26-10-25
ਮਹਾਰਾਜਾ ਕੰਵਰ ਨੌਨਿਹਾਲ ਸਿੰਘ
(ਖਾਲਸਾ ਰਾਜ ਦਾ ਤੀਜਾ ਮਹਾਰਾਜਾ)
ਲੇਖਕ : ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ ਸਮਾਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 99151-29747

ਬਾਬਾ ਪ੍ਰੇਮ ਸਿੰਘ ਹੋਤੀ (1882-1954) ਦਾ ਜਨਮ ਮਰਦਾਨ (ਪਾਕਿਸਤਾਨ) ਦੇ ਨੇੜੇ ਹੋਤੀ ਨਾਂ ਦੇ ਥਾਂ ਤੇ ਹੋਇਆ ਤੇ ਦਿਹਾਂਤ ਪਟਿਆਲਾ ਵਿਖੇ। ਉਨ੍ਹਾਂ ਨੂੰ ਭਾਈ ਵੀਰ ਸਿੰਘ ਨੇ ਸਿੱਖ ਨਾਇਕਾਂ ਦੀਆਂ ਜੀਵਨੀਆਂ ਲਿਖਣ ਲਈ ਪ੍ਰੇਰਿਤ ਕੀਤਾ, ਤਾਂ ਹੋਤੀ ਜੀ ਨੇ ਇਹ ਕੰਮ ਬੜੇ ਉਤਸ਼ਾਹ ਨਾਲ ਕੀਤਾ। ਉਨ੍ਹਾਂ ਦੀ ਕਲਮ ਤੋਂ ਖਾਲਸਾ ਰਾਜ ਦੇ ਉਸਰੱਈਆਂ ਬਾਰੇ ਬਹੁਤ ਸਾਰੀਆਂ ਮਹੱਤਵਪੂਰਨ ਜੀਵਨੀਆਂ ਲਿਖੀਆਂ ਗਈਆਂ, ਜਿਨ੍ਹਾਂ ਵਿਚ ਅਕਾਲੀ ਫੂਲਾ ਸਿੰਘ, ਮਹਾਰਾਜਾ ਰਣਜੀਤ ਸਿੰਘ, ਕੰਵਰ ਨੌਨਿਹਾਲ ਸਿੰਘ, ਹਰੀ ਸਿੰਘ ਨਲੂਆ, ਮਹਾਰਾਜਾ ਸ਼ੇਰ ਸਿੰਘ, ਨਵਾਬ ਕਪੂਰ ਸਿੰਘ ਦੇ ਨਾਂਅ ਸ਼ਾਮਿਲ ਹਨ। ਰੀਵਿਊ ਅਧੀਨ ਪੁਸਤਕ ਵਿਚ ਖਾਲਸਾ ਰਾਜ ਦੇ ਤੀਜੇ ਮਹਾਰਾਜਾ ਕੰਵਰ ਨੌਨਿਹਾਲ ਸਿੰਘ ਦਾ ਜੀਵਨ ਬ੍ਰਿਤਾਂਤ ਹੈ। ਲੇਖਕ ਨੇ ਇਸ ਪੁਸਤਕ ਦੇ ਛੋਟੇ ਛੋਟੇ 22 ਚੈਪਟਰ ਬਣਾਏ ਹਨ, ਜਿਸਦੇ ਮੁੱਢ ਵਿਚ ਭੂਮਿਕਾ ਅਤੇ ਅੰਤ ਵਿਚ ਇੱਕ ਚੌਪਈ ਦਰਜ ਕੀਤੀ ਗਈ ਹੈ। ਲੇਖਕ ਦੱਸਦਾ ਹੈ ਕਿ ਨੌਨਿਹਾਲ ਸਿੰਘ (1820-1840) ਮਹਾਰਾਜਾ ਖੜਕ ਸਿੰਘ ਅਤੇ ਚੰਦ ਕੌਰ ਦਾ ਇਕਲੌਤਾ ਸਪੁੱਤਰ ਸੀ, ਜਿਸਦੇ ਦਾਦਾ ਮਹਾਰਾਜਾ ਰਣਜੀਤ ਸਿੰਘ ਸਨ। ਨੌਨਿਹਾਲ ਸਿੰਘ ਦੇ ਜਨਮ ਸਮੇਂ ਮ. ਰਣਜੀਤ ਸਿੰਘ ਅੰਮ੍ਰਿਤਸਰ ਵਿਚ ਸਨ। ਇਹ ਖਬਰ ਮਿਲਦਿਆਂ ਹੀ ਉਹ ਹਰਿਮੰਦਰ ਸਾਹਿਬ ਵਿਖੇ ਗਏ ਅਤੇ ਪਰਿਕਰਮਾ ਵਿਚ ਆਪਣੇ ਹੱਥੀਂ ਬਹੁਤ ਦਾਨ ਕੀਤਾ। ਅੰਮ੍ਰਿਤਸਰ, ਲਾਹੌਰ, ਮੁਲਤਾਨ ਤੇ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਦੀਪਮਾਲਾ ਕੀਤੀ ਗਈ। ਸ਼ਹਿਜ਼ਾਦੇ ਦੀ ਧਾਰਮਿਕ ਸਿੱਖਿਆ ਲਈ ਦਰਬਾਰ ਸਾਹਿਬ ਦੇ ਗ੍ਰੰਥੀ ਸੰਤ ਸਿੰਘ, ਰਾਜਸੀ ਤੇ ਫੌਜੀ ਵਿਦਿਆ ਲਈ ਲਹਿਣਾ ਸਿੰਘ ਮਜੀਠੀਆ, ਹਰੀ ਸਿੰਘ ਨਲੂਆ ਤੇ ਜਰਨੈਲ ਵਨਤੂਰਾ ਨੂੰ ਨਿਯੁਕਤ ਕੀਤਾ ਗਿਆ। ਲੇਖਕ ਨੇ ਪਿਸ਼ਾਵਰ, ਸ਼ਾਹੀ ਦਰਬਾਰ, ਦੋਸਤ ਮੁਹੰਮਦ ਖਾਨ, ਸ਼ੇਰੇ ਪੰਜਾਬ, ਮੁਲਤਾਨ ਦਾ ਮਾਲੀਆ, ਨੌਨਿਹਾਲ ਸਿੰਘ ਦਾ ਵਿਆਹ, ਕਾਬਲ 'ਤੇ ਚੜ੍ਹਾਈ, ਧਿਆਨ ਸਿੰਘ ਵੱਲੋਂ ਧ੍ਰੋਹ, ਚੇਤ ਸਿੰਘ ਦਾ ਕਤਲ, ਖੜਕ ਸਿੰਘ ਦਾ ਰਾਜ ਤਿਆਗ, ਜਾਅਲੀ ਚਿੱਠੀਆਂ, ਤਾਜਪੋਸ਼ੀ ਦੇ ਦਿਨ ਹੀ ਕੰਵਰ ਦਾ ਮਾਰਿਆ ਜਾਣਾ ਆਦਿ ਨੂੰ ਸੰਖੇਪਤਾ ਤੇ ਬਰੀਕੀ ਨਾਲ ਦਰਸਾਇਆ ਹੈ। ਕੰਵਰ ਮਹਿਜ਼ 20 ਕੁ ਸਾਲ ਦੀ ਉਮਰ ਵਿਚ ਧਿਆਨ ਸਿੰਘ ਦੀ ਸਾਜਿਸ਼ ਕਰਕੇ ਮੌਤ ਦਾ ਸ਼ਿਕਾਰ ਹੋ ਗਿਆ ਤੇ ਇਕ ਦਿਨ ਵੀ ਰਾਜਗੱਦੀ ਦਾ ਸੁਖ ਪ੍ਰਾਪਤ ਨਹੀਂ ਕਰ ਸਕਿਆ। ਬਹੁਤ ਸਾਰੇ ਪ੍ਰਸ਼ਾਸਕੀ ਤੇ ਰਾਜਨੀਤਕ ਗੁਣਾਂ ਦੇ ਬਾਵਜੂਦ ਨੌਨਿਹਾਲ ਸਿੰਘ ਦਾ ਸਭ ਤੋਂ ਵੱਡਾ ਔਗੁਣ ਕੰਨਾਂ ਦਾ ਕੱਚਾ ਹੋਣਾ ਸੀ। ਉਹ ਕਿਸੇ ਦੀ ਕਹੀ ਗੱਲ ਨੂੰ ਪੱਥਰ 'ਤੇ ਲੀਕ ਸਮਝ ਲੈਂਦਾ ਸੀ। ਧਿਆਨ ਸਿੰਘ ਨੇ ਮਹਾਰਾਜਾ ਖੜਕ ਸਿੰਘ ਦੇ ਸਸਕਾਰ ਵਾਲੇ ਦਿਨ ਹੀ ਗਿਣੀ ਮਿਥੀ ਸਾਜ਼ਿਸ਼ ਹੇਠ ਨੌਨਿਹਾਲ ਸਿੰਘ ਉੱਤੇ ਕਿਲ੍ਹੇ ਦਾ ਭਾਰੀ ਦਰਵਾਜ਼ਾ ਸੁਟਵਾ ਕੇ ਉਹਦਾ ਕਤਲ ਕਰਵਾ ਦਿੱਤਾ ਸੀ। ਕੰਵਰ ਦੀ ਮਾਂ ਤੇ ਪਤਨੀ ਨੂੰ ਆਖਰੀ ਸਮੇਂ ਉਹਦੇ ਦਰਸ਼ਨ ਕਰਨ ਤੋਂ ਵੀ ਵਾਂਝਾ ਰੱਖਿਆ ਗਿਆ। ਬਾਬਾ ਪ੍ਰੇਮ ਸਿੰਘ ਹੋਤੀ ਵੱਲੋਂ 1927 ਵਿਚ ਲਿਖੀ ਇਸ ਪੁਸਤਕ ਰਾਹੀਂ ਮਹਾਰਾਜਾ ਨੌਨਿਹਾਲ ਸਿੰਘ ਦੇ ਜੀਵਨ ਅਤੇ ਉਸ ਸਮੇਂ ਦੇ ਰਾਜਸੀ ਹਾਲਾਤ ਬਾਰੇ ਬੜੀ ਮਹੱਤਵਪੂਰਨ ਜਾਣਕਾਰੀ ਹਾਸਲ ਹੁੰਦੀ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਕਥਾ ਤੁਰਦੀ ਰਹੀ
ਸੰਪਾਦਨ ਅਤੇ ਅਨੁਵਾਦ : ਜਸਪ੍ਰੀਤ ਸਿੰਘ ਜਗਰਾਉਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 99151-03490

33 ਦੇ ਲਗਭਗ ਅਨੁਵਾਦ ਕਰ ਚੁੱਕੇ ਅਨੁਵਾਦਕ ਜਸਪ੍ਰੀਤ ਸਿੰਘ ਜਗਰਾਉਂ ਦਾ 34ਵਾਂ ਅਨੁਵਾਦਤ ਅਤੇ ਸੰਪਾਦਤ ਸੰਗ੍ਰਹਿ ਹੈ 'ਕਥਾ ਤੁਰਦੀ ਆਈ' ਉਜ਼ਬੇਕਿਸਤਾਨ ਦੀਆਂ 18 ਲੋਕ ਕਥਾਵਾਂ ਦਾ ਸੰਗ੍ਰਹਿ। ਅਨੁਵਾਦ ਦੋ ਅਲੱਗ-ਅਲੱਗ ਭਾਸ਼ਾਵਾਂ ਦੇ ਸਾਹਿਤ ਦੇ ਅਦਾਨ-ਪ੍ਰਦਾਨ ਵਿਚਾਲੇ ਪੁਲ ਦਾ ਹੀ ਕੰਮ ਨਹੀਂ ਕਰਦਾ ਸਗੋਂ ਤਰਜਮੇ ਰਾਹੀਂ ਅਸੀਂ ਇਕ ਦੂਸਰੇ ਸਾਹਿਤ ਨਾਲ ਜੁੜੀ ਸੰਸਕ੍ਰਿਤੀ ਅਤੇ ਸਭਿਆਚਾਰ ਦਾ ਵਟਾਂਦਰਾ ਵੀ ਕਰਦੇ ਹਾਂ। ਇੰਜ ਪਾਠਕ ਆਪਣੀ ਮਾਂ ਬੋਲੀ ਦੇ ਦਾਇਰੇ 'ਚੋਂ ਬਾਹਰ ਨਿਕਲ ਕੇ ਦੇਸ਼-ਦੁਨੀਆ ਦੇ ਵਿਸ਼ਾਲ ਖੇਤਰ ਵਿਚ ਪ੍ਰਵੇਸ਼ ਕਰਦਾ ਹੈ। ਉਸ ਦੇ ਗਿਆਨ ਅਤੇ ਚੇਤਨਾ ਦਾ ਦਾਇਰਾ ਵਿਸ਼ਾਲ ਹੁੰਦਾ ਹੈ। ਬੇਸ਼ੱਕ ਅਨੁਵਾਦ ਨੂੰ ਮੌਲਿਕ ਸਿਰਜਣਾ ਵਜੋਂ ਮਾਨਤਾ ਨਹੀਂ ਦਿੱਤੀ ਜਾਂਦੀ ਲੇਕਿਨ ਇਹ ਮੌਲਿਕ ਸਿਰਜਣਾ ਨਾਲੋਂ ਵੀ ਵਧੇਰੇ ਮਹੱਤਵਪੂਰਨ ਕਾਰਜ ਹੁੰਦਾ ਹੈ। ਮੌਲਿਕ ਲੇਖਕ ਇਕ ਭਾਸ਼ਾ ਵਿਚ ਮਾਹਿਰ ਹੋ ਸਕਦਾ ਹੈ ਪਰ ਅਨੁਵਾਦਕ ਲਈ ਘੱਟੋ-ਘੱਟ ਦੋ ਭਾਸ਼ਾਵਾਂ ਵਿਚ ਮਹਾਰਤ ਲੋੜੀਂਦੀ ਹੈ। ਵਿਸ਼ੇਸ਼ ਕਰਕੇ ਕਿਸੇ ਮੁਲਕ ਜਾਂ ਖੇਤਰ ਦੀ ਭਾਸ਼ਾ ਵਿਚ ਰਚਿਆ ਗਿਆ ਲੋਕ ਸਾਹਿਤ ਉੱਥੋਂ ਦੀ ਅਮੀਰ ਵਿਰਾਸਤ ਹੁੰਦਾ ਹੈ। ਭਾਰਤ ਵਿਚ ਪੰਜਵੀਂ ਸ਼ਤਾਬਦੀ ਵਿਚ ਵਿਸ਼ਣੂ ਦੱਤ ਸ਼ਰਮਾ ਵਲੋਂ ਰਚੀਆਂ ਗਈਆਂ ਪੰਚਤੰਤਰ ਦੀਆਂ ਲੋਕ ਕਹਾਣੀਆਂ ਅੱਜ ਵਿਸ਼ਵ ਦੇ 50 ਤੋਂ ਵੱਧ ਮੁਲਕਾਂ ਵਿਚ ਅਲੱਗ-ਅਲੱਗ ਭਾਸ਼ਾਵਾਂ ਵਿਚ ਅਨੁਵਾਦਤ ਹੋ ਕੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾ ਰਹੀਆਂ ਹਨ। ਇੰਜ ਇਨ੍ਹਾਂ ਲੋਕ ਕਹਾਣੀਆ ਰਾਹੀਂ ਵਿਸ਼ਵ ਪੱਧਰ 'ਤੇ ਭਾਰਤੀ ਨੈਤਿਕਤਾ, ਇਤਿਹਾਸ, ਮਿਥਿਹਾਸ, ਦਰਸ਼ਨ, ਅਧਿਆਤਮ, ਆਰਥਕਤਾ, ਰਾਜਨੀਤਕ ਅਤੇ ਧਾਰਮਿਕ ਨਜ਼ਰੀਏ ਦਾ ਪ੍ਰਚਾਰ ਤੇ ਪ੍ਰਸਾਰ ਹੋਇਆ ਹੈ। ਇਸੇ ਦ੍ਰਿਸ਼ਟੀਕੋਣ ਤੋਂ ਜਸਪ੍ਰੀਤ ਸਿੰਘ ਜਗਰਾਉਂ ਵਲੋਂ ਅਨੁਵਾਦਤ ਉਜ਼ਬੇਕਿਸਤਾਨ ਦੀਆਂ ਲੋਕ ਕਥਾਵਾਂ ਨਾਲ ਉਸ ਮੁਲਕ ਦੀਆਂ ਰਵਾਇਤਾਂ, ਪਰੰਪਰਾਵਾਂ, ਰੀਤੀ ਰਿਵਾਜਾਂ, ਮਨੁੱਖੀ ਕਦਰਾਂ-ਕੀਮਤਾਂ, ਉੱਥੋਂ ਦੇ ਲੋਕ ਸੱਭਿਆਚਾਰ, ਲੋਕ ਸਿਆਣਪਾਂ ਦਾ ਪੰਜਾਬੀ ਪਾਠਕਾਂ ਵਿਚਕਾਰ ਪ੍ਰਸਾਰ ਹੋਇਆ ਹੈ। ਪੁਸਤਕ ਦੀ ਪਹਿਲੀ ਲੋਕ ਕਥਾ 'ਜਿੱਥੇ ਚਾਹ ਉੱਥੇ ਰਾਹ' ਤੋਂ ਲੈ ਕੇ ਅੰਤਿਮ ਲੋਕ ਕਥਾ 'ਵਿਦਵਾਨ ਗਧਾ' ਤੱਕ ਪੁੱਜਦਿਆਂ ਉਪਰੋਕਤ ਸਾਰੇ ਹੀ ਕੇਂਦਰ ਬਿੰਦੂਆਂ ਤੇ ਰੌਸ਼ਨੀ ਪੈ ਜਾਂਦੀ ਹੈ। ਨਾਲ ਦੀ ਨਾਲ ਪਾਠਕ ਆਪਣੇ ਦੇਸ਼ ਅਤੇ ਖੇਤਰ ਦੀਆਂ ਲੋਕ ਕਥਾਵਾਂ ਨਾਲ ਉਨਾਂ੍ਹ ਦਾ ਤੁਲਨਾਤਮਿਕ ਅਧਿਐਨ ਵੀ ਕਰਦਾ ਜਾਂਦਾ ਹੈ। ਦਰਅਸਲ ਕੁਝ ਸਰਬਵਿਆਪੀ ਸੱਚ ਤਾਂ ਹਰ ਥਾਂ ਉਹੀ ਰਹਿਣੇ ਹਨ, ਉਨ੍ਹਾਂ ਨੂੰ ਤਾਂ ਬਦਲਿਆ ਹੀ ਨਹੀਂ ਜਾ ਸਕਦਾ। ਸਚਾਈ, ਚੰਗਿਆਈ, ਇਮਾਨਦਾਰੀ, ਪਰੋਪਕਾਰ, ਸੇਵਾ, ਪਿਆਰ, ਕਰੁਣਾ, ਦਿਆਲਤਾ ਆਦਿ ਬੁਨਿਆਦੀ ਤੱਤਾਂ ਤੋਂ ਕਿਹੜੀ ਸੱਭਿਅਤਾ ਅਣਭਿੱਜ ਰਹਿ ਸਕਦੀ ਹੈ। ਇਹ ਤੱਤ ਤਾਂ ਉਸ ਦੀ ਨੀਂਹ ਦੇ ਆਧਾਰ ਹੁੰਦੇ ਹਨ। ਪਰ ਇਨ੍ਹਾਂ ਦੇ ਸੰਚਾਰ ਨਾਲ ਉੱਥੋਂ ਦੇ ਵਸਨੀਕਾਂ ਦੇ ਮਨਾਂ ਅੰਦਰ ਇਹ ਤੱਤ ਘਰ ਕਰ ਜਾਂਦੇ ਹਨ। ਸੰਗ੍ਰਹਿ ਦੀਆਂ ਸਾਰੀਆਂ ਹੀ ਲੋਕ ਕਥਾਵਾਂ ਬੇਹੱਦ ਰੌਚਕ ਹਨ। ਕਥਾਰਸ ਨਾਲ ਭਰਪੂਰ ਹਨ। ਗਜ਼ਬ ਦੀ ਰਵਾਨੀ ਹੈ। ਗਿਆਨ ਦਾ ਖ਼ਜ਼ਾਨਾ ਹਨ। ਹੰਢੇ ਹੋਏ ਅਨੁਵਾਦਕ ਜਸਪ੍ਰੀਤ ਸਿੰਘ ਨੇ ਇਸ ਕਾਰਜ ਨੂੰ ਬਿਹਤਰ ਢੰਗ ਨਾਲ ਅੰਜਾਮ ਦਿੱਤਾ ਹੈ।
-ਡਾ.ਧਰਮਪਾਲ ਸਾਹਿਲ
ਮੋਬਾਈਲ : 98761-56964
ਵਾਹ ਉਸਤਾਦ ਵਾਹ
ਲੇਖਕ : ਇਕਵਾਕ ਸਿੰਘ ਪੱਟੀ
ਪ੍ਰਕਾਸ਼ਕ : ਮਾਝਾ ਵਰਲਡਵਾਈਡ ਅੰਮ੍ਰਿਤਸਰ
ਮੁੱਲ : 399, ਸਫ਼ੇ : 176
ਸੰਪਰਕ : 76260-07285

ਸ. ਇਕਵਾਕ ਸਿੰਘ ਪੱਟੀ ਨੇ ਆਪਣੀ ਹਥਲੀ ਖੋਜ ਪੁਸਤਕ ਵਿਚ ਭਾਰਤ ਦੇ ਲਗਭਗ 37 ਤਬਲਾਵਾਦਕਾਂ ਅਤੇ 7 ਪਖਾਵਜ-ਵਾਦਕਾਂ ਦੇ ਜੀਵਨ-ਸੰਘਰਸ਼, ਪ੍ਰਾਪਤੀਆਂ ਅਤੇ ਤਬਲਾਵਾਦਨ ਦੀਆਂ ਸੂਖਮ ਰਮਜ਼ਾਂ ਦਾ ਵਰਨਣ ਕੀਤਾ ਹੈ। ਉਹ ਖ਼ੁਦ ਵੀ ਇਕ ਪ੍ਰਵੀਣ ਤਬਲਾਵਾਦਕ ਹੈ। ਸ੍ਰੀ ਅੰਮ੍ਰਿਤਸਰ ਦੇ ਹਾਈ ਸਕੂਲ, ਸ੍ਰੀ ਅਨੰਦਪੁਰ ਸਾਹਿਬ ਦੇ ਗੁਰਮਤਿ ਮਿਸ਼ਨਰੀ ਸਕੂਲ, ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਅਤੇ ਗੁਰਮਤਿ ਸੰਗੀਤ ਵਿਭਾਗ, ਪੰ. ਯੂ. ਪਟਿਆਲਾ ਤੋਂ ਉਸ ਨੇ ਤਬਲਾਵਾਦਨ ਦੇ ਵਿਸ਼ੇ ਵਿਚ ਸਰਟੀਫ਼ਿਕੇਟ, ਡਿਪਲੋਮੇ ਅਤੇ ਡਿਗਰੀਆਂ ਹਾਸਿਲ ਕਰ ਰੱਖੀਆਂ ਹਨ। ਤਬਲਾਵਾਦਨ ਨਾਲ ਨਾ ਕੇਵਲ ਉਸ ਨੂੰ ਬਲਕਿ ਉਸ ਦੇ ਸਮੁੱਚੇ ਪਰਿਵਾਰ ਨੂੰ ਇਸ਼ਕ ਦੀ ਹੱਦ ਤੱਕ ਲਗਾਉ ਹੈ। ਇਸ ਤੱਥ ਨੂੰ ਸਭ ਪਾਠਕ ਜਾਣਦੇ ਹੀ ਹਨ ਕਿ ਭਾਰਤੀ ਸ਼ਾਸਤਰੀ ਸੰਗੀਤ (ਗਾਇਨ ਅਤੇ ਵਾਦਨ) ਵਿਚ ਵਿਭਿੰਨ ਰਿਆਸਤਾਂ ਦੇ ਘਰਾਣਿਆਂ ਨੇ ਬਹੁਮੁੱਲਾ ਯੋਗਦਾਨ ਪਾਇਆ ਹੈ। ਇਸ ਕਾਰਨ ਇਸ ਪੁਸਤਕ ਵਿਚ ਫਾਰੂਖਾਬਾਦ, ਬਨਾਰਸ, ਅਜਰਾੜਾ, ਪੰਜਾਬ ਘਰਾਣਾ ਅਤੇ ਦਿੱਲੀ ਆਦਿ ਘਰਾਣਿਆਂ ਨਾਲ ਸੰਬੰਧਿਤ ਪ੍ਰਮੁੱਖ ਤਬਲਾਵਾਦਕਾਂ ਨਾਲ ਪਰਿਚਯ ਕਰਵਾਇਆ ਗਿਆ ਹੈ। ਇਨ੍ਹਾਂ ਤਬਲਾਵਾਦਕਾਂ ਵਿਚ ਜਨਾਬ ਸਰਬਸ੍ਰੀ ਹਾਜੀ ਵਿਲਾਇਤ ਅਲੀ ਖਾਨ, ਪੰਡਿਤ ਰਾਮ ਸਹਾਇ, ਭਾਈ ਮਲੰਗ ਖਾਂ, ਪੰਡਿਤ ਕੰਠੇ ਮਹਾਰਾਜ, ਅਹਿਮਦ ਜਾਨ ਥਿਰਕਵਾ, ਅੱਲਾ ਰੱਖਾ ਖਾਨ, ਕ੍ਰਿਸ਼ਨ ਮਹਾਰਾਜ, ਪੰਡਿਤ ਕਾਲੇ ਰਾਮ, ਰਤਨ ਸਿੰਘ ਰਬਾਬੀ, ਬਹਾਦਰ ਸਿੰਘ, ਲਛਮਣ ਸਿੰਘ, ਪੰਡਿਤ ਰਮਾ ਕਾਂਤ, ਕੁਲਦੀਪ ਸਿੰਘ ਹੰਸਪਾਲ (ਸਾਰੇ ਪੰਜਾਬ ਘਰਾਣਾ) ਅਤੇ ਉਸਤਾਦ ਹੁਸੈਨ ਖਾਂ ਦੀ ਵਾਦਨ ਕਲਾ ਨਾਲ ਸੰਬੰਧਿਤ ਕੁਝ ਜੀਵਨੀਮੂਲਕ ਅਤੇ ਸੰਗੀਤਮੂਲਕ ਵੇਰਵੇ ਅੰਕਿਤ ਹੋਏ ਹਨ। ਗਾਇਨ ਅਤੇ ਵਾਦਨ, ਦੋਵੇਂ ਇਕ-ਦੂਜੇ ਦੀਆਂ ਪੂਰਕ ਕਲਾਵਾਂ ਹਨ ਅਤੇ ਇਨ੍ਹਾਂ ਦੀ ਆਪਸੀ ਜੁਗਲਬੰਦੀ ਵੀ ਇਕ ਵਿਸਮਾਦੀ-ਦ੍ਰਿਸ਼ ਪੇਸ਼ ਕਰਦੀ ਹੈ। ਭਾਵੇਂ ਤਬਲਾਵਾਦਨ ਵਿਚ ਸਰਦਾਰੀ ਤਾਂ ਮਰਦ ਕਲਾਕਾਰਾਂ ਦੀ ਹੀ ਰਹੀ ਹੈ, ਪਰ ਹੁਣ ਕੁਝ ਨਾਰੀਆਂ ਨੇ ਵੀ ਇਸ ਖੇਤਰ ਵਿਚ ਚੰਗਾ ਨਾਂਅ ਕਮਾਇਆ ਹੈ। ਸ. ਪੱਟੀ ਨੇ ਆਪਣੀ ਪੁਸਤਕ ਵਿਚ ਇਕ-ਦੋ ਨਾਰੀ ਕਲਾਕਾਰਾਂ ਦਾ ਵੀ ਪਰਿਚਯ ਕਰਵਾਇਆ ਹੈ। ਵਾਦਨ ਕਲਾ ਅਤੇ ਸਮੁੱਚੇ ਸੰਗੀਤ ਵਿਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਲਈ ਇਹ ਇਕ ਚੰਗੀ ਹਵਾਲਾ-ਪੁਸਤਕ ਸਿੱਧ ਹੋਵੇਗੀ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਤਿਲ਼ਫੁੱਲ
ਲੇਖਕ : ਪ੍ਰੋ. ਸ਼ੇਰ ਸਿੰਘ ਕੰਵਲ
ਪ੍ਰਕਾਸ਼ਨ : ਲੋਕਗੀਤ ਪ੍ਰਕਾਸ਼ਨ ਮੋਹਾਲੀ, ਚੰਡੀਗੜ੍ਹ
ਮੁੱਲ : 385 ਰੁਪਏ, ਸਫੇ : 132
ਸੰਪਰਕ : 0172-5027427

ਪ੍ਰੋ: ਸ਼ੇਰ ਸਿੰਘ ਕੰਵਲ ਜੋ ਹੱਥਲੀ ਕਾਵਿ-ਕਿਤਾਬ 'ਤਿਲ਼ਫੁੱਲ' ਨਾਲ ਇਕ ਵਾਰ ਫਿਰ ਪੰਜਾਬੀ ਅਦਬ ਦੇ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਜੋ ਪਹਿਲਾਂ ਵੀ 18 ਪੁਸਤਕਾਂ ਨਾਲ ਪਾਠਕਾਂ ਦੀ ਕਚਹਿਰੀ ਵਿਚ ਪਹੁੰਚ ਚੁੱਕਿਆ ਹੈ। ਸ਼ਾਇਰ ਕਿਸੇ ਰਸਮੀ ਜਾਣ-ਪਹਿਚਾਣ ਦਾ ਮੋਹਤਾਜ ਨਹੀਂ ਜੋ ਆਪਣੀ ਜੰਮਣ ਭੋਇੰ ਤਲਵੰਡੀ ਮੱਲ੍ਹੀਆਂ (ਮੋਗਾ) ਤੋਂ ਅਮਰੀਕਾ ਪ੍ਰਵਾਸ ਦੀ ਆਉਧ ਹੰਢਾਉਣ ਤੋਂ ਪਹਿਲਾਂ ਵੀ ਪੰਜਾਬੀ ਸਾਹਿਤਕ ਸੱਥਾਂ ਵਿਚ ਆਪਣੀ ਸਾਹਿਤਕ ਪ੍ਰਬੀਨਤਾ ਦਾ ਲੋਹਾ ਮੰਨਵਾ ਚੁੱਕੇ ਹਨ। ਵੱਖ-ਵੱਖ ਅਧਿਆਪਕ ਸੰਸਥਾਵਾਂ ਵਿਚ ਸੇਵਾ ਕਰਨ ਦੇ ਨਾਲ-ਨਾਲ ਉਹ ਕਲਕੱਤਾ ਤੋਂ ਨਿਕਲਦੇ ਰੋਜ਼ਾਨਾ 'ਨਵੀਂ ਪ੍ਰਭਾਤ' ਦੀ ਸਬ ਐਡੀਟਰੀ ਕਰਨ ਸਮੇਂ ਪੱਤਰਕਾਰੀ ਦੇ ਖੇਤਰ ਵਿਚ ਵੀ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੇ ਸਨ ਅਤੇ ਕੈਲੀਫੋਰਨੀਆ ਤੋਂ ਮਾਸਕ ਪੱਤਰ 'ਜਾਗੋ' ਦੀ ਪ੍ਰਕਾਸ਼ਨਾ ਵੀ ਕਰਦੇ ਰਹੇ ਹਨ। ਉਸ ਦੀ ਸ਼ਾਇਰੀ ਦੀ ਤੰਦ ਸੂਤਰ ਕਾਵਿ-ਕਿਤਾਬ ਦੇ ਨਾਂਅ 'ਤਿਲ ਫੁੱਲ' ਤੋਂ ਸਹਿਜੇ ਹੀ ਅਸਾਡੇ ਹੱਥ ਆ ਜਾਂਦੀ ਹੈ ਕਿ ਪੰਜਾਬੀ ਆਸਥਾ ਵਿਚ ਕਿਸੇ ਵੱਡੇ ਦਰਦ ਪੁੰਨ ਨੂੰ ਤਿਲ-ਫੁਲ ਕਹਿ ਕੇ ਆਪਣੀ ਨਿਰਮਾਣ ਤਾ ਜ਼ਾਹਿਰ ਕੀਤੀ ਜਾਂਦੀ ਹੈ ਤੇ ਇਸ ਵੱਡ ਅਕਾਰੀ ਕਿਤਾਬ ਦੇ ਕਾਵਿ ਪ੍ਰਵਚਨ ਨੂੰ ਵੀ ਉਹ ਤਿਲ-ਫੁਲ ਦੀ ਸੰਗਿਆ ਦਿੰਦਾ ਹੈ। ਕਿਤਾਬ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਕਾਵਿ-ਵਿਅੰਗ ਅਤੇ ਦੂਜੇ ਭਾਗ ਵਿਚ ਵਿਭਿੰਨ ਪਸਾਰਾਂ ਦੀਆਂ ਕਵਿਤਾਵਾਂ ਹਨ। ਦਰਅਸਲ ਕਿਤਾਬ ਦਾ ਪਹਿਲਾ ਵਿਅੰਗ ਵਾਲਾ ਭਾਗ ਹੀ ਅਸਾਡਾ ਬਹੁਤਾ ਧਿਆਨ ਖਿੱਚਦਾ ਹੈ, ਜਿਸ ਵਿਚ ਉਹ ਕਟਾਕਸ਼ੀ ਨਸ਼ਤਰਾਂ ਨਾਲ ਨਾਂਅ ਲੈ-ਲੈ ਕੇ ਉਨ੍ਹਾਂ ਨੂੰ ਚੌਰਾਹੇ 'ਚ ਨੰਗਿਆਂ ਕਰਦਾ ਹੈ। ਵਿਸ਼ੇਸ਼ ਕਰਕੇ ਉਸ ਦੇ ਕਟਹਿਰੇ ਵਿਚ ਪੰਜ ਵਾਰ ਮੁੱਖ ਮੰਤਰੀ ਤੇ ਰਹਿਣ ਵਾਲੇ ਮੁੱਖ ਮੰਤਰੀ ਦੇ ਸਿੱਖ ਪੰਥ ਨੂੰ ਨਿਘਾਰ ਵੱਲ ਲਿਜਾਣ ਦੇ ਤੱਥਾਂ ਦੀ ਨਿਸ਼ਾਨਦੇਹੀ ਕਰਦਾ ਜੋ ਰਾਜ ਨਹੀਂ ਸੇਵਾ ਦਾ ਧੂਤੂ ਵਜਾਉਂਦਾ ਨਹੀਂ ਸੀ ਥੱਕਦਾ ਪਰ ਇਕ ਵਜ਼ੀਰੀ ਲੈਣ ਲਈ ਦਿੱਲੀ ਦਰਬਾਰ ਦੇ ਦੀਵਾਨ-ਏ-ਖਾਸ ਅੱਗੇ ਲੇਲ੍ਹੜੀਆਂ ਕੱਢ ਕੇ ਕਾਰਪੋਰੇਟੀ ਸੈਕਟਰ ਦੀ ਕਠਪੁਤਲੀ ਬਣਨ ਤੱਕ ਵੀ ਚਲੇ ਜਾਂਦਾ ਹੈ। ਉਹ ਸਿਆਸੀ ਘਡੰਮ ਚੌਧਰੀਆਂ ਦੀ ਵੀ ਚੰਗੀ ਸਕੈਨਿੰਗ ਕਰਦਾ ਹੈ, ਉਸ ਦੇ ਤਿੱਖੇ ਕਟਾਕਸ਼ੀ ਬਾਣ ਦੀ ਝਲਕ ਤੁਸੀਂ ਵੀ ਦੇਖੋ:
ਜਿੰਨਾ ਚਿਰ ਸਰਕਾਰ ਸਾਡੀ ਫਿਕਰ ਕਰੋ ਨਾ ਭਾਈ
ਗੋਰੇ ਚਿੱਟੇ ਮਿਲਣ ਪਦਾਰਥ ਕਾਲੀ ਮਿਲੇ ਸਵਾਈ।
ਕਾਲੀ ਮਿਲੇ ਸਵਾਈ ਛਕੋ ਭਾਈ ਰੱਜ ਕੇ ਮਾਵੇ
ਕਰਾਂਗੇ ਬੰਦੋਬਸਤ ਤੁਹਾਨੂੰ ਸੁਰਤ ਨਾ ਆਵੇ।
ਕਹੇ ਕੰਵਲ ਕਵੀਰਾਇ ਇਕੋ ਬਸ ਫਿਕਰ ਹੈ ਕਰਨਾ
ਵੋਟਾਂ ਨਾਲ ਬਕਸਾ ਸਾਡਾ ਮੂੰਹ ਤੱਕ ਹੈ ਭਰਨਾ।
-ਭਗਵਾਨ ਸਿੰਘ ਢਿੱਲੋਂ
ਮੋਬਾਈਲ : 98143-78254
ਡਰ ਲੱਗਦਾ ਏ
ਕਵੀ : ਸਿਮਰ ਜੰਗਰਾਲ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪੲ, ਸਫ਼ੇ : 104
ਸੰਪਰਕ : 94782-33260

ਨਵੇਂ ਪੋਚ ਦੇ ਕਈ ਕਵੀ ਅਨੂਠੇ ਰੂਪ ਵਿਚ ਕਾਵਿ ਸਿਰਜਣਾ ਪ੍ਰਤੀ ਰੁਚਿਤ ਹਨ। ਉਨ੍ਹਾਂ ਦੀ ਸਮਾਜਿਕ ਅਤੇ ਵਿਚਾਰਧਾਰਕ-ਦ੍ਰਿਸ਼ਟੀ ਆਪਣੀ ਤੋਂ ਪਹਿਲੀ ਪੀੜ੍ਹੀ ਨਾਲੋਂ ਵੱਖਰਤਾ ਰੱਖਦੀ ਹੈ। ਵਸਤੂ ਜਗਤ ਦੇ ਨਜ਼ਰੀਏ ਤੋਂ ਨਵੀਂ ਪੀੜ੍ਹੀ ਦੇ ਕਵੀ ਅਜਿਹੇ ਸਮਾਜ ਦੀ ਸਿਰਜਣਾ ਕਰਨ ਦੀ ਉਤਕੰਠਾ ਰੱਖਦੇ ਹਨ ਜਿੱਥੇ ਮੁਹੱਬਤ ਦੇ ਦੀਪਕ ਬਲਦੇ ਹੋਣ। ਕੁਝ ਕਵੀਆਂ ਦਾ ਕਾਵਿਕ ਨਜ਼ਰੀਆ ਸਮਾਜਵਾਦੀ ਹੋਣ ਦੀ ਥਾਂ ਨਿੱਜੀ ਵਲਵਲਿਆਂ ਅਤੇ ਰੁਮਾਂਸਵਾਦ ਦੇ ਇਰਦ ਗਿਰਦ ਵਧੇਰੇ ਘੁੰਮਦਾ ਹੈ। ਸਿਮਰ ਜੰਗਰਾਲ ਅਜਿਹਾ ਹੀ ਯੁਵਾ ਕਵੀ ਹੈ ਜਿਸ ਨੇ ਆਪਣੇ ਤਾਜ਼ਾਤਰੀਨ ਪਲੇਠੇ ਕਾਵਿ-ਸੰਗ੍ਰਹਿ 'ਡਰ ਲੱਗਦਾ ਏ' ਵਿਚ 'ਨਿੱਜ' ਨੂੰ ਆਪਣੀਆਂ ਨਜ਼ਮਾਂ ਦਾ ਕੇਂਦਰ-ਬਿੰਦੂ ਬਣਾਇਆ ਹੈ। ਸਿਮਰ ਸੰਗਰਾਲ ਦੇ ਹੱਥਲੇ ਕਾਵਿ ਸੰਗ੍ਰਹਿ ਵਿਚ ਜ਼ਿਆਦਾਤਰ ਨਜ਼ਮਾਂ ਵਿਚੋਂ ਠੁਕਰਾਏ ਹੋਏ ਮਹਿਬੂਬ ਦੀ ਵੇਦਨਾ ਪ੍ਰਗਟ ਹੁੰਦੀ ਹੈ। ਉਸ ਦੀਆਂ ਨਜ਼ਮਾਂ ਵਿਚੋਂ 'ਪੋਟਿਆਂ ਤੋਂ','ਰੋਕਾਂ', 'ਮੇਰੀ ਤਕਦੀਰ', 'ਪੀੜਾਂ ਸ਼ਹਿਰ ਦੀਆਂ', 'ਉਡੀਕ', 'ਯਾਦਾਂ ਦੀਆਂ ਉਡੀਕਾਂ', 'ਦਿਲ ਕਰਦਾ ਏ', 'ਰੱਬ ਹੈ ਮੰਨਿਆ', 'ਖ਼ੰਜ਼ਰ', 'ਹਯਾਤੀ', 'ਜੱਗ ਤੋਂ ਦੂਰ', 'ਮਰਜਾਣੀ', 'ਡਰ ਲੱਗਦਾ ਏ', 'ਕੋਸ਼ਿਸ਼', 'ਤੈਨੂੰ ਸ਼ੀਸ਼ੇ ਵਿਚ ਦੇਖਦਾ', 'ਜਨਮ ਦਿਨ', 'ਸ਼ਿਵ ਦੀ ਕਿਤਾਬ ਦੇ ਵਰਗੀ', 'ਬਚਪਨ', 'ਮੈਨੂੰ ਕੋਈ ਫਰਕ ਨਹੀਂ ਪੈਂਦਾ', 'ਮਰ ਮਰ ਕੇ ਜਿਊਣਾ' ਅਤੇ 'ਇੱਛਾ' ਆਦਿ ਨਜ਼ਮਾਂ ਯੁਵਕ ਹਿਰਦੇ ਦੇ ਕੁਆਰੇ ਚਾਵਾਂ ਦੀ ਗੱਲ ਕਰਦੀਆਂ ਹਨ। ਬਿਰਹਾ ਉਸ ਦੀ ਲੇਖਣੀ ਨਾਲ ਇਕਮਿਕ ਹੋਇਆ ਨਜ਼ਰ ਆਉਂਦਾ ਹੈ। ਜ਼ੁਲਫ਼ਾਂ, ਗ਼ਮ, ਪੀੜਾਂ, ਹਿਜਰ, ਹੁਸਨ, ਕਾਸਾ, ਖ਼ਾਬ, ਸੁਪਨੇ, ਵਸਲ ਆਦਿ ਉਸ ਦੀਆਂ ਕਵਿਤਾਵਾਂ ਵਿਚੋਂ ਵਾਰ-ਵਾਰ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸ ਤਰ੍ਹਾਂ ਭਾਸਦਾ ਹੈ ਜਿਵੇਂ ਬਿਰਹਾ ਕਵੀ ਦੀਆਂ ਨਜ਼ਮਾਂ ਦੇ ਰੋਮ ਰੋਮ ਵਿਚ ਵੱਸ ਗਿਆ ਹੋਵੇ। ਕਵੀ ਅਮਾਨਵੀ ਵਸਤਾਂ ਨੂੰ ਮਾਨਵੀਕ੍ਰਿਤ ਕਰਦਾ ਹੈ। ਜੜ੍ਹਹੀਣ ਵਸਤਾਂ ਉਸ ਦੀਆਂ ਕਵਿਤਾਵਾਂ ਵਿਚ ਮਨੁੱਖ ਦੀ ਭਾਂਤੀ ਗੱਲਾਂ ਕਰਦੀਆਂ ਹਨ। ਕਿਧਰੇ ਸ਼ਿਵ ਤੇ ਕਿਧਰੇ ਹੋਰ ਸ਼ਾਇਰ ਇਹਨਾਂ ਕਵਿਤਾਵਾਂ ਵਿਚ ਵੰਨ-ਸੁਵੰਨੇ ਰੂਪ ਵਿਚ ਵਿਚਰਦੇ ਵਿਖਾਈ ਦਿੰਦੇ ਹਨ। ਉਸ ਦੀਆਂ ਕਵਿਤਾਵਾਂ ਵਿਚਲੀ ਬੁਲਬੁਲ ਦਰਦ ਤੇ ਵਿਛੋੜੇ ਦੀ ਭਾਵਨਾ ਨਾਲ ਵਿਲਕਦੀ ਹੈ ਇਨ੍ਹਾਂ ਵਿਚ ਮਹਿਬੂਬ ਦੋਸਤ ਨੂੰ ਸ਼ਿਕਵੇ-ਸ਼ਿਕਾਇਤਾਂ ਰਾਹੀਂ ਸੰਬੋਧਿਤ ਕੀਤਾ ਗਿਆ ਹੈ। ਉਹ ਅਨੁਭਵ ਕਰਦਾ ਹੈ ਕਿ ਨਿੱਜ ਤੋਂ ਪਾਰ ਜਾ ਕੇ ਹੀ ਮਾਨਵਤਾ ਦੀ ਗੱਲ ਕੀਤੀ ਜਾ ਸਕਦੀ ਹੈ। ਉਸ ਨੂੰ ਮਲਾਲ ਹੈ ਕਿ ਵਰਤਮਾਨ ਮਨੁੱਖੀ ਦੰਭੀ ਜੀਵਨ ਜਿਊ ਰਿਹਾ ਹੈ। ਪੈਸੇ ਨੂੰ ਹੱਥਾਂ ਦੀ ਮੈਲ ਕਹਿਣ ਵਾਲੇ ਖ਼ੁਦ ਪੈਸਾ ਪੈਸਾ ਆਖਦੇ ਹੋਏ ਲੋਭ ਲਾਲਸਾਵਾਂ ਦੀ ਦਲਦਲ ਵਿਚ ਫਸੇ ਹੋਏ ਹਨ। ਨਸ਼ਾਖ਼ੋਰੀ ਨੌਜਵਾਨੀ ਦਾ ਘਾਣ ਕਰ ਰਹੀ ਹੈ। ਉਸ ਦੀ ਕਵਿਤਾ 'ਪੈਸਾ' ਦੀਆਂ ਕੁਝ ਤਰ੍ਹਾਂ ਹਨ :
ਤੇ ਜਿਹੜੇ ਚਿੱਟੇ ਦੇ ਨਸ਼ੇ ਵਿਚ
ਡੁੱਬਣਾ ਜਾਣਦੇ ਨੇ / ਉਹ ਯਾਰਾਂ ਦੀ ਛੱਡੋ,
ਮਾਵਾਂ ਦੀ ਵੀ ਧੌਣ ਲਾਹ ਕੇ ਸੁੱਟ ਦਿੰਦੇ ਨੇ।
(ਪੰਨਾ 16)
ਕਵੀ ਆਪਣੀ ਕਵਿਤਾ 'ਸ਼ਰਾਬ ਸ਼ਰਬਤ' ਵਿਚ ਆਪਣੀ ਧਰਤੀ ਦੇ ਬਸ਼ਿੰਦਿਆਂ ਵਲੋਂ ਸ਼ਰਾਬ ਆਦਿ ਨਸ਼ਿਆਂ ਵਿਚ ਗ਼ਲਤਾਨ ਹੋਣ ਦਾ ਬੁਨਿਆਦੀ ਕਾਰਨ ਸਮੇਂ ਦੀ ਚਾਲ ਜਾਂ ਮਨੁੱਖ ਦੀ ਮਾੜੀ ਸੋਚ ਨੂੰ ਮੰਨਦਾ ਹੈ। ਉਸ ਦੀਆਂ ਕੁਝ ਹੋਰ ਕਵਿਤਾਵਾਂ 'ਜਾਤਾਂ-ਪਾਤਾਂ, 'ਡਾਇਰੀ ਫਰੋਲੀ ਮੈਂ, 'ਕੋਸ਼ਿਸ਼', 'ਪਲ ਦੋ ਪਲ' ਅਤੇ 'ਮੈਂ' ਵੰਨ ਸੁਵੰਨੀਆਂ ਭਾਵਨਾਵਾਂ ਦਾ ਦਰਪਣ ਹਨ। ਕੁੱਲ ਮਿਲਾ ਕੇ ਇਹ ਕਾਵਿ ਸੰਗ੍ਰਹਿ ਜਿੱਥੇ ਇਕ ਪਾਸੇ ਰੁਮਾਂਸਵਾਦ ਅਤੇ ਸਮਾਜਵਾਦੀ ਸੋਚ ਦਾ ਸੰਗਮ ਹੈ, ਦੂਜੇ ਪਾਸੇ ਉਹ 'ਲਹਿ ਜਾਣ' ਕਵਿਤਾ ਵਿਚ ਹੱਥਾਂ ਦੀਆਂ ਲੀਕਾਂ ਦੇ ਮਿਟ ਜਾਣ ਦੀ ਕਾਮਨਾ ਵੀ ਕਰਦਾ ਹੈ ਅਤੇ 'ਦੋਨੋਂ ਤਿੱਖੇ' ਕਵਿਤਾ ਵਿਚ ਦੁਨੀਆਦਾਰੀ ਪਿੱਛੇ ਛੱਡ ਕੇ ਮਹਿਬੂਬ ਨੂੰ ਫਿਰ ਤੋਂ ਇਕਮਿਕ ਹੋਣ ਦੀ ਇੱਛਾ ਜ਼ਾਹਿਰ ਕਰਦਾ ਹੈ। ਇਉਂ ਕਵੀ ਦੀਆਂ ਇਹ ਭਾਵਨਾਵਾਂ ਉਸ ਨੂੰ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਵੱਲ ਲੈ ਜਾਂਦੀਆਂ ਹਨ। ਪੁਸਤਕ ਦਾ ਟਾਈਟਲ ਪ੍ਰਤੀਕਾਤਮਕ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਕੱਚ ਦੀਆਂ ਮੂਰਤਾਂ
ਲੇਖਕ : ਬਲਵਿੰਦਰ ਸਿੰਘ ਜੰਮੂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 160, ਸਫੇ : 60
ਸੰਪਰਕ : 094196-36562

'ਕੱਚ ਦੀਆਂ ਮੂਰਤਾਂ' ਬਾਲ ਸਾਹਿਤਕਾਰ ਬਲਵਿੰਦਰ ਸਿੰਘ ਜੰਮੂ ਦੀ ਬਾਲ ਸਾਹਿਤ ਨਾਲ ਸਬੰਧਿਤ ਬਾਲ ਕਵਿਤਾਵਾਂ ਦੀ ਤੀਜੀ ਪੁਸਤਕ ਹੈ। ਲੇਖਕ ਦੀਆਂ ਇਸ ਤੋਂ ਪਹਿਲਾਂ ਬਾਲ ਸਾਹਿਤ ਦੀਆਂ ਦੋ ਪੁਸਤਕਾਂ 'ਮਿੱਤਰਾਂ ਨਾਲ ਬਹਾਰਾਂ' ਅਤੇ 'ਬਾਲ ਤਰੰਗਾਂ' ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹੱਥਲੀ ਪੁਸਤਕ 'ਚ ਲੇਖਕ ਦੀਆਂ 27 ਬਾਲ ਕਾਵਿ ਰਚਨਾਵਾਂ ਸ਼ਾਮਿਲ ਹਨ। ਬਲਵਿੰਦਰ ਸਿੰਘ ਜੰਮੂ ਦੀ ਲਿਖਣ ਖੂਬੀ ਇਹ ਹੈ ਕਿ ਉਹ ਬੱਚਿਆਂ ਦੀ ਮਾਨਸਿਕ ਅਵਸਥਾ ਨੂੰ ਵਾਚਦੇ ਹੋਏ ਉਨ੍ਹਾਂ ਦੇ ਹਾਣ ਦੀ ਸ਼ਬਦਾਵਲੀ ਆਪਣੀਆਂ ਬਾਲ ਕਾਵਿ ਰਚਨਾਵਾਂ 'ਚ ਮਣਕਿਆਂ ਵਾਂਗ ਪਰੋਂਦੇ ਹਨ ਜੋ ਬੱਚਿਆਂ ਨੂੰ ਆਪਣੇ ਵੱਲ ਖਿੱਚਦੀ ਪ੍ਰਤੀਤ ਹੁੰਦੀ ਹੈ। ਇਨ੍ਹਾਂ ਬਾਲ ਕਵਿਤਾਵਾਂ ਵਿਚੋਂ ਪਸ਼ੂ-ਪੰਛੀਆਂ, ਅਣਭੋਲ ਬਚਪਨ ਦੀਆਂ ਮਿੱਠੀਆਂ ਸ਼ਰਾਰਤਾਂ ਤੇ ਵਿੱਦਿਆ ਦੀ ਮਹੱਤਤਾ, ਦਾਦੀ ਮਾਂ ਦੀਆਂ ਬਾਤਾਂ ਦਾ ਨਿੱਘ ਮਹਿਸੂਸ ਹੁੰਦਾ ਹੈ :
ਰਾਜਾ ਰਾਣੀ ਜਾਂ ਹੋਰ ਕਹਾਣੀ।
ਜੋ ਵੀ ਆਉਂਦੀ ਤੁਹਾਨੂੰ ਜ਼ੁਬਾਨੀ।
ਛੇਤੀ ਕਰੋ ਦੇਰ ਨਾ ਲਗਾਓ।
ਦਾਦੀ ਜੀ ਕਹਾਣੀ ਸੁਣਾਓ। ਸਫਾ : 16
ਇਨ੍ਹਾਂ ਬਾਲ ਕਵਿਤਾਵਾਂ 'ਚ ਦੇਸ਼ ਪਿਆਰ ਦਾ ਜਜ਼ਬਾ ਤੇ ਮਾਨਵਤਾ ਦਾ ਪ੍ਰੇਮ ਡੁੱਲ-ਡੁੱਲ੍ਹ ਪੈਂਦਾ ਹੈ ਜੋ ਕਿ ਬੱਚਿਆਂ ਦਾ ਮਾਰਗ ਦਰਸ਼ਨ ਕਰਦਾ ਪ੍ਰਤੀਤ ਹੁੰਦਾ ਹੈ। ਇਸ ਬਾਲ ਕਾਵਿ-ਸੰਗ੍ਰਹਿ ਦੀਆਂ ਹੋਰ ਕਵਿਤਾਵਾਂ 'ਚ ਭੈਣ-ਭਰਾ, ਬਟੋਤ ਦੀ ਸੈਰ, ਦੋ ਭੈਣਾਂ, ਬੰਤੋ ਦੀ ਬੇਰੀ, ਮਾਂ ਬੋਲੀ ਦੇ ਰਖਵਾਲੇ, ਚਿੱਟੇ ਰੰਗ ਦਾ ਸੂਟ, ਨਵੀਂ ਕਾਰ, ਜਨਮ ਦਿਨ, ਚੋਣਾਂ ਦਾ ਦੌਰ, ਚੀਨੇ ਕਬੂਤਰ, ਬਾਂਦਰ ਆਇਆ , ਸਿਟੀ ਬੱਸ, ਬੱਤੀ ਦਾ ਕੱਟ, ਵਿਸਾਖੀ ਦਾ ਮੇਲਾ ਵੀ ਬੇਹੱਦ ਖੂਬਸੂਰਤ ਅਤੇ ਬਾਲ ਮਨਾਂ ਨੂੰ ਟੁੰਬਦੀਆਂ ਹਨ ਅਤੇ ਦੇਸ਼ ਪਿਆਰ ਦੀ ਭਾਵਨਾ ਦਾ ਪ੍ਰਗਟਾਅ ਕਰਦੀਆਂ ਜਾਪਦੀਆਂ ਹਨ :
ਸਾਡਾ ਦੇਸ਼ ਹੈ ਸਾਡੀ ਜਾਨ।
ਰੱਖਾਂਗੇ ਇਹ ਦੀ ਉੱਚੀ ਸ਼ਾਨ।
ਸਫ਼ਾ : 60
ਬਾਲ ਸਾਹਿਤ ਲੇਖਕ ਬਲਵਿੰਦਰ ਸਿੰਘ ਜੰਮੂ ਦੀਆਂ ਇਨ੍ਹਾਂ ਬਾਲ ਕਾਵਿ-ਰਚਨਾਵਾਂ ਬੱਚਿਆਂ ਨਾਲ ਇਕਮਿੱਕ ਹੁੰਦੀਆਂ ਜਾਪਦੀਆਂ ਹਨ। ਲੇਖਕ ਕੋਲ ਬਾਲ ਮਨਾਂ ਦੇ ਹਾਣ ਦੇ ਸੁਖਾਲੇ ਸ਼ਬਦਾਂ ਦਾ ਅਮੁੱਕ ਭੰਡਾਰ ਹੈ ਜੋ ਕਿ ਇਸ ਪੁਸਤਕ ਦੀਆਂ ਬਾਲ ਕਵਿਤਾਵਾਂ ਨੂੰ ਹੋਰ ਵੀ ਸੁਆਦਲਾ ਬਣਾਉਂਦਾ ਹੈ। ਇਨ੍ਹਾਂ ਕਵਿਤਾਵਾਂ ਨਾਲ ਢੁੱਕਵੇਂ ਡਿਜੀਟਲ ਚਿੱਤਰ ਇਸ ਪੁਸਤਕ ਨੂੰ ਹੋਰ ਸੁਹੱਪਣ ਬਖ਼ਸਦੇ ਹਨ। ਬਾਲ ਸਾਹਿਤ ਦੇ ਵਿਹੜੇ 'ਚ ਇਸ ਖ਼ੂਬਸੂਰਤ ਪੁਸਤਕ ਦਾ ਭਰਪੂਰ ਸਵਾਗਤ ਕਰਨਾ ਬਣਦਾ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 79860-63165
ਪਿੰਜਰੇ ਵਿੱਚ ਆਲ੍ਹਣਾ
ਲੇਖਕ : ਅਕਮਲ ਸ਼ਹਿਜ਼ਾਦ ਘੁੰਮਣ
ਲਿਪੀਅੰਤਰ : ਖਾਲਿਦ ਫਰਹਾਦ ਧਾਰੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ ਸਮਾਣਾ
ਮੁੱਲ : 195ਰੁਪਏ, ਸਫ਼ੇ : 112
ਸੰਪਰਕ : 99151-03490

ਲਹਿੰਦੇ ਪੰਜਾਬ ਦੇ ਰੰਗ ਵਾਲੀਆਂ ਇਨ੍ਹਾਂ ਕਹਾਣੀਆਂ ਵਿਚ ਕਹਾਣੀਕਾਰ ਨੇ 11 ਵੱਖੋ-ਵੱਖਰੇ ਵਿਸ਼ਿਆਂ ਨਾਲ ਸੰਬੰਧਿਤ ਕਹਾਣੀਆਂ ਪਾਠਕਾਂ ਦੇ ਰੂਬਰੂ ਕੀਤੀਆਂ ਹਨ ਜਿਨ੍ਹਾਂ ਵਿਚ ਗ਼ੈਰਤ ਦੇ ਮਸਲੇ, ਵੱਡੀਆਂ ਹਵੇਲੀਆਂ ਦੇ ਕੱਚ ਸੱਚ, ਵਤਨ ਵਾਪਸੀ ਦੇ ਸੁਪਨੇ, ਹਕੂਮਤਾਂ ਦੀ ਰਾਜਨੀਤੀ ਮਲੂਕ ਅਹਿਸਾਸਾਂ ਦਾ ਪਿੰਜਰਾ, ਬੰਦੇ ਅੰਦਰ ਵਸਦੇ ਬੰਦੇ ਦੀ ਮਾਨਸਿਕਤਾ ਆਦਿ ਨੂੰ ਵੱਖਰੇ ਲਹਿਜੇ ਵਿਚ ਬਿਆਨ ਕੀਤਾ ਹੈ। ਕਹਾਣੀਆਂ ਦਾ ਵਿਸ਼ਾ ਵਸਤੂ ਲਹਿੰਦੇ ਪੰਜਾਬ ਨੂੰ ਬਿਆਨਦਾ ਹੈ ਉਥੇ ਹੀ ਇਸ ਦਾ ਪਾਤਰ ਚਿਤਰਨ ਕਮਾਲ ਦਾ ਹੈ। ਕਾਹਲ ਵਿਚ ਲਿਖੀ ਕਹਾਣੀ ਵੱਡੇ ਘਰਾਂ ਦੀਆਂ ਛੁਪੀਆਂ ਸਚਾਈਆਂ ਨੂੰ ਬਿਆਨ ਕਰਦੀ ਹੈ ਉੱਥੇ ਹੀ ਕੁਰਲਾਟ ਕਹਾਣੀ ਵਤਨ ਤੋਂ ਦੂਰ ਵਸਦਿਆਂ ਆਪਣੇ ਵਤਨ ਵਾਪਸੀ ਲਈ ਤੜਪਦੀ ਰੂਹ ਦੀ ਕਹਾਣੀ ਹੈ ਜਿਸ ਵਿਚ ਮੁੱਖ ਪਾਤਰ ਬਾਲਾ ਸਭ ਕੁਝ ਹੋਣ ਦੇ ਬਾਵਜੂਦ ਵੀ ਆਪਣੇ ਵਤਨ ਲਈ ਤਰਸਦਾ ਹੈ ਤੇ ਉਸ ਦਾ ਇਹ ਤਰਸੇਵਾਂ ਉਸ ਦੀ ਲਾਸ਼ ਦੇ ਰੂਪ ਵਿਚ ਪਿੰਡ ਪਰਤਦਾ ਹੈ। ਕਹਾਣੀ ਦੱਸਦੀ ਹੈ ਕਿ ਬੰਦਾ ਕਿਤੇ ਵੀ ਹੋਵੇ ਪਰ ਪਿੰਡ ਉਸਦੇ ਅੰਦਰੋਂ ਕਦੇ ਨਹੀਂ ਨਿਕਲਦਾ ਤੇ ਪਿੰਡ ਵਾਪਸੀ ਲਈ ਉਹ ਹਮੇਸ਼ਾ ਤਰਸਦਾ ਹੈ। ਇਸੇ ਰੰਗ ਦੀ ਕਹਾਣੀ ਉਹ ਹੋੜੀਆ ਵੀ ਹੈ ਜਿਸ ਵਿਚ ਵੰਡ ਤੋਂ ਬਾਅਦ ਵੀ ਪਿੰਡ ਦੀ ਯਾਦ ਉਸੇ ਤਰ੍ਹਾਂ ਜਿਹਨ ਵਿਚ ਪਲਦੀ ਹੈ ਪਰ ਵਾਪਸੀ ਦੀ ਉਮੀਦ ਨਹੀਂ ਹੁੰਦੀ। ਪਿੰਡੋਂ ਸ਼ਹਿਰ ਆ ਕੇ ਵਸਦਿਆਂ ਸ਼ਹਿਰੀ ਰੰਗ ਢੰਗ ਅਪਣਾਉਂਦਿਆਂ ਬੰਦਾ ਕਿਸ ਤਰ੍ਹਾਂ ਪਿੰਜਰੇ ਵਿਚ ਹੀ ਆਪਣਾ ਆਲਣਾ ਬਣਾ ਉਸਨੂੰ ਆਪਣਾ ਘਰ ਬਣਾਉਂਦਾ ਹੈ ਇਹ ਕਹਾਣੀ ਪਿੰਜਰੇ ਵਿਚ ਆਲਣਾ ਰਾਹੀਂ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਕਹਾਣੀ ਵਿਚ ਘੁੱਗੀ ਅਤੇ ਕਬੂਤਰੀ ਦੇ ਰਾਹੀਂ ਪਿੰਜਰੇ ਨੂੰ ਮੈਟਾਫਰ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਅਸਲੀ ਬੰਦਾ ਕਹਾਣੀ ਬੰਦੇ ਦੀ ਅਸਲ ਪਹਿਚਾਣ ਅਤੇ ਉਸ ਪਹਿਚਾਣ ਲਈ ਅੰਦਰੋਂ ਅੰਦਰ ਕੀਤੀ ਜਾ ਰਹੀ ਮੁਸ਼ੱਕਤ ਦੀ ਗੱਲ ਕਰਦੀ ਹੈ ਜਿਸ ਵਿਚ ਮੁੱਖ ਪਾਤਰ ਆਪਣੀ ਪਹਿਚਾਣ ਬਾਰੇ ਜੂਝਦਾ ਹੈ ਅਤੇ ਪਰਵਾਸ ਵਿਚੋਂ ਵਤਨ ਵਾਪਸੀ ਕਰਦਾ ਹੈ। ਕਹਾਣੀ ਮੁਸਲਮਾਨ ਇਸ ਸੰਗ੍ਰਹਿ ਵਿਚ ਇਕਲੌਤੀ ਲੰਬੀ ਕਹਾਣੀ ਹੈ ਜਿਹੜੀ ਕਿ ਧਰਮ ਪਰਿਵਰਤਨ ਵਿਸ਼ੇ ਨੂੰ ਲੈ ਕੇ ਲਿਖੀ ਗਈ ਹੈ ਜਿਸ ਰਾਹੀਂ ਕਹਾਣੀਕਾਰ ਨੇ ਕਈ ਪਰਤਾਂ ਨੂੰ ਉਭਾਰਿਆ ਹੈ। ਕਹਾਣੀ ਦਾ ਮੁੱਖ ਪਾਤਰ ਧਰਮ ਪਰਿਵਰਤਨ ਰਾਹੀਂ ਆਪਣੇ ਆਪ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕਰਦਾ ਹੈ ਪਰ ਘਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਦਰਕਾਰੇ ਜਾਣ ਤੋਂ ਬਾਅਦ ਉਹ ਅਜਿਹੀ ਅਵਸਥਾ ਵਿਚ ਪਹੁੰਚ ਜਾਂਦਾ ਹੈ ਜਿੱਥੇ ਦੁਨੀਆ ਉਸ ਨੂੰ ਸਾਈਂ ਦਰਵੇਸ਼ ਦਾ ਦਰਜਾ ਦੇਣ ਤੱਕ ਜਾਂਦੀ ਹੈ ਪਰ ਅਸਲ ਵਿਚ ਉਹ ਅੰਦਰੋਂ ਇਸ ਕਦਰ ਟੁੱਟ ਚੁੱਕਿਆ ਹੁੰਦਾ ਹੈ ਕਿ ਦੁਨੀਆ ਨਾਲੋਂ ਹੀ ਟੁੱਟ ਜਾਂਦਾ ਹੈ। ਪੰਜਾਬੀ ਸਾਹਿਤ ਵਿਚ ਦਿੱਤੇ ਜਾਂਦੇ ਢਾਹਾਂ ਪੁਰਸਕਾਰ ਲਈ ਇਸ ਕਹਾਣੀ ਸੰਗ੍ਰਹਿ ਨੂੰ ਨਾਮਜ਼ਦ ਕੀਤਾ ਗਿਆ ਹੈ। ਕਹਾਣੀ ਸੰਗ੍ਰਹਿ ਸੱਚਮੁੱਚ ਮਾਨਣ ਯੋਗ ਹੈ ਜਿਹੜਾ ਲਹਿੰਦੇ ਪੰਜਾਬ ਦੇ ਕਈ ਪੱਖਾਂ ਨੂੰ ਵੱਖਰੇ ਮੈਟਾਫਰਾਂ ਰਾਹੀਂ ਪੇਸ਼ ਕਰਦਾ ਹੈ।
-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਓਨਾ ਬਹੁਤ ਸੀ...
ਲੇਖਕ : ਗੁਲ ਚੌਹਾਨ
ਪ੍ਰਕਾਸ਼ਨ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 184
ਸੰਪਰਕ : 98152-98459

'ਓਨਾ ਬਹੁਤ ਸੀ...' ਪੁਸਤਕ ਗੁਲ ਚੌਹਾਨ ਦੀ ਤਾਂ ਪੁਸਤਕ ਹੈ ਜਿਹੜੀ ਉਨ੍ਹਾਂ ਨੇ ਜਗਦੀਪ ਸਿੱਧੂ ਨੂੰ ਸਮਰਪਿਤ ਕੀਤੀ ਹੈ ਪੁਸਤਕ ਵੱਡ ਆਕਾਰੀ ਹੈ ਜਿਸ ਵਿਚ ਕਵੀ ਨੇ ਜ਼ਿੰਦਗੀ ਦੀਆਂ ਸੂਖਮ ਤੋਂ ਸੂਖਮ ਸਥਿਤੀਆਂ ਨੂੰ ਕਾਵਿ-ਬੱਧ ਕੀਤਾ ਹੈ। ਇਸ ਪੁਸਤਕ ਭੂਮਿਕਾ ਵਿਚ ਅਮਰਜੀਤ ਸਿੰਘ ਗਰੇਵਾਲ ਨੇ ਪੁਸਤਕ ਦੀ ਝਾਤ ਪਵਾਈ ਹੈ ਤੇ ਉਨ੍ਹਾਂ ਨੇ ਇਸ ਪੁਸਤਕ ਦੇ ਰਚਨਹਾਰ ਦੇ ਵਿਸ਼ਾਲ ਅਨੁਭਵ ਦੀ ਗੱਲ ਕੀਤੀ ਹੈ ਉਹ ਲਿਖਦੇ ਹਨ : 'ਗੁਲ ਚੌਹਾਨ ਤੁਹਾਡੇ ਵਿਚਾਰਾਂ ਨੂੰ ਵਿਚਾਰਧਾਰਾ ਤੋਂ ਮੁਕਤ ਨਹੀਂ ਕਰਾਉਂਦਾ ਮੌਤ ਦੀ ਅਰਥਹੀਣਤਾ ਤੇ ਇਕੱਲਤਾ ਦੇ ਭੈ ਤੋਂ ਵੀ ਮੁਕਤ ਕਰਵਾ ਦਿੰਦਾ ਹੈ ਉਸ ਦੀ ਕਵਿਤਾ ਪੜ੍ਹ ਕੇ ਫੋਕੀ ਨੈਤਿਕਤਾ ਅਤੇ ਇੱਜ਼ਤ ਦੇ ਚਲੇ ਜਾਣ ਦਾ ਡਰ ਸਤਾਉਣੋ ਹਟ ਜਾਂਦਾ ਹੈ। ਤੁਹਾਨੂੰ ਸਭ ਕੁਝ ਨਵੇਂ ਸਿਰਿਓਂ ਉਸਾਰਨ ਦੀ ਚਾਹਨਾ ਤੇ ਯੋਗਤਾ ਨਾਲ ਭਰ ਦਿੰਦਾ ਹੈ।'
ਇਸ ਕਾਵਿ ਪੁਸਤਕ ਵਿਚ ਕਵੀ ਨੇ ਪ੍ਰਕਿਰਤੀ ਨਾਲ ਵੀ ਮੋਹ ਪ੍ਰਗਟ ਕੀਤਾ ਹੈ ਉਹ ਪ੍ਰਕਿਰਤੀ ਨੂੰ ਮਨੁੱਖ ਦੀ ਅਜਿਹੀ ਸੰਗੀ ਸਮਝਦਾ ਹੈ ਜੋ ਮਨੁੱਖ ਜੀਵਨ ਵਿਚ ਉਸ ਦੀ ਬਦਲਾਵ ਲਿਆਉਂਦੀ ਹੈ। ਉਹ ਲਿਖਦੇ ਹਨ-
ਜੂਨ ਦੀ ਗਰਮੀ ਨੇ ਸਤਾਇਆ ਤਾਂ
ਜੁਲਾਈ ਦੇ ਬੱਦਲਾਂ ਆਪਣੀ ਛਤਰੀ ਤਾਣ ਦਿੱਤੀ
ਧਰਤੀ ਦੇ ਤਪਦੇ ਸਿਰ ਉਪਰ
ਅੰਬ ਜਾਣ ਲੱਗੇ ਰੇੜ੍ਹੀਆਂ ਤੋਂ ਕਿ ਮੰਡੀ ਭਰ ਗਈ ਸੇਬਾਂ ਨਾਲ..
ਕਵੀ ਨੇ ਕਰੋਨਾ ਵੇਲੇ ਦੀਆਂ ਬਹੁਤ ਸਾਰੀਆਂ ਭਾਵੁਕ ਕਿਸਮ ਦੀਆਂ ਰਚਨਾਵਾਂ ਲਿਖੀਆਂ ਹਨ। ਉਨ੍ਹਾਂ ਨੇ ਜ਼ਿੰਦਗੀ ਦੇ ਕਈ ਦਹਾਕੇ ਜਿਊਣ ਤੋਂ ਬਾਅਦ ਮਨੁੱਖ ਦੀ ਮਨੋ ਅਵਸਥਾ ਦਾ ਪ੍ਰਗਟਾਵਾ ਵੀ ਖ਼ੂਬਸੂਰਤੀ ਨਾਲ ਕੀਤਾ ਹੈ। ਰਿਸ਼ਤਿਆਂ ਦੇ ਅੰਦਰਲੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਹਨ, ਜਿਸ ਤਰ੍ਹਾਂ ਆਈ.ਸੀ.ਯੂ. ਵਿਚ ਮਾਂ ਕਵਿਤਾ ਬਹੁਤ ਹੀ ਭਾਵਪੂਰਤ ਕਵਿਤਾ ਹੈ। ਇਹ ਸਮੁੱਚੀਆਂ ਕਾਵਿ ਰਚਨਾਵਾਂ ਭਾਵੇਂ ਮੁਕਤ ਜਾਂ ਖੁੱਲ੍ਹੀਆਂ ਰਚਨਾਵਾਂ ਹਨ ਪਰ ਇਨ੍ਹਾਂ ਦੇ ਅੰਦਰ ਇਕ ਵਿਚਾਰਾਂ ਦੀ ਪਕਿਆਈ ਅਤੇ ਸੰਜੀਦਗੀ ਵੇਖੀ ਜਾ ਸਕਦੀ ਹੈ। ਕਵੀ ਨੇ ਆਪਣੇ ਮਨ ਦੀਆਂ ਤਲਖ਼ ਹਕੀਕਤਾਂ ਦਾ ਵੀ ਬਿਆਨ ਕੀਤਾ ਹੈ ਜੋ ਸ਼ਾਇਦ ਜ਼ਿੰਦਗੀ ਦੇ ਅਨੁਭਵਾਂ ਦੇ ਨਾਲ ਵਿਸ਼ਾਲ ਹੋ ਜਾਂਦੀਆਂ ਹਨ। ਬਦਲਦੇ ਸਮੇਂ ਨਾਲ ਸੋਸ਼ਲ ਮੀਡੀਆ ਦੀ ਸ਼ਬਦਾਵਲੀ ਵੀ ਕਵੀ ਦੇ ਕਾਵਿ-ਸੰਗ੍ਰਹਿ ਦਾ ਹਿੱਸਾ ਬਣੀ ਹੈ। ਫੇਸਬੁੱਕ ਫਰੈਂਡ ਕਵਿਤਾ ਵਿਚ ਕਵੀ ਨੇ ਇਸ ਤਰ੍ਹਾਂ ਦੇ ਭਾਵ ਪੇਸ਼ ਕੀਤੇ ਹਨ। ਇਸੇ ਤਰ੍ਹਾਂ ਹੀ ਦੀਵਾਲੀ ਬਾਜ਼ਾਰ ਵਿਚ ਤਿਉਹਾਰਾਂ ਦੀ ਬਦਲ ਰਹੀ ਰੂਪ ਰੇਖਾ ਨੂੰ ਕਵੀ ਨੇ ਬਿਆਨ ਕੀਤਾ ਹੈ। ਇਸ ਪੁਸਤਕ ਦੇ ਬਹੁਤ ਸਾਰੇ ਵਿਸ਼ੇ ਦਾਰਸ਼ਨਿਕ ਵੀ ਹਨ। ਕਵੀ ਜੀਵਨ ਦੇ ਛੋਟੇ ਛੋਟੇ ਪਲਾਂ ਨੂੰ ਰਹੱਸਮਈ ਢੰਗ ਨਾਲ ਪੇਸ਼ ਕਰਦਾ ਪਾਠਕ ਦੇ ਮਨ ਨੂੰ ਪ੍ਰਭਾਵਿਤ ਕਰਦਾ ਹੈ। ਕਈ ਚੀਜ਼ਾਂ ਨਹੀਂ ਮਰਦੀਆਂ ਕਵਿਤਾ ਵਿਚ ਮਾਂ ਦੇ ਮਰਨ ਤੋਂ ਬਾਅਦ ਵੀ ਮਾਂ ਦੇ ਪ੍ਰਤੀ ਅਹਿਸਾਸਾਂ ਦਾ ਨਾ ਮਰਨਾ ਬਹੁਤ ਭਾਵਪੂਰਤ ਹੈ :-
ਅੱਜ ਜਦੋਂ ਵੀ ਮੈਂ ਖਾਣ ਬਹਿੰਦਾ ਹਾਂ ਖਾਣਾ
ਘਰ ਹੋਵੇ ਜਾਂ ਬਾਹਰ ਕਿਤੇ ਵੀ ਲੱਭਦਾ ਹਾਂ ਸਵਾਦ ਮਾਂ ਦੇ ਹੱਥਾਂ ਦੀ ਬਣੀ ਰੋਟੀ ਦਾ ਉਹ ਮੱਠਾ ਮੱਠਾ ਸੇਕ ਉਹ ਸਹਿੰਦਾ ਸਹਿੰਦਾ ਲੂਣ ਉਹੀ ਉਹੀ ਅਨੁਪਾਤ ਲਾਲ ਮਿਰਚਾਂ ਦੀ।
ਇਸ ਤਰ੍ਹਾਂ ਗੁਲ ਚੌਹਾਨ ਜੀ ਦੀ ਇਹ ਕਾਵਿ ਰਚਨਾ ਪੁਸਤਕ ਬਦਲਦੇ ਯੁੱਗਾਂ ਦਾ ਇਕ ਅਜਿਹਾ ਪ੍ਰਗਟਾਵਾ ਹੈ ਜਿਸ ਵਿਚ ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਵਿਚ ਮਾਨਵਤਾ ਦੇ ਅੰਦਰ ਆਉਂਦੀਆਂ ਤਬਦੀਲੀਆਂ ਦਾ ਸਹਿਜ ਪ੍ਰਗਟਾਵਾ ਕੀਤਾ ਹੈ।
-ਪ੍ਰੋ. ਕੁਲਜੀਤ ਕੌਰ
ਬਸੰਤ ਕਾਵਿ ਰੰਗ
ਲੇਖਕ : ਹਰਭਜਨ ਸਿੰਘ ਖੇਮਕਰਨੀ
ਪ੍ਰਕਾਸ਼ਕ : ਕੇ. ਪਬਲੀਕੇਸ਼ਨਜ਼ ਬਰੇਟਾ, ਮਾਨਸਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98781-31525

'ਬਸੰਤ ਕਾਵਿ ਰੰਗ' ਹਰਭਜਨ ਸਿੰਘ ਖੇਮਕਰਨੀ ਦਾ ਰਚਿਆ 2024 ਈ. ਵਿਚ ਪ੍ਰਕਾਸ਼ਿਤ ਹੋਇਆ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਦੋ ਕਾਵਿ-ਸੰਗ੍ਰਹਿ, ਪੰਜ ਕਹਾਣੀ-ਸੰਗ੍ਰਹਿ, ਚਾਰ ਮਿੰਨੀ ਕਹਾਣੀ-ਸੰਗ੍ਰਹਿ ਅਤੇ ਗ਼ਜ਼ਲਾਂ ਦੀ ਇੱਕ ਪੁਸਤਕ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਹਿੰਦੀ ਵਿਚ ਵੀ ਉਸ ਦੀ ਇੱਕ ਲਘੂ-ਕਥਾ ਸੰਗ੍ਰਹਿ ਛਪ ਚੁੱਕੀ ਹੈ। ਹੱਥਲੀ ਕ੍ਰਿਤ ਵਿਚ ਕਵੀ ਨੇ ਸੱਠ ਕਵਿਤਾਵਾਂ, ਛੱਬੀ ਮਿੰਨੀ ਕਵਿਤਾਵਾਂ, ਨੌਂ ਧਾਰਮਿਕ ਕਵਿਤਾਵਾਂ, ਰੁਬਾਈਆਂ, ਬੋਲੀਆਂ ਅਤੇ ਟੱਪਿਆਂ ਨੂੰ ਸ਼ਾਮਿਲ ਕੀਤਾ ਹੈ। ਕਵੀ ਨੇ ਇਨ੍ਹਾਂ ਕਵਿਤਾਵਾਂ ਵਿਚ ਵਿਭਿੰਨ ਵਿਸ਼ਿਆਂ ਨੂੰ ਆਧਾਰ ਬਣਾਇਆ ਹੈ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਕਵੀ 'ਅਧਿਕਾਰ' ਕਵਿਤਾ ਵਿਚ ਲਿਖਦਾ ਹੈ-
'ਹਰੇਕ ਕਰਤਾ ਜਦ ਕੋਈ ਕਿਰਤ ਬਣਾਵੇ,
ਮੁੱਲ ਆਪ ਹੀ ਉਸ ਦਾ ਮਿੱਥਦਾ ਏ।
ਕਿਸਾਨ ਖੇਤ ਵਿਚ ਜੋ ਜਿਨਸ ਉਪਜਾਂਵਦਾ ਏ,
ਮੁੱਲ ਮਿੱਥਣ ਦਾ ਉਸ ਨੂੰ ਅਧਿਕਾਰ ਕਿਉਂ ਨਹੀਂ?'
ਕਵੀ 'ਸੱਚੋ ਸੱਚ' ਕਵਿਤਾ ਵਿਚ ਜਿੱਥੇ ਇਨਕਲਾਬੀਆਂ ਦੀ ਦ੍ਰਿੜ੍ਹਤਾ ਨੂੰ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕਰਨ ਵਿਚ ਸਫ਼ਲ ਰਿਹਾ ਹੈ, ਉੱਥੇ ਉਹ ਸੱਤਾਧਾਰੀ ਲੀਡਰਾਂ ਦੇ ਲਾਲਚੀ ਕਿਰਦਾਰ, ਝੂਠੇ ਦੰਭ ਨੂੰ ਵੀ ਚੁਰਾਹੇ ਵਿਚ ਨੰਗਾ ਕਰਦਾ ਹੈ।
'ਆਪਣਾ ਘਰ' ਕਵਿਤਾ ਰਾਹੀਂ ਕਵੀ ਆਪਣੇ ਘਰ ਦੇ ਮਹੱਤਵ ਨੂੰ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕਰਦਾ ਹੈ। ਇਸ ਦੇ ਨਾਲ ਹੀ ਉਹ ਇਹ ਵੀ ਕਹਿ ਰਿਹਾ ਹੈ ਕਿ ਜਿੱਥੇ ਇੱਕ ਕੰਮੀ ਕਿਰਤੀ ਕਿਸਾਨ ਦਿਨ ਭਰ ਦੀ ਹੱਡ ਭੰਨਵੀਂ ਮਿਹਨਤ ਕਰਕੇ ਰਾਤ ਨੂੰ ਗੂੜ੍ਹੀ ਨੀਂਦ ਸੌਂਦਾ ਹੈ, ਉੱਥੇ ਅਤਿ ਦੀ ਗਰਮੀ ਦੇ ਮੌਸਮ ਵਿਚ ਏ ਸੀ ਨਾਲ ਠੰਢੀ ਠਾਰ ਹੋਈ ਕੋਠੀ ਵਿਚ ਦਿਨ ਭਰ ਵਿਹਲਾ ਰਹਿਣ ਵਾਲਾ, ਦੂਜਿਆਂ ਦੇ ਹੱਕਾਂ ਉੱਤੇ ਡਾਕਾ ਮਾਰ ਕੇ ਆਪਣੀ ਕੋਠੀ ਉਸਾਰਨ ਵਾਲੇ ਨੂੰ ਚੈਨ ਦੀ ਨੀਂਦ ਨਹੀਂ ਆਉਂਦੀ-
'ਬਾਂਹ ਸਿਰਹਾਣੇ ਦੇ ਸੌਂਦਾ ਮਨੁੱਖ,
ਗੂੜ੍ਹੀ ਨੀਂਦ ਦਾ ਆਨੰਦ ਹੈ ਮਾਣਦਾ।
ਪਰ ਠੰਢਕ ਮਾਣ ਰਹੇ ਮਨੁੱਖ ਨੂੰ,
ਮਨ ਦੀ ਤਪਸ਼ ਉਨੀਂਦਰਾ ਰੱਖਦੀ।'
ਪੁਸਤਕ ਵਿਚ ਦਰਜ ਕੀਤੇ ਟੱਪੇ ਪਾਠਕ ਲਈ ਮਨੋਰੰਜਨ ਦਾ ਸੋਹਣਾ ਵਸੀਲਾ ਬਣਦੇ ਹਨ-
ਵੇਖ ਗੋਰੀਆਂ ਗੱਲ੍ਹਾਂ ਦੀ ਲਾਲੀ,
ਅੱਗ ਲੱਗੀ ਬੱਦਲਾਂ ਨੂੰ।... ...
ਇਸ ਪ੍ਰਕਾਰ ਹਰਭਜਨ ਸਿੰਘ ਖੇਮਕਰਨੀ ਨੇ ਕਾਵਿ ਦੇ ਵੱਖ-ਵੱਖ ਰੂਪਾਂ ਨੂੰ ਇਕੱਤਰ ਕਰਕੇ 'ਬਸੰਤ ਕਾਵਿ ਰੰਗ' ਰਚਨਾ ਪੰਜਾਬੀ ਪਾਠਕਾਂ ਦੀ ਝੋਲੀ ਪਾਈ ਹੈ। ਅਸੀਂ ਕਵੀ ਅਤੇ ਕ੍ਰਿਤ ਦਾ ਸੁਆਗਤ ਕਰਦੇ ਹਾਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਕੌਣ ਲਿਖੂ ਸਿਰਨਾਵਾਂ?
ਕਵੀ : ਡਾ. ਸੁਦਰਸ਼ਨ ਗਾਸੋ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 118
ਸੰਪਰਕ : 098962-01036

ਡਾ. ਸੁਰਦਰਸ਼ਨ ਗਾਸੋ ਦੀ ਨਵੀਂ ਕਾਵਿ-ਪੁਸਤਕ 'ਕੌਣ ਲਿਖੂ ਸਿਰਨਾਵਾਂ?' ਅਜਿਹੀ ਕਾਵਿ-ਪੁਸਤਕ ਹੈ ਜੋ ਪਾਠਕ ਦੀ ਮਾਨਸਿਕਤਾ ਵਿਚ ਪਹਿਲੀ ਨਜ਼ਰੇ ਪ੍ਰਸ਼ਨ ਖੜ੍ਹਾ ਕਰ ਦਿੰਦੀ ਹੈ ਕਿ ਇਹ ਕਿਹੜਾ ਸਿਰਨਾਵਾਂ ਹੋਵੇਗਾ ਜਿਸ ਦੀ ਕਵੀ ਆਪਣੀ ਕਵਿਤਾ ਵਿਚ ਬਾਤ ਪਾ ਰਿਹਾ ਹੈ। ਪਰ ਇਸ ਕਾਵਿ-ਸੰਗ੍ਰਹਿ ਨੂੰ ਪੜ੍ਹਦਿਆਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਇਹ ਸਿਰਨਾਵਾਂ ਅਸਲ ਵਿਚ ਜਾਗ੍ਰਿਤੀ ਦਾ ਸਿਰਨਾਵਾਂ ਜਿਸ ਦਾ ਚਾਨਣ ਸਾਡੀ ਮਾਨਸਿਕਤਾ ਵਿਚ ਮਾਨਵੀ ਗੁਣ ਉਜਾਗਰ ਕਰੇਗਾ ਜੋ ਸਾਡੀ ਵਿਗੜ ਰਹੀ ਅਤੇ ਨਿੱਘਰ ਰਹੀ ਸਮਾਜਿਕ ਵਿਵਸਥਾ ਲਈ ਮੋਢਾ ਦੇਣ ਦੇ ਤੁਲ ਹੋ ਕੇ ਇਸ ਦੇ ਸੁਧਾਰਨ ਵਿਚ ਭੂਮਿਕਾ ਨਿਭਾਵੇਗਾ। ਸੁਦਰਸ਼ਨ ਗਾਸੋ ਦੀ ਇਸ ਪੁਸਤਕ ਵਿਚ ਬਹੁਤ ਸਾਰੀਆਂ ਲਘੂ ਕਵਿਤਾਵਾਂ ਵਿਚ ਮੈਂ ਅਤੇ ਤੂੰ ਸੰਬੋਧਨੀ ਸ਼ਬਦ ਵਰਤ ਕੇ ਇਕ ਕਾਵਿਕ ਸੰਵਾਦ ਰਚਾਇਆ ਹੈ, ਜਿਸ ਵਿਚੋਂ ਮੁਹੱਬਤੀ ਅਹਿਸਾਸ ਪੈਦਾ ਹੁੰਦੇ ਹਨ। ਇਥੇ ਭਾਵੇਂ ਪ੍ਰਾਪਤੀ ਹੋਵੇ ਜਾਂ ਅਪ੍ਰਾਪਤੀ ਪਰ ਸ਼ੁਭ ਇੱਛਾ ਬਣੀ ਰਹਿੰਦੀ ਹੈ। ਕਵੀ ਦੀਆਂ ਇਸ ਕਾਵਿ-ਸੰਗ੍ਰਹਿ ਵਿਚ ਕੁਝ ਗੀਤਕ ਰਚਨਾਵਾਂ ਅਜਿਹੀਆਂ ਹਨ ਜਿਥੇ ਉਹ ਕਿਸੇ ਗੂੜ੍ਹ-ਭਾਸ਼ਾ ਦਾ ਇਸਤੇਮਾਲ ਨਾ ਕਰਕੇ ਆਮ ਪਾਠਕ ਦੀ ਪੱਧਰ 'ਤੇ ਆ ਕੇ ਕਾਵਿ-ਰਚਨਾਕਾਰੀ ਕਰਦਾ ਹੈ ਜਿਵੇਂ 'ਕਿਸਾਨ ਦੇ ਗੁਣ ਗਾ ਬੇਲੀਆ', 'ਕੁਦਰਤ ਦੇ ਸੰਗ ਗਾ ਬੇਲੀਆ', 'ਗੀਤ ਨਵਾਂ ਕੋਈ ਗਾ ਬੇਲੀਆ', 'ਕਵੀ! ਕੋਈ ਨਵੀਂ ਤਾਨ ਸੁਣਾ ਦੇ', 'ਗੀਤ ਸੁਭ੍ਹਾ ਦਾ ਗਾ ਬੇਲੀਆ' ਜਦੋਂ ਉਹ ਬੇਲੀਆ ਸ਼ਬਦ ਆਪਣੇ ਕਾਵਿਕ ਨਿਭਾਅ ਲਈ ਵਰਤਦਾ ਹੈ ਤਾਂ ਨਿੱਜ ਤੋਂ ਸਮੂਹ ਤੱਕ ਦਾ ਸਫ਼ਰ ਤਹਿ ਕਰਦਾ ਹੈ। ਸੁਦਰਸ਼ਨ ਗਾਸੋ ਦੀ ਕਵਿਤਾ ਵਿਚ 'ਸੂਰਜ' ਦਾ ਪ੍ਰਤੀਕ ਬਹੁਤ ਸਾਰੀਆਂ ਕਵਿਤਾਵਾਂ ਵਿਚ ਵਰਤਿਆ ਗਿਆ ਅਸਲ ਵਿਚ ਇਹ ਕਵਿਤਾ ਹਨੇਰੇ ਤੋਂ ਚਾਨਣ ਦੇ ਸਫ਼ਰ ਦੀ ਨਿਸ਼ਾਨਦੇਹੀ ਕਰਦਾ ਹੈ, ਇਸੇ ਕਰਕੇ ਹੀ ਉਹ ਸਿੱਖ ਗੁਰੂ ਸਾਹਿਬਾਨਾਂ ਅਤੇ ਭਗਤ ਸਿੰਘ ਵਰਗੇ ਕੁਰਬਾਨੀ ਦੇਣ ਵਾਲੇ ਯੋਧੇ ਪ੍ਰਤੀ ਵੀ ਆਪਣੀ ਸ਼ਰਧਾ ਅਤੇ ਨਮਨ ਪੇਸ਼ ਕਰਦਾ ਹੈ ਕਿਉਂਕਿ ਨਿਰਸਵਾਰਥ ਕਿਸੇ ਲਈ ਕੁਰਬਾਨ ਹੋਣਾ ਅੱਜ ਦੇ ਨਫ਼ਰਤੀ ਦੌਰ ਵਿਚ ਸੁਪਨਾ ਹੀ ਜਾਪਦਾ ਹੈ। ਪਰ ਕਵੀ ਸੰਘਰਸ਼ੀ ਲੋਕਾਂ ਦੀ ਕਤਾਰ ਵਿਚ ਖੜੋਣਾ ਚਾਹੁੰਦਾ ਹੈ:
ਉਹ ਅੱਖਰ ਹੀ ਹਮੇਸ਼ਾ ਜਗਦੇ ਮਘਦੇ
ਸੂਰਜ ਹੁੰਦੇ ਨੇ
ਜਿਨ੍ਹਾਂ ਨੂੰ ਰੌਸ਼ਨ ਦਿਮਾਗ਼ਾਂ ਨੇ
ਘੜਿਆ ਹੁੰਦੈ ਸਿਰਜਿਆ ਹੁੰਦੈ।
ਇਹੀ ਕਵੀ ਦਾ ਕਾਵਿ-ਸਿਧਾਂਤ ਵੀ ਹੈ, ਉਹ ਅਜਿਹੀ ਕਵਿਤਾ ਦੀ ਸਿਰਜਣਾ ਕਰਨੀ ਚਾਹੁੰਦਾ ਹੈ ਜੋ ਉਹ ਸਮਾਜ ਵਿਚੋਂ ਕੁਹਜ ਅਤੇ ਨਫ਼ਰਤ ਰੂਪੀ ਹਨੇਰਾ ਦੂਰ ਕਰਕੇ ਮੁਹੱਬਤੀ ਚਾਨਣ ਬਿਖੇਰੇ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਯਾਦਾਂ ਦੇ ਝਰੋਖੇ ਵਿਚ
ਜਰਨੈਲ ਸਿੰਘ ਅਤੇ ਜਨਤਕ ਲਹਿਰ
ਸੰਪਦਕ : ਸੋਹਣ ਸਹਿਜਲ
ਪ੍ਰਕਾਸ਼ਕ : ਪ੍ਰਬੁੱਧ ਭਾਰਤ ਫਾਊਂਡੇਸ਼ਨ ਅੰਬੇਡਕਰ ਸਕੂਲ, ਆਫ਼ ਥੌਟ, ਗੁਰਾਇਆ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 91151-75174

ਸੋਹਣ ਸਹਿਜਲ ਲੇਖਣੀ ਦੇ ਖੇਤਰ ਵਿਚ ਇਕ ਨਾਮਵਰ ਸ਼ਖ਼ਸੀਅਤ ਮੰਨੀ ਗਈ ਹੈ। ਉਸ ਦਾ ਕਾਵਿ-ਰੰਗ ਬਹੁਤ ਕਮਾਲ ਦਾ ਹੈ। ਉਨ੍ਹਾਂ ਵਿਚ ਦਲਿਤ ਸਮਾਜ ਤੇ ਦੁਸ਼ਵਾਰੀਆਂ ਦੀ ਦੁਹਾਈ ਪਾਉਂਦੀ ਇਕ ਹੂਕ ਲਗਦੀ ਹੈ। ਇਹ ਪੁਸਤਕ ਰੋਜ਼ਾਨਾ ਜਨਤਕ ਲਹਿਰ ਤੇ ਬੈਕਫੁੱਟ 'ਤੇ ਰਹੇ ਸੰਪਾਦਕ ਡਾ. ਜਰਨੈਲ ਸਿੰਘ ਤੇ ਕੇਂਦਰਿਤ ਹੈ। 39ਵੇਂ ਆਜ਼ਾਦੀ ਦਿਵਸ ਉੱਪਰ 15 ਅਗਸਤ, 1986 ਨੂੰ ਇਹ ਸਪਤਾਹਿਕ ਤੋਂ ਰੋਜ਼ਾਨਾ ਵਿਚ ਬਦਲ ਗਈ। ਡਾ. ਗੁਰਮੀਤ ਕੱਲਰ ਮਾਜਰੀ ਨੇ ਬੜੀ ਮਿਹਨਤ ਤੇ ਲਗਨ ਨਾਲ ਇਤਿਹਾਸਕ ਤੇ ਮਹੱਤਤਾ ਵਾਲੀ ਇਸ ਜਾਣਕਾਰੀ ਨੂੰ ਅੱਜ ਦੀ ਪੀੜ੍ਹੀ ਦੇ ਸਨਮੁੱਖ ਕਰਨ ਦਾ ਬਹੁਤ ਵੱਡਾ ਕਾਰਜ ਕੀਤਾ। ਦਲਿਤ ਸਮਾਜ ਨਾਲ ਸੰਬੰਧਿਤ ਲੇਖਕਾਂ, ਕਵੀਆਂ ਬਾਰੇ ਖੁੱਲ੍ਹ ਕੇ ਜ਼ਿਕਰ ਕੀਤਾ ਹੈ। ਇਸ ਅਖ਼ਬਾਰ ਦਾ ਮੁੱਖ ਮਕਸਦ ਦਲਿਤ ਸਮਾਜ ਵਿਚ ਚੇਤਨਤਾ ਲਿਆਉਣੀ ਜੋ ਬਹੁਜਨ ਸਮਾਜ ਦਾ ਇਕ ਦਰਪਣ, ਇਕ ਜ਼ੁਬਾਨ ਸੀ। ਇਸ ਨੇ ਡਾ. ਭੀਮ ਰਾਓ ਅੰਬੇਡਕਰ ਜੀ ਤੇ ਮਹਾਂਨਾਇਕ ਬਾਬੂ ਕਾਂਸੀਰਾਮ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਅਖ਼ਬਾਰ ਵਿਚ ਛਪੇ ਸੰਪਾਦਕੀਆਂ ਤੇ ਮੁੱਖ ਲੇਖਾਂ ਨੂੰ ਬੜੇ ਵਿਸਥਾਰ ਨਾਲ ਪੇਸ਼ ਕੀਤਾ ਹੈ। ਪ੍ਰਸਿੱਧ ਕਵੀਆਂ ਦੀਆਂ ਛਪੀਆਂ ਕਵਿਤਾਵਾਂ ਦੀਆਂ ਤਾਰੀਖਾਂ ਦਾ ਵੀ ਜ਼ਿਕਰ ਕੀਤਾ ਹੈ। ਅਖ਼ਬਾਰ ਵਿਚ ਦੂਜੀਆਂ ਅਖ਼ਬਾਰਾਂ ਦੀ ਤਰ੍ਹਾਂ ਹਰ ਤਰ੍ਹਾਂ ਦੀ ਸਮੱਗਰੀ ਦਿੱਤੀ ਜਾਣ ਲੱਗੀ। ਅਖ਼ਬਾਰ ਹਰ ਪਾਠਕ ਦਾ ਹਰਮਨ ਪਿਆਰਾ ਅਖ਼ਬਾਰ ਬਣ ਗਿਆ। ਮੁਢਲੀ ਜਾਣਕਾਰੀ ਅਨੁਸਾਰ ਜਰਨੈਲ ਸਿੰਘ ਦਾ ਜਨਮ 4 ਜਨਵਰੀ, 1948 ਨੂੰ ਪਿੰਡ ਲੱਲੀਆਂ ਕਲਾਂ (ਜਲੰਧਰ) ਵਿਚ ਹੋਇਆ। ਦਸਵੀਂ ਕਰਨ ਤੋਂ ਬਾਅਦ ਗਿਆਨੀ ਪਾਸ ਕੀਤੀ। ਮੈਡੀਕਲ ਕਾਲਜ ਤੋਂ ਫਾਰਮੇਸੀ ਵਿਚ ਡਿਪਲੋਮਾ ਕੀਤਾ, ਮਿਊਂਸੀਪਲ ਕਾਰਪੋਰੇਸ਼ਨ ਜਲੰਧਰ 'ਚ ਬਤੌਰ ਫਾਰਮਾਸਿਸਟ ਦੀ ਨੌਕਰੀ ਕੀਤੀ। ਅਖ਼ਬਾਰ ਦੀ ਪ੍ਰਿੰਟਰ, ਪਬਲਿਸ਼ਰ ਤੇ ਮਾਲਕ ਪਤਨੀ ਛਿੰਨੋ ਦੇਵੀ ਨੂੰ ਬਣਾਇਆ। 4 ਧੀਆਂ ਤੇ ਦੋ ਪੁੱਤਰਾਂ ਸਮੇਤ ਪੂਰਾ ਪਰਿਵਾਰ ਮਿਸ਼ਨ ਨੂੰ ਸਮਰਪਿਤ ਸੀ। ਉਸ ਦੇ ਪੁੱਤਰ ਰਵੀ ਕੁਮਾਰ ਤੇ ਸੋਨੂੰ ਧੀਆਂ ਜੀਤੀ, ਰੀਟਾ, ਮੰਜੂ ਅਤੇ ਕੋਮਲ ਸਾਰੇ ਹੀ ਅਖ਼ਬਾਰ ਦੇ ਕੰਮ ਵਿਚ ਹੱਥ ਵਟਾਉਂਦੇ। 18 ਮਈ, 2015 ਨੂੰ ਪਤਨੀ ਅਕਾਲ ਚਲਾਣਾ ਕਰ ਗਏ ਤੇ ਪਰਿਵਾਰ ਡਗਮਗਮਾ ਗਿਆ। ਅਖ਼ਬਾਰ ਵਿਚ ਮੁਢਲੇ ਸੰਪਾਦਕਾਂ ਬਾਰੇ ਡਾ. ਮਦਨ ਸਾਦਿਕ, ਛੋਟੂ ਰਾਮ ਕਲਸੀ, ਉਜਾਗਰ ਰਾਮ ਬੰਗੜ, ਚੰਦਰ ਮੋਹਣ ਮਹਿਮੀ ਦਾ ਵੀ ਜ਼ਿਕਰ ਆਉਂਦਾ ਹੈ। ਡਾ. ਜਰਨੈਲ ਸਿੰਘ ਦਾ ਅਖੀਰਲਾ ਸਮਾਂ ਬਹੁਤ ਤਰਯੋਗ ਰਿਹਾ ਹੈ। ਇਥੋਂ ਤੱਕ ਕਿ ਗੁੰਮਨਾਮ ਦੀ ਹਾਲਤ ਵਿਚ ਉਨ੍ਹਾਂ ਨੂੰ ਦੋ ਵੱਖ-ਵੱਖ ਬਿਰਧ ਆਸ਼ਰਮਾਂ 'ਚ ਵੀ ਰਹਿਣਾ ਪਿਆ। ਦੂਸਰੇ ਪਾਸੇ ਅਖ਼ਬਾਰ ਚਲਾਉਣ ਲਈ ਪੈਸੇ ਦੀ ਕਮੀ ਆਉਣ ਲੱਗੀ। ਹੋਇਆ ਕੀ ਅਖ਼ਬਾਰ ਜਨਵਰੀ, 2002 ਨੂੰ ਦਮ ਤੋੜ ਗਈ। ਇਸ ਦੇ ਮੁੱਖ ਕਾਰਨ ਪੰਨਾ 48 'ਤੇ ਜ਼ਿਕਰ ਵੀ ਕੀਤਾ ਗਿਆ ਹੈ। ਗੁਰਦਿਆਲ ਜੱਸਲ ਤੇ ਸੋਹਣ ਸਹਿਜਲ ਅੰਤ ਤੱਕ ਉਨ੍ਹਾਂ ਦੇ ਕਰੀਬੀਆਂ 'ਚੋਂ ਰਹੇ। ਆਖ਼ਿਰਕਾਰ ਇਹ 1 ਦਸੰਬਰ, 2023 ਇਹ ਅਣਥੱਕ ਜੋਧਾ ਵੀ ਸਾਥੋਂ ਵਿਛੜ ਗਿਆ। ਅਸੀਂ ਕਹਿ ਸਕਦੇ ਹਾਂ ਕਿ ਇਹ ਪੁਸਤਕ ਲੇਖਕਾਂ, ਪੱਤਰਕਾਰਾਂ ਲਈ ਇਕ ਰਾਹ ਦਸੇਰੇ ਦਾ ਕੰਮ ਕਰੇਗੀ। ਅਖ਼ਬਾਰ ਦੇ ਰਹਿ ਚੁੱਕੇ ਸੰਪਾਦਕ ਸੋਹਣ ਸਹਿਜਲ ਦੀਆਂ ਕਾਵਿ-ਤੁਕਾਂ ਪੁਸਤਕ ਨੂੰ ਪੜ੍ਹਨ ਲਈ ਪਾਠਕਾਂ ਨੂੰ ਉਕਸਾਉਂਦੀਆਂ ਹਨ।
-ਡੀ. ਆਰ. ਬੰਦਨਾ
ਮੋਬਾਈਲ : 94173-87003
ਵਿਸ਼ ਕੰਨਿਆ
ਲੇਖਕ : ਅਮਰੀਕ ਸਿੰਘ ਦੀਪ
ਅਨੁਵਾਦ : ਕੇਸਰਾ ਰਾਮ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀ ਦਿੱਲੀ
ਮੁੱਲ : 350 ਰੁਪਏ, ਸਫ਼ੇ : 136
ਸੰਪਰਕ : 87653-89718

ਅਮਰੀਕ ਸਿੰਘ ਦੀਪ ਉੱਤਰ ਪ੍ਰਦੇਸ਼ (ਭਾਰਤ) ਦਾ ਪ੍ਰਸਿੱਧ ਹਿੰਦੀ ਲੇਖਕ ਹੈ। ਉਸ ਦੇ 11 ਕਹਾਣੀ ਸੰਗ੍ਰਹਿ, ਦੋ ਲਘੂ ਕਥਾ ਸੰਗ੍ਰਹਿ, ਦੋ ਨਾਵਲ ਤੇ ਇਕ ਦਰਜਨ ਕਿਤਾਬਾਂ ਪੰਜਾਬੀ ਤੋਂ ਹਿੰਦੀ ਵਿਚ ਅਨੁਵਾਦ ਹਨ। ਫ਼ਿਲਮੀ ਦੁਨੀਆ ਵਿਚ ਵੀ ਉਸ ਦਾ ਨਾਂਅ ਬੋਲਦਾ ਹੈ ਤੇ ਰਾਂਚੀ ਦੂਰਦੂਰਦਸ਼ਨ 'ਤੇ ਉਸ ਦੀ ਇਕ ਟੈਲੀ ਫ਼ਿਲਮ ਵੀ ਬਣ ਚੁੱਕੀ ਹੈ। ਹਥਲੇ ਕਹਾਣੀ ਸੰਗ੍ਰਹਿ ਦਾ ਪੰਜਾਬੀ ਅਨੁਵਾਦਕ ਕੇਸਰਾ ਰਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਜ਼ਿਲ੍ਹਾ ਸਿਰਸਾ (ਹਰਿਆਣਾ) ਨਾਲ ਸੰਬੰਧ ਰੱਖਦਾ ਕੇਸਰਾ ਰਾਮ ਰਚਿਤ ਸਾਹਿਤ ਵਿਚ ਪੰਜ ਕਹਾਣੀ ਸੰਗ੍ਰਹਿ ਇਕ ਨਾਵਲ ਗੁਡੋ ਤੇ ਅਨੁਵਾਦ ਦੀਆਂ ਦਰਜਨ ਕਿਤਾਬਾਂ ਹਨ। ਕੇਸਰਾ ਰਾਮ ਇਸ ਵੇਲੇ ਦਿੱਲੀ ਪੰਜਾਬੀ ਭਵਨ ਦਾ ਨਿਰਦੇਸ਼ਕ ਹੈ। ਸਾਹਿਤ ਸਭਾ ਦਿੱਲੀ ਦੇ ਪ੍ਰਸਿਧ ਮੈਗਜ਼ੀਨ ਸਮਕਾਲੀ ਸਾਹਿਤ ਦਾ ਸੰਪਾਦਕ ਹੈ। ਉਹ ਢਾਹਾਂ ਪੁਰਸਕਾਰ 2020 ਦਾ ਕਹਾਣੀ ਜੇਰੂ ਸਾਹਿਤਕਾਰ ਹੈ। ਕਹਾਣੀ ਸੰਗ੍ਰਹਿ ਵਿਚ 11 ਲੰਮੀਆ ਕਹਾਣੀਆਂ ਹਨ। ਪੁਸਤਕ ਸਿਰਲੇਖ ਵਾਲੀ ਕਹਾਣੀ ਵਿਚ ਵਿਸ਼ ਕੰਨਿਆ ਸੋਸ਼ਲ ਮੀਡੀਆ ਦੇ ਰੂਪ





































































































.jpg)

.jpg)





.jpg)









































































