JALANDHAR WEATHER

09-06-2025

 ਜੀਵ-ਜੰਤੂਆਂ ਨੂੰ ਨਾ ਸਾੜੋ
ਪੰਜਾਬ ਵਿਚ ਅਸੀਂ ਬਹੁਤ ਥਾਵਾਂ 'ਤੇ ਦੇਖਦੇ ਹਾਂ ਕਿ ਕੁਝ ਲੋਕ ਆਪਣੇ ਕਣਕ ਦੀ ਵਾਢੀ ਵਾਲੇ ਖੇਤਾਂ ਵਿਚ ਜਗ੍ਹਾ-ਜਗ੍ਹਾ 'ਤੇ ਅੱਗ ਲਗਾ ਰਹੇ ਹਨ। ਅੱਗ ਲੱਗਣ ਕਰਕੇ ਖੇਤਾਂ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਲੱਗੇ ਹੋਏ ਬਹੁਤ ਸਾਰੇ ਪੌਦਿਆਂ, ਦਰੱਖ਼ਤਾਂ ਦਾ ਨੁਕਸਾਨ ਹੋ ਰਿਹਾ ਹੈ। ਇਹ ਪੌਦੇ ਦਰੱਖ਼ਤ ਕੁਝ ਚੰਗੇ ਇਨਸਾਨਾਂ ਵਲੋਂ ਸੜਕਾਂ ਦੇ ਕਿਨਾਰਿਆਂ 'ਤੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼-ਸੁਥਰਾ ਰੱਖਣ ਲਈ ਲਗਾਏ ਗਏ ਸਨ। ਪਰ ਕੁਝ ਘਟੀਆ ਸੋਚ ਵਾਲੇ ਲੋਕ ਇਨ੍ਹਾਂ ਦਰੱਖ਼ਤਾਂ ਨੂੰ ਵੀ ਅੱਗ ਨਾਲ ਸਾੜ ਰਹੇ ਹਨ। ਜਿਨ੍ਹਾਂ ਨੂੰ ਦੇਖ ਕੇ ਮਨ ਨੂੰ ਬਹੁਤ ਦੁੱਖ ਹੁੰਦਾ ਹੈ। ਇਸ ਅੱਗ ਦੀ ਲਪੇਟ ਵਿਚ ਬਹੁਤ ਸਾਰੇ ਜੀਵ-ਜੰਤੂ, ਪੰਛੀ ਵੀ ਸੜ ਰਹੇ ਹਨ, ਜੋ ਕਿ ਇਹ ਬਹੁਤ ਵੱਡਾ ਪਾਪ ਤੇ ਕਾਨੂੰਨੀ ਜੁਰਮ ਵੀ ਹੈ। ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਅੱਗ ਲਾਉਣ ਦੀਆਂ ਘਟਨਾਵਾਂ ਵਿਚ ਕਈ ਥਾਵਾਂ 'ਤੇ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ। ਕਈ ਪਰਿਵਾਰਾਂ ਦੇ ਮੈਂਬਰ ਇਨ੍ਹਾਂ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਆਪਣੀ ਜਾਨਾਂ ਗਵਾ ਚੁੱਕੇ ਹਨ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਜਿਨ੍ਹਾਂ ਲੋਕਾਂ ਦੇ ਖੇਤ ਵਿਚ ਅੱਗ ਲੱਗਣ ਕਰਕੇ ਜੋ ਵੀ ਦਰੱਖ਼ਤਾਂ, ਪੌਦਿਆਂ ਅਤੇ ਲੋਕਾਂ ਦਾ ਜਾਨੀ-ਮਾਲੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਇਆ ਹੈ, ਉਹ ਜਿਨ੍ਹਾਂ ਲੋਕਾਂ ਨੇ ਆਪਣੇ ਖੇਤਾਂ ਵਿਚ ਅੱਗ ਲਗਾਈ, ਉਨ੍ਹਾਂ ਲੋਕਾਂ ਤੋਂ ਭਰਵਾਈ ਕਰਵਾਈ ਜਾਵੇ।

-ਅਸ਼ੀਸ਼ ਸ਼ਰਮਾ ਜਲੰਧਰ

ਪੰਚਾਇਤ ਦਾ ਨੇਕ ਉਪਰਾਲਾ
ਬਠਿੰਡਾ ਜ਼ਿਲ੍ਹੇ ਦੇ ਬਲਾਕ ਸੰਗਤ ਅਧੀਨ ਆਉਂਦੇ ਪਿੰਡ ਕੋਟਗੁਰੂ ਦੀ ਸਮੁੱਚੀ ਪੰਚਾਇਤ ਨੇ ਪਿੰਡ ਦੀ ਮਾਣਮੱਤੀ ਧੀ ਪ੍ਰੋਫ਼ੈਸਰ ਜਸਵੰਤ ਕੌਰ ਮਣੀ ਦੇ ਨਾਂਅ 'ਤੇ ਪਾਰਕ ਬਣਾਉਣ ਦਾ ਮਤਾ ਪਾਸ ਕਰ ਕੇ ਬਹੁਤ ਹੀ ਨੇਕ ਉਪਰਾਲਾ ਕੀਤਾ ਹੈ। ਅਜਿਹਾ ਕਰਨ ਨਾਲ ਪਿੰਡ ਅਤੇ ਇਲਾਕੇ ਦੀਆਂ ਹੋਰ ਧੀਆਂ ਨੂੰ ਜਸਵੰਤ ਕੌਰ ਵਾਂਗ ਮਿਹਨਤ ਕਰ ਕੇ ਅੱਗੇ ਵਧਣ ਦੀ ਪ੍ਰੇਰਣਾ ਮਿਲੇਗੀ। ਕਿਉਂਕਿ ਪ੍ਰੋਫ਼ੈਸਰ ਜਸਵੰਤ ਕੌਰ ਮਣੀ ਨੇ ਸਧਾਰਨ ਪਰਿਵਾਰ 'ਚੋਂ ਉੱਠ ਕੇ ਸਖ਼ਤ ਮਿਹਨਤ ਦੇ ਬਲਬੂਤੇ ਬਹੁਤ ਜ਼ਿਆਦਾ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਤੇ ਸੈਂਕੜੇ ਲੇਖ ਅਖ਼ਬਾਰਾਂ 'ਚ ਲਿਖ ਕੇ ਆਪਣਾ ਅਤੇ ਪਿੰਡ ਦਾ ਨਾਂਅ ਚਮਕਾਇਆ। ਪਰ ਇੱਕ ਚੰਗੀ ਨੌਕਰੀ ਤੇ ਲੱਗਣ/ਜੁਆਇੰਨ ਕਰਨ ਤੋਂ ਕੁੱਝ ਦਿਨ ਪਹਿਲਾਂ ਹੀ ਜਸਵੰਤ ਕੌਰ ਮਣੀ ਦੀ ਬੇਵਕਤੀ ਮੌਤ ਹੋ ਗਈ ਸੀ। ਪੰਚਾਇਤ ਦੇ ਇਸ ਨੇਕ ਉਪਰਾਲੇ ਦੀ ਚਾਰੇ ਪਾਸੇ ਖੂਬ ਸੋਭਾ ਹੋ ਰਹੀ ਹੈ।

-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟ ਗੁਰੂ (ਬਠਿੰਡਾ)

ਆਪਣੇ ਤੱਕ ਮਤਲਬ ਰੱਖੋ
ਕੌਣ ਕੀ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ? ਦੂਜਿਆਂ ਪ੍ਰਤੀ ਰਾਇ ਰੱਖਣਾ ਸਾਡਾ ਇਹ ਕੰਮ ਨਹੀਂ ਹੈ। ਅੱਜ ਜ਼ਿੰਦਗੀ ਬਹੁਤ ਜ਼ਿਆਦਾ ਫਾਰਵਰਡ ਹੁੰਦੀ ਜਾ ਰਹੀ ਹੈ। ਆਪਣੇ ਖ਼ੂਨ ਦੇ ਰਿਸ਼ਤਿਆਂ ਲਈ ਸਮਾਂ ਨਹੀਂ ਹੈ। ਅਸੀਂ ਫਿਰ ਵੀ ਦੂਜਿਆਂ ਦੀ ਨਿੱਜੀ ਜ਼ਿੰਦਗੀ ਵਿਚ ਦਿਲਚਸਪੀ ਕਿਉਂ ਰੱਖ ਰਹੇ ਹਾਂ। ਦੂਜਿਆਂ ਦੀ ਜ਼ਿੰਦਗੀ ਵਿਚ ਬੇਮਤਲਬੀ ਦਖ਼ਲਅੰਦਾਜ਼ੀ ਨਾ ਕਰੋ। ਪਰ ਆਪਣੇ ਲਈ ਜ਼ਰੂਰ ਸਮਾਂ ਕੱਢੋ। ਆਪਣੀ ਸਿਹਤ ਦਾ ਧਿਆਨ ਰੱਖੋ। ਜੋ ਆਪਣੀ ਰੂਹ ਨੂੰ ਸਕੂਨ ਦੇਣ ਵਾਲੇ ਕੰਮ ਕਰੋ, ਲੋੜਵੰਦਾਂ ਦੀ ਮਦਦ ਕਰੋ।

-ਸੰਜੀਵ ਸਿੰਘ ਸੈਣੀ ਮੁਹਾਲੀ।

ਅਖ਼ਬਾਰਾਂ ਪੜ੍ਹੋ
ਕੁਝ ਦਹਾਕੇ ਪਹਿਲਾਂ ਘੱਟ ਪੜ੍ਹੇ ਲਿਖੇ ਲੋਕ ਵੀ ਪਿੰਡਾਂ ਤੇ ਸ਼ਹਿਰਾਂ ਵਿਚ ਅਖ਼ਬਾਰ ਬਹੁਤ ਹੀ ਨੀਝ ਨਾਲ ਪੜ੍ਹਦੇ ਸਨ। ਜਿਸ ਕਰਕੇ ਉਨ੍ਹਾਂ ਦੇ ਗਿਆਨ ਦਾ ਭੰਡਾਰ ਬਹੁਤ ਵਿਸ਼ਾਲ ਸੀ। ਅੱਜ ਕੱਲ੍ਹ ਨੌਜਵਾਨ ਵਰਗ ਸੋਸ਼ਲ ਮੀਡੀਆ ਨਾਲ ਹੀ ਦਿਨ ਰਾਤ ਰਿਸ਼ਤਾ ਬਣਾਈ ਰੱਖਦਾ ਹੈ। ਨੌਜਵਾਨ ਵਰਗ ਨੂੰ ਆਪਣਾ ਗਿਆਨ ਵਧਾਉਣ ਅਤੇ ਸਮਾਜ ਪ੍ਰਤੀ ਜਾਣਕਾਰੀ ਵਧਾਉਣ ਲਈ ਅਖ਼ਬਾਰ ਜ਼ਰੂਰ ਪੜ੍ਹਦੇ ਰਹਿਣਾ ਚਾਹੀਦਾ ਹੈ। ਅਖ਼ਬਾਰ ਵੀ ਆਨਲਾਈਨ ਦੀ ਬਜਾਏ ਅਸਲ ਕਾਪੀ ਜ਼ਰੂਰ ਘਰ ਸ਼ੁਰੂ ਕਰਵਾਉਣੀ ਚਾਹੀਦੀ ਹੈ। ਮਾਪਿਆਂ ਨੂੰ ਆਪਣੇ ਘਰਾਂ ਵਿਚ ਬੱਚਿਆਂ ਨੂੰ ਅਖ਼ਬਾਰ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)