਾਂ ਦਾ ਪ੍ਰਬੰਧਨ ਕਰਨ ਲਈ ਅੱਗੇ ਲਿਖੇ ਤਰੀਕੇ ਅਪਣਾਏ ਜਾ ਸਕਦੇ ਹਨ। ਵਿਅਕਤੀ ਨੂੰ ਚਿੰਤਨ ਅਤੇ ਸੋਚ-ਵਿਚਾਰ ਵਿਚ ਹਲਚਲ ਮਚਾਉਣ ਵਾਲੀ ਉਤੇਜਿਤ ਸਥਿਤੀ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਸਰੀਰ ਅਤੇ ਮਨ ਵਿਚ ਗਹਿਰਾ ਸੰਬੰਧ ਹੁੰਦਾ ਹੈ। ਸਰੀਰਕ ਅਤੇ ਮਾਨਸਿਕ ਉਤੇਜਨਾ ਨੂੰ ਸ਼ਾਂਤ ਕਰਨ ਲੀ ਆਰਾਮ ਕਰਨ ਦਾ ਅਭਿਆਸ ਕਰਨਾ ਚਾਹੀਦਾ ਹੈ। ਯੋਗ ਅਤੇ ਧਿਆਨ ਦਾ ਅਭਿਆਸ ਕਰਨਾ ਚਾਹੀਦਾ ਹੈ। ਸਿਰਜਣਾਤਮਿਕ ਕੰਮਾਂ ਵਿਚ ਸਮਾਂ ਬਤੀਤ ਕਰਨਾ ਚਾਹੀਦਾ ਹੈ। ਜੀਵਨ ਵਿਚ ਪਿਆਰ ਦਾ ਖੇਤਰ ਵਧਾਉਣਾ ਚਾਹੀਦਾ ਹੈ। ਸਮਾਜ ਸੇਵਾ ਦੇ ਕੰਮਾਂ ਵਿਚ ਰੁਚੀ ਲੈਣੀ ਚਾਹੀਦੀ ਹੈ। ਸਥਿਤੀ ਤੇ ਸਮੱਸਿਆ ਨੂੰ ਗਹਿਰਾਈ ਨਾਲ ਵੇਖਣਾ ਚਾਹੀਦਾ ਹੈ। ਆਤਮ-ਨਿਰੀਖਣ ਵਿਧੀ ਦੀ ਵਰਤੋਂ ਕਰਦੇ ਹੋਏ ਆਪਣੀਆਂ ਪ੍ਰਾਪਤੀਆਂ ਅਤੇ ਚੰਗੇ ਸਮੇਂ ਬਾਰੇ ਨਿਰੀਖਣ ਕਰਦੇ ਹੋਏ ਚੰਗੇ ਭਵਿੱਖ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਦੂਜਿਆਂ ਦੀਆਂ ਭਾਵਨਾਵਾਂ ਅਤੇ ਦੁੱਖਾਂ ਨੂੰ ਸਮਝਦੇ ਹੋਏ ਚੰਗਾ ਵਿਹਾਰ ਕਰਨਾ ਚਾਹੀਦਾ ਹੈ।
-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਜ਼ਿਲ੍ਹਾ ਹੁਸ਼ਿਆਰਪੁਰ।
ਸਾਡੇ ਅੰਦਰ ਵੀ ਇਕ ਦੁਨੀਆ
ਇਨਸਾਨੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਇਹ ਹੈ ਕਿ ਹਰ ਵਿਅਕਤੀ ਦੀ ਇਕ ਬਾਹਰੀ ਅਤੇ ਇਕ ਅੰਦਰੂਨੀ ਦੁਨੀਆ ਹੁੰਦੀ ਹੈ। ਬਾਹਰੋਂ ਜੋ ਦਿਖਾਈ ਦਿੰਦਾ ਹੈ ਉਹ ਅਕਸਰ ਪੂਰੀ ਹਕੀਕਤ ਨਹੀਂ ਹੁੰਦੀ। ਅਸੀਂ ਲੋਕਾਂ ਨੂੰ ਉਨ੍ਹਾਂ ਦੇ ਕੱਪੜਿਆਂ, ਬੋਲਚਾਲ, ਹਾਲਾਤ ਜਾਂ ਕੁਝ ਪਲਾਂ ਦੇ ਵਿਹਾਰ ਦੇ ਆਧਾਰ 'ਤੇ ਪਰਖਣ ਲੱਗ ਪੈਂਦੇ ਹਾਂ, ਪਰ ਇਹ ਨਹੀਂ ਜਾਣਦੇ ਕਿ ਉਹ ਆਪਣੇ ਦਿਲ ਵਿਚ ਕਿੰਨੇ ਦੁੱਖ, ਸੰਘਰਸ਼, ਸੁਪਨੇ ਜਾਂ ਜ਼ਿੰਮੇਵਾਰੀਆਂ ਲਈ ਬੈਠੇ ਹਨ। ਕਈ ਵਾਰ ਜੋ ਵਿਅਕਤੀ ਸਾਨੂੰ ਹੱਸਦਾ ਹੋਇਆ ਦਿਸਦਾ ਹੈ, ਉਹ ਅੰਦਰੋਂ ਟੁੱਟਿਆ ਹੋ ਸਕਦਾ ਹੈ। ਜੋ ਚੁੱਪ ਰਹਿੰਦਾ ਹੈ, ਉਹ ਕਮਜ਼ੋਰ ਨਹੀਂ ਹੁੰਦਾ, ਸਗੋਂ ਸਾਇਦ ਉਹ ਆਪਣੇ ਜਜ਼ਬਾਤਾਂ ਨਾਲ ਲੜ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਜੋ ਸਾਦਗੀ ਨਾਲ ਜੀਵਨ ਬਿਤਾਉਂਦਾ ਹੈ, ਉਹ ਗਰੀਬ ਸੋਚ ਵਾਲਾ ਨਹੀਂ, ਸਗੋਂ ਉੱਚੇ ਵਿਚਾਰਾਂ ਵਾਲਾ ਵੀ ਹੋ ਸਕਦਾ ਹੈ। ਅੰਦਾਜ਼ੇ ਅਕਸਰ ਗ਼ਲਤਫਹਿਮੀਆਂ ਨੂੰ ਜਨਮ ਦਿੰਦੇ ਹਨ। ਇਕ ਸਮਝਦਾਰ ਮਨੁੱਖ ਹਮੇਸ਼ਾ ਫੈਸਲਾ ਕਰਨ ਤੋਂ ਪਹਿਲਾਂ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਸਮਾਜ ਵਿਚ ਵਧ ਰਹੀ ਨਫਰਤ, ਦੂਰੀਆਂ ਅਤੇ ਟਕਰਾਵਾਂ ਦਾ ਇਕ ਵੱਡਾ ਕਾਰਨ ਵੀ ਇਹੀ ਹੈ ਕਿ ਲੋਕ ਇਕ-ਦੂਜੇ ਨੂੰ ਸਮਝਣ ਦੀ ਬਜਾਏ ਅੰਦਾਜ਼ੇ ਲਗਾਉਣ ਲੱਗ ਪੈਂਦੇ ਹਨ। ਜੇ ਅਸੀਂ ਸੁਣਨਾ ਸਿੱਖ ਲਈਏ, ਸਮਝਣਾ ਸਿੱਖ ਲਈਏ ਅਤੇ ਦੂਜਿਆਂ ਦੀ ਸਥਿਤੀ ਵਿਚ ਆਪਣੇ-ਆਪ ਨੂੰ ਰੱਖ ਕੇ ਸੋਚੀਏ, ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ-ਆਪ ਘੱਟ ਹੋ ਸਕਦੀਆਂ ਹਨ। ਹਰ ਇਨਸਾਨ ਇਕ ਕਿਤਾਬ ਵਾਂਗ ਹੈ ਜਿਸ ਦੇ ਕੁਝ ਸਫੇ ਹੀ ਦੁਨੀਆ ਨੂੰ ਦਿਖਾਈ ਦਿੰਦੇ ਹਨ, ਬਾਕੀ ਸਫੇ ਉਸ ਦੇ ਦਿਲ ਵਿਚ ਲਿਖੇ ਹੁੰਦੇ ਹਨ।
-ਮੰਜੂ ਰਾਇਕਾ ਸੰਗਰੂਰ।
ਸੰਤੁਲਿਤ ਪੱਤਰਕਾਰਤਾ ਲਈ ਵਧਾਈ
ਪਿਛਲੇ ਦਿਨੀਂ 'ਅਜੀਤ' ਵਿਚ ਫਿਲਮ 'ਸਤਲੁਜ' 'ਤੇ ਲੱਗੀ ਪਾਬੰਦੀ ਸੰਬੰਧੀ ਵਿਸਥਾਰਪੂਰਵਕ ਰਿਪੋਰਟ ਪੜ੍ਹੀ। ਇਸ ਸੰਵੇਦਨਸ਼ੀਲ ਵਿਸ਼ੇ ਨੂੰ ਸਿਰਫ਼ ਸੁਰਖੀਆਂ ਤੱਕ ਸੀਮਤ ਨਾ ਰੱਖਦਿਆਂ, ਸਾਬਕਾ ਪੁਲਿਸ ਅਧਿਕਾਰੀਆਂ ਅਤੇ ਤੱਥਾਂ ਦੇ ਆਧਾਰ 'ਤੇ ਪਾਠਕਾਂ ਸਾਹਮਣੇ ਰੱਖਣਾ ਸ਼ਲਾਘਾਯੋਗ ਹੈ। ਅਕਸਰ ਕਿਸੇ ਫਿਲਮ, ਕਿਤਾਬ ਜਾਂ ਕਲਾ-ਕਿਰਤ ਦਾ ਵਿਰੋਧ ਉਸ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਜੇਕਰ ਕੋਈ ਰਚਨਾ ਸਮਾਜ ਵਿਚ ਫੈਲੀਆਂ ਬੁਰਾਈਆਂ, ਨਸ਼ਾਖੋਰੀ, ਗੈਂਗਸਟਰਵਾਦ, ਅਪਰਾਧ ਜਾਂ ਭ੍ਰਿਸ਼ਟਾਚਾਰ ਨੂੰ ਦਰਸਾਉਂਦੀ ਹੈ, ਤਾਂ ਇਸ ਦਾ ਮਕਸਦ ਉਨ੍ਹਾਂ ਨੂੰ ਪ੍ਰੋਤਸਾਹਿਤ ਕਰਨਾ ਨਹੀਂ, ਸਗੋਂ ਸਮਾਜ ਨੂੰ ਉਨ੍ਹਾਂ ਦੇ ਖਤਰਿਆਂ ਤੋਂ ਜਾਣੂ ਕਰਵਾਉਣਾ ਵੀ ਹੋ ਸਕਦਾ ਹੈ। ਇਸ ਲਈ ਹਰ ਰਚਨਾ ਨੂੰ ਉਸ ਦੇ ਪੂਰੇ ਪ੍ਰਸੰਗ ਵਿਚ ਦੇਖਣਾ ਅਤੇ ਫਿਰ ਰਾਇ ਬਣਾਉਣਾ ਹੀ ਸਹੀ ਪਹੁੰਚ ਹੈ। ਪ੍ਰਗਟਾਵੇ ਦੀ ਆਜ਼ਾਦੀ ਲੋਕਤੰਤਰ ਦੀ ਰੂਹ ਹੈ। ਜੇ ਕਿਸੇ ਫਿਲਮ ਨਾਲ ਅਸਹਿਮਤੀ ਹੈ ਤਾਂ ਉਸ ਬਾਰੇ ਤੱਥਾਂ ਦੇ ਆਧਾਰ 'ਤੇ ਚਰਚਾ ਹੋਣੀ ਚਾਹੀਦੀ ਹੈ। ਤੁਰੰਤ ਪਾਬੰਦੀ ਦੀ ਮੰਗ ਨਹੀਂ। ਕਿਸੇ ਵੀ ਕਲਾ-ਕਿਰਤ ਦਾ ਮੁਲਾਂਕਣ ਅਫ਼ਵਾਹਾਂ, ਅੰਦਾਜ਼ਿਆਂ ਜਾਂ ਭਾਵਨਾਵਾਂ ਦੇ ਆਧਾਰ 'ਤੇ ਨਹੀਂ, ਸਗੋਂ ਉਸ ਨੂੰ ਵੇਖਣ ਅਤੇ ਸਮਝਣ ਤੋਂ ਬਾਅਦ ਹੀ ਹੋਣਾ ਚਾਹੀਦਾ ਹੈ। ਅਜੀਤ ਨੇ ਇਸ ਮਾਮਲੇ ਵਿਚ ਭੂਮਿਕਾ ਨਿਭਾਈ ਹੈ, ਜਿਸ ਲਈ ਸਮੁੱਚੀ ਸੰਪਾਦਕੀ ਟੀਮ ਵਧਾਈ ਦੀ ਹੱਕਦਾਰ ਹੈ।
-ਗੁਰਬਾਜ ਸਿੰਘ ਹੁਸਨਰ
ਸਿਰਸਾ, ਹਰਿਆਣਾ।