04-06-2025
ਸੌੜੀ ਰਾਜਨੀਤੀ ਦਾ ਤਿਆਗੋ
ਆਪ੍ਰੇਸ਼ਨ ਸੰਧੂਰ 'ਤੇ ਹੋ ਰਹੀ ਸਿਆਸਤ ਚਿੰਤਾ ਦਾ ਵਿਸ਼ਾ ਹੈ। ਜਦੋਂ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਲੜਾਈ ਵਾਲੇ ਹਾਲਾਤ ਬਣ ਜਾਣ ਤਾਂ ਸਾਰੀਆਂ ਪਾਰਟੀਆਂ ਨੂੰ ਸੌੜੀ ਰਾਜਨੀਤੀ ਕਰਨ ਦੀ ਬਜਾਏ ਦੇਸ਼ ਦੇ ਹਿੱਤ ਦੀ ਗੱਲ ਕਰਨੀ ਚਾਹੀਦੀ ਹੈ। ਸਭ ਨੂੰ ਇਕੱਠਿਆਂ ਹੋ ਕੇ ਦੁਸ਼ਮਣ ਦੇ ਖ਼ਿਲਾਫ਼ ਲੜਨਾ ਚਾਹੀਦਾ ਹੈ। ਹੁਣ ਜਦੋਂ ਵੱਖੋ-ਵੱਖ ਪਾਰਟੀਆਂ ਦੇ 7 ਡੈਲੀਗੇਟ ਚੁਣੇ ਗਏ ਹਨ। ਜੋ ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਪਾਕਿ ਦਾ ਪਰਦਾ ਫ਼ਾਸ਼ ਕਰਨਗੇ।
-ਗੁਰਮੀਤ ਸਿੰਘ ਵੇਰਕਾ
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ
ਹਰ ਸਾਲ ਫ਼ਸਲਾਂ ਦੇ ਹਾੜ੍ਹੀ ਸਾਉਣੀ ਸੀਜ਼ਨ 'ਤੇ ਕਿਸਾਨਾਂ ਅਤੇ ਸਰਕਾਰਾਂ ਲਈ ਸਿਰਦਰਦੀ ਬਣੀ ਰਹਿੰਦੀ ਹੈ। ਇਸ ਮੌਕੇ ਤੇ ਹਰ ਮਹਿਕਮੇ ਵਿਚ ਮੁਲਾਜ਼ਮਾਂ ਦੀ ਘਾਟ ਸਿਰਦਰਦੀ ਦੂਣੀ ਕਰ ਦਿੰਦੀ ਹੈ। ਸਰਕਾਰ ਅਤੇ ਕਿਸਾਨਾਂ ਦੀ ਆਪਣੀ ਆਪਣੀ ਜਗ੍ਹਾ ਮਜਬੂਰੀ ਹੈ। ਸੈਟੇਲਾਈਟ ਰਾਹੀਂ ਅੱਗ ਲੱਗਣ ਦੀ ਖ਼ਬਰ ਸਰਕਾਰੀ ਖੇਮੇ ਵਿਚ ਅੱਗ ਵਾਂਗ ਫੈਲ ਜਾਂਦੀ ਹੈ। ਛੋਟੇ ਮੁਲਾਜ਼ਮ ਦੀ ਹਾਲਤ ਹਨ੍ਹੇਰੀ ਵਿਚ ਭਟਕੇ ਪੰਛੀ ਵਾਲੀ ਹੋ ਜਾਂਦੀ ਹੈ। ਰਿਪੋਰਟ ਜੋ ਵੀ ਭੇਜੀ ਜਾਂਦੀ ਹੈ ਉਸ ਨਾਲ ਮੁਲਾਜ਼ਮ ਵਰਗ ਸਰਕਾਰ ਅਤੇ ਲੋਕਾਂ ਦੀ ਚੱਕੀ ਵਿਚ ਹਰ ਪਾਸਿਓਂ ਪਿਸ ਜਾਂਦਾ ਹੈ। ਇਸ ਸਮੱਸਿਆ ਨਾਲ ਸਿੱਝਣ ਲਈ ਸਰਕਾਰ ਕੋਈ ਯੋਗ ਨੀਤੀ ਬਣਾਏ। ਦੂਜੀ ਖ਼ਾਸ ਗੱਲ ਸੰਬੰਧਿਤ ਮਸਲਿਆਂ ਨੂੰ ਸੰਬੰਧਿਤ ਮਹਿਕਮਾ ਹੀ ਨਿਬੇੜੇ। ਸਾਰੇ ਮੁਲਾਜ਼ਮਾਂ ਦੀ ਅਫ਼ਰਾ-ਤਫ਼ਰੀ ਮਚਾਉਣ ਨਾਲ ਸਰਕਾਰ ਦਾ ਸਮਾਂ ਬਰਬਾਦ ਹੁੰਦਾ ਹੈ। ਕਈ ਡਿਊਟੀਆਂ ਤਾਂ ਇੰਨੀਆਂ ਹਾਸੋਹੀਣੀਆਂ ਹੁੰਦੀਆਂ ਹਨ, ਜਿਨ੍ਹਾਂ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ ਹੁੰਦਾ। ਕਿਸਾਨਾਂ ਨੂੰ ਵੀ ਦੇਸ਼ ਸੂਬੇ ਦੇ ਹਿੱਤਾਂ ਵਿਚ ਸਰਕਾਰ ਨਾਲ ਸਹਿਯੋਗ ਕਰਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਗ਼ੈਰ ਸਿਧਾਂਤਕ ਜ਼ਿੰਮੇਵਾਰੀ ਖ਼ਤਮ ਕਰਕੇ, ਮਸਲਿਆਂ ਦਾ ਸਹੀ ਹੱਲ ਅਤੇ ਹਰ ਸਾਲ ਦੀ ਖੱਜਲਖੁਆਰੀ ਨਾਲੋਂ ਮੁਲਾਜ਼ਮ ਸਮਰੱਥਾ ਵੀ ਸਹੀ ਅਤੇ ਸਮੇਂ ਤੋਂ ਵਰਤੋਂ ਕਰਨੀ ਚਾਹੀਦੀ ਹੈ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਐਨ.ਜੀ.ਓ. ਪ੍ਰੇਸ਼ਾਨ
ਪੰਜਾਬ ਵਿਚ ਇਸ ਸਮੇਂ ਤੇਜ਼ ਗਰਮੀ ਪੈ ਰਹੀ ਹੈ। ਇਸ ਤੋਂ ਬਾਅਦ ਬਰਸਾਤ ਵੀ ਆਏਗੀ। ਇਸ ਬਰਸਾਤ ਵਿਚ ਸ਼ਹਿਰਾਂ ਅਤੇ ਪਿੰਡਾਂ ਵਿਚ ਹਰਿਆਲੀ ਵਧਾਉਣ ਅਤੇ ਰੁੱਖ ਲਗਾਉਣ ਵਾਲੇ ਐਨ.ਜੀ.ਓ. ਇਨ੍ਹਾਂ ਦਿਨੀਂ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ, ਕਿਉਂਕਿ ਇਕ ਤਾਂ ਉਨ੍ਹਾਂ ਵਲੋਂ ਸੜਕਾਂ 'ਤੇ ਲਗਾਏ ਗਏ ਬੂਟਿਆਂ ਨੂੰ ਅਵਾਰਾ ਪਸ਼ੂਆਂ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ, ਕਿਉਂਕਿ ਜਿਹੜੇ ਲੋਕ ਪਸ਼ੂਆਂ ਨੂੰ ਘਾਹ ਚਰਾਉਂਦੇ ਹਨ, ਉਨ੍ਹਾਂ ਵਲੋਂ ਇਹ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਉਨ੍ਹਾਂ ਦੇ ਪਸ਼ੂ ਨਵੇਂ ਲਗਾਏ ਬੂਟਿਆਂ ਨੂੰ ਖਾ ਜਾਂਦੇ ਹਨ। ਜਿਹੜੇ ਕਿ ਐਨ.ਜੀ.ਓ. ਨੇ ਬੜੀ ਮਿਹਨਤ ਨਾਲ ਲਗਾਏ ਹੁੰਦੇ ਹਨ। ਪਰ ਦੂਜੇ ਪਾਸੇ ਇਹ ਐਨ.ਜੀ.ਓ. ਕਿਸਾਨਾਂ ਤੋਂ ਵੀ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ, ਕਿਉਂਕਿ ਜਿਹੜੇ ਬੂਟੇ ਪਸ਼ੂਆਂ ਤੋਂ ਬਚ ਜਾਂਦੇ ਹਨ, ਉਹ ਕਿਸਾਨਾਂ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਲਗਾਈ ਗਈ ਅੱਗ ਕਾਰਨ ਝੁਲਸ ਜਾਂਦੇ ਹਨ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਦਿਖਾਈ ਦਿੰਦੇ ਹਨ। ਉਨ੍ਹਾਂ ਦੀ ਪ੍ਰੇਸ਼ਾਨੀ ਦਾ ਵੱਡਾ ਕਾਰਨ ਇਹੀ ਹੈ ਕਿ ਉਹ ਇਸ ਵਾਰ ਬੂਟੇ ਲਗਾਉਣ ਤਾਂ ਲਗਾਉਣ ਕਿੱਥੇ।
-ਅਸ਼ੀਸ਼ ਸ਼ਰਮਾ ਜਲੰਧਰ।
ਪਾਣੀ ਬਚਾਓ, ਮਨੁੱਖ ਬਚਾਓ
ਆਪਣੇ ਆਪ ਨੂੰ ਅਗਾਂਹਵਧੂ ਅਖਵਾਉਣ ਵਾਲਾ ਅਜੋਕਾ ਮਨੁੱਖ ਆਪਣੇ ਸਵਾਰਥ ਲਈ ਕੁਦਰਤ ਨਾਲ ਖਿਲਵਾੜ ਕਰ ਕੇ ਆਪਣੀ ਕਬਰ ਆਪ ਪੁੱਟ ਰਿਹਾ ਹੈ। ਇਸ ਤੋਂ ਇਲਾਵਾ ਬੇਕਸੂਰ ਲੋਕਾਂ ਨੂੰ ਵੀ ਮੌਤ ਦੇ ਬੂਹੇ ਵੱਲ ਧੱਕ ਰਿਹਾ ਹੈ। ਅਜੋਕੇ ਮਨੁੱਖ ਨੇ ਆਪਣੇ ਸਵਾਰਥ ਲਈ ਧਰਤੀ ਹੇਠੋਂ ਪਾਣੀ ਕੱਢ-ਕੱਢ ਕੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਨੀਵਾਂ ਕਰ ਦਿੱਤਾ ਹੈ। ਜੇਕਰ ਮਨੁੱਖ ਨਿਰੰਤਰ ਇਸੇ ਤਰ੍ਹਾਂ ਲੱਗਿਆ ਰਿਹਾ ਤਾਂ ਉਹ ਦਿਨ ਬਹੁਤੇ ਦੂਰ ਨਹੀਂ ਹੋਣਗੇ ਜਦੋਂ ਪੀਣ ਵਾਲੇ ਪਾਣੀ ਦੀ ਇਕ ਘੁੱਟ ਵੀ ਨਸੀਬ ਨਹੀਂ ਹੋਵੇਗੀ।
ਇਸ ਤੋਂ ਇਲਾਵਾ ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਵੀ ਲੋਕਾਂ ਨੇ ਘਰਾਂ ਦਾ ਗੰਦ ਅਤੇ ਫੈਕਟਰੀਆਂ ਦਾ ਜ਼ਹਿਰੀਲਾ ਗੰਦਾ ਪਾਣੀ ਸੁੱਟ-ਸੁੱਟ ਕੇ ਪੂਰੀ ਤਰ੍ਹਾਂ ਪਲੀਤ/ਦੂਸ਼ਿਤ ਕਰ ਕੇ ਰੱਖ ਦਿੱਤਾ ਹੈ। ਇਸ ਤਰ੍ਹਾਂ ਬਿਨਾਂ ਕਿਸੇ ਡਰ ਭੈਅ ਦੇ ਨਿਰੰਤਰ ਹੋਣ ਕਰਕੇ ਮਨੁੱਖ ਆਪਣੇ ਭਵਿੱਖ ਦੇ ਵਾਰਿਸਾਂ ਨੂੰ ਪੀਣ ਯੋਗ ਪਾਣੀ ਤੋਂ ਵਿਰਵੇ ਰੱਖਣ 'ਤੇ ਤੁਲਿਆ ਹੋਇਆ ਹੈ।
ਆਮ ਲੋਕਾਂ ਨੂੰ ਖ਼ੁਦ ਹੀ ਸਿਆਣੇ ਬਣ ਕੇ ਅਤੇ ਆਪਣਾ ਸਵਾਰਥ ਤਿਆਗ ਕੇ ਪਾਣੀ ਨੂੰ ਬਚਾਉਣਾ ਆਪਣਾ ਮੁੱਢਲਾ ਕਰਤੱਵ ਸਮਝਣਾ ਚਾਹੀਦਾ ਹੈ। ਇਸੇ ਵਿਚ ਹੀ ਸਮੁੱਚੀ ਲੋਕਾਈ ਦੀ ਭਲਾਈ ਹੈ। ਸਰਕਾਰਾਂ ਨੂੰ ਵੀ ਪਾਣੀ ਦੀ ਬਰਬਾਦੀ ਅਤੇ ਗੰਧਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕਰਨੀ ਚਾਹੀਦੀ ਹੈ ਤਾਂ ਜੋ ਬਿਮਾਰੀਆਂ ਰਾਹੀਂ ਲੋਕਾਂ ਦਾ ਬਰਬਾਦ ਹੁੰਦਾ ਪੈਸਾ ਬਚ ਸਕੇ। ਇਸ ਤੋਂ ਇਲਾਵਾ ਦੂਸ਼ਿਤ ਪਾਣੀ ਕਾਰਨ ਹੁੰਦੀਆਂ ਬਿਮਾਰੀਆਂ ਕਰਕੇ ਮੈਡੀਕਲ ਮਾਫੀਆ ਨੂੰ ਵੀ ਨੱਥ ਪੈ ਸਕੇਗੀ।
-ਅੰਗਰੇਜ ਸਿੰਘ ਵਿੱਕੀ ਕੋਟਗੁਰੂ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)