03-08-2025
ਵੱਡੇ ਤੜਕੇ ਦਾ ਸੁਪਨਾ
ਲੇਖਿਕਾ : ਡਾ ਸੁਰਿੰਦਰ ਕੌਰ ਚੌਹਾਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 220 ਰੁਪੲ, ਸਫ਼ੇ : 124
ਸੰਪਰਕ : 94177-45185
ਚਰਚਾ ਅਧੀਨ ਕਿਤਾਬ ਲੇਖਿਕਾ ਦਾ ਦੂਸਰਾ ਕਹਾਣੀ-ਸੰਗ੍ਰਹਿ ਹੈ। 'ਬੱਤੀਆਂ ਵਾਲਾ ਸ਼ਹਿਰ' ਉਸ ਦਾ ਪਹਿਲਾ ਕਹਾਣੀ-ਸੰਗ੍ਰਹਿ ਸੀ। ਇਸ ਪੁਸਤਕ ਵਿਚ 12 ਕਹਾਣੀਆਂ ਹਨ। ਲੇਖਿਕਾ ਅਧਿਆਪਕਾ ਰਹੀ ਹੈ ਤੇ ਕੁਝ ਸਮੇਂ ਤੋਂ ਕੈਨੇਡਾ ਰਹਿ ਰਹੀ ਹੈ। ਉਸ ਦੀਆਂ ਕਹਾਣੀਆਂ ਵਿਚ ਪੰਜਾਬ ਦੇ ਪਿੰਡਾਂ ਦਾ ਸੱਭਿਆਚਾਰ ਤੇ ਪਰਵਾਸੀ ਪੰਜਾਬੀਆਂ ਦੇ ਜੀਵਨ ਦੀ ਝਲਕ ਹੈ। ਕਹਾਣੀਆਂ ਦੇ ਵਿਸ਼ੇ ਨਿਰੋਲ ਸਮਾਜਿਕ ਹਨ। ਰਿਸ਼ਤਿਆਂ ਦੀ ਟੁੱਟ ਭੱਜ ਹੈ। ਵਿਦੇਸ਼ਾਂ ਵਿਚ ਪੰਜਾਬੀਆਂ ਦੀ ਸੰਘਰਸ਼ਮਈ ਜ਼ਿੰਦਗੀ ਦੀ ਦਾਸਤਾਨ ਹੈ। ਸੰਗ੍ਰਹਿ ਦੀ ਇਕ ਕਹਾਣੀ ਸਿੱਖ ਵਿਰਸੇ ਵਿਚੋਂ ਹੈ ---ਮੋਹਿ ਮਰਨੇ ਕਾ ਚਾਓ ਹੈ। ਜਿਸ ਵਿਚ ਲੇਖਿਕਾ ਨੇ ਭਾਈ ਮਹਾਂ ਸਿੰਘ, ਮਾਈ ਭਾਗੋ ਤੇ ਦਸਵੇਂ ਗੁਰੂ ਸਾਹਿਬ ਨੂੰ ਮਾਝੇ ਦੇ ਸਿੰਘਾਂ ਵਲੋਂ ਬੇਦਾਵਾ ਦੇ ਕੇ ਜਾਣ ਦਾ ਇਤਿਹਾਸ, ਸਿੰਘਾਂ ਦੀਆਂ ਸ਼ਹੀਦੀਆਂ, ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ (ਖਿਦਰਾਣੇ ਦੀ ਢਾਬ) ਤੇ ਮੁਗ਼ਲਾਂ ਨਾਲ ਹੋਈ ਜੰਗ ਦਾ ਜ਼ਿਕਰ ਹੈ।
ਪੁਸਤਕ ਸਿਰਲੇਖ ਵਾਲੀ ਪਹਿਲੀ ਕਹਾਣੀ ਵਿਚ ਦੋ ਬਜ਼ੁਰਗ ਔਰਤਾਂ ਦੀ ਵਾਰਤਾਲਾਪ ਹੈ ਜੋ ਬਿਰਧ ਆਸ਼ਰਮ ਵਿਚ ਰਹਿ ਰਹੀਆਂ ਹਨ। ਇਕ ਨੂੰ ਵੱਡੇ ਤੜਕੇ ਸੁਪਨਾ ਆਉਂਦਾ ਹੈ। ਉਹ ਸੁਪਨੇ ਦਾ ਜ਼ਿਕਰ ਆਪਣੀ ਸਾਥਣ ਕੋਲ ਕਰਦੀ ਹੈ। ਉਸ ਨੂੰ ਆਪਣੇ ਵਿਦੇਸ਼ ਗਏ ਪੁੱਤਰ ਦੀ ਯਾਦ ਆਉਂਦੀ ਹੈ। ਪਤੀ ਮਰ ਚੁੱਕਾ ਹੈ। ਪਰਦੇਸ ਬੈਠਾ ਪੁੱਤਰ ਮਾਂ ਨੂੰ ਪੈਸੇ ਭੇਜ ਕੇ ਸੁਰਖਰੂ ਹੋ ਜਾਂਦਾ ਹੈ। ਬਜ਼ੁਰਗ ਮਾਂ ਨਿਰਾਸ਼ ਹੋ ਜਾਂਦੀ ਹੈ। ਵਾਰਸ ਕਹਾਣੀ ਵਿਚ ਵੀ ਪੁਤਰ / ਨੂੰਹ ਦੇ ਵਤੀਰੇ ਤੋਂ ਦੁਖੀ ਹੋ ਕੇ ਬਜ਼ੁਰਗ ਪਾਤਰ ਪਿੰਡ ਵਿਚ ਇਕ ਮਿੱਤਰ ਕੋਲ ਜਾਂਦਾ ਹੈ। ਉਸ ਦਾ ਸੂਬੇਦਾਰ ਮਿੱਤਰ ਆਪਣਾ ਦੁੱਖ ਦਸਦਾ ਹੈ ਕਿ ਉਸ ਦੇ ਪੁੱਤਰ ਤਾਂ ਵਿਦੇਸ਼ ਵਿਚ ਹਨ। ਉਹ ਤਾਂ ਆਪ ਇਕੱਲਤਾ ਭਰੀ ਜ਼ਿੰਦਗੀ ਜੀ ਰਿਹਾ ਹੈ। ਸ਼ੁਕਰ ਕਰ ਤੇਰੇ ਬੱਚੇ ਤੇਰੇ ਕੋਲ ਤਾਂ ਹਨ। ਇਸ ਅਸਰ ਹੇਠ ਉਹ ਵਾਪਸ ਘਰ ਆ ਕੇ ਸਤਿਕਾਰ ਨਾਲ ਨੂੰਹ ਨੂੰ ਕਹਿੰਦਾ ਹੈ---ਜੀਤੀ ਰੋਟੀ ਨ੍ਹੀ ਬਣੀ ਪੁੱਤ ----ਉਹ ਭਾਈ ਜੇ ਦਾਲ ਨਹੀ ਬਣੀ ਤਾਂ ਚਟਨੀ ਨਾਲ ਹੀ ਲੈ ਆ। ਕਿਤਾਬ ਦੀਆਂ ਕਹਾਣੀਆਂ ਵਿਚ ਵੀ ਕਥਾ ਰਸ, ਦਿਲਚਸਪ ਘਟਨਾਵਾਂ ਪਾਤਰਾਂ ਦਾ ਗਹਿਰਾ ਸੰਵਾਦ, ਪੇਂਡੂ ਜੀਵਨ, ਪਰਵਾਸ ਦੀਆਂ ਮੁਸ਼ਕਲਾਂ, ਤਿੜਕਦੇ ਰਿਸ਼ਤੇ, ਪਰਿਵਾਰਕ ਮਸਲੇ, ਵਿਦੇਸ਼ਾਂ ਵਿਚ ਕੁੜੀਆ ਦਾ ਸ਼ੋਸ਼ਣ ਪੰਜਾਬ ਤੇ ਵਿਦੇਸ਼ੀ ਦੋ ਸੱਭਿਆਚਾਰਾਂ ਦਾ ਤਕਰਾਰ , ਘਟਨਾਵਾਂ ਦੇ ਤਿੱਖੇ ਮੋੜ ਤੇ ਹੋਰ ਬਹੁਤ ਕੁਝ ਹੈ। ਸੰਗ੍ਰਹਿ ਦੀਆਂ ਕਹਾਣੀਆਂ-- ਦੋ ਬੇੜੀਆਂ, ਸੰਤਾਪੀਆਂ ਰੂਹਾਂ, ਗਵਾਚੇ ਲੋਕ, ਜੰਗ ਜਾਰੀ ਰਹੇਗੀ, ਸੁਆਲੀਆ ਚਿੰਨ, ਆਖਰੀ ਫੇਰੀ ਪੜ੍ਹ ਕੇ ਰੂਹ ਖੁਸ਼ ਹੋ ਜਾਂਦੀ ਹੈ। ਡਾ ਸੁਰਿੰਦਰ ਕੁਮਾਰ ਦਵੇਸ਼ਵਰ ਤੇ ਮਨਜੀਤ ਕੌਰ ਔਲਖ ਨੇ ਪੁਸਤਕ ਬਾਰੇ ਪ੍ਰਭਾਵਸ਼ਾਂਲੀ ਵਿਚਾਰ ਲਿਖੇ ਹਨ। ਕਹਾਣੀ ਸੰਗ੍ਰਹਿ ਦਾ ਭਰਪੂਰ ਸਵਾਗਤ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਕਿੱਥੇ ਗਵਾਚ ਗਿਆ ਸਾਡਾ ਸੱਭਿਆਚਾਰ?
ਲੇਖਕ : ਕੁੰਦਨ ਲਾਲ ਭੱਟੀ
ਪ੍ਰਕਾਸ਼ਕ : ਸ਼ਾਈਨ ਬੁੱਕ ਪਬਲੀਸ਼ਿੰਗ, ਬਿਲਾਸਪੁਰ (ਛੱਤੀਸਗੜ੍ਹ)
ਮੁੱਲ : 390 ਰੁਪਏ, ਸਫ਼ੇ : 188
ਸੰਪਰਕ : 94785-90189
ਹਰ ਕੌਮ ਜਾਂ ਖਿੱਤੇ ਦੀ ਆਪਣੀ-ਆਪਣੀ ਸੱਭਿਆਚਾਰਕ ਪਛਾਣ ਹੁੰਦੀ ਹੈ। ਇਸ ਸੱਭਿਆਚਾਰਕ ਪਛਾਣ ਵਿਚੋਂ ਹੀ ਆਵਾਮ ਦੀ ਰਹਿਤਲ, ਰਸਮੋ-ਰਿਵਾਜ, ਖਾਣ-ਪੀਣ, ਮਨੋਰੰਜਨ, ਪਹਿਰਾਵਾ ਅਤੇ ਸੱਭਿਅਤਾ ਉੁੱਭਰ ਕੇ ਸਾਹਮਣੇ ਆਉਂਦੀ ਹੈ। ਸਾਹਿਤ ਜਗਤ ਵਿਚ ਭਿੰਨ-ਭਿੰਨ ਮੁਲਕਾਂ, ਪ੍ਰਾਂਤਾਂ, ਮਹਾਨਗਰਾਂ, ਨਗਰਾਂ ਅਤੇ ਪਿੰਡਾਂ ਆਦਿ ਦੇ ਸੱਭਿਆਚਾਰਕ ਵਰਤਾਰਿਆਂ ਬਾਰੇ ਪੁਸਤਕਾਂ ਲਿਖੀਆਂ ਜਾਂਦੀਆਂ ਹਨ, ਜੋ ਨਸਰ (ਵਾਰਤਕ) ਰੂਪ ਵਿਚ ਵਧੇਰੇ ਹੁੰਦੀਆਂ ਹਨ, ਪਰੰਤੂ ਪੰਜਾਬੀ ਸਾਹਿਤ ਦੇ ਜਾਣੇ-ਪਛਾਣੇ ਕਲਮਕਾਰ ਕੁੰਦਨ ਲਾਲ ਭੱਟੀ ਨੇ ਪੰਜਾਬੀ ਸੱਭਿਆਚਾਰ ਬਾਰੇ ਇਕ ਵੱਡਆਕਾਰੀ ਪੁਸਤਕ 'ਕਿੱਥੇ ਗਵਾਚ ਗਿਆ ਸਾਡਾ ਸੱਭਿਆਚਾਰ?' ਦੀ ਸਿਰਜਣਾ ਕਾਵਿ-ਰੂਪ ਵਿਚ ਕੀਤੀ ਹੈ, ਜਿਸ ਬਾਰੇ ਇਸ ਦੇ ਸਿਰਲੇਖ ਉਪਰ ਵਿਸ਼ੇਸ਼ ਤੌਰ 'ਤੇ ਅੰਕਿਤ ਕੀਤਾ ਗਿਆ ਹੈ ਕਿ ਇਹ ਪੰਜਾਬੀ ਭਾਸ਼ਾ ਵਿਚ 186 ਬੰਦਾਂ ਵਾਲਾ ਵਿਸ਼ਵ ਦਾ ਸਭ ਤੋਂ ਲੰਬਾ ਸਾਹਿਤਕ ਗੀਤ ਹੈ।
ਇਸ ਪੁਸਤਕ ਦੇ ਹਰ ਪੰਨੇ 'ਤੇ ਇਕ-ਇਕ ਬੰਦ ਅੰਕਿਤ ਕੀਤਾ ਗਿਆ ਹੈ। ਪਾਠਕ ਵਰਗ ਨੂੰ ਇਨ੍ਹਾਂ ਬੰਦਾਂ ਦੇ ਜ਼ਰੀਏ ਰਵਾਇਤੀ ਚੀਜ਼ਾਂ, ਸਰੋਤਾਂ ਅਤੇ ਉਨ੍ਹਾਂ ਦੇ ਇਸਤੇਮਾਲ ਕਰਨ ਦੀਆਂ ਵਿਧੀਆਂ ਬਾਰੇ ਸੁਆਲ ਪੁੱਛੇ ਗਏ ਹਨ। ਪੰਜਾਬ ਦੀ ਲੋਕਧਾਰਾਈ ਵਿਰਾਸਤ ਦੇ ਨਜ਼ਰੀਏ ਤੋਂ ਸੰਬੰਧਿਤ ਬੰਦਾਂ ਦੀ ਨਿਰਖ-ਪਰਖ ਕੀਤੀ ਜਾਵੇ, ਤਾਂ ਇਨ੍ਹਾਂ ਵਿਚ ਵੰਨ-ਸੁਵੰਨੇ ਕਿੱਤਿਆਂ, ਸੰਦਾਂ-ਸਾਧਨਾਂ ਆਦਿ ਦਾ ਵਰਣਨ ਵੱਡੀ ਮਾਤਰਾ ਵਿਚ ਪੇਸ਼ ਹੋਇਆ ਹੈ। ਚਾਟੀਆਂ, ਮਧਾਣੀਆਂ, ਭੱਤੇ, ਕੁੱਪ, ਗੀਰ੍ਹੇ, ਭੜੋਲੇ, ਤੰਦੂਰ, ਪਾਥੀਆਂ, ਤੌੜੀਆਂ, ਭੜੋਲੀਆਂ, ਭੇਲੀਆਂ, ਸੀਰਨੀ, ਕਨਾਤਾਂ, ਚਾਨਣੀਆਂ, ਝੰਡੀਆਂ, ਕਸੂਰੀ ਅਤੇ ਤਿੱਲੇਦਾਰ ਜੁੱਤੀ ਤੇ ਕੱਚੇ ਪਹਿਆਂ ਦੀ ਗੱਲ ਕੀਤੀ ਗਈ ਹੈ। ਲੋਕ ਸਾਹਿਤ ਅਤੇ ਬਾਲ ਸਾਹਿਤ ਦੇ ਮਹੱਤਵਪੂਰਨ ਰੂਪ ਬਾਤਾਂ, ਬੁਝਾਰਤਾਂ ਵਰਗੇ ਰੂਪਾਕਾਰਾਂ ਦਾ ਵਰਣਨ ਕਰਨ ਦੇ ਨਾਲ-ਨਾਲ ਭਾਂਤ ਸੁਭਾਂਤੇ ਗਹਿਣਿਆਂ ਜਿਵੇਂ, ਪਰਾਂਦੇ, ਕਲਿੱਪ, ਲੌਂਗ, ਸੱਗੀ ਫੁੱਲ, ਟਿੱਕਾ, ਨੱਥ, ਗੁਲੂਬੰਦ, ਤੜਾਗੀ, ਝਾਂਜਰਾਂ, ਬੁਗਤੀਆਂ, ਕੈਂਠਾ ਬਾਰੇ ਚਰਚਾ ਕੀਤੀ ਗਈ ਹੈ। ਸਾਹਾ, ਝਾਲਰਾਂ-ਪੱਖੀਆਂ, ਘੱਗਰੇ, ਫੁਲਕਾਰੀਆਂ, ਸਲਾਮੀਆਂ, ਪਿੱਪਲ-ਬੋਹੜ 'ਤੇ ਪੈਂਦੀਆਂ ਪੀਂਘਾਂ, ਦਿਨ ਤਿਉਹਾਰਾਂ ਤੇ ਵਿਆਹ-ਸ਼ਾਦੀਆਂ 'ਤੇ ਗਾਏ ਜਾਣ ਵਾਲੇ ਵੰਨ-ਸੁਵੰਨੇ ਗੀਤ, ਦੇਸੀ ਖੇਡਾਂ, ਸੰਧਾਰਾ, ਖੜਤਾਲਾਂ, ਤੂੰਬੀਆ ਦੇ ਵੰਨ-ਸੁਵੰਨੇ ਸਾਜ਼, ਵਰ੍ਹੀਣਾ, ਗੋਤ-ਕਨਾਲਾ, ਚੱਠੂ ਵੱਟਾ, ਸੁਰਮਚੂ, ਉਖਲੀ ਆਦਿ ਉਸ ਪੇਂਡੂ ਵਿਰਾਸਤ ਨਾਲ ਵੀ ਸੁਆਲ ਪੁੱਛੇ ਗਏ ਹਨ, ਜੋ ਵਰਤਮਾਨ ਸਮੇਂ ਦੀ ਮੁੱਠੀ ਵਿਚੋਂ ਰੇਤ ਵਾਂਗ ਕਿਰ ਕੇ ਰਹਿ ਗਈ ਹੈ। ਸੰਯੁਕਤ ਪਰਿਵਾਰਾਂ ਦਾ ਟੁੱਟਣਾ, ਸੁਪਨਾ ਬਣ ਕੇ ਰਹਿ ਗਏ ਅਨੇਕ ਰਿਸ਼ਤੇ-ਨਾਤਿਆਂ ਬਾਰੇ ਵੀ ਕਵੀ ਨੇ ਗਿਆਨ-ਪਰਖ ਕੀਤੀ ਹੈ। ਅਜਿਹੀ ਹੀ ਪ੍ਰਾਚੀਨ ਅਤੇ ਸੰਸਕ੍ਰਿਤਕ ਧਰੋਹਰ ਵਿਚੋਂ ਉਨ੍ਹਾਂ ਕਿੱਤਿਆਂ ਬਾਰੇ ਵੀ ਪੁੱਛਿਆ ਗਿਆ ਹੈ, ਜਿਨ੍ਹਾਂ ਬਾਰੇ ਨਵੀਂ ਪੀੜ੍ਹੀ ਬਿਲਕੁਲ ਅਣਭਿੱਜ ਹੈ। ਮੰਡੀਕਰਨ, ਪਦਾਰਥਵਾਦ ਅਤੇ ਗਲੋਬਲਾਈਜ਼ੇਸ਼ਨ ਕਾਰਨ ਖ਼ਤਮ ਹੋ ਗਏ ਅਨੇਕ ਕਿੱਤਿਆਂ ਨਾਲ ਵੀ ਰਿਸ਼ਤਿਆਂ ਦੀ ਸਾਂਝ ਨੂੰ ਬਿਆਨਿਆ ਗਿਆ ਹੈ। ਇਨ੍ਹਾਂ ਬਹੁਪੱਖੀ ਕਿੱਤਿਆਂ ਨਾਲ ਸੰਬੰਧਿਤ ਰਿਸ਼ਤਿਆਂ ਵਿਚ ਵੇਲਣਾ, ਸੂਬੇ ਬੇੜ ਵੱਟਣਾ, ਨਵਾਰਾਂ, ਮੂੜ੍ਹੇ, ਮੰਜੇ, ਮੰਜੀਆਂ, ਨਾਲੇ-ਪਰਾਂਦੇ, ਫੁਲਕਾਰੀਆਂ ਆਦਿ ਦਾ ਜ਼ਿਕਰ ਸ਼ਾਮਿਲ ਹੈ। ਮਿਣਤੀ ਦੇ ਪੈਮਾਨੇ ਗਜ਼, ਕਰਮ, ਵਿਸਵੇ ਆਦਿ ਬਾਰੇ ਵੀ ਸੁਆਲ ਦਰ ਸੁਆਲ ਹਨ ਅਤੇ ਖੇਤੀਬਾੜੀ ਅਰਥਚਾਰੇ ਨਾਲ ਸੰਬੰਧਿਤ ਲੱਜ, ਖੂਹ, ਬਲਦਾਂ ਦੇ ਗਲ ਟੱਲੀਆਂ, ਹਲ, ਹਲਟ, ਗਾਧੀ, ਮਾਲ੍ਹ, ਪਾੜਛੇ, ਜੋਤਾ, ਰੌਣੀ, ਸੁਹਾਗੀ, ਵੱਤਰ, ਫਲ੍ਹੇ, ਗੇਲੀਆਂ, ਮੁੰਨੀਆਂ, ਜੋਗ, ਪਰੈਣੀਆਂ ਆਦਿ ਦੇ ਨਾਲ-ਨਾਲ ਘਰੇਲੂ ਵਸਤਾਂ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਇਉਂ ਸਾਂਝੇ ਪੰਜਾਬ ਦੀ ਸੱਭਿਆਚਾਰਕ ਤਸਵੀਰ-ਕਸ਼ੀ ਕਰਦਾ ਹੋਇਆ ਕਵੀ ਇਸ ਨਿਰਣੇ 'ਤੇ ਪੁੱਜਦਾ ਹੈ ਕਿ ਅਜੋਕੀ ਤੇਜ਼ ਤੱਰਾਰ, ਪਦਾਰਥਵਾਦੀ ਅਤੇ ਕਾਹਲ ਭਰੀ ਜ਼ਿੰਦਗੀ ਨੇ ਮਨੁੱਖ ਵਿਚੋਂ ਸਹਿਜਤਾ, ਸਾਂਝੀਵਾਲਤਾ, ਭਾਈਚਾਰਕ ਮੁਹੱਬਤ ਅਤੇ ਸੱਭਿਅਕ ਜੀਵਨ-ਮੁੱਲਾਂ ਦਾ ਪਤਨ ਕਰ ਦਿੱਤਾ ਹੈ।
ਇਹ ਪੁਸਤਕ ਕੇਵਲ ਬੱਚਿਆਂ ਲਈ ਹੀ ਨਹੀਂ, ਸਗੋਂ ਵਡੇਰੀ ਉਮਰ ਦੇ ਉਨ੍ਹਾਂ ਪਾਠਕਾਂ ਲਈ ਵੀ ਗੁੰਮ ਚੁੱਕੀ ਵਿਰਾਸਤ ਉੱਪਰ ਪਿਛਲਝਾਤ ਪੁਆਉਂਦੀ ਹੈ, ਜਿਸ ਦੇ ਅਸਤਿੱਤਵ ਨੂੰ ਕੰਪਿਊਟਰ, ਮੋਬਾਈਲ ਅਤੇ ਟੀ.ਵੀ. ਨੇ ਬੀਤੇ ਸਮੇਂ ਦੀ ਗੱਲ ਬਣਾ ਕੇ ਰੱਖ ਦਿੱਤਾ ਹੈ। ਜੇਕਰ ਇਸ ਪੁਸਤਕ ਵਿਚ ਸ਼ਾਮਿਲ ਸਮੁੱਚੀ ਸਮੱਗਰੀ ਨਾਲ ਸੰਬੰਧਿਤ ਚਿੱਤਰ ਵੀ ਦਿੱਤੇ ਜਾਂਦੇ ਤਾਂ ਨਵੀਂ ਪੀੜ੍ਹੀ ਲਈ ਇਹ ਪ੍ਰਯਤਨ ਸੋਨੇ 'ਤੇ ਸੁਹਾਗੇ ਵਾਲਾ ਸਿੱਧ ਹੋਣਾ ਸੀ। ਖ਼ੈਰ, ਕੁੱਲ ਮਿਲਾ ਕੇ ਇਹ ਪੁਸਤਕ ਪੰਜਾਬ ਦੇ ਭੁੱਲੇ-ਵਿਸਰੇ ਸੱਭਿਆਚਾਰਕ ਵਰਤਾਰੇ ਦੀ ਗੱਲ ਕਰਦੀ ਹੈ। ਪੰਜਾਬ ਵਿਚ ਆਏ ਸੱਭਿਆਚਾਰਕ ਪਰਿਵਰਤਨ ਬਾਰੇ ਵੀ ਕਾਵਿ-ਪੁਸਤਕ ਲਿਖਣ ਦੀ ਲੋੜ ਭਾਸਦੀ ਹੈ। 'ਭੱਟੀ' ਕੋਲੋਂ ਅਜਿਹੀ ਉਮੀਦ ਰਹੇਗੀ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 9814423703
ਅੱਧੀ ਸਦੀ ਦਾ ਆਰ ਪਾਰ
ਲੇਖਕ : ਕੁਲਦੀਪ ਸਿੰਘ ਬੇਦੀ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 210
ਸੰਪਰਕ : 98760-95392
ਕੁਲਦੀਪ ਸਿੰਘ ਬੇਦੀ ਨੇ ਛੇ ਨਾਵਲ, ਤਿੰਨ ਕਹਾਣੀ-ਸੰਗ੍ਰਹਿ, ਇਕ ਸਫ਼ਰਨਾਮਾ ਅਤੇ ਇਕ ਸਵੈ-ਜੀਵਨੀ ਮਾਂ-ਬੋਲੀ ਦੀ ਝੋਲੀ ਵਿਚ ਪਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰੇਮ ਚੰਦ ਦੀਆਂ ਚੋਣਵੀਆਂ ਕਹਾਣੀਆਂ ਨੂੰ ਅਨੁਵਾਦ ਵੀ ਕੀਤਾ ਹੈ। ਪੇਸ਼ੇ ਵਜੋਂ ਕੁਲਦੀਪ ਸਿੰਘ ਬੇਦੀ ਪੱਤਰਕਾਰੀ ਨਾਲ ਜੁੜਿਆ ਹੋਇਆ ਲੇਖਕ ਹੈ। ਹੱਥਲੀ ਕਿਤਾਬ 'ਅੱਧੀ ਸਦੀ ਦੇ ਆਰ-ਪਾਰ' ਨੂੰ ਲੇਖਕ ਨੇ ਕੁੱਲ ਚਾਰ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਪੱਤਰਕਾਰੀ ਨਾਲ ਸੰਬੰਧਿਤ ਗੱਲਾਂ ਹਨ, ਦੂਜੇ ਭਾਗ ਵਿਚ ਅੱਖਰ ਤਸਵੀਰਾਂ ਦਾ ਤਕਨੀਕੀ ਵਿਕਾਸ ਅਤੇ ਫ਼ਿਲਮ ਇੰਡਸਟਰੀ ਬਾਰੇ ਦੱਸਿਆ ਹੈ। ਤੀਜੇ ਭਾਗ ਵਿਚ ਪੱਤਰਕਾਰੀ ਵਿਵਾਦਾਂ ਤੇ ਅਖ਼ਬਾਰਾਂ ਦੇ ਬਦਲੇ ਹੋਏ ਸਰੂਪ ਬਾਰੇ ਗੱਲ ਕੀਤੀ ਗਈ ਹੈ। ਚੌਥੇ ਤੇ ਆਖਰੀ ਭਾਗ ਵਿਚ ਆਪਣੇ ਸਿਰਜਣਾਤਮਕ ਸਫਰ ਬਾਰੇ ਦੱਸਿਆ ਹੈ। ਪੰਜਾਹ ਸਾਲਾਂ ਵਿਚ ਜੋ ਕੁਝ ਲੇਖਕ ਨੇ ਪੱਤਰਕਾਰੀ ਤੇ ਲੇਖਣ ਦੇ ਕਾਰਜ ਨਾਲ ਸੰਬੰਧਿਤ ਭਾਂਪਿਆ, ਉਸ ਬਾਰੇ ਕੁਲਦੀਪ ਸਿੰਘ ਬੇਦੀ ਨੇ ਆਪਣੇ ਜ਼ਿਹਨ ਵਿਚ ਆਈਆਂ ਗੱਲਾਂ ਦਾ ਨਿਰੀਖਣ ਕੀਤਾ ਹੈ। ਜੋ ਵੀ ਲੇਖਕ ਨੇ ਪੱਤਰਕਾਰੀ ਨਾਲ ਜੁੜਨ ਦਾ ਕਾਰਜ ਆਰੰਭ ਕੀਤਾ ਅਤੇ ਅੱਖਰਾਂ ਨਾਲ ਜੁੜਨ ਕਰਕੇ ਪੰਜਾਹ ਸਾਲਾਂ ਵਿਚ ਦੇਖਿਆ ਤੇ ਮਹਿਸੂਸ ਕੀਤਾ, ਉਸ ਬਾਰੇ ਬਾਰੀਕੀ ਨਾਲ ਦੱਸਣਾ ਚਾਹਿਆ ਹੈ। ਉਸ ਨੇ ਦੱਸਿਆ ਹੈ ਕਿ ਉਸ ਨੂੰ 'ਨਾ ਕਿਸੇ ਨਾਲ ਦੋਸਤੀ, ਨਾ ਕਿਸੇ ਨਾਲ ਵੈਰ' ਸੋਚ ਦੇ ਅਧੀਨ, ਜੋ ਵੀ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਨੂੰ ਲੋਕਾਂ ਸਾਹਮਣੇ ਲੈ ਕੇ ਆਉਣਾ ਲੇਖਕ ਦਾ ਹਾਸਿਲ ਹੈ। 1984 ਦੇ ਦੰਗਿਆਂ ਵਿਚ ਪੰਜਾਬ ਦੇ ਜੋ ਹਾਲਾਤ ਸਨ, ਸਾਰਾ ਪੰਜਾਬ ਤੜਫ ਰਿਹਾ ਸੀ, ਉਸ ਬਾਰੇ ਵੀ ਲੇਖਕ ਨੇ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਤੋਂ ਇਲਾਵਾ ਫ਼ਿਲਮ ਕੰਪਨੀ ਬਣਾਉਣ ਵਾਲਿਆਂ ਬਾਰੇ ਵੀ ਦੱਸਿਆ ਹੈ। ਪੱਤਰਕਾਰੀ ਦੇ ਵਿਵਾਦਾਂ ਬਾਰੇ ਵੀ ਲੇਖਕ ਨੇ ਆਪਣੀ ਇਸ ਪੁਸਤਕ ਵਿਚ ਖੁੱਲ੍ਹ ਕੇ ਚਰਚਾ ਕੀਤੀ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਤਲੀਆਂ ਹੇਠਲੀ ਅੱਗ
ਲੇਖਕ : ਅਜ਼ੀਜ਼ ਸਰੋਏ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 207
ਸੰਪਰਕ : 97791-23262
'ਤਲੀਆਂ ਹੇਠਲੀ ਅੱਗ' ਨਾਵਲ ਦਾ ਰਚੇਤਾ ਅਜੀਜ਼ ਸਰੋਏ ਹੈ ਜੋ ਕਿ ਨੌਜਵਾਨ ਨਾਵਲਕਾਰਾਂ ਦੀ ਕਤਾਰ ਵਿਚ ਹੈ। ਇਹ ਨਾਵਲ ਪੜ੍ਹ ਕੇ ਬਹੁਤ ਵਧੀਆ ਮਹਿਸੂਸ ਹੋਇਆ ਕਿ ਇੱਕ ਨੌਜਵਾਨ ਨਾਵਲਕਾਰ ਵੱਲੋਂ 47 ਦੇ ਦੁਖਾਂਤ ਬਾਰੇ ਲਿਖਿਆ ਗਿਆ ਹੈ। ਇਸ ਨਾਵਲ ਵਿਚ ਕੁੱਲ ਚਾਰ ਕਾਂਡ ਹਨ। ਇਹ ਨਾਵਲ ਪੰਜਾਬ ਵਿਚ ਹੋਏ ਅੱਤਵਾਦ ਦੇ ਕਾਲੇ ਦੌਰ ਦੀ ਯਾਦ ਦਵਾਉਂਦਾ ਹੈ ਕਿ ਉਸ ਸਮੇਂ ਔਰਤਾਂ ਕਿਵੇਂ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਸਨ ਤੇ ਨਿਮਨ ਕਿਰਸਾਨੀ ਵਰਗ 'ਤੇ ਇਸ ਦਾ ਕੀ ਅਸਰ ਹੋ ਰਿਹਾ ਸੀ। ਇਸ ਸਭ ਦਾ ਵਰਣਨ ਲੇਖਕ ਨੇ ਭਲੀਭਾਂਤ ਇਸ ਨਾਵਲ ਵਿਚ ਕੀਤਾ ਹੈ। ਇਸ ਨਾਵਲ ਵਿਚ ਲੇਖਕ ਨੇ ਸੰਨ 47 ਤੇ 84 ਦੇ ਦੁਖਾਂਤ ਬਾਰੇ ਯਾਦਗਾਰੀ ਬਿਰਤਾਂਤ ਸਿਰਜਿਆ ਹੈ ਨਾਵਲ ਦੀ ਸ਼ੁਰੂਆਤ ਵਿਚ ਦੱਸਿਆ ਗਿਆ ਹੈ ਕਿ ਭੀਰੀ ਨਾਂਅ ਦੀ ਇਕ ਮੁੱਖ ਪਾਤਰ ਹੈਜਿਸ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਉਸ ਨੂੰ ਵੱਡੀ ਮਾਤਾ ਦਾ ਦਰਜਾ ਦੇ ਕੇ ਉਸ ਦੀ ਸਮਾਧ ਬਣਾਉਣ ਦਾ ਜ਼ਿਕਰ ਹੈ। ਲੋਕ ਦੂਰੋਂ ਦੂਰੋਂ ਉਸ ਦੀ ਸਮਾਧ 'ਤੇ ਆਉਂਦੇ ਹਨ, ਮੱਥਾ ਟੇਕਦੇ ਹਨ ਤੇ ਮੇਲੇ ਲਗਦੇ ਹਨ। ਇਸ ਤੋਂ ਬਾਅਦ ਅਗਲੇ ਕਾਂਡ ਵਿਚ ਭੀਰੀ ਦੀ ਜੀਵਨ ਕਹਾਣੀ ਦਾ ਵਰਣਨ ਹੈ। ਭੀਰੀ ਨਾਂਅ ਦੀ ਔਰਤ ਨਾਵਲ ਦੀ ਮੁੱਖ ਪਾਤਰ ਹੈ ਜੋ ਨਿਮਨ ਕਿਰਸਾਨੀ ਤੇ ਮਜ਼ਦੂਰ ਵਰਗ ਨਾਲ ਸੰਬੰਧਿਤ ਹੈ ਇਹ ਨਾਵਲ ਮਜ਼ਦੂਰਾਂ ਦੀ ਦੁਰਦਸ਼ਾ ਨੂੰ ਭਲੀਭਾਂਤ ਬਿਆਨ ਕਰਦਾ ਹੈ ਨਾਵਲ ਵਿਚਲੀ ਪਾਤਰ ਭੀਰੀ ਜੋ ਕਿ ਰੱਜ ਕੇ ਸੋਹਣੀ ਹੁੰਦੀ ਹੈ ਲੋਕਾਂ ਦੀਆਂ ਭੈੜੀਆਂ ਨਜ਼ਰਾਂ ਦਾ ਸ਼ਿਕਾਰ ਹੁੰਦੀ ਹੈ ਪਰ ਫਿਰ ਵੀ ਉਹ ਸਭ ਦਾ ਬਹਾਦਰੀ ਨਾਲ ਮੁਕਾਬਲਾ ਕਰਦੀ ਹੈ। ਵਿਆਹੀ ਹੋਣ ਦੇ ਬਾਵਜੂਦ ਉਸ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਤੋਹਮਤਾਂ ਲਾਉਂਦੇ ਹਨ ਭੀਰੀ ਜੰਟੇ ਨਾਂਅ ਦੇ ਪਾਤਰ ਨਾਲ ਵਿਆਹੀ ਹੁੰਦੀ ਹੈ ਦੋਵਾਂ ਦਾ ਆਪਸ ਵਿਚ ਬਹੁਤ ਪਿਆਰ ਦਿਖਾਇਆ ਗਿਆ ਹੈ। ਉਨ੍ਹਾਂ ਦੀ ਜ਼ਿੰਦਗੀ ਠੀਕ ਠਾਕ ਚੱਲ ਰਹੀ ਹੁੰਦੀ ਹੈ ਪਰ ਅੱਤਵਾਦ ਦੀ ਦਹਿਸ਼ਤ ਵਿਚ ਜੰਟੇ ਤੇ ਭੀਰੀ ਦਾ ਪਰਿਵਾਰ ਖੇਰੂੰ ਖੇਰੂੰ ਹੋ ਜਾਂਦਾ ਹੈ। ਭੀਰੀ ਭੈੜੇ ਲੋਕਾਂ ਦੀਆਂ ਨਜ਼ਰਾਂ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ। ਜੰਟਾ ਤੇ ਉਸ ਦੇ ਬੱਚੇ ਇਕੱਲੇਪਨ ਦਾ ਦੁਖਾਂਤ ਭੋਗਦੇ ਹਨ। ਇਸ ਤਰ੍ਹਾਂ ਨਾਵਲ ਵਿਚ ਦੱਸਿਆ ਹੈ ਕਿ 47 ਦੇ ਦੌਰ ਵਿਚ ਭੀਰੀ ਵਰਗੀਆਂ ਅਨੇਕਾਂ ਔਰਤਾਂ ਨੂੰ ਆਪਣੀ ਇੱਜ਼ਤ ਤੇ ਪ੍ਰਾਣ ਤਿਆਗਣੇ ਪਏ ਸਨ। ਨਾਵਲ ਵਿਚਲੀ ਭਾਸ਼ਾ ਪੇਂਡੂ ਹੈ ਸਮਝਣ ਵਿਚ ਕਿਤੇ ਕਿਤੇ ਔਖਿਆਈ ਹੁੰਦੀ ਹੈ ਪਰ ਨਾਵਲ ਵਿਚ ਲੇਖਕ ਦਾ ਬਿਰਤਾਂਤ ਕਾਇਮ ਰਹਿੰਦਾ ਹੈ ਨਾਵਲ ਪੇਂਡੂ ਸਮਾਜ ਦੇ ਨਿਮਨ ਕਿਰਸਾਨੀ ਦੀ ਹਾਮੀ ਭਰਦਾ ਹੈ ਲੇਖਕ ਨੇ ਨਾਵਲ ਵਿਚ ਹਰ ਜਗਾ ਪ੍ਰਕ੍ਰਿਤੀ ਦਾ ਵਰਣਨ ਖੁੱਲ੍ਹ ਕੇ ਕੀਤਾ ਹੈ ਜਿਸ ਨਾਲ ਨਾਵਲ ਪ੍ਰਭਾਵਸ਼ਾਲੀ ਬਣਦਾ ਹੈ ਨਾਵਲ ਵਿਚ ਯਥਾਰਥਕ ਉਦਾਰਵਾਦੀ ਤੇ ਮਾਨਵਵਾਦੀ ਦ੍ਰਿਸ਼ਟੀ ਉਭਰਦੀ ਹੈ। ਸੋ ਇਹ ਨਾਵਲ 47 ਦੇ ਅੱਤਵਾਦੀ ਦੌਰ ਨੂੰ ਉਭਾਰਦਾ ਹੈ ਕਾਲੇ ਦਿਨਾਂ ਦੀ ਯਾਦ ਦਿਵਾਉਂਦਾ ਹੈ। ਇਹ ਨਾਵਲ ਪਾਠਕਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ ਤਾਂ ਜੋ ਉਸ ਸਮੇਂ ਦੀਆਂ ਘਟਨਾਵਾਂ ਤੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ।
-ਇੰਦਰਪ੍ਰੀਤ ਕੌਰ
ਮੋਬਾਈਲ : 98886-90280
ਗਿਆਰਾਂ ਭੱਟ ਸਾਹਿਬਾਨ
ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਨ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 198
ਸੰਪਰਕ : 98149-01254
ਸ਼ਹੀਦਾਂ ਦੇ ਸਿਰਤਾਜ ਅਤੇ ਬਾਣੀ ਦੇ ਬੋਹਿਥਾ ਸਤਿਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਵਿਚ ਗਿਆਰਾਂ ਭੱਟ ਕਵੀਆਂ ਦੀ ਬਾਣੀ ਨੂੰ ਯਥਾਯੋਗ ਸਥਾਨ ਦੇ ਕੇ ਆਪਣੀ ਅਦੁੱਤੀ ਸੰਪਾਦਨੀ-ਸੂਝ ਦਾ ਇਕ ਲਾਸਾਨੀ ਪ੍ਰਮਾਣ ਪੇਸ਼ ਕੀਤਾ ਹੈ। ਭਗਤ ਕਵੀਆਂ ਦੀ ਬਾਣੀ ਤਾਂ ਗੁਰੂ ਨਾਨਕ ਪਾਤਿਸ਼ਾਹ ਨੇ ਇਕੱਤਰ ਕਰ ਲਈ ਸੀ ਅਤੇ ਆਪਣੇ ਤੋਂ ਪਹਿਲਾਂ ਹੋ ਚੁੱਕੇ ਚਾਰ ਸਤਿਗੁਰਾਂ ਦੀ ਬਾਣੀ ਵੀ ਉਨ੍ਹਾਂ ਨੇ ਸੰਗ੍ਰਹਿਤ ਕਰਨੀ ਹੀ ਸੀ ਪਰ ਭੱਟ ਕਵੀਆਂ, ਸੱਤੇ ਬਲਵੰਡ ਵਰਗੇ ਗੁਰੂ ਘਰ ਦੇ ਰਬਾਬੀਆਂ ਦੇ ਸਵੱਈਆਂ ਅਤੇ ਵਾਰਾਂ ਆਦਿ ਨੂੰ ਇਸ ਮਹਾਨ ਗ੍ਰੰਥ ਵਿਚ ਸ਼ਾਮਿਲ ਕਰਕੇ ਆਪ ਨੇ ਸਪੱਸ਼ਟ ਕਰ ਦਿੱਤਾ ਕਿ ਸੰਪਾਦਨ ਕਲਾ ਕੀ ਹੁੰਦੀ ਹੈ? ਭਾਵੇਂ ਭੱਟ ਕਵੀਆਂ ਦੀ ਬਾਣੀ ਗੁਰਦੁਆਰਿਆਂ ਵਿਚ ਨਿਤਾਪ੍ਰਤੀ ਗਾਈ ਜਾਂਦੀ ਹੈ ਪਰ ਇਨ੍ਹਾਂ ਕਵੀਆਂ ਦੇ ਜੀਵਨ ਅਤੇ ਕਾਵਿ ਅਨੁਭਵ ਬਾਰੇ ਕੋਈ ਨਿੱਗਰ ਅਤੇ ਇਤਿਹਾਸਕ ਜਾਣਕਾਰੀ ਉਪਲਬਧ ਨਹੀਂ ਸੀ। ਪ੍ਰੋ. ਸਾਹਿਬ ਸਿੰਘ ਦੇ ਸਟੀਕਾਂ ਅਤੇ ਪ੍ਰੋ. ਪਦਮ ਸਾਹਿਬ ਦੀਆਂ ਪੁਸਤਕਾਂ ਵਿਚ ਹੀ ਮੁੱਢਲੀ ਜਾਣਕਾਰੀ ਉਪਲਬਧ ਸੀ। ਅਸੀਂ ਆਭਾਰੀ ਹਾਂ, ਸ. ਸੁਖਦੇਵ ਸਿੰਘ ਸ਼ਾਂਤ ਦੇ, ਜਿਨ੍ਹਾਂ ਨੇ ਭੱਟ ਕਵੀਆਂ ਬਾਰੇ ਇਕ ਮੁਕੰਮਲ ਮੋਨੋਗ੍ਰਾਫ਼ ਪ੍ਰਕਾਸ਼ਿਤ ਕਰਕੇ ਸਾਡੀ ਜਗਿਆਸਾ ਨੂੰ ਤ੍ਰਿਪਤ ਅਤੇ 'ਸ਼ਾਂਤ' ਕੀਤਾ ਹੈ। ਬੇਸ਼ੱਕ ਭਟ ਕਲਸਹਾਰ ਦੀ ਬਾਣੀ ਹੋਰ ਭੱਟ ਕਵੀਆਂ ਤੋਂ ਵੱਧ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਭੱਟ-ਬਾਣੀ ਦੇ ਹਰ ਖੰਡ ਵਿਚ ਸਭ ਤੋਂ ਮੁੱਢ ਵਿਚ ਸਥਾਨ ਮਿਲਿਆ ਹੈ ਪਰ 'ਸਿਰਲੇਖਾਂ' ਵਿਚ ਕੇਵਲ ਭੱਟ ਭਿਖੇ ਦਾ ਨਾਂਅ ਹੀ ਅੰਕਿਤ ਹੋਇਆ ਹੈ। ਸ਼ਾਂਤ ਸਾਹਿਬ ਨੇ ਭਾਈ ਗੁਰਦਾਸ ਅਤੇ ਬਾਵਾ ਸਰੂਪ ਦਾਸ ਭੱਲਾ (ਮਹਿਮਾ ਪ੍ਰਕਾਸ਼) ਦੇ ਹਵਾਲੇ ਨਾਲ ਦੱਸਿਆ ਹੈ ਕਿ ਭਾਈ ਭਿੱਖਾ ਹੀ ਇਨ੍ਹਾਂ ਭੱਟ ਕਵੀਆਂ ਦੇ ਮੁਖੀ ਸਨ ਅਤੇ ਉਸੇ ਦੀ ਅਗਵਾਈ ਵਿਚ ਭੱਟ ਕਵੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿਚ ਪੇਸ਼ ਹੋਏ ਸਨ ਅਤੇ ਫਿਰ ਗੁਰੂ-ਘਰ ਵਿਖੇ ਟਿਕੇ ਰਹੇ। ਇਹ ਭੱਟ 'ਕੌਸ਼ਿਸ਼' ਗੋਤ ਦੇ ਬ੍ਰਾਹਮਣ ਸਨ, ਜਿਨ੍ਹਾਂ ਦੇ ਵੱਡੇ-ਵਡੇਰੇ ਸਰਸਵਤੀ ਨਦੀ ਦੇ ਕਿਨਾਰੇ ਵਸਦੇ ਸਨ। 'ਆਦਿ ਗ੍ਰੰਥ' ਵਿਚ ਇਨ੍ਹਾਂ ਦੀ ਬਾਣੀ ਨੂੰ ਸਥਾਨ ਮਿਲਣਾ ਇਨ੍ਹਾਂ ਦੀ ਵਡਿਆਈ ਅਤੇ ਪ੍ਰਮਾਣਿਕਤਾ ਦਾ ਸੂਚਕ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਗਲੇਸ਼ੀਅਰ ਪਿਘਲ ਗਿਆ
ਲੇਖਕ : ਡਾ. ਕਰਮਜੀਤ ਸਿੰਘ ਨਡਾਲਾ
ਪ੍ਰਕਾਸ਼ਕ : ਨਵਰੰਗ ਪਬਲੀਕਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : 98151-86532
ਡਾ. ਕਰਮਜੀਤ ਸਿੰਘ ਨਡਾਲਾ ਦਾ ਦੂਜਾ ਕਹਾਣੀ ਸੰਗ੍ਰਹਿ 'ਗਲੇਸ਼ੀਅਰ ਪਿਘਲ ਗਿਆ' ਪਾਠਕ ਦੇ ਹੱਥ ਵਿਚ ਪਹੁੰਚ ਚੁੱਕਾ ਹੈ। ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 'ਮੈਂ ਕਿਉਂ ਜੀ ਰਿਹਾਂ' 2014 ਵਿਚ ਪ੍ਰਕਾਸ਼ਿਤ ਹੋਇਆ ਸੀ ਅਤੇ ਉਸ ਦੇ ਤਿੰਨ ਮਿੰਨੀ ਕਹਾਣੀ-ਸੰਗ੍ਰਹਿ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਹਥਲੀ ਪੁਸਤਕ ਉਸ ਦੀਆਂ ਛੇ ਕਹਾਣੀਆਂ 'ਤੇ ਅਧਾਰਿਤ ਹੈ। ਡਾਕਟਰੀ ਵਰਗ ਵਹਿਲ ਨਾ ਮਿਲਣ ਵਾਲੇ ਪੇਸ਼ੇ ਨਾਲ ਸੰਬੰਧ ਰੱਖਦੇ ਹੋਏ ਕਹਾਣੀ ਸਿਰਜਣ ਖੇਤਰ ਵਿਚ ਕ੍ਰਿਆਸ਼ੀਲ ਹੋਣਾ ਆਪਣੇ-ਆਪ ਵਿਚ ਇਕ ਪ੍ਰਾਪਤੀ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਦਾ ਬਿਰਤਾਂਤ ਮਾਨਵੀ ਸੰਕਟਾਂ ਦੇ ਆਲੇ-ਦੁਆਲੇ ਉੱਸਰਿਆ ਹੋਇਆ ਹੈ। ਸਮੱਸਿਆਵਾਂ ਨੂੰ ਝੱਲਦੇ, ਮਨੋ-ਸੰਕਟਾਂ ਵਿਚ ਵਿਚਰਦੇ ਪਾਤਰ ਸਮੱਸਿਆਵਾਂ ਦਾ ਹੱਲ ਲੱਭਣ ਵੱਲ ਰੁਚਿਤ ਹੁੰਦੇ ਹਨ ਪਰ ਆਰਥਿਕ ਥਪੇੜੇ ਝੱਲਦਿਆਂ ਗੁਰਬਤ ਲਾਲਸਾਵਾਂ ਦੇ ਸੰਕਟਾਂ ਵਿਚ ਹੋਰ ਵੱਧ ਖੁੱਭਦੇ ਜਾਂਦੇ ਹਨ। ਇਸ ਸੰਗ੍ਰਹਿ ਦੀਆਂ ਪਹਿਲੀਆਂ ਦੋ ਕਹਾਣੀਆਂ ਦੇਹੀ ਰਿਸ਼ਤਿਆਂ ਦੀ ਲਾਲਸਾ ਦੇ ਦੋ ਪੱਖ ਪੇਸ਼ ਕਰਦੀਆਂ ਕਹਾਣੀਆਂ ਹਨ। ਪਹਿਲੀ ਕਹਾਣੀ 'ਇਵੇਂ ਠੀਕ ਨਹੀਂ ਰੂਪਾ' ਦੀ ਰੂਪਾ ਗ਼ਰੀਬੀ ਦੀ ਜ਼ਿੰਦਗੀ ਤੋਂ ਤੰਗ ਆ ਕੇ ਥਾਣੇਦਾਰ ਨਾਲ ਦੇਹੀ ਰਿਸ਼ਤੇ ਕਾਇਮ ਕਰਦੀ ਹੈ ਤਾਂ ਕਿ ਐਸ਼ ਦੀ ਜ਼ਿੰਦਗੀ ਜੀਅ ਸਕੇ ਪਰ ਦੂਜੀ ਕਹਾਣੀ 'ਗਲੇਸ਼ੀਅਰ ਪਿਘਲ ਗਿਆ' ਦੀ ਨਿੰਮੋ ਵਿਦੇਸ਼ ਗਏ ਪਤੀ ਦੇ ਇੰਤਜ਼ਾਰ ਵਿਚ ਇਕੱਲਤਾ ਦੀ ਜ਼ਿੰਦਗੀ ਜੀਅ ਰਹੀ ਹੈ। ਉਸ ਦੀ ਸੱਸ ਦੇ ਰਿਸ਼ਤੇਦਾਰ ਥਾਣੇਦਾਰ ਅਰਜਨ ਦੇ ਵਰਗਲਾਉਣ 'ਤੇ ਉਹ ਉਸ ਦੇ ਸ਼ਿਕੰਜੇ ਵਿਚ ਫਸ ਜਾਂਦੀ ਹੈ। ਜਿਥੇ ਰੂਪਾ ਦਾ ਪਤੀ ਉਸ ਨੂੰ ਮੁਆਫ਼ ਕਰ ਅਪਣਾ ਲੈਂਦਾ ਹੈ ਉਥੇ ਨਿੰਮੋ ਖੁਦਕੁਸ਼ੀ ਕਰ ਲੈਂਦੀ ਹੈ। ਕੇਂਦਰਬਿੰਦੂ ਆਰਥਿਕਤਾ ਸੰਬੰਧੀ ਜਿਨਸੀ ਰਿਸ਼ਤੇ ਹੋਣ ਦੇ ਬਾਵਜੂਦ ਨੈਤਿਕਤਾ ਤੋਂ ਵੱਧ ਤਰਜੀਹ ਸਮੇਂ ਅਨੁਸਾਰ ਬਦਲਦੇ ਹਾਲਾਤਾਂ ਨੂੰ ਮਿਲਦੀ ਹੈ। 'ਬਣਵਾਸ' ਜਾਇਦਾਦ ਅਤੇ ਪੈਸੇ ਦੇ ਮੋਹ ਵਿਚ ਸਕੇ ਭਰਾ ਦੇ ਝੂਠੇ ਕਤਲ ਕੇਸ ਵਿਚ ਕੈਦ ਕੱਟ ਚੁੱਕੇ ਸੁੱਚਾ ਸਿੰਘ ਦੀ ਕਹਾਣੀ ਹੈ। ਜਦੋਂ ਕਿ 'ਲੰਮੀ ਪਤਝੜ' ਸ਼ਾਰਦਾ ਤੇ ਪ੍ਰੀਤਮ ਦੀ ਪ੍ਰੇਮ ਕਹਾਣੀ ਹੈ। ਸ਼ਾਰਦਾ ਦੇ ਵਿਯੋਗ ਵਿਚ ਮਾਨਸਿਕ ਸੰਤਾਪ ਹੰਢਾ ਰਹੇ ਪ੍ਰੀਤਮ ਦਾ ਕਿਰਦਾਰ ਮਨੋਵਿਗਿਆਨਕ ਢੰਗ ਨਾਲ ਘੜਿਆ ਗਿਆ ਹੈ। ਕਹਾਣੀ 'ਅੰਦਰਲਾ ਮਹਾਂਭਾਰਤ' ਇੱਕ ਬਹੁਪਰਤੀ ਕਹਾਣੀ ਹੈ। ਇਕ ਅਣਚਾਹੀ ਮੁਹੱਬਤ ਨੂੰ ਅਪਣਾਉਣ ਦਾ ਬਿਰਤਾਂਤ, ਦੂਜਾ ਦਿੱਲੀ ਦੰਗਿਆਂ ਕਾਰਨ ਉਜੜੇ ਘਰਾਂ ਦੀ ਦਾਸਤਾਨ ਅਤੇ ਫਿਰ ਆਪਣੀ ਪਹਿਲੀ ਮੁਹੱਬਤ ਦੁਆਰਾ ਅਪਣਾਏ ਜਾਣ ਦੀ ਸੰਤੁਸ਼ਟਤਾ ਇਸ ਕਹਾਣੀ ਦੀਆਂ ਪਰਤਾਂ ਬਣਦੀਆਂ ਹਨ। ਇਸ ਸੰਗ੍ਰਹਿ ਦੀ ਅੰਤਿਮ ਕਹਾਣੀ 'ਮਰੀਜ਼ੇ' ਕੋਰੋਨਾ ਸਮੇਂ ਦੀਆਂ ਮੁਸ਼ਕਿਲਾਂ ਦੇ ਬਿਰਤਾਂਤ ਦੀ ਕਹਾਣੀ ਹੈ। ਕਹਾਣੀਕਾਰ ਨੇ ਖੰਡਿਤ ਬਿਰਤਾਂਤ ਲਈ ਪਿਛਲਝਾਤ ਤਕਨੀਕ ਵਰਤੀ ਹੈ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਪਾਗਲ ਕੀਤਾ ਹੋਇਆ ਏ
ਸ਼ਾਇਰ : ਬੰਟੀ ਉੱਪਲ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਲੁਧਿਆਣਾ
ਮੁੱਲ : 375, ਸਫ਼ੇ : 112
ਸੰਪਰਕ : 95016-60416
ਬੰਟੀ ਉੱਪਲ ਪੰਜਾਬੀ ਸ਼ਾਇਰ ਹੈ ਜੋ ਪਿਛਲੇ ਕਰੀਬ ਡੇਢ ਦਹਾਕੇ ਤੋਂ ਇੰਗਲੈਂਡ ਜਾ ਵਸਿਆ ਸੀ। ਭਾਵੇਂ ਉਹ ਆਪਣੀ ਮਿੱਟੀ, ਆਪਣੀ ਧਰਤੀ ਤੇ ਜੰਮਣ ਭੋਇੰ ਤੋਂ ਦੂਰ ਜਾ ਵਸਿਆ, ਪਰ ਉਸ ਦੇ ਖਾਸੇ ਵਿਚ ਅਤੇ ਆਤਮਾ ਵਿਚ ਪੰਜਾਬੀ ਸੱਭਿਆਚਾਰ ਸਮਾਇਆ ਰਿਹਾ। ਉਹ ਪੰਜਾਬ ਵਿਚ ਵੀ ਪੰਜਾਬੀ ਗੀਤਕਾਰੀ ਨਾਲ ਨੇੜਿਉਂ ਜੁੜਿਆ ਰਿਹਾ ਹੈ। ਇਸ ਪੁਸਤਕ ਵਿਚ ਕਰੀਬ 87 ਗ਼ਜ਼ਲਾਂ ਹਨ। ਛੋਟੇ ਬਹਿਰਾਂ, ਛੰਦਾਂ ਵਿਚ ਉਸ ਨੇ ਕਮਾਲ ਦੀਆਂ ਗੱਲਾਂ ਕੀਤੀਆਂ ਹਨ। ਆਮ ਕਰਕੇ ਲਹਿੰਦੇ ਪੰਜਾਬ ਵਿਚ ਪੰਜਾਬੀ ਦੇ ਸ਼ਾਇਰ ਐਸੀ ਸ਼ਾਇਰੀ ਕਰਦੇ ਹਨ। ਉੱਪਲ ਉੱਤੇ ਵੀ ਉਸੇ ਸ਼ਾਇਰੀ ਦਾ ਅਸਰ ਹੈ। ਪੰਜਾਬੀ ਗ਼ਜ਼ਲ ਦੀ ਉਮਰ ਏਸੇ ਲਈ ਲੰਮੀ ਹੈ ਕਿਉਂਕਿ ਉਸ ਨੂੰ ਨਵੇਂ ਖੂਨ ਦਾ ਵਰਦਾਨ ਹਾਸਿਲ ਰਹਿੰਦਾ ਹੈ। ਇਹ ਗ਼ਜ਼ਲ ਹੀ ਹੈ ਜਿਸ ਨੇ ਪੰਜਾਬੀ ਵਿਚ ਆਪਣਾ ਸਥਾਨ ਬੜੀ ਜਲਦੀ ਬਣਾ ਲਿਆ। ਉਹ ਕਿਹੜਾ ਕਵੀ ਹੈ ਜਿਸ ਨੇ ਗ਼ਜ਼ਲ ਨਾ ਸਿਰਜੀ ਹੋਵੇ? ਬੰਟੀ ਉੱਪਲ ਦੀ ਪ੍ਰਤਿਭਾ ਵੀ ਗ਼ਜ਼ਲ ਸਿਰਜਣ ਪ੍ਰਤੀ ਹੈ। ਉਸ ਨੇ ਨਿੱਕੇ-ਨਿੱਕੇ ਬਹਿਰਾਂ ਵਿਚ ਵੱਡੀਆਂ ਗੱਲਾਂ ਕਹੀਆਂ ਹਨ। ਉਸ ਦੇ ਕਈ ਸ਼ਿਅਰ ਸਪਾਟ ਜ਼ਰੂਰ ਹਨ ਪਰ ਮਨੋਰੰਜਕ ਬਹੁਤ ਹਨ। ਉਹ ਕਾਫ਼ੀਏ ਜੋੜਨ ਦਾ ਵੱਲ ਜਾਣਦਾ ਹੈ। ਪ੍ਰਸਿੱਧ ਗ਼ਜ਼ਲ ਆਲੋਚਕ ਸਮਸ਼ੇਰ ਮੋਹੀ ਤਾਂ ਇਸ ਪੁਸਤਕ ਦੀ ਭੂਮਿਕਾ ਵਿਚ ਬੰਟੀ ਨੂੰ 'ਪੰਜਾਬੀ ਗ਼ਜ਼ਲ ਦੇ ਅੰਬਰ ਦਾ ਨਵਾਂ ਸਿਤਾਰਾ' ਕਹਿੰਦਾ ਹੈ। ਆਓ ਉਸ ਦੇ ਨਵੇਕਲੇ ਸ਼ਿਅਰਾਂ ਦੀ ਖ਼ੂਬਸੂਰਤੀ ਮਾਣਦੇ ਹਾਂ :
-ਉਹੀ ਰੰਡੀ ਰੋਣਾ ਹੈ ਬੱਸ,
ਦਸ ਮਿਲਿਆ ਕੀ ਬਦਲਾਵਾਂ ਤੋਂ।
-ਅੱਖਾਂ ਦੇ ਵਿਚ ਅੱਖਰ ਛਪਗੇ,
ਪੜ੍ਹ ਲਈ ਐਨੀ ਵਾਰੀ ਚਿੱਠੀ।
-ਉੱਡਦੀ ਨਾ ਗੱਲ ਐਵੇਂ ਤੇ,
ਕੁਝ ਨਾ ਕੁਝ ਤਾਂ ਹੋਇਆ ਹੁੰਦੈ।
-ਧਰਤੀ ਰੋਈ ਅੰਬਰ ਰੋਇਆ,
ਮਾਰ ਕੇ ਮੈਨੂੰ ਖੰਜਰ ਰੋਇਆ।
-ਕਿਹੜੀ ਉਮਰੇ ਮੇਲੇ ਹੋਏ,
ਜਦ ਰੁਪਏ ਤੋਂ ਧੇਲੇ ਹੋਏ।
-ਹੌਲੀ ਗੱਲ ਕਰੋ ਕੰਧ ਭੈੜੀ,
ਖੋਲ੍ਹੀ ਬੈਠੀ ਕੰਨ ਲਗਦੀ ਏ।
-ਤੂੰ ਸ਼ੀਸ਼ਾ ਮੈਂ ਪੱਥਰ ਆਪਣਾ ਮੇਲ ਨਹੀਂ,
ਤੂੰ ਦੱਖਣ ਮੈਂ ਉੱਤਰ ਆਪਣਾ ਮੇਲ ਨਹੀਂ।
ਇਨ੍ਹਾਂ ਗ਼ਜ਼ਲਾਂ ਵਿਚ ਸ਼ਿਅਰ ਕਟਾਖਸ਼ ਕਰਦੇ ਹਨ ਅਤੇ ਗੱਲਾਂ ਥੱਲੇ ਨੱਪ ਕੇ ਗੱਲ ਕਰਦੇ ਹਨ। ਨਵੀਂ ਕਿਸਮ ਦੀ ਸ਼ਾਇਰੀ ਨੂੰ ਜੀ ਆਇਆ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਵਰ੍ਹਿਆਂ ਪਿੱਛੋਂ
ਲੇਖਕ : ਵਰਿਆਮ ਸਿੰਘ ਸੰਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 275 ਰੁਪਏ, ਸਫ਼ੇ : 144
ਸੰਪਰਕ : 98726-02296
'ਵਰ੍ਹਿਆਂ ਪਿੱਛੋਂ' ਪੰਜਾਬੀ ਦੇ ਬਹੁ ਵਿਧਾਈ ਲੇਖਕ ਵਰਿਆਮ ਸਿੰਘ ਸੰਧੂ ਦਾ 2025 ਈ. ਵਿਚ ਪ੍ਰਕਾਸ਼ਿਤ ਹੋਇਆ ਕਾਵਿ-ਸੰਗ੍ਰਹਿ ਹੈ। ਮੂਲ ਰੂਪ ਵਿਚ ਸੰਧੂ ਪੰਜਾਬੀ ਸਾਹਿਤ ਵਿਚ ਸਥਾਪਤ ਇਨਕਲਾਬੀ ਕਹਾਣੀਕਾਰ ਹੈ। ਪੰਜਾਬੀ ਤੋਂ ਇਲਾਵਾ ਉਸ ਦੀਆਂ ਕਹਾਣੀਆਂ ਹਿੰਦੀ, ਅੰਗਰੇਜ਼ੀ ਅਤੇ ਸ਼ਾਹਮੁਖੀ ਲਿੱਪੀ ਵਿਚ ਵੀ ਛਪ ਚੁੱਕੀਆਂ ਹਨ। ਹਥਲੀ ਪੁਸਤਕ 'ਵਰ੍ਹਿਆਂ ਪਿੱਛੋਂ' ਨੂੰ ਕਵੀ ਨੇ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਉਸ ਦੀਆਂ ਪਿਛਲੇ ਦੋ ਤਿੰਨ ਸਾਲਾਂ ਵਿਚ ਸਿਰਜੀਆਂ ਤੀਹ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਦੂਜੇ ਭਾਗ ਵਿਚ ਲਗਪਗ ਪੰਜਾਹ ਸਾਲ ਪਹਿਲਾਂ ਰਚੀਆਂ ਛੱਬੀ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਕਵਿਤਾਵਾਂ ਵਿਚ ਤਤਕਾਲੀ ਸਮਾਜਿਕ, ਰਾਜਨੀਤਕ, ਸੱਭਿਆਚਾਰਕ ਅਤੇ ਸਾਹਿਤਕ ਪਰਿਸਥਿਤੀਆਂ ਨੂੰ ਵਿਸ਼ਾ ਬਣਾਇਆ ਗਿਆ ਹੈ। ਕਵਿਤਾ ਵਿਚ ਬਿੰਬ ਤੇ ਪ੍ਰਤੀਕ ਦੀ ਸਿਰਜਣਾ ਕਰਨ ਸਮੇਂ ਕਵੀ ਦੀ ਸ਼ਬਦ ਚੋਣ ਬਾਕਮਾਲ ਹੈ-
'ਸੂਰਜ, ਸਾਗਰ, ਫੁੱਲ ਕਿ ਖ਼ਬਰੇ ਖ਼ਾਬ ਹਾਂ,
ਆਪਣੀ ਗੁਫ਼ਾ 'ਚ ਉੱਡਦਾ ਹੋਇਆ ਉਕਾਬ ਹਾਂ।
ਛੋਹ ਬਿਨ ਜਿਸ ਦੀ ਹਿੱਕ ਵਿਚ ਨਗ਼ਮੇ ਸੌਂ ਗਏ,
ਨਾਨਕ ਤੇ ਮਰਦਾਨੇ ਬਿਨਾਂ ਰਬਾਬ ਹਾਂ।
ਸੜ ਜਾਵਣਗੇ ਹੋਂਠ ਕਿਸੇ ਨਾ ਚੁੰਮਿਆਂ,
ਮਘਦਾ ਵਾਂਗ ਅੰਗਾਰੇ ਕੇਹਾ ਗ਼ੁਲਾਬ ਹਾਂ।'
ਅੱਜ ਦੇ ਦੌਰ ਵਿਚ ਬਹੁਤੇ ਨੌਜਵਾਨ ਅਤੇ ਮੁਟਿਆਰਾਂ ਰੋਜ਼ੀ ਰੋਟੀ ਲਈ ਮਜਬੂਰੀ ਵੱਸ ਵਿਦੇਸ਼ਾਂ ਨੂੰ ਵਹੀਰਾਂ ਘੱਤ ਰਹੇ ਹਨ। ਇਸ ਕਰਕੇ ਮਾਪੇ ਆਪਣੇ ਹੱਥੀਂ ਬਣਾਏ ਆਲ੍ਹਣੇ ਛੱਡ ਕੇ ਵਿਦੇਸ਼ੀ ਧਰਤੀ 'ਤੇ ਆਪਣੇ ਧੀਆਂ ਪੁੱਤਰਾਂ ਨਾਲ ਰਹਿਣ ਲਈ ਮਜਬੂਰ ਹਨ। ਪਰੰਤੂ ਆਪਣੇ ਹੱਥੀਂ ਬਣਾਏ ਘਰ ਵਿਚਲਾ ਮੋਹ ਹਰ ਵਕਤ ਉਨ੍ਹਾਂ ਦੇ ਚੇਤਿਆਂ ਵਿਚ ਸਮਾਇਆ ਰਹਿੰਦਾ ਹੈ। 'ਜਲੰਧਰ ਸ਼ਹਿਰ ਵਿਚਲਾ ਘਰ' ਕਵਿਤਾ ਵਿਚ ਕਵੀ ਨੇ ਇਹੋ ਭਾਵ ਸਿਰਜੇ ਹਨ-
'ਆਪਣੇ ਜੀਆਂ ਨੂੰ ਵਾਰੀ ਵਾਰੀ
ਹੱਥੀਂ ਤੋਰ ਕੇ,
ਘਰ ਅੱਜ-ਕੱਲ੍ਹ ਬਹੁਤ
ਇਕੱਲਾ ਰਹਿ ਗਿਆ ਹੈ।'
'ਇਹਨੂੰ ਹੁਣ ਕੌਣ ਸਮਝਾਵੇ,
ਘਰਾਂ ਨੂੰ ਪਰਤਣਾ,
ਸਦਾ ਮਾਲਕਾਂ ਦੇ ਵੱਸ ਵਿਚ ਨਹੀਂ ਹੁੰਦਾ,
ਹਾਲਾਤ ਦੇ ਵੱਸ ਵਿਚ ਹੁੰਦਾ ਹੈ।'
ਸੱਤਾਧਾਰੀਆਂ ਵੱਲੋਂ ਸਰਮਾਏਦਾਰਾਂ ਦੀ ਪਿੱਠ 'ਤੇ ਖੜ੍ਹਨਾ, ਕੰਮੀਆਂ ਕਿਰਤੀਆਂ ਕਿਸਾਨਾਂ ਦੀ ਸੰਘੀ ਨੱਪਣ ਤੱਕ ਲੁੱਟ ਦੇ ਇਸ ਵਰਤਾਰੇ ਸੰਬੰਧੀ ਕਵੀ 'ਲਾਲੋਆਂ ਦਾ ਯਾਰ' ਕਵਿਤਾ ਰਾਹੀਂ ਸਿੱਧਾ ਵੰਗਾਰਦਾ ਹੈ-
'ਤੇਰੇ ਉੱਚੇ ਉੱਚੇ ਮਹਿਲ
ਤੇਰੇ ਪਾਪਾਂ ਦੀ ਨਿਸ਼ਾਨੀ,
ਤੁਸਾਂ ਲੋਟੂਆਂ ਨੇ ਖਾ ਲਈ
ਮੇਰੇ ਦੇਸ਼ ਦੀ ਜੁਆਨੀ,
ਲੈਣੀ ਹੱਕ ਦੀ ਬੰਦੂਕ ਪੈਂਦੀ ਹੱਥ 'ਚ,
ਨਾ ਗੱਲ ਜਦੋਂ ਵੱਸ ਦੀ ਰਹੇ।
ਲਾਲੋਆਂ ਦਾ ਯਾਰ ਦੇ ਕੇ ਭਾਗੋ ਨੂੰ ਵੰਗਾਰ, ਗੱਲ ਸੱਚ ਦੀ ਕਹੇ।'
ਇਸ ਪ੍ਰਕਾਰ ਵਰਿਆਮ ਸਿੰਘ ਸੰਧੂ ਨੇ ਭਾਵੇਂ ਵਰ੍ਹਿਆਂ ਪਿੱਛੋਂ ਹੀ ਆਪਣੀ ਕ੍ਰਿਤ 'ਵਰ੍ਹਿਆਂ ਪਿੱਛੋਂ' ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈ ਹੈ। ਪਰੰਤੂ ਆਪਣੇ ਪਹਿਲੇ ਕਾਵਿ-ਸੰਗ੍ਰਹਿ ਰਾਹੀਂ ਹੀ ਉਹ ਸਥਾਪਤੀ ਦੇ ਵਿਰੋਧ ਵਿਚ ਖੜ੍ਹੋਤਾ ਦਿਖਾਈ ਦਿੰਦਾ ਹੈ। ਮੈਂ ਸਮਝਦਾਂ ਕਿ ਪੰਜਾਬੀ ਕਾਵਿ ਦੇ ਰਸੀਏ ਇਸ ਰਚਨਾ ਦਾ ਭਰਪੂਰ ਸੁਆਗਤ ਕਰਨਗੇ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 94276-85020
ਜੀਵਨ ਦਾ ਮੂਲ ਮੰਤਰ
ਮੂਲ ਲੇਖਕ : ਸਵੇਟ ਮਾਰਡਨ
ਅਨੁਵਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98146-28027
ਵਿਚਾਰਧੀਨ ਪੁਸਤਕ ਸਵੇਟ ਮਾਰਡਨ ਵਲੋਂ ਆਪਣੇ ਅਨੁਭਵ ਦੇ ਆਧਾਰ 'ਤੇ ਉੱਤਮ-ਪੁਰਖੀ ਸ਼ੈਲੀ ਵਿਚ ਸਿਰਜੀ ਗਈ ਹੈ। ਉਸ ਨੇ ਆਪ ਵੀ ਸਾਧਾਰਨ ਪਰਿਵਾਰ ਵਿਚ ਜਨਮ ਲੈ ਕੇ ਸਾਧਾਰਨ ਸਕੂਲ ਵਿਚੋਂ ਵਿੱਿਦਆ ਪ੍ਰਾਪਤ ਕਰਕੇ, ਹਾਰਵਰਡ ਮੈਡੀਕਲ ਸਕੂਲ ਤੋਂ ਬੋਸਟਨ ਯੂਨੀਵਰਸਿਟੀ ਆਫ਼ ਲਾਅ ਤੱਕ ਦਾ ਪੈਂਡਾ ਤਹਿ ਕਰਕੇ, ਖ਼ੁਸ਼ਹਾਲੀ ਦਾ ਜੀਵਨ ਬਿਤਾਉਂਦਿਆਂ ਆਪਣੇ ਅਸਤਿਤਵ ਨੂੰ ਬੁਲੰਦ ਕੀਤਾ ਹੈ। ਉਸ ਨੇ ਆਪਣੀ ਮਿਹਨਤ ਨਾਲ ਆਪਣੀ ਹੋਂਦ (ਬੀਇੰਗ) ਨੂੰ ਸ਼ਾਨਦਾਰ ਹੋਣੀ (ਬਿਕਮਿੰਗ) ਵਿਚ ਪਰਿਵਰਤਤ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ। ਹਥਲੀ ਪੁਸਤਕ ਵਿਚ ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ 13 ਕਾਂਡਾਂ ਵਿਚ ਵਿਆਖਿਆ ਕੀਤੀ ਹੈ। ਸਾਰੇ ਲੇਖ ਲਗਭਗ ਅਜਿਹੇ ਵਿਸ਼ਿਆਂ 'ਤੇ ਕੇਂਦਰਤ ਹਨ ਜਿਵੇਂ ਸੰਪਤੀ ਦੇ ਮਾਲਕ ਕਿਵੇਂ ਬਣੀਏ?, ਅਮੀਰ ਕਿਵੇਂ ਬਣੀਏ?, ਅਪ੍ਰਾਪਤ ਨੂੰ ਪ੍ਰਾਪਤ ਕਿਵੇਂ ਕਰੀਏ? ਆਦਿ। ਸਵੇਟ ਮਾਰਡਨ ਦਾ ਕਹਿਣਾ ਹੈ ਕਿ ਜੀਵਨ ਵਿਚ ਸਫ਼ਲਤਾ ਅਤੇ ਪ੍ਰਸੰਨਤਾ ਪ੍ਰਾਪਤ ਕਰਨ ਲਈ ਮਨ ਦੀ ਇਕਾਗਰਤਾ, ਦ੍ਰਿੜ੍ਹ ਵਿਸ਼ਵਾਸ, ਆਤਮ-ਵਿਸ਼ਵਾਸ, ਆਤਮ-ਪ੍ਰਗਟਾਵਾ, ਪ੍ਰਮਾਤਮਾ ਵਿਚ ਵਿਸ਼ਵਾਸ ਕੀਤੇ ਹੋਏ ਪ੍ਰਣ ਵਿਚ ਪ੍ਰਪੱਕਤਾ ਹੋਣੀ ਬਹੁਤ ਜ਼ਰੂਰੀ ਹੈ। ਵਿਚਾਰ ਹਾਂ-ਪੱਖੀ ਰੱਖਣੇ ਚਾਹੀਦੇ ਨੇ। ਸ਼ੰਕਾ ਅਤੇ ਦੁਬਿਧਾ ਤੋਂ ਦੂਰ ਰਹਿਣਾ ਚਾਹੀਦਾ ਹੈ। ਮਨੁੱਖ ਨੂੰ ਆਪਣੀ ਸਵੈ-ਪਛਾਣ ਕਰਕੇ, ਸਵੈ ਨੂੰ ਹੀ ਸੰਬੋਧਨ ਕਰਨਾ ਚਾਹੀਦਾ ਹੈ : ਜਿਵੇਂ ਮੈਂ ਹਿੰਮਤ ਹਾਂ, ਮੈਂ ਕਰਤਾ ਹਾਂ, ਮੈਂ ਤੰਦਰੁਸਤੀ ਹਾਂ, ਮੈਂ ਉਤਸ਼ਾਹ ਹਾਂ, ਮੈਂ ਸ਼ਾਂਤੀ ਹਾਂ, ਮੈਂ ਬੇਸ਼ੁਮਾਰ ਧਨ ਸੰਪਤੀ ਹਾਂ, ਮੈਂ ਵਿਸ਼ਾਲ ਹਾਂ..., ਮੈਂ ਈਸ਼ਵਰ ਦੀ ਸਭ ਤੋਂ ਮਹਾਨ ਰਚਨਾ ਹਾਂ।' ਆਦਿ। ਮਨੁੱਖ ਨੂੰ ਆਪਣੀ ਆਤਮਾ ਨੂੰ ਝੰਜੋੜਨਾ ਚਾਹੀਦਾ ਹੈ। ਲੇਖਕ ਨੇ ਆਪਣੇ ਜੀਵਨ ਵਿਚ ਅੱਖੀਂ ਵੇਖੀਆਂ, ਹੱਡੀਂ ਹੰਢਾਈਆਂ, ਪੜ੍ਹੀਆਂ ਗੱਲਾਂ ਬਿਆਨ ਕੀਤੀਆਂ ਹਨ। ਪੱਛਮੀ ਸੰਸਾਰ ਦੇ ਉੱਚ ਕੋਟੀ ਦੇ ਵਿਦਵਾਨਾਂ ਦੇ ਵਿਚਾਰਾਂ ਨੂੰ ਉਦਰਿਤ ਕਰਕੇ ਆਪਣੇ ਨਿੱਜੀ ਵਿਚਾਰਾਂ ਦੀ ਪੁਸ਼ਟੀ ਕੀਤੀ ਹੈ। ਵੱਖ-ਵੱਖ ਲੋਕਾਂ ਨਾਲ ਵਾਪਰੀਆਂ ਘਟਨਾਵਾਂ ਇੰਝ ਪ੍ਰਸਤੁਤ ਕੀਤੀਆਂ ਹਨ ਜਿਵੇਂ ਉਹ ਦਿਲਚਸਪ ਮਿੰਨੀ ਕਹਾਣੀਆਂ ਹੋਣ। ਜੀਵਨ ਵਿਚ ਕੀ ਕਰਨਾ ਚਾਹੀਦਾ ਹੈ (ਵੱਟ ਟੂ ਡੂ) ਅਤੇ ਕੀ ਨਹੀ ੰਕਰਨਾ ਚਾਹੀਦਾ (ਐਂਡ ਨੌਟ ਟੂ ਡੂ)। ਅਜਿਹੀਆਂ ਸਾਵਧਾਨੀਆਂ ਦੀ ਵਿਸਤ੍ਰਿਤ ਵਿਆਖਿਆ ਹੈ। ਲੇਖਾਂ ਦੀ ਬਿਰਤਾਂਤਕ ਜੁਗਤ ਵਿਚ ਬਹੁਤ ਦੁਹਰਾਅ ਹੈ। ਅਰਥਾਤ 'ਨੈਰੇਟਿਵ ਫਰੀਕੁਐਂਸੀ' ਹੈ। ਲੇਖਕ ਆਪਣੇ ਵਿਸ਼ੇ ਵਿਚ ਸਿੱਧਾ ਹੀ ਪ੍ਰਵੇਸ਼ ਕਰ ਜਾਂਦਾ ਹੈ। ਫਿਰ ਚੁਣੇ ਗਏ ਵਿਸ਼ੇ 'ਤੇ ਕੇਂਦਰਿਤ ਰਹਿ ਕੇ ਲੜੀਵਾਰ ਵਿਚਾਰ ਪੇਸ਼ ਕਰਦਾ ਹੈ। ਸੰਖੇਪ ਇਹ ਕਿ ਪੁਸਤਕ ਬੜੀ ਉਪਦੇਸ਼ਾਤਮਿਕ ਹੈ। ਅਨੁਵਾਦਕ ਵਲੋਂ ਸੌਖੀ ਪੰਜਾਬੀ ਵਿਚ ਅਨੁਵਾਦ ਲਈ ਮਿਹਨਤ ਕੀਤੀ ਜਾਪਦੀ ਹੈ। ਪ੍ਰਸੰਸਾ ਦਾ ਅਧਿਕਾਰੀ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gamil.com
ਨਲਵਾ ਜਰਨੈਲ ਬਾਝੋਂ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 204
ਸੰਪਰਕ : 98147-83069
ਹਰੀ ਸਿੰਘ ਨਲਵਾ ਜਰਨੈਲ ਬਾਝੋਂ ਨਾਵਲ ਨੂੰ ਲੇਖਕ ਨੇ 31 ਅਧਿਆਇਆਂ ਵਿਚ ਅੰਕਿਤ ਕੀਤਾ ਹੈ। ਉਸ ਨੇ 32 ਦੇ ਕਰੀਬ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ ਹਨ। ਬਲਦੇਵ ਸਿੰਘ (ਸੜਕਨਾਮਾ) ਦਾ ਨਾਮ ਸਥਾਪਤ ਲੇਖਕਾਂ ਵਿਚ ਸ਼ਾਮਿਲ ਹੈ। ਨਾਵਲ ਦੇ ਸ਼ੁਰੂਆਤੀ ਇਤਿਹਾਸ ਨੂੰ ਫਰੋਲਦਿਆਂ ਕਾਲਮ ਅਧੀਨ ਕਿੱਸਾਕਾਰ ਲਿਖਦਾ ਹੈ ਕਿ:
''ਅਲਫ਼-ਆਫਰੀਨ ਜੰਮਣਾ ਕਹਿਣ ਸਾਰੇ,
ਹਰੀ ਸਿੰਘ ਦੂਲੋ ਸਰਦਾਰ ਤਾਈਂ।
ਜਮਾਂਦਾਰ, ਬੇਲੀ, ਰਾਜਾ ਸਾਹਿਬ ਕੋਲੋਂ,
ਕੱਦ ਉੱਚਾ ਬੁਲੰਦ ਸਰਦਾਰ ਤਾਈਂ।...''
ਲੇਖਕ ਨੇ ਨਾਵਲ ਲਿਖਣ ਤੋਂ ਪਹਿਲਾਂ ਇਤਿਹਾਸ ਨੂੰ ਬਰੀਕੀ ਨਾਲ ਪੜ੍ਹਿਆ ਤੇ ਖੰਗਾਲਿਆ ਹੈ। ਉਸ ਦਾ ਹਥਲਾ ਨਾਵਲ ਸਿੱਖ ਇਤਿਹਾਸਕਾਰੀ, ਨਾਵਲ ਵਿਧਾ ਨੂੰ ਬਹੁਤ ਸੁੰਦਰ ਤਰੀਕੇ ਨਾਲ ਪੇਸ਼ ਕਰਦਾ ਹੈ। ਲੇਖਕ ਲਿਖਦਾ ਹੈ ਹਜ਼ਾਰਾਂ ਸਾਲਾਂ ਤੋਂ ਵਿਦੇਸ਼ੀ ਹਮਲਾਵਰਾਂ ਵਲੋਂ ਭਾਰਤ ਨੂੰ ਲੁੱਟਿਆ ਜਾਂਦਾ ਰਿਹਾ ਹੈ। ਮੁਹੰਮਦ ਗੌਰੀ ਨੇ ਅਫ਼ਗਾਨਿਸਤਾਨ ਤੋਂ ਚੱਲ ਕੇ 19 ਹਮਲੇ ਭਾਰਤ ਉੱਪਰ ਕੀਤੇ। ਲਗਭਗ 85 ਸਾਲ ਅਫ਼ਗਾਨੀ ਸੁਲਤਾਨ ਇਥੇ ਰਾਜ ਕਰਦੇ ਰਹੇ। 1290 ਤੋਂ 1320 ਤੱਕ ਖਿਲਜੀ, ਫਿਰ ਤੁਗਲਕ 1320 ਤੋਂ 1414 ਤੱਕ, ਫਿਰ ਸੱਯੀਅਦ 1451 ਤੱਕ, ਫਿਰ ਲੋਧੀ 1526 ਤੱਕ। ਇਨ੍ਹਾਂ ਬਾਅਦ ਉਜ਼ਬੇਕਿਸਤਾਨ ਤੋਂ ਬਾਬਰ ਆਇਆ। ਉਸ ਨੇ ਮੁਗ਼ਲ ਰਾਜ ਦੀ ਨੀਂਹ ਰੱਖੀ। ਪਰਸ਼ੀਆ ਤੋਂ ਆਏ ਨਾਦਿਰ ਸ਼ਾਹ ਨੇ ਵੀ ਹਮਲੇ ਕੀਤੇ। ਅਹਿਮਦ ਸ਼ਾਹ ਅਬਦਾਲੀ ਨੇ 1747 ਤੋਂ ਲੈ ਕੇ 1769 ਤੱਕ ਤਾਂ 9 ਵਾਰ ਹਮਲੇ ਕੀਤੇ, ਨਾਦਿਰ ਸ਼ਾਹ ਦਾ 1747 ਵਿਚ ਕਤਲ ਹੋ ਗਿਆ। ਛੇ ਸਦੀਆਂ ਦਾ ਲੇਖਾ ਜੋਖਾ। ਅਜਿਹੇ ਹਮਲਾਵਰੀ ਦੌਰ ਵਿਚ ਗੁੱਜਰਾਂਵਾਲੇ ਦੇ ਮਹਾਂ ਸਿੰਘ ਦੇ ਭਰ ਜੁਆਨ ਪੁੱਤਰ ਤੇ ਚੜ੍ਹਤ ਸਿੰਘ ਦੇ ਪੋਤਰੇ ਰਣਜੀਤ ਸਿੰਘ ਨੇ ਮਿਸਲ ਸ਼ੁਕਰਚੱਕੀਆ ਦੀ ਜ਼ਿੰਮੇਵਾਰੀ ਸੰਭਾਲੀ ਤੇ 1799 ਵਿਚ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ। ਰਣਜੀਤ ਸਿੰਘ ਨੂੰ ਆਪਣੀਆਂ ਹੀ ਮਿਸਲਾਂ ਨਾਲ ਜੰਗਾਂ ਲੜਨੀਆਂ ਪਈਆਂ। ਫਿਰ ਉਸ ਨੂੰ ਬਕਾਇਦਾ ਤਿਲਕ ਲਗਾ ਕੇ ਪਹਿਲਾ ਸਿੱਖ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ ਗਿਆ। ਪਠਾਣਾਂ, ਚੱਠਿਆਂ, ਅਫ਼ਗਾਨਾਂ ਨੂੰ ਇਹ ਐਲਾਨ ਨਸ਼ਤਰ ਵਾਂਗ ਚੁੱਭਿਆ। ਉਸ ਨੂੰ 40 ਸਾਲਾਂ ਦੇ ਰਾਜ ਵਿਚ ਅਨੇਕਾਂ ਜੰਗਾਂ ਲੜਨੀਆਂ ਪਈਆਂ। ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਲ ਖ਼ਾਲਸਾ ਰਾਜ ਸਥਾਪਤ ਕੀਤਾ। ਉਸ ਦੀ ਤਾਕਤ ਨੂੰ ਮੰਨਦਿਆਂ ਅੰਗਰੇਜ਼ਾਂ ਨੇ ਉਸ ਨਾਲ ਯੁੱਧ ਨਾ ਕਰਨ ਦੀ ਸੰਧੀ ਕੀਤੀ, ਜੋ ਉਸ ਦੇ ਆਖ਼ਰੀ ਸਾਹ ਤੱਕ ਨਿਭਾਈ। 1813 ਵਿਚ ਅਟਕ ਖ਼ਾਲਸਾ ਰਾਜ ਦਾ ਹਿੱਸਾ ਬਣ ਗਿਆ ਤੇ 1818 ਵਿਚ ਪੇਸ਼ਾਵਰ ਵੀ ਖ਼ਾਲਸਾ ਸਰਕਾਰ ਦੇ ਅਧੀਨ ਹੋ ਗਿਆ। ਲਗਭਗ 100 ਸਾਲਾਂ ਤੋਂ ਅਫ਼ਗਾਨ ਕਸ਼ਮੀਰ ਉੱਪਰ ਰਾਜ ਕਰਦੇ ਰਹੇ ਸਨ। 1819 ਨੂੰ ਰਣਜੀਤ ਸਿੰਘ ਦੀਆਂ ਫੌਜਾਂ ਨੇ ਕਸ਼ਮੀਰ ਨੂੰ ਫ਼ਤਹਿ ਕਰਕੇ ਖ਼ਾਲਸਾ ਰਾਜ ਵਿਚ ਸ਼ਾਮਲ ਕਰ ਲਿਆ। ਇਤਿਹਾਸਕਾਰ ਮੰਨਦੇ ਹਨ, ਇਹ ਜਿੱਤਾਂ ਹਰੀ ਸਿੰਘ ਨਲਵਾ ਤੇ ਉਸ ਦੀ ਸੈਨਾ ਬਿਨਾ ਸੰਭਵ ਨਹੀਂ ਸਨ ਹੋਣੀਆਂ। ਜਿਹੜੇ ਅਫ਼ਗਾਨ ਤੇ ਪਠਾਣ ਕਹਿੰਦੇ ਸਨ, ਜਿਧਰ ਦੀ ਸਾਡੇ ਘੋੜੇ ਲੰਘ ਜਾਣ, ਉਥੇ ਘਾਹ ਹਰਾ ਨਹੀਂ ਹੁੰਦਾ। ਇਨ੍ਹਾਂ ਪਠਾਣਾਂ ਅਫ਼ਗਾਨੀਆਂ ਲਈ ਹਰੀ ਸਿੰਘ ਨਲਵਾ ਦਾ ਨਾਂਅ 'ਹਊਆ' ਬਣ ਗਿਆ ਹੋਇਆ ਸੀ। ਔਰਤਾਂ ਆਪਣੇ ਰੋਂਦੇ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਡਰਾਉਂਦੀਆਂ ਸਨ:
-ਚੁੱਪ ਸ਼ਾ ਬੱਚਿਆ, 'ਨਲਵਾ ਰਾਗ਼ਲੇ, ਹਰੀਆ ਰਾਗ਼ਲੇ'
(ਚੁੱਪ ਕਰ ਜਾ, ਬੱਚਿਆ, ਨਲਵਾ ਆ ਗਿਆ)
ਸੰਸਾਰ ਵਿਚ, ਉੱਚ ਕੋਟੀ ਦੇ ਦਲੇਰ, ਸੂਰਮੇ ਤੇ ਖੂੰਖਾਰ ਸੈਨਿਕ ਜਰਨੈਲ ਪੈਦਾ ਹੋਏ ਹਨ। ਸਹੀ ਅਰਥਾਂ ਵਿਚ ਜੇ ਕੋਈ ਉਚਕੋਟੀ ਦਾ ਸੂਰਮਾ ਹੈ, ਉੱਚੇ ਆਦਰਸ਼ਾਂ ਨੂੰ ਮੰਨਣ ਵਾਲਾ ਇਨਸਾਨ, ਸੱਚੇ ਸੁੱਚੇ ਆਚਰਣ ਵਾਲਾ ਅਤੇ ਜੰਗੀ ਅਸੂਲਾਂ ਉੱਪਰ ਪਹਿਰਾ ਦੇਣ ਵਾਲਾ ਹੈ, ਤਾਂ ਸੰਸਾਰ ਦੇ ਵੱਡੇ ਇਤਿਹਾਸਕਾਰਾਂ ਨੇ ਵਿਸ਼ਵ ਦੇ ਬੇਹਤਰੀਨ ਜਰਨੈਲਾਂ ਵਿਚੋਂ ਸਿਰਮੌਰ, ਸ. ਹਰੀ ਸਿੰਘ ਨਲਵਾ ਨੂੰ ਮੰਨਿਆ ਹੈ। ਜੇ ਉਸ ਕੋਲ ਅੰਗਰੇਜ਼ਾਂ ਵਰਗੇ ਜੰਗੀ ਸਾਧਨ ਹੁੰਦੇ ਤਾਂ ਉਹ ਸਾਰੇ ਏਸ਼ੀਆ ਅਤੇ ਯੂਰਪ ਨੂੰ ਫ਼ਤਹਿ ਕਰ ਸਕਦਾ ਸੀ। ਹਰੀ ਸਿੰਘ ਨਲਵਾ 7 ਫੁੱਟ ਕੱਦ ਦਾ, ਗੋਰੇ ਰੰਗ ਦਾ, ਤਿੱਖੇ ਨੈਣ ਨਕਸ਼ਾਂ ਵਾਲਾ, ਸਰੀਰਕ ਤੌਰ 'ਤੇ ਬੇਹੱਦ ਫੁਰਤੀਲਾ, ਅਸਤਰ-ਸ਼ਸਤਰ ਵਿੱਦਿਆ 'ਚ ਮਾਹਰ, ਇਕੋ ਵਾਰ ਨਾਲ ਸ਼ੇਰ ਦਾ ਸ਼ਿਕਾਰ ਕਰਨ ਵਾਲਾ ਦਲੇਰ ਮਰਦ ਸੀ। ਉਸ ਦੇ ਨਾਂਅ ਦਾ ਡੰਕਾ ਕਸ਼ਮੀਰ ਤੋਂ ਲੈ ਕੇ ਕਾਬਲ ਕੰਧਾਰ ਤੱਕ ਵਜਦਾ ਸੀ। ਉਹੀ ਹਰੀ ਸਿੰਘ ਨਲਵਾ ਖ਼ਾਲਸਾ ਰਾਜ ਦੀਆਂ ਸਰਹੱਦਾਂ ਵਧਾਉਂਦਿਆਂ ਤੇ ਉਨ੍ਹਾਂ ਦੀ ਰਾਖ਼ੀ ਕਰਦਿਆਂ ਗੁੱਜਰਾਂਵਾਲਾ ਆਪਣੇ ਘਰ ਤੋਂ ਸੈਂਕੜੇ ਮੀਲ ਦੂਰ ਜੰਗ ਵਿਚ ਜ਼ਖ਼ਮੀ ਹੋਇਆ, ਜਮਰੌਦ ਦੇ ਕਿਲ੍ਹੇ ਵਿਚ ਦਮ ਤੋੜ ਗਿਆ ਤੇ ਆਪਣਾ ਜੀਵਨ ਖਾਲਸਾ ਰਾਜ ਦੇ ਲੇਖੇ ਲਾ ਗਿਆ।
ਜਮਰੌਦ ਦੇ ਕਿਲ੍ਹੇ ਵਿਚ 30 ਅਪ੍ਰੈਲ, 1837 ਨੂੰ ਸਿਰਫ਼ ਉਸ ਦਾ ਹੀ ਅੰਤ ਨਹੀਂ ਸੀ, ਦਰਅਸਲ ਇਹ ਸਮੁੱਚੇ ਖਾਲਸਾ ਰਾਜ ਦੇ ਅੰਤ ਦੀ ਸ਼ੁਰੂਆਤ ਸੀ। ਹਰੀ ਸਿੰਘ ਨਲਵਾ ਦੇ ਜੀਵਨ ਬਾਰੇ ਤੇ ਉਸ ਦੀ ਸੂਰਮਗਤੀ ਦੇ ਸਾਹਸੀ ਕਾਰਨਾਮੇ ਜਾਨਣ ਲਈ, ਇਹ ਨਾਵਲ ਬੜਾ ਮਹੱਤਵਪੂਰਨ ਦਸਤਾਵੇਜ਼ ਹੈ। ਮੈਂ ਲੇਖਕ ਦਾ ਧੰਨਵਾਦੀ ਹਾਂ ਤੇ ਨਾਵਲ ਨੂੰ ਸਾਹਿਤ ਜਗਤ ਵਿਚ ਪ੍ਰਵੇਸ਼ ਕਰਨ ਤੇ ਸਵਾਗਤ ਕਰਦਾ ਹਾਂ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਗ਼ਦਰੀ ਬੀਬੀ ਗੁਲਾਬ ਕੌਰ ਬਖਸ਼ੀਵਾਲਾ
ਲੇਖਕ : ਮਿਲਖਾ ਸਿੰਘ ਸਨੇਹੀ
ਪ੍ਰਕਾਸ਼ਕ : ਨਵਰੰਗ ਪਬਲਿਕੇਸ਼ਨਜ਼, ਸਮਾਣਾ
ਮੁੱਲ : 80 ਰੁਪਏ, ਸਫ਼ੇ : 59
ਸੰਪਰਕ : 99151-29747
ਪੰਜਾਬੀ ਦੇ ਜੀਵਨੀ ਸਾਹਿਤ ਦੀ ਇਹ ਕਿਤਾਬਚਾ ਰੂਪੀ ਪੁਸਤਕ ਇਕ ਇਤਿਹਾਸਕ ਦਸਤਾਵੇਜ਼ ਹੈ। ਜੋ ਜਿਥੇ ਗ਼ਦਰ ਲਹਿਰ ਦੀ ਵੀਰਾਂਗਨਾ ਗ਼ਦਰੀ ਬੀਬੀ ਗੁਲਾਬ ਕੌਰ ਬਖ਼ਸ਼ੀਵਾਲਾ ਦੇ ਕੁਰਬਾਨੀਆਂ ਭਰੇ ਮਿਸਾਲੀ ਜੀਵਨ ਤੇ ਸ਼ਰਧਾ ਭਾਵਨਾ ਨਾਲ ਚਾਨਣਾ ਪਾਉਂਦੀ ਹੈ, ਉਥੇ ਆਜ਼ਾਦੀ ਪ੍ਰਾਪਤੀ ਲਈ ਅੰਗਰੇਜ਼ਾਂ ਵਿਰੁੱਧ ਚੱਲੀ ਗ਼ਦਰ ਲਹਿਰ ਸੰਬੰਧੀ ਕਈ ਅਹਿਮ ਤੇ ਕੀਮਤੀ ਤੱਥਾਂ 'ਤੇ ਵੀ ਰੌਸ਼ਨੀ ਪਾਉਂਦੀ ਹੈ। ਲੇਖਕ ਮਿਲਖਾ ਸਿੰਘ ਸਨੇਹੀ ਨੇ ਇਕ ਐਸੀ ਸਿਦਕੀ ਅਤੇ ਦੇਸ਼ ਪਿਆਰ ਦੇ ਜਨੂੰਨ ਦੀ ਮੂਰਤੀ ਸਾਬਤ ਹੋਈ ਗ਼ਦਰੀ ਬੀਬੀ ਗੁਲਾਬ ਕੌਰ ਦੀ ਜੀਵਨ-ਗਾਥਾ ਕਹੀ ਹੈ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਦਾ ਇਕ ਇਕ ਪਲ ਦੇਸ਼ ਦੀ ਮਹਿੰਗੇ ਮੁੱਲ ਮਿਲੀ ਆਜ਼ਾਦੀ ਲਈ ਖਰਚ ਦਿੱਤਾ। ਜ਼ਿਲ੍ਹਾ ਸੰਗਰੂਰ ਦੇ ਪਿੰਡ ਬਖਸ਼ੀਵਾਲਾ 'ਚ ਤਕਰੀਬਨ 1890 ਈਸਵੀ 'ਚ ਜਨਮੀ ਤੇ ਨੇੜਲੇ ਪਿੰਡ ਜਖੇਪਲ ਵਿਆਹੀ ਸੀ। ਉਹ ਆਪਣੇ ਪਤੀ ਮਾਨ ਸਿੰਘ ਨਾਲ ਘਰ ਦੀ ਗ਼ਰੀਬੀ ਕੱਟਣ ਲਈ ਮਨੀਲਾ ਪੁੱਜੀ। ਜਿਥੋਂ ਉਹ ਅੱਗੋਂ ਕੈਨੇਡਾ-ਅਮਰੀਕਾ 'ਚ ਪੁੱਜਣ ਦੀ ਕੋਸ਼ਿਸ਼ ਕਰਨ ਲੱਗੇ। ਇਸੇ ਦੌਰਾਨ ਉਨ੍ਹਾਂ ਦਾ ਮੇਲ ਗ਼ਦਰੀ ਲਹਿਰ ਦੇ ਸੂਰਮਿਆਂ ਨਾਲ ਹੋਇਆ। ਉਹ ਇਸ ਲਹਿਰ 'ਚ ਵਹਿ ਤੁਰੇ। ਗ਼ਦਰੀ ਲਹਿਰ ਦੇ ਆਜ਼ਾਦੀ ਘੁਲਾਟੀਆਂ ਦੀ ਲੰਮੀ ਸੂਚੀ ਵਿਚ ਗ਼ਦਰੀ ਬੀਬੀ ਗੁਲਾਬ ਕੌਰ ਸਦਾ ਹੀਰਿਆਂ ਵਾਂਗ, ਅਰਸ਼ੀ ਸਿਤਾਰਿਆਂ ਵਾਂਗ ਚਮਕਦੀ ਰਹੇਗੀ।
-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444
ਹਨ੍ਹੇਰੇ ਤੋਂ ਚਾਨਣ ਵੱਲ
ਲੇਖਕ : ਰਵਿੰਦਰ ਰੁਪਾਲ ਕੌਲਗੜ੍ਹ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 450 ਰੁਪਏ, ਸਫ਼ੇ : 187
ਸੰਪਰਕ : 93162-88955
ਰਵਿੰਦਰ ਰੁਪਾਲ ਕੌਲਗੜ੍ਹ, 1990 ਤੋਂ ਸਾਹਿਤ ਸਿਰਜਣਾ 'ਚ ਜੁਟਿਆ ਹੋਇਆ ਜਗਿਆਸੂ ਕਲਮਕਾਰ ਹੈ, ਜਿਸ ਦੀਆਂ ਹੁਣ ਤੱਕ ਅੱਧੀ ਦਰਜਨ ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ 'ਚ ਕਹਾਣੀ ਸੰਗ੍ਰਹਿ, ਵਾਰਤਕ ਤੇ ਬਾਲ ਨਾਵਲ ਸ਼ਾਮਲ ਹਨ। ਸੰਪਾਦਨਾ ਦਾ ਕਾਰਜ ਵੀ ਕੀਤਾ। ਰੀਵਿਊ ਅਧੀਨ ਪੁਸਤਕ 'ਹਨ੍ਹੇਰੇ ਤੋਂ ਚਾਨਣ ਵਲ' ਨੀਰਸ ਜ਼ਿੰਦਗੀ 'ਚ ਕਲਾ ਦੇ ਰੰਗ ਭਰਨ ਵਾਲੀ ਹੈ ਜਿਸ ਵਿਚ ਉਸ ਨੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਸਿਮਰਦਿਆਂ 50 ਖੱਟੀਆਂ-ਮਿੱਠੀਆਂ ਸਿਆਣਪਾਂ ਵਾਲੀਆਂ ਰਚਨਾਵਾਂ ਅੰਕਿਤ ਕੀਤੀਆਂ ਹਨ। ਪੁਸਤਕ ਦਾ ਨਾਂਅ ਹੀ ਜੀਵਨ 'ਚ ਉਜਾਲਾ ਕਰਨ ਵਾਲਾ ਹੈ, ਇਸ ਤੋਂ ਲੇਖਕ ਦੀ ਸਾਹਿਤ ਤੇ ਜੀਵਨ ਪ੍ਰਤੀ ਦ੍ਰਿਸ਼ਟੀ ਵਿਦਮਾਨ ਹੁੰਦੀ। ਇਸ ਪੁਸਤਕ ਦਾ ਅਖ਼ੀਰਲਾ ਲੇਖ (ਰਚਨਾ) 'ਲੇਖਕ ਬਣਨ ਤੋਂ ਪਹਿਲਾਂ' 'ਚ ਕੇਰਲਾ ਦੇ ਵਾਸੀ ਮਨੀਸ਼ ਕ੍ਰਿਸ਼ਨਨ ਨਾਲ ਲੇਖਕ ਦੀ ਮੁਲਾਕਾਤ ਸਪੱਸ਼ਟ ਕਰਦੀ ਹੈ ਕਿ ਲੇਖਕ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਅਤੇ ਉਸ ਨੂੰ ਪ੍ਰਯੋਗੀ ਜਾਣਕਾਰੀ ਲੈਣ ਲਈ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ। ਅੱਜ ਦੇ ਲੇਖਕਾਂ ਲਈ ਇਹ ਨਸੀਹਤ ਬਹੁਤ ਜ਼ਰੂਰੀ ਪਾਲਣਾ ਕਰਨ ਵਾਲੀ ਹੈ। 'ਇਹ ਭਲਾ ਤਿਲ-ਫੁੱਲ ਕੀ ਹੁੰਦੈ?' ਰਚਨਾ ਗੁਰੂ ਤੇ ਸ਼ਾਗਿਰਦ ਪਰੰਪਰਾ ਨੂੰ ਚੇਤੇ ਕਰਵਾਉਂਦੀ। 'ਝਿੰਗ ਦੀ ਕਰਾਮਾਤ' ਪਰਿਵਾਰਕ ਜ਼ਮੀਨ ਦੀ ਵੰਡ-ਵੰਡਾਈ ਲਈ ਕਰਾਰ