15-02-26
ਕੁਆਰਨਟਾਈਨ ਅਤੇ ਹੋਰ ਕਹਾਣੀਆਂ
ਅਨੁਵਾਦ ਤੇ ਸੰਪਾਦਨ : ਅਰਤਿੰਦਰ ਸੰਧੂ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼
ਮੁੱਲ : 400 ਰੁਪਏ, ਸਫੇ : 157
ਸੰਪਰਕ : 98153-02081

ਕੁਆਰਨਟਾਈਨ ਤੇ ਹੋਰ ਕਹਾਣੀਆਂ ਪੁਸਤਕ ਦਾ ਅਨੁਵਾਦ ਤੇ ਸੰਪਾਦਨ ਅਰਤਿੰਦਰ ਸੰਧੂ ਦੁਆਰਾ ਹੋਇਆ ਹੈ। ਅਰਤਿੰਦਰ ਸੰਧੂ ਪੰਜਾਬੀ ਸਾਹਿਤ ਜਗਤ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ। ਲੇਖਕਾਂ ਨੇ ਕੁਆਰਨਟਾਈਨ ਤੇ ਹੋਰ ਕਹਾਣੀਆਂ ਪੁਸਤਕ ਵਿਚ 17 ਦੇ ਕਰੀਬ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਪੁਸਤਕ ਵਿਚਲੀਆਂ ਕਹਾਣੀਆਂ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਉਜਾਗਰ ਕਰਦੀਆਂ ਹਨ। ਕਹਾਣੀਆਂ ਵਿਚਲੇ ਲੇਖਕ ਉਰਦੂ ਤੇ ਹਿੰਦੀ ਦੇ ਮਸ਼ਹੂਰ ਕਹਾਣੀਕਾਰ ਹਨ। ਪੁਸਤਕ ਵਿਚਲੀ ਪਹਿਲੀ ਕਹਾਣੀ 'ਪੜ੍ਹਾਈ ਦੇ ਨੁਕਸਾਨ' ਵਿਚ ਵਿਅੰਗਾਤਮਕ ਤਸਵੀਰ ਪੇਸ਼ ਕੀਤੀ ਹੋਈ ਹੈ ਜੋ ਕਿ ਸੱਤਾ ਦੀ ਤਸਵੀਰ ਪੇਸ਼ ਕਰਦੀ ਹੈ। ਰਜਿੰਦਰ ਸਿੰਘ ਬੇਦੀ ਦੀ ਕਹਾਣੀ 'ਕੁਆਰਨਟਾਈਨ' ਪਲੇਗ ਰੋਗ ਫੈਲਣ ਦੇ ਹਾਲਾਤਾਂ ਨੂੰ ਦਰਸਾਉਂਦੀ ਹੈ। 'ਝੰਨੁ ਨੂੰ ਚਿੱਠੀ ਮਿਲੀ' ਪਾਕਿਸਤਾਨੀ ਕਹਾਣੀ ਹੈ ਇਹ ਕਹਾਣੀ ਧਰਮ ਨੂੰ ਮੰਨਣ ਵਾਲੇ ਕੱਟੜਤਾ ਦਾ ਸ਼ਿਕਾਰ ਹੋਏ ਲੋਕਾਂ ਦੀ ਤਸਵੀਰ ਨੂੰ ਉਜਾਗਰ ਕਰਦੀ ਹੈ। ਕਹਾਣੀ 'ਸੂਬੇਦਾਰਨੀ ਦਾ ਪੋਤਾ' ਪਰਿਵਾਰਕ ਰਿਸ਼ਤਿਆਂ ਨੂੰ ਦਰਸਾਉਂਦੀ ਹੈ ਜੋ ਕਿ ਨਾਲ ਨਾਲ ਪੱਛਮੀ ਤੇ ਭਾਰਤੀ ਸੰਸਕ੍ਰਿਤੀ ਦੇ ਹਾਲਾਤਾਂ ਤੇ ਚਾਨਣਾ ਪਾਉਂਦੀ ਹੋਈ ਵੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ 'ਪਾਣੀ ਬਾਈ' ਕਹਾਣੀ ਵਿਚ ਔਰਤਾਂ ਦੀ ਜ਼ਿੰਦਗੀ ਬਾਰੇ ਆਵਾਜ਼ ਬੁਲੰਦ ਕੀਤੀ ਹੋਈ ਹੈ। ਪੁਸਤਕ ਵਿਚਲੀਆਂ ਹੋਰ ਕਹਾਣੀਆਂ ਜਿਵੇਂ 'ਜੀਵਨਪੁਰ ਹਾਟ ਜੰਕਸ਼ਨ, ਘੜੀ ਸਾਜ਼, ਕਲਾਡ ਈਥਰਲੀ, ਖਿਰਨੀ, ਰੈਸਟ ਰੂਮ, ਦਾਜੂ ਆਦਿ ਕਹਾਣੀਆਂ ਭਾਵਾਤਮਕ ਘਟਨਾਵਾਂ, ਬੇਬਾਕੀਪਣ, ਇਨਸਾਨੀ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਹਨ। ਇਸ ਤਰ੍ਹਾਂ ਪੁਸਤਕ ਵਿਚਲੀਆਂ ਸਾਰੀਆਂ ਹੀ ਕਹਾਣੀਆਂ ਪਾਠਕਾਂ ਨੂੰ ਸੁਨੇਹਾ ਦਿੰਦੀਆਂ ਨਜ਼ਰ ਆਉਂਦੀਆਂ ਹਨ। ਪੁਸਤਕ ਵਿਚ ਕੁਝ ਲੇਖਕਾਂ ਦੀਆਂ ਇਕ ਤੋਂ ਵੱਧ ਕਹਾਣੀਆਂ ਵੀ ਹਨ ਜੋ ਕਿ ਪੜ੍ਹਨ ਯੋਗ ਹਨ। ਇਸ ਪੁਸਤਕ ਵਿਚਲੀਆਂ ਸਾਰੀਆਂ ਕਹਾਣੀਆਂ ਪੜ੍ਹਨ ਤੋਂ ਬਾਅਦ ਸਮਾਜ ਪ੍ਰਤੀ, ਧਰਮ ਪ੍ਰਤੀ, ਕਦਰਾਂ ਕੀਮਤਾਂ ਬਾਰੇ ਇਕ ਡੂੰਘੀ ਸੋਚ ਪੈਦਾ ਕਰਦੀਆਂ ਹਨ। ਅਰਤਿੰਦਰ ਸੰਧੂ ਦੁਆਰਾ ਸੰਪਾਦਿਤ ਅਨੁਵਾਦਿਤ ਕਹਾਣੀ ਸੰਗ੍ਰਹਿ ਸਲਾਹਣਯੋਗ ਹੈ। ਮੇਰੇ ਅਨੁਸਾਰ ਇਹ ਪੁਸਤਕ ਹਰ ਇਕ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।
-ਇੰਦਰਪ੍ਰੀਤ ਕੌਰ
ਮੋਬਾਈਲ : 9888690280
ਖਰੇ ਬੋਲਾਂ ਦੇ ਹਰਫ਼
ਲੇਖਕ : ਰਘਬੀਰ ਸਿੰਘ ਸੋਹਲ
ਪ੍ਰਕਾਸ਼ਕ : ਬੀ.ਐਫ.ਸੀ. ਪਬਲੀਸਕੇਸ਼ਨਜ਼, ਲਖਨਊ
ਮੁੱਲ : 184 ਰੁਪਏ, ਸਫੇ : 105

ਪ੍ਰਿੰਸੀਪਲ ਰਘਬੀਰ ਸਿੰਘ ਸੋਹਲ ਖਾਨਦਾਨੀ ਵਿਅੰਗ ਲੇਖਕ ਹੈ। ਪੰਜਾਬੀ ਦੇ ਸਿਰਮੌਰ ਵਿਅੰਗਕਾਰ ਸੂਬਾ ਸਿੰਘ ਦਾ ਸਕਾ ਭਤੀਜਾ ਹੈ। ਇਸੇ ਲਈ ਹਾਸ-ਵਿਅੰਗ ਤਾਂ ਉਸ ਨੂੰ ਗੁੜ੍ਹਤੀ ਵਿਚ ਮਿਲਿਆ ਹੋਇਆ ਹੈ। ਭਾਵੇਂ ਇਸ ਤੋਂ ਪਹਿਲਾਂ ਵੀ ਉਸ ਦੀਆਂ ਕਈ ਕਾਵਿ-ਵਿਅੰਗ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, 'ਖਰੇ ਬੋਲਾਂ ਦੇ ਹਰਫ਼' ਉਸ ਦੀ ਹਾਲ ਹੀ ਵਿਚ ਛਪੀ ਨਵੀਂ ਕਾਵਿ-ਵਿਅੰਗ ਪੁਸਤਕ ਹੈ, ਜਿਸ ਵਿਚ ਉਸ ਨੇ ਕੁੱਲ 105 ਵਿਅੰਗ ਕਾਵਿ-ਬੰਦ ਸ਼ਾਮਿਲ ਕੀਤੇ ਹਨ।
ਇਨ੍ਹਾਂ ਕਾਵਿ-ਵਿਅੰਗ ਬੰਦਾਂ ਦੇ ਵਿਸ਼ੇ ਵੰਨ-ਸੁਵੰਨੇ ਅਤੇ ਬਹੁਪਰਤੀ ਹਨ। ਸਭ ਤੋਂ ਵੱਧ ਉਹ ਭ੍ਰਿਸ਼ਟ, ਚੋਰ, ਰਿਸ਼ਵਤਖੋਰ ਅਤੇ ਬਦਲਾਖੋਰ ਨੇਤਾਵਾਂ ਦੇ ਕਿਰਦਾਰ ਨੂੰ ਨਸ਼ਰ ਕਰਦਾ ਹੈ। ਉਸ ਦਾ ਕਹਿਣਾ ਤੇ ਮੰਨਣਾ ਹੈ ਕਿ ਅਜਿਹੇ ਕਿਰਦਾਰੋਂ ਡਿੱਗੇ ਹੋਏ ਨੇਤਾ ਹੀ ਦੇਸ਼ ਨੂੰ ਢਹਿੰਦੀ ਕਲਾ ਵਿਚ ਲਿਜਾਂਦੇ ਹਨ। ਦੇਸ਼ 'ਚ ਫੈਲੀਆਂ ਸਾਰੀਆਂ ਬਿਮਾਰੀਆਂ ਅਤੇ ਭੈੜਾਂ ਦੇ ਜ਼ਿੰਮੇਵਾਰ ਅਜਿਹੇ ਡਿੱਗੇ ਹੋਏ ਨੇਤਾ ਹੀ ਹਨ।
ਹੋਛੇ ਤੇ ਦਿਲਫੈਂਕ ਆਸ਼ਕਾਂ ਪ੍ਰਤੀ ਵੀ ਉਸ ਦਾ ਰਵੱਈਆ ਕਠੋਰ ਹੈ। ਇਹੋ ਜਿਹੇ ਫੁਕਰੇ ਆਸ਼ਕ ਹੀ ਸਨਾਤਨੀ ਪ੍ਰੇਮੀਆਂ ਦੇ ਨਾਂਅ ਨੂੰ ਵੱਟਾ ਲਾਉਂਦੇ ਹਨ ਤੇ ਉਨ੍ਹਾਂ ਦੀ ਪਾਕਿ-ਮੁਹੱਬਤ ਨੂੰ ਬਦਨਾਮ ਕਰਦੇ ਹਨ। ਸਮਾਜਿਕ ਚਰਿੱਤਰ ਦਾ ਡਿਗਦੇ ਜਾਣਾ, ਕਿਰਦਾਰ ਵਿਚ ਪੈਦਾ ਹੋਈਆਂ ਵਿਸੰਗਤੀਆਂ ਨੂੰ ਜੱਗ ਜ਼ਾਹਿਰ ਕਰਨ ਵਿਚ ਵਿਅੰਗਕਾਰ ਦੀ ਕਲਮ ਬਹੁਤ ਤੇਜ਼ੀ ਨਾਲ ਚਲਦੀ ਹੋਈ ਪ੍ਰਤੀਤ ਹੁੰਦੀ ਹੈ।
ਪੰਜਾਬੀ ਆਲੋਚਕਾਂ 'ਤੇ ਵੀ ਵਾਰ ਕਰਨੋਂ ਲੇਖਕ ਬਾਜ਼ ਨਹੀਂ ਆਉਂਦਾ। ਆਲੋਚਕਾਂ ਦੇ ਦਾਬੇ ਨੂੰ ਪ੍ਰਵਾਨ ਕਰਦਿਆਂ ਵਿਅੰਗਕਾਰ ਦਾ ਕਹਿਣਾ ਹੈ, 'ਅਸਲ ਪਤਾ ਲਿਖਾਰੀ ਨੂੰ ਤਾਂ ਲੱਗੂ, ਜਦੋਂ ਆਊ ਆਲੋਚਕ ਦੀ ਦਾੜ੍ਹ ਥੱਲੇ।' ਫੋਕੀ ਆਸ਼ਕੀ ਕਰਨ ਵਾਲਿਆਂ 'ਤੇ ਵਿਅੰਗ ਕਰਦਿਆਂ ਵਿਅੰਗਕਾਰ ਲਿਖਦਾ ਹੈ, 'ਆਸ਼ਕ ਛੱਡ ਕੇ ਮਾਸ਼ੂਕ ਉਧਰ ਨੂੰ ਤੁਰ ਗਈ, ਜਿਸ ਪਰਸ ਵਿਚ ਵਾਧੂ ਹੈ ਮਾਲ ਮੀਆਂ' ਇੰਜ ਵਿਅੰਗਕਾਰ ਸਮਾਜ ਦਾ ਅਜਿਹਾ ਕੋਈ ਕਾਰਾ ਜਾਂ ਕਿਰਦਾਰ ਨਹੀਂ ਜਿਸ ਵੱਲ ਆਪਣਾ ਵਿਅੰਗ ਨਾ ਸੇਧਦਾ ਹੋਵੇ। ਇਸ ਪੁਸਤਕ ਰਾਹੀਂ ਸਮਾਜ 'ਚ ਫੈਲੇ ਅਨਾਚਾਰ, ਦੁਰਕਾਰ ਦੀ ਥਾਹ ਮਿਲਦੀ ਹੈ। ਇਹੋ ਤਾਂ ਵਿਅੰਗਕਾਰ ਦਾ ਕਰਤੱਵ ਹੁੰਦਾ ਹੈ।
-ਕੇ. ਐਲ. ਗਰਗ
ਮੋਬਾਈਲ : 94635-37050
ਮੇਰਾ ਰੰਗਲਾ ਪਿੰਡ ਦੁੱਮਣਾ
ਲੇਖਕ: ਸਰਬਜੀਤ ਸਿੰਘ ਦੁੱਮਣਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 175
ਸੰਪਰਕ : 94634-80917

ਪਿੰਡ/ਕਸਬਿਆਂ ਦਾ ਇਤਿਹਾਸ, ਅਕਸਰ, ਲਿਖਤੀ ਨਹੀਂ ਮਿਲਦਾ। ਇਨ੍ਹਾਂ ਦੇ ਇਤਿਹਾਸ ਲਈ ਦੰਦ-ਕਥਾਵਾਂ, ਸੀਨਾ-ਬ-ਸੀਨਾ ਤੁਰੀਆਂ ਆਉਂਦੀਆਂ ਗੱਲਾਂ, ਸੱਥ ਚਰਚਾਵਾਂ ਅਤੇ ਬਜ਼ੁਰਗਾਂ 'ਤੇ ਟੇਕ ਰੱਖਣੀ ਪੈਂਦੀ ਹੈ। ਇਹ ਮੌਖਿਕ ਤਵਾਰੀਖ, ਵੀ ਕਈ ਵਾਰ ਏਨੀ ਆਪਾ-ਵਿਰੋਧੀ ਹੁੰਦੀ ਹੈ ਕਿ ਸੰਬੰਧਿਤ ਲੇਖਕ ਭੰਬਲਭੂਸੇ ਵਿਚ ਪੈ ਜਾਂਦਾ ਹੈ। ਪਰ ਜੇਕਰ ਪੂਰਬਲੇ ਸਮੇਂ ਦੀ ਜਾਣਕਾਰੀ ਪ੍ਰਤੀ ਦਿਲਚਪਸੀ ਰੱਖਦਾ ਕੋਈ ਦਾਨਿਸ਼ਵਰ ਜਾਂ ਪ੍ਰੋਢ ਸਮਕਾਲੀ 'ਅੱਖੀਂ ਡਿੱਠੀਆਂ-ਹੱਡੀਂ ਹੰਢਾਈਆਂ' ਦੀ ਬਾਤ ਪਾਵੇ ਤਾਂ ਢੇਰ ਸਮਾਂ ਪਹਿਲਾਂ ਦੇ ਗੁਜ਼ਰੇ ਵਕਤਾਂ ਦੀ ਉਹ ਕਥਾ ਉਸ ਖੇੜੇ ਦਾ ਹਕੀਕੀ ਇਤਿਹਾਸ ਲਿਖਣ 'ਚ ਬਹੁਤ ਕਾਰਗਾਰ ਸਿੱਧ ਹੁੰਦੀ ਹੈ। ਪ੍ਰੰਤੂ ਇਹ ਕਿਸੇ-ਕਿਸੇ ਦੇ ਲੇਖੇ ਆਉਂਦਾ ਹੈ। ਲੱਗਦਾ, ਪਿੰਡ ਦੁੱਮਣਾ, ਬਲਾਕ/ਤਹਿ. ਮੋਰਿੰਡਾ ਜ਼ਿਲ੍ਹਾ ਰੂਪਨਗਰ ਦੇ, ਸੁਹਿਰਦ ਲੇਖਕ ਦੇ, ਇਹ ਹਿੱਸੇ ਨਹੀਂ ਆਇਆ। ਫਿਰ ਵੀ ਦੋ ਸ਼ਬਦ 'ਤੇ ਭੂਮਿਕਾ ਆਦਿ ਨਾਲ ਲਬਰੇਜ਼ ਅਤੇ 24 ਪਾਠਾਂ 'ਚ ਫੈਲੀ-ਪਸਰੀ ਇਹ ਪੁਸਤਕ, ਬਹੁਤਾ ਕਰਕੇ ਤਾਂ ਪਿੰਡ ਵਾਲਿਆਂ ਲਈ ਹੀ, ਇਕ ਪੈਰ ਧਰਾਵਾਂ ਪਰ ਸਾਂਭਣਯੋਗ ਦਸਤਾਵੇਜ਼ ਹੈ।
ਇਸ ਪੁਸਤਕ ਵਿਚ ਅੰਕਿਤ ਸਥਾਨਕ ਇਤਿਹਾਸ ਅਤੇ ਮਾਰਗ-ਦਰਸ਼ਕ, ਆਮ-ਖਾਸ ਸ਼ਖ਼ਸਾਂ, ਪਿੰਡ ਦੇ ਨਾਇਕਾਂ/ਵਿਗਿਆਨੀਆਂ ਜਾਂ ਸਿਆਸਤਦਾਨਾਂ ਦੇ ਰੇਖਾ ਚਿੱਤਰਾਂ, ਪਿੰਡ ਪੱਧਰੀ ਕਿੱਤਿਆਂ ਅਤੇ ਪੱਦਵੀਆਂ ਤੇ ਪਰ੍ਹੇ-ਪੰਚਾਇਤਾਂ ਦੀ ਜਾਣਕਾਰੀ ਸਮੇਤ, ਇਸ ਦੀਆਂ ਕੁਝ ਲਿਖਤਾਂ ਹੋਰਾਂ ਲਈ ਵੀ ਲਾਹੇਵੰਦ ਹਨ। ਕੁਝ ਪਰਿਵਾਰਾਂ (ਜਾਤਾਂ-ਗੋਤਾਂ-ਧਰਮਾਂ) ਦੇ ਕੁਰਸੀਨਾਮੇ (ਬੰਸਾਵਲੀ) ਅਤੇ ਸੰਖੇਪ ਵੇਰਵੇ ਉਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ, ਖਾਸ ਕਰਕੇ ਪਿੰਡ ਵਿਚੋਂ ਪ੍ਰਵਾਸ ਕਰ ਗਏ ਜਾਂ ਜਾਣ ਵਲਿਆਂ ਨੂੰ, ਪਿੰਡ ਅਤੇ ਸਾਂਝੇ ਬੰਦਿਆਂ ਜਾਂ ਪੁਰਖੇ ਪਰਿਵਾਰਾਂ ਜਾਂ ਪੁਰਖਿਆਂ ਦੀ ਯਾਦ ਦਿਵਾਉਂਦੇ ਰਹਿਣਗੇ। ਹਾਂ, ਸਥਾਨਕ ਇਤਿਹਾਸਕਾਰੀ ਜਾਂ ਪਿੰਡਾਂ ਦੇ ਇਤਿਹਾਸ ਨਾਲ ਵਾਹ-ਵਾਸਤਾ ਵਿਦਿਆਰਥੀਆਂ ਅਤੇ ਖੋਜ਼ਾਰਥੀਆਂ ਨੂੰ ਇਹ ਕਿਤਾਬ ਵੀ ਵਾਚ ਲੈਣੀ ਚਾਹੀਦੀ ਹੈ।
-ਵਿਜੈ ਬੰਬੇਲੀ
ਮੋਬਾਈਲ : 94634-39075
ਲਾਲ ਝੰਡੇ ਦਾ ਇਤਿਹਾਸ
ਲੇਖਕ : ਅਨਿਲ ਰਾਜਿਮਵਾਲੇ
ਅਨੁਵਾਦਕ : ਮਾ. ਦਲਜੀਤ ਸਿੰਘ ਰਿਐਤ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 80 ਰੁਪਏ, ਸਫੇ : 53
ਸੰਪਰਕ : 98685-25812

ਪੁਸਤਕ 'ਲਾਲ ਝੰਡੇ ਦਾ ਇਤਿਹਾਸ' ਅਨਿਲ ਰਾਜਿਮਵਾਲੇ ਦੀ ਅੰਗਰੇਜ਼ੀ ਪੁਸਤਕ 'ਏ ਹਿਸਟਰੀ ਆਫ਼ ਦਾ ਰੈੱਡ ਫਲੈਗ' ਜਿਸ ਦਾ ਅਨੁਵਾਦ ਮਾ. ਦਲਜੀਤ ਸਿੰਘ ਰਿਐਤ ਨੇ ਇਹ ਧਿਆਨ ਹਿਤ ਰੱਖਦੇ ਕੀਤਾ ਕਿ ਮੂਲ ਵਿਸ਼ੇ-ਵਸਤੂ 'ਚ ਕੋਈ ਛੇੜਛਾੜ ਨਾ ਹੋਵੇ। ਪੁਸਤਕ ਲਾਲ ਝੰਡੇ ਦੇ ਖੋਜ ਭਰਪੂਰ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਮਿਹਨਤਕਸ਼ ਕਿਰਤੀਆਂ ਦੇ ਸ਼ਾਨਦਾਰ ਸੰਘਰਸ਼ਾਂ ਦੀ ਇਨਕਲਾਬੀ ਲਹਿਰ ਦੇ ਇਤਿਹਾਸ ਦੀ ਝਾਕੀ ਪੇਸ਼ ਕਰਦੀ ਪਾਠਕਾਂ ਨੂੰ ਦੱਸਦੀ ਹੈ ਕਿ ਕਿੰਝ ਕਾਮਿਆਂ ਨੇ ਪੂੰਜੀਪਤੀਆਂ ਕੋਲੋਂ ਆਪਣੇ ਹੱਕਾਂ ਲਈ ਘਾਲਣਾ ਘਾਣੀ। ਲਾਲ ਝੰਡਾ ਕਾਮਿਆਂ ਤੇ ਸਮਾਜ ਦੇ ਪ੍ਰਗਤੀਸ਼ੀਲ ਹਿੱਸਿਆਂ ਦੇ ਸੰਘਰਸ਼ ਦੇ ਚਿੰਨ੍ਹ ਵਜੋਂ ਹੈ। ਕੁਝ ਅਨੁਸਾਰ ਲਾਲ ਰੰਗ ਖੂਨ ਦਾ, ਕੁਝ ਅਨੁਸਾਰ ਕੁਰਬਾਨੀ ਦਾ, ਕੁਝ ਦੀ ਸੋਚ ਕ੍ਰਾਂਤੀ ਨੂੰ ਰੂਪਮਾਨ ਕਰਦਾ। ਅੱਜ ਭਾਰਤੀ ਅਰਥਚਾਰਾ ਵੀ ਵੱਡੇ ਪੂੰਜੀਪਤੀਆਂ ਦੇ ਹੱਥਾਂ ਦੀ ਕਠਪੁਤਲੀ ਜੋ ਖੇਤੀ ਖੇਤਰ 'ਤੇ ਵੀ ਕਾਰਪੋਰੇਟੀ ਗਿਰਝਾਂ ਨਜ਼ਰਾਂ ਟਿਕਾਈ ਬੈਠੀਆਂ ਹਨ ਤੇ ਲੋਕਤੰਤਰ ਦੇ ਨਾਂਅ 'ਤੇ ਵੱਡਾ ਘਾਣ ਹੋ ਰਿਹਾ ਜਿਸ ਕਰਕੇ ਹਰ ਇਕ ਚੀਜ਼ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਇਸ ਦਾ ਅਨੁਵਾਦ ਇਸ ਮੰਤਵ ਨਾਲ ਕੀਤਾ ਗਿਆ ਕਿ ਕਾਮੇ ਅਤੇ ਜਥੇਬੰਦੀਆਂ ਵਿਚ ਆ ਰਹੇ ਨਵੇਂ ਆਗੂ ਜ਼ਰੂਰ ਪੜ੍ਹਨ ਤਾਂ ਕਿ ਆਪਣੇ ਇਤਿਹਾਸ ਤੋਂ ਸੇਧ ਲੈ ਸਕਣ ਤੇ ਕੁਝ ਸੁਧਾਰ ਕਰ ਸਕਣ। ਪੁਸਤਕ 'ਚ 14 ਅਧਿਆਇ ਜੋ ਫਰਾਂਸ ਦੀ ਕ੍ਰਾਂਤੀ, ਬਰਤਾਨੀਆ, ਜਰਮਨ, ਇੰਗਲੈਂਡ, ਅਮਰੀਕਾ, ਰਸ਼ੀਆ ਤੇ ਹੋਰ ਦੇਸ਼ਾਂ 'ਚ ਕਾਮਿਆਂ ਦੇ ਇਨਕਲਾਬੀ ਅੰਦੋਲਨ, ਮਈ ਦਿਵਸ, ਭਾਰਤ ਅਤੇ ਟਰੇਡ ਯੂਨੀਅਨ ਅੰਦੋਲਨਾਂ ਵਿਚ ਲਾਲ ਝੰਡੇ ਦੇ ਇਤਿਹਾਸ ਨੂੰ ਗਹਿਰਾਈ ਨਾਲ ਸੋਚਣ ਲਈ ਮਜਬੂਰ ਕਰ ਜਾਂਦੇ ਹਨ। ਅੱਜ ਲਾਲ ਝੰਡਾ ਸਮਾਜ ਵਿਚ ਬੁਨਿਆਦੀ ਤਬਦੀਲੀ ਦੇ ਚਿੰਨ੍ਹ ਵਜੋਂ ਆਪਣੀ ਥਾਂ ਬਣਾ ਚੁੱਕਾ ਹੈ। ਅਨੁਵਾਦਕ ਨੇ ਪੁਸਤਕ ਆਪਣੇ ਮਾਤਾ ਜੀ ਨੂੰ ਸਮਰਪਿਤ ਕੀਤੀ, ਜਿਨ੍ਹਾਂ ਨੇ ਮਾੜੀ ਆਰਥਿਕ ਹਾਲਤ 'ਚ ਵੀ ਪੁਸਤਕਾਂ ਨਾਲ ਸਾਂਝ ਪਾਉਣ ਦੀ ਜਾਚ ਸਿਖਾਈ।
-ਸਾਹਿਬਾ ਜੀਟਨ ਕੌਰ
ਮੋਬਾਈਲ : 99883-47109
ਔਰਤ ਦੀ ਦਾਸਤਾਨ
ਮੂਲ ਲੇਖਕ : ਓਸ਼ੋ
ਅਨੁਵਾਦ : ਮਨ ਕੌਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 255
ਸੰਪਰਕ : 0161-2740738

ਅਚਾਰੀਆ ਰਜਨੀਸ਼ ਜਾਂ ਓਸ਼ੋ ਨੂੰ ਵੀਹਵੀਂ ਸਦੀ ਦੇ ਇਕ ਮਹਾਨ ਵਿਚਾਰਕ ਤੇ ਧਾਰਮਿਕ-ਅਧਿਆਤਮਿਕ ਨੇਤਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਉਸ ਨੂੰ ਇਕ ਵਿਵਾਦਪੂਰਨ ਨਵੇਂ ਧਾਰਮਿਕ ਨੇਤਾ ਦੇ ਰੂਪ ਵਿਚ ਵੀ ਦੇਖਿਆ ਜਾਂਦਾ ਰਿਹਾ ਹੈ, ਜਿਸ ਨੇ ਸੰਸਥਾਗਤ ਧਰਮਾਂ ਦੇ ਸਰੂਪ ਨੂੰ ਮੂਲੋਂ ਰੱਦ ਕਰਦਿਆਂ ਇਹ ਦ੍ਰਿੜ੍ਹ ਕੀਤਾ ਕਿ ਅਧਿਆਤਮਕ ਅਨੁਭਵ ਨੂੰ ਕਿਸੇ ਇਕ ਧਾਰਮਿਕ ਸਿਧਾਂਤ ਦੀ ਨਾਵਲੀ ਵਿਚ ਸੰਗਠਿਤ ਹੀ ਨਹੀਂ ਕੀਤਾ ਜਾ ਸਕਦਾ। ਉਸ ਨੇ ਧਿਆਨ ਦੀ ਵਕਾਲਤ ਕੀਤੀ ਅਤੇ ਇਕ ਗਤੀਸ਼ੀਲ ਧਿਆਨ ਨਾਮਕ ਵਿਲੱਖਣ ਰੂਪ ਸਾਹਮਣੇ ਲਿਆਂਦਾ। ਉਸ ਦੁਆਰਾ ਕੀਤੀ ਗਈ ਗੁਰਬਾਣੀ ਦੀ ਵਿਆਖਿਆ ਵੀ ਉਸ ਦੇ ਉੱਚ-ਅਧਿਆਤਮਿਕ ਮੰਡਲਾਂ ਵਿਚ ਵਿਚਰਨ ਦੀ ਗਵਾਹੀ ਦਿੰਦੀ ਹੈ। ਓਸ਼ੋ ਦੇ ਵਿਚਾਰ-ਉਤੇਜਿਕ ਲੈਕਚਰਾਂ 'ਤੇ ਆਧਾਰਿਤ ਸੈਂਕੜੇ ਪੁਸਤਕਾਂ ਵੱਖ-ਵੱਖ ਭਾਸਾਵਾਂ ਵਿਚ ਛਪ ਚੁੱਕੀਆਂ ਹਨ ਅਤੇ ਉਸ ਦੇ ਵਿਚਾਰਾਂ ਨੂੰ ਬਹੁਤ ਵੱਡੇ ਪੱਧਰ 'ਤੇ ਪ੍ਰਚਾਰਿਆ-ਪ੍ਰਸਾਰਿਆ ਵੀ ਗਿਆ ਹੈ ਤੇ ਨਿੰਦਿਆ-ਸਲਾਹਿਆ ਵੀ ਗਿਆ ਹੈ। ਧਰਮ, ਦਰਸ਼ਨ, ਰਾਜਨੀਤੀ, ਵਿਗਿਆਨ, ਕਲਾ, ਸਿੱਖਿਆ, ਅਧਿਆਤਮਕ ਰਹੱਸ, ਸ੍ਰਿਸ਼ਟੀ, ਧਿਆਨ, ਪ੍ਰੇਮ, ਖੁਸ਼ੀ, ਆਨੰਦ, ਔਰਤ-ਮਰਦ ਹੋਂਦ ਮੂਲਕ ਮਸਲੇ, ਸੰਭੋਗ, ਵਿਆਹ ਸੰਸਥਾ ਆਧਿ ਅਨੇਕ ਸਰਬਕਾਲੀ ਮਹੱਤਵ ਵਾਲੇ ਵਿਸ਼ਿਆਂ ਸੰਬੰਧੀ ਉਸ ਦੇ ਦਲੇਰ ਮੌਲਿਕ ਵਿਚਾਰ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੇ ਰਹੇ ਹਨ। ਓਸ਼ੋ ਦੇ ਵਿਚਾਰਾਂ ਨਾਲ ਹਰ ਕਿਸੇ ਦੀ ਸਹਿਮਤੀ-ਅਸਹਿਮਤੀ ਹੋ ਸਕਦੀ ਹੈ ਪਰ ਉਸ ਦੀ ਵਿਚਾਰ ਪ੍ਰਸਤੁਤੀ ਵਿਚ ਇਕ ਖ਼ਾਸ ਕਿਸਮ ਦੀ ਸੰਗੀਤਕ ਲੈਅ ਤੇ ਰਉਂ ਬਹੁਤ ਉਚੇਰੇ ਪੱਧਰ ਦੀ ਡੂੰਘੀ ਬੌਧਿਕਤਾ ਤੇ ਭਾਵਨਾਵਾਂ ਦਾ ਅਮੋੜ ਵਹਾਅ ਪਾਠਕ-ਸਰੋਤੇ ਨੂੰ ਕੀਲੀ ਰੱਖਣ ਦੇ ਕਲਾ ਹੁਨਰ ਦੀ ਗਵਾਹੀ ਦਿੰਦਾ ਹੈ। ਰੀਵਿਊ ਅਧੀਨ ਪੁਸਤਕ 'ਔਰਤ ਦੀ ਦਾਸਤਾਨ' (2025) ਵੀ ਓਸ਼ੋ ਦੀ ਚਿੰਤਨ-ਪੱਧਤੀ/ਸ਼ੈਲੀ ਦੇ ਇਕ ਉਤਕ੍ਰਿਸ਼ਟ ਪ੍ਰਮਾਣ ਦੇ ਰੂਪ ਵਿਚ ਸਾਡੇ ਸਨਮੁੱਖ ਹੈ, ਜਿਸ ਵਿਚ ਔਰਤ ਦੇ ਅਸਤਿਤਵ ਮੂਲਕ ਮਸਲੇ ਨੂੰ ਕਿ ਵੱਖਰੇ ਦ੍ਰਿਸ਼ਟੀਕੋਣ ਤੋਂ ਤਿੱਖੇ ਵਿਚਾਰਧਾਰਕ ਭੇੜ/ਸੰਵਾਦ ਦੇ ਰਾਹੀਂ ਉਭਾਰਿਆ ਗਿਆ ਹੈ।
'ਔਰਤ ਦੀ ਦਾਸਤਾਨ' ਓਸ਼ੋ ਦੀ ਅੰਗਰੇਜ਼ੀ ਵਿਚ ਛਪੀ ਪੁਸਤਕ 'ਦਾ ਬੁੱਕ ਆਫ਼ ਵੂਮੈਨ' ਦਾ ਮਨ ਕੌਰ ਦੁਆਰਾ ਕੀਤਾ ਗਿਆ ਪੰਜਾਬੀ ਅਨੁਵਾਦ ਹੈ। ਇਹ ਪੁਸਤਕ ਓਸ਼ੋ ਵਲੋਂ ਸਮੇਂ-ਸਮੇਂ 'ਤੇ ਦਿੱਤੇ ਲੈਕਚਰਾਂ ਉੱਤੇ ਆਧਾਰਿਤ ਹੈ, ਜਿਸ ਵਿਚ ਜਗਿਆਸੂਆਂ-ਉਪਾਸ਼ਕਾਂ ਵਲੋਂ ਔਰਤ ਦੇ ਸੰਦਰਭ ਵਿਚ ਪੁੱਛੇ ਗਏ ਸਵਾਲਾਂ ਅਤੇ ਜਵਾਬਾਂ ਨੂੰ ਸੰਗ੍ਰਿਤ ਕੀਤਾ ਗਿਆ ਹੈ। ਅਨੁਵਾਦ ਕਰਤਾ ਦਾ ਵਿਚਾਰ ਹੈ ਕਿ ਓਸ਼ੋ ਔਰਤ ਦੇ ਵਿਗਾਸ ਨੂੰ ਸਮੁੱਚਤਾ ਵਜੋਂ ਨਹੀਂ ਚਿਤਵਦੀ, ਬਲਕਿ ਮੁਕਤਲਿਫ਼ ਫ਼ਲਸਫ਼ਿਆਂ ਅਤੇ ਵਿਚਾਰਧਾਰਾਵਾਂ ਦੇ ਭੇੜ ਵਿਚ ਫਸੀ ਔਰਤ ਦੀ ਹੋਣੀ ਨੂੰ ਉਧੇੜਣ ਦਾ ਤੇ ਬੁਣਦਾ ਚਲਾ ਜਾਂਦਾ ਹੈ। ਓਸ਼ੋ ਦੇ ਵਿਚਾਰਾਂ ਦਾ ਸਾਰ ਇਹ ਹੈ ਕਿ ਔਰਤ ਦੀ ਵਿੱਥਿਆ ਨੂੰ ਮਰਦ-ਜਗਤ ਵਲੋਂ ਆਪਣੀ ਸੋਚ ਦੇ ਆਧਾਰ 'ਤੇ ਵੇਖਿਆ, ਨਿਰਖਿਆ ਤੇ ਪਰਖਿਆ ਗਿਆ ਹੈ, ਜਦ ਕਿ ਔਰਤ ਸੰਵੇਦਨਾਵਾਂ-ਸੂਖਮਤਾਵਾਂ ਦੀ ਉਹ ਵਿਰਾਟ ਉਚਾਈ ਹੈ, ਜਿਸ ਵਿਚ ਖ਼ੁਦਾਈ ਦਾ ਨਕਸ਼ ਪ੍ਰਤਿਬਿੰਬਤ ਹੁੰਦਾ ਹੈ। ਓਸ਼ੋ ਨੇ ਔਰਤ-ਮਰਦ ਦੇ ਹਕੀਕੀ ਵਖਰੇਵਿਆਂ ਤੇ ਸਮਾਨਤਾਵਾਂ ਨੂੰ ਤਨ ਤੇ ਮਨ ਦੇ ਵੱਖ-ਵੱਖ ਧਰਾਤਲਾਂ 'ਤੇ ਰੱਖ ਕੇ ਨਹੀਂ ਵੇਖਦਾ, ਸਗੋਂ ਤਨ ਮਨ ਨੂੰ ਇਕ ਹੀ ਇਕਾਈ ਦੇ ਰੂਪ ਵਿਚ ਗ੍ਰਹਿਣ ਕੇ ਵਿਸ਼ੇ ਦੀ ਡੂੰਘੀ ਫ਼ਲਸਫ਼ਾਨਾ ਚੀਰ-ਫਾੜ ਕਰਦਾ ਹੈ। ਇਸ ਚੀਰ-ਫਾੜ ਦੌਰਾਨ ਔਰਤ ਦੀ ਮੁਕਤੀ, ਕਾਮੁਕਤਾ, ਵਿਆਹ, ਮੁਹੱਬਤ, ਜੁੜਾਓ, ਮਮਤਾ, ਪਰਿਵਾਰ ਅਤੇ ਜਨਮ ਨਿਯੋਜਨ, ਰਚਨਾਤਮਿਕਤਾ, ਸਰੀਰ, ਮਨ, ਸਮਾਧੀ ਤੇ ਸੰਪੂਰਨਤਾ ਆਦਿ ਉਪ ਵਿਸ਼ਿਆਂ 'ਤੇ ਚੰਗਾ ਭਰਵਾਂ ਸੰਵਾਦ ਰਚਾਇਆ ਗਿਆ ਹੈ। ਮਨ ਕੌਰ ਦੁਆਰਾ ਕੀਤਾ ਗਿਆ ਅਨੁਵਾਦ ਕਾਰਜ ਵੀ ਸਿਰਜਣਾਤਮਿਕ ਗੁਣਾਂ ਨਾਲ ਭਰਪੂਰ ਅਮੀਰ ਬਾਸ਼ਕ ਮੁਹਾਵਰੇ ਦੀ ਭਾਹ ਮਾਰਦਾ ਹੈ, ਉਸ ਕੋਲ ਹਰਫ਼ਾਂ ਦੀ ਚੰਗੀ ਜਗੀਰ ਹਾਸਿਲ ਹੈ ਅਤੇ ਉਹ ਇਸ ਅਮੀਰ ਜਗੀਰ ਦੀ ਵਰਤੋਂ ਬਹੁਤ ਹੀ ਢੁਕਵੇਂ, ਸੰਜਮੀ, ਸੰਕੋਚਵੇਂ ਲਹਿਜੇ ਵਿਚ ਕਰਦੀ ਹੈ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਮੁਹੱਬਤਾਂ ਦੇ ਦੀਪ
ਲੇਖਿਕਾ: ਦਵਿੰਦਰ ਕੌਰ ਢਿੱਲੋਂ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ: 160 ਰੁਪਏ, ਸਫ਼ੇ: 88
ਸੰਪਰਕ : 98765-79761

ਹੱਥਲੇ ਕਾਵਿ-ਸੰਗ੍ਰਹਿ 'ਮੁਹੱਬਤਾਂ ਦੇ ਦੀਪ' ਤੋਂ ਪਹਿਲਾਂ ਦਵਿੰਦਰ ਕੌਰ ਢਿੱਲੋਂ ਦਾ ਇਕ ਕਾਵਿ-ਸੰਗ੍ਰਹਿ 'ਸੱਧਰਾਂ ਦੀ ਫੁੱਲਕਾਰੀ' ਪ੍ਰਕਾਸ਼ਿਤ ਹੋ ਚੁੱਕਿਆ ਹੈ। ਇਸ ਪੁਸਤਕ ਦੀਆਂ ਬਹੁਤੀਆਂ ਰਚਨਾਵਾਂ ਪੁਸਤਕ ਦੇ ਸਿਰਲੇਖ ਦੀ ਤਰਜ਼ਮਾਨੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਪਰਿਵਾਰ ਦੇ ਸਾਰੇ ਜੀਅ ਆਪਣੇ ਮਨਾਂ ਵਿਚ ਫ਼ੈਲੀ ਈਰਖਾ-ਦਵੈਸ਼ ਦੀ ਮੈਲ ਮਿਟਾ ਕੇ ਇਕਸੁਰ ਹੋ ਜਾਂਦੇ ਹਨ, ਤਾਂ ਦੁਨੀਆ ਦੀ ਕੋਈ ਵੀ ਸਫ਼ਲਤਾ ਉਨ੍ਹਾਂ ਲਈ ਅਸੰਭਵ ਨਹੀਂ ਹੋ ਸਕਦੀ:
ਮੂੰਹ ਮੰਗੀਆਂ ਫਿਰ ਮਿਲਣ ਮੁਰਾਦਾਂ
ਜੇ ਨੀਤਾਂ ਵਿਚ ਖੋਟ ਨਾ ਹੋਵੇ
ਰਲ ਕੇ ਬੈਠੇ ਟੱਬਰ ਸਾਰਾ
ਕਿਵੇਂ ਕੋਈ ਕੰਮ ਲੋਟ ਨਾ ਹੋਵੇ।
ਦਵਿੰਦਰ ਕੌਰ ਢਿੱਲੋਂ ਜਾਣਦੇ ਹਨ ਕਿ ਜਿਸ ਤਰ੍ਹਾਂ ਗਰਮੀ, ਸਰਦੀ, ਪੱਤਝੜ ਅਤੇ ਬਹਾਰ ਆਦਿ ਮੌਸਮ ਆਉਂਦੇ ਜਾਂਦੇ ਰਹਿੰਦੇ ਹਨ, ਉਸੇ ਤਰ੍ਹਾਂ ਦੁੱਖ ਅਤੇ ਸੁੱਖ ਵੀ ਇਨਸਾਨ ਦੇ ਜੀਵਨ ਵਿਚ ਹਮੇਸ਼ਾ ਨਹੀਂ ਰਹਿੰਦੇ। ਸੁਭਾਵਿਕ ਰੂਪ ਵਿਚ ਕੁਝ ਵੀ ਸਥਿਰ ਨਹੀਂ ਰਹਿੰਦਾ ਬਲਕਿ ਸਭ ਕੁਝ ਹੀ ਪਰਿਵਰਤਨਸ਼ੀਲ ਹੁੰਦਾ ਹੈ। ਜੇਕਰ ਇਸ ਵਰਤਾਰੇ ਨੂੰ ਸਮਝ ਲਿਆ ਜਾਵੇ, ਤਾਂ ਮਨੁੱਖ ਕਦੇ ਵੀ ਤਣਾਅ-ਗ੍ਰਸਤ ਨਾ ਹੋਵੇ ਕਿਉਂਕਿ ਦੁੱਖ ਦਾ ਸੰਤਾਪ ਹੰਢਾ ਕੇ ਹੀ ਸਹੀ ਅਰਥਾਂ ਵਿਚ ਸੁੱਖ ਮਾਣਿਆ ਜਾ ਸਕਦਾ ਹੈ:
ਹਰ ਦਮ ਐਵੇਂ ਡਰਿਆ ਨਾ ਕਰ
ਸੋਚ-ਸੋਚ ਕੇ ਮਰਿਆ ਨਾ ਕਰ
ਦੁੱਖ-ਸੁੱਖ ਨੇ ਜ਼ਿੰਦਗੀ ਦੇ ਗਹਿਣੇ
ਇਹ ਤਾਂ ਸਭ ਨੂੰ ਪਾਉਣੇ ਪੈਣੇ।
ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਦੇ ਜਨਰਲ ਸਕੱਤਰ ਵਜੋਂ ਕਾਰਜਸ਼ੀਲ ਹੋਣ ਕਰਕੇ ਉਨ੍ਹਾਂ ਦਾ ਦੂਰ-ਨੇੜੇ ਦੀਆਂ ਸਾਹਿਤਕ ਸਭਾਵਾਂ ਦੇ ਸਮਾਗਮਾਂ ਵਿਚ ਜਾਣ ਦਾ ਸਬੱਬ ਬਣਿਆ ਰਹਿੰਦਾ ਹੈ ਅਤੇ ਇਸੇ ਬਹਾਨੇ ਬਹੁਤ ਸਾਰੇ ਸਮਰੱਥ ਸਾਹਿਤਕਾਰਾਂ ਦੀਆਂ ਪੁਸਤਕਾਂ ਪੜ੍ਹਨ ਦਾ ਵੀ ਮੌਕਾ ਮਿਲਦਾ ਹੈ। ਬਹੁਤ ਸਾਰੇ ਨਾਟਕਾਂ ਤੋਂ ਇਲਾਵਾ ਉਨ੍ਹਾਂ ਨੇ ਕਈ ਟੀ. ਵੀ. ਸੀਰੀਅਲਾਂ ਵਿਚ ਵੀ ਕੰਮ ਕੀਤਾ ਹੈ। ਆਪਣੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਵਿਚ ਗਾਉਣਾ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਵੀ ਨਿਖਾਰ ਦਿੰਦਾ ਹੈ। ਸਾਹਿਤ ਜਗਤ ਵਿਚ ਉਨ੍ਹਾਂ ਦੀ ਇਸ ਖ਼ੂਬਸੂਰਤ ਪੁਸਤਕ ਦਾ ਭਰਪੂਰ ਸਵਾਗਤ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28207
ਪ੍ਰੀਤਿ ਪ੍ਰੀਤਿ ਗੁਰੀਆ
ਲੇਖਕ : ਜਸਮੇਲ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ: 118
ਸੰਪਰਕ : 82848-41229

9 ਧਾਰਮਿਕ ਪੁਸਤਕਾਂ ਦੇ ਰਚੇਤਾ ਜਸਮੇਲ ਸਿੰਘ ਦੀ ਹੁਣ ਦਸਵੀਂ ਧਾਰਮਿਕ ਪੁਸਤਕ 'ਪ੍ਰੀਤਿ ਪ੍ਰੀਤਿ ਗੁਰੀਆ' (ਵਾਰਤਕ) ਪ੍ਰਕਾਸ਼ਿਤ ਹੋਈ ਹੈ। ਇਸ ਪੁਸਤਕ 'ਚ ਧਾਰਮਿਕ ਵਿਸ਼ਿਆਂ ਨਾਲ ਸੰਬੰਧਿਤ 8 ਅਧਿਆਏ ਹਨ। ਵਾਰਤਕ ਦੇ ਰੂਪ ਵਿਚ ਲਿਖੀ ਇਹ ਪੁਸਤਕ ਗੁਰਬਾਣੀ ਨੂੰ ਆਧਾਰ ਬਣਾ ਕੇ ਮਨੁੱਖੀ ਜੀਵਨ ਦੇ ਅਧਿਆਤਮਕ ਅਤੇ ਨੈਤਿਕ ਪੱਖਾਂ 'ਤੇ ਚਾਨਣਾ ਪਾਉਂਦੀ ਹੈ। ਜਿਵੇਂ ਕਿ 'ਦੋ ਸ਼ਬਦ' ਵਿਚ ਦੱਸਿਆ ਗਿਆ ਹੈ, ਪੁਸਤਕ ਦਾ ਮੂਲ ਆਧਾਰ ਹੀ ਗੁਰੂ ਰਾਮ ਦਾਸ ਜੀ ਦਾ ਫੁਰਮਾਨ ਹੈ: ਮੈਂ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ।
ਪੁਸਤਕ ਦਾ ਤਤਕਰਾ ਇਸ ਗੱਲ ਦਾ ਸਬੂਤ ਹੈ ਕਿ ਇਸ ਵਿਚ ਸਿੱਖ ਧਰਮ ਦੇ ਬੁਨਿਆ ਦੀ ਸੰਕਲਪਾਂ ਨੂੰ ਬੜੇ ਵਿਸਥਾਰ ਅਤੇ ਸਪੱਸ਼ਟਤਾ ਨਾਲ ਪੇਸ਼ ਕੀਤਾ ਗਿਆ ਹੈ। ਮੁੱਖ ਤੌਰ 'ਤੇ ਇਸ ਵਿਚ 'ਨਾਮੁ' ਦੀ ਮਹੱਤਤਾ ਅਤੇ 'ਹਉਮੈ' (ਅਹੰਕਾਰ) ਨਾਲ ਇਸ ਦੇ ਵਿਰੋਧ ਨੂੰ ਸਮਝਾਇਆ ਗਿਆ ਹੈ। ਅਧਿਆਏ ਜਿਵੇਂ ਕਿ 'ਗੁਰਮਤਿ ਵਿਚ ਨਾ ਮੁਕੀ ਹੈ' ਅਤੇ 'ਹਉਮੈਂ ਨਾਵੈ ਨਾਲ ਵਿਰੋਧ ਹੈ', ਅੱਜ ਦੇ ਜੀਵਨ ਦੀਆਂ ਭੌਤਿਕ ਚੁਣੌਤੀਆਂ ਦੇ ਸੰਦਰਭ ਵਿਚ ਰੂਹਾਨੀ ਮਾਰਗ ਦਰਸ਼ਨ ਪ੍ਰਦਾਨ ਕਰਦੇ ਹਨ। ਲੇਖਕ ਨੇ ਸਾਬਤ ਕੀਤਾ ਹੈ ਕਿ ਨਾਮ ਤੋਂ ਬਿਨਾਂ ਸੁੱਖ ਅਸੰਭਵ ਹੈ ਜਿਵੇਂ ਕਿ 'ਡਿੱਠਾ ਸਭ ਸੰਸਾਰ ਸੁਖਨਾ ਨਾਮੁ ਬਿਨ' ਸਿਰਲੇਖ ਤੋਂ ਜ਼ਾਹਰ ਹੁੰਦਾ ਹੈ। 'ਗੁਰ ਸਿੱਖੀ ਜੀਵਨ' ਵਾਲਾ ਅਧਿਆਏ ਦੱਸਦਾ ਹੈ ਕਿ ਗੁਰੂ ਦੇ ਸਿਧਾਂਤਾਂ 'ਤੇ ਚੱਲਣ ਵਾਲਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, 'ਜੀਵ ਮਰ ਕੇ ਕਿੱਥੇ ਜਾਂਦਾ ਹੈ' ਅਤੇ 'ਗੁਰਬਾਣੀ ਨੂੰ ਗੁਰੂ ਦਾ ਰੁਤਬਾ' ਵਰਗੇ ਵਿਸ਼ੇ ਪਾਠਕ ਨੂੰ ਗੁਰਮਤਿ ਦੀ ਡੂੰਘੀ ਸਮਝ ਪ੍ਰਦਾਨ ਕਰਦੇ ਹਨ ਅਤੇ ਗੁਰਬਾਣੀ ਪ੍ਰਤੀ ਸ਼ਰਧਾ ਨੂੰ ਹੋਰ ਪੱਕਾ ਕਰਦੇ ਹਨ। ਲੇਖਕ ਦੀ ਸ਼ੈਲੀਸਰਲ, ਸਪੱਸ਼ਟ ਅਤੇ ਪ੍ਰਭਾਵਸ਼ਾਲੀ ਹੈ, ਜੋ ਗੁੰਝਲਦਾਰ ਅਧਿਆਤਮਿਕ ਵਿਸ਼ਿਆਂ ਨੂੰ ਵੀ ਆਸਾਨੀ ਨਾਲ ਸਮਝਣਯੋਗ ਬਣਾਉਂਦੀ ਹੈ। ਜਸਮੇਲ ਸਿੰਘ ਜੀ ਦੀ ਪੁਸਤਕ 'ਪ੍ਰੀਤਿ ਪ੍ਰੀਤਿ ਗੁਰੀਆ' ਗੁਰਮਤਿ ਫ਼ਲਸਫ਼ੇ ਨੂੰ ਆਮ ਪਾਠਕ ਤੱਕ ਪਹੁੰਚਾਉਣ ਦਾ ਇੱਕ ਸ਼ਲਾਘਾਯੋਗ ਯਤਨ ਹੈ। 'ਪ੍ਰੀਤਿ ਪ੍ਰੀਤਿ ਗੁਰੀਆ' ਸਿਰਲੇਖ ਖੁਦ ਹੀ ਪ੍ਰੇਮਾ-ਭਗਤੀ ਅਤੇ ਰੂਹਾਨੀ ਲਗਨ ਵੱਲ ਇਸ਼ਾਰਾ ਕਰਦਾ ਹੈ। ਇਹ ਪੁਸਤਕ ਹਰ ਉਸ ਪੰਜਾਬੀ ਪਾਠਕ ਲਈ ਜ਼ਰੂਰੀ ਹੈ, ਜੋ ਗੁਰਬਾਣੀ ਦੇ ਸਿਧਾਂਤਾਂ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਅਪਣਾਉਣਾ ਅਤੇ ਸੱਚੇ ਸੁੱਖ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ।
-ਜਸਵਿੰਦਰ ਸਿੰਘ ਕਾਈਨੌਰ
ਮੇਬਾਈਲ : 98888-42244
ਗੜ੍ਹੀ ਸ਼ਰਾਕਤ
ਲੇਖਕ : ਅਮਨਪ੍ਰੀਤ ਸਿੰਘ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 375 ਰੁ., ਸਫੇ : 272
ਸੰਪਰਕ : 9915263614

ਅਮਨਪ੍ਰੀਤ ਸਿੰਘ ਮਾਨ ਨੇ ਆਪਣਾ ਪਹਿਲਾ ਨਾਵਲ 2020 ਵਿਚ 'ਕਚਕੌਲ', 2021 ਵਿਚ 'ਉਮਰ ਕੈਦੀ', 2024 ਵਿਚ '360 ਡਿਗਰੀ' ਅਤੇ 2024 ਵਿਚ 'ਗੜ੍ਹੀ ਸ਼ਰਾਕਤ' ਜੋ ਕਿ ਉਸ ਦਾ ਚੌਥਾ ਨਾਵਲ ਹੈ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਏ ਹਨ। ਹੱਥਲੇ ਨਾਵਲ ਨੂੰ ਉਸ ਨੇ ਕੁੱਲ 35 ਕਾਂਡਾਂ ਵਿਚ ਤਕਸੀਮ ਕੀਤਾ ਹੈ। ਨਾਵਲਕਾਰ ਨੇ ਸਮੁੱਚੇ ਨਾਵਲ ਵਿਚ ਜੋ ਪਿੰਡਾਂ ਵਿਚ ਸੁਸਾਇਟੀਆਂ ਬਣੀਆਂ ਹਨ ਅਤੇ ਉਨ੍ਹਾਂ ਬਾਰੇ ਸਮਾਜ ਵਿਚ ਜੋ ਵਰਤਾਰਾ ਚੱਲ ਰਿਹਾ ਹੈ, ਉਸ ਬਾਰੇ ਲਿਖਿਆ ਹੈ ਕਿ ਭੋਲੇ-ਭਾਲੇ ਸਰਪੰਚਾਂ, ਪੰਚਾਂ ਨੂੰ ਪੰਚਾਇਤ ਸੈਕਟਰੀ ਘੁਣ ਲਗਾ ਰਹੇ ਹੁੰਦੇ ਹਨ। ਸਾਰੇ ਪਾਸੇ ਬੇਈਮਾਨੀ ਦੀ ਚਾਲ ਹੀ ਚੱਲੀ ਜਾਂਦੀ ਹੈ। ਗੜ੍ਹੀ ਸ਼ਰਾਕਤ ਇੱਕ ਪਿੰਡ ਦਾ ਨਾਂਅ ਹੈ। ਇਸ ਨਾਵਲ ਵਿਚ ਇਸ ਪਿੰਡ ਦੀ ਸਹਿਕਾਰੀ ਸੰਸਥਾ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਜਿਸ ਵਿਚ ਸਮੁੱਚੇ ਪਿੰਡ ਦਾ ਮਾਨਵੀਕਰਨ ਹੁੰਦਾ ਦਿਸਦਾ ਹੈ। ਨਾਵਲ ਦੀ ਸ਼ੁਰੂਆਤ ਇੱਕ ਆਤਮ-ਹੱਤਿਆ ਤੋਂ ਹੁੰਦੀ ਹੈ। ਸਾਰੀ ਕਹਾਣੀ ਹੀ ਇਸ ਹੱਤਿਆ-ਕਾਂਡ ਦੇ ਮਸਲੇ ਨੂੰ ਸੁਲਝਾਉਣ ਵਿਚ ਲੰਘਦੀ ਹੈ। ਜਿਸ ਵਿਚ ਪੰਜਾਬੀ ਸਮਾਜ ਦੇ ਪਿੰਡ ਦੀ ਸਰ-ਜ਼ਮੀਨ 'ਤੇ ਪਣਪਦੀ ਰਾਜਨੀਤੀ, ਭ੍ਰਿਸ਼ਟਾਚਾਰ, ਸਾਜਿਸ਼, ਆਰਥਿਕ ਤੰਗੀ, ਮਰਨ ਰੁੱਤ ਦੀ ਹਵਾ ਤੇ ਜ਼ਿੰਦਗੀ ਦੇ ਸਭ ਤੋਂ ਹੇਠਲੇ ਡੰਡੇ ਤੇ ਬੈਠੀ ਲੋਕਾਈ ਦੀਆਂ ਅਣਕਹੀਆਂ ਪੀੜਾਂ ਨੂੰ ਪੇਸ਼ ਕੀਤਾ ਗਿਆ ਹੈ। ਜਿਵੇਂ ਨਾਵਲ ਵਿਚ ਦਰਸਾਇਆ ਗਿਆ ਹੈ ਕਿ
'ਮੇਰੇ ਵਿਹੜੇ ਦੇ ਪਿੱਪਲ 'ਤੇ ਲਟਕੀ ਇਹ ਲਾਸ਼ ਗੜ੍ਹੀ ਸ਼ਰਾਕਤ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੇ ਸਕੱਤਰ ਬਲਵੰਤ ਸਿੰਘ ਉਰਫ ਬੰਤੇ ਦੀ ਹੈ। ਰਾਤੀਂ ਜੋ ਵੀ ਹੋਇਆ ਉਹ ਮੇਰੀਆਂ ਅੱਖਾਂ ਸਾਹਮਣੇ ਹੋਇਆ।'
ਇਸ ਤਰ੍ਹਾਂ ਆਪਣੇ ਸਮਾਜ ਵਿਚ ਬੰਤਾ ਸਿੰਘ ਵਰਗੇ ਹੋਰ ਵੀ ਅਜਿਹੇ ਹੀ ਪਾਤਰ ਹੁੰਦੇ ਹਨ, ਜਿਨ੍ਹਾਂ ਨਾਲ ਧੋਖਾ-ਧੜੀ ਹੁੰਦੀ ਹੈ, ਉਹ ਭਾਵੇਂ ਪੰਚ ਹੋਵੇ, ਸਰਪੰਚ ਹੋਵੇ ਜਾਂ ਫਿਰ ਪ੍ਰਧਾਨ ਜਾਂ ਮੈਂਬਰ, ਅਜੋਕੇ ਸਮੇਂ ਵਿਚ ਇਹ ਵਰਤਾਰਾ ਆਮ ਗੱਲ ਹੀ ਹੈ। ਪਿੰਡਾਂ ਵਿਚ ਔਰਤ ਸਿਰਫ ਨਾਮ ਦੀ ਹੀ ਮੈਂਬਰ ਹੁੰਦੀ ਹੈ, ਉਸ ਦੀ ਜਗ੍ਹਾ ਸਾਰੇ ਕੰਮ ਉਸ ਦਾ ਘਰਵਾਲਾ ਜਾਂ ਪੁੱਤ ਹੀ ਕਰਦਾ ਹੈ। ਉਹ ਤਾਂ ਬਸ ਬਿਨਾਂ ਕੁਝ ਪੜ੍ਹੇ ਜਾਂ ਸਮਝੇ ਮੋਹਰ ਲਾ ਕੇ ਦਸਤਖਤ ਕਰਨ ਦਾ ਕੰਮ ਹੀ ਕਰਦੀ ਹੈ ਜਿਵੇਂ ਇਸ ਨਾਵਲ ਵਿਚ ਕੁਲਦੀਪ ਕੌਰ ਦੀ ਤ੍ਰਾਸਦੀ ਹੈ।
ਸਮੁੱਚੇ ਨਾਵਲ ਵਿਚ ਨਾਵਲਕਾਰ ਨੇ ਅਜਿਹੀਆਂ ਹੀ ਹੋਰ ਬਹੁਤ ਸਾਰੀਆਂ ਬੈਂਕਾਂ, ਕੋ-ਆਪਰੇਟਿਵ ਸੁਸਾਈਟੀਆਂ, ਸਹਿਕਾਰੀ ਸੁਸਾਇਟੀਆਂ, ਕਿਸਾਨ ਕਮੇਟੀਆਂ, ਪੁਲਿਸ, ਜੇਲ੍ਹ, ਕਚਹਿਰੀਆਂ ਆਦਿ ਦੀਆਂ ਬਹੁ-ਪਰਤਾਂ ਨੂੰ ਖੋਲ੍ਹਿਆ ਹੈ। ਸਾਰੇ ਨਾਵਲ ਵਿਚ ਲੋਕਾਈ ਦੇ ਬਿਆਨ ਰਾਹੀਂ ਹੀ ਬਿਰਤਾਂਤ ਸਿਰਜਿਆ ਹੈ। ਨਾਵਲ ਦਾ ਪੈਰਾਡਾਈਮ ਸੁਸਾਈਟੀ ਦੇ ਪ੍ਰਧਾਨ ਦੇ ਦੁਆਲੇ ਹੀ ਘੁੰਮਦਾ ਹੈ। ਨਾਵਲ ਵਿਚ ਸ਼ਬਦਾਂ ਦਾ ਦੁਹਰਾਅ ਨਹੀਂ ਹੈ। ਨਾਵਲ ਆਪਣੇ ਕਲਾਈਮੈਕਸ ਨੂੰ ਛੋਂਹਦਾ ਹੋਇਆ ਹਰ ਪਿੰਡ ਦੀ ਕਹਾਣੀ ਨੂੰ ਬਿਆਨ ਕਰਦਾ ਹੈ ਜਿਸ ਤਰ੍ਹਾਂ ਗਬਨ ਕਰਕੇ ਪ੍ਰਧਾਨ ਭੋਲੇ-ਭਾਲੇ ਲੋਕਾਂ ਨੂੰ ਗੁਮਰਾਹ ਕਰਦਾ ਹੈ। ਨਾਵਲ ਰਾਜਨੀਤਿਕ ਹੈ ਅਤੇ ਸੰਸਪੈਂਸ 'ਤੇ ਅਧਾਰਿਤ ਹੈ। ਨਾਵਲ ਬਹੁਤ ਕਲਾਤਮਿਕ ਹੈ। ਨਾਵਲਕਾਰ ਦੀ ਭਾਸ਼ਾ ਬਹੁਤ ਅਮੀਰ ਹੈ ਜਿਸ ਨੇ ਅਜਿਹੇ ਖੂਬਸੂਰਤ ਨਾਵਲ ਦੀ ਸਿਰਜਣਾ ਕਰਕੇ ਨਾਵਲ ਨੂੰ ਚਾਰ-ਚੰਨ ਲਗਾਏ ਹਨ। ਨਾਵਲਕਾਰ ਵਧਾਈ ਦਾ ਪਾਤਰ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 09855395161
ਫ਼ਾਸ਼ੀਵਾਦ ਦਾ ਚਿਹਰਾ-ਮੋਹਰਾ
ਲੇਖਕ : ਹਰਵਿੰਦਰ ਭੰਡਾਲ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 142
ਸੰਪਰਕ : 98550-36890

ਹਰਵਿੰਦਰ ਭੰਡਾਲ ਅਜਿਹਾ ਕਲਮਕਾਰ ਹੈ, ਜਿਸ ਕੋਲ ਸੂਬਾਈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਇਤਿਹਾਸਕ, ਸੱਭਿਆਚਾਰਕ, ਵਿਗਿਆਨਕ ਅਤੇ ਸਾਹਿਤਕ ਗਿਆਨ ਦੀ ਸੂਝ ਹੈ। ਉਸ ਦੀ ਪ੍ਰਗਤੀਸ਼ੀਲ ਦ੍ਰਿਸ਼ਟੀ ਸਮਕਾਲ ਅਤੇ ਅਤੀਤ ਨੂੰ ਨਿਰਖਣ-ਪਰਖਣ ਦੀ ਜੁਗਤ ਜਾਣਦੀ ਹੈ। ਪੰਜਾਬੀ ਸਾਹਿਤ ਵਿਚ ਉਸ ਨੇ ਕਵਿਤਾ, ਨਾਵਲ, ਜੀਵਨੀ, ਸਮੀਖਿਆ, ਸਫ਼ਰਨਾਮਾ, ਅਨੁਵਾਦ, ਸੰਪਾਦਨਾ, ਸਿੱਖਿਆ ਤੇ ਚਿੰਤਨ ਦੇ ਖੇਤਰਾਂ 'ਚ ਰਚਨਾਤਮਿਕ ਕਾਰਜ ਕੀਤਾ। ਉਹ ਸਦਾ ਕਾਰਜਸ਼ੀਲ ਖੋਜਾਰਥੀ ਵਾਂਗ ਜੁਟਿਆ ਰਹਿੰਦਾ। 'ਫਾਸੀਵਾਦ ਦਾ ਚਿਹਰਾ ਮੁਹਰਾ' ਪੁਸਤਕ ਇਸ ਗੱਲ ਦੀ ਗਆਹੀ ਭਰਦੀ। ਪੰਜਾਬੀ ਭਾਸ਼ਾ ਵਿਚ ਅਜਿਹੀ ਪੁਸਤਕ ਦੀ ਦੂਜੀ ਐਡੀਸ਼ਨ ਛਪਣੀ, ਇਸ ਦੀ ਸਥਾਪਤੀ ਦਾ ਸਬੂਤ ਹੈ। ਇਸ ਪੁਸਤਕ ਨੂੰ ਗਿਆਨ-ਵਿਗਿਆਨ ਦੇ ਘੇਰੇ ਵਿਚ ਸ਼ਾਮਿਲ ਕੀਤਾ ਜਾ ਸਕਦਾ। ਪੁਸਤਕ ਦਾ ਪ੍ਰਾਕਥਨ ਮਾਰਟਿਨ ਨਿਮੁਲਰ ਦੀ ਕਵਿਤਾ ਦਾ ਅਨੁਵਾਦ ਹੈ। ਫਾਸ਼ੀਵਾਦ ਦੇ ਮਾਰੂ ਨਤੀਜਿਆਂ ਬਾਰੇ ਇਹ ਦੋ ਸਤਰਾਂ ਕਾਫ਼ੀ ਹਨ :
ਤੇ ਕੋਈ ਨਹੀਂ ਸੀ ਬਚਿਆ
ਜੋ ਮੇਰੇ ਲਈ ਬੋਲਦਾ।
ਦੂਜੇ ਐਡੀਸ਼ਨ ਬਾਰੇ ਅਤੇ ਜਾਣ-ਪਛਾਣ ਪੁਸਤਕ ਦੇ ਮਨੋਰਥ ਬਾਰੇ, ਪਾਠਕ ਨੂੰ ਸਮਝਾਉਣ ਦਾ ਯਤਨ ਸੇਧ ਦੇਣ ਵਾਲਾ ਹੈ। ਸੰਸਾਰ ਪੱਧਰ 'ਤੇ ਫ਼ਾਸ਼ੀਵਾਦ ਬਾਰੇ ਬਹੁਤ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਫ਼ਾਸ਼ੀਵਾਦ ਦਾ ਮੂਲ-ਸਰੋਤ ਇਟਲੀ ਵਿਚ ਮਸੋਲੀਨੀ ਦਾ ਕੀਤਾ ਵਰਤਾਰਾ ਹੈ। ਉਗਰ-ਰਾਸ਼ਟਰਵਾਦ, ਅਧਿਨਾਇਕਵਾਦ ਜਾਂ ਅੰਧ-ਰਾਸ਼ਟਰਵਾਦ ਸ਼ਬਦ ਵੀ ਫ਼ਾਸ਼ੀਵਾਦ ਲਈ ਵਰਤੇ ਜਾਂਦੇ ਹਨ। ਲੇਖਕ ਦਾ ਮੰਨਣਾ ਕਿ ਭਾਰਤ ਅੰਦਰਲੇ ਫ਼ਾਸ਼ੀਵਾਦ ਬਾਰੇ ਸਿਰਫ਼ ਸੰਕੇਤ ਇਸ਼ਾਰਾ ਹੀ ਕੀਤਾ ਗਿਆ, ਜਿਹੜਾ ਅੰਤਲੇ ਅਧਿਆਇ 'ਹਿੰਦੂਤਵੀ-ਭਾਵ-ਸੰਸਾਰ ਅੰਦਰ ਡੁਬਕੀ' 'ਚ ਪੜ੍ਹਿਆ ਜਾ ਸਕਦਾ। ਇਸ ਗੱਲ ਦੀ ਫ਼ਿਕਰਮੰਦੀ ਕੀਤੀ ਗਈ ਕਿ ਮੁਲਕ (ਭਾਰਤ) ਵਿਚ ਅਜਿਹਾ ਭਗਵਾ ਭਵ-ਸੰਸਾਰ ਸਿਰਜਿਆ ਜਾ ਰਿਹਾ, ਜਿਸ ਸਾਹਮਣੇ ਸਾਰੀਆਂ ਸੰਵਿਧਾਨਕ ਸੰਸਥਾਵਾਂ ਦੰਡੌਤ ਕਰਦੀਆਂ ਨਜ਼ਰ ਆ ਰਹੀਆਂ ਹਨ। ਪਹਿਲੇ ਅਧਿਆਇ ਵਿਚ ਹਜ਼ੂਮਾਂ ਦੇ ਮਨੋ-ਵਿਗਿਆਨ ਨੂੰ ਸਮਝਣ ਦਾ ਯਤਨ ਹੈ। ਪਹਿਲੀ ਸੰਸਾਰ ਜੰਗ ਅਤੇ ਦੂਜੀ ਸੰਸਾਰ ਜੰਗ ਦੇ ਪ੍ਰਭਾਵਾਂ ਨਾਲ ਸੰਸਾਰ ਪੱਧਰ 'ਤੇ ਅਰਥਚਾਰੇ ਤੇ ਰਾਜਸੀ-ਤਾਕਤਾਂ ਨੇ ਕੀ ਉਥਲ-ਪੁਥਲ ਕੀਤੀ, ਉਸ ਦੀ ਖੋਜ ਮਿਹਨਤ ਵਾਲੀ ਹੈ। ਹਿਟਲਰੀ ਜ਼ੁਲਮ, ਰੂਸੀ ਕ੍ਰਾਂਤੀ, ਇਜ਼ਰਾਈਲ ਸਥਿਤੀ, ਗਰਾਮਸੀ ਤੇ ਵਾਲਟਰ ਬੈਂਜ਼ਮਿਨ ਬਾਰੇ ਕਮਾਲ ਦੀ ਜਾਣਕਾਰੀ ਹੈ। ਰਾਜਨੀਤੀ, ਇਤਿਹਾਸ ਤੇ ਅਰਥ-ਸ਼ਾਸਤਰ ਦੇ ਖੇਤਰ ਨਾਲ ਸੰਬੰਧਿਤ ਅਧਿਆਪਕਾਂ ਤੇ ਖੋਜਾਰਥੀਆਂ ਲਈ ਇਹ ਦਸਤਾਵੇਜ਼ੀ ਰਚਨਾ ਕਾਰਆਮਦ ਸਿੱਧ ਹੋ ਸਕਦੀ ਹੈ। ਭੰਡਾਲ ਦੀ ਚਿੰਤਨਧਾਰਾ ਨੂੰ ਮੁਬਾਰਕ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਯੁੱਧ-ਨਾਦ
(ਸੰਦਰਭ ਤੇ ਸਮੀਖਿਆ)
ਸਮੀਖਿਅਕ : ਗੀਤਾਂਜਲੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ ਜਲੰਧਰ
ਮੁੱਲ : 225 ਰੁਪਏ, ਸਫ਼ੇ : 114
ਸੰਪਰਕ : 98729-91780

ਜਦੋਂ ਵੀ ਲਿਖਣ ਵਾਲੇ ਕੋਲ ਵਿਵੇਕ ਜਾਂ ਚੇਤਨਾ, ਕੋਈ ਸਹੀ ਦ੍ਰਿਸ਼ਟੀਕੋਣ ਹੋਵੇ ਤਾਂ ਹੀ ਗੱਲ ਬਣਦੀ ਹੈ। ਮਨਮੋਹਨ ਬਾਵਾ ਪੰਜਾਬੀ ਦਾ ਇਕ ਤੀਖਣ ਵਿਵੇਕ ਬੁੱਧੀ ਦਾ ਮਾਲਕ ਲਿਖਾਰੀ ਹੈ, ਜਿਸ ਦੀਆਂ ਲਿਖਤਾਂ ਇਤਿਹਾਸ ਨੂੰ ਕਲਾਵੇ 'ਚ ਲੈਂਦੀਆਂ ਹੋਈਆਂ ਅਜਿਹਾ ਅਦਬੀ ਅਸਰ ਛੱਡਦੀਆਂ ਹਨ ਕਿ ਪਾਠਕ ਕਾਇਲ ਹੋਣ ਤੋਂ ਬਚ ਨਹੀਂ ਸਕਦਾ।
ਹਿੰਦੀ ਦੇ ਪ੍ਰਸਿੱਧ ਵਿਦਵਾਨ ਡਾ. ਹਜ਼ਾਰੀ ਪ੍ਰਸਾਦ ਦਿਵੇਦੀ ਦਾ ਆਖਣਾ ਹੈ ਕਿ ਇਤਿਹਾਸ ਤੇ ਵਰਤਮਾਨ ਆਦਮੀ ਦੇ ਦੋ ਪੈਰ ਹਨ। ਇਕ ਪੈਰ ਧਰਤੀ 'ਤੇ ਟਿਕਿਆ ਅਤੇ ਦੂਜਾ ਉੱਠਿਆ ਹੁੰਦਾ ਹੈ। ਧਰਤੀ 'ਤੇ ਟਿਕਿਆ ਪੈਰ ਪਰੰਪਰਾ/ਇਤਿਹਾਸ ਹੈ। ਉੱਠਿਆ ਹੋਇਆ ਪੈਰ ਆਧੁਨਿਕਤਾ। ਦੋਵੇਂ ਪੈਰ ਜ਼ਮੀਨ 'ਤੇ ਰੱਖੇ ਹੋਣ ਤਾਂ ਅਸੀਂ ਅੱਗੇ ਨਹੀਂ ਵਧ ਸਕਦੇ। ਨਵੇਂ ਅਤੇ ਪੁਰਾਣੇ ਦਾ ਪਰਸਪਰ ਸਹਿਯੋਗ ਹੀ ਸਾਨੂੰ ਸੰਤੁਲਿਤ ਤਰੱਕੀ ਵੱਲ ਲੈ ਜਾਂਦਾ ਹੈ। ਇਹ ਸੰਪੂਰਨ ਵਿਚਾਰ ਮਨਮੋਹਨ ਬਾਵਾ ਦੀ ਗਲਪਕਾਰੀ ਦੀ ਅੰਤਰਧਾਰਾ 'ਚ ਬਾਖ਼ੂਬੀ ਕਾਰਜਸ਼ੀਲ ਹੈ। ਮਨਮੋਹਨ ਬਾਵਾ ਨੇ ਆਪਣੀ ਸਵੈ-ਜੀਵਨੀ 'ਮੈਂ ਤੇ ਮੇਰਾ ਸਮਾਂ' (ਪੰਨਾ-328) ਦੇ ਪੰਨਾ ਨੰ: 215 ਉੱਪਰ ਇਕ ਥਾਂ ਲਿਖਿਆ ਹੈ ਕਿ 'ਮੈਂ ਆਪਣਾ ਨਾਵਲ 'ਯੁੱਧ-ਨਾਦ' ਲਿਖਣ ਲੱਗਿਆਂ ਤਿੰਨ ਲੇਖਕਾਂ (ਪ੍ਰੇਮ ਪ੍ਰਕਾਸ਼, ਡਾ. ਹਰਿਭਜਨ ਸਿੰਘ ਤੇ ਰਾਮ ਸਰੂਪ ਅਣਖੀ) ਤੋਂ ਨਾਵਲ ਵਿਧਾ ਬਾਰੇ ਕੁਝ ਅਗਵਾਈ ਲੈਣ ਲਈ ਗਿਆ।' ਹਥਲੀ ਪੁਸਤਕ 'ਯੁੱਧ-ਨਾਦ' ਦੇ ਸੰਦਰਭ 'ਚ ਕੀਤੀ ਸਮੀਖਿਆ ਦੀ ਹੀ ਹੈ, ਜਿਸ ਵਿਚ ਆਰੰਭ 'ਚ ਗੀਤਾਂਜਲੀ ਨੇ ਮਨਮੋਹਨ ਬਾਵਾ ਦੇ ਜੀਵਨ ਤੇ ਰਚਨਾ 'ਤੇ ਵਿਸਤਰਿਤ ਵਿਚਾਰ ਚਰਚਾ ਕਰਦਿਆਂ ਇਤਿਹਾਸ, ਗਲਪ ਤੇ ਦਰਸ਼ਨ ਦਾ ਸਿਧਾਂਤਕ ਪਰਿਪੇਖ ਵੀ ਪਾਠਕਾਂ ਨਾਲ ਸਾਂਝਾ ਕੀਤਾ ਹੈ। 'ਯੁੱਧ-ਨਾਦ' ਨੂੰ ਵੀ ਪਹਿਲਾਂ ਇਤਿਹਾਸ, ਗਲਪ ਤੇ ਦਰਸ਼ਨ ਦੇ ਸੰਦਰਭ 'ਚ ਸਮਝਿਆ ਹੈ ਤੇ ਅੱਗੋਂ 'ਯੁੱਧ-ਨਾਦ' ਦੀਆਂ ਬਿਰਤਾਂਤ ਜੁਗਤਾਂ ਤੇ ਪਾਤਰ ਚਿਤਰਣ ਦਾ ਬੜਾ ਭਾਵਪੂਰਤ ਵਿਸ਼ਲੇਸ਼ਣ ਕੀਤਾ ਹੈ।
ਗੀਤਾਂਜਲੀ ਨੇ ਬਿਲਕੁਲ ਸਹੀ ਲਿਖਿਆ ਹੈ ਕਿ ਮਨਮੋਹਨ ਬਾਵਾ ਦਾ ਨਾਵਲ 'ਯੁੱਧ-ਨਾਦ' ਇਕ ਅਜਿਹਾ ਇਤਿਹਾਸਕ ਗਲਪੀ ਬਿਰਤਾਂਤ ਹੈ, ਜਿਸ ਦੀ ਕਥਾ ਵਸਤੂ ਸਿਕੰਦਰ-ਕਾਲੀਨ ਭਾਰਤ ਅਤੇ ਪੰਜਾਬ ਨਾਲ ਸੰਬੰਧ ਰੱਖਦੀ ਹੈ। ਇਸ ਵਿਚ ਸੰਸਾਰ ਵਿਜੇਤਾ ਆਖੇ ਜਾਣ ਵਾਲੇ ਯੂਨਾਨੀ ਹਮਲਾਵਰ ਸਿਕੰਦਰ ਦੀਆਂ ਬਹੁ-ਚਰਚਿਤ ਜਿੱਤਾਂ ਦਾ ਵੇਰਵਾ ਹੀ ਨਹੀਂ ਪੇਸ਼ ਕੀਤਾ ਗਿਆ, ਸਗੋਂ ਸਪਤ ਸਿੰਧੂ ਦੇ ਵਸਨੀਕਾਂ ਦੀ ਜੰਗਜੂ ਬਹਾਦਰੀ ਦੀ ਗਾਥਾ ਵੀ ਪੇਸ਼ ਕੀਤੀ ਗਈ ਹੈ। ਜਿਨ੍ਹਾਂ ਪਾਠਕਾਂ ਨੇ ਅਜੇ 'ਯੁੱਧ-ਨਾਦ' ਨਹੀਂ ਪੜ੍ਹਿਅ,ਾ ਉਨ੍ਹਾਂ ਨੂੰ ਵੀ ਜ਼ਰੂਰ ਪੜ੍ਹਨਾ ਚਾਹੀਦਾ ਹੈ। ਉਪਰੰਤ ਇਹ ਸਮੀਖਿਆ ਪੁਸਤਕ ਹੋਰ ਵੀ ਸਾਰਥਕ ਲੱਗੇਗੀ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਸੁੱਚੇ ਮੋਤੀਆਂ ਦੀ ਮਾਲਾ
ਲੇਖਕ : ਜਸਵੰਤ ਸਿੰਘ ਧਾਲੀਵਾਲ
ਪ੍ਰਕਾਸ਼ਕ : ਹਾਊਸ ਆਫ਼ ਲਿਟਰੇਚਰ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 95
ਸੰਪਰਕ : 99156-01274

ਇਹ ਪੁਸਤਕ ਖ਼ੂਬਸੂਰਤ ਵਿਚਾਰਾਂ ਦਾ ਸੰਗ੍ਰਹਿ ਹੈ। ਸਿਆਣਿਆਂ, ਵਿਦਵਾਨਾਂ, ਖੋਜੀਆਂ, ਫ਼ਕੀਰਾਂ ਅਤੇ ਦਾਨਿਸ਼ਵਰਾਂ ਦੇ ਵਿਚਾਰ ਰੂਪੀ ਸੁੱਚੇ ਮੋਤੀਆਂ ਦੀ ਇਹ ਮਾਲਾ ਬਹੁਤ ਸੁੰਦਰ ਅਤੇ ਪ੍ਰੇਰਨਾਦਾਇਕ ਹੈ। ਆਓ, ਕੁਝ ਮੋਤੀਆਂ ਦੇ ਦੀਦਾਰ ਕਰੀਏ :-
-ਚੰਗਾ ਹਾਣੀ ਤੇ
ਅੰਮ੍ਰਿਤ ਵੇਲੇ ਦੀ ਬਾਣੀ,
ਕਿਸੇ ਚੰਗੇ ਕਰਮਾਂ ਵਾਲੇ ਨੂੰ
ਨਸੀਬ ਹੁੰਦੀ ਹੈ।
-ਨਾ ਗਿਣ ਕੇ ਦਿੰਦਾ,
ਨਾ ਤੋਲ ਕੇ ਦਿੰਦਾ ਹੈ
ਰੱਬ ਜਦੋਂ ਵੀ ਦਿੰਦਾ ਏ,
ਦਿਲ ਖੋਲ੍ਹ ਕੇ ਦਿੰਦਾ ਹੈ।
-ਜ਼ਿੰਦਗੀ ਵਿਚ ਕਦੇ
ਵੱਡੇ ਨਹੀਂ ਹੋਈਦਾ,
ਕਿਸੇ ਸਿਆਣੇ ਅੱਗੇ ਬੋਲ ਕੇ।
ਕਿਸੇ ਦਾ ਭੇਤ ਖੋਲ੍ਹ ਕੇ।
ਗ਼ਰੀਬ ਦੀ ਇੱਜ਼ਤ ਨੂੰ ਰੋਲ ਕੇ।
-ਕੋਈ ਤਨ ਦੁਖੀ, ਕੋਈ ਮਨ ਦੁਖੀ,
ਕੋਈ ਧਨ ਬਿਨ ਰਹਿਣ ਉਦਾਸ।
ਥੋੜ੍ਹੇ ਥੋੜ੍ਹੇ ਸਭ ਦੁਖੀ,
ਸੁਖੀ ਰਾਮ ਕੇ ਦਾਸ।
-ਮਰਿਆਂ ਦੇ ਮੂੰਹ ਤੋਂ ਕੱਪੜਾ ਲਾਹ ਕੇ ਵੇਖਣ ਤੋਂ ਚੰਗਾ ਹੈ ਕਿ ਜਿਊਂਦਿਆਂ ਦੀ ਕਦਰ ਕਰੀਏ।
ਇਉਂ ਛੋਟੇ-ਛੋਟੇ ਬੰਦਾਂ ਵਿਚ ਵੱਡੇ-ਵੱਡੇ ਵਿਚਾਰ ਬੰਦ ਕੀਤੇ ਹੋਏ ਹਨ। ਇਹ ਸਿਆਣਪ ਭਰੀਆਂ, ਤਜਰਬੇ ਭਰੀਆਂ ਗੱਲਾਂ ਸਾਡੇ ਜੀਵਨ ਲਈ ਸਾਰਥਕ ਹਨ, ਲਾਭਦਾਇਕ ਹਨ। ਇਨ੍ਹਾਂ ਵਿਚ ਜ਼ਿੰਦਗੀ ਦੀਆਂ ਹਕੀਕਤਾਂ ਸਮੋਈਆਂ ਹੋਈਆਂ ਹਨ। ਇਹ ਪੁਸਤਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸੰਭਾਲਣਯੋਗ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਅਮਰ-ਗੀਤ
ਕਵੀ : ਅਮਰਜੀਤ ਸਿੰਘ ਧਨੋਆ, ਹਰਜਿੰਦਰ ਕੌਰ ਧਨੋਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫੇ : 135
ਸੰਪਰਕ : 96460-26885

ਅਮਰ ਗੀਤ ਕਾਵਿ ਪੁਸਤਕ ਅਮਰਜੀਤ ਸਿੰਘ ਧਨੋਆ ਅਤੇ ਹਰਜਿੰਦਰ ਕੌਰ ਧਨੋਆ ਵਲੋਂ ਲਿਖੀ ਕਾਵਿ-ਪੁਸਤਕ ਹੈ। ਇਸ ਵਿਚ ਉਨ੍ਹਾਂ ਨੇ ਆਪਣੇ ਲਿਖੇ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅੱਠ ਗੀਤ ਉਨ੍ਹਾਂ ਦੇ ਸਨੇਹੀ ਗੀਤਕਾਰ ਤੇ ਹਰਜਿੰਦਰ ਸਿੰਘ ਹੁਰਾਂ ਦੇ ਵੀ ਸ਼ਾਮਿਲ ਕੀਤੇ ਹਨ। ਜਦੋਂ ਅਸੀਂ ਇਸ ਕਾਵਿ ਪੁਸਤਕ ਵਿਚਲੀਆਂ ਕਾਵਿ-ਰਚਨਾਵਾਂ 'ਤੇ ਨਜ਼ਰ ਮਾਰਦੇ ਹਾਂ ਤਾਂ ਇਨ੍ਹਾਂ ਦੇ ਵਿਸ਼ੇ ਆਮ ਲੋਕ-ਜੀਵਨ ਨਾਲ ਜੁੜੇ ਹੋਏ ਨਜ਼ਰੀਂ ਪੈਂਦੇ ਹਨ। ਭਾਵੇਂ ਸਮਾਜ ਵਿਚ ਨਸ਼ਿਆਂ ਦੀ ਝੁਲਦੀ ਹਨੇਰੀ ਹੋਵੇ, ਭਾਵੇਂ ਪੰਜਾਬੀਆਂ ਦਾ ਪ੍ਰਵਾਸ ਹੋਵੇ, ਭਾਵੇਂ ਸਮਾਜ ਵਿਚ ਆ ਰਹੀ ਸਰਬਪੱਖੀ ਗਿਰਾਵਟ ਹੋਵੇ ਜਾਂ ਚੰਡੀਗੜ੍ਹ ਦੇ ਵਸੇਬੇ ਸਮੇਂ ਪੰਜਾਬ ਦੇ ਪਿੰਡਾਂ ਦਾ ਕੀਤਾ ਗਿਆ ਉਜਾੜਾ ਹੋਵੇ। ਇਨ੍ਹਾਂ ਦੋਵਾਂ ਹੀ ਕਵੀਆਂ ਨੇ ਸਾਰੇ ਵਿਸ਼ਿਆਂ ਬਾਰੇ ਬਰਾਬਰ ਕਾਵਿਕ-ਪ੍ਰਤੀਕਰਮ ਪੇਸ਼ ਕੀਤਾ ਹੈ। ਹਰੇਕ ਗੀਤ ਜਾਂ ਕਵਿਤਾ ਤੋਂ ਪਹਿਲਾਂ ਵਿਆਖਿਆ ਰੂਪ ਵਿਚ ਉਸ ਬਾਰੇ ਸਪੱਸ਼ਟ ਕੀਤਾ ਗਿਆ ਹੈ, ਜਿਵੇਂ ਸੀ.ਟੀ.ਯੂ. ਦੀ ਬੱਸ ਰੂਟ ਨੰਬਰ 242, ਸ਼ਰਾਬੀ, ਬਦਲਾਵ, ਖ਼ੂਨਦਾਨ, ਕੱਲ੍ਹ ਅੱਖੀਆਂ ਉਡੀਕਦੀਆਂ ਆਦਿ। ਇਨ੍ਹਾਂ ਕਵੀਆਂ ਨੇ ਆਪਣੇ ਗੀਤਾਂ ਵਿਚ ਡਿਊਟ ਗੀਤਾਂ ਨੂੰ ਵੀ ਪੇਸ਼ ਕੀਤਾ, ਜਿਥੇ ਦੋ ਪਾਤਰਾਂ ਦੀ ਆਪਸੀ ਨੋਕ-ਝੋਕ ਪੇਸ਼ ਹੋਈ ਦੇਖੀ ਜਾ ਸਕਦੀ ਹੈ। ਜਿਵੇਂ ਉਦਾਹਰਨ ਪੇਸ਼ ਹੈ:
ਕੁੜੀ : ਜਿਹੜੇ ਸੇਵਾ ਕਰਦੇ,
ਤੇਰੇ ਸੰਤਾਂ ਦੇ
ਲੇਖਾ ਚੁਕਤਾ ਕਰਦੇ,
ਹੁੰਦੇ ਕਰਮਾਕਾਰੀ।
ਮੁੰਡਾ : ਹੱਕ ਪਰਾਇਆ ਖਾਣਾ,
ਧਰਮ ਰਾਜ ਦੇ ਜਾਂਦਾ ਹੈ
ਪੱਕੀ ਬਹੀ 'ਚ ਲੇਖਾ
ਲਿਖ ਲੈਂਦੇ ਲਿਖਾਰੀ।
ਜਿਥੇ ਕਵੀਆਂ ਨੇ ਜ਼ਿੰਦਗੀ ਨਾਲ ਜੁੜੇ ਵਿਸ਼ਿਆਂ ਨੂੰ ਆਪਣੀਆਂ ਰਚਨਾਵਾਂ ਵਿਚ ਪੇਸ਼ ਕੀਤਾ ਹੈ, ਉਥੇ ਪਰਮਾਤਮਾ ਦੀ ਉਸਤੁਤ ਵਿਚ ਵੀ ਕਵਿਤਾਵਾਂ ਰਚੀਆਂ ਹਨ, ਵਿਸ਼ੇਸ਼ ਕਰਕੇ ਇਸ ਪੁਸਤਕ ਦੀ ਸ਼ੁਰੂਆਤ ਹੀ 'ਚਰਨ ਬੰਦਨਾਂ' ਅਤੇ 'ਫਕੀਰੀ' ਵਰਗੀਆਂ ਧਾਰਮਿਕ ਕਿਸਮ ਦੀਆਂ ਕਵਿਤਾਵਾਂ ਨਾਲ ਕੀਤੀ ਹੈ। ਧਨੋਆ ਦੰਪਤੀ ਦੀ ਇਹ ਦੂਜੀ ਕਾਵਿ-ਪੁਸਤਕ ਪਾਠਕਾਂ ਦੇ ਰੂ-ਬਰੂ ਹੋਈ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611






































































































































.jpg)




































































