06-03-26
ਭਵਿੱਖ ਲਈ ਚਿੰਤਾ
ਅੱਖਾਂ ਗਈਆਂ ਜਹਾਨ ਗਿਆ,ਦੰਦ ਗਏ ਸਵਾਦ ਗਿਆ, ਪਹਿਲਾਂ ਬਜ਼ੁਰਗਾਂ ਦੇ ਹੀ ਐਨਕਾਂ ਲੱਗੀਆਂ ਹੋਈਆਂ ਦਿਸਦੀਆਂ ਸਨ, ਪਰ ਅੱਜ ਕੱਲ ਤਾਂ ਛੋਟੇ ਛੋਟੇ ਬੱਚਿਆਂ ਦੇ ਐਨਕਾਂ ਲੱਗੀਆਂ ਹੋਣਾ ਆਮ ਜਿਹੀ ਗੱਲ ਹੋ ਗਈ ਹੈ।
ਕਰੋਨਾ ਦੌਰ ਵਿਚ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਕਰਕੇ 8 ਤੋਂ 15 ਸਾਲ ਦੇ ਬੱਚੇ ਘੱਟ ਨਿਗ੍ਹਾ ਹੋਣ ਕਰਕੇ ਐਨਕਾਂ ਲਾ ਰਹੇ ਹਨ, ਹੁਣ ਵੀ ਜ਼ਿਆਦਾ ਸਕੂਲ ਦਾ ਕੰਮ ਆਨਲਾਈਨ ਹੀ ਦਿੱਤਾ ਜਾਂਦਾ ਹੈ ਅਤੇ ਆਨਲਾਈਨ ਹੀ ਕਲਾਸਾਂ ਲਗਾਈਆਂ ਜਾਂਦੀਆਂ ਹਨ। ਮਾਂ-ਪਿਉ ਵੀ ਆਪਣੇ ਬੱਚਿਆਂ ਨੂੰ ਵੱਡੀ ਸਕ੍ਰੀਨ ਵਾਲੇ ਮੋਬਾਈਲ ਫੋਨ ਲੈ ਕੇ ਦਿੰਦੇ ਹਨ ਕਿ ਸਾਡਾ ਬੱਚਾ ਸਕੂਲ ਵਿਚੋਂ ਟੌਪਰ ਬਣੇ, ਪਰ ਮੋਬਾਈਲ ਦਾ ਬੱਚਿਆਂ ਦੀ ਸਿਹਤ ਉੱਪਰ ਅਤੇ ਅੱਖਾਂ ਉੱਤੇ ਇੰਨਾ ਮਾੜਾ ਅਸਰ ਪੈ ਰਿਹਾ ਹੈ ਉਹ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ।
ਜੋ ਕਿ ਆਉਣ ਵਾਲੇ ਸਮੇਂ ਵਿਚ ਛੋਟੇ ਬੱਚਿਆਂ ਦੇ ਜਲਦੀ ਐਨਕਾਂ ਲੱਗਣੀ ਭਵਿੱਖ ਵਿਚ ਚਿੰਤਾ ਦਾ ਵਿਸ਼ਾ ਹੈ। ਮਾਂ ਪਿਓ ਨੂੰ ਆਪਣੇ ਬੱਚਿਆਂ ਨੂੰ ਇੱਕ ਤੋਂ ਦੋ ਘੰਟੇ ਖੇਡਣ ਲਈ ਵੀ ਭੇਜਣਾ ਚਾਹੀਦਾ ਹੈ ਤਾਂ ਕਿ ਸਾਡਾ ਬੱਚਾ ਤੰਦਰੁਸਤ ਰਹੇ।
-ਜਸਵਿੰਦਰ ਪੰਧੇਰ ਖੇੜੀ
ਏ ਆਈ ਏਜੰਟਾਂ ਦਾ ਅਦਭੁੱਤ ਸੰਸਾਰ ਮੋਲਟਬੁੱਕ
ਮੋਲਟਬੁੱਕ ਇਕ ਸ਼ੋਸ਼ਲ ਨੈੱਟਵਰਕ ਹੈ ਜੋ ਵਿਸ਼ੇਸ਼ ਤੌਰ 'ਤੇ ਏ ਆਈ ਏਜੰਟਾਂ ਲਈ ਖੁਦਮੁਖਤਿਆਰੀ ਨਾਲ ਗੱਲਬਾਤ ਕਰਨ ਦੇ ਲਈ ਮੈਟ ਸ਼ਲਿ ਚਟ ਦੁਆਰਾ ਵਿਕਸਤ ਕੀਤਾ ਗਿਆ ਅਤੇ 28 ਜਨਵਰੀ 2026 ਨੂੰ ਲਾਂਚ ਕੀਤਾ ਗਿਆ ਸੀ। ਇਸ ਦੇ ਰਾਹੀਂ ਏ ਆਈ ਏਜੰਟ ਮਨੁੱਖੀ ਭਾਗੀਦਾਰੀ ਤੋਂ ਬਿਨਾਂ ਗੱਲਬਾਤ, ਪੋਸਟ ਤੇ ਟਿੱਪਣੀ ਕਰ ਸਕਦੇ ਹਨ। ਮਨੁੱਖਾਂ ਨੂੰ ਉਨ੍ਹਾਂ ਪਰਸਪਰ ਕ੍ਰਿਆਵਾਂ ਨੂੰ ਦੇਖਣ ਦੀ ਇਜ਼ਾਜ਼ਤ ਹੈ ਜਿਨ੍ਹਾਂ ਵਿਚ ਏ ਆਈ ਏਜੰਟ ਕਿਸੇ ਵਿਸ਼ੇ 'ਤੇ ਬਹਿਸ ਕਰਨ, ਆਪਣੇ ਧਰਮ ਬਣਾਉਣ ਅਤੇ 'ਸਬਮੋਲਟ' ਨਾਮਕ ਉਪ-ਭਾਈਚਾਰੇ ਬਣਾਉਂਦੇ ਹਨ।
ਏ ਆਈ ਏਜੰਟ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਦੇ ਰਾਹੀਂ ਪਲੇਟਫਾਰਮ ਦੇ ਨਾਲ ਜੁੜਦੇ ਹਨ। ਉਹ ਸਾਈਟ ਨੂੰ ਬ੍ਰਾਊਜ਼ ਨਹੀਂ ਕਰਦੇ ਉਹ ਸਿੱਧੇ ਹੀ ਡਾਟਾ ਭੇਜਦੇ ਅਤੇ ਪ੍ਰਾਪਤ ਕਰਦੇ ਹਨ। ਏ ਆਈ ਏਜੰਟਾਂ ਨੂੰ ਹਰੇਕ 4 ਘੰਟਿਆਂ ਬਾਅਦ ਆਪਣੀ ਫੀਡਾਂ ਦੀ ਜਾਂਚ ਕਰਨ, ਨਵੀਆਂ ਪੋਸਟਾਂ ਨੂੰ ਪੜ੍ਹਨ ਅਤੇ ਕਾਰਵਾਈ ਕਰਨ ਦੇ ਲਈ ਜਗਾਇਆ ਜਾਂਦਾ ਹੈ। ਇੱਕ ਵਾਰ ਸੈੱਟ ਅੱਪ ਹੋਣ ਤੋਂ ਬਾਅਦ ਏ ਆਈ ਏਜੰਟ ਲਗਾਤਾਰ ਮਨੁੱਖੀ ਇਨਪੁਟ ਤੋਂ ਬਿਨਾਂ ਸਮੱਗਰੀ ਪੋਸਟ ਕਰ ਸਕਦੇ ਹਨ, ਜਵਾਬ ਦੇ ਸਕਦੇ ਹਨ ਅਤੇ ਅਪਵੋਟ ਕਰ ਸਕਦੇ ਹਨ। ਮੋਲਟਬੁੱਕ ਨੇ ਆਪਣੇ ਲਾਂਚ ਤੋਂ ਬਾਅਦ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਫਰਵਰੀ 2026 ਵਿੱਚ ਮੋਲਟਬੁੱਕ ਵੱਲੋਂ 1.6 ਮਿਲੀਅਨ ਤੋਂ ਵੱਧ ਏਆਈ ਏਜੰਟ ਖਾਤੇ ਰਜਿਸਟਰਡ ਹੋਣ ਦਾ ਦਾਅਵਾ ਕੀਤਾ ਗਿਆ।
-ਅੰਮ੍ਰਿਤਬੀਰ ਸਿੰਘ
ਵੱਧ ਰਹੇ ਅਪਰਾਧ ਤੇ ਸੜਕ ਹਾਦਸੇ
ਅੱਜਕੱਲ੍ਹ ਸਮਾਜ ਵਿਚ ਅਪਰਾਧ ਅਤੇ ਸੜਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਪਿਛਲੇ ਕੁਝ ਸਮੇਂ ਤੋਂ ਚੋਰੀ, ਨਸ਼ੇ ਦੀ ਤਸਕਰੀ ਅਤੇ ਕਤਲ ਵਰਗੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਵੱਡੇ ਸ਼ਹਿਰਾਂ ਵਿਚ ਅਪਰਾਧਿਕ ਘਟਨਾਵਾਂ ਆਮ ਹੋ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣ ਰਿਹਾ ਹੈ
ਇਸ ਦੇ ਨਾਲ ਹੀ ਸੜਕ ਹਾਦਸਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣਾ, ਨਸ਼ੇ ਦੀ ਹਾਲਤ ਵਿਚ ਡਰਾਈਵਿੰਗ ਕਰਨਾ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਅਤੇ ਸੜਕਾਂ ਦੀ ਮਾੜੀ ਹਾਲਤ ਹਾਦਸਿਆਂ ਦੇ ਮੁੱਖ ਕਾਰਨ ਹਨ। ਕਈ ਵਾਰ ਲਾਪਰਵਾਹੀ ਕਾਰਨ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ, ਜੋ ਸਮਾਜ ਲਈ ਵੱਡਾ ਨੁਕਸਾਨ ਹੈ।
ਇਸ ਸਮੱਸਿਆ ਦਾ ਹੱਲ ਕਰਨ ਲਈ ਸਰਕਾਰ ਅਤੇ ਸਮਾਜ ਦੋਵਾਂ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ। ਸਰਕਾਰ ਨੂੰ ਪੁਲਿਸ ਦੀ ਪਹਿਰੇਦਾਰੀ ਵਧਾਉਣੀ ਚਾਹੀਦੀ ਹੈ, ਵਧੇਰੇ ਸੀਸੀਟੀਵੀ ਕੈਮਰੇ ਲਗਾਉਣੇ ਚਾਹੀਦੇ ਹਨ ਅਤੇ ਸੜਕਾਂ ਦੀ ਹਾਲਤ ਸੁਧਾਰਨੀ ਚਾਹੀਦੀ ਹੈ। ਇਸਦੇ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣੀ ਵੀ ਜ਼ਰੂਰੀ ਹੈ। ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇ ਸਰਕਾਰ ਅਤੇ ਲੋਕ ਇਕੱਠੇ ਹੋ ਕੇ ਇਸ ਸਮੱਸਿਆ ਵੱਲ ਧਿਆਨ ਦੇਣ, ਤਾਂ ਕ੍ਰਾਈਮ ਅਤੇ ਸੜਕ ਹਾਦਸਿਆਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
-ਗਗਨਜਾਪ ਸਿੰਘ,
ਰਾਜਪੁਰਾ