21-06-26
ਬਲੌਰੀ ਹਰਫ਼
ਲੇਖਕ : ਵਰਿੰਦਰ ਵਾਲੀਆ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼ ਦਿੱਲੀ
ਮੁੱਲ : 695, ਸਫ਼ੇ : 288
ਸੰਪਰਕ : 98140-02183

ਵਰਿੰਦਰ ਵਾਲੀਆ ਮੌਜੂਦਾ ਸਮੇਂ ਪੰਜਾਬੀ ਜਾਗਰਣ ਦਾ ਸੰਪਾਦਕ ਹੈ। ਇਸਤੋਂ ਪਹਿਲਾਂ ਉਹਨੇ ਪੰਜਾਬ ਸਿਵਲ ਸਕੱਤਰੇਤ, ਦ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ ਵਿਚ ਜ਼ਿੰਮੇਵਾਰੀ ਵਾਲੇ ਅਹੁਦਿਆਂ ਤੇ ਸ਼ਲਾਘਾਯੋਗ ਕਾਰਜ ਕਰਨ ਪਿੱਛੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਵਿਚ ਪ੍ਰੋਫ਼ੈਸਰ ਵਜੋਂ ਵੀ ਕੰਮ ਕੀਤਾ ਹੈ। 'ਪੁਲਾਂਘ' ਮੈਗਜ਼ੀਨ ਦੀ ਸੰਪਾਦਨਾ ਸਮੇਤ ਖ਼ਬਰਨਾਮਾ, ਰੁੱਖਾਂ ਦੀ ਦਾਸਤਾਨ, ਹਰਫ਼ਾਂ ਦੇ ਆਰ ਪਾਰ, ਹਰਫ਼ ਹਮੇਸ਼, ਅਜੋਕੇ ਸਿੱਖ ਸਰੋਕਾਰ, ਖ਼ਬਰਾਂ ਦੇ ਆਰ ਪਾਰ, ਜੁਗਨੂੰਆਂ ਦਾ ਸਿਰਨਾਵਾਂ, ਤਨਖਾਹੀਏ, ਵਿਰਾਸਤੀ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ, ਅਬਾਬੀਲਾਂ ਦੀ ਪਰਵਾਜ਼, ਅਮਲਤਾਸ ਦੇ ਅੰਗਸੰਗ ਆਦਿ ਪੰਜਾਬੀ ਕਿਤਾਬਾਂ ਦੇ ਨਾਲ ਨਾਲ ਅੰਮ੍ਰਿਤਸਰ : ਏ ਸਿਟੀ ਵਿਦ ਗਲੋਰੀਅਸ ਲੈਗੇਸੀ (ਅੰਗਰੇਜ਼ੀ), ਪੇੜੋਂ ਕੀ ਦਾਸਤਾਨ, ਤਨਖਾਈਏ (ਦੋਵੇਂ ਹਿੰਦੀ) ਪੁਸਤਕਾਂ ਲਿਖ ਕੇ ਵਰਿੰਦਰ ਵਾਲੀਆ ਨੇ ਸਾਹਿਤ ਦੇ ਖੇਤਰ ਵਿਚ ਵੀ ਆਪਣੀ ਨਿਵੇਕਲੀ ਪਛਾਣ ਬਣਾਈ ਹੈ। ਵਿਚਾਰ ਅਧੀਨ ਪੁਸਤਕ ਦੀ ਗੱਲ ਕਰਨ ਤੋਂ ਪਹਿਲਾਂ ਬਲੌਰੀ ਦਾ ਅਰਥ ਵੇਖ ਲਿਆ ਜਾਵੇ। ਬਲੌਰੀ ਤੋਂ ਭਾਵ ਹੈ-ਬਲੌਰ (ਕ੍ਰਿਸਟਲ/ਗਲਾਸ) ਵਾਂਗ ਸਾਫ਼, ਚਮਕਦਾਰ ਜਾਂ ਰਵੇਦਾਰ। ਇਹ ਸ਼ਬਦ ਅਕਸਰ ਬਲੌਰ ਵਰਗੀਆਂ ਸਾਫ਼-ਸੁਥਰੀਆਂ, ਨੀਲੀਆਂ ਜਾਂ ਚਮਕਦਾਰ ਅੱਖਾਂ ਲਈ ਵਰਤਿਆ ਜਾਂਦਾ ਹੈ। ਇਨ੍ਹੀਂ ਦਿਨੀਂ ਬਲੌਰੀ ਸ਼ਬਦ ਵਾਲੀਆਂ ਦੋ ਕਿਤਾਬਾਂ ਮੇਰੇ ਸਨਮੁਖ ਹਨ- 'ਬਲੌਰੀ ਮੂਨ' (ਜਗਜੀਤ ਸਿੰਘ ਲੋਹਟਬੱਦੀ), ਜੋ ਮਿੰਨੀ ਕਹਾਣੀਆਂ ਦੀ ਹੈ ਤੇ ਦੂਜੀ ਇਹ ਰੀਵਿਊ ਅਧੀਨ। ਆਪਣੇ ਨਾਂਅ ਮੁਤਾਬਕ ਇਹ ਕਿਤਾਬ ਇਸ ਵਿਚ ਪੇਸ਼ ਹਰ ਵਿਸ਼ੇ ਪ੍ਰਤੀ ਸਾਫ਼-ਸਪੱਸ਼ਟ ਨਜ਼ਰੀਆ ਪ੍ਰਸਤੁਤ ਕਰਦੀ ਹੈ। ਇਹ ਤਤਕਾਲੀ ਘਟਨਾਵਾਂ 'ਤੇ ਲਿਖੇ ਪ੍ਰਤੀਕਰਮਾਂ ਦਾ ਸੰਗ੍ਰਹਿ ਹੈ, ਜਿਸ ਵਿਚ 91 ਲਿਖਤਾਂ ਹਨ। ਅਸਲ ਵਿਚ ਇਹ ਲਿਖਤਾਂ ਸਾਡੇ ਸਮਿਆਂ ਦਾ ਸਦੀਵੀ ਦਸਤਾਵੇਜ਼ ਹਨ, ਜਿਨ੍ਹਾਂ ਰਾਹੀਂ ਸਮਕਾਲ ਦੇ ਸਮਾਜਿਕ, ਰਾਜਨੀਤਕ, ਸਾਹਿਤਕ, ਸੱਭਿਆਚਾਰਕ ਪਰਿਦ੍ਰਿਸ਼ ਦਾ ਨਿਕਟ ਮੁਤਾਲਿਆ ਕੀਤਾ ਗਿਆ ਹੈ। ਵਰਿੰਦਰ ਵਾਲੀਆ ਕਿਉਂਕਿ ਪੱਤਰਕਾਰੀ ਦੀਆਂ ਬਾਰੀਕੀਆਂ ਤੋਂ ਬਾਖੂਬੀ ਵਾਕਿਫ਼ ਹੈ, ਇਸ ਲਈ ਉਹ ਘਟਨਾਵਾਂ ਦੀ ਅਜਿਹੀ ਚੀਰਫਾੜ ਕਰਦਾ ਹੈ, ਜਿਸ ਰਾਹੀਂ ਮਾਨਵਤਾ ਦੀ ਨਿਸ਼ਾਨਦੇਹੀ ਹੁੰਦੀ ਹੈ। ਉਹ ਇਨ੍ਹਾਂ ਘਟਨਾਵਾਂ ਦਾ ਮਹਿਜ਼ ਮੂਕ ਦਰਸ਼ਕ ਹੀ ਨਹੀਂ ਹੈ, ਸਗੋਂ ਇਨ੍ਹਾਂ ਪਿੱਛੇ ਕੰਮ ਕਰਦੀਆਂ ਵਿਭਿੰਨ ਸ਼ਕਤੀਆਂ ਦਾ ਪਰਦਾਫ਼ਾਸ਼ ਕਰਕੇ ਉਨ੍ਹਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਦਾ ਹੈ। ਲੇਖਕ ਨੇ ਇਨ੍ਹਾਂ ਲਿਖਤਾਂ ਨੂੰ ਨੀਰਸ ਤੇ ਉਕਤਾਊ ਹੋਣ ਤੋਂ ਬਚਾਉਣ ਲਈ ਥਾਂ-ਥਾਂ ਸਾਹਿਤਕਤਾ ਦੇ ਰੰਗਾਂ ਨਾਲ ਸ਼ਿੰਗਾਰਿਆ ਹੈ। ਗੁਰਬਾਣੀ, ਪ੍ਰੋ. ਮੋਹਨ ਸਿੰਘ, ਬਾਬੂ ਫ਼ਿਰੋਜ਼ਦੀਨ ਸ਼ਰਫ਼, ਬੁੱਲ੍ਹੇ ਸ਼ਾਹ, ਪ੍ਰੋ. ਹਰਿੰਦਰ ਸਿੰਘ ਮਹਿਬੂਬ, ਪ੍ਰੋ. ਪੂਰਨ ਸਿੰਘ, ਬਾਬਾ ਨਜ਼ਮੀ, ਤਾਰਿਕ ਗੁੱਜਰ, ਅੱਲਾਮਾ ਇਕਬਾਲ, ਸ਼ਿਵ ਕੁਮਾਰ ਬਟਾਲਵੀ, ਬਸ਼ੀਰ ਬਦ੍ਰ, ਉਸਤਾਦ ਦਾਮਨ, ਫ਼ੈਜ਼, ਅੰਮ੍ਰਿਤਾ, ਨੂਰਪੁਰੀ, ਗੁਰਦਾਸ ਆਲਮ, ਪਾਸ਼, ਦੁਸ਼ਿਅੰਤ ਕੁਮਾਰ, ਅੱਲਾ ਯਾਰ ਖਾਂ ਜੋਗੀ, ਸੁਲਤਾਨ ਬਾਹੂ, ਰਸੂਲ ਹਮਜ਼ਾਤੋਵ, ਮੁਨੱਵਰ ਰਾਣਾ, ਭਾਈ ਵੀਰ ਸਿੰਘ, ਡਾ ਹਰਿਭਜਨ ਸਿੰਘ, ਜੌਹਨ ਲਿੱਲੀ, ਵਣਜਾਰਾ ਬੇਦੀ, ਸੁਰਜੀਤ ਪਾਤਰ ਆਦਿ ਦੀਆਂ ਵਿਭਿੰਨ ਪੰਕਤੀਆਂ ਨੇ ਥਾਂ ਪੁਰ ਥਾਂ ਆਪਣੇ ਅਮਿੱਟ ਹਸਤਾਖਰ ਕੀਤੇ ਹਨ। ਵਰਿੰਦਰ ਵਾਲੀਆ ਦੀਆਂ ਪਿਛਲੀਆਂ ਪੁਸਤਕਾਂ - ਹਰਫ਼ਾਂ ਦੇ ਆਰ-ਪਾਰ, ਹਰਫ਼ ਹਮੇਸ਼, ਖ਼ਬਰਾਂ ਦੇ ਆਰ ਪਾਰ ਵਾਂਗ ਇਹ ਨਵੀਂ ਕਿਤਾਬ ਵੀ ਆਪਣੀ ਬੇਬਾਕ ਤੇ ਨਿਰਪੱਖ ਆਵਾਜ਼ ਕਰਕੇ ਲੰਮੇ ਸਮੇਂ ਤੱਕ ਲੋਕ-ਮਨ ਦਾ ਹਿੱਸਾ ਬਣੀ ਰਹੇਗੀ, ਅਜਿਹਾ ਮੇਰਾ ਵਿਸ਼ਵਾਸ ਹੈ!
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 9417692015
ਇੰਡੀਅਨਜ਼ ਔਬਰੋਡ ਐਂਡ ਪੰਜਾਬ ਇਮਪੈਕਟ-2025
ਪੰਜਾਬੀ ਸੰਸਾਰ : 2025
ਸੰਪਾਦਕ : ਨਰਪਾਲ ਸਿੰਘ ਸ਼ੇਰਗਿੱਲ
ਮੁੱਲ : 600 ਰੁਪਏ, ਸਫ਼ੇ : 244
ਸੰਪਰਕ : 94171-04002

ਭਾਰਤੀ ਐਨ. ਆਰ. ਆਈ. ਡਾਇਰੈਕਟਰੀ ਲੜੀ ਤਹਿਤ 'ਇੰਡੀਅਨਜ਼ ਔਬਰੋਡ ਐਂਡ ਪੰਜਾਬ ਇਮਪੈਕਟ-2025' (ਪੰਜਾਬੀ ਅੰਗਰੇਜ਼ੀ) ਦਾ ਇਹ 27ਵਾਂ ਵੱਡ-ਅਕਾਰੀ ਸਚਿੱਤਰ ਰੰਗਦਾਰ ਵਾਰਸ਼ਿਕ ਅੰਕ ਹੈ, ਜਿਸ ਨੂੰ 'ਪੰਜਾਬੀ ਸੰਸਾਰ-2025' ਦਾ ਨਾਂਅ ਵੀ ਦਿੱਤਾ ਗਿਆ ਹੈ। ਇਹ ਤੇ ਇਸ ਤੋਂ ਪਹਿਲਾਂ ਆਏ ਅੰਕਾਂ ਨੂੰ ਪੰਜਾਬੀ ਜਗਤ ਦੀ 'ਏ ਟੂ ਜ਼ੈੱਡ' ਡਾਇਰੈਕਟਰੀ ਦੇ ਰੂਪ ਵਿਚ ਵੀ ਪੇਸ਼ ਕੀਤਾ ਗਿਆ ਹੈ। ਅਰਥਾਤ ਅਜਿਹੀ ਡਾਇਰੈਕਟਰੀ ਜੋ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੇ ਪੰਜਾਬੀ ਪ੍ਰਵਾਸੀਆਂ ਬਾਰੇ ਮੁਕੰਮਲ ਜਾਣਕਾਰੀ ਪ੍ਰਦਾਨ ਕਰਨ ਦਾ ਅਹਿਦ ਕਰਦੀ ਹੋਵੇ। ਇਸ ਦੇ ਮਾਲਕ ਤੇ ਸੰਪਾਦਕ ਸ਼ਖ਼ਸੀਅਤ ਹੈ ਸ. ਨਰਪਾਲ ਸਿੰਘ ਸ਼ੇਰਗਿੱਲ, ਜਿਨ੍ਹਾਂ ਨੂੰ ਇਕ ਪ੍ਰਸਿੱਧ ਕਾਲਮ ਨਵੀਸ, ਪੱਤਰਕਾਰ ਅਤੇ ਕੌਮੀ ਕੌਮਾਂਤਰੀ ਮਸਲਿਆਂ ਦੇ ਡੂੰਘੇ ਜਾਣਕਾਰ ਵਜੋਂ ਪੰਜਾਬੀ ਪਾਠਕ ਜਾਣਦੇ ਹਨ। ਇਸ ਲੜੀ ਦਾ 17ਵਾਂ ਐਡੀਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੀ। ਸੰਪਾਦਕੀ ਨੋਟ ਵਿਚ ਦਰਜ ਲੇਖਕ ਦੇ ਵਿਚਾਰ ਅਨੁਸਾਰ ਇਸ ਖਰਚੇ ਦੀ ਪ੍ਰਕਾਸ਼ਨਾ ਪਿੱਛੇ ਮੂਲ ਉਦੇਸ਼ ਜਿਥੇ ਇਕ ਪਾਸੇ ਭਾਰਤੀ ਸੱਭਿਆਚਾਰ, ਕਲਾ ਮੀਡੀਆ, ਸਾਹਿਤ ਤੇ ਕੌਮਾਂਤਰੀ ਨੂੰ ਪ੍ਰੋਤਸਾਹਿਤ ਕਰਨਾ ਹੈ, ਉਥੇ ਪ੍ਰਵਾਸੀਆਂ ਦੇ ਕਾਰੋਬਾਰ ਨੂੰ ਭਾਰਤ ਤੇ ਵਿਦੇਸ਼ ਵਿਚ ਵਿਕਸਿਤ ਕਰਨ ਵਿਚ ਮਦਦ ਤੇ ਉਤਸ਼ਾਹ ਦੇਣਾ ਵੀ ਹੈ।
ਇਸ ਖਰਚੇ ਦੀ ਸਮੁੱਚੀ ਵਿਸ਼ਾ ਸਮੱਗਰੀ ਨੂੰ 12 ਭਾਗਾਂ ਵਿਚ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 8 ਭਾਗ ਵੱਖ-ਵੱਖ ਤਰ੍ਹਾਂ ਦੀਆਂ ਡਾਇਰੈਕਟਰੀਆਂ ਦੇ ਰੂਪ ਵਿਚ ਹਨ। ਸਭ ਤੋਂ ਪਹਿਲਾਂ 211 ਦੇਸ਼ਾਂ ਦੇ ਇੰਟਰਨੈਸ਼ਨਲ ਡਾਇਰੈਕਟਰ ਡਾਇਲਿੰਗ ਕੋਡ (ਆਈ.ਐਸ.ਡੀ.) ਅਤੇ ਭਾਰਤ ਦੇ 1175 ਸ਼ਹਿਰਾਂ/ਕਸਬਿਆਂ ਦੇ ਐਸ.ਟੀ.ਡੀ. ਕੋਡਾਂ ਦੀ ਸੂਚੀ ਦਿੱਤੀ ਗਈ ਹੈ। ਇਸ ਉਪਰੰਤ ਨਵੀਂ ਦਿੱਲੀ ਸਥਿਤ 134 ਦੇਸ਼ਾਂ ਦੇ ਵਿਦੇਸ਼ੀ ਦੂਤ ਮਿਸ਼ਨਾਂ ਦੇ ਪਤੇ ਅਤੇ 154 ਦੇਸ਼ਾਂ ਵਿਚ ਭਾਰਤੀ ਦੂਤ ਮਿਸ਼ਨਾਂ ਦੇ ਫੋਨ ਸੰਪਰਕ, ਮੇਲ ਸਮੇਤ ਪੂਰੇ ਪਤੇ ਦਿੱਤੇ ਗਏ ਹਨ। ਮੀਡੀਏ ਨਾਲ ਸੰਬੰਧਿਤ ਡਾਇਰੈਕਟਰੀ, 7 ਦੇਸ਼ਾਂ ਵਿਚ ਫੈਲੀਆਂ 125 ਭਾਰਤੀ ਸੰਸਥਾਵਾਂ ਦੀ ਸੂਚੀ, 33 ਦੇਸ਼ਾਂ ਵਿਚ ਵਸੇ 1011 ਭਾਰਤੀਆਂ ਦਾ ਵੇਰਵਾ, ਐਨ.ਆਰ.ਆਈ. ਬਿਜ਼ਨੈਸ ਡਾਇਰੈਕਟਰੀ ਅਧੀਨ ਕਾਨੂੰਨੀ ਸਹਾਇਤਾ ਤੇ ਇੰਮੀਗ੍ਰੇਸ਼ਨ ਸਲਾਹਕਾਰ, ਸਿਹਤ ਕੇਂਦਰ ਤੇ ਡਾਕਟਰ, ਟਰੈਵਲਜ਼ ਤੇ ਟੂਰਜ਼, ਬੀਮਾ ਕਾਰੋਬਾਰੀ ਤੇ ਸਲਾਹਕਾਰ, ਇੰਡੀਅਨ ਮਨੀ ਟਰਾਂਸਫਾਰਮਰ ਤੇ ਕਰੰਸੀ ਐਕਸਚੇਂਜ ਏਜੰਸੀਆਂ ਭਾਰਤੀ ਹੋਟਲ ਤੇ ਖਾਣ-ਪੀਣ ਦੀਆਂ ਸੇਵਾਵਾਂ, ਭਾਰਤੀ ਉਤਪਾਦਕ, ਡਬਲ ਗਲੇਜ਼ਿੰਗ ਕਾਰੋਬਾਰੀ, ਫੈਸ਼ਨ ਦੁਕਾਨਾਂ ਆਦਿ ਕਾਰੋਬਾਰਾਂ ਨਾਲ ਸੰਬੰਧਿਤ 337 ਐਂਟਰੀਆਂ ਆਦਿ ਸੂਚਨਾਵਾਂ ਪੰਜਾਬੀ ਜਗਤ ਦੀ 'ਏ ਟੂ ਜ਼ੈੱਡ' ਡਾਇਰੈਕਟਰੀ ਦੇ ਹੀ ਵੱਖ-ਵੱਖ ਰੂਪ ਹਨ। ਦੁਨੀਆ ਭਰ ਵਿਚ ਫੈਲੀਆਂ ਸਿੱਖ ਸੰਸਥਾਵਾਂ ਤੇ ਗੁਰਦੁਆਰਿਆਂ ਦਾ ਦੇਸ਼ ਵਾਰ ਵੇਰਵਾ (964 ਐਂਟਰੀਆਂ) ਇਸ ਪਰਚੇ ਦੇ ਡਾਇਰੈਕਟਰ ਵਾਲੇ ਪੱਖ ਦਾ ਇਕ ਬੇਹੱਦ ਖੂਬਸੂਰਤ ਪਹਿਲੂ ਹੈ। ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਨਾਮਣਾ ਖੱਟਣ ਵਾਲੇ 123 ਪ੍ਰਵਾਸੀਆਂ ਦਾ ਜੀਵਨ ਬਿਉਰਾ ਅਤੇ ਕਿਸੇ ਵੀ ਖੇਤਰ ਵਿਚ ਪਹਿਲ ਕਰਕੇ ਪਹਿਲੇ ਨੰਬਰ 'ਤੇ ਰਹਿਣ ਵਾਲੇ 51 ਸਿੱਖਾਂ ਦੀ ਸੂਚੀ ਵੀ ਇਸ ਪਰਚੇ ਦਾ ਵਿਸ਼ੇਸ਼ ਹਾਸਿਲ ਬਣ ਕੇ ਉੱਭਰਦੀ ਹੈ। ਇਸ ਤੋਂ ਇਲਾਵਾ ਨਰਪਾਲ ਸਿੰਘ ਸ਼ੇਰਗਿੱਲ, ਡਾ. ਸੁਜਿੰਦਰ ਸਿੰਘ ਸੰਘਾ, ਉਜਾਗਰ ਸਿੰਘ, ਡਾ. ਤਾਰ ਸਿੰਘ ਆਲਮ, ਸਿਮਰਜੀਤ ਸਿੰਘ ਤੇ ਗੁਰਮੀਤ ਪਲਾਹੀ ਆਦਿ ਲੇਖਕਾਂ ਦੇ ਖੋਜ ਭਰਪੂਰ ਲੇਖ ਅਤੇ ਹੋਰ ਮਿਆਰੀ ਸਾਹਿਤ ਸਮੱਗਰੀ ਵੀ ਇਸ ਅੰਕ ਦੇ ਮੁੱਲ ਵਿਚ ਵਾਧਾ ਕਰਦੇ ਹਨ।
'ਇੰਡੀਅਨਜ਼ ਔਬਰੋਡ ਐਂਡ ਪੰਜਾਬ ਇਮਪੈਕਟ-2025' ਦਾ ਇਹ ਅੰਕ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਆਰੰਭੇ ਇਕ ਵੱਡੇ ਖੋਜ ਮੂਲਕ ਪ੍ਰਾਜੈਕਟ ਦਾ ਹੀ ਮਗਰਲਾ ਰੂਪ ਹੈ। ਸਾਡੀਆਂ ਸਰਕਾਰੀ, ਗ਼ੈਰ-ਸਰਕਾਰੀ ਸੰਸਥਾਵਾਂ, ਯੂਨੀਵਰਸਿਟੀਆਂ ਤੇ ਚੋਟੀ ਦੇ ਸਮਾਜਿਕ-ਧਾਰਮਿਕ ਅਦਾਰਿਆਂ ਨੂੰ ਅਜਿਹੇ ਇਤਿਹਾਸਕ ਮੁੱਲ ਤੇ ਮਹੱਤਵ ਵਾਲੇ ਦਸਤਾਵੇਜ਼ੀ ਕਿਸਮ ਦੇ ਕਾਰਜ ਕਰਨੇ ਚਾਹੀਦੇ ਹਨ। ਖ਼ੈਰ, ਸ਼ੇਰਗਿੱਲ ਖੁਦ ਇਕ ਸੰਸਥਾ ਹੈ। ਕਦੇ-ਕਦੇ ਵਿਅਕਤੀ ਵੀ ਸੰਸਥਾ ਬਣ ਜਾਂਦੇ ਹਨ ਜਾਂ ਸੰਸਥਾਵਾਂ ਤੋਂ ਵੀ ਉੱਪਰ ਹੋ ਜਾਂਦੇ ਹਨ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਇੱਥੋਂ ਸੂਰਜ ਦਿੱਸਦਾ ਹੈ
ਲੇਖਕ : ਜਸਬੀਰ ਕਲਸੀ ਧਰਮਕੋਟ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 148
ਸੰਪਰਕ : 81468-13291

13 ਪੁਸਤਕਾਂ ਦੇ ਰਚੇਤਾ ਜਸਬੀਰ ਕਲਸੀ ਧਰਮਕੋਟ ਦੀ ਇਹ 14ਵੀਂ ਪ੍ਰਕਾਸ਼ਿਤ ਪੁਸਤਕ 'ਇੱਥੋਂ ਸੂਰਜ ਦਿੱਸਦਾ ਹੈ' ਇੱਕ ਮਹੱਤਵਪੂਰਨ ਸਾਹਿਤਕ ਕਿਰਤ ਹੈ, ਜੋ ਸਮਾਜਿਕ, ਰਾਜਨੀਤਕ ਅਤੇ ਮਨੋਵਿਗਿਆਨਕ ਵਿਸ਼ਿਆਂ ਨੂੰ ਬੜੀ ਬਾਰੀਕੀ ਨਾਲ ਪੇਸ਼ ਕਰਦੀ ਹੈ। ਇਹ ਪੁਸਤਕ ਲੇਖਕ ਦੇ 31 ਸਾਲਾਂ ਦੇ ਸਾਹਿਤਕ ਸਫ਼ਰ ਦਾ ਚੌਥਾ ਅਹਿਮ ਪੜਾਅ ਹੈ। ਇਹ ਇੱਕ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਸਾਲ 2016 ਤੋਂ 2021 ਦਰਮਿਆਨ ਲਿਖੀਆਂ ਸੱਤ ਮੌਲਿਕ ਕਹਾਣੀਆਂ ਅਤੇ ਪਾਠਕਾਂ ਦੇ ਪ੍ਰਤੀਕਰਮ ਸ਼ਾਮਿਲ ਹਨ। ਦੋ ਭਾਗਾਂ 'ਚ ਵੰਡੀ ਇਸ ਪੁਸਤਕ ਦੇ ਪਹਿਲੇ ਭਾਗ 'ਚ ਸੱਤ ਕਹਾਣੀਆਂ ਹਨ। 'ਕੱਚੀ ਪੌੜੀ' ਕਹਾਣੀ ਆਜ਼ਾਦ ਭਾਰਤ ਦੇ 73 ਸਾਲਾਂ ਦੇ ਸਫ਼ਰ ਦਾ ਵਿਸ਼ਲੇਸ਼ਣ ਕਰਦੀ ਹੈ ਕਿ ਕਿਵੇਂ ਇੱਕ ਗਰੀਬ ਇਨਸਾਨ ਤਰੱਕੀ ਦੀ 'ਕੱਚੀ ਪੌੜੀ' ਚੜ੍ਹ ਕੇ ਸੁੱਖਾਂ ਦਾ ਫਲ ਪ੍ਰਾਪਤ ਕਰਨਾ ਚਾਹੁੰਦਾ ਹੈ, ਪਰ ਸਰਮਾਏਦਾਰੀ ਅਤੇ ਸਮਾਜਿਕ ਨਾਬਰਾਬਰੀ ਉਸ ਨੂੰ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਹੇਠਾਂ ਸੁੱਟ ਦਿੰਦੀ ਹੈ। 'ਸਮਝੌਤਾ ਐਕਸਪ੍ਰੈਸ' 1947 ਦੀ ਵੰਡ ਦੇ ਦੁਖਾਂਤ ਨੂੰ ਉਜਾਗਰ ਕਰਦੀ ਹੈ। ਕਹਾਣੀ 'ਚਿੱਟਾ ਤੇਲਾ' ਪੰਜਾਬ ਵਿਚ ਨਸ਼ਿਆਂ ਦੀ ਗੰਭੀਰ ਸਮੱਸਿਆ ਅਤੇ ਇਸ ਦੇ ਸਮਾਜਿਕ ਪ੍ਰਭਾਵਾਂ ਨੂੰ ਪੇਸ਼ ਕਰਦੀ ਹੈ, ਜਦਕਿ 'ਪਵਣੁ ਗੁਰੂ ਦਾ ਦੇਸ਼' ਵਾਤਾਵਰਨ ਦੇ ਪਲੀਤ ਹੋਣ 'ਤੇ ਚਿੰਤਾ ਪ੍ਰਗਟਾਉਂਦੀ ਹੈ। 'ਵੱਡਾ ਜੋਗੀ' ਮੱਧ ਵਰਗ ਦੇ ਕੈਨੇਡਾ ਵੱਲ ਪ੍ਰਵਾਸ ਦੀ ਕਹਾਣੀ ਹੈ। 'ਬਲੱਡ ਮੈਰਿਜ' ਮਨੁੱਖੀ ਰਿਸ਼ਤਿਆਂ ਦੇ ਆਦਿਮ ਰੂਪ ਨੂੰ ਪੇਸ਼ ਕਰਦੀ ਹੈ। ਪੁਸਤਕ ਦੀ ਸਭ ਤੋਂ ਮਹੱਤਵਪੂਰਨ ਕਹਾਣੀ 'ਦਿੱਲੀ ਵਾਇਆ ਸਿੰਘੂ ਬਾਡਰ' ਹੈ, ਜੋ 2020-21 ਦੇ ਕਿਸਾਨ ਅੰਦੋਲਨ ਦੇ ਜਜ਼ਬੇ ਅਤੇ ਸੰਘਰਸ਼ ਨੂੰ ਰੂਪਮਾਨ ਕਰਦੀ ਹੈ। ਲੇਖਕ ਨੇ ਇਸ ਅੰਦੋਲਨ ਨੂੰ 'ਉਮੀਦ ਦੀ ਕਿਰਨ' ਵਜੋਂ ਪੇਸ਼ ਕੀਤਾ ਹੈ, ਜਿਸ ਕਾਰਨ ਪੁਸਤਕ ਦਾ ਨਾਂਅ 'ਇੱਥੋਂ ਸੂਰਜ ਦਿੱਸਦਾ ਹੈ' ਰੱਖਿਆ ਗਿਆ ਹੈ। ਕਲਸੀ ਦੀ ਲੇਖਣੀ ਦੀ ਖੂਬੀ ਇਹ ਹੈ ਕਿ ਉਹ ਪ੍ਰਤੀਕਾਤਮਿਕ ਭਾਸ਼ਾ ਦੀ ਵਰਤੋਂ ਕਰਦੇ ਹਨ। ਪੁਸਤਕ ਦਾ ਦੂਜਾ ਭਾਗ 'ਪਾਠਕ-ਪ੍ਰਤੀਕਰਮ' (ਇਤਿਹਾਸਮੂਲਕ ਪ੍ਰਵਚਨ) ਪਾਠਕਾਂ ਦੀਆਂ ਭਾਵਨਾਵਾਂ ਅਤੇ ਆਲੋਚਨਾਤਮਕ ਨਜ਼ਰੀਏ ਨੂੰ ਦਰਸਾਉਂਦਾ ਹੈ, ਜੋ ਕਿ ਇੱਕ ਨਿਵੇਕਲੀ ਕੋਸ਼ਿਸ਼ ਹੈ। ਇਹ ਪੁਸਤਕ ਪੰਜਾਬੀ ਮਾਨਸਿਕਤਾ, ਕਿਰਤੀ ਲੋਕਾਂ ਦੇ ਸੰਘਰਸ਼ ਅਤੇ ਬਦਲਦੇ ਸਮਾਜਿਕ ਹਾਲਾਤ ਦਾ ਇੱਕ ਸ਼ੀਸ਼ਾ ਹੈ ਅਤੇ ਨਿਰੰਤਰ ਕਿਰਤ ਕਰਦੇ ਰਹਿਣ ਦਾ ਉਪਦੇਸ਼ ਦਿੰਦੀ ਹੈ। ਇਹ ਪਾਠਕ ਨੂੰ ਨਾ ਸਿਰਫ਼ ਵਰਤਮਾਨ ਦੀਆਂ ਚੁਣੌਤੀਆਂ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ, ਸਗੋਂ ਹਨ੍ਹੇਰੇ ਵਿਚ ਸੂਰਜ (ਉਮੀਦ) ਦੀ ਭਾਲ ਕਰਨ ਲਈ ਵੀ ਪ੍ਰੇਰਿਤ ਕਰਦੀ ਹੈ।
-ਜਸਵਿੰਦਰ ਸਿੰਘ ਕਾਈਨੌਰ
ਮੋਬਾਈਲ : 98888-42244
ਕਵਿਤਾ ਕੀ ਤੇਰੀ ਕੀ ਮੇਰੀ
ਲੇਖਕ: ਸਤਪਾਲ ਭੀਖੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ ਪਟਿਆਲਾ।
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 098761-55530

'ਕਵਿਤਾ ਕੀ ਤੇਰੀ ਕੀ ਮੇਰੀ' ਕਾਵਿ ਸੰਗ੍ਰਹਿ ਸਤਪਾਲ ਭੀਖੀ ਦਾ ਲਿਖਿਆ ਹੋਇਆ ਹੈ। ਇਸ ਵਿਚ ਲੇਖਕ ਨੇ 74 ਵਾਰਤਕਨੁਮਾ ਖੁੱਲ੍ਹੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਇਸ ਤੋਂ ਪਹਿਲਾਂ ਉਸ ਦੇ ਸੱਤ ਕਾਵਿ-ਸੰਗ੍ਰਹਿ, ਬਾਲਾਂ ਲਈ ਕਵਿਤਾਵਾਂ ਅਤੇ ਕਹਾਣੀਆਂ ਦੀਆਂ ਸਤਾਰਾਂ ਪੁਸਤਕਾਂ, ਦਸ ਪੁਸਤਕਾਂ ਦਾ ਅਨੁਵਾਦ ਅਤੇ ਕਾਮਰੇਡ ਬੂਟਾ ਸਿੰਘ ਦੀ ਜੀਵਨੀ 'ਕਾਲੇ ਪਾਣੀਆਂ ਤੋਂ ਸੂਹੇ ਸਫ਼ਰ ਤੱਕ' ਲਿਖ ਚੁੱਕਾ ਹੈ। ਲੇਖਕ ਨੇ ਹਥਲੀ ਪੁਸਤਕ ਦੇ ਆਰੰਭ ਵਿਚ 'ਮੇਰੀ ਗੱਲ' ਸਿਰਲੇਖ ਹੇਠ ਖ਼ੁਦ ਲਿਖਿਆ ਹੈ-'ਜਦ 25 ਸਾਲਾਂ ਦੀ ਸਿਰਜਣਾ ਦੀ ਪਿੱਛਲਝਾਤ ਵਿਚ ਜਾਂਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਇਹ ਸ਼ਬਦ ਭਾਵੇਂ ਮੈਂ ਖ਼ੁਦ ਲਿਖੇ, ਪਰ ਸਿਰਫ਼ ਮੇਰੇ ਆਪਣੇ ਨਹੀਂ ਹਨ। ਪਰਿਵਾਰ, ਦੋਸਤ, ਰਿਸ਼ਤੇਦਾਰ, ਆਲਾ-ਦੁਆਲਾ, ਅਧਿਐਨ, ਅਨੁਭਵ ਕਿੰਨਾ ਕੁਝ ਹੈ, ਜਿਸ ਦੇ ਕੱਪੜਛਾਣ 'ਚੋਂ ਨਿਕਲਦਿਆਂ ਇਹ ਸ਼ਬਦ ਲਿਖੇ ਹਨ। ਇਹ ਮੇਰੇ ਅਧਿਆਪਕਾਂ, ਦੋਸਤਾਂ, ਸ਼ੁਭਚਿੰਤਕਾਂ ਦੀ ਲੰਬੀ ਅਗਵਾਈ ਤੇ ਸਹਿਯੋਗ ਹੈ ਕਿ ਮੈਂ ਆਪਣੇ ਵਿਚਾਰਾਂ ਨੂੰ ਪਾਠਕਾਂ ਤੱਕ ਲੈ ਕੇ ਜਾ ਸਕਿਆ। ਜ਼ਿੰਦਗੀ ਦੇ ਕੌੜੇ ਤੇ ਮਿੱਠੇ ਤਜਰਬੇ ਸ਼ਬਦਾਂ ਦੀ ਤਾਕਤ ਬਣੇ।' ਇਸ ਪੁਸਤਕ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਰੋਜ਼ਾਨਾ ਦੀਆਂ ਘਰੇਲੂ ਮੁਸ਼ਕਿਲਾਂ, ਤੰਗੀਆਂ, ਤੁਰਸ਼ੀਆਂ, ਲੋੜਾਂ, ਥੁੜਾਂ, ਝੋਰਿਆਂ, ਬਹਾਨਿਆਂ ਅਤੇ ਸੰਤਾਪਾਂ ਨੂੰ ਵਾਰਤਕਨੁਮਾ ਖੁੱਲ੍ਹੀਆਂ ਕਵਿਤਾਵਾਂ ਵਿਚ ਪੇਸ਼ ਕੀਤਾ ਗਿਆ ਹੈ। 'ਧਣੀਆ' ਨਾਂਅ ਦੀ ਕਵਿਤਾ ਵਿਚ ਦੱਸਿਆ ਗਿਆ ਹੈ ਕਿ ਸਵੇਰ ਤੋਂ ਸ਼ਾਮ ਤੱਕ ਘਰੋਂ ਬਾਹਰ ਰਹਿ ਕੇ ਤਲਖ਼ੀਆਂ ਅਤੇ ਸੰਤਾਪਾਂ ਨੂੰ ਨਾਲ ਲੈ ਕੇ ਮੁੜਿਆ ਮਨੁੱਖ ਜਦੋਂ ਘਰ ਦੇ ਵਿਹੜੇ ਵਿਚਲੀ ਬਗੀਚੀ ਵਿਚ ਕੁਝ ਪਲ ਬਿਤਾਉਂਦਾ ਹੈ, ਤਦ ਉਸ ਦੀ ਰੂਹ ਨੂੰ ਇਕ ਅਜੀਬ ਕਿਸਮ ਦੀ ਖ਼ੁਸ਼ੀ, ਅਨੰਦ ਅਤੇ ਖੇੜੇ ਦਾ ਅਹਿਸਾਸ ਹੁੰਦਾ ਹੈ। 'ਚੀਰਹਰਨ' ਕਵਿਤਾ ਰਾਹੀਂ ਦੱਸਿਆ ਗਿਆ ਹੈ ਕਿ ਭੂਤਕਾਲ ਵਿਚ ਵੀ ਔਰਤ ਦਾ ਚੀਰਹਰਨ ਹੁੰਦਾ ਰਿਹਾ ਹੈ। ਅੱਜ ਦੇ ਯੁੱਗ ਵਿਚ ਵੀ ਔਰਤ ਸੁਰੱਖਿਅਤ ਨਹੀਂ ਹੈ। ਅੱਜ ਵੀ ਥਾਂ-ਥਾਂ 'ਤੇ ਔਰਤ ਦਾ ਚੀਰਹਰਨ ਹੋ ਰਿਹਾ ਹੈ-
'ਚੀਰਹਰਨ ਹਰ ਥਾਂ ਹੈ।
ਬੇਗਾਨੀ ਵੱਟ ਤੋਂ,
ਘਾਹ ਖੋਤਦੀ ਤ੍ਰੀਮਤ ਤੋਂ ਲੈ ਕੇ,
ਵਿਸ਼ਵ ਵਿਦਿਆਲੇ 'ਚ
ਗਾਈਡ ਦੇ ਬੰਗਲੇ 'ਚ,
ਥੀਸਿਸ ਡਿਸਕਸ ਕਰਦੀ
ਵਿਦਿਆਰਥਣ ਤੱਕ।'
'ਪਵਣੁ ਗੁਰੂ' ਕਵਿਤਾ ਵਿਚ ਅੱਜ ਦੇ ਦੌਰ ਦੇ ਮਨੁੱਖ ਦੀ ਦੋਗਲੀ ਨੀਤੀ ਨੂੰ ਨੰਗਾ ਕੀਤਾ ਗਿਆ ਹੈ। ਅੱਜ ਦਾ ਮਨੁੱਖ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਹਵਾ, ਪਾਣੀ, ਧਰਤੀ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਦੀ ਗੱਲ ਤਾਂ ਕਰਦਾ ਹੈ, ਪਰੰਤੂ ਨਾਲ ਦੀ ਨਾਲ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਵੱਡੇ ਪੱਧਰ 'ਤੇ ਆਤਿਸ਼ਬਾਜ਼ੀ ਚਲਾ ਕੇ ਧਰਤੀ, ਵਾਯੂਮੰਡਲ ਅਤੇ ਸਾਰੇ ਚੌਗਿਰਦੇ ਨੂੰ ਪਲੀਤ ਵੀ ਕਰ ਰਿਹਾ ਹੈ, ਜੋ ਕਿ ਮਨੁੱਖ ਦੀ ਦੋਗਲੀ ਨੀਤੀ ਨੂੰ ਨੰਗਾ ਕਰਦਾ ਹੈ। ਇਸ ਪ੍ਰਕਾਰ ਮੈਂ ਸਤਪਾਲ ਭੀਖੀ ਦੇ ਇਸ ਕਾਵਿ ਸੰਗ੍ਰਹਿ 'ਕਵਿਤਾ ਕੀ ਤੇਰੀ ਕੀ ਮੇਰੀ' ਦਾ ਪੰਜਾਬੀ ਸਾਹਿਤ ਵਿਚ ਸੁਆਗਤ ਕਰਦਾ ਹਾਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਖ਼ਾਲਸਾ ਰਾਜ ਦੇ ਬਦੇਸ਼ੀ ਕਾਰਿੰਦੇ
ਲੇਖਕ : ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 250 ਰੁਪਏ, ਸਫ਼ੇ : 215
ਸੰਪਰਕ: 99151-29747

ਬਾਬਾ ਪ੍ਰੇਮ ਸਿੰਘ ਹੋਤੀ ਦਾ ਜਨਮ 2 ਨਵੰਬਰ, 1882 ਨੂੰ ਮਰਦਾਨ ਦੇ ਨਜ਼ਦੀਕ ਨਾਮੀ ਸਥਾਨ 'ਤੇ ਡਾ. ਗੰਡਾ ਸਿੰਘ ਦੇ ਗ੍ਰਹਿ ਵਿਖੇ ਹੋਅਿਾ। ਅਜੋਕੇ ਸਮੇਂ ਵਿਚ ਇਹ ਸਥਾਨ ਪਾਕਿਸਤਾਨ ਵਿਚ ਹੈ। ਉਨ੍ਹਾਂ ਦਾ ਦਿਹਾਂਤ 10 ਜਨਵਰੀ, 1954 ਨੂੰ ਪਟਿਆਲਾ ਵਿਖੇ ਹੋਇਆ। ਉਨ੍ਹਾਂ ਨੇ ਸਿੱਖ ਇਤਿਹਾਸ ਦੀਆਂ ਅਨੇਕਾਂ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਲਿਖੀਆਂ। ਹਥਲੀ ਪੁਸਤਕ ਭਾਈ ਵੀਰ ਸਿੰਘ ਦੀ ਪ੍ਰੇਰਨਾ ਨਾਲ ਹੋਂਦ ਵਿਚ ਆਈ। ਉਨ੍ਹਾਂ ਨੇ ਲਿਖਿਆ ਹੈ ਕਿ ਲੌਢੇ ਵੇਲੇ ਲਾਹੌਰ ਦੀਆਂ ਸੜਕਾਂ 'ਤੇ ਬਦੇਸ਼ੀਆਂ ਨੇ ਪਹਿਨੀਆਂ ਰੰਗ-ਬਰੰਗੀਆਂ ਪੁਸ਼ਾਕਾਂ ਨਾਲ ਸੈਰ ਕਰਦਿਆਂ ਦਾ ਨਜ਼ਾਰਾ ਬੜਾ ਮਨਮੋਹਣਾ ਲੱਗਦਾ ਸੀ। ਬਾਬਾ ਹੋਤੀ ਦਾ ਅਧਿਐਨ ਅਤੇ ਗਿਆਨ ਬੜਾ ਵਿਸ਼ਾਲ ਹੈ। ਉਹ ਡੂੰਘੀ ਖੋਜ, ਲਗਨ ਦੇ ਮਾਲਕ ਸਨ। ਏਸੇ ਲਈ ਉਨ੍ਹਾਂ ਨੇ ਇਸ ਪੁਸਤਕ ਦੀ ਤਿਆਰੀ ਸਮੇਂ ਵਿਭਿੰਨ ਸੋਮਿਆਂ (ਰੋਜ਼ਾਨਾਮਚੇ, ਤਵਾਰੀਖਾਂ, ਸਫ਼ਰਨਾਮਿਆਂ, ਜੀਵਨੀਆਂ) ਦੇ ਨਾਲ-ਨਾਲ ਫੁਟਕਲ ਸਮੱਗਰੀ ਦਾ ਪ੍ਰਯੋਗ ਵੀ ਕੀਤਾ ਹੈ। ਉਨ੍ਹਾਂ ਨੇ ਮਹਾਰਾਜਾ (ਸ਼ੇਰ-ਏ-ਪੰਜਾਬ ਰਣਜੀਤ ਸਿੰਘ ਦੇ ਸਮੇਂ ਦੇ ਬਦੇਸ਼ੀ ਕਾਰਿੰਦੇ (ਜਿਵੇਂ ਇਟਾਲੀਅਨ, ਫਰਾਂਸੀਸੀ, ਅਮਰੀਕਨ, ਹੰਗੇਰੀਅਨ, ਪ੍ਰਸ਼ੀਅਨ, ਫਿਰੰਗੀ, ਸਕਾਚ, ਆਇਰਸ਼, ਰੂਸੀ, ਗ੍ਰੀਕ, ਸਪੈਨਿਸ਼, ਆਸਟਰੀਅਨ, ਜਰਮਨ, ਪੁਰਤਗਾਲੀ) ਆਦਿ ਬਾਹਰਲੀਆਂ ਹਕੂਮਤਾਂ ਨਾਲ ਖੁਫੀਆ ਗੋਂਦਾਂ ਦੇ ਸਮਾਚਾਰ ਪੂਰੇ ਪ੍ਰਮਾਣਿਕ ਸਬੂਤਾਂ ਨਾਲ ਪ੍ਰਸਤੁਤ ਕੀਤੇ ਹਨ। ਬਦੇਸ਼ੀ ਕਾਰਿੰਦਿਆਂ ਦੇ ਸਭ ਦੇ ਨਾਂਅ, ਕੌਮੀਅਤ, ਸਮਾਂ, ਤਨਖਾਹਾਂ ਦੇ ਵੇਰਵੇ ਦਿੱਤੇ ਹਨ। ਕਈਆਂ ਦੇ ਜਨਮ ਅਤੇ ਦਿਹਾਂਤ ਦਾ ਸਮਾਂ ਵੀ ਦੱਸਿਆ ਹੈ। ਸਾਰੇ ਵਿਦੇਸ਼ੀ ਕਰਿੰਦਿਆਂ ਬਾਰੇ ਲਿਖਦਿਆਂ ਦੱਸਿਆ ਗਿਆ ਹੈ ਕਿ ਮਹਾਰਾਜੇ ਨੇ ਕੀਹਨੂੰ ਕੀਹਨੂੰ ਕੀ-ਕੀ ਜ਼ਿੰਮੇਵਾਰੀ ਸੌਂਪੀ? ਕਿਸ-ਕਿਸ ਦੇ ਕੰਮ ਤੋਂ ਪ੍ਰਸੰਨ ਹੋਏ ਅਤੇ ਕਿਸ-ਕਿਸ ਦੇ ਕੰਮ 'ਤੇ ਨਾਰਾਜ਼ ਹੋਏ? ਕਦੋਂ ਕਿਹੜਾ ਛੁੱਟੀ ਗਿਆ ਅਤੇ ਮੁੜ ਵਾਪਸ ਕੰਮ 'ਤੇ ਆਇਆ। ਸ਼ੇਰ-ਏ-ਪੰਜਾਬ ਮਹਾਰਾਜਾ ਦੂਰ-ਦ੍ਰਿਸ਼ਟੀ ਦਾ ਮਾਲਕ ਸੀ। ਇਸੇ ਕਾਰਨ ਉਹ ਵਿਦੇਸ਼ੀਆਂ ਤੋਂ ਉਨ੍ਹਾਂ ਦੀ ਯੋਗਤਾ ਦੀ ਪਰਖ ਕਰਕੇ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਉਣ ਲਈ ਸੱਦਾ ਦਿੰਦੇ ਰਹੇ। ਇੰਜ ਖ਼ਾਲਸਾ ਰਾਜ ਨੇ ਆਪਣੇ ਸਮੇਂ ਵਿਚ ਚੜ੍ਹਦੀ ਕਲਾ ਦਾ ਪ੍ਰਦਰਸ਼ਨ ਕੀਤਾ। ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ 27 ਜੂਨ, 1839 ਨੂੰ ਲਾਹੌਰ ਵਿਚ ਹੋਇਆ। ਉਨ੍ਹਾਂ ਤੋਂ ਬਾਅਦ ਵੀ ਜਿਹੜੇ-ਜਿਹੜੇ ਮਹਾਰਾਜਾ ਦੇ ਉੱਤਰ-ਅਧਿਕਾਰੀ ਰਾਜੇ ਬਣੇ, ਉਨ੍ਹਾਂ ਦੇ ਵੀ ਵਿਦੇਸ਼ੀਆਂ ਨਾਲ ਚੰਗੇ-ਮੰਦੇ ਸੰਬੰਧ ਰਹੇ। ਲੇਖਕ ਨੇ ਵੱਖ-ਵੱਖ ਪੁਸਤਕਾਂ/ਲਿਖਤਾਂ ਦੇ ਹਵਾਲੇ ਵੀ ਦਿੱਤੇ ਹਨ। ਅਨੇਕਾਂ ਵਿਦੇਸ਼ੀ ਕਰਿੰਦਿਆਂ ਦੀਆਂ ਤਸਵੀਰਾਂ ਅਤੇ ਇਤਿਹਾਸਕ ਯਾਦਾਂ ਦੇ ਚਿੱਤਰ ਵੀ ਇਸ ਪੁਸਤਕ ਦਾ ਸ਼ਿੰਗਾਰ ਬਣੇ ਹਨ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vat}shdharamchand0{ma}&.com
ਵਿਹਾਰਕ ਪੰਜਾਬੀ ਵਿਆਕਰਨ ਅਤੇ ਸਾਹਿਤ-ਰਚਨਾ
(ਸਾਹਿਤ ਰਚਨਾ ਦੇ ਸੰਦਰਭ ਵਿਚ)
ਲੇਖਕ ਅਤੇ ਸੰਪਾਦਕ : ਰਣਜੀਤ ਸਿੰਘ ਧੂਰੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 740 ਰੁਪਏ, ਸਫ਼ੇ : 620
ਸੰਪਰਕ : 98762-04508

1952-53 ਵਿਚ ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਤੇ ਡਾ. ਗੋਬਿੰਦ ਸਿੰਘ ਲਾਂਬਾ ਵਲੋਂ ਸੰਪਾਦਿਤ : 'ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ' ਅਤੇ 'ਸਾਹਿਤ ਦੇ ਰੂਪ' ਪੁਸਤਕਾਂ ਨੇ ਯੂਨੀਵਰਸਿਟੀ ਪੱਧਰ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਕੇਵਲ ਇਹ ਪੁਸਤਕਾਂ ਹੀ ਪੱਥ-ਪ੍ਰਦਰਸ਼ਨ ਸਨ। ਇਨ੍ਹਾਂ ਦੇ ਸੰਸਕਰਨ ਲਗਾਤਾਰ ਛਪਦੇ ਰਹੇ। ਇਸ ਸਥਾਈ ਕਾਰਜ ਤੋਂ ਬਾਅਦ ਮੇਰੀ ਜਾਣਕਾਰੀ ਅਨੁਸਾਰ ਧੂਰੀ ਗ਼ਜ਼ਲ ਸਕੂਲ ਦੀ ਪਹਿਲੀ ਵੱਡ ਅਕਾਰੀ ਪਾਠ-ਪੁਸਤਕ ਹਥਲੀ ਰੀਵਿਊ ਅਧੀਨ ਪੁਸਤਕ ਹੈ, ਜਿਸ ਨੂੰ ਕਈ ਦਹਾਕੇ ਸੰਪੂਰਨ ਕਰਨ ਵਿਚ ਲੱਗੇ। 'ਵਿਹਾਰਕ ਪੰਜਾਬੀ ਵਿਆਕਰਨ ਅਤੇ ਸਾਹਿਤ ਰਚਨਾ' ਰਣਜੀਤ ਸਿੰਘ ਧੂਰੀ ਨੇ ਆਪਣੇ ਮਾਣਯੋਗ ਉਸਤਾਦ ਗ਼ਜ਼ਲਗੋ ਪ੍ਰਿੰ. ਤਖ਼ਤ ਸਿੰਘ ਜੀ ਦੀ ਯਾਦ ਅਤੇ ਸੁਫ਼ਨਿਆਂ ਨੂੰ ਸਮਰਪਿਤ ਕੀਤੀ ਹੈ। ਇਕੱਲੜੇ ਸਾਦਕ ਵਲੋਂ ਅਜਿਹਾ ਖੋਜ-ਕਾਰਜ ਸਿਰੇ ਚਾੜ੍ਹਨਾ ਅਸੰਭਵ ਨੂੰ ਸੰਭਵ ਕਰ ਵਿਖਾਉਣਾ ਹੈ। ਵਿਆਕਰਨ ਵਿਸ਼ੇ ਨੂੰ ਹੱਥ ਪਾਉਣਾ ਭਾਸ਼ਾ-ਵਿਗਿਆਨੀ ਵਾਲੀ ਸਟੀਕ ਜਾਣਕਾਰੀ ਦਾ ਅਭਿਲਾਸ਼ੀ ਬਣਨਾ ਜ਼ਰੂਰੀ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ, ਕੋਈ ਖੋਜ ਸੰਪੂਰਨ ਨਹੀਂ ਆਖੀ ਜਾ ਸਕਦੀ। ਸਮਾਂ ਅਤੇ ਪ੍ਰਸਥਿਤੀਆਂ ਦੀ ਪ੍ਰਸੰਗਤਾ ਨੂੰ ਸਮਝਣ ਲਈ ਸਮਕਾਲ ਨਾਲ ਤੁਰਨਾ ਪੈਂਦਾ ਅਤੇ ਭਵਿੱਖ-ਮੁਖੀ ਸੋਚ ਦਾ ਧਾਰਨੀ ਬਣਨਾ ਪੈਂਦਾ। ਇਸ ਪੱਖੋਂ ਖੋਜੀ ਤੇ ਸਿਰੜੀ ਰਣਜੀਤ ਸਿੰਘ ਧੂਰੀ ਪੂਰੇ ਪੈਰੀਂ ਤੁਰਿਆ ਹੈ। ਪੁਸਤਕ ਦੇ 10 ਸਾਹਿਤ ਪਾਠ ਹਨ। ਭਾਗ ਪਹਿਲਾ-ਵਿਹਾਰਕ ਪੰਜਾਬੀ ਵਿਆਕਰਨ। ਸਾਹਿਤ ਪਾਠ 01-ਵਿਆਕਰਨ ਅਤੇ ਭਾਸ਼ਾ (13 ਵਿਸ਼ੇ ਛੋਹੇ ਹਨ), ਸਾਹਿਤ ਪਾਠ 02-ਅੱਖਰ ਬੋਧ (17 ਵਿਸ਼ੇ ਛੋਹੇ ਹਨ), ਸਾਹਿਤ ਪਾਠ 03-ਸ਼ਬਦ ਬੋਧ (14 ਵਿਸ਼ੇ-ਸ਼ਬਦ ਦੇ ਵੱਖ-ਵੱਖ ਰੂਪ), ਸਾਹਿਤ ਪਾਠ 04-ਵਾਕ-ਅੰਸ਼, ਮੁਹਾਵਰੇ ਅਤੇ ਅਖਾਣ (6 ਵਿਸ਼ੇ) 415 ਮੁਹਾਵਰਿਆਂ ਦੀ ਵਰਤੋਂ ਅਤੇ 908 ਅਖਾਣਾਂ ਦੀ ਵਰਤੋਂ ਦਿੱਤੀ ਗਈ ਹੈ। ਪੁਸਤਕ ਦਾ ਭਾਗ ਦੂਜਾ ਸਾਹਿਤ ਰਚਨਾ ਦਾ ਹੈ। ਸਾਹਿਤ ਪਾਠ 07-ਸਾਹਿਤ ਸਕੂਲ ਅਤੇ ਸਾਡਾ ਸੱਭਿਆਚਾਰ (7 ਵਿਸ਼ੇ ਛੋਹੇ ਹਨ), ਸਾਹਿਤ ਪਾਠ 08-ਲਿਖਣ ਕਲਾ ਦੀ ਸਿਖਲਾਈ, ਪੈਰ੍ਹਾ ਰਚਨਾ, ਸੰਖੇਪ ਰਚਨਾ ਅਤੇ ਸਰਲਭਾਵੀ ਰਚਨਾ, ਪਾਠ ਸਾਹਿਤ 09-ਚਿੱਠੀ ਪੱਤਰ ਰਚਨਾ ਤੇ ਲੇਖ ਰਚਨਾ ਤੇ ਕਹਾਣੀ ਰਚਨਾ, ਸਾਹਿਤ ਪਾਠ 10-ਨਾਵਲ ਰਚਨਾ, ਨੁੱਕੜ ਨਾਟਕ ਰਚਨਾ, ਇਕਾਂਗੀ ਰਚਨਾ, ਨਾਟਕ ਰਚਨਾ ਅਤੇ ਕਾਵਿ-ਰਚਨਾ। ਇਹ ਅਨਮੋਲ ਸਾਹਿਤਕ ਕਿਰਤ ਹੈ। ਅਜੋਕੇ ਸਮਿਆਂ 'ਚ ਅਜਿਹੀ ਪੁਸਤਕ ਦੀ ਸੰਪਾਦਨਾ ਲਈ ਜਿੱਥੇ ਰਣਜੀਤ ਸਿੰਘ ਧੂਰੀ ਦੀ ਮਿਹਨਤ ਨੂੰ ਸਲਾਮ, ਉੱਥੇ ਸਪਤਰਿਸ਼ੀ ਪਬਲੀਕੇਸ਼ਨ ਨੂੰ ਵੀ ਮੁਬਾਰਕ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਜੁਝਾਰੂ
ਲੇਖਕ : ਦਲਵੀਰ ਸਿੰਘ ਲੁਧਿਆਣਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295, ਸਫ਼ੇ : 180
ਸੰਪਰਕ : 94170-01983

ਪੰਜਾਬੀ ਸਾਹਿਤ ਜਗਤ ਵਿਚ ਦਲਵੀਰ ਸਿੰਘ ਲੁਧਿਆਣਵੀ ਇੱਕ ਜਾਣਿਆ-ਪਛਾਣਿਆ ਨਾਂਅ ਹੈ। ਇਸ ਕਿਤਾਬ ਤੋਂ ਇਲਾਵਾ ਉਸ ਦੀਆਂ ਚਾਰ ਹੋਰ ਪੁਸਤਕਾਂ ਹਨ। ਕਈ ਹੋਰ ਪੁਸਤਕਾਂ ਵਿਚ ਵੀ ਆਪਣੀਆਂ ਰਚਨਾਵਾਂ ਛਪਾ ਚੁੱਕੇ ਹਨ। ਪੰਜਾਬੀ ਦੇ ਕਈ ਰਸਾਲਿਆਂ ਅਤੇ ਅਖ਼ਬਾਰਾਂ ਵਿਚ ਇਨ੍ਹਾਂ ਦੀਆਂ ਰਚਨਾਵਾਂ ਛਪ ਚੁੱਕੀਆਂ ਹਨ। ਇਸ ਪੁਸਤਕ ਵਿਚਲੇ ਪਾਤਰ ਹੂਬਹੂ ਅਤੇ ਅਸਲੀ ਲੱਗਦੇ ਹਨ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਇਸ ਨਾਵਲ ਦੀ ਰਚਨਾ ਵਿਚ ਲੇਖਕ ਨੇ ਆਪਣੇ ਨਿੱਜੀ ਤਜਰਬਿਆਂ ਨੂੰ ਸਮੋਇਆ ਹੋਇਆ ਹੈ। ਇਸ ਨਾਵਲ ਦਾ ਪਾਤਰ ਰੁਲਦੂ ਆਪਣੇ ਪਿਤਾ ਦੇ ਝਿੜਕ ਦੀ ਵਜ੍ਹਾ ਕਰਕੇ ਆਪਣਾ ਘਰ ਛੱਡ ਦਿੰਦਾ ਹੈ। ਉਹ ਚਾਹ ਦੀ ਦੁਕਾਨ 'ਤੇ ਭਾਂਡੇ ਮਾਂਜਦਾ ਹੈ। ਉੱਥੇ ਚੰਨੀ ਨਾਂਅ ਦੀ ਔਰਤ ਆਉਂਦੀ ਹੈ। ਰੁਲਦੂ ਦਾ ਚਿਹਰਾ ਮੋਹਰਾ ਤੇ ਉਸ ਦਾ ਕੰਮ ਉਸ ਨੂੰ ਪਸੰਦ ਆ ਜਾਂਦਾ ਹੈ। ਉਸ ਨੂੰ ਆਪਣੇ ਘਰੇ ਕੰਮ ਕਰਨ ਲਈ ਮਨਾ ਲੈਂਦੀ ਹੈ। ਉਹ ਜਾਣਦੀ ਹੈ ਕਿ ਰੁਲਦੂ ਜ਼ਿਮੀਂਦਾਰਾਂ ਦਾ ਮੁੰਡਾ ਤੇ ਉਸ ਨੂੰ ਵੱਧ ਪੈਸੇ ਦੇ ਕੇ ਆਪਣੇ ਘਰ ਸੱਦ ਲੈਂਦੀ ਹੈ। ਇਹ ਉਸਦੇ ਜੀਵਨ ਦਾ ਇੱਕ ਅਹਿਮ ਮੋੜ ਹੈ। ਉਹ ਚੰਨੀ ਦੇ ਘਰ ਆ ਕੇ ਸਾਫ਼-ਸੁਥਰੇ ਕੱਪੜੇ ਪਾਉਂਦਾ, ਘਰ ਅਤੇ ਰਸੋਈ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਕਰਦਾ ਹੈ। ਉਹ ਗਿੰਨੀ ਦਾ ਹਮ-ਉਮਰ ਹੈ। ਉਹ ਦੋਵੇਂ ਇਕੱਠੇ ਖੇਡਦੇ ਹਨ। ਉਹ ਰੁਲਦੂ ਨੂੰ ਗਿੰਨੀ ਦੀ ਕਲਾਸ ਵਿਚ ਦਾਖਲ ਕਰਾ ਦਿੰਦੀ ਹੈ। ਘਰੇਲੂ ਪ੍ਰਸਥਿਤੀਆਂ ਦੇ ਅਨੁਕੂਲ ਹੋਣ ਕਾਰਨ ਗਿੰਨੀ ਤੇ ਰੁਲਦੂ ਇੱਕ ਦੂਜੇ ਨੂੰ ਤਿਆਰ ਕਰਦੇ ਹਨ। ਉਨਾਂ ਦੇ ਮੋਹ ਪਿਆਰ ਦਾ ਅੰਤ ਉਦੋਂ ਹੁੰਦਾ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਦੋਹਾਂ ਦੀ ਹੀ ਰੋਕੇ ਦੀ ਰਸਮ ਪੂਰੀ ਹੋ ਜਾਂਦੀ ਹੈ। ਇੱਥੇ ਨਾਵਲ ਦੀ ਇੱਕ ਕਹਾਣੀ ਦਾ ਅੰਤ ਹੋ ਜਾਂਦਾ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਸਾਡੇ ਸਮਾਜ ਵਿਚ ਆਮ ਵਾਪਰਦੀਆਂ ਹਨ। ਨਾਵਲ ਦੇ ਮੱਧ ਵਿਚ ਨਾਵਲਕਾਰ ਨੇ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਲੜਕੀਆਂ ਘਰ ਦੀ ਚਾਰਦੀਵਾਰੀ ਦੇ ਅੰਦਰ ਰਹਿ ਕੇ ਪ੍ਰਗਤੀ ਨਹੀਂ ਕਰ ਸਕਦੀਆਂ, ਸਗੋਂ ਇਨ੍ਹਾਂ ਨੂੰ ਵੀ ਬਾਹਰ ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਇਸ ਨਾਵਲ ਦੀ ਦੂਜੀ ਕਹਾਣੀ ਵਿਚ ਰਾਮਾ ਅੰਟੀ ਰੂਪੀ ਹੁਰਾਂ ਦੀ ਸਾਫ ਸਫ਼ਾਈ ਦਾ ਕੰਮ ਕਰਦੀ ਹੈ। ਉਸ ਦੇ ਸੱਟ ਲੱਗਣ ਕਾਰਨ ਉਸ ਦਾ ਲੜਕਾ ਗੋਪਾਲ ਕੰਮ ਕਰਦਾ ਹੈ। ਮਾਲਕਣ ਦੀ ਲੜਕੀ ਰੂਪੀ ਅਤੇ ਗੋਪਾਲ ਦੋਸਤਾਂ ਦੀ ਤਰ੍ਹਾਂ ਵਿਚਰਦੇ ਹਨ। ਗੋਪਾਲ ਦੀ ਮਾਂ ਠੀਕ ਹੋਣ 'ਤੇ ਕੰਮ 'ਤੇ ਵਾਪਸ ਆ ਜਾਂਦੀ ਹੈ। ਉਹ ਆਪਣੇ ਨਾਲ ਪੜ੍ਹਦੀ ਰੁਪਾਲੀ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦਾ ਹੈ। ਪ੍ਰਾਇਮਰੀ ਦੀ ਪੜ੍ਹਾਈ ਦੌਰਾਨ ਹੀ ਦੋਨਾਂ ਨੇ ਬੈਸਟ ਅਥਲੀਟ ਦਾ ਦਰਜਾ ਪ੍ਰਾਪਤ ਕੀਤਾ। ਦੋਵਾਂ ਨੇ ਛੇਵੀਂ ਕਲਾਸ ਵਿਚ ਦਾਖਲਾ ਲੈ ਲਿਆ। ਉਹ ਸਾਈਕਲਾਂ 'ਤੇ ਜਾਂਦੇ ਹਨ। ਰਸਤੇ ਵਿਚ ਕੋਈ ਬਿਪਤਾ ਆਉਣ ਤੇ ਇੱਕ ਦੂਸਰੇ ਦੀ ਮਦਦ ਵੀ ਕਰਦੇ ਹਨ। ਉਹ ਦੋਵੇਂ ਹੀ ਖੇਡਾਂ ਵਿਚ ਭਾਗ ਲੈਂਦੇ ਸਨ। ਉਨ੍ਹਾਂ ਨੇ ਖੇਡਾਂ ਵਿਚ ਬਹੁਤ ਸਾਰੇ ਮੈਡਲ ਜਿੱਤੇ ਸਨ। ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਆਰਮੀ ਅਫ਼ਸਰ ਨੂੰ ਮਿਲੇ ਅਤੇ ਉਨ੍ਹਾਂ ਦੀ ਕਾਬਲੀਅਤ ਨੂੰ ਮੁੱਖ ਰੱਖ ਕੇ ਭਰਤੀ ਅਫ਼ਸਰ ਨੇ ਉਨ੍ਹਾਂ ਨੂੰ ਮਿਲਟਰੀ ਵਿਚ ਬਤੌਰ ਹੌਲਦਾਰ ਭਰਤੀ ਕਰ ਲਿਆ। ਇੱਥੇ ਕਹਾਣੀ ਦਾ ਅੰਤ ਹੋ ਜਾਂਦਾ ਹੈ। ਹਥਲੀ ਪੁਸਤਕ ਦੀ ਪੜਚੋਲ ਤੋਂ ਗਿਆਤ ਹੁੰਦਾ ਹੈ ਕਿ ਲੇਖਕ ਦੀ ਸਮਾਜਿਕ ਸਰੋਕਾਰਾਂ 'ਤੇ ਪੂਰੀ ਤਰ੍ਹਾਂ ਪਕੜ ਹੈ।
-ਡਾ. ਅਮਰਜੀਤ ਸਿੰਘ ਗਿੱਲ
ਮੋਬਾਈਲ : 98553-885572
ਨਿਰਮੋਹੇ
ਲੇਖਕ : ਮਹਿੰਦਰ ਸਿੰਘ ਮਾਨ
ਪ੍ਰਕਾਸ਼ਕ : ਨਵਰੰਗ ਪ੍ਰਕਾਸ਼ਣ, ਸਮਾਣਾ
ਮੁੱਲ : 200 ਰੁਪਏ, ਸਫ਼ੇ : 95
ਸੰਪਰਕ : 99158-03554

'ਨਿਰਮੋਹੇ' ਪੁਸਤਕ ਮਹਿੰਦਰ ਸਿੰਘ ਮਾਨ ਦਾ ਮਿੰਨੀ ਕਹਾਣੀ-ਸੰਗ੍ਰਹਿ ਹੈ ਜਿਸ ਵਿਚ ਉਸ ਨੇ ਅੱਸੀ ਦੇ ਕਰੀਬ ਮਿੰਨੀ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਇਸ ਤੋਂ ਪਹਿਲਾਂ ਲੇਖਕ ਨੇ ਕਵਿਤਾ-ਸੰਗ੍ਰਹਿ ਵੀ ਲਿਖੇ ਹਨ ਅਤੇ 'ਨਿਰਮੋਹੇ' ਉਸ ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ। ਹਥਲੇ ਕਹਾਣੀ-ਸੰਗ੍ਰਹਿ ਵਿਚ ਮਹਿੰਦਰ ਸਿੰਘ ਮਾਨ ਨੇ ਆਪਣੀਆਂ ਸਾਰੀਆਂ ਕਹਾਣੀਆਂ ਵਿਚ ਸਮਾਜ ਨੂੰ ਸੇਧ ਦੇ ਕੇ ਸੋਹਣਾ ਸਮਾਜ ਸਿਰਜਣ ਦੀ ਗੱਲ ਕੀਤੀ ਹੈ। ਉਸ ਨੇ ਆਪਣੀਆਂ ਕਹਾਣੀਆਂ ਵਿਚ ਅਗਾਂਹ ਵਧੂ ਸੋਚ ਅਤੇ ਸਾਕਾਰਾਤਮਿਕਤਾ ਨੂੰ ਹੀ ਅਪਣਾਇਆ ਹੈ ਕਿ ਮਨੁੱਖੀ ਜੀਵਨ ਵਿਚ ਦੁੱਖ-ਸੁੱਖ ਆਉਂਦੇ ਤੇ ਜਾਂਦੇ ਰਹਿੰਦੇ ਹਨ। ਇਸ ਕਰਕੇ ਉਸਦੀਆਂ ਸਾਰੀਆਂ ਮਿੰਨੀ-ਕਹਾਣੀਆਂ ਵਿਚ ਸਾਕਾਰਾਤਮਿਕਤਾ ਦਾ ਅੰਸ਼ ਭਾਰੂ ਹੈ। ਜਿਵੇਂ 'ਨਿਰਮੋਹੇ' ਕਹਾਣੀ ਵਿਚ ਇੱਕ ਵਿਆਹੀ ਕੁੜੀ ਜਦੋਂ ਆਪਣੇ ਭਰਾ-ਭਰਜਾਈ ਨੂੰ ਮਿਲਣ ਜਾਂਦੀ ਹੈ ਤਾਂ ਉਹ ਉਸ ਨੂੰ ਬਹੁਤ ਮਾਣ ਤੇ ਸਤਿਕਾਰ ਦਿੰਦੇ ਹਨ ਤਾਂ ਕੁੜੀ ਖੁਸ਼ ਹੋ ਜਾਂਦੀ ਹੈ। 'ਮੁਫ਼ਤ ਦੇ ਪੈਸੇ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਪਿੰਡ ਦੇ ਗੁਰਦੁਆਰੇ 'ਚ ਜਦੋਂ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਬੁਢਾਪਾ ਪੈਨਸ਼ਨ ਦੇ ਫਾਰਮ ਭਰੇ ਜਾਣੇ ਹਨ ਜਿਸ ਦੀ ਲੋੜੀਂਦਾ ਉਮਰ ਔਰਤ ਲਈ 60 ਸਾਲ ਅਤੇ ਪੁਰਸ਼ ਲਈ 65 ਸਾਲ ਹੈ ਤਾਂ ਬਲਜਿੰਦਰ ਸਿੰਘ ਦੇ ਪਿਤਾ ਦੀ ਉਮਰ 55 ਕ ਸਾਲ ਹੋਣ ਤੇ ਉਹ ਮਾਸਟਰ ਨੂੰ ਕਹਿੰਦਾ ਹੈ ਕਿ 'ਮੇਰੇ ਕੋਲ ਕਿਹੜਾ ਕੋਈ ਉਮਰ ਦਾ ਸਰਟੀਫਿਕੇਟ ਹੈ, ਸਰਕਾਰ ਵਲੋਂ ਮੁਫ਼ਤ ਦੇ ਪੈਸੇ ਹੀ ਮਿਲਣੇ ਹਨ'। ਅਗਲੀ ਕਹਾਣੀ 'ਸ਼ਰਾਬ ਬੁਰੀ ਚੀਜ਼ ਆ' ਵਿਚ ਅੱਠਵੀਂ ਕਲਾਸ ਦੇ ਬੱਚਿਆਂ ਨੂੰ ਮਾਸਟਰ ਇਹ ਸਮਝਾ ਰਿਹਾ ਸੀ ਕਿ ਸ਼ਰਾਬ ਬੁਰੀ ਚੀਜ਼ ਹੈ, ਸਿਹਤ ਲਈ ਹਾਨੀਕਾਰਕ ਹੈ, ਤਾਂ ਬੱਚਿਆਂ ਨੇ ਅੱਗੋਂ ਜਵਾਬ ਦਿੱਤਾ ਕਿ ਪੰਜਾਬੀ ਵਾਲੇ ਮਾਸਟਰ ਦੇ ਭਤੀਜੇ ਦੇ ਵਿਆਹ ਤੇ ਡਰਾਇੰਗ ਵਾਲੇ ਤੇ ਅੰਗਰੇਜ਼ੀ ਵਾਲੇ ਮਾਸਟਰਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਇਹ ਹੀ ਸਾਡੇ ਡੈਡੀਆਂ ਨੂੰ ਰੋਕਣ ਦੀ ਗੱਲ ਕਰਦੇ ਹਨ। ਇਸ ਤਰ੍ਹਾਂ ਹੋਰ ਕਹਾਣੀਆਂ ਜਿਵੇਂ 'ਪਲਾਸਟਿਕ ਦਾ ਮੱਗ', 'ਮੈਂ ਤਾਂ ਮੁੰਡਾ ਹਾਂ', 'ਭਾਰ', 'ਚਿੰਤਾ, 'ਦੁੱਧ ਦਾ ਸੜਿਆ', 'ਅਸਹਿਣਸ਼ੀਲਤਾ', 'ਪਤੰਗ', 'ਆਦਮੀ ਦਾ ਸੁਭਾਅ' ਅਤੇ ਵਧੀਆ ਸਿਹਤ ਦਾ ਰਾਜ਼, ਜਿਨ੍ਹਾਂ ਵਿਚ ਵੀ ਮਾੜੀਆਂ ਆਦਤਾਂ ਛੱਡ ਕੇ ਚੰਗੀਆਂ ਆਦਤਾਂ ਵੱਲ ਜਾਣ ਦੀ ਪ੍ਰੇਰਨਾ ਦਿੱਤੀ ਗਈ ਹੈ। ਮਹਿੰਦਰ ਸਿੰਘ ਮਾਨ ਪੰਜਾਬੀ ਸਾਹਿਤ ਵਿਚ ਸਰਗਰਮੀ ਨਾਲ ਸਾਹਿਤ ਰਚਨਾ ਕਰ ਰਿਹਾ ਹੈ, ਜੋ ਮਿੰਨੀ-ਕਹਾਣੀ ਦੇ ਖੇਤਰ ਵਿਚ ਨਵੇਂ ਆਯਾਮ ਨਾਲ ਜੁੜਿਆ ਕਹਾਣੀਕਾਰ ਹੈ। ਇਸ ਪ੍ਰਕਾਰ ਸਾਰੀਆਂ ਕਹਾਣੀਆਂ ਦੀ ਦ੍ਰਿਸ਼ਟੀ ਹੀ ਅਗਾਂਹਵਧੂ ਵਿਚਾਰਾਂ ਦੀ ਧਾਰਨੀ ਹੈ। ਲੇਖਕ ਨੇ ਰੋਜ਼ਾਨਾ ਜੀਵਨ ਦੇ ਅਨੁਭਵਾਂ ਨੂੰ ਅਧਾਰ ਬਣਾ ਕੇ ਸਾਰੀਆਂ ਕਹਾਣੀਆਂ ਦੀ ਸਿਰਜਣਾ ਬਾਖੂਬੀ ਕੀਤੀ ਹੈ ਅਤੇ ਵਿਗਿਆਨਕ ਸੋਚ ਨੂੰ ਆਪਣੀਆਂ ਕਹਾਣੀਆਂ ਦਾ ਅਧਾਰ ਬਣਾਇਆ ਹੈ। ਸਮੁੱਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਲੇਖਕ ਪ੍ਰਗਤੀਵਾਦੀ ਸੋਚ ਦਾ ਧਾਰਨੀ ਹੈ। ਉਸ ਨੇ ਮਿੰਨੀ-ਕਹਾਣੀ ਵਿਚ ਇੱਕ ਨਵਾਂ ਪ੍ਰਯੋਗ ਕੀਤਾ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਲੇਖਕ ਨੂੰ ਮੁਬਾਰਕਬਾਦ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਚਿੱਠੀਆਂ ਸੁਨੇਹੇ
ਲੇਖਕ : ਡਾ. ਇੰਦਰ ਪਾਲ ਸਿੰਘ
ਪ੍ਰਕਾਸ਼ਕ : ਸਾਹਿਤਯ ਕਲਸ਼ ਪਬਲੀਕੇਸ਼ਨ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 97795-84235

ਵਿਚਾਰ ਚਰਚਾ ਅਧੀਨ 'ਚਿੱਠੀਆਂ ਸੁਨੇਹੇ' ਹਰ ਪੱਖੋਂ ਪ੍ਰਭਾਵਸ਼ਾਲੀ ਪੁਸਤਕ ਉੱਘੇ ਲੇਖਕ ਤੇ ਵਕਤਾ ਡਾ. ਇੰਦਰਪਾਲ ਸਿੰਘ ਦੀ ਲਿਖਤ ਹੈ। ਇਸ ਪੁਸਤਕ ਵਿਚ ਪੰਜਾਹ ਤੋਂ ਉੱਪਰ ਚਿੱਠੀਆਂ ਸੁਨੇਹੇ ਹਨ। ਇਹ ਸਭ ਸੁਨੇਹੇ ਪਰਿਵਾਰਕ, ਸਮਾਜਿਕ, ਰਾਜਨੀਤਕ ਮਸਲਿਆਂ ਉਪਰ ਬੜੀ ਬੇਬਾਕੀ ਨਾਲ ਉਂਗਲ ਧਰਦੇ ਹਨ। ਇਨ੍ਹਾਂ ਸੁਨੇਹਿਆਂ ਦੀ ਹਾਸੇ ਠੱਠੇਵਾਲੀ ਵਿਅੰਗਮਈ ਸ਼ਬਦਾਵਲੀ ਪਾਠਕ ਨੂੰ ਕੁਤਕਤਾਰੀਆਂ ਕੱਢ ਕੇ ਚਿਹਰਿਆਂ 'ਤੇ ਹਾਸਿਆਂ ਦੀ ਛਹਿਬਰ ਵੀ ਲਾ ਦਿੰਦੀ ਹੈ ਤੇ ਸਭ ਪ੍ਰਕਾਰ ਦੀਆਂ ਬੁਰਾਈਆਂ, ਪਖੰਡ, ਵਿਖਾਵੇ ਭਰੇ ਅਡੰਬਰਾਂ ਸ਼ੋਸ਼ਿਆਂ ਉਪਰ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਵੀ ਕਰਦੀ ਹੈ ਕਿ ਇਹ ਸਭ ਕੁਝ ਦਿਨ ਦਿਹਾੜਿਆਂ, ਕਾਰ ਵਿਹਾਰਾਂ, ਅਸੂਲਾਂ ਆਦਿ ਦੀ ਅਸਲੀਅਤ ਉਤੇ ਮਾਰ ੂਪ੍ਰਭਾਵ ਪਾਉਂਦੇ ਹਨ। ਲੋੜਵੰਦਾਂ ਲਈ ਲੰਗਰਾਂ ਦੀ ਬਹੁਤ ਮਹਾਨਤਾ ਹੈ, ਪਰ ਰੱਜਿਆਂ ਨੂੰ ਬਦੋਬਦੀ ਖਵਾਉਣ ਦੀ ਕੋਈ ਤੁਕ ਨਹੀਂ ਬਣਦੀ। ਇਸ ਤੋਂ ਵੀ ਇਲਾਵਾ ਵੀ ਸੜਕਾਂ ਰਾਹਾਂ 'ਤੇ ਪੈਂਦਾ ਜੂਠ ਦਾ ਖਿਲਾਰਾ ਹੋਰ ਵੀ ਸਿਤਮ ਵਾਲੀ ਗੱਲ ਹੋ ਨਿਬੜਦੀ ਹੈ। ਸੋ ਲੰਗਰ ਛੱਕਣ ਛਕਾਉਣ ਦੇ ਨਾਲ-ਨਾਲ ਸਫਾਈ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਦੁਸਹਿਰਾ, ਦੀਵਾਲੀ, ਲੋਹੜੀ, ਹੋਲੀ, ਵਿਸਾਖੀ ਵਰਗੇ ਪਵਿੱਤਰ ਤਿਉਹਾਰਾਂ, ਸ਼ਹੀਦੀ ਤੇ ਹੋਰ ਸਮਾਜਿਕ, ਧਾਰਮਿਕ ਦਿਨ ਦਿਹਾੜਿਆਂ ਨੂੰ ਅਭਿਆਸੀ ਯਤਨ ਕਰਦਿਆਂ ਇਸ ਢੰਗ ਨਾਲ ਮਨਾਇਆ ਜਾਵੇ ਕਿ ਪ੍ਰਦੂਸ਼ਣ ਫੈਲਾਊ ਧੂਮ-ਧੜੱਕਾ, ਖਰੂਦ, ਸੋਰ-ਸ਼ਰਾਬਾ ਦੀਆਂ ਫੁਕਰੇਬਾਜ਼ੀਆਂ ਦੀ ਥਾਂ ਅਸਲੀਅਤ ਭਰੀ ਮਹਾਨਤਾ ਉਜਾਗਰ ਹੀ ਹੋਵੇ ਤੇ ਲੋਕਾਈ ਨੂੰ ਚੰਗੇ ਪਾਸੇ ਦੀ ਸੇਧ ਮਿਲ ਸਕੇ। ਡਾ. ਇੰਦਰਪਾਲ ਸਿੰਘ ਨੇ ਇਨ੍ਹਾਂ ਵਾਰਤਕ ਸੁਨੇਹਿਆਂ ਵਿਚ ਬਹੁਤ ਥਾਈਂ ਲੈਅਮਈ ਸ਼ਬਦਾਵਲੀ ਵਰਤ ਕੇ ਜਿਥੇ ਪਾਠਕਾਂ ਦੀ ਪੜ੍ਹਨ ਰੁਚੀ ਵਧਾਉਣ ਦਾ ਯਤਨ ਵੀ ਕੀਤਾ ਹੈ। ਉਥੇ ਸ਼ਬਦਾਵਲੀ ਉਤੇ ਆਪਣੀ ਮਜ਼ਬੂਤ ਪਕੜ ਦਾ ਸਬੂਤ ਵੀ ਦਿੱਤਾ ਹੈ। ਇਨ੍ਹਾਂ ਸੁਨੇਹਿਆਂ ਵਾਤਾਵਰਨ ਪ੍ਰਦੂਸ਼ਣ ਦੇ ਨਾਲ-ਨਾਲ ਮਾਨਸਿਕ ਪ੍ਰਦੂਸ਼ਣ ਦੀ ਵੀ ਗੱਲ ਕੀਤੀ ਗਈ ਹੈ ਕਿ ਸਾੜੇ, ਨਫ਼ਰਤਾਂ, ਨਿੰਦਿਆ, ਚੁਗਲੀ, ਝਗੜੇ, ਕਲੇਸ਼ਾਂ, ਲਾਲਚ ਤੇ ਹੋਰ ਬਹੁਤ ਸਾਰੀਆਂ ਕੁਰੀਤੀਆਂ ਆਦਿ ਦੇ ਪ੍ਰਦੂਸ਼ਣ ਨੂੰ ਕਾਬੂ ਵਿਚ ਲਿਆਉਣ ਲਈ ਪਿਆਰ, ਮੁਹੱਬਤਾਂ, ਸਬਰ, ਸੰਤੋਖ ਤੇ ਸੰਤੁਸ਼ਟੀ ਆਦਿ ਚੰਗਿਆਈਆਂ ਦੇ ਬੂਟੇ ਲਾਉਣ ਦੀ ਵੀ ਬਹੁਤ ਜ਼ਰੂਰਤ ਹੈ ਤਾਂ ਕਿ ਮਨ ਵੀ ਸਾਫ ਤੇ ਨਿਰਮਲ ਹੋ ਸਕਣ।' 'ਚਿੱਠੀਆਂ ਸੁਨੇਹੇ' ਪੁਸਤਕ ਵਿਚਲੇ ਬਹੁਤ ਸਾਰੇ ਸੁਨੇਹਿਆਂ ਨੂੰ ਰੇਡੀਓ ਚੈਨਲ 'ਸਾਂਝੀ ਆਵਾਜ਼' ਮੈਲਬੌਰਨ ਆਸਟ੍ਰੇਲੀਆ ਤੋਂ ਡਾ. ਚਰਨਜੀਤ ਕੌਰ ਤੇ ਮਨਮੋਹਨ ਕੌਰ ਵਲੋਂ ਖਾਸ ਅੰਦਾਜ਼ ਵਿਚ ਪੜ੍ਹਨ 'ਤੇ ਹੋ ਰਹੇ ਤਪਸਰਿਆਂ ਨੂੰ ਬਹੁਤ ਸਾਰੇ ਸਰੋਤਿਆਂ ਦਾ ਚੰਗਾ ਹੁੰਗਾਰਾ ਮਿਲਣ ਦਾ ਮਾਣ ਵੀ ਮਿਲ ਰਿਹਾ ਹੈ। ਪਾਠਕਾਂ ਨੂੰ ਗੰਭੀਰ ਤੇ ਸਾਰਥਿਕ ਸੁਨੇਹੇ ਦੇਣ ਵਿਚ ਪੂਰੀ ਤਰ੍ਹਾਂ ਸਮਰੱਥ ਇਸ ਪੁਸਤਕ ਦੇ ਲੇਖਕ ਡਾ. ਇੰਦਰਪਾਲ ਸਿੰਘ ਵਾਸਤੇ ਵੀ ਮਾਣ ਵਾਲੀ ਗੱਲ ਹੈ।
-ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਵਟਸਐਪ : 98764-74858
ਰੁਲਦੂ ਭਗਤ ਦੀਆਂ ਕਹਾਣੀਆਂ
ਲੇਖਕ : ਪ੍ਰੇਮ ਭੂਸ਼ਨ ਗੋਇਲ
ਪ੍ਰਕਾਸ਼ਕ : ਗਲੀਸਾ ਪਬਲੀਕੇਸ਼ਨ, ਲੁਧਿਆਣਾ
ਮੁੱਲ : 200, ਸਫ਼ੇ : 160
ਸੰਪਰਕ : 77173-10803

ਹਥਲੀ ਪੁਸਤਕ 'ਰੁਲਦੂ ਭਗਤ ਦੀਆਂ ਕਹਾਣੀਆਂ' ਪ੍ਰੇਮ ਭੂਸ਼ਨ ਗੋਇਲ ਦੁਆਰਾ ਲਿਖੀ ਗਈ ਹੈ ਅਤੇ ਲੇਖਕ ਨੇ ਆਪਣੇ ਪਿਤਾ ਬਾਰੇ ਲਿਖੀਆਂ ਗਈਆਂ ਜੀਵਨ ਸਿਮਰਤੀਆਂ ਰੂਪੀ ਕਹਾਣੀਆਂ ਇਸ ਸਿਰਲੇਖ ਹੇਠ ਪ੍ਰਕਾਸ਼ਿਤ ਕਰਵਾਈਆਂ ਹਨ। ਇਸ ਪੁਸਤਕ ਦੇ ਵਿਧਾ ਰੂਪ ਬਾਰੇ ਗੱਲ ਕਰਦਿਆਂ ਪਾਠਕ ਸ਼ਸ਼ੋਪੰਜ ਵਿਚ ਹੀ ਰਹਿੰਦਾ ਹੈ। ਇਸ ਪੁਸਤਕ ਵਿਚ ਕੁੱਲ 23 ਪਾਠ ਹਨ ਅਤੇ ਲੇਖਕ ਨੇ ਇਨ੍ਹਾਂ ਨੂੰ ਕਹਾਣੀਆਂ ਗਰਦਾਨਿਆ ਹੈ ਅਤੇ ਇਹ ਵੀ ਮੰਨਿਆ ਹੈ ਕਿ ਇਸ ਪੁਸਤਕ ਦੀਆਂ ਸਾਰੀਆਂ ਕਹਾਣੀਆਂ ਇੱਕ ਹੀ ਨਾਇਕ ਦੁਆਲੇ ਘੁੰਮਦੀਆਂ ਹਨ। ਇਨ੍ਹਾਂ ਦੀ ਪੜ੍ਹਤ ਵੱਲ ਅੱਗੇ ਵਧਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਸਲ ਵਿਚ ਇਹ ਲੇਖਕ ਦੇ ਆਪਣੇ ਪਿਤਾ ਬਾਰੇ ਜੀਵਨ ਬਿਓਰੇ ਅਤੇ ਵਿਚਾਰ ਹਨ ਅਰਥਾਤ ਪਿਤਾ ਨਾਲ ਜੁੜੀਆਂ ਜੀਵਨ ਦੀਆਂ ਯਾਦਾਂ ਨੂੰ ਲੇਖਕ ਨੇ ਕਹਾਣੀ ਰੂਪ ਵਿਚ ਪੇਸ਼ ਕੀਤਾ ਹੈ। ਪਰ ਕਹਾਣੀ ਦੇ ਸਿਧਾਂਤਕ ਪੱਖ ਨੂੰ ਇਨ੍ਹਾਂ 'ਤੇ ਲਾਗੂ ਕੀਤਿਆਂ ਇਹ ਰਚਨਾਵਾਂ ਨਿਰੋਲ ਕਹਾਣੀ ਰੂਪ ਵੀ ਨਹੀਂ ਹਨ। ਇਸ ਲਈ ਇਸ ਪੁਸਤਕ ਦੀਆਂ ਰਚਨਾਵਾਂ ਨੂੰ ਕਹਾਣੀਆਂ ਦੇ ਰੂਪ ਵਿਚ ਲਿਖੀ ਜੀਵਨੀ ਵੀ ਕਿਹਾ ਜਾ ਸਕਦਾ ਹੈ। ਬਿਹਤਰ ਇਹ ਹੈ ਕਿ ਇਨ੍ਹਾਂ ਦੇ ਵਿਧਾ ਰੂਪ ਦਾ ਨਿਰਣਾ ਪਾਠਕ 'ਤੇ ਹੀ ਛੱਡਿਆ ਜਾਵੇ। ਪਹਿਲੇ ਪਾਠ ਵਿਚ ਲੇਖਕ ਆਪਣੇ ਪਿਤਾ ਯਾਨੀ ਕਿ ਰੁਲਦੂ ਭਗਤ ਦੇ ਜਨਮ ਅਤੇ ਉਸ ਸਮੇਂ ਦੀਆਂ ਹਾਲਤਾਂ ਬਾਰੇ ਦੱਸਦਾ ਹੈ ਕਿ ਜਦ ਭਾਰਤ ਵਿਚ ਕੱਤੇ ਦੀ ਬਿਮਾਰੀ (ਪਲੇਗ) ਫੈਲੀ ਸੀ ਉਸ ਸਮੇਂ ਰੁਲਦੂ ਭਗਤ ਦਾ ਜਨਮ ਹੋਇਆ ਸੀ ਅਤੇ ਜਦੋਂ ਬਿਮਾਰੀ ਕਾਰਨ ਉਸ ਦੇ ਦਾਦੇ ਦੀ ਹੋਈ ਮੌਤ ਕਾਰਨ ਮਾਤਮ ਦਾ ਮਾਹੌਲ ਸੀ। ਅਗਲੇ ਪਾਠਾਂ ਵਿਚ ਲੇਖਕ ਆਪਣੇ ਪਿਤਾ ਨਾਲ ਗੁਜ਼ਾਰੇ ਦਿਨ, ਤਜਰਬਿਆਂ ਅਤੇ ਯਾਦਾਂ ਨੂੰ ਪੇਸ਼ ਕਰਦਾ ਹੈ। ਕਿਸੇ ਪਾਠ ਵਿਚ ਉਹ ਆਪਣੀ ਭੂਆ ਦੀਆਂ ਗੱਲਾਂ ਸੁਣਾਉਂਦਾ ਹੈ ਤੇ ਕਿਸੇ ਵਿਚ ਪਿੰਡ ਵਿਚਲੇ ਲੋਕਾਂ ਵਿਚ ਰੁਲਦੂ ਭਗਤ ਦੀ ਬਣੀ ਸਾਖ ਦੀ ਗੱਲ ਦੱਸਦਾ ਹੈ। ਨਾਲ ਹੀ ਉਹ ਯੂਨੀਵਰਸਿਟੀ ਤੱਕ ਪੜ੍ਹਾਈ ਬਾਰੇ ਸਾਰੀ ਜਾਣਕਾਰੀ ਦਿੰਦਾ ਹੈ ਅਤੇ ਉਸ ਤੋਂ ਅੱਗੇ ਚੱਲ ਉਹ ਆਪਣੇ ਜੀਵਨ ਨੂੰ ਵੀ ਆਪਣੇ ਪਿਤਾ ਦੇ ਜੀਵਨ ਦੇ ਜ਼ਾਵੀਏ ਤੋਂ ਪੇਸ਼ ਕਰਦਾ ਹੈ। ਇਸ ਢੰਗ ਨਾਲ ਇਹ ਪੁਸਤਕ ਵਿਸ਼ੇ ਅਤੇ ਸ਼ੈਲੀ ਪੱਖੋਂ ਆਪਣੀ ਵਿਲੱਖਣਤਾ ਸਿੱਧ ਕਰਦਾ ਹੈ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਕਦਮਾਂ ਦੇ ਨਿਸ਼ਾਨ
ਲੇਖਿਕਾ : ਸ਼ਰਨਜੀਤ ਕੌਰ ਸੰਧੂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 108
ਸੰਪਰਕ : 077809-42256

ਸ਼ਰਨਜੀਤ ਕੌਰ ਸੰਧੂ ਪੰਜਾਬੀ ਸਾਹਿਤ ਜਗਤ ਵਿਚ ਇੱਕ ਉੱਭਰਦੀ ਹੋਈ ਲੇਖਿਕਾ ਹੈ, ਜਿਸ ਦੀ ਪਲੇਠੀ ਪੁਸਤਕ 'ਕਦਮਾਂ ਦੇ ਨਿਸ਼ਾਨ' ਪਾਠਕਾਂ ਦੇ ਰੂ-ਬਰੂ ਹੋਈ ਹੈ। ਇਹ ਕਹਾਣੀ ਸੰਗ੍ਰਹਿ ਮਨੁੱਖੀ ਜੀਵਨ ਦੇ ਵਿਭਿੰਨ ਪਸਾਰਾਂ, ਸਮਾਜਿਕ ਸਰੋਕਾਰਾਂ ਅਤੇ ਮਨੋਵਿਗਿਆਨਕ ਉਲਝਣਾਂ ਨੂੰ ਬਹੁਤ ਹੀ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ। ਇਸ ਕਹਾਣੀ ਸੰਗ੍ਰਹਿ ਵਿਚ ਕੁੱਲ 13 ਕਹਾਣੀਆਂ ਹਨ, ਜੋ ਵਿਸ਼ਾਲ ਕੈਨਵਸ ਦੀਆਂ ਧਾਰਨੀ ਹਨ। ਪੁਸਤਕ ਵਿਚ 'ਸਦਮਾ', 'ਆਧੁਨਿਕ ਸਮਾਜ', 'ਦੋਸ਼ੀ ਕੌਣ', 'ਸੱਠ ਸਾਲ ਬਾਅਦ' ਅਤੇ 'ਸੈਰੋਗੇਟ ਮਦਰ' ਵਰਗੇ ਗੰਭੀਰ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਖਾਸ ਤੌਰ 'ਤੇ 'ਸੈਰੋਗੇਟ ਮਦਰ' ਕਹਾਣੀ ਮਾਂ ਬਣਨ ਦੀ ਤੜਪ ਅਤੇ ਕਿਰਾਏ ਦੀ ਕੁੱਖ ਨਾਲ ਜੁੜੇ ਜਜ਼ਬਾਤੀ ਰਿਸ਼ਤਿਆਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਚਿੱਤਰਦੀ ਹੈ। ਲੇਖਿਕਾ ਨੇ ਔਰਤ ਦੇ ਵਜੂਦ, ਬੁਢਾਪੇ ਦੀਆਂ ਦੁਸ਼ਵਾਰੀਆਂ ਅਤੇ ਸਰਹੱਦਾਂ ਦੇ ਆਰ-ਪਾਰ ਦੇ ਦਰਦ ਨੂੰ ਸ਼ਿੱਦਤ ਨਾਲ ਬਿਆਨ ਕੀਤਾ ਹੈ। 'ਨਸਲਕੁਸ਼ੀ' ਅਤੇ 'ਕਰਮਾਂ ਵਾਲੀ ਮਾਂ' ਵਰਗੀਆਂ ਰਚਨਾਵਾਂ ਜੀਵਨ ਦੇ ਕੌੜੇ ਯਥਾਰਥ ਤੋਂ ਜਾਣੂ ਕਰਵਾਉਂਦੀਆਂ ਹਨ। ਸ਼ਰਨਜੀਤ ਕੌਰ ਦੀ ਲਿਖਣ ਸ਼ੈਲੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਸਦੀ ਸਪੱਸ਼ਟਤਾ ਹੈ। ਉਹ ਗੁੰਝਲਦਾਰ ਸਮਾਜਿਕ ਮੁੱਦਿਆਂ ਨੂੰ ਆਮ ਮੁਹਾਵਰੇ ਵਾਲੀ ਪੰਜਾਬੀ ਵਿਚ ਪੇਸ਼ ਕਰਨ ਦਾ ਹੁਨਰ ਰੱਖਦੀ ਹੈ। ਮੁੱਖ ਬੰਦ ਵਿਚ ਐਮ.ਐਸ. ਕਾਮਰਾ ਨੇ ਸਹੀ ਲਿਖਿਆ ਹੈ ਕਿ ਲੇਖਿਕਾ ਨੇ ਕਹਾਣੀ ਲਿਖਣ ਦੀ ਕਲਾ ਨੂੰ ਬਾਖੂਬੀ ਸਿੱਖ ਲਿਆ ਹੈ। ਔਰਤ ਮਨ ਦੇ ਵੇਗ ਅਤੇ ਉਸਦੀ ਸਮਾਜਿਕ ਸਥਿਤੀ ਨੂੰ 'ਔਰਤ' ਅਤੇ 'ਮੇਰਾ ਘਰ' ਵਰਗੇ ਵਿਸ਼ਿਆਂ ਰਾਹੀਂ ਬਹੁਤ ਹੀ ਭਾਵੁਕ ਤੇ ਤਰਕਪੂਰਨ ਢੰਗ ਨਾਲ ਉਭਾਰਿਆ ਗਿਆ ਹੈ। ਲੇਖਿਕਾ ਨੇ ਆਪਣੇ ਨਿੱਜੀ ਅਨੁਭਵਾਂ ਨੂੰ ਸਮਾਜਿਕ ਚੇਤਨਾ ਨਾਲ ਜੋੜਕੇ ਪੇਸ਼ ਕੀਤਾ ਹੈ, ਜਿਸ ਕਾਰਨ ਪਾਠਕ ਖੁਦ ਨੂੰ ਇਨ੍ਹਾਂ ਕਹਾਣੀਆਂ ਦੇ ਪਾਤਰਾਂ ਦੇ ਨੇੜੇ ਮਹਿਸੂਸ ਕਰਦਾ ਹੈ। ਲੇਖਿਕਾ ਦੀਆਂ ਕਹਾਣੀਆਂ ਮਾਨਵੀ ਸੰਵੇਦਨਾਵਾਂ ਦਾ ਅਜਿਹਾ ਪ੍ਰਵਾਹ ਹੈ ਜੋ ਪਾਠਕ ਦੇ ਮਨ ਨੂੰ ਧੁਰ ਅੰਦਰ ਤੱਕ ਝੰਜੋੜਦਾ ਹੈ। ਉਨ੍ਹਾਂ ਨੇ ਸਮਾਜਿਕ ਕੁਰੀਤੀਆਂ ਤੇ ਸਿੱਧਾ ਵਾਰ ਕਰਨ ਦੀ ਬਜਾਏ, ਪਾਤਰਾਂ ਦੇ ਮਨੋਭਾਵਾਂ ਰਾਹੀਂ ਸੱਚਾਈ ਨੂੰ ਬਹੁਤ ਹੀ ਸੂਖ਼ਮਤਾ ਅਤੇ ਕਲਾਤਮਿਕਤਾ ਨਾਲ ਉਜਾਗਰ ਕੀਤਾ ਹੈ।ਇਹ ਕਹਾਣੀ ਸੰਗ੍ਰਹਿ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਮਾਜਿਕ ਸ਼ੀਸ਼ਾ ਵੀ ਹੈ। ਆਧੁਨਿਕ ਸਮਾਜ ਵਰਗੀਆਂ ਕਹਾਣੀਆਂ ਅੱਜ ਦੇ ਬਦਲ ਰਹੇ ਮੁੱਲਾਂ ਅਤੇ ਟੁੱਟ ਰਹੇ ਰਿਸ਼ਤਿਆਂ 'ਤੇ ਕਰਾਰੀ ਚੋਟ ਕਰਦੀਆਂ ਹਨ। 'ਕਦਮਾਂ ਦੇ ਨਿਸ਼ਾਨ'; ਪੰਜਾਬੀ ਸਾਹਿਤ ਵਿਚ ਇੱਕ ਸਾਰਥਕ ਵਾਧਾ ਹੈ। ਇਹ ਪੁਸਤਕ ਹਰ ਉਸ ਪਾਠਕ ਲਈ ਪੜ੍ਹਨਯੋਗ ਹੈ ਜੋ ਪੰਜਾਬੀ ਸੱਭਿਆਚਾਰ, ਮਾਨਵੀ ਰਿਸ਼ਤਿਆਂ ਅਤੇ ਸਮਾਜਿਕ ਤਬਦੀਲੀਆਂ ਨੂੰ ਨੇੜਿਓਂ ਸਮਝਣਾ ਚਾਹੁੰਦਾ ਹੈ।
-ਜਸਵਿੰਦਰ ਸਿੰਘ ਕਾਈਨੌਰ
ਮੋਬਾਈਲ 98888-42244



































































































































































.jpg)







































