JALANDHAR WEATHER

18-06-2025

 ਈਜ਼ੀ ਰਜਿਸਟਰੀ ਦੀ ਸ਼ੁਰੂਆਤ

ਭਾਰਤ ਵਿਚ ਪਹਿਲੀ ਵਾਰੀ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ 'ਚ ਮੁਹਾਲੀ ਤੋਂ ਇਸ ਦਾ ਟ੍ਰਾਇਲ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਨਾ ਦੇਰੀ ਹੋਵੇਗੀ ਸਗੋਂ ਭ੍ਰਿਸ਼ਟਾਚਾਰ 'ਤੇ ਵੀ ਰੋਕ ਲੱਗੇਗੀ। ਜੋ ਲੋਕਾਂ ਨੂੰ ਲੰਬੀਆਂ-ਲੰਬੀਆਂ ਲਾਈਨਾਂ ਵਿਚ ਲੱਗ ਕਈ-ਕਈ ਦਿਨ ਖੱਜਲ ਖੁਆਰ ਹੋਣਾ ਪੈਂਦਾ ਸੀ, ਤੋਂ ਛੁਟਕਾਰਾ ਮਿਲੇਗਾ। ਤੁਸੀਂ ਆਪਣੇ ਜ਼ਿਲ੍ਹੇ ਦੇ ਕਿਸੇ ਵੀ ਸਬਰਜਿਸਟਰਾਰ ਦੇ ਦਫ਼ਤਰ ਵਿਚ ਆਪਣੀ ਡੀਡ ਰਜਿਸਟਰ ਕਰਵਾ ਸਕਦੇ ਹੋ। ਜੋ ਇਸ ਦੀ 48 ਘੰਟਿਆਂ ਵਿਚ ਆਨਲਾਈਨ ਜਾਂਚ ਮੁਕੰਮਲ ਹੋ ਜਾਵੇਗੀ। ਤਹਿਸੀਲਦਾਰਾਂ ਵਲੋਂ ਕੋਈ ਵੀ ਬੇਬੁਨਿਆਦ ਇਤਰਾਜ਼ ਨਹੀਂ ਲੱਗਣਗੇ। ਆਪਣੀ ਡੀਡ ਆਨਲਾਈਨ ਤੁਸੀਂ ਬਣਵਾ ਸਕਦੇ ਹੋ। 1076 'ਤੇ ਕਾਲ ਕਰੋ ਜਾਂ ਆਪਣੇ ਸਬਰਜਿਸਟਰਾਰ ਦੇ ਸੇਵਾ ਕੇਂਦਰ ਵਿਚ ਜਾਓ। ਰਜਿਸਟਰੀ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਤੁਹਾਡੇ ਘਰ ਪਹੁੰਚ ਜਾਵੇਗੀ। ਇਸ ਬਾਰੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਸਰਕਾਰ ਵਲੋਂ ਹਦਾਇਤਾਂ ਕੀਤੀਆਂ ਗਈਆਂ ਹਨ ਜੋ ਸਰਕਾਰ ਦਾ ਚੰਗਾ ਉਪਰਾਲਾ ਹੈ। ਭਵਿੱਖ ਵਿਚ ਇਸ ਦਾ ਕੀ ਅਸਰ ਹੁੰਦਾ ਹੈ। ਕੀ ਭ੍ਰਿਸ਼ਟਾਚਾਰ 'ਤੇ ਠੱਲ੍ਹ ਪਵੇਗੀ। ਲੋਕਾਂ ਦੀ ਖੱਜਲ ਖੁਆਰੀ ਖ਼ਤਮ ਹੋਵੇਗੀ। ਆਉਣ ਵਾਲਾ ਸਮਾਂ ਹੀ ਦੱਸੇਗਾ। ਲੋਕਾਂ ਨੂੰ ਸਰਕਾਰ ਵਲੋਂ ਇਸ ਕੀਤੇ ਸ਼ਲਾਘਾਯੋਗ ਕੰਮ ਦਾ ਫ਼ਾਇਦਾ ਲੈ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

ਬਰਸਾਤ ਤੋਂ ਪਹਿਲਾਂ ਤਿਆਰੀ

ਜੂਨ ਮਹੀਨਾ ਚੱਲ ਰਿਹਾ ਹੈ, ਇਸ ਤੋਂ ਬਾਅਦ ਸੌਣ ਦਾ ਮਹੀਨਾ ਮਤਲਬ ਜੁਲਾਈ ਅਗਸਤ ਆ ਰਿਹਾ ਹੈ, ਜਿਸ ਦੌਰਾਨ ਬਰਸਾਤ ਵੀ ਆਪਣਾ ਪੂਰਾ ਰੰਗ ਦਿਖਾਉਂਦੀ ਹੈ। ਪਰ ਸਰਕਾਰ ਵਲੋਂ ਇਸ ਆਉਣ ਵਾਲੀ ਬਰਸਾਤ ਲਈ ਅਜੇ ਤੱਕ ਕੋਈ ਵੀ ਤਿਆਰੀ ਨਹੀਂ ਕੀਤੀ ਗਈ। ਭਾਵ ਨਾ ਤਾਂ ਨਹਿਰਾਂ, ਸੂਇਆਂ ਆਦਿ ਦੀ ਸਫ਼ਾਈ ਕਰਵਾਈ ਗਈ ਹੈ ਅਤੇ ਨਾ ਹੀ ਸੀਵਰੇਜ ਆਦਿ ਦੀ। ਹੁਣ ਵੀ ਜੇਕਰ ਭਰਵਾਂ ਮੀਂਹ ਪੈ ਜਾਵੇ ਤਾਂ ਸ਼ਹਿਰਾਂ 'ਚ ਪਾਣੀ ਦਾ ਖ਼ੂਬ ਜਮਾਵੜਾ ਹੋ ਜਾਵੇਗਾ, ਜਿਸ ਨਾਲ ਆਮ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਹੋਵੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਸਮਾਂ ਰਹਿੰਦੇ ਇਹ ਤਿਆਰੀ ਮੁਕੰਮਲ ਕਰ ਲਈ ਜਾਵੇ ਕਿਉਂਕਿ ਅਜੇ ਸਮਾਂ ਹੈ ਫਿਰ ਬਰਸਾਤ ਦੇ ਦਿਨਾਂ 'ਚ ਕੋਈ ਹੀਲਾ-ਵਸੀਲਾ ਕੰਮ ਨਹੀਂ ਆਉਣਾ।

-ਅਸ਼ੀਸ਼ ਸ਼ਰਮਾ
ਜਲੰਧਰ।

ਵਗਦੇ ਪਾਣੀਆਂ ਵਰਗੀ ਜ਼ਿੰਦਗੀ

ਗੁਰਬਿੰਦਰ ਸਿੰਘ ਮਾਣਕ ਦਾ ਆਰਟੀਕਲ ਪੜ੍ਹਿਆ 'ਵਗਦੇ ਪਾਣੀਆਂ ਜਿਹੀ ਹੋਵੇ ਜ਼ਿੰਦਗੀ' ਜਿਸ ਵਿਚ ਕਵੀ ਨੇ ਜ਼ਿੰਦਗੀ ਦੇ ਅਸਲ ਫਲਸਫ਼ੇ ਨੂੰ ਬਿਆਨ ਕੀਤਾ ਹੈ। ਕਵੀ ਨੇ ਪਾਠਕਾਂ ਨੂੰ ਵਧੀਏ ਤਰੀਕੇ ਨਾਲ ਜ਼ਿੰਦਗੀ ਨੂੰ ਬਤੀਤ ਕਰਨ ਦੇ ਨੁਕਤੇ ਬਰੀਕੀ ਨਾਲ ਦੱਸੇ।
ਅਸੀਂ ਸੰਸਾਰ ਨੂੰ ਗ਼ੌਰ ਨਾਲ ਵੇਖ ਸਕਦੇ ਹਾਂ। ਕਈ ਮਨੁੱਖ ਜ਼ਿੰਦਗੀ ਨੂੰ ਕੱਟ ਰਹੇ ਹਨ। ਇਸ ਸੰਸਾਰ ਵਿਚ ਸਮੇਂ ਨੂੰ ਧੱਕਾ ਮਾਰ ਕੇ ਜ਼ਿੰਦਗੀ ਬਤੀਤ ਕਰ ਰਹੇ ਹਨ। ਸਾਨੂੰ ਜੀਵਨ ਵਿਚ ਵਧੀਆ ਮੌਕਾ ਮਿਲਦਾ ਹੈ। ਜੀਵਨ ਵਿਚ ਵਧੀਆ ਕਾਰਜ ਕਰਕੇ ਜ਼ਿੰਦਗੀ ਨੂੰ ਖ਼ੁਸ਼ੀ ਨਾਲ ਭਰ ਸਕਦੇ ਹਾਂ। ਜੇਕਰ ਜ਼ਿੰਦਗੀ ਵਿਚ ਕੁਝ ਨਹੀਂ ਕਰਾਂਗੇ ਤਾਂ ਜ਼ਿੰਦਗੀ ਨੀਰਸ ਬਣ ਜਾਵੇਗੀ। ਮਨ ਨੂੰ ਖ਼ੁਸ਼ੀ ਨਹੀਂ ਮਿਲੇਗੀ। ਜ਼ਿੰਦਗੀ ਵਿਚ ਸਮਾਂ ਬਤੀਤ ਕਰਨਾ ਔਖਾ ਹੋ ਜਾਵੇਗਾ। ਜੀਵਨ ਵਗਦੇ ਪਾਣੀ ਵਰਗਾ ਬਣਾਉਣ ਲਈ ਨਿੱਕੇ-ਨਿੱਕੇ ਯਤਨ ਕਰਕੇ, ਜੀਵਨ ਨੂੰ ਆਨੰਦਮਈ ਬਣਾ ਸਕਦੇ ਹਾਂ। ਅਖ਼ਬਾਰ ਪੜ੍ਹਨਾ, ਅਖ਼ਬਾਰ ਵਿਚ ਛਪਦੇ ਲੇਖ/ਕਹਾਣੀ ਨੂੰ ਪੜ੍ਹ ਕੇ ਅਖ਼ਬਾਰ ਨੂੰ ਖ਼ਤ ਲਿਖਣਾ ਮਨ ਨੂੰ ਵੱਖਰਾ ਸਕੂਨ ਪੈਦਾ ਕਰਦਾ ਹੈ।
ਜੀਵਨ ਵਿਚ ਕਿਸੇ ਦੀ ਨੁਕਤਾਚੀਨੀ ਨੂੰ ਛੱਡ ਕੇ ਜੀਵਨ ਵਿਚ ਰਸ ਭਰਨ ਲਈ ਆਪਣੇ ਵਿਚਲੀਆਂ ਕਮੀਆਂ ਨੂੰ ਦੂਰ ਕਰਕੇ ਜ਼ਿੰਦਗੀ ਵਿਚ ਨਵਾਂ ਰਸਤਾ ਲੱਭ ਸਕਦੇ ਹਾਂ। ਖ਼ੁਸ਼ੀ ਪ੍ਰਾਪਤ ਕਰਨ ਲਈ ਮੌਕਿਆਂ ਨੂੰ ਕਦੇ ਗਵਾਓ ਨਾ ਮੁੜ ਜੀਵਨ ਵਿਚ ਮੌਕਾ ਗੁਆਚ ਜਾਵੇ ਤਾਂ ਮਿਲਦਾ ਨਹੀਂ।

-ਰਾਮ ਸਿੰਘ ਪਾਠਕ।

ਉਦਘਾਟਨ ਹੀ ਉਦਘਾਟਨ

ਬੀਤੇ ਕੁਝ ਮਹੀਨਿਆਂ 'ਚ 2 ਹਜ਼ਾਰ ਤੋਂ ਵੱਧ ਉਦਘਾਟਨ ਹੋ ਚੁੱਕੇ ਹਨ। ਇਨ੍ਹਾਂ ਵਿਚ ਜ਼ਿਆਦਾ ਖੁਸ਼ੀ ਮਿਸਤਰੀ, ਰੰਗ ਰੋਗਨ ਕਰਨ ਵਾਲੇ ਅਤੇ ਟੈਂਟ ਲਾਉਣ ਵਾਲਿਆਂ ਨੂੰ ਹੈ। ਉਦਘਾਟਨ ਹੀ ਉਦਘਾਟਨ ਲੱਗਦਾ ਹੈ 2027 ਦੀਆਂ ਚੋਣਾਂ ਦੀ ਤਿਆਰੀ ਹੈ। ਉਦਘਾਟਨਾਂ ਦੀ ਸਪੀਡ ਤੇਜ਼ ਹੈ। ਵਿਰੋਧੀ ਧਿਰ ਦੇ ਨੇਤਾਵਾਂ ਨੂੰ ਫ਼ਿਕਰ ਹੈ ਕਿ ਸਾਰੇ ਉਦਘਾਟਨ ਹੁਣ ਹੋ ਗਏ ਤਾਂ ਸਾਡੇ ਲਈ ਕੀ ਬਚੇਗਾ। ਸਿੱਖਿਆ ਕ੍ਰਾਂਤੀ ਦੇ ਪੱਥਰਾਂ ਦਾ ਬੋਝ ਸਕੂਲ ਪ੍ਰਬੰਧਕਾਂ ਦੇ ਸਿਰ ਪੈਣ ਲੱਗਿਆ ਹੈ। ਅੰਦਰਖਾਤੇ ਉਹ ਬਹੁਤ ਦੁਖੀ ਹਨ। ਉਦਘਾਟਨੀ ਸਮਾਗਮ ਦਾ ਖ਼ਰਚਾ ਕਰਨ ਲਈ ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਜਾ ਰਿਹਾ ਹੈ। ਪਰ ਅੱਗੋਂ ਸਰਪੰਚਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਹੋਰ ਵਗਾਰਾਂ ਨਹੀਂ ਮੁੱਕਦੀਆਂ। ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਖ਼ੁਸ਼ ਕਰਨਾ ਸਰਕਾਰੀ ਅਧਿਆਪਕਾਂ ਦੀ ਲੋੜ ਬਣ ਗਈ ਹੈ। ਮਜਬੂਰੀ ਵੀ ਹੈ। ਉਦਘਾਟਨੀ ਸਮਾਗਮ ਕਰਨ ਲਈ ਅਤੇ ਪੱਥਰ ਲਗਾਉਣ ਲਈ ਸਰਕਾਰ ਵਲੋਂ ਸੀਨੀਅਰ ਸੈਕੰਡਰੀ, ਹਾਈ, ਮਿਡਲ ਅਤੇ ਐਲੀਮੈਂਟਰੀ ਸਕੂਲਾਂ ਲਈ ਵੱਖ-ਵੱਖ ਰਾਸ਼ੀ ਰੱਖੀ ਗਈ ਹੈ। ਕਈ ਥਾਵਾਂ 'ਤੇ ਮਿਡ-ਡੇ-ਮੀਲ ਦੇ ਪੈਸੇ ਅਡਜਸਟ ਕਰਕੇ ਸਿੱਖਿਆ ਕ੍ਰਾਂਤੀ ਦੇ ਸਫ਼ਲ ਕਰਨ ਦੀਆਂ ਗੱਲਾਂ ਚਲ ਰਹੀਆਂ ਹਨ। ਸੱਤਾਧਾਰੀ ਆਗੂਆਂ ਵਲੋਂ ਸਿੱਖਿਆ ਕ੍ਰਾਂਤੀ ਦੇ ਨਾਂਅ 'ਤੇ ਵੋਟਾਂ ਪੱਕੀਆਂ ਕਰਨ ਦੀ ਕਵਾਇਦ ਸਿਰ ਚੜ੍ਹ ਬੋਲ ਰਹੀ ਹੈ। ਸਕੂਲਾਂ ਦੇ ਪਖਾਨਿਆਂ ਦਾ ਉਦਘਾਟਨ ਲੋਕਾਂ ਵਿਚ ਮਜ਼ਾਕ ਹੀ ਬਣਿਆ। ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ, ਉਸ ਨੂੰ ਸਿੱਖਿਆ ਕ੍ਰਾਂਤੀ ਮੰਨਿਆ ਜਾਵੇਗਾ।

-ਹਰਜਿੰਦਰ ਪਾਲ ਸਿੰਘ
881ਏ, ਜਵੱਦੀ ਕਲਾਂ, ਲੁਧਿਆਣਾ।