JALANDHAR WEATHER

19-06-2025

 ਬੇਕਾਬੂ ਹੋ ਰਹੀ ਮਹਿੰਗਾਈ

ਫਰਵਰੀ 2025 ਵਿਚ ਪਰਚੂਨ ਮਹਿੰਗਾਈ ਨੇ ਤਕਰੀਬਨ ਪਿਛਲੇ 6 ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਜੋ ਅੰਕੜੇ ਸਾਰਿਆਂ ਦੇ ਸਾਹਮਣੇ ਆਏ ਹਨ, ਉਹ ਹੈਰਾਨ ਕਰਨ ਵਾਲੇ ਹਨ। ਸੁਭਾਵਿਕ ਹੀ ਹੈ ਕਿ ਆਮ ਆਦਮੀ ਦੀ ਜੇਬ 'ਤੇ ਹੋਰ ਬੋਝ ਵਧੇਗਾ। ਚਾਹੇ ਕੇਂਦਰ ਵਾਰ-ਵਾਰ ਹਿੱਕ ਠੋਕ ਕੇ ਕਹੀ ਜਾ ਰਿਹਾ ਹੈ ਕਿ ਅਰਥਚਾਰਾ ਵਧੀਆ ਲੀਹਾਂ 'ਤੇ ਹੈ, ਪਰ ਹਕੀਕਤ ਤਾਂ ਇਹੀ ਹੈ ਕਿ ਜ਼ਮੀਨੀ ਪੱਧਰ 'ਤੇ ਲੋਕ ਮਹਿੰਗਾਈ ਨਾਲ ਜੂਝ ਰਹੇ ਹਨ। ਉੱਧਰ ਕੇਂਦਰ ਦੇ ਵਜ਼ੀਰ ਸੰਸਦ ਵਿਚ ਕਹਿੰਦੇ ਹਨ ਕਿ ਭਾਰਤ ਵਿਚ ਮਹਿੰਗਾਈ ਹੋਰ ਮੁਲਕਾਂ ਨਾਲੋਂ ਕਿਤੇ ਜ਼ਿਆਦਾ ਘੱਟ ਹੈ। ਮਹਿੰਗਾਈ ਨੂੰ ਇਸ ਤਰ੍ਹਾਂ ਅਣਗੌਲਿਆਂ ਕੀਤਾ ਨਹੀਂ ਜਾ ਸਕਦਾ। ਹਾਲ ਹੀ ਵਿਚ ਨਾਮੀ ਕੰਪਨੀਆਂ ਵਲੋਂ ਦੁੱਧ ਪਦਾਰਥਾਂ ਵਿਚ ਵਾਧਾ ਕੀਤਾ ਗਿਆ ਹੈ। ਖਾਣ-ਪੀਣ ਵਾਲੀਆਂ ਚੀਜ਼ਾਂ ਦਾਲਾਂ, ਫ਼ਲ, ਅਨਾਜਾਂ ਦੇ ਦਿਨ ਪ੍ਰਤੀ ਦਿਨ ਰੇਟ ਵਧ ਰਹੇ ਹਨ। ਬਾਜ਼ਾਰ ਮੰਦੀ ਦੇ ਦੌਰ 'ਚੋਂ ਗੁਜ਼ਰ ਰਹੇ ਹਨ। ਠੀਕ ਐ ਵਿਕਾਸਸ਼ੀਲ ਦੇਸ਼ਾਂ ਵਿਚ ਮਹਿੰਗਾਈ ਦਾ ਵਧਣਾ ਸਹੀ ਗੱਲ ਹੈ, ਪਰ ਇਸ ਦੀ ਵੀ ਇਕ ਹੱਦ ਹੁੰਦੀ ਹੈ। ਭਾਰਤ ਵਰਗੇ ਮੁਲਕ ਵਿਚ ਬਹੁਗਿਣਤੀ ਲੋਕ ਜੀਵਨ ਦੀਆਂ ਮੁੱਢਲੀਆਂ ਲੋੜਾਂ ਪ੍ਰਾਪਤ ਕਰਨ ਤੋਂ ਅਜੇ ਵੀ ਅਸਮਰੱਥ ਹਨ।

-ਸੰਜੀਵ ਸਿੰਘ ਸੈਣੀ ਮੁਹਾਲੀ

ਠੀਕ ਕਿਹਾ ਹਵਾਈ ਸੈਨਾ ਮੁਖੀ ਨੇ

31 ਮਈ ਦਾ ਸੰਪਾਦਕੀ 'ਹਵਾਈ ਸੈਨਾ ਮੁਖੀ ਦੀਆਂ ਖਰੀਆਂ ਖਰੀਆਂ' ਦੇਸ਼ ਦੀ ਸੁਰੱਖਿਆ ਲਈ ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਦੀਆਂ ਦਲੀਲਾਂ ਦੀ ਪ੍ਰੋੜ੍ਹਤਾ ਕਰਦਾ ਹੈ। ਹਵਾਈ ਸੈਨਾ ਮੁਖੀ ਦਾ ਇਹ ਕਹਿਣਾ ਬਿਲਕੁਲ ਠੀਕ ਹੈ ਕਿ ਫ਼ੌਜੀ ਸਾਜ਼ੋ ਸਾਮਾਨ ਸੰਬੰਧੀ ਕਿਸੇ ਵੀ ਕੰਪਨੀ ਨੂੰ ਦਿੱਤਾ ਗਿਆ ਆਰਡਰ ਉਸ ਵਲੋਂ ਸਮੇਂ ਸਿਰ ਨਾ ਭੁਗਤਾਇਆ ਜਾਣਾ, ਦੇਸ਼ ਦੀ ਸੁਰੱਖਿਆ ਲਈ ਘਾਤਕ ਸਿੱਧ ਹੋ ਸਕਦਾ ਹੈ, ਕਿਉਂਕਿ ਅੱਜ ਦੇ ਤਕਨੀਕੀ ਯੁੱਗ ਅੰਦਰ ਸਰਹੱਦਾਂ 'ਤੇ ਸਿੱਧੀ (ਇਨਫੈਂਟਰੀ ਫ਼ੌਜ) ਲੜਾਈ ਦੀ ਬਜਾਏ ਸਗੋਂ ਮਿਜ਼ਾਈਲਾਂ, ਰਾਕਟਾਂ ਅਤੇ ਹਵਾਈ ਜਹਾਜ਼ਾਂ ਰਾਹੀਂ ਦੁਸ਼ਮਣ ਦੇ ਟਿਕਾਣਿਆਂ 'ਤੇ ਹਮਲੇ ਕਰਨ ਨਾਲ ਲੜੀ ਜਾਂਦੀ ਹੈ। ਜਿਸ ਲਈ ਫ਼ੌਜ ਕੋਲ ਅਤਿ ਆਧੁਨਿਕ ਤਕਨੀਕ ਦਾ ਫ਼ੌਜੀ ਸਾਜ਼ੋ-ਸਾਮਾਨ ਹੋਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਜਿੱਥੇ ਸਿਖਲਾਈ ਪ੍ਰਾਪਤ ਫ਼ੌਜੀ ਜਵਾਨਾਂ ਅਤੇ ਅਫ਼ਸਰਾਂ ਦਾ ਜੰਗ ਨੂੰ ਫ਼ਤਹਿ ਕਰਨ 'ਚ ਅਹਿਮ ਰੋਲ ਹੁੰਦਾ ਹੈ ਉੱਥੇ ਜੰਗ 'ਚ ਫਤਹਿ ਪ੍ਰਾਪਤ ਕਰਨ ਲਈ ਨਵੀਂ ਤਕਨੀਕ ਦਾ ਫ਼ੌਜੀ ਸਾਜ਼ੋ ਸਾਮਾਨ ਵੀ ਫ਼ੌਜ ਕੋਲ ਹੋਣਾ ਜ਼ਰੂਰੀ ਹੈ ਅਤੇ ਲੜਾਈ ਸਮੇਂ ਫ਼ੌਜ ਕੋਲ ਅਜਿਹੇ ਤਕਨੀਕੀ ਸਾਜ਼ੋ ਸਾਮਾਨ ਦੀ ਘਾਟ ਸਾਡੇ ਦੇਸ਼ ਦੀ ਫ਼ੌਜ ਨੂੰ ਦੁਸ਼ਮਣ ਦੇਸ਼ ਦੀ ਫ਼ੌਜ ਦਾ ਮੁਕਾਬਲਾ ਕਰਨ 'ਚ ਦਿੱਕਤਾਂ ਦਾ ਸਬੱਬ ਸਾਬਤ ਹੋ ਸਕਦੀ ਹੈ।

-ਮਨੋਹਰ ਸਿੰਘ ਸੱਗੂ
ਧੂਰੀ (ਸੰਗਰੂਰ)

ਪਾਣੀ ਦੀ ਬਰਬਾਦੀ ਰੋਕੋ

ਹਾੜ੍ਹੀ ਦੀ ਫ਼ਸਲ ਤੋਂ ਬਾਅਦ ਜ਼ਮੀਨ ਖਾਲੀ ਹੁੰਦਿਆਂ ਹੀ ਬਹੁਤੇ ਕਿਸਾਨਾਂ ਨੇ ਅਗਿਆਨਤਾ ਕਾਰਨ ਇਕ ਦੂਜੇ ਦੀ ਰੀਸੇ ਅਤੇ ਮੁਫ਼ਤ ਬਿਜਲੀ ਹੋਣ ਕਾਰਨ ਅਤੇ ਸੂਰਜੀ ਊਰਜਾ 'ਤੇ ਚੱਲਣ ਵਾਲੀਆਂ ਮੋਟਰਾਂ ਨਾਲ ਬਿਨਾਂ ਜ਼ਰੂਰਤ ਹੀ ਧਰਤੀ ਹੇਠੋਂ ਪਾਣੀ ਕੱਢ-ਕੱਢ ਕੇ ਜ਼ਮੀਨ ਵਿਚ ਖੁੱਲ੍ਹਾ ਹੀ ਬਿਨਾਂ ਜ਼ਰੂਰਤ ਤੋਂ ਪਾਣੀ ਛੱਡ ਰਹੇ ਹਨ। ਜਿਸ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਹੋਰ ਹੇਠਾਂ ਜਾ ਰਿਹਾ ਹੈ। ਜੇਕਰ ਪਾਣੀ ਦੀ ਬਰਬਾਦੀ ਇਸੇ ਤਰ੍ਹਾਂ ਨਿਰੰਤਰ ਹੁੰਦੀ ਰਹੀ ਤਾਂ ਪੰਜਾਬ ਛੇਤੀ ਹੀ ਮਾਰੂਥਲ ਬਣ ਜਾਵੇਗਾ। ਕਿਸਾਨਾਂ ਨੂੰ ਸੁਚੇਤ ਹੋ ਕੇ ਤੁਰੰਤ ਪਾਣੀ ਦੀ ਬਰਬਾਦੀ ਰੋਕਣੀ ਚਾਹੀਦੀ ਹੈ। ਸਰਕਾਰ ਨੂੰ ਵੀ ਇਸ ਪਾਸੇ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਹੈ ਤਾਂ ਜੋ ਪਾਣੀ ਦੀ ਫਜ਼ੂਲ ਹੁੰਦੀ ਬਰਬਾਦੀ ਰੋਕੀ ਜਾ ਸਕੇ। ਇਸੇ ਵਿੱਚ ਹੀ ਸਭ ਦੀ ਭਲਾਈ ਤੇ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਸੁਰੱਖਿਅਤ ਹੋਣ ਦੀ ਸੰਭਾਵਨਾ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)