11-01-26
ਚੇਤੇ ਵਿਚ ਉੱਕਰੇ ਚਿਹਰੇ
ਲੇਖਕ : ਜਰਨੈਲ ਸਿੰਘ ਸੇਖਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 239
ਸੰਪਰਕ : 95011-45039

ਦੋ ਕਹਾਣੀ ਸੰਗ੍ਰਹਿ, ਪੰਜ ਨਾਵਲ, ਇਕ ਸਫ਼ਰਨਾਮਾ, ਸਵੈ-ਜੀਵਨੀ-1 ਤੇ ਕੰਡਿਆਰੇ ਪੰਧ (ਸਵੈ-ਜੀਵਨੀ) ਤੋਂ 'ਚੇਤੇ ਵਿਚ ਉੱਕਰੇ ਚਿਹਰੇ' (ਸ਼ਬਦ ਚਿੱਤਰ) ਜਰਨੈਲ ਸਿੰਘ ਸੇਖਾ ਦੀ 2025 ਵਿਚ ਛਪੀ ਪੁਸਤਕ ਹੈ। ਸ੍ਰੀ ਸੇਖਾ ਅਗਰਗਾਮੀ ਤੇ ਪ੍ਰੌੜ ਲੇਖਕ ਹੈ ਜਿਹੜਾ ਅੱਜਕਲ੍ਹ ਕੈਨੇਡਾ ਦਾ ਵਾਸੀ ਬਣ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ ਜੁਟਿਆ ਹੋਇਆ ਹੈ। ਹਥਲੀ-ਪੁਸਤਕ ਉਸ ਦੇ ਜੀਵਨ-ਕਾਲ ਦਾ ਹੰਢਾਇਆ ਹੋਇਆ ਸਾਹਿਤਨਾਮਾ ਹੈ। ਇਸ ਪੁਸਤਕ ਵਿਚ ਉਸ ਨੇ ਆਪਣੇ ਸਮਕਾਲੀ ਸ਼ਖ਼ਸੀਅਤਾਂ ਨਾਲ ਹੰਢਾਏ ਵਰ੍ਹਿਆਂ ਦੀਆਂ ਸਿਮਰਤੀਆਂ ਨੂੰ ਬਹੁਤ ਵਿਸਤ੍ਰਿਤ ਸ਼ੈਲੀ ਰਾਹੀਂ ਕਾਨੀਬੰਦ ਕੀਤਾ ਹੈ। ਸ਼ਬਦ-ਚਿੱਤਰ (ਰੇਖਾ ਚਿੱਤਰ) ਸਾਹਿਤ-ਰੂਪ ਨੂੰ ਬਲਵੰਤ ਗਾਰਗੀ ਦੀ ਚਰਚਿਤ ਪੁਸਤਕ 'ਨਿੰਮ ਦੇ ਪੱਤੇ' ਦਾ ਪ੍ਰਾਰੰਭ ਚੇਤੇ ਆਉਣਾ ਸੁਭਾਵਿਕ ਹੈ। ਬਹੁਤ ਪੁਸਤਕਾਂ ਇਸ ਵਿਧਾ ਵਾਲੀਆਂ ਪੜ੍ਹਨ ਨੂੰ ਮਿਲਦੀਆਂ ਹਨ। 'ਚੇਤੇ ਵਿਚ ਉੱਕਰੇ ਚਿਹਰੇ' ਵਿਚ 16 ਸਾਹਿਤਕਾਰਾਂ ਤੇ ਚਰਿੱਤਰਕਾਰਾਂ ਬਾਰੇ ਉਨ੍ਹਾਂ ਦੀ ਸਮੁੱਚੀ ਜੀਵਨੀ 'ਤੇ ਝਾਤ ਪਾਈ ਗਈ ਹੈ ਉਹ ਹਨ : ਪੰਜਾਬ ਤੇ ਪੰਜਾਬੀਅਤ ਦਾ ਸ਼ੈਦਾਈ : ਸ. ਜਸਵੰਤ ਸਿੰਘ ਕੰਵਲ, ਰਿਸ਼ੀ ਚਿੱਤਰਕਾਰ : ਸਰਦਾਰ ਸੋਭਾ ਸਿੰਘ, ਇਕ ਕਰਮਯੋਗੀ ਦੀ ਕਥਾ : ਸ. ਮੁਹਿੰਦਰ ਸਿੰਘ ਸਰਾ, ਇਕ ਵਿਲੱਖਣ ਸ਼ਖ਼ਸੀਅਤ : ਡਾਕਟਰ ਦਰਸ਼ਨ ਗਿੱਲ, ਦਰਿਆ ਦਿਲ ਇਨਸਾਨ : ਸ. ਨਛੱਤਰ ਸਿੰਘ ਬਰਾੜ, ਪੱਤੋ ਦਾ ਸ਼ੌਕੀਨ : ਸ. ਪ੍ਰੀਤਮ ਸਿੰਘ ਬਰਾੜ (ਪੱਤੋ), ਖੁੰਢੀਆਂ ਛੁਰੀਆਂ ਦੇ ਰਾਹਾਂ ਦਾ ਰਾਹੀ : ਸ. ਹਰਬੰਸ ਸਿੰਘ ਭੰਵਰ, ਵਿੱਦਿਆ ਰਤਨ : ਹੈੱਡਮਾਸਟਰ ਸ. ਕਰਤਾਰ ਸਿੰਘ ਬਰਾੜ, ਬਹੁ-ਪਰਤੀ ਸ਼ਖ਼ਸੀਅਤ : ਡਾਕਟਰ ਆਤਮ ਹਮਦਰਾਹੀ, ਬਹੁ-ਪੱਖੀ ਸ਼ਖ਼ਸੀਅਤ : ਸ੍ਰੀ ਇਕਬਾਲ ਅਰਪਨ, ਗੁਰਫ਼ਤਾਰ ਦਾ ਗਾਜ਼ੀ : ਸ੍ਰੀ ਮੁਹਿੰਦਰ ਸਾਥੀ, ਚਮਕਦੇ ਦਮਕਦੇ ਸੂਰਜ ਦਾ ਸਿਰਨਾਵਾਂ : ਸ੍ਰੀ ਅਵਤਾਰ ਟੱਲੇਵਾਲੀਆ, ਬੋਲਦੀ ਚੁੱਪ ਦਾ ਚਿਹਰਾ : ਸ੍ਰੀ ਬਹਾਦਰ ਡਾਲਵੀ, ਹਰਦਿਲ ਅਜ਼ੀਜ਼ ਇਨਸਾਨ : ਮਾਸਟਰ ਹਰਚੰਦ ਸਿੰਘ ਸਰਾ, ਚਿੱਤਰਕਲਾ ਦਾ ਜਰਨੈਲ : ਜਰਨੈਲ ਆਰਟਿਸਟ ਅਤੇ ਕਥਨੀ ਤੇ ਕਰਨੀ ਦਾ ਸੁਮੇਲ : ਹਰਜੀਤ ਦੌਧਰੀਆ। ਇਹ ਸਾਰੇ ਕਰਮਯੋਗੀ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਹਨ। ਇਹ ਸ਼ਬਦ-ਚਿੱਤਰ ਇਕ ਅਕੀਦਤ ਦਾ ਰੂਪ ਹਨ ਅਤੇ ਕਈ ਸ਼ਬਦ ਚਿੱਤਰ ਵਿਛੜੀਆਂ ਸ਼ਖ਼ਸੀਅਤਾਂ ਬਾਰੇ ਸਿਮਰਤੀ ਗ੍ਰੰਥਾਂ ਲਈ ਸਮੇਂ-ਸਮੇਂ ਸ਼ਰਧਾਂਜਲੀ ਵਜੋਂ ਲਿਖੇ ਗਏ ਹਨ। ਵੱਡੀ ਗੱਲ ਜਰਨੈਲ ਸਿੰਘ ਸੇਖਾ ਨੇ ਏਨੇ ਵੇਰਵਿਆਂ ਦਾ ਜ਼ਿਕਰ ਕੀਤਾ, ਜਿਸ ਲਈ ਉਸ ਦੀ ਯਾਦ-ਸ਼ਕਤੀ (ਸਮਾਂ, ਸਥਾਨ, ਮਿਤੀ) ਦੀ ਸ਼ਲਾਘਾ ਕਰਨੀ ਬਣਦੀ। ਸ੍ਰੀ ਸੇਖਾ ਦੀ ਸਵੈ-ਜੀਵਨੀ ਦੇ ਅੰਸ਼ ਵੀ ਪਾਠਕ ਨਾਲ ਦੀ ਨਾਲ ਮਾਣਦਾ ਹੈ। ਪੰਜਾਬੀ ਲਿਖਾਰੀ ਸਭਾ ਮੋਗਾ, ਪੰਜਾਬੀ ਲਿਖਾਰੀ ਸਭਾ ਬਰਨਾਲਾ, ਕੇਂਦਰੀ ਲੇਖਕ ਸਭਾ (ਰਜਿ.) ਅਤੇ ਕੈਨੇਡਾ, ਇੰਗਲੈਂਡ ਤੇ ਹੋਰ ਦੇਸ਼ਾਂ ਵਿਚ ਕਾਰਜ-ਸ਼ੀਲ ਸਾਹਿਤਕ ਜਥੇਬੰਦੀਆਂ ਦਾ ਇਤਿਹਾਸ ਅਤੇ ਸਰਗਰਮੀਆਂ, ਪੁਰਸਕਾਰਾਂ ਦੀ ਵੰਡ-ਵੰਡਾਈ ਆਦਿ ਬਾਰੇ ਭਰਪੂਰ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ। ਪੁਸਤਕ 'ਚ ਸ਼ਾਮਿਲ ਸ਼ਖ਼ਸੀਅਤਾਂ ਤੋਂ ਬਿਨਾਂ ਪੰਜਾਬੀ ਦੇ ਨਾਮਵਰ ਸਾਹਿਤਕਾਰਾਂ ਦਾ ਜ਼ਿਕਰ ਵੀ ਸੁਯੋਗ ਢੰਗ ਨਾਲ ਦਿੱਤਾ ਗਿਆ। ਉਹ ਸਮਾਂ ਵੀ ਯਾਦ ਕਰਾਇਆ ਗਿਆ ਕਿ ਪੰਜਾਬੀ ਲੇਖਕਾਂ ਨੂੰ ਪ੍ਰਗਤੀਵਾਦੀ ਲਹਿਰ ਅਰਥਾਤ ਮਾਰਕਸਵਾਦੀ ਚਿੰਤਨ ਨੇ ਕਿਵੇਂ ਪ੍ਰਭਾਵਿਤ ਕੀਤਾ। ਕਿੰਝ ਸਾਹਿਤ ਸਭਾਵਾਂ ਵਿਚ ਆਉਣ-ਜਾਣ ਅਤੇ ਰਚਨਾਵਾਂ 'ਤੇ ਨਿੱਠ ਕੇ ਸਮੀਖਿਆ ਕੀਤੀ ਜਾਂਦੀ ਸੀ। ਲੇਖਕ ਕਿੰਨੀ ਜ਼ਿੰਮੇਵਾਰੀ ਅਤੇ ਮਿਹਨਤ ਨਾਲ ਆਪਣੀ ਰਚਨਾ ਪ੍ਰਤੀ ਵਚਨਬੱਧ ਸਨ। ਉਸ ਪੱਖੋਂ ਇਹ ਪੁਸਤਕ ਇਕ ਬੀਤੇ ਇਤਿਹਾਸ ਦੀ ਦਸਤਾਵੇਜ਼ ਵੀ ਬਣ ਜਾਂਦੀ ਹੈ। ਸ਼ਬਦ-ਚਿੱਤਰ ਕਹਿਣ ਨਾਲੋਂ ਮੋਨੋਗ੍ਰਾਫ਼ ਕਹਿਣਾ ਉੱਚਿਤ ਹੋਵੇਗਾ ਕਿਉਂਕਿ ਸ੍ਰੀ ਸੇਖਾ ਨੇ ਆਪਣੇ ਨਾਲ ਕੀਤਾ ਵਰਤਾਰਾ ਅਤੇ ਉਨ੍ਹਾਂ ਪ੍ਰਤੀ ਕੀਤੀ ਸੰਵੇਦਨਾ ਨੂੰ ਬਹੁਤਾ ਉਘਾੜਿਆ ਹੈ। ਰਚਨਾਕਾਰਾਂ ਦੀਆਂ ਰਚਨਾਵਾਂ ਨਾਲੋਂ ਉਨ੍ਹਾਂ ਦੇ ਸੁਭਾਵੀ ਜੀਵਨ ਨੂੰ ਵਧੇਰੇ ਵਿਸਥਾਰਿਆ ਹੈ। ਬਹੁਤੀਆਂ ਸ਼ਖ਼ਸੀਅਤਾਂ ਪ੍ਰਵਾਸੀ ਹਨ। ਪੰਜਾਬ ਤੋਂ ਪੱਛਮੀ ਦੇਸ਼ਾਂ ਵਿਚ ਪਰਵਾਸ ਕਰਨਾ ਤੇ ਉੱਥੇ ਮਿਹਨਤ-ਮੁਸ਼ੱਕਤ ਕਰਦਿਆਂ, ਆਪਣੀ ਮਾਂ-ਬੋਲੀ ਦੀ ਸੇਵਾ ਕਰਨ ਦੀ ਚੇਟਕ ਰੱਖਣੀ, ਇਸ ਪੁਸਤਕ ਦਾ ਇਕ ਵੱਖਰਾ ਗੁਣ ਹੈ। ਸ੍ਰੀ ਸੇਖਾ ਨੇ ਆਪਣਾ ਫ਼ਰਜ਼ ਨਿਭਾ ਕੇ ਇਕ ਵੱਖਰਾ ਮੀਲ ਪੱਥਰ ਸਥਾਪਿਤ ਕੀਤਾ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਸਿੰਘ ਸੂਰਮੇ
ਲੇਖਕ : ਹਰਦੇਵ ਸਿੰਘ ਕਲਸੀ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਸਹਾਰਨ ਮਾਜਰਾ
ਮੁੱਲ : 350 ਰੁਪਏ, ਸਫ਼ੇ : 152
ਸੰਪਰਕ : 99144-91100

ਅਜੋਕੇ ਦੌਰ ਵਿਚ ਜੋ ਸਥਾਨ ਕੀਰਤਨ ਦਰਬਾਰਾਂ ਨੂੰ ਹਾਸਿਲ ਹੈ, ਕਿਸੇ ਵੇਲੇ ਅਜਿਹਾ ਸਥਾਨ ਧਾਰਮਿਕ ਕਵੀ ਦਰਬਾਰਾਂ ਨੂੰ ਹਾਸਿਲ ਸੀ। ਕੋਈ ਅੱਧੀ ਸਦੀ ਪਹਿਲਾਂ ਧਾਰਮਿਕ ਕਵਿਤਾ ਨਿੱਠ ਕੇ ਲਿਖੀ ਜਾਂਦੀ ਸੀ ਤੇ ਇਨ੍ਹਾਂ ਕਵੀ ਦਰਬਾਰਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਰੋਤੇ ਮੌਜੂਦ ਹੁੰਦੇ ਸਨ। ਲਿਖਣ ਵਾਲੇ ਤੇ ਸੁਣਨ ਵਾਲੇ ਸਮਰਪਿਤ ਸਨ ਪਰ ਹੁਣ ਅਜਿਹੇ ਸਮਾਗਮ ਤੇ ਸ਼ਾਇਰ ਬਹੁਤ ਘੱਟ ਦੇਖੇ ਜਾਂਦੇ ਹਨ। ਪਰ 'ਸਿੰਘ ਸੂਰਮੇ' ਪੁਸਤਕ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਅਜੇ ਵੀ ਇਹ ਪਰੰਪਰਾ ਜ਼ਿੰਦਾ ਹੈ। ਹਰਦੇਵ ਸਿੰਘ ਕਲਸੀ ਦੀ ਧਾਰਮਿਕ ਕਵਿਤਾਵਾਂ ਦੀ ਇਹ ਕਿਤਾਬ ਸਿੱਖ ਧਰਮ ਤੇ ਫ਼ਲਸਫ਼ੇ ਦੁਆਲੇ ਕੇਂਦਰਤ ਹੈ। ਅਜਿਹੀਆਂ ਕਵਿਤਾਵਾਂ ਨੂੰ ਮਾਨਣ ਲਈ ਪਾਠਕ ਦਾ ਵਿਸ਼ਵਾਸੀ ਤੇ ਰੁਚੀਗਤ ਹੋਣਾ ਜ਼ਰੂਰੀ ਹੈ ਕਿਉਂਕਿ ਕਵਿਤਾ ਨਿਰਾ ਇਤਿਹਾਸ ਨਹੀਂ ਹੁੰਦੀ। ਇਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ 'ਧੰਨ ਨਾਨਕ ਤੇਰੀ ਵੱਡੀ ਕਮਾਈ' ਵਿਚ ਬਾਬੇ ਨਾਨਕ ਸਬੰਧੀ ਜਾਣਕਾਰੀ ਨੂੰ ਸੰਖੇਪ ਵਿਚ ਕਾਵਿਕ ਬੁਰਸ਼ ਨਾਲ ਚਿਤਰਿਆ ਗਿਆ ਹੈ। ਦੂਜੀ ਕਵਿਤਾ 'ਗੁਰੂ ਨਾਨਕ ਜੀ' ਬੈਂਤ ਕਾਵਿ ਰੂਪ ਵਿਚ ਵੀ ਅਜਿਹੀ ਹੀ ਰਚਨਾ ਹੈ। ਸ੍ਰੀ ਗੁਰੂ ਨਾਨਕ ਜੀ ਬਾਰੇ ਇਸ ਕਿਤਾਬ ਵਿਚ ਕਈ ਹੋਰ ਕਵਿਤਾਵਾਂ ਵੀ ਅੰਕਿਤ ਹਨ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਨੂੰ ਵੀ ਇਸ ਪੁਸਤਕ ਵਿਚ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ। 'ਪੰਚਮ ਪਾਤਸ਼ਾਹ ਜਦੋਂ ਕੁਰਬਾਨ ਹੋਏ' ਕਵਿਤਾ ਵਿਚ ਕੁਰਬਾਨੀ ਦੀ ਗਾਥਾ ਨੂੰ ਸ਼ਬਦੀ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਸ ਸੰਗ੍ਰਹਿ ਵਿਚ ਗੁਰੂ ਅਰਜਨ ਦੇਵ ਜੀ ਬਾਰੇ ਹੋਰ ਕਵਿਤਾਵਾਂ ਵੀ ਛਪੀਆਂ ਮਿਲਦੀਆਂ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸ੍ਰੀ ਗੁਰੂ ਹਰਿਰਾਇ ਸਾਹਿਬ ਤੇ ਹਰਕ੍ਰਿਸ਼ਨ ਜੀ ਬਾਰੇ ਵੀ ਇਕ ਇਕ ਕਵਿਤਾ ਦਰਜ ਕੀਤੀ ਗਈ ਹੈ। 'ਸਿੰਘ ਸੂਰਮੇ' ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨੂੰ ਸ਼ਾਨਦਾਰ ਢੰਗ ਨਾਲ ਕਲਮਬੱਧ ਕੀਤਾ ਗਿਆ ਹੈ। ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਪੁਸਤਕ ਵਿਚ ਵਿਸ਼ੇਸ਼ ਸਥਾਨ ਦਿੱਤਾ ਹੋਇਆ ਮਿਲਦਾ ਹੈ। ਦਸਮੇਸ਼ ਪਾਤਸ਼ਾਹ ਵਲੋਂ ਨਿਆਂ ਦੀ ਪੂਰਤੀ ਲਈ ਲੜੇ ਸੰਘਰਸ਼ ਤੇ ਖ਼ਾਲਸੇ ਦੀ ਸਿਰਜਣਾ ਬਾਰੇ ਵਿਸ਼ੇਸ਼ ਤੌਰ 'ਤੇ ਲਿਖਿਆ ਗਿਆ ਹੈ। ਸਿੱਖ ਧਰਮ ਨਾਲ ਸਬੰਧਤ ਹੋਰ ਸ਼ਖ਼ਸੀਅਤਾਂ ਬਾਰੇ ਵੀ ਇਹ ਪੁਸਤਕ ਚਾਨਣਾ ਪਾਉਂਦੀ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਸੁਖਜੀਤ ਦੀਆਂ ਚੋਣਵੀਆਂ ਕਹਾਣੀਆਂ
ਸੰਪਾਦਕ : ਜਪਜੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 173
ਸੰਪਰਕ : 70097-60250

ਸੁਖਜੀਤ ਪੰਜਾਬੀ ਕਹਾਣੀ ਦਾ ਇਕ ਨਾਮਵਰ ਹਸਤਾਖ਼ਰ ਹੈ ਜੋ ਆਪਣੀਆਂ ਕਹਾਣੀਆਂ ਦੇ ਵਸਤੂ, ਨਿਭਾਅ ਅਤੇ ਆਪਣੀ ਕਥਾ ਚੇਤਨਾ ਦੀ ਵਿਲੱਖਣਤਾ ਕਾਰਨ ਇਸ ਖੇਤਰ ਵਿਚ ਆਪਣੀ ਥਾਂ ਸਥਾਪਿਤ ਕਰ ਚੁੱਕਾ ਹੈ। ਉਸ ਦੀ ਇੱਕ-ਇੱਕ ਕਹਾਣੀ ਵਿਚ ਵਿਲੱਖਣ ਮੋਟਿਫ਼, ਬਿਰਤਾਂਤ ਅਤੇ ਵਿਲੱਖਣ ਕਥਾ ਜੁਗਤਾਂ ਦੇ ਦਰਸ਼ਨ ਹੁੰਦੇ ਹਨ। ਭਾਵੇਂ ਉਹ ਕਹਾਣੀ 'ਹਜ਼ਾਰ ਕਹਾਣੀਆਂ ਦਾ ਬਾਪ' ਹੋਵੇ ਜਾਂ ਫਿਰ 'ਚੰਦਰੀ'। ਇਸੇ ਢੰਗ ਨਾਲ 'ਪਾਤਸ਼ਾਹ', 'ਅੰਤਰਾ', 'ਸਤਾਈ ਮੀਲ' ਅਤੇ 'ਦਾਅ' ਸੁਖਜੀਤ ਦੀ ਕਥਾ ਦ੍ਰਿਸ਼ਟੀ ਰਾਹੀਂ ਸਮਕਾਲੀ ਯਥਾਰਥ ਨੂੰ ਸਮਝਣ ਦੀ ਕੋਸ਼ਿਸ਼ ਕਰਦੀਆਂ ਕਹਾਣੀਆਂ ਹਨ। ਕਹਾਣੀ-ਸੰਗ੍ਰਹਿ ਦੀ ਪਹਿਲੀ ਕਹਾਣੀ 'ਹਜ਼ਾਰ ਕਹਾਣੀਆਂ ਦਾ ਬਾਪ' ਸੁਖਜੀਤ ਦੀਆਂ ਬਿਹਤਰੀਨ ਰਚਨਾਵਾਂ ਵਿਚੋਂ ਇਕ ਹੈ ਜਿਸ ਵਿਚ ਉਸਨੇ ਇਸ ਸਮਾਜ ਦੀ ਕੁੜੀਆਂ ਨੂੰ ਹਮੇਸ਼ਾ ਬੋਝ ਸਮਝਣ ਵਾਲੀ ਵਿਡੰਬਨਾ ਨੂੰ ਭੰਡਿਆ ਗਿਆ ਹੈ। ਉਸ ਨੇ ਬਹੁਤ ਸਾਰਥਿਕ ਤਰੀਕੇ ਨਾਲ ਇਸ ਬਿਰਤਾਂਤ ਵਿਚ ਔਰਤ ਦੀ ਤਾਕਤ ਅਤੇ ਦ੍ਰਿਸ਼ਟੀਕੋਣ ਨੂੰ ਮਾਨਤਾ ਦਿੱਤੀ ਹੈ। ਕਹਾਣੀ 'ਚੰਦਰੀ' ਵਿਚ ਕਹਾਣੀਕਾਰ ਨੇ ਆਪਣਾ ਨਫ਼ਸੀਆਤੀ ਗਿਆਨ ਅਤੇ ਉਪ-ਭਾਸ਼ਾ ਗਿਆਨ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਇਸ ਪੁਸਤਕ ਵਿਚ ਸ਼ਾਮਿਲ 'ਪਾਤਸ਼ਾਹ' ਕਹਾਣੀ ਡੇਰਾਵਾਦੀ ਵਿੰਡਬਨਾਵਾਂ ਨੂੰ ਆਪਣੇ ਬਿਰਤਾਂਤ ਦਾ ਕੇਂਦਰ ਬਣਾਉਂਦੀ ਹੈ। ਸੁਖਜੀਤ ਦੀਆਂ ਬਿਹਤਰੀਨ ਕਹਾਣੀਆਂ ਵਿਚੋਂ ਇਕ 'ਮੈਂ ਅਯਨਘੋਸ਼ ਨਹੀਂ' ਕਹਾਣੀ ਪਤੀ-ਪਤਨੀ ਦੇ ਰਿਸ਼ਤੇ ਦੀ ਅਸਧਾਰਨ ਪਰਿਭਾਸ਼ਾ ਅਤੇ ਸੰਬੰਧਾਂ ਨੂੰ ਨਕਾਰਦੀ ਅਤੇ ਡਾ. ਰਾਏ ਦੀ ਇਕ ਪਤੀ ਵਜੋਂ ਅਸਧਾਰਨ ਵਿਆਹ ਬਾਹਰੀ ਰਿਸ਼ਤਿਆਂ ਦੇ ਖ਼ਿਲਾਫ਼ ਉਠਦੀ ਬਾਗੀ ਸੁਰ ਦੀ ਕਹਾਣੀ ਹੈ। ਉਹ ਆਪਣੀ ਪਤਨੀ ਨੂੰ ਆਪਣੇ ਅਯਨਘੋਸ਼ ਨਾ ਹੋਣ ਦੀ ਗੱਲ ਕਹਿੰਦਿਆਂ ਇਹ ਸਿੱਧ ਕਰਦਾ ਹੈ ਕਿ ਅਯਨਘੋਸ਼ ਦੀ ਅਸਲੀਅਤ ਬਾਰੇ ਤਾਂ ਦੁਨੀਆ ਤਾਂ ਕੀ ਉਸ ਦੀ ਪਤਨੀ ਰਾਧਾ ਵੀ ਨਹੀਂ ਜਾਣਦੀ ਸੀ। ਇਸ ਕਹਾਣੀ ਸੰਗ੍ਰਹਿ ਵਿਚ ਉਸਦੀ ਮਨੁੱਖੀ ਰਿਸ਼ਤਿਆਂ ਦੀ ਪੇਚੀਦਗੀਆਂ ਨੂੰ ਸਮਝਾਉਂਦੀ ਕਹਾਣੀ 'ਅੰਤਰਾ' ਵੀ ਸ਼ਾਮਿਲ ਕੀਤੀ ਗਈ ਹੈ ਜੋ ਅਸਲ ਵਿਚ ਦਾਰਸ਼ਨਿਕ ਬਿਰਤਾਂਤਾਂ ਨੂੰ ਸ਼ਾਮਿਲ ਕਰ ਵਿਲੱਖਣ ਢੰਗ ਨਾਲ ਲਿਖੀ ਗਈ ਕਹਾਣੀ ਹੈ। ਇਸ ਕਹਾਣੀ ਦੇ ਫ਼ਿਲਾਸਫ਼ੀ ਯੁਕਤ ਸੰਵਾਦ ਪਾਠਕ ਨੂੰ ਕਿਸੇ ਹੋਰ ਹੀ ਲੋਕ ਵਿਚ ਲੈ ਜਾਂਦੇ ਹਨ ਅਤੇ ਸੁਪਨਿਆਂ ਦੀ ਮਦਦ ਨਾਲ ਕਹਾਣੀਕਾਰ ਅਮੂਰਤ ਨੂੰ ਵੀ ਸਮੂਰਤ ਬਣਾ ਪੇਸ਼ ਕਰਦਾ ਹੈ। ਇਨ੍ਹਾਂ ਕਹਾਣੀਆਂ ਵਿਚ ਬਿਆਨੀਆ ਸ਼ੈਲੀ, ਪਿਛਲਝਾਤ ਸ਼ੈਲੀ ਅਤੇ ਵਾਰਤਾਲਾਪੀ ਸ਼ੈਲੀ ਵਰਤੀ ਗਈ ਹੈ ਤੇ ਪਾਤਰਾਂ ਦੇ ਮੂੰਹੋਂ ਇਲਾਕੇ ਅਨੁਸਾਰ ਪੰਜਾਬੀ ਉਪ-ਬੋਲੀਆਂ ਦੀ ਵਰਤੋਂ ਕਹਾਣੀਕਾਰ ਦੇ ਉਪਭਾਸ਼ਾ ਗਿਆਨ ਦੀ ਹਾਮੀ ਭਰਦੀ ਹੈ। ਇਸ ਢੰਗ ਨਾਲ ਇਹ ਪੁਸਤਕ ਕਹਾਣੀ ਦੇ ਖੇਤਰ ਵਿਚ ਇੱਕ ਨਿਵੇਕਲੇ ਢੰਗ ਦੀਆਂ ਕਹਾਣੀਆਂ ਕਾਰਨ ਆਪਣੀ ਹੋਂਦ ਸਥਾਪਿਤ ਕਰਦੀ ਹੈ।
-ਡਾ. ਸੰਦੀਪ ਰਾਣਾ
ਮੇਬਾਈਲ : 98728-87551
ਜੂਹ ਦਾ ਮੋਤੀ
ਲੇਖਕ : ਜਸਵੰਤ ਸਿੰਘ ਕੰਵਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਨਾ
ਮੁੱਲ : 195 ਰੁਪਏ, ਸਫੇ : 136
ਸੰਪਰਕ : 99151-03490

'ਜੂਹ ਦਾ ਮੋਤੀ' ਜਸਵੰਤ ਸਿੰਘ ਕੰਵਲ ਦੀ ਇੱਕ ਵਾਰਤਕ ਨੁਮਾ ਪੁਸਤਕ ਹੈ ਜਿਸ ਵਿਚ ਉਸਨੇ ਆਪਣੇ ਪਿੰਡ ਦੇ ਬਿਰਤਾਂਤ ਨੂੰ ਸਿਰਜਿਆ ਹੈ। 'ਖੁੰਡ ਕੌਂਸਲ', 'ਖੇਡਾਂ ਦਾ ਵਣਜਾਰਾ', 'ਨੌਜਵਾਨਾਂ ਲਈ ਵੰਗਾਰ', 'ਰੂਹ ਦਾ ਮਾਣ', 'ਹੜੱਪਾ', 'ਨਾਵਲਿਸਟ ਚਾਚਾ', 'ਦ੍ਰਿੜ ਇਰਾਦੇ ਵਾਲਾ ਮਨੁੱਖ' ਅਤੇ 'ਮਨੁੱਖ ਮਿੱਤਰ ਬਲਰਾਜ' ਆਦਿ ਪਾਠਾਂ ਵਿਚ ਸਮੁੱਚੀ ਪੁਸਤਕ ਨੂੰ ਵੰਡਿਆ ਗਿਆ ਹੈ। 'ਖੁੰਡ ਕੌਂਸਲ' ਪਾਠ ਵਿਚ ਬਲਰਾਜ ਸਾਹਨੀ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ ਹੈ ਕਿ ਬਲਰਾਜ ਸਾਹਨੀ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਭੁੱਖ ਅਤੇ ਤਲਬ ਹੀ ਬੰਬਈ ਦੇ ਫਿਲਮੀ ਮਾਹੌਲ ਵਿਚੋਂ ਨਿਮਾ ਕੇ ਪਿੰਡ ਲਿਆਉਂਦੀ ਹੈ। ਜਸਵੰਤ ਸਿੰਘ ਕੰਵਲ ਦਾ ਬਲਰਾਜ ਸਾਹਨੀ ਚੰਗਾ ਦੋਸਤ ਸੀ, ਉਸ ਨਾਲ ਉਸਦਾ ਅਪਣੱਤ ਦਾ ਰਿਸ਼ਤਾ ਸੀ। ਸਾਹਨੀ ਕੰਵਲ ਦੇ ਪਿੰਡ ਦੀ ਸੱਥ ਵਿਚ ਬੈਠ ਕੇ ਨਿੱਘ ਮਾਣਦਾ ਸੀ ਅਤੇ ਪਿੰਡ ਦੇ ਭੋਲੇ-ਭਾਲੇ ਲੋਕਾਂ ਨੂੰ ਬੰਬਈ ਦੀਆਂ ਫਿਲਮੀ ਗੱਲਾਂ ਕਰਕੇ ਹਸਾਉਂਦਾ ਸੀ ਅਤੇ ਉਨ੍ਹਾਂ ਤੋਂ ਪਿੰਡ ਦੀਆਂ ਗੱਲਾਂ ਸੁਣ ਕੇ ਅਨੰਦ ਮਾਣਦਾ ਸੀ। 'ਸਿੰਜਾਂ ਦੇ ਜੰਮਪਲ' ਪਾਠ ਵਿਚ ਕੰਵਲ ਨੇ ਜਗਤਾਰ ਕਵੀ ਦੀ ਗੱਲ ਬੜੀ ਖੂਬਸੂਰਤੀ ਨਾਲ ਕੀਤੀ ਹੈ ਕਿ ਜਗਤਾਰ ਸਧਾਰਨ ਤੋਂ ਵਿਸ਼ੇਸ਼ ਕਿਵੇਂ ਬਣਦਾ ਹੈ ਅਤੇ ਮਨੁੱਖ ਦੀ ਗੈਰਤ ਨੰਗੀ ਤਲਵਾਰ ਵਾਂਗ ਚਮਕਦੀ ਹੈ।
ਇਸ ਤਰ੍ਹਾਂ ਕੰਵਲ ਨੇ ਸਮੁੱਚੇ ਪਾਠਾਂ ਵਿਚ ਆਪਣੇ ਸਾਹਿਤਕਾਰਾਂ ਦਾ ਜੱਸ ਗਾਇਆ ਹੈ, ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਅਗਲੇ ਲੇਖ 'ਖੇਡਾਂ ਦਾ ਵਣਜਾਰਾ' ਵਿਚ ਪ੍ਰੋ. ਸਰਵਣ ਸਿੰਘ ਬਾਰੇ ਦੱਸਿਆ ਹੈ ਕਿ ਕਿਵੇਂ ਉਹ ਵੀ ਢੁੱਡੀਕੇ ਆਉਂਦਾ ਸੀ ਤੇ ਉਸ ਨਾਲ ਵੀ ਕੰਵਲ ਦਾ ਖਾਸਾ ਮੇਲ-ਮਿਲਾਪ ਸੀ। 'ਨੌਜਵਾਨ ਲਈ ਵੰਗਾਰ' ਵਿਚ ਕਿਸਾਨਾਂ ਦੇ ਸੰਘਰਸ਼ ਦੀ ਗੱਲ ਕੀਤੀ ਗਈ ਹੈ ਕਿ ਸੂਝਵਾਨ ਇਨਕਲਾਬ ਪੈਦਾ ਕਰਨਾ ਕਠਿਨ ਕੰਮ ਹੁੰਦਾ ਹੈ। 'ਮੋਗੇ ਦੀ ਬੇਬੇ' ਪਾਠ ਵਿਚ ਦਰਸਾਇਆ ਗਿਆ ਹੈ ਕਿ ਬੇਬੇ ਦਾ ਮੋਗੇ ਨਾਲ ਏਨਾ ਮੋਹ ਸੀ ਕਿ ਉਹ ਕਹਿੰਦੀ ਸੀ 'ਜੇ ਮੈਂ ਮਰ ਗਈ ਤਾਂ ਮੇਰਾ ਸਸਕਾਰ ਵੀ ਮੋਗੇ ਹੀ ਕਰਿਓ। ਉਥੋਂ ਦੀਆਂ ਤਾਂ ਭੂਤਾਂ ਵੀ ਮੇਰੀਆਂ ਸਹੇਲੀਆਂ ਹਨ'। ਅਗਲੇ ਪਾਠਾਂ ਵਿਚ ਲੇਖਕ ਨੇ ਹੜੱਪਾ ਤੇ ਮੋਹਿੰਜੋਦੜੋ ਦੀਆਂ ਥੇਹਾਂ ਵਿਚੋਂ ਜੋ ਕੁਝ ਪ੍ਰਾਪਤ ਹੋਇਆ ਹੈ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਹੈ। ਪੁਸਤਕ ਦੇ ਅਖੀਰ ਵਿਚ ਚਿੱਠੀਆਂ ਵੀ ਛਾਪੀਆਂ ਗਈਆਂ ਹਨ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ 'ਜੂਹ ਦਾ ਮੋਤੀ' ਕਿਤਾਬ ਬਲਰਾਜ ਸਾਹਨੀ ਨੂੰ ਸਮਰਪਿਤ ਹੀ ਹੈ ਜਿਸ ਵਿਚ ਉਸ ਨਾਲ ਬਿਤਾਏ ਪਲਾਂ ਤੇ ਯਾਦਾਂ ਨੂੰ ਹੀ ਸਮੋਇਆ ਗਿਆ ਹੈ। ਪੁਸਤਕ ਪੜਣਯੋਗ ਹੈ। ਲੇਖਕ ਨੂੰ ਮੁਬਾਰਕਬਾਦ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਹੁਕਮਨਾਮੇ
ਸਿੱਖ ਇਤਿਹਾਸ ਦੇ ਸਮਕਾਲੀ ਦਸਤਾਵੇਜ਼
ਪ੍ਰੋ. (ਡਾ.) ਬਲਵੰਤ ਸਿੰਘ ਢਿੱਲੋਂ,
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 1195 ਰੁਪਏ, ਸਫ਼ੇ : 480
ਸੰਪਰਕ : 98550-57624

ਵਿਚਾਰਧੀਨ ਅਧਿਐਨ ਦੀ ਵਿਸ਼ੇਸ਼ਤਾ ਇਹ ਹੈ ਕਿ ਡਾ. ਢਿੱਲੋਂ ਨੇ 1978 ਤੋਂ, ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਅਤੇ ਥਾਵਾਂ 'ਤੇ ਜਾ ਕੇ 45 ਸਾਲਾਂ ਤੱਕ ਨਿੱਜੀ ਤੌਰ 'ਤੇ ਫੀਲਡ ਵਰਕ ਕਰਕੇ ਇਹ ਵਿਲੱਖਣ ਖੋਜ ਸੰਪੰਨ ਕੀਤੀ ਹੈ। ਇਸ ਪੁਸਤਕ ਦੀ ਰੂਪ-ਰੇਖਾ (ਬਣਤਰ ਤੇ ਬੁਣਤਰ) ਇਸ ਪ੍ਰਕਾਰ ਹੈ। ਲੇਖਕ ਨੇ ਆਰੰਭ ਵਿਚ ਹੀ 144 ਹੁਕਮਨਾਮਿਆਂ ਦੀ ਫਹਿਰਿਸਤ ਦਿੱਤੀ ਹੈ। ਇਸ ਖੇਤਰ ਵਿਚ ਵੱਖ-ਵੱਖ ਵਿਦਵਾਨਾਂ ਵਲੋਂ ਕੀਤੇ ਮੁਢਲੇ ਅਧਿਐਨਾਂ ਬਾਰੇ ਜਾਣਕਾਰੀ ਦਿੱਤੀ ਹੈ। ਗੁਰੂ ਤੇਗ ਬਹਾਦਰ ਜੀ ਦੇ ਉਦੇਸ਼ ਅਤੇ ਉਨ੍ਹਾਂ ਸਾਹਮਣੇ ਆਈਆਂ ਚੁਣੌਤੀਆਂ ਅਤੇ ਵੰਗਾਰਾਂ ਬਾਰੇ ਦੱਸਿਆ ਗਿਆ ਹੈ। ਨੌਵੇਂ ਪਾਤਿਸ਼ਾਹ ਦੇ ਹੁਕਮਨਾਮਿਆਂ ਦਾ ਇਤਿਹਾਸਕ ਮਹੱਤਵ ਦਰਸਾਇਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮਾਹੌਲ ਅਤੇ ਅਜਿਹੇ ਮਾਹੌਲ ਨਾਲ ਨਜਿੱਠਣ ਦੀ ਪਹੁੰਚ ਵਿਧੀ ਨਿਰੂਪਿਤ ਕੀਤੀ ਹੈ। ਦਸਵੇਂ ਪਾਤਿਸ਼ਾਹ ਦੇ ਹੁਕਮਨਾਮਿਆਂ ਦਾ ਮਹੱਤਵ ਦਰਸਾਉਂਦਿਆਂ ਉਨ੍ਹਾਂ ਦੀ ਧਾਰਮਿਕ ਮਹੱਤਤਾ, ਮਸੰਦ ਸੰਕਟ ਦਾ ਹੱਲ, ਆਰਥਿਕ ਸਵੈ-ਨਿਰਭਰਤਾ (ਦਸਵੰਧ ਤੇ ਕਾਰ-ਭੇਟਾ), ਵਿਸਾਖੀ ਦੇ ਦਿਹਾੜੇ 'ਤੇ ਖ਼ਾਲਸਾ ਦੀ ਸਾਜਨਾ, ਸਿੱਖ ਪੰਥ ਦੇ ਵਾਰਸ਼ਿਕ ਤਿਉਹਾਰਾਂ ਦਾ ਮਨਾਉਣਾ, ਪੰਥ ਦੇ ਪਾਸਾਰ ਲਈ ਅਨੇਕਾਂ ਯਤਨ, ਅਨੰਦਪੁਰ ਸਾਹਿਬ ਦੀ ਨਾਕਾਬੰਦੀ, ਦੱਖਣ ਦੀਆਂ ਯਾਤਰਾਵਾਂ ਦੇ ਉਦੇਸ਼, ਦਸਵੇਂ ਪਾਤਿਸ਼ਾਹ ਜੀ ਦੀ ਡਿਪਲੋਮੇਸੀ-ਦ੍ਰਿਸ਼ਟੀ, ਗੁਰੂ ਸਾਹਿਬ ਨੇ ਭੰਗਾਣੀ ਦੇ ਯੁੱਧ ਉਪਰੰਤ 1688 ਈ. ਦੇ ਅੰਤ ਵਿਚ ਪਾਉਂਟਾ ਸਾਹਿਬ ਤੋਂ ਵਾਪਸ ਆ ਕੇ ਮਾਖੋਵਾਲ ਨੂੰ ਪੁਨਰ ਆਬਾਦ ਕਰਕੇ ਇਸ ਦਾ ਨਵਾਂ ਨਾਮ ਅਨੰਦਪੁਰ ਰੱਖ ਦਿੱਤਾ ਸੀ। ਸੱਚਮੁੱਚ ਹੀ ਅਨੰਦਪੁਰ ਸਾਹਿਬ ਨਗਰ, ਰਾਜ ਬਣ ਗਿਆ ਸੀ। ਗੁਰੂ ਸਾਹਿਬ ਦੀ ਮੋਹਰ 'ਦੇਗ ਤੇਗ ਫਤਹਿ' ਵੀ ਉਪਲਬੱਧ ਹੈ। ਗੁਰੂ ਸਾਹਿਬਾਂ ਦੇ ਹੁਕਮਨਾਮਿਆਂ ਤੋਂ ਬਿਨਾਂ ਬੰਦਾ ਸਿੰਘ ਬਹਾਦਰ, ਮਾਤਾਵਾਂ (ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ) ਦੇ ਹੁਕਮਨਾਮੇ ਵੀ ਕਿਤਾਬ ਵਿਚ ਦਿੱਤੇ ਗਏ ਹਨ, ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਲੇਖਕ ਨੇ ਪੁਸਤਕ ਵਿਚ ਹੁਕਮਨਾਮਿਆਂ ਦੀਆਂ ਤਸਵੀਰਾਂ ਅਤੇ ਮਤਨ ਵੀ ਦਿੱਤੇ ਨੇ। ਪਾਠਕਾਂ ਦੀ ਸੌਖ ਲਈ ਕਠਿਨ ਸ਼ਬਦਾਵਲੀ ਦੇ ਅਰਥ ਵੀ ਦਿੱਤੇ ਨੇ, ਸਿੱਖ ਸੰਸਥਾਵਾਂ ਦੇ ਸਥਾਨਾਂ ਬਾਰੇ ਸੂਚੀ ਵੀ ਦਿੱਤੀ ਹੈ। ਸਿੱਖ ਸ਼ਰਧਾਲੂਆਂ ਦੇ ਨਾਵਾਂ ਨੂੰ ਗੁਰੂ ਸਾਹਿਬਾਨਾਂ ਅਨੁਸਾਰ ਤਰਤੀਬ ਦਿੱਤੀ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਹਰ ਹੁਕਮਨਾਮਾ ੴ ਗੁਰੂ ਸਤਿ, ੴ ਸਤਿਗੁਰੂ ਜਾਂ ਇਸ ਦਾ ਸੰਖੇਪ ੧ ਗ ਸ ਦੇ ਮੰਗਲਾਚਰਣ ਨਾਲ ਆਰੰਭ ਹੁੰਦਾ ਹੈ। ਸੰਬੋਧਨ ਸ਼ੈਲੀ ਉਪਦੇਸ਼ਾਤਮਕ ਅਤੇ ਭਾਵਪੂਰਤ ਹੈ। ਉਦਾਹਰਨ ਵਜੋਂ 'ਸਭਨਾਂ ਮਿਲ ਕੇ ਪਿਆਰ ਨਾਲ ਰਹਿਣਾ'। ਗੁਰੂ ਸਾਹਿਬ ਸਿੱਖ ਸੰਗਤਾਂ ਨੂੰ ਅਸੀਸਾਂ ਤੇ ਬਖਸ਼ਿਸ਼ਾਂ ਨਾਲ ਰੂਹਾਨੀ ਤੌਰ 'ਤੇ ਮਾਲਾਮਾਲ ਕਰਦੇ ਸਨ। ਸਿੱਖ ਸੰਗਤਾਂ ਭਿੰਨ-ਭਿੰਨ ਮੌਕਿਆਂ 'ਤੇ ਸਵੈ-ਇੱਛਾ ਅਨੁਸਾਰ ਕਾਰ-ਭੇਟਾ ਦੇ ਰੂਪ ਵਿਚ ਆਪਣਾ ਯੋਗਦਾਨ ਪਾਉਂਦੀਆਂ ਰਹਿੰਦੀਆਂ ਸਨ। ਲੇਖਕ ਅਨੁਸਾਰ ਕੁਝ ਵਿਦਵਾਨਾਂ ਵਲੋਂ ਪੇਸ਼ ਕੀਤੇ ਗਏ ਹੁਕਮਨਾਮੇ ਪੁਨਰ-ਵਿਵੇਚਨ ਦੀ ਮੰਗ ਕਰਦੇ ਹਨ, ਕਈ ਹੁਕਮਨਾਮੇ ਪੂਰੇ ਪ੍ਰਾਪਤ ਨਹੀਂ ਹੋਏ। ਕਈਆਂ ਦੀ ਕੇਵਲ ਨਕਲ ਹੀ ਉਪਲੱਬਧ ਹੈ। ਲੇਖਕ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ 1947 ਦੇ ਪੰਜਾਬ ਦੇ ਬਟਵਾਰੇ ਅਤੇ ਜੂਨ 1984 'ਚ ਭਾਰਤੀ ਫ਼ੌਜ ਦੇ ਸ੍ਰੀ ਦਰਬਾਰ ਸਾਹਿਬ ਉਪਰ ਹਮਲੇ ਨੇ ਇਨ੍ਹਾਂ ਬੇਸ਼ਕੀਮਤੀ ਇਤਿਹਾਸਕ ਅਤੇ ਧਾਰਮਿਕ ਦਸਤਾਵੇਜ਼ਾਂ ਦਾ ਜੋ ਨੁਕਸਾਨ ਕੀਤਾ ਹੈ, ਉਸ ਦੀ ਭਰਪਾਈ ਕਦਾਚਿਤ ਸੰਭਵ ਨਹੀਂ। ਸੰਖੇਪ ਇਹ ਕਿ ਹਥਲਾ ਅਧਿਐਨ ਗੁਰੂ ਸਾਹਿਬਾਨ ਦੇ ਹੁਕਮਨਾਮਿਆਂ ਬਾਰੇ ਤਾਜ਼ਾ ਤਰੀਨ ਜਾਣਕਾਰੀ ਦੇਣ ਤੋਂ ਬਿਨਾਂ ਇਨ੍ਹਾਂ ਨੂੰ ਗੁੰਮਨਾਮੀ ਤੋਂ ਬਚਾਉਣ ਅਤੇ ਇਨ੍ਹਾਂ ਉੱਪਰ ਪੁਨਰ-ਝਾਤ ਦੇ ਮੰਤਵ ਨਾਲ ਲਬਰੇਜ਼ ਹੈ। ਵਿਦਵਾਨ ਲੇਖਕ ਅਣਥੱਕ ਮਿਹਨਤ ਕਾਰਨ ਵਧਾਈ ਦਾ ਪਾਤਰ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatishdharamchand@gmail.com
ਤਾਰੇ ਲੱਭਣ ਚੱਲੀਏ
ਲੇਖਕ : ਰਣਜੀਤ ਸਿੰਘ ਹਠੂਰ
ਪ੍ਰਕਾਸ਼ਕ : ਏਸ਼ੀਆ ਵਿਜ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 40
ਸੰਪਰਕ : 99155-13137

ਹਥਲੀ ਪੁਸਤਕ 'ਤਾਰੇ ਲੱਭਣ ਚੱਲੀਏ' ਰਣਜੀਤ ਸਿੰਘ ਹਠੂਰ ਦੀ ਬਾਲ ਕਵਿਤਾਵਾਂ ਦੀ ਬਹੁਤ ਪਿਆਰੀ ਸ਼ਾਨਦਾਰ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਬਹੁਤ ਹੀ ਸੁੰਦਰ ਪੁਸਤਕ ਹੈ। ਇਸ ਬਾਲ ਪੁਸਤਕ ਵਿਚ ਬਾਲਾਂ ਦੇ ਵੱਖ-ਵੱਖ ਆਯੂ -ਗੁੱਟਾਂ ਨਾਲ ਸੰਬੰਧਿਤ ਅਠਾਰਾਂ ਬਾਲ ਕਵਿਤਾਵਾਂ ਗੀਤ ਹਨ। ਰਣਜੀਤ ਹਠੂਰ ਖ਼ੁਦ ਅਧਿਆਪਕ ਹੋਣ ਕਰਕੇ ਬਾਲਾਂ ਦੀ ਮਾਨਸਿਕਤਾ ਨੂੰ ਭਲੀ-ਭਾਂਤ ਸਮਝਦਾ ਹੈ। ਰਚਨਾਵਾਂ ਜਿੱਥੇ ਬਾਲਾਂ ਦਾ ਮਨੋਰੰਜਨ ਕਰਦੀਆਂ ਹਨ ਉੱਥੇ ਆਪ-ਮੁਹਾਰੇ ਹੀ ਬਾਲਾਂ ਨੂੰ ਸਿੱਖਿਆ ਵੀ ਦੇ ਜਾਂਦੀਆਂ ਹਨ ਜਿਵੇਂ 'ਅਧਿਆਪਕ ਜੀ' ਬਹੁਤ ਪਿਆਰਾ ਗੀਤ ਲਿਖਿਆ ਹੈ। ਮੈਂ ਏਥੇ ਸਿਰਫ ਵੰਨਗੀਆਂ ਹੀ ਦੇਵਾਂਗਾ:-
ਰੋਜ਼ ਅਸਾਂ ਨੂੰ ਚਾਵਾਂ ਨਾਲ ਪੜ੍ਹਾਉਂਦੇ ਨੇ ਅਧਿਆਪਕ ਜੀ।
ਨਵੀਂ ਰੌਸ਼ਨੀ, ਨਵੇਂ ਵਿਚਾਰ ਸਿਖਾਉਂਦੇ ਨੇ ਅਧਿਆਪਕ ਜੀ।
ਮੋਮਬੱਤੀ ਦੇ ਵਾਂਗੂੰ ਬਲ ਕੇ ਸਾਨੂੰ ਚਾਨਣ ਕਰਦੇ ਨੇ।
ਮੰਜ਼ਲ ਤੱਕ ਪਹੁੰਚਾਉਣ ਲਈ ਦੇ ਲਈ ਸਾਡੀ ਉਂਗਲੀ ਫੜਦੇ ਨੇ।
ਦੀਵੇ ਤੋਂ ਸੂਰਜ ਤੱਕ ਸਫਰ ਕਰਾਉਂਦੇ ਨੇ ਅਧਿਆਪਕ ਜੀ।
ਰੋਜ਼ ਅਸਾਂ ਨੂੰ ਚਾਵਾਂ ਨਾਲ ਪੜ੍ਹਾਉਂਦੇ ਨੇ ਅਧਿਆਪਕ ਜੀ।
ਏਸੇ ਤਰ੍ਹਾਂ 'ਮੁੜ ਆਵੇ ਖੁਸ਼ਹਾਲੀ' ਰੁੱਖਾਂ ਦੀ ਮਹਾਨਤਾ ਬਾਰੇ ਬੜੀ ਪਿਆਰੀ ਰਚਨਾ ਲਿਖੀ ਹੈ ਜਿਵੇਂ:-
ਧਰਤੀ ਉੱਤੋਂ ਜੰਗਲ ਮੁੱਕੇ, ਚਿਹਰਿਆਂ ਉੱਤੋਂ ਲਾਲੀ।
ਰੁੱਖ ਲਗਾ ਕੇ ਫਰਜ਼ ਨਿਭਾਈਏ ਮੁੜ ਆਵੇ ਖੁਸ਼ਹਾਲੀ।
ਪਿੰਡ ਦੀ ਹਰ ਇੱਕ ਸੜਕ ਕਿਨਾਰੇ ਲਾਈਏ ਹੱਥੀਂ ਬੂਟੇ।
ਵਧਦੇ ਫੁੱਲ ਦੇ ਵੇਖ ਇਹਨਾਂ ਨੂੰ ਆਉਣ ਸਵਰਗੀਂ ਝੂਟੇ।
ਛਾਵਾਂ ਤੇ ਫਲ ਵੰਡਣ ਸਭ ਨੂੰ ਵੰਡਦੇ ਨੇ ਹਰਿਆਲੀ।
ਰੁੱਖ ਲਗਾ ਕੇ ਫਰਜ਼ ਨਿਭਾਈਏ ਮੁੜ ਆਵੇ ਖੁਸ਼ਹਾਲੀ।
ਏਸੇ ਤਰ੍ਹਾਂ ਹੀ 'ਸਿੱਖਣ ਦੇ ਲਈ ਆਓ ਬੱਚਿਓ' ਬਾਲ ਗੀਤ ਬਹੁਤ ਪਿਆਰਾ ਹੈ ਜਿੱਥੇ ਬੱਚਿਆਂ ਨੂੰ ਸਕੂਲ ਦਾ ਮਹੱਤਵ ਬਹੁਤ ਹੀ ਪਿਆਰੇ ਸ਼ਬਦਾਂ ਨਾਲ ਸਮਝਾਇਆ ਗਿਆ ਹੈ ਜਿਵੇਂ:-
ਸਿੱਖਣ ਦੇ ਲਈ ਆਓ ਬੱਚਿਓ।
ਸੇਵਾ ਕਰਨ ਲਈ ਜਾਓ ਬੱਚਿਓ।
ਭਾਰਤ ਨੂੰ ਖੁਸ਼ਹਾਲ ਬਣਾਈਏ।
ਸਾਖ਼ਰਤਾ ਦਾ ਰਾਹ ਅਪਣਾਈਏ।
ਦੇਸ ਦਾ ਨਾਂ ਚਮਕਾਓ ਬੱਚਿਓ।
ਸਿੱਖਣ ਦੇ ਲਈ ਆਓ ਬੱਚਿਓ।...
ਇਹਨਾਂ ਤੋਂ ਬਿਨਾਂ ਪਤੰਗ ਗੁਡੂ ਦੀ, ਨਿੱਕੀ ਲਾਇਬ੍ਰੇਰੀ, ਲੋਰੀ, ਸਾਨੂੰ ਪੰਜਾਬ ਪਿਆਰਾ ਹੈ, ਪੰਛੀ ਬੋਲਣ ਮਿੱਠੇ ਬੋਲ, ਪੜ੍ਹੀਏ ਕਿਤਾਬ, ਸਾਈਕਲ ਦੀ ਸਵਾਰੀ, ਕਿੱਤਾ ਮੁਖੀ ਸਿੱਖਿਆ ਆਦਿ ਸਾਰੀਆਂ ਬਾਲ ਕਵਿਤਾਵਾਂ ਬਾਲਾਂ ਦੇ ਵੱਖ-ਵੱਖ ਉਮਰ ਦੇ ਗੁੱਟਾਂ ਨਾਲ ਸੰਬੰਧਿਤ ਹਨ ਜੋ ਕਿ ਬਾਲਾਂ ਨੂੰ ਆਪਣੇ ਆਸੇ-ਪਾਸੇ ਦਾ ਬਹੁਤ ਹੀ ਦਿਲਚਸਪ ਢੰਗ ਨਾਲ ਗਿਆਨ ਵੰਡਦੀਆਂ ਹਨ। ਬਾਲਾਂ ਨੂੰ ਸਮੇਂ ਦੇ ਹਾਣੀ ਹੀ ਨਹੀਂ ਬਲਕਿ ਕੁੱਝ ਕਰਕੇ ਵਿਖਾਉਣ ਦੀ ਭਾਵਨਾ ਪੈਦਾ ਰੱਖਦੀਆਂ ਹਨ, ਕੁੱਲ ਮਿਲਾ ਕੇ ਰਣਜੀਤ ਸਿੰਘ ਹਠੂਰ ਇੱਕ ਅਧਿਆਪਕ ਹੋਣ ਕਰਕੇ ਬਾਲਾਂ ਨੂੰ ਧੁਰ ਅੰਦਰ ਤੱਕ ਸਮਝਣ ਦੇ ਸਮਰੱਥ ਹੈ ਅਤੇ ਭਾਸ਼ਾ ਬਾਲਾਂ ਦੇ ਹਾਣ ਦੀ ਵਰਤਦੇ ਹਨ। ਮੈਂ ਇਸ ਬਹੁਤ ਹੀ ਪਿਆਰੀ ਅਤੇ ਨਿਆਰੀ ਪੁਸਤਕ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਅਤੇ ਬਾਲਾਂ ਨੂੰ ਇਹ ਪੁਸਤਕ ਪੜ੍ਹਨ ਦੀ ਗੁਜ਼ਾਰਿਸ਼ ਕਰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896

































































.jpg)










































































































































