27-04-2025
ਪੰਜਾਬ ਵਿਚ ਕਮਿਊਨਿਸਟ ਲਹਿਰ ਦੀ ਉਤਪਤੀ ਵਿਕਾਸ ਅਤੇ ਉਤਰਾਵਾਂ ਚੜ੍ਹਾਵਾਂ ਦਾ ਸੰਖੇਪ ਇਤਿਹਾਸ
ਲੇਖਕ : ਕਾਮਰੇਡ ਲਹਿੰਬਰ ਸਿੰਘ ਤੱਗੜ
ਪ੍ਰਕਾਸ਼ਨ : ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ)
ਪ੍ਰਕਾਸ਼ਕ : ਕਾਮਰੇਡ ਸੁਖਵਿੰਦਰ ਸਿੰਘ ਸੇਖੋਂ
ਮੁੱਲ : 600 ਰੁਪਏ, ਸਫ਼ੇ : 600
ਸੰਪਰਕ : 94170-44516
ਲਗਭਗ ਛੇ ਦਹਾਕਿਆਂ ਤੋਂ ਕਮਿਊਨਿਸਟ ਲਹਿਰ ਵਿਚ ਕੁਲਵਕਤੀ ਤੌਰ 'ਤੇ ਸਰਗਰਮ ਪੰਜਾਬ ਦੇ ਇਕ ਕਮਿਊਨਿਸਟ ਆਗੂ ਕਾਮਰੇਡ ਲਹਿੰਬਰ ਸਿੰਘ ਤੱਗੜ ਜੋ ਹੁਣ 78 ਸਾਲਾਂ ਨੂੰ ਢੁਕਣ ਵਾਲੇ ਹਨ, ਵਲੋਂ ਲਿਖੀ 600 ਸਫਿਆਂ ਦੀ ਪੁਸਤਕ 'ਪੰਜਾਬ ਵਿਚ ਕਮਿਊਨਿਸਟ ਲਹਿਰ ਦੀ ਉਤਪਤੀ, ਵਿਕਾਸ ਅਤੇ ਉਤਰਾਵਾਂ ਚੜ੍ਹਾਵਾਂ ਦਾ ਸੰਖੇਪ ਇਤਿਹਾਸ' ਅੱਜਕਲ੍ਹ ਕਮਿਊਨਿਸਟ ਹਲਕਿਆਂ ਵਿਚ ਕਾਫੀ ਚਰਚਾ ਵਿਚ ਹੈ।
ਪੁਸਤਕ ਦੇ ਟਾਈਟਲ ਤੋਂ ਜਾਪਦਾ ਹੈ ਕਿ ਇਹ ਪੰਜਾਬ ਦੀ ਕਮਿਊਨਿਸਟ ਲਹਿਰ ਬਾਰੇ ਸੰਖੇਪ ਜਾਣਕਾਰੀ ਦੇਵੇਗੀ, ਪਰ ਪੜ੍ਹਨ ਤੋਂ ਪਹਿਲਾਂ ਹੀ ਓਪਰੀ ਜਿਹੀ ਨਜ਼ਰ ਮਾਰਿਆਂ ਅਤੇ ਪੜ੍ਹਨ ਤੋਂ ਬਾਅਦ ਸਪੱਸ਼ਟ ਹੁੰਦਾ ਹੈ ਕਿ ਪੁਸਤਕ ਦਾ ਘੇਰਾ ਬਹੁਤ ਵਿਸ਼ਾਲ ਹੈ।
ਪੁਸਤਕ ਵਿਚ ਲੇਖਕ ਨੇ ਸੰਸਾਰ ਦੀ ਕਮਿਊਨਿਸਟ ਲਹਿਰ, ਭਾਰਤ ਦੀ ਕਮਿਊਨਿਸਟ ਲਹਿਰ, ਦੇਸ਼ ਦੀ ਆਜ਼ਾਦੀ ਦੀ ਲਹਿਰ, ਆਜ਼ਾਦੀ ਤੋਂ ਬਾਅਦ ਦੇ ਪੰਜਾਬ ਅਤੇ ਭਾਰਤ ਦੇ ਰਾਜਨੀਤਕ ਇਤਿਹਾਸ ਬਾਰੇ ਪੰਛੀ ਝਾਤ ਪੁਆਈ ਹੈ। ਪੰਜਾਬ ਵਿਚ ਕਮਿਊਨਿਸਟ ਲਹਿਰ ਦੀ ਉਤਪਤੀ ਦੀ ਪਿੱਠਭੂਮੀ ਦੀ ਚਰਚਾ ਕਰਦੇ ਹੋਏ ਲੇਖਕ ਨੇ ਲਿਖਿਆ ਹੈ, ਕਮਿਊਨਿਸਟ ਲਹਿਰ ਅਤੇ ਕਮਿਊਨਿਸਟ ਵਿਚਾਰਧਾਰਾ ਦੇ ਪਨਪਣ ਅਤੇ ਵਿਕਸਤ ਹੋਣ ਵਾਸਤੇ ਪੰਜਾਬ ਵਿਚ ਜ਼ਰਖੇਜ਼/ਉਪਜਾਊ ਜ਼ਮੀਨ ਤਾਂ ਪੰਜਾਬੀ ਲੋਕਾਂ ਦੀਆਂ ਇਤਿਹਾਸਕ ਪਰੰਪਰਾਵਾਂ ਅਤੇ ਸੱਭਿਆਚਾਰ ਵਿਚ ਪਹਿਲਾਂ ਤੋਂ ਹੀ ਮੌਜੂਦ ਸੀ। ਹਜ਼ਾਰਾਂ ਸਾਲਾਂ ਤੋਂ ਵਿਦੇਸ਼ੀ ਹਮਲਾਵਰਾਂ ਖਿਲਾਫ਼ ਲੜਦੇ ਰਹੇ ਹੋਣ ਕਰਕੇ ਧੱਕੇਸ਼ਾਹੀਆਂ ਵਿਰੁੱਧ ਲੜਨਾ ਤਾਂ ਪੰਜਾਬ ਦੇ ਲੋਕਾਂ ਦੇ ਸੁਭਾਅ ਦਾ ਹਿੱਸਾ ਬਣ ਚੁੱਕਾ ਹੈ। ਸਿੱਖ ਧਰਮ, ਸਿੱਖ ਲਹਿਰ ਅਤੇ ਸਿੱਖ ਸੰਘਰਸ਼ ਨੇ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਵਿਚ ਡੂੰਘੀ ਥਾਂ ਬਣਾਈ ਹੋਈ ਹੈ। ਪੰਜਵੇਂ ਅਤੇ ਨੌਵੇਂ ਗੁਰੂ ਸਹਿਬਾਨ ਦੀਆਂ ਸ਼ਹੀਦੀਆਂ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਨੀਹਾਂ ਵਿਚ ਚਿਣੇ ਜਾਣਾ, ਚਰਖੜੀਆਂ ਤੇ ਚੜ੍ਹਨਾ, ਖੋਪਰੀਆਂ ਅਤੇ ਪੁੱਠੀਆਂ ਖੱਲਾਂ ਲੁਹਾਉਣੀਆਂ, ਦੇਗਾਂ ਵਿਚ ਉੱਬਲਣਾ, ਆਰਿਆਂ ਨਾਲ ਚੀਰੇ ਜਾਣਾ ਕੇਵਲ ਸਿੱਖਾਂ ਵਿਚ ਹੀ ਨਹੀਂ ਸਗੋਂ ਸਮੂਹ ਪੰਜਾਬੀਆਂ ਦੀਆਂ ਮਨੋ-ਅਵਸਥਾਵਾਂ ਵਿਚ ਛਾਇਆ ਹੋਇਆ ਹੈ। ਪੰਜਾਬ ਵਿਚ ਜੰਮਦੇ ਬੱਚਿਆਂ ਨੂੰ ਹੀ ਇਹ ਸਭ ਕੁਝ ਹਰ ਪਾਸੇ ਤੋਂ ਸੁਣਨ ਲੱਗ ਪੈਂਦਾ ਹੈ। ਸਾਂਝੀਵਾਲਤਾ, ਬਰਾਬਰੀ, ਏਕਤਾ, ਦੇਸ਼ ਭਗਤੀ, ਕੁਰਬਾਨੀ, ਆਪਾ ਵਾਰਨਾ, ਅਣਖਾਂ, ਮਾਣ, ਸਵੈਮਾਣ ਨਾਲ ਜਿਊਣਾ, ਟੈਂਅ ਨਾ ਮੰਨਣੀ ਕਿਸੇ ਦੀ, ਹੱਕ ਸੱਚ ਲਈ ਜੂਝਣਾ, ਗਊ ਗ਼ਰੀਬ ਦੀ ਰੱਖਿਆ ਅਤੇ ਅਜਿਹੀਆਂ ਹੋਰ ਅਨੇਕਾਂ ਨਰੋਈਆਂ ਕਦਰਾਂ ਕੀਮਤਾਂ, ਇਹ ਸਾਰਾ ਕੁਝ ਪੰਜਾਬੀ ਲੋਕਾਂ ਨੂੰ ਵਿਰਸੇ 'ਚੋਂ ਹੀ ਪ੍ਰਾਪਤ ਸੀ। ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਪਾਰਟੀ ਦੀ ਲਹਿਰ ਇਹ ਸਾਰੀਆਂ ਲਹਿਰਾਂ ਉਪਰੋਕਤ ਵਿਕਸਿਤ ਹੋ ਚੁਕੀਆਂ ਅਗਾਂਹ-ਵਧੂ ਕਦਰਾਂ ਕੀਮਤਾਂ ਦਾ ਪ੍ਰਗਟਾਵਾ ਹੀ ਸਨ। ਸਿੱਖੀ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਵੀ ਇਨ੍ਹਾਂ ਲਹਿਰਾਂ ਦਾ ਪ੍ਰੇਰਨਾ ਸਰੋਤ ਸਨ। ਇਨ੍ਹਾਂ ਇਤਿਹਾਸਕ ਪ੍ਰਸਥਿਤੀਆਂ ਦੇ ਪਿੱਠਭੂਮੀ ਵਿਚ ਹੋਣ ਕਾਰਨ ਜਿਉਂ ਹੀ ਕਮਿਊਨਿਸਟ ਲਹਿਰ ਅਤੇ ਇਸ ਦੀ ਵਿਚਾਰਧਾਰਾ ਨੇ ਪੰਜਾਬ ਵਿਚ ਦਸਤਕ ਦਿੱਤੀ, ਪੰਜਾਬੀਆਂ ਨੂੰ ਇਹ ਆਪਣੇ ਇਤਿਹਾਸ ਅਤੇ ਸੱਭਿਆਚਾਰ ਵਰਗੀ ਹੀ ਮਹਿਸੂਸ ਹੋਈ ਅਤੇ ਉਨ੍ਹਾਂ ਨੇ ਸਹਿਜੇ ਹੀ ਇਸ ਨੂੰ ਪ੍ਰਵਾਨ ਕਰਨਾ ਅਤੇ ਅਪਣਾਉਣਾ ਸ਼ੁਰੂ ਕਰ ਲਿਆ। ਇਸ ਵਿਚ ਕੁਝ ਵੀ ਓਪਰਾਪਨ ਮਹਿਸੂਸ ਨਹੀਂ ਹੋਇਆ ।
ਪੁਸਤਕ ਦੇ ਆਰੰਭ ਵਿਚ ਹੀ ਪ੍ਰਕਾਸ਼ਕ ਅਤੇ ਲੇਖਕ ਵਲੋਂ ਲਿਖੇ ਗਏ 'ਮੁੱਖ ਬੰਧ', 'ਇਸ ਕਿਤਾਬ ਬਾਰੇ' ਅਤੇ 'ਕੁਝ ਆਪਣੇ ਬਾਰੇ' ਆਰਟੀਕਲਾਂ ਵਿਚ ਪੁਸਤਕ ਲਿਖਣ ਦੀ ਪਿੱਠਭੂਮੀ, ਰਚਨ-ਪ੍ਰਕਿਰਿਆ ਅਤੇ ਲੇਖਕ ਦੇ ਰਾਜਸੀ ਅਤੇ ਨਿੱਜੀ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ ਇਹ ਵੀ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਹੈ ਕਿ ਪੁਸਤਕ ਲੇਖਕ ਦੇ ਨਿੱਜੀ ਵਿਚਾਰਾਂ ਅਨੁਸਾਰ ਨਹੀਂ ਬਲਕਿ ਸੀ.ਪੀ.ਆਈ.(ਐਮ) ਦੇ ਦ੍ਰਿਸ਼ਟੀਕੋਣ ਦੇ ਆਧਾਰ 'ਤੇ ਲਿਖੀ ਗਈ ਹੈ ਅਤੇ ਪਾਰਟੀ ਵਲੋਂ ਪੂਰੀ ਤਰ੍ਹਾਂ ਪ੍ਰਵਾਨਿਤ ਹੈ। ਪੁਸਤਕ ਵਿਚ 19ਵੀਂ ਸਦੀ ਦੀ ਮੁਢਲੀ ਸਿੱਖ ਲਹਿਰ, ਗ਼ਦਰ ਪਾਰਟੀ, ਖਿਲਾਫ਼ਤ ਮੂਵਮੈਂਟ, ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ, ਹਥਿਆਰਬੰਦ ਬੱਬਰ ਅਕਾਲੀ ਲਹਿਰ, ਸ਼ਹੀਦ ਭਗਤ ਸਿੰਘ ਦੀ ਲਹਿਰ, ਰਿਆਸਤੀ ਪਰਜਾ ਮੰਡਲ ਦੀ ਲਹਿਰ, ਆਜ਼ਾਦੀ ਤੋਂ ਪਹਿਲਾਂ ਦੀ ਅਤੇ ਬਾਅਦ ਦੀ ਵਿਦਿਆਰਥੀ ਲਹਿਰ, ਕਿਰਤੀ ਕਮਿਊਨਿਸਟ ਪਾਰਟੀ, ਲਾਲ ਕਮਿਊਨਿਸਟ ਪਾਰਟੀ, ਪਾਕਿਸਤਾਨ ਕਮਿਊਨਿਸਟ ਪਾਰਟੀ, ਇਪਟਾ ਅਤੇ ਸੰਸਾਰ ਅਮਨ ਦੀਆਂ ਲਹਿਰਾਂ, ਗੋਆ ਦੀ ਆਜ਼ਾਦੀ ਦੀ ਲਹਿਰ, ਖੁਸ਼ਹੈਸੀਅਤੀ ਟੈਕਸ ਵਿਰੋਧੀ ਮਹਾਨ ਮੋਰਚਾ, ਪੰਜਾਬ ਦੀ ਮੁਲਾਜ਼ਮ ਲਹਿਰ, ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੀਆਂ ਕਿਸਾਨ ਲਹਿਰਾਂ ਅਤੇ ਹੋਰ ਬਹੁਤ ਸਾਰੀਆਂ ਵੱਡੀਆਂ-ਛੋਟੀਆਂ ਲਹਿਰਾਂ ਅਤੇ ਸੰਘਰਸ਼ਾਂ ਬਾਰੇ ਲੋੜੀਂਦੀ ਜਾਣਕਾਰੀ ਵੀ ਮਿਲਦੀ ਹੈ। ਪੁਸਤਕ ਵਿਚ ਸੰਸਾਰ ਕਮਿਊਨਿਸਟ ਲਹਿਰ ਖਾਸ ਕਰਕੇ ਸੋਵੀਅਤ ਯੂਨੀਅਨ ਅਤੇ ਚੀਨ ਦੀ ਕਮਿਊਨਿਸਟ ਲਹਿਰ ਵਿਚਲੇ ਵੱਡੇ ਮੱਤਭੇਦਾਂ, ਕਾਮਰੇਡ ਸਟਾਲਿਨ ਦੀ ਸ਼ਖਸੀਅਤ ਅਤੇ ਇਤਿਹਾਸਕ ਰੋਲ ਬਾਰੇ ਮਤਭੇਦਾਂ, ਭਾਰਤ ਦੀ ਕਮਿਊਨਿਸਟ ਲਹਿਰ ਵਿਚਲੇ ਮਤਭੇਦਾਂ ਅਤੇ ਵੰਡ ਬਾਰੇ ਵੀ ਲੋੜ ਅਨੁਸਾਰ ਜਾਣਕਾਰੀ ਪ੍ਰਾਪਤ ਹੁੰਦੀ ਹੈ। ਪੁਸਤਕ ਦਾ ਸਰਵਰਕ (ਟਾਈਟਲ ਪੇਜ) ਬਹੁਤ ਸੂਝ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿਚ ਪੰਜਾਬ ਦੇ ਇਤਿਹਾਸਕ ਕਮਿਊਨਿਸਟ ਆਗੂਆਂ ਦੀਆਂ ਤਰਤੀਬਵਾਰ ਤਸਵੀਰਾਂ ਲਾਈਆਂ ਗਈਆਂ ਹਨ।
ਹੁਣ ਤੱਕ ਪੰਜਾਬ ਦੀ ਕਮਿਊਨਿਸਟ ਲਹਿਰ ਬਾਰੇ ਵੱਡੇ-ਵੱਡੇ ਕਮਿਊਨਿਸਟ ਆਗੂਆਂ, ਵਿਦਵਾਨਾਂ ਅਤੇ ਲੇਖਕਾਂ ਵਲੋਂ ਅਨੇਕਾਂ ਪੁਸਤਕਾਂ ਲਿਖੀਆਂ ਗਈਆਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਜਾਂ ਤਾਂ ਵੱਡੇ ਆਗੂਆਂ ਦੀਆਂ ਜੀਵਨੀਆਂ ਹਨ ਅਤੇ ਜਾਂ ਫਿਰ ਵੱਖ-ਵੱਖ ਇਤਿਹਾਸਕ ਸੰਘਰਸ਼ਾਂ ਬਾਰੇ ਹਨ। ਕੁਝ ਵਿਦਵਾਨਾਂ ਵਲੋਂ ਜੋ ਕੁਝ ਕਿਤਾਬਾਂ ਸਮੁੱਚੀ ਲਹਿਰ ਬਾਰੇ ਲਿਖੀਆਂ ਵੀ ਗਈਆਂ ਹਨ, ਉਨ੍ਹਾਂ ਵਿਚ ਲਹਿਰ ਦੀਆਂ ਪ੍ਰਾਪਤੀਆਂ ਬਾਰੇ ਘੱਟ ਲਿਖਿਆ ਗਿਆ ਹੈ ਅਤੇ ਗ਼ਲਤੀਆਂ ਅਤੇ ਅਸਫ਼ਲਤਾਵਾਂ ਬਾਰੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਇਸ ਪਿੱਠਭੂਮੀ ਵਿਚ ਸਾਡਾ ਦਾਅਵਾ ਹੈ ਕਿ ਕਾਮਰੇਡ ਤੱਗੜ ਦੀ ਇਹ ਪੁਸਤਕ ਅਜਿਹੀ ਪਹਿਲੀ ਪੁਸਤਕ ਹੈ ਜਿਸ ਵਿਚ ਪੰਜਾਬ ਦੀ ਕਮਿਊਨਿਸਟ ਲਹਿਰ ਦਾ ਇਤਿਹਾਸ ਆਰੰਭ ਤੋਂ ਲੈ ਕੇ ਅੱਜ ਤੱਕ ਸਮੁੱਚੇ ਤੌਰ 'ਤੇ ਸਿਲਸਿਲੇਵਾਰ ਪੇਸ਼ ਕੀਤਾ ਗਿਆ ਹੈ। ਰਾਜਨੀਤੀ ਅਤੇ ਇਤਿਹਾਸ ਦੇ ਵਿਦਿਆਰਥੀਆਂ ਅਤੇ ਖੋਜ ਕਰਤਾਵਾਂ ਲਈ ਇਹ ਇਕ ਅਹਿਮ ਅਤੇ ਇਤਿਹਾਸਕ ਦਸਤਾਵੇਜ਼ ਹੈ। ਪੁਸਤਕ ਗੂਗਲ ਅਤੇ ਫੇਸਬੁੱਕ 'ਤੇ ਉਪਲਬਧ ਹੈ ਅਤੇ ਯੂ-ਟਿਊਬ ਚੈਨਲ 'ਤੇ ਵੀ ਆਡੀਓ ਬੁੱਕ ਦੇ ਤੌਰ 'ਤੇ ਪਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।
-ਮੋਬਾਈਲ : 99882-24316
ਆਓ ਰਲ਼-ਮਿਲ਼ ਸੋਚੀਏ
ਲੇਖਿਕਾ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 122
ਸੰਪਰਕ : 98150-30221
ਪ੍ਰਭਜੋਤ ਕੌਰ ਢਿੱਲੋਂ ਪੰਜਾਬੀ ਦੀ ਅਜਿਹੀ ਲੇਖਿਕਾ ਹੈ ਜਿਹੜੀ ਆਪਣੀਆਂ ਲਿਖਤਾਂ ਦੁਆਰਾ ਉਨ੍ਹਾਂ ਸਮਾਜਿਕ, ਰਾਜਨੀਤਕ ਅਤੇ ਆਰਥਿਕ ਮਸਲਿਆਂ ਬਾਰੇ ਫ਼ਿਕਰ ਦਾ ਇਜ਼ਹਾਰ ਕਰਦਿਆਂ ਜਾਗਰੂਕ ਹੋਣ ਦਾ ਹੋਕਾ ਦਿੰਦੀ ਹੈ, ਜਿਹੜੇ ਹਰੇਕ ਮਨੁੱਖ ਦੀ ਨਿੱਜੀ ਅਤੇ ਸਮਾਜਿਕ ਜ਼ਿੰਦਗੀ ਨਾਲ ਜੁੜੇ ਹੋਏ ਹਨ। ਪ੍ਰਭਜੋਤ ਕੌਰ ਢਿੱਲੋਂ ਦੀ ਨਵੀਂ ਪੁਸਤਕ 'ਆਓ ਰਲ਼-ਮਿਲ਼ ਸੋਚੀਏ' ਵੀ ਅਜਿਹੀ ਪੁਸਤਕ ਹੈ, ਜਿਸ ਵਿਚ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਨਾਲ ਜੁੜੇ ਹੋਏ ਉਨ੍ਹਾਂ ਮਸਲਿਆਂ ਦੀ ਗੱਲ ਕੀਤੀ ਗਈ ਹੈ ਜੋ ਮਨੁੱਖੀ ਜ਼ਿੰਦਗੀ ਨੂੰ ਉਥਲ-ਪੁਥਲ ਵਾਲਾ ਵਾਤਾਵਰਨ ਪ੍ਰਦਾਨ ਕਰ ਰਹੇ ਹਨ। ਇਹ ਉਹ ਮਸਲੇ ਹਨ ਜਿਹੜੇ ਜਾਗਰੂਕ ਲੋਕਾਂ ਦੀ ਮਾਨਸਿਕਤਾ ਵਿਚ ਦਿਨ-ਰਾਤ ਖੋਰੂ ਪਾਉਂਦੇ ਅਤੇ ਅਵਾਜ਼ਾਰੀ ਪ੍ਰਦਾਨ ਕਰਦੇ ਹਨ। ਇਸੇ ਕਰਕੇ ਹੀ ਉਨ੍ਹਾਂ ਦੀ ਕਲਮ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਅਤੇ ਲੋਕ ਲਹਿਰ ਉਸਾਰਨ ਲਈ ਯਤਨਸ਼ੀਲ ਰਹਿੰਦੀ ਹੈ। ਹਥਲੀ ਪੁਸਤਕ ਵਿਚ ਲੇਖਿਕਾ ਦੇ ਚਾਰ ਦਰਜਨ ਦੇ ਲਗਭਗ ਲੇਖ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਲੇਖਾਂ ਵਿਚ ਸਾਡੇ ਸਮਾਜ ਵਿਚ ਪੈਦਾ ਹੋਏ ਭ੍ਰਿਸ਼ਟਾਚਾਰ, ਵਾਤਾਵਰਨ ਦੀ ਅਸੰਤੁਲਿਤਾ, ਨਸ਼ਿਆਂ ਦੀ ਲਾਹਨਤ, ਵਿਆਹਾਂ ਵਿਚ ਦਿਖਾਵੇ ਲਈ ਕੀਤੀ ਜਾਂਦੀ ਫ਼ਜ਼ੂਲ ਖ਼ਰਚੀ, ਰਿਸ਼ਵਤਖੋਰੀ, ਪੰਜਾਬੀਆਂ ਦੇ ਪਰਵਾਸ, ਗੰਧਲੀ ਹੋ ਰਹੀ ਸਿਆਸਤ ਆਦਿ ਬਾਰੇ ਜ਼ਿਕਰ ਕਰਦਿਆਂ ਲੇਖਿਕਾ ਨੇ ਸਬਰ ਤੇ ਸੰਤੋਖ ਨਾਲ ਜ਼ਿੰਦਗੀ ਜਿਊਂਦਿਆਂ, ਆਪਣੇ ਵੱਡਿਆਂ ਦਾ ਆਦਰ ਕਰਨ ਅਤੇ ਸਮੇਂ ਦੀ ਕਦਰ ਕਰਨ ਬਾਰੇ ਆਪਣੇ ਦ੍ਰਿਸ਼ਟੀਕੋਣ ਤੋਂ ਵਿਚਾਰ ਪੇਸ਼ ਕੀਤੇ ਹਨ। ਬਜ਼ੁਰਗਾਂ ਦੀ ਘਰਾਂ ਵਿਚ ਇਕੱਲ ਭੋਗਦਿਆਂ ਹੁੰਦੀ ਦੁਰਦਸ਼ਾ ਅਤੇ ਆਪਣਿਆਂ ਵਲੋਂ ਉਨ੍ਹਾਂ ਪ੍ਰਤੀ ਕੀਤੇ ਜਾ ਰਹੇ ਨਾਂਹਵਾਚੀ ਵਿਹਾਰ ਬਾਰੇ ਵੀ ਭਾਵਪੂਰਤ ਜਾਣਕਾਰੀ ਇਸ ਪੁਸਤਕ ਵਿਚ ਪੇਸ਼ ਹੋਈ ਹੈ। ਅਸਲ ਵਿਚ ਪ੍ਰਭਜੋਤ ਕੌਰ ਢਿੱਲੋਂ ਕੋਲ ਜ਼ਿੰਦਗੀ ਅਤੇ ਸਿਰਜਣਾਤਮਕ ਪਹੁੰਚ ਦਾ ਲੰਮਾ ਤਜਰਬਾ ਹੈ, ਜਿਸ ਕਰਕੇ ਉਹ ਆਪਣੀ ਨਿੱਜੀ ਜ਼ਿੰਦਗੀ ਵਿਚ ਅਤੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨਾਲ ਅਨੁਭਵ ਸਾਂਝਾ ਕਰਦੀ ਹੈ ਅਤੇ ਫਿਰ ਆਪਣੀਆਂ ਲਿਖਤਾਂ ਵਿਚ ਇਹੀ ਅਨੁਭਵ ਨੂੰ ਪੇਸ਼ ਕਰਦੀ ਹੈ। ਬੇਸ਼ੱਕ ਲੇਖਿਕਾ ਇਹ ਵੀ ਜ਼ਿਕਰ ਕਰਦੀ ਹੈ ਕਿ ਹੁਣ ਲੋਕ ਜਾਗਰੂਕ ਹੋ ਰਹੇ ਹਨ ਪਰ ਅਜੇ ਵੀ ਬਹੁਤ ਜ਼ਿਆਦਾ ਯਤਨਾਂ ਦੀ ਲੋੜ ਹੈ। ਆਪਣੇ ਬਾਹਰੀ ਦਿਖਾਵੇ ਨਾਲੋਂ ਆਪਣੀ ਸੋਚ ਦੀ ਸਵੱਛਤਾ ਦੀ ਵੱਧ ਜ਼ਰੂਰਤ ਹੈ ਤਾਂ ਹੀ ਸਾਡਾ ਸਮਾਜ ਉੱਚ ਕਦਰਾਂ-ਕੀਮਤਾਂ ਦਾ ਧਾਰਨੀ ਹੋ ਸਕਦਾ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਗੁੱਡ-ਲੱਕ
ਲੇਖਕ : ਬੂਟਾ ਸਿੰਘ ਚੌਹਾਨ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼
ਮੁੱਲ : 350 ਰੁਪਏ, ਸਫ਼ੇ : 156
ਸੰਪਰਕ : 98143-80749
ਇਸ ਨਾਵਲ ਨੂੰ ਲਿਖਣ ਦਾ ਮਨੋਰਥ ਇਹ ਦਰਸਾਉਣਾ ਹੈ ਕਿ ਜੀਵਨ ਵਿਚ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ। ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਇਸ ਨਾਵਲ ਦੀ ਆਊਟ-ਲਾਈਨ ਇਸ ਪ੍ਰਕਾਰ ਹੈ। ਯੁਵਕਾਂ/ਯੁਵਤੀਆਂ ਦਾ ਪੜ੍ਹਦੇ ਸਮੇਂ ਭਾਵੁਕਤਾ-ਵੱਸ ਪਿਆਰ ਹੋ ਜਾਣਾ, ਉਨ੍ਹਾਂ ਦੀਆਂ ਜਾਤਾਂ ਦਾ ਵੱਖ-ਵੱਖ ਹੋਣਾ, ਮਸਲਨ ਜੱਟਾਂ ਦੀ ਕੁੜੀ/ਝਿਉਰਾਂ ਦਾ ਮੁੰਡਾ, ਪੰਡਤਾਂ ਦੀ ਕੁੜੀ/ਵਿਹੜੇ ਵਾਲਿਆਂ ਦਾ ਮੁੰਡਾ। ਜੱਟਾਂ ਦੀ ਕੁੜੀ-ਝਿਉਰਾਂ ਦਾ ਮੁੰਡਾ-ਦੋਵਾਂ ਵਿਚ ਪ੍ਰੇਮ ਪੱਤਰਾਂ ਦਾ ਆਦਾਨ-ਪ੍ਰਦਾਨ, ਵੱਡੀ ਭੈਣ ਦੀ ਈਰਖਾ ਕਾਰਨ ਇਕ ਚਿੱਠੀ ਦਾ ਫੜਿਆ ਜਾਣਾ, ਬਾਪ ਨੂੰ ਪਤਾ ਲੱਗਣਾ, ਇੱਜ਼ਤ ਦੇ ਬਚਾਅ ਲਈ ਪੜ੍ਹਨੋਂ ਹਟਾ ਕੇ ਜੱਟਾਂ ਦੇ ਇਕਲੌਤੇ (ਨਸ਼ਈ) ਮੁੰਡੇ ਨਾਲ ਵਿਆਹ ਕੀਤੇ ਜਾਣਾ, ਨਸ਼ਈ ਹੋ ਕੇ ਮੁਟਿਆਰ ਨੂੰ ਸਰੀਰਕ ਤੌਰ 'ਤੇ ਤੰਗ ਕਰਨਾ, ਵਿਹੜੇ ਵਾਲੇ ਮੁੰਡੇ ਨੇ ਫ਼ੌਜ ਵਿਚ ਭਰਤੀ ਹੋਣਾ, ਦੋਵਾਂ ਮੁਟਿਆਰਾਂ ਦਾ ਪਿਆਰ ਆਦਰਸ਼, ਪਿਆਰ (ਪਲੈਟਾਨਿਕ ਲਵ) ਹੋ ਕੇ ਰਹਿ ਜਾਣਾ, ਪਰ ਇਕ ਦੂਜੇ ਦੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿਣੀਆਂ, ਜੱਟਾਂ ਦੀ ਲੜਕੀ ਦੇ ਇਕ ਮੁੰਡਾ, ਇਕ ਕੁੜੀ ਦਾ ਜਨਮ ਹੋਣਾ, ਬ੍ਰਾਹਮਣਾਂ ਦੀ ਕੁੜੀ ਦਾ ਬ੍ਰਾਹਮਣ ਜਾਤੀ 'ਚ ਹੀ ਵਿਆਹ ਹੋ ਜਾਣਾ, ਵਿਹੜੇ ਵਾਲੇ ਮੁੰਡੇ ਦਾ ਫ਼ੌਜ ਵਿਚ ਭਰਤੀ ਹੋਣ ਕਾਰਨ ਲੜਕੀ ਤੋਂ ਦੂਰੀ ਹੋਣਾ, ਪੰਡਤਾਂ ਦੀ ਲੜਕੀ ਦੇ ਦੋ ਮੁੰਡੇ ਹੋਣਾ, ਉਸ ਦਾ ਜੀਵਨ ਸੰਤੁਸ਼ਟ ਹੋਣਾ, ਜੱਟਾਂ ਦੀ ਲੜਕੀ ਦਾ ਆਪਣੇ ਪਿਤਾ ਨੂੰ ਪਤੀ ਵਲੋਂ ਤੰਗ ਕੀਤੇ ਜਾਣਾ ਦੱਸਣਾ, ਪਿਤਾ ਨੇ ਆ ਕੇ ਜੁਆਈ ਦੀ ਕੰਡ-ਝਾੜ ਕਰਨੀ, ਭਰਾ ਵਲੋਂ ਜੀਜੇ ਦੀ ਕੁੱਟ-ਮਾਰ ਕਰਨੀ, ਪਤੀ ਦਾ ਨਿਹੰਗ ਬਣਨਾ, ਲੰਮਾ ਬਰਛਾ, ਤਿੰਨ ਫੁੱਟੀ ਕਿਰਪਾਨ, ਨੀਲੇ ਬਸਤਕ ਪਾ ਕੇ ਭੰਗ ਰਗੜ ਕੇ ਪੀਂਦੇ ਰਹਿਣਾ, ਲੜਕੀ ਦਾ ਸਿਲਾਈ ਸਿੱਖਣਾ, ਸਿਲਾਈ ਸੈਂਟਰ ਚਲਾਉਣੇ, ਮਾਈ ਭਾਗੋ ਮਹਿਲਾ ਜਥੇਬੰਦੀ ਦਾ ਬਣਾਉਣਾ, ਇਕ ਔਲਾਦ ਰਹਿਤ ਸਿਆਣੀ ਔਰਤ ਪਾਸੋਂ ਸਲਾਹਾਂ ਲੈਂਦੇ ਰਹਿਣਾ, ਸਮਾਜ ਸੁਧਾਰ ਲਈ ਯਤਨ ਕਰਨੇ, ਸਿਆਣੇ ਸਰਪੰਚ ਦੀ ਚੋਣ ਕਰਨਾ, ਪੁੱਤਰ ਵਲੋਂ ਪਹਿਲਾਂ ਮਾਂ ਨਾਲ ਹਮਦਰਦੀ ਕਰਨੀ, ਵਿਆਹ ਬਾਅਦ ਨਿਰਮੋਹਾ ਹੋਣਾ, ਧੀ ਨੂੰ ਇਕ ਜ਼ਿੰਮੀਦਾਰ ਵਲੋਂ ਆਪਣੇ ਖ਼ਰਚੇ 'ਤੇ ਕੈਨੇਡਾ ਭੇਜਣਾ, ਪੁੱਤਰ ਨਾਲ ਵਿਆਹ ਕਰਨਾ, ਕੈਨੇਡਾ ਗਏ ਮੁੰਡੇ ਦੀ ਨਾਇਕਾ ਦੀ ਧੀ ਨਾਲ ਅਣਬਣ, ਦੋਵਾਂ ਧੀ-ਜਵਾਈ ਦਾ ਤਲਾਕ ਹੋਣਾ, ਨਾਇਕਾ ਦੀ ਧੀ ਦਾ ਦਰਜ਼ੀਆਂ ਦੇ ਮੁੰਡੇ ਨਾਲ ਪਿਆਰ ਹੋਣਾ, ਨਾਇਕਾ ਵਲੋਂ ਵਿਆਹ ਦੀ ਸਹਿਮਤੀ, 'ਗੁੱਡ ਲੱਕ' ਦਾ ਆਸ਼ੀਰਵਾਦ ਦੇਣ ਬਾਅਦ ਨਾਵਲੀ ਕਥਾ ਦਾ ਅੰਤ ਹੋਣਾ, ਨਾਵਲ ਵਿਚ ਹੋਰ ਕਈ ਕੁਝ ਵੀ ਸ਼ਾਮਿਲ ਹਨ। ਉਪੋਰਕਤ ਫੇਧੁਲਾ ਨੂੰ ਕਥਾਨਕ (ਸੁਜੇਤ) ਰੂਪ ਦੇਣ ਲਈ ਨਾਵਲਕਾਰ ਨੇ ਪਾਤਰਾਂ ਦੇ ਨਾਂਅ ਸਿਰਜੇ ਨੇ, ਉਨ੍ਹਾਂ ਵਿਚ ਮੁੱਖ ਨਾਇਕਾ (ਕਥਾ-ਵਾਚਕ) ਪਰਮਜੀਤ ਪੰਮੀ, ਝਿਉਰਾਂ ਦਾ ਮੁੰਡਾ 'ਜਸ', ਨਾਇਕਾ ਦੀ ਸਹੇਲੀ (ਪੰਡਤਾਂ ਦੀ ਕੁੜੀ) ਵੰਦਨਾ, ਵਿਹੜੇ ਵਾਲੇ ਪੰਡਤਾਂ ਦੇ ਨਾਂਅ ਅਗਿਆਤ, ਨਾਇਕਾ ਦਾ ਪਤੀ 'ਧਰਮੀ', ਧੁਰਾ ਅਤੇ ਨਾਇਕਾ ਦਾ ਪੁੱਤ 'ਕਰਨ' ਅਤੇ ਧੀ ਦਾ ਨਾਂਅ 'ਨਿਗਮ' ਰੱਖਿਆ ਗਿਆ ਹੈ। ਕਥਾ ਦੇ ਵਿਕਾਸ ਵਿਚ ਨਾਇਕਾ ਦੀ ਮਾਂ ਅਤੇ ਪਿਤਾ, ਸੱਸ ਅਤੇ ਸਹੁਰਾ ਆਦਿ ਅਨੇਕਾਂ ਦਾ ਯੋਗਦਾਨ ਹੈ। ਸਰਪੰਚ ਦਾ ਮੁੰਡਾ ਨਾਇਕਾ ਤੋਂ ਪਿਆਰ ਮੰਗਦਾ ਹੈ। ਇਕ ਪੱਤਰਕਾਰ 'ਧਨੋਆ' ਤਾਂ ਇਥੋਂ ਤੱਕ ਕਹਿ ਜਾਂਦਾ ਹੈ 'ਜੇ ਮੈਂ ਤੁਹਾਡੇ ਨਾਲ ਵਿਆਹਿਆ ਹੁੰਦਾ। ਜ਼ਿੰਦਗੀ ਸੁਰਗ ਵਰਗੀ ਹੁੰਦੀ... ਪੰਨਾ-116''. ਧਨੋਏ ਅਤੇ ਪਰਮ ਦੀਆਂ ਗੱਲਾਂ ਦਾ 'ਧਰਮੀ' ਚਲਾਕੀ ਨਾਲ ਰਿਕਾਰਡਿੰਗ ਕਰਦਾ ਰਹਿੰਦਾ ਸੀ। ਇਸ ਕਾਰਨ ਦਗ ਦਗ ਕਰਨ ਵਾਲੇ ਧਨੋਏ ਨਾਲੋਂ ਸੰਬੰਧ ਟੁੱਟ ਗਏ।
ਨਾਵਲ ਉੱਤਮ-ਪੁਰਖੀ ਬਿਰਤਾਂਤਕ ਸ਼ੈਲੀ ਵਿਚ ਸਿਰਜਿਆ ਗਿਆ ਹੈ। ਨਾਇਕਾ ਦੇ ਮਨ ਵਿਚ 'ਜਸ' ਨਾਲ ਕੁਆਰੇ ਪਿਆਰ ਦੀ ਯਾਦ ਨਾਵਲ ਵਿਚ ਬਿਰਤਾਂਤਰ ਦੁਹਰਾਅ ਪੈਦਾ ਕਰਦੀ ਹੈ ਮਸਲਨ : 'ਉਹਦੀ ਤੋਤੇ ਰੰਗੀ ਪੱਗ, ਪਿੰਕ ਸ਼ਰਟ, ਕਾਲੀ ਪੈਂਟ ਤੇ ਦਗ਼ ਦਗ਼ ਕਰਦਾ ਚਿਹਰਾ...।' ਪੰਨਾ 150. ਫੋਨ 'ਤੇ ਨਾਇਕ 'ਜਸ' ਵੀ ਉਸ ਨੂੰ ਸਮਝਾਉਂਦਾ ਹੈ, 'ਜਦੋਂ ਆਪਾਂ ਮਿਲੇ ਸੀ, ਸਿਖ਼ਰ ਦੁਪਹਿਰਾ ਸੀ, ਹੁਣ ਆਥਣ ਹੋ ਗਈ। ਪਰਛਾਵੇਂ ਲੰਮੇ ਹੋ ਗਏ। ਦਿਨ ਛਿਪਣ ਵਾਲੈ। ਛੱਡ ਖਹਿੜਾ। ਹੁਣ ਤਾਂ ਅਗਲੇ ਜਨਮ 'ਚ ਮਿਲਾਂਗੇ।' ਪੰਨਾ 148.
ਨਾਵਲਕਾਰ ਨੇ ਜਦੋਂ ਅਸ਼ਲੀਲ ਦ੍ਰਿਸ਼ ਪੇਸ਼ ਕਰਨਾ ਹੋਵੇ, ਉਦੋਂ ਸ਼ਬਦ ਢਕੇ ਰਹਿ ਜਾਂਦੇ ਨੇ, ਅਰਥ ਨੰਗੇ ਹੋ ਜਾਂਦੇ ਹਨ, ਜਿਵੇਂ '... ਉਹ ਖਾਸੇ ਦੇਰ ਪਿੱਛੋਂ ਸ਼ੇਰ ਤੋਂ ਬੰਦਾ ਬਣਿਆ। ਫਿਰ ਵਾਰ ਵਾਰ ਸ਼ੇਰ ਬਣਿਆ। ਫੇਰ ਸ਼ੇਰ ਤੋਂ ਬੰਦਾ।' ਪੰਨਾ 11.
ਸੰਖੇਪ ਇਹ ਕਿ ਪਰਿਵਾਰਕ ਜੀਵਨ (ਪੇਕੇ ਅਤੇ ਸਹੁਰੇ) ਦੇ ਸਾਰੇ ਹਾਲਾਤ ਪੇਸ਼ ਕੀਤੇ ਹਨ। ਨਾਇਕਾ ਨੇ ਬਿਰਤਾਂਤ ਵਿਚ ਗੁਰਬਾਣੀ ਅਤੇ ਲੋਕਗੀਤ ਵੀ ਪੇਸ਼ ਕੀਤੇ ਹਨ। ਨਾਵਲ ਅਨੇਕਾਂ ਮੋੜ ਕੱਟਦਾ ਹੈ। ਪਾਤਰ ਅਜਿਹੇ ਨੇ ਜੇਹੋ ਜਹੇ ਅਸੀਂ ਆਮ ਜੀਵਨ ਵਿਚ ਵੇਖਦੇ ਹਾਂ। ਚੌਹਾਨ ਆਪਣੀ ਗੱਲ ਕਹਿਣ ਵਿਚ ਸਫ਼ਲ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ :vatish.dharmchand@gmail.com
ਅਣਵੰਡਿਆ ਪੰਜਾਬ
ਲੇਖਕ: ਡਾ. ਚੰਦਰ ਤ੍ਰਿਖਾ
ਅਨੁਵਾਦ : ਸੁਭਾਸ਼ ਭਾਸਕਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੋਹਾਲੀ।
ਮੁੱਲ:400 ਰੁਪਏ, ਸਫ਼ੇ :195
ਸੰਪਰਕ : 0172-5027427
52 ਪਾਠਾਂ 'ਚ ਫੈਲੀ-ਪਸਰੀ ਇਹ ਪੁਸਤਕ ਸਾਂਝੇ ਬਿਟ੍ਰਿਸ਼ ਕਾਲ ਸਮੇਂ, ਕਰੀਬ 20ਵੀਂ ਸਦੀ ਦੇ ਦੂਜੇ ਦਹਾਕੇ ਤੋਂ ਤੋੜ 1947 ਤੱਕ, ਦੇ ਸਾਂਝੇ ਪੰਜਾਬ ਦੀ ਉਘੜਵੀਂ ਰਾਜਨੀਤਕ ਤਸਵੀਰ ਸਮੇਤ '47 ਦੀ ਤ੍ਰਾਸਦੀ ਪੇਸ਼ ਕਰਦੀ ਹੋਈ ਪਾਠਕ ਨੂੰ ਅਣਤੋਲਵੀਂ ਜਾਣਕਾਰੀ ਸਮੇਤ ਬੇਹੱਦ ਭਾਵੁਕ ਮਾਹੌਲ ਤੇ ਉਦਾਸੀ ਪਰੋਸਦੀ ਹੈ।ਅਣਵੰਡੇ ਪੰਜਾਬ ਵਿਚ, ਕਰੀਬ 1945 ਤੱਕ, ਜਿਸ ਵਿਚ 'ਮੁਸਲਮਾਨਾਂ' ਦੀ ਬਹੁਸੰਮਤੀ ਸੀ, 'ਹਿੰਦੂਆਂ' ਦੀ ਤਾਦਾਦ ਦੂਜੇ ਨੰਬਰ 'ਤੇ ਸੀ ਅਤੇ ਮਹੱਤਵਪੁਰਨ ਘੱਟਗਿਣਤੀ 'ਸਿੱਖ' ਤੀਜੇ ਥਾਏਂ ਸੀ, ਸਾਰੇ ਇਕ ਦੂਜੇ ਪ੍ਰਤੀ ਮੋਹਵੰਤੇ ਅਤੇ ਇਕ ਦੂਜੇ ਦੇ ਦੁੱਖ-ਸੁੱਖ ਵਿਚ ਸ਼ੁਮਾਰ ਸਨ। ਉਨ੍ਹਾਂ ਵਿਚ ਇਕ ਮਹੱਤਵਪੂਰਨ ਸਾਂਝ ਸੀ 'ਪੰਜਾਬੀਅਤ', ਅਰਥਾਤ; 'ਪੰਜਾਬੀ ਸੱਭਿਆਚਾਰਕ ਸੰਸਕ੍ਰਿਤੀ', ਜਿਹੜੀ 'ਪੰਜਾਬੀ ਕੌਮ' ਦੇ ਉਸਾਰ ਦਾ ਅਣਤੋਲਵਾਂ ਪਹਿਲੂ ਸੀ। ਇਹ ਕਿਤਾਬ ਉਨ੍ਹਾਂ ਲੁਕੇ-ਛਿਪੇ ਕਾਰਨਾਂ ਦੀ ਵੀ ਨਿਸ਼ਾਨਦੇਹੀ ਕਰਦੀ ਹੈ ਜਿਨ੍ਹਾਂ ਬਦੌਲਤ, ਮੁਸਲਮਾਨ ਅਤੇ ਦੂਜੇ ਪਾਸੇ ਹਿੰਦੂ-ਸਿੱਖ, ਦੋਵਾਂ ਧਿਰਾਂ ਦੀ ਆਮ ਲੋਕਾਈ ਦੇ ਨਾ ਚਾਹੁਣ ਅਤੇ ਵਿਰੋਧ ਦੇ ਬਜਾਏ, ਪਹਿਲਾਂ ਖੇਮੇ-ਬੰਦ ਤੇ ਮਗਰੋਂ ਕਾਤਲ ਹੋ ਨਿਬੜੇ।
ਵੇਲੇ ਦੇ ਪ੍ਰਸ਼ਾਸ਼ਕੀ ਢਾਂਚੇ ਨੂੰ ਕਲਮਬੰਦ ਕਰਦੀ ਇਸ ਪੁਸਤਕ ਵਿਚ ਚਾਲੀਵੇਂ ਤੱਕ ਹੋਂਦ 'ਚ ਆਈਆਂ ਵੱਖ-ਵੱਖ ਤਨਜ਼ੀਮਾਂ ਬਾਰੇ ਵਿਖਿਆਨ ਕਰਦੀ ਹੋਈ ਕੁੱਝ ਉੱਭਰਵੇਂ ਨਾਇਕਾਂ-ਖਲਨਾਇਕਾਂ ਦੇ ਰੇਖਾ-ਚਿੱਤਰ ਸਿਰਜਦਿਆਂ ਅਤੇ 1947 ਦੀ ਤ੍ਰਾਸਦੀ ਦਾ ਮਾਰਮਿਕ ਬਿਆਨ ਕਰਦਿਆਂ ਜਿਥੇ ਬੇਹੱਦ ਦੁਖਦਾਇਕ ਘਟਨਾਵਾਂ ਸਮੇਂ, ਜਿਥੇ ਬਹੁਤੀ ਵਾਰ ਆਮ ਬੰਦਿਆਂ ਦੀ ਬਜਾਏ ਫਿਰਕਾਪ੍ਰਸਤਾਂ ਦੀ ਪੁੱਗੀ, ਸਮੇਂ ਕਈ ਭਾਵੁਕ ਮੌਕਿਆਂ ਵੇਲੇ 'ਮਨੁੱਖ ਹੋਣ ਦੇ ਮਾਇਨੇ' ਦਾ ਜਲੌਅ ਪੇਸ਼ ਕਰਦੀ ਹੋਈ ਪਾਠਕ ਨੂੰ ਹੁਬਕੀਂ ਰੁਆ ਦਿੰਦੀ ਹੈ। ਵੇਲੇ ਦੀ, ਖਾਸ ਕਰ 'ਮੁਲਕ ਵੰਡ' ਦੀ 'ਜਾਣਕਾਰੀ ਅਤੇ ਪੀੜ' ਨਾਲ ਭਰੀ-ਪਰੁੰਨੀ ਇਹ ਪੁਸਤਕ ਜਿਥੇ ਕੁੱਝ ਨਾਮਵਰਾਂ, ਸਥਾਨਾਂ, ਇਮਾਰਤਾਂ ਅਤੇ ਸਰਗਰਮੀਆਂ ਨਾਲ ਓਤਪੋਤ ਹੈ, ਉਥੇ ਤੱਥਾਂ ਅਤੇ ਹਕੀਕਤਾ ਸਹਿਤ ਬੇਹੱਦ ਮਹੱਤਵਪੁਰਨ ਪਹਿਲੂ ਇਹ ਵੀ ਉਭਾਰਿਆ ਗਿਆ ਹੈ ਕਿ ਮਹਾਤਮਾ ਗਾਂਧੀ 'ਵੰਡ ਦੇ ਘੋਰ ਵਿਰੋਧੀ' ਸਨ। ਹਾਂ; ਕੋਈ ਕੁਝ ਵੀ ਕਹੀ ਜਾਵੇ, ਇਹ ਝੂਠ ਵੀ ਨਹੀਂ ਹੈ, ਇਹ ਹੋਰ ਹੀ ਸਨ, ਜਿਨ੍ਹਾਂ 'ਪੰਜਾਬ ਅਤੇ ਬੰਗਾਲ' ਨੂੰ 'ਬਲਦੀ ਦੇ ਬੂਥੇ' ਵਿਚ ਧੱਕਿਆ।
ਮੁੱਕਦੀ ਗੱਲ, '47 ਦੇ ਕਤਲੇਆਮ ਕੇਂਦਰਾਂ, ਵੱਧ ਪ੍ਰਭਾਵਿਤ ਇਲਾਕਿਆਂ, ਸ਼ਹਿਰਾਂ ਅਤੇ ਪਿੰਡਾਂ ਦੀ ਹੌਣੀ ਸਮੇਤ ਜਿਥੇ ਇਹ ਪੁਸਤਕ 'ਅਣਵੰਡੇ ਪੰਜਾਬ' ਦੀ, ਵੇਲੇ ਦੀ, ਹਕੀਕੀ ਤਸਵੀਰ ਤੇ ਦਰਦ ਬਿਆਨਦੀ ਹੈ, ਉਥੇ ਕਈ ਆਗੂਆਂ ਦੀਆਂ 'ਦੋ-ਚਿੱਤੀ', ਖਾਸ ਕਰਕੇ 'ਗਿਣਤੀਆਂ-ਮਿਣਤੀਆਂ' ਨੂੰ ਵੀ ਨੰਗਾ ਕਰਦੀ ਹੈ। ਇਸ ਪੁਸਤਕ ਜਿਸ ਨੂੰ ਪੜ੍ਹ ਕੇ ਮੈਂ, ਖੁਦ, ਕਈ ਦਿਨ ਉਦਾਸ ਰਿਹਾ, ਇਸ ਨੂੰ ਸੰਭਾਵਿਤ 'ਕੁਲਹਿਣੇ ਸਮਿਆਂ ਅਤੇ ਵਰਤਾਰਿਆਂ' ਨੂੰ ਬੁੱਝਣ ਲਈ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ।
-ਵਿਜੈ ਬੰਬੇਲੀ
ਮੋਬਾਈਲ : 94634-39075
ਲਹਿੰਦੇ ਪੰਜਾਬ ਦੀਆਂ ਚੋਣਵੀਆਂ ਕਹਾਣੀਆਂ
ਸੰਪਾਦਕ : ਜ਼ੁਬੈਰ ਅਹਿਮਦ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 99151-03490
ਪਾਕਿਸਤਾਨੀ ਪੰਜਾਬ ਦੀਆਂ ਦਸ ਚੋਣਵੀਆਂ ਕਹਾਣੀਆਂ 'ਤੇ ਆਧਾਰਿਤ ਪੁਸਤਕ 'ਲਹਿੰਦੇ ਪੰਜਾਬ ਦੀਆਂ ਚੋਣਵੀਆਂ ਕਹਾਣੀਆਂ' ਜ਼ੁਬੈਰ ਅਹਿਮਦ ਦੁਆਰਾ ਸੰਪਾਦਿਤ ਕੀਤੀ ਗਈ ਹੈ। ਸੰਪਾਦਕ ਅਨੁਸਾਰ ਪਾਕਿਸਤਾਨੀ ਪੰਜਾਬ ਦੀ ਚੌਥੀ ਪੀੜ੍ਹੀ ਦੇ ਕਹਾਣੀਕਾਰ ਸਮਕਾਲੀ ਵਿਸ਼ਿਆਂ ਨੂੰ ਲੈ ਕੇ ਲਗਾਤਾਰ ਕਹਾਣੀਆਂ ਲਿਖ ਰਹੇ ਹਨ ਅਤੇ ਇਸ ਗੱਲ ਦੀ ਗਵਾਹੀ ਇਹ ਪੁਸਤਕ ਭਰਦੀ ਹੈ। ਉਸ ਨੇ ਇਸ ਪੁਸਤਕ ਵਿਚ ਕਹਾਣੀਆਂ ਨੂੰ ਉਨ੍ਹਾਂ ਦੇ ਪ੍ਰਕਾਸ਼ਨ ਸਮੇਂ ਦੇ ਹਿਸਾਬ ਨਾਲ ਲੜੀਬੱਧ ਕੀਤਾ ਗਿਆ ਹੈ। ਸੁੰਦਰ ਬੰਗਾਲੀ ਭਾਸ਼ਾ ਦੇ ਪ੍ਰਯੋਗ ਵਾਲੀ ਪਹਿਲੀ ਕਹਾਣੀ ਜ਼ਮੀਲ ਅਹਿਮਦ ਪਾਲ ਦੀ ਲਿਖੀ ਕਹਾਣੀ 'ਹੀਨਾ ਪਾ' ਅਸਲ ਵਿਚ ਇਕ ਮਾਂ ਬੋਲੀ ਨਾਲ ਪਿਆਰ ਨੂੰ ਦਰਸਾਉਂਦੀ ਕਹਾਣੀ ਹੈ। ਕਹਾਣੀ ਮੁਰਦਾ ਤਾਰੀ ਸੰਪਾਦਕ ਦੀ ਆਪਣੀ ਲਿਖੀ ਹੋਈ ਹੈ ਅਤੇ ਆਧੁਨਿਕਤਾ ਹੇਠ ਸਮਾਜ ਵਿਚ ਆ ਰਹੇ ਬਦਲਾਅ ਅਤੇ ਉਸ ਅਧੀਨ ਮਨੁੱਖ ਦੀ ਬਦਲ ਰਹੀ ਮਾਨਸਿਕਤਾ ਨੂੰ ਵਿਸ਼ਾ ਬਣਾਇਆ ਹੈ। ਨੈਣ ਸੁੱਖ ਦੀ ਕਹਾਣੀ 'ਉਥਲ ਪੁਥਲ' ਵੀ ਆਧੁਨਿਕ ਸਮਾਜ ਦੀ ਤਸਵੀਰ ਪੇਸ਼ ਕਰਦੀ ਹੈ ਪਰ ਇਸ ਬਿਰਤਾਂਤ ਦੀਆਂ ਜੜ੍ਹਾਂ ਦੇਸ਼ ਦੇ ਗ਼ੁਲਾਮ ਰਹਿਣ ਵਾਲੇ ਸਮੇਂ ਲੋਕਾਈ ਦੀ ਮਾਨਸਿਕਤਾ ਨਾਲ ਵੀ ਜੁੜਦੀਆਂ ਹਨ ਤੇ ਗ਼ੁਲਾਮ ਮਾਨਸਿਕਤਾ ਚਿਤਰਤ ਕਰਨ ਦੀ ਕੋਸ਼ਿਸ਼ ਵੀ ਕਾਮਯਾਬ ਹੁੰਦੀ ਹੈ। ਮਲਿਕ ਮਿਹਰ ਅਲੀ ਦੀ ਕਹਾਣੀ ਵਿੱਥ ਕਿ ਇਨਕਲਾਬੀ ਕਹਾਣੀ ਹੈ, ਜਿਸ ਵਿਚ ਇਕ ਗ਼ਰੀਬ ਵਿਅਕਤੀ ਦੀ ਕਥਾ ਉਚਾਰੀ ਗਈ ਹੈ।
ਜ਼ੋਇਆ ਸਾਜਿਦ ਦੀ ਕਹਾਣੀ 'ਅਚਨਤੀ ਛੁੱਟੀ' ਔਰਤ ਮਨ ਦੇ ਉਨ੍ਹਾਂ ਪਲਾਂ ਦੀ ਕਹਾਣੀ ਹੈ ਜਿਸ ਵਿਚ ਉਹ ਸ਼ਹਿਰੀ ਵਸਤੂਵਾਦੀ ਜੀਵਨ ਨੂੰ ਛੱਡ ਕੁਦਰਤ ਦੀ ਗੋਦ ਵਿਚ ਆਪਣੇ ਲਈ ਸੁਰੱਖਿਅਤ ਕੀਤੇ ਪਲਾਂ ਨੂੰ ਮਾਨਣਾ ਚਾਹੁੰਦੀ ਹੈ। ਖ਼ਾਲਿਦ ਫ਼ਰਹਾਦ ਧਾਰੀਵਾਲ ਦੀ ਕਹਾਣੀ 'ਮਾਸ, ਮਿੱਟੀ ਤੇ ਮਾਇਆ' ਪ੍ਰਵਾਸੀ ਜੀਵਨ ਦੇ ਦੁੱਖਾਂ ਨੂੰ ਅਤੇ ਆਪਣੇ ਦੇਸ਼ ਦੀ ਮਿੱਟੀ ਨੂੰ ਤਰਸ ਰਹੇ ਵਿਅਕਤੀ ਦੀ ਕਹਾਣੀ ਹੈ। ਪਰਵਾਸ ਦਾ ਇਹ ਦੁੱਖ ਦੋਹਾਂ ਪੰਜਾਬਾਂ ਦੇ ਲੋਕ ਹੰਢਾ ਰਹੇ ਹਨ ਅਤੇ ਪੂਰਬੀ ਦੇਸ਼ਾਂ ਦੀ ਮਾੜੀ ਆਰਥਿਕਤਾ ਇਸ ਲਈ ਦੋਸ਼ੀ ਸਾਬਿਤ ਹੋ ਰਹੀ ਹੈ। ਕਰਾਮਾਤ ਅਲੀ ਮੁਗ਼ਲ ਦੀ ਕਹਾਣੀ 'ਚੰਨ ਨਾ ਡੁੱਬੇ' ਜ਼ਿੰਦਗੀ ਅਤੇ 'ਹਯਾਤੀ ਦੀ ਸਚਾਈ' ਨੂੰ ਪੇਸ਼ ਕਰਦੀ ਕਹਾਣੀ ਹੈ। ਇਸ ਕਹਾਣੀ ਵਿਚ ਦਰਸਾਇਆ ਗਿਆ ਹੈ ਕਿ ਬੁਢੇਪੇ ਵਿਚ ਔਲਾਦ ਦਾ ਦੂਰ ਚਲੇ ਜਾਣਾ ਅਤੇ ਇਕੱਲਤਾ ਦੀ ਭਾਵਨਾ ਬੁਢੇਪੇ ਨੂੰ ਹੋਰ ਦੁਖਦਾਈ ਕਰ ਦਿੰਦੇ ਹਨ। ਸ਼ਹਿਜ਼ਾਦ ਅਸਲਮ ਦੀ ਕਹਾਣੀ 'ਨਿਮਾਣੇ' ਅਤੇ ਨਸੀਰ ਅਹਿਮਦ ਦੀ ਕਹਾਣੀ 'ਕੀ ਪਾਤਰ ਦਾ ਜੀਵਣਾ' ਅਜੋਕੇ ਸਮੇਂ ਦੇ ਮਨੁੱਖ ਦੇ ਜੀਵਨ ਅਤੇ ਮਸਲਿਆਂ ਨੂੰ ਚਿਤਰਤ ਕਰਦੀਆਂ ਕਹਾਣੀਆਂ ਹਨ। ਅੰਬਰ ਹੁਸੈਨੀ ਦੀ ਕਹਾਣੀ 'ਤੁਬਕਾ-ਤੁਬਕਾ ਰੁੜ੍ਹਦੀ ਰਹਿਮਤ' ਵਿਚ ਮਰਦ ਪ੍ਰਧਾਨ ਸਮਾਜ ਵਿਚ ਔਰਤ ਦੇ ਦੁੱਖਾਂ ਨੂੰ ਚਿਤਰਦੀ ਕਹਾਣੀ ਹੈ। ਇਸ ਪੁਸਤਕ ਦੀ ਖ਼ੂਬਸੂਰਤੀ ਜ਼ੁਬੈਰ ਅਹਿਮਦ ਦੀ ਗੁਰਮੁਖੀ ਅਤੇ ਸ਼ਾਹਮੁਖੀ ਦੀ ਬਰਾਬਰ ਦੀ ਪਕੜ ਹੈ, ਜਿਸ ਕਾਰਨ ਇਹ ਕਹਾਣੀਆਂ ਆਪਣੇ ਸਹੀ ਮਾਅਨਿਆਂ ਵਿਚ ਹੀ ਚੜ੍ਹਦੇ ਪੰਜਾਬ ਦੇ ਪਾਠਕਾਂ ਤੱਕ ਪੁੱਜੀਆਂ ਹਨ।
-ਡਾ. ਸੰਦੀਪ ਰਾਣਾ
ਮੋਬਾਈਲ : 987288751
ਵਿਦਿਆਰਥੀ ਨਾਮਾ
ਲੇਖਕ : ਭੁਪਿੰਦਰ ਸਿੰਘ ਰੈਨਾ
ਪ੍ਰਕਾਸ਼ਕ : ਆਜ਼ਾਦ ਬੁਕ ਡਿਪੂ ਅੰਮ੍ਰਿਤਸਰ
ਮੁੱਲ : 295 ਰੁਪਏ, ਸਫ਼ੇ :106
ਸੰਪਰਕ : 099060-27601
ਭੁਪਿੰਦਰ ਸਿੰਘ ਰੈਨਾ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ। ਉਸ ਦੇ 10 ਨਾਵਲ, 2 ਕਾਵਿ-ਸੰਗ੍ਰਹਿ ਤੇ 2 ਨਾਟਕ-ਸੰਗ੍ਰਹਿ ਪ੍ਰਾਪਤ ਹੁੰਦੇ ਹਨ। ਉਸ ਦਾ ਵਿਸ਼ਾਲ ਅਨੁਭਵ ਰਚਨਾਵਾਂ ਵਿਚ ਵਿਦਵਾਨ ਰਹਿੰਦਾ ਹੈ। ਉਸ ਨੇ ਸਾਹਿਤ ਸਿਰਜਣਾ ਦਾ ਸਫ਼ਰ 1973 ਵਿਚ ਆਰੰਭ ਕੀਤਾ ਸੀ। ਸਮਾਜਿਕ ਸਿਸਟਮ ਵਿਚ ਵਿਚਰਦਿਆਂ ਆਪਣੀ ਚਿੰਤਨਸ਼ੀਲ ਕਾਰਜ ਪ੍ਰਣਾਲੀ ਰਾਹੀਂ ਵਿਭਿੰਨ ਵਿਸ਼ਿਆਂ ਨੂੰ ਆਪਣੇ ਕਲਾਵੇ ਵਿਚ ਲਿਆ ਹੈ। ਉਸ ਦੀਆਂ ਲਿਖਤਾਂ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰ, ਇਤਿਹਾਸਕ, ਮਨੋਵਿਗਿਆਨਿਕ ਪੱਖ ਉਜਾਗਰ ਹੁੰਦੇ ਹਨ ਤੇ ਮਨੁੱਖੀ ਹੋਣੀ ਨੂੰ ਕੇਂਦਰ ਵਿਚ ਰੱਖਿਆ ਹੈ। ਨਾਵਲ ਵਿਦਿਆਰਥੀ ਨਾਮਾ ਦਾ ਵਿਸ਼ਾ ਪ੍ਰਭਾਵਸ਼ਾਲੀ ਹੈ। ਵਿਦਿਆਰਥੀ ਵਰਗ ਦੇਸ਼ ਦੇ ਭਵਿੱਖ ਲਈ ਜੜ੍ਹ ਦਾ ਕੰਮ ਕਰਦੇ ਹਨ। ਇਸ ਵਿਚ ਨਵੀਂ ਪੀੜ੍ਹੀ ਦੇ ਪਾਤਰ ਅਸੀਸ ਤੇ ਰੀਸਾਂਤ ਹਨ ਤੇ ਪੁਰਾਣੀ ਪੀੜ੍ਹੀ ਦੇ ਅਸੀਸ ਦੇ ਦਾਦਾ ਜੀ ਹਨ। ਬਜ਼ੁਰਗਾਂ ਦੇ ਸੰਸਕਾਰ, ਜੀਵਨ ਤਜਰਬੇ, ਤੱਥ, ਜਾਣਕਾਰੀ, ਗੂੜ੍ਹ ਗਿਆਨ ਰਾਹੀਂ ਨਵੀਂ ਪੀੜ੍ਹੀ ਦਾ ਮਾਰਗ-ਦਰਸ਼ਨ ਕੀਤਾ ਗਿਆ ਹੈ। ਵਰਤਮਾਨ ਪ੍ਰਸਥਿਤੀਆਂ ਵਿਚ ਵਿਦਿਆਰਥੀ ਜਾਂ ਨੌਜਵਾਨ ਪੀੜ੍ਹੀ ਆਪਣੇ ਮੁੱਢ ਬਜ਼ੁਰਗਾਂ ਨਾਲੋਂ ਟੁੱਟ ਚੁੱਕੀ ਹੈ ਜਿਸ ਕਾਰਨ ਅਨੈਤਿਕਤਾ 'ਚ ਵਾਧਾ ਹੋਇਆ ਹੈ। ਅਜਿਹੇ ਸਮੇਂ ਵਿਚ ਨਾਵਲ ਵਿਦਿਆਰਥੀ ਨਾਮਾ ਦੇ ਚਿੰਤਨ ਨਾਲ ਹਰੇਕ ਪ੍ਰਕਾਰ ਦੇ ਵਰਗ ਤੇ ਪੀੜ੍ਹੀ ਨੂੰ ਸਿੱਖਣ ਦਾ ਮੌਕਾ ਪ੍ਰਾਪਤ ਹੋਵੇਗਾ। ਨਾਵਲ ਦੇ ਨੌਜਵਾਨ ਪਾਤਰ ਅਸੀਸ ਤੇ ਰੀਸਾਂਤ ਦੇ ਨੈਤਿਕ ਮੁੱਲ ਵਿਧਾਨ ਦੂਜਿਆਂ ਦੋਸਤਾਂ ਤੇ ਵਿਦਿਆਰਥੀਆਂ ਨੂੰ ਵੀ ਪ੍ਰਭਾਵਿਤ ਕਰਦੇ ਹੋਏ ਠੀਕ ਰਸਤਾ ਅਖ਼ਤਿਆਰ ਕਰਨ ਲਈ ਪ੍ਰੇਰਿਤ ਕਰਦੇ ਹਨ। ਨਾਵਲਕਾਰ ਨੇ ਦਾਦੇ ਤੇ ਪੋਤਿਆਂ ਵਿਚਕਾਰਲੀ ਵਾਰਤਾਲਾਪ ਦੁਆਰਾ ਅਨੇਕ ਵਿਸ਼ਿਆਂ ਉੱਤੇ ਵਿਚਾਰ-ਚਰਚਾ ਕੀਤੀ ਹੈ ਜਿਸ ਨਾਲ ਪਾਠਕਾਂ ਦੀ ਦਿਲਚਸਪੀ ਕਾਇਮ ਰਹਿੰਦੀ ਹੈ। ਮਨੁੱਖੀ ਮਨ ਵਿਚ ਅਨੇਕ ਪ੍ਰਸ਼ਨ ਪੈਦਾ ਹੁੰਦੇ ਹਨ ਜੇਕਰ ਪ੍ਰਸ਼ਨਾਂ ਦਾ ਉੱਤਰ ਨਾ ਮਿਲੇ ਤਾਂ ਮਨੁੱਖ ਤਣਾਓਗ੍ਰਸਤ ਹੋ ਜਾਂਦਾ ਹੈ ਪਰ ਨਾਵਲਕਾਰ ਨੇ ਸਕਾਰਾਤਮਕ ਕੋਸ਼ਿਸ਼ ਕੀਤੀ ਹੈ ਤੇ ਸੁਹਜ ਤ੍ਰਿਪਤੀ ਦੇ ਨਾਲ-ਨਾਲ ਪੈਦਾ ਹੋਏ ਪ੍ਰਸ਼ਨਾਂ ਦਾ ਤਰਕ ਅਧਾਰਤ ਉੱਤਰ ਦਿੱਤਾ ਹੈ। ਨਾਵਲੀ ਬਿਰਤਾਂਤ ਵਿਚ ਆਦਰਸ਼ਕ ਯਥਾਰਥਵਾਦ ਆਧੁਨਿਕ ਮਨੁੱਖ ਦੇ ਰੂਪਾਂਤਰਨ 'ਤੇ ਜ਼ੋਰ ਦਿੰਦਾ ਹੈ। ਨਾਵਲ ਵਿਚ ਪਾਠਕਾਂ ਨੂੰ ਇਤਿਹਾਸ, ਮਿਥਿਹਾਸ, ਨੀਤੀ-ਸ਼ਾਸਤਰ, ਨੈਤਿਕ ਕਦਰਾਂ-ਕੀਮਤਾਂ, ਰਾਜਨੀਤੀ, ਭੂਗੋਲ, ਅਰਥ ਸ਼ਾਸਤਰ ਤੇ ਭਾਸ਼ਾ ਸ਼ਾਸਤਰ ਦੇ ਦਰਸ਼ਨ ਹੋਣਗੇ। ਇਸ ਤੋਂ ਇਲਾਵਾ ਨਾਵਲੀ ਬਿਰਤਾਂਤ ਵਿਚ ਪਰਵਾਸ ਸਮੱਸਿਆ, ਅਧਿਆਤਮਕ ਚਿੰਤਨ, ਪ੍ਰਦੂਸ਼ਣ, ਜੀਵਨ ਰਹੱਸ, ਪਹਾੜੀ ਜਨਜੀਵਨ, ਕਸ਼ਮੀਰ ਦਾ ਸੱਭਿਆਚਾਰ, ਨਸ਼ੇ ਦੀ ਸਮੱਸਿਆ, ਰੁੱਤਾਂ ਆਦਿ ਦਾ ਜ਼ਿਕਰ ਮਿਲਦਾ ਹੈ। ਡਾ. ਧਰਮਪਾਲ ਸਾਹਿਲ ਦਾ ਵਿਚਾਰ ਹੈ, ਵਿਦਿਆਰਥੀ ਨਾਮਾ ਆਉਣ ਵਾਲੀ ਪੀੜ੍ਹੀ ਅੰਦਰ ਆਪਣੀ ਪੁਰਾਤਨ ਸੰਸਕ੍ਰਿਤੀ, ਸੱਭਿਆਚਾਰ ਤੇ ਸੰਸਕਾਰਾਂ ਪ੍ਰਤੀ ਜਾਗ੍ਰਿਤੀ ਪੈਦਾ ਕਰਨ ਵਿਚ ਆਪਣੀ ਵਡਮੁੱਲੀ ਭੂਮਿਕਾ ਅਦਾ ਕਰੇਗਾ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਬਾਤਾਂ ਤੇ ਬਿਰਤਾਂਤ
ਲੇਖਕ : ਸੁਰਿੰਦਰ ਸਿੰਘ ਸੁੰਨੜ
ਮੁੱਲ : 200 ਰੁਪਏ, ਸਫ਼ੇ : 216
ਪ੍ਰਕਾਸ਼ਕ : ਪੰਜਾਬ ਪਬਲਿਸ਼ਰਜ਼, ਜਲੰਧਰ
ਸੰਪਰਕ : 98725-49506
ਮਨੁੱਖਾ, ਉੱਤਮ ਜੀਵਨ ਮੁੱਲਾਂ ਦਾ ਪ੍ਰਤਿਮਾਨ ਕਰਨ ਵਾਲੀਆਂ 11 ਪੁਸਤਕਾਂ ਤੋਂ ਬਾਅਦ ਸੁਰਿੰਦਰ ਸਿੰਘ ਸੁੰਨੜ ਦੀ ਇਹ 12ਵੀਂ ਪੁਸਤਕ ਹੈ। ਰੂਪਾਕਾਰ ਦੀ ਦ੍ਰਿਸ਼ਟੀ ਤੋਂ ਇਸ ਪੁਸਤਕ ਵਿਚ ਅੰਕਿਤ ਰਚਨਾਵਾਂ ਕਹਾਣੀਆਂ ਵੀ ਜਾਪਦੀਆਂ ਹਨ, ਲਘੂ ਲੇਖ ਵੀ ਜਾਪਦੀਆਂ ਹਨ ਅਤੇ ਜੀਵਨੀ ਦੇ ਅੰਸ਼ ਵੀ। ਇਸ ਦਾ ਕਾਰਨ ਮਾਲੂਮ ਹੁੰਦਾ ਹੈ ਕਿ ਸੁੰਨੜ ਚੰਗੇ ਅਤੇ ਸੁਲਝੇ ਵਿਚਾਰਾਂ ਨੂੰ ਪਹਿਲ ਦਿੰਦਾ ਹੈ। ਪੁਸਤਕ ਦੀ ਪਹਿਲੀ ਰਚਨਾ 'ਦੁਚਿੱਤੀ' ਤੋਂ ਲੈ ਕੇ ਪੁਸਤਕ ਦੀ ਆਖ਼ਰੀ ਰਚਨਾ 'ਸਾਡੀ ਤੰਦਰੁਸਤੀ' ਤੱਕ ਇਹੋ ਵਹਾਅ ਪ੍ਰਬਲ ਹੈ। ਵਿਚਾਰਤਮਿਕ ਤੌਰ 'ਤੇ ਇਹ ਬਲਵਾਨ ਰਚਨਾ ਹੈ, ਕਿਉਂ ਜੋ ਇਸ ਪੁਸਤਕ ਦੀਆਂ ਸਾਰੀਆਂ ਕਿਰਤਾਂ ਇਕ ਚੰਗੇ ਮਾਨਵ ਦੀ ਸਿਰਜਣਾ ਕਰਨ ਵਾਲੇ ਗੁਣਾਂ ਨਾਲ ਭਰਪੂਰ ਹਨ। 'ਕਦਰਾਂ-ਕੀਮਤਾਂ', 'ਦਾਨੀ ਪੁਰਖ', 'ਸਾਡਾ ਚਰਿੱਤਰ', 'ਸਾਡੀ ਸ਼ਖ਼ਸੀਅਤ', 'ਸਾਡੀ ਪਹਿਚਾਣ', 'ਸਾਡੀ ਯੋਗਤਾ', 'ਸਾਡੀ ਜ਼ਮੀਰ', 'ਸਾਡੇ ਵਾਅਦੇ', 'ਸਾਡੀ ਸਮਝ' ਉਕਤ ਕਥਨ ਦਾ ਢੁਕਵਾਂ ਪ੍ਰਮਾਣ ਹਨ। ਸੁਰਿੰਦਰ ਸਿੰਘ ਸੁੰਨੜ ਅਜੋਕੇ ਮਨੁੱਖ ਨੂੰ ਉਸ ਦੇ ਬਾਹਰੀ ਸਰੂਪ ਅਥਵਾ ਸਮਾਜਕ ਵਰਤਾਰੇ ਵਿਚ ਵਿਚਰਦਿਆਂ ਹੋਇਆਂ ਅਤੇ ਉਸ ਦੇ ਆਤਮਿਕ ਸਰੂਪ ਦੀ ਉੱਥਲ-ਪੁਥਲ ਨੂੰ ਵੀ ਚੰਗੀ ਤਰ੍ਹਾਂ ਭਾਂਪਦਾ ਹੋਇਆ ਪ੍ਰਤੀਤ ਹੋਇਆ ਹੈ। ਉਹ ਗੱਲ ਭਾਵੇਂ 'ਸਾਡਾ ਸੁਣਨਾ', 'ਸਾਡੀ ਸਹਿਕਾਰਤਾ', 'ਸਾਡੀ ਨੇੜਤਾ', 'ਸਾਡੀ ਨਿਰਭਰਤਾ', 'ਸਾਡੀ ਤਰਜੀਹ' ਜਾਂ 'ਸਾਡੇ ਅਸੂਲ' ਕਿਰਤਾਂ ਰਾਹੀਂ ਕਰ ਰਿਹਾ ਹੋਵੇ, ਮਨੁੱਖੀ ਬਣਤ-ਬੁਣਤਰ ਅਤੇ ਇਸ ਵਿਚਲੀਆਂ ਘੁਣਤਰ ਬਾਜ਼ੀਆਂ ਨੂੰ ਪ੍ਰਗਟ ਰੂਪ ਜਾਂ ਇਸ਼ਾਰਾ ਰੂਪ 'ਚ ਦਰਸਾਅ ਜਾਂਦਾ ਹੈ। ਸੁਰਿੰਦਰ ਸਿੰਘ ਸੁੰਨੜ ਦੀਆਂ ਇਹ ਰਚਨਾਵਾਂ ਮਨੁੱਖ ਨੂੰ ਮਨੁੱਖ ਨਾਲ ਜੁੜਨ ਅਥਵਾ ਸਾਂਝ ਪਾਉਣ ਦਾ ਸਾਰਥਕ ਮਾਰਗ ਪ੍ਰਦਾਨ ਕਰਨ ਵਾਲੀਆਂ ਹਨ, ਕਿਉਂ ਜੋ ਅਜੋਕੇ ਮਨੁੱਖ ਵਿਚੋਂ ਮਨੁੱਖ ਮਨਫ਼ੀ ਹੋ ਰਿਹਾ ਹੈ। ਬੇਗਾਨਗੀ ਪਸਰ ਰਹੀ ਹੈ। ਇਸ ਦਾ ਸਮਾਧਾਨ ਇਕ ਦੂਜੇ ਪ੍ਰਤੀ ਸਦਭਾਵਨਾ ਵਿਚ ਹੀ ਨਿਹਿਤ ਹੈ।
ਪੁਸਤਕ ਵਿਚਲੀਆਂ ਉਹ ਕਿਰਤਾਂ ਵੀ ਵਿਸ਼ੇਸ਼ ਪਿਆਰ-ਸਲੀਕੇ ਅਤੇ ਸੱਭਿਆਰਕ ਸਾਂਝ ਦਾ ਸੁਨੇਹਾ ਦਿੰਦੀਆਂ ਹਨ, ਜਿਨ੍ਹਾਂ ਨੂੰ ਲੇਖਕ ਨੇ 'ਭੂਆ', 'ਪੰਦਰਵੀਂ ਜਮਾਤ', 'ਬੇਬੇ ਬਸੰਤ ਕੌਰ' ਆਦਿ ਸਿਰਲੇਖਾਂ ਤਹਿਤ ਅੰਕਿਤ ਕੀਤਾ ਹੈ। ਲੇਖਕ ਦੀ ਹੋਰ ਪ੍ਰਾਪਤੀ ਹੈ ਕਿ ਉਸ ਨੇ ਆਪਣੇ ਜੰਮਣ-ਭੌਂ ਵਾਲੇ ਇਲਾਕੇ ਦੋਨੇ ਦਾ ਜ਼ਿਕਰ 'ਦੋਨਾ ਮੇਰਾ ਦੇਸ਼' ਸਿਰਲੇਖ ਤਹਿਤ ਪੰਜਾਬ ਦੇ ਇਸ ਪ੍ਰਸਿੱਧ ਇਲਾਕੇ ਦੀ ਰਹਿਤਲ ਨੂੰ ਬਾ-ਖ਼ੂਬੀ ਚਿਤਰਿਆ ਹੈ ਅਤੇ ਇਸ ਦੀ ਪ੍ਰਸਿੱਧੀ ਨੂੰ ਸਥਾਪਿਤ ਕੀਤਾ ਹੈ। ਗਿਆਨ-ਵਰਧਕ ਇਹ ਪੁਸਤਕ ਸਰਲ, ਸਪੱਸ਼ਟ ਅਤੇ ਸਾਦਗੀ ਵਾਲੀ ਸ਼ੈਲੀ ਦੇ ਗੁਣਾਂ ਨਾਲ ਭਰਪੂਰ ਹੋਣ ਸਦਕਾ ਹਰ ਵਰਗ ਦੇ ਪਾਠਕ ਦੇ ਪੜ੍ਹਨਯੋਗ ਹੈ।
-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
ਕਿੱਥੇ ਜਾਵਾਂ?
ਕਵਿੱਤਰੀ : ਸੁਲੋਚਨਾ ਨਾਭਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 86
ਸੰਪਰਕ : 099584-82358
ਜ਼ਿੰਦਗੀ ਦੇ ਵਿਸ਼ਾਲ ਕੈਨਵਸ ਉੱਤੇ ਉੱਤਰੇ ਵੱਖੋ-ਵੱਖਰੇ ਰੰਗਾਂ ਵਾਂਗ ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਖ਼ੁਸ਼ੀ, ਗ਼ਮੀ, ਦਰਦ, ਬਿਰਹੁੰ, ਪਿਆਰ ਵਿਛੋੜੇ ਦੇ ਵੱਖੋ-ਵੱਖ ਅਹਿਸਾਸ ਪ੍ਰੋਏ ਹੋਏ ਹਨ। ਆਓ, ਕੁਝ ਝਲਕਾਂ ਦੇਖੀਏ
-ਪਤਾ ਏ ਸਾਰੇ ਤੀਰ ਜਿਗਰ ਦੇ
ਮੁੜ ਮੁੜ ਸੀਨਾ ਚੀਰਨਗੇ।
ਹਵਾ ਲੱਗੀ ਤਾਂ ਭਾਂਬੜ ਅੱਗ ਦੇ
ਅੱਗੇ ਤੋਂ ਦੂਣਾ ਭੜਕਣਗੇ।
-ਰਾਹ ਤੱਕਦੇ-ਤੱਕਦੇ ਬੇਦਰਦੀ ਤੇਰਾ
ਮੇਰੀਆਂ ਅੱਖੀਆਂ ਥੱਕੀਆਂ ਨੇ
ਥੱਕੀਆਂ ਏਨੀਆਂ ਚੂਰ ਹੋ ਗਈਆਂ
ਪਰ ਇਹ ਝੱਲੀਆਂ ਨਾ ਅੱਕੀਆਂ ਨੇ।
-ਸ਼ਬਦ ਜੋੜਦੇ, ਸ਼ਬਦ ਤੋੜਦੇ
ਨੇੜੇ ਆਉਂਦੇ, ਪਿੱਠ ਮੋੜਦੇ।
-ਲੁੱਟ-ਲੁਟਾ ਕੇ, ਸਭ ਕੁਝ ਗਵਾ ਕੇ
ਹੁਣ ਯਾਦ ਆਈ, ਗੁਰੂਆਂ ਦੀ ਬਾਤ
ਕੂੜ ਰਾਜਾ, ਕੂੜ ਪਰਜਾ,
ਕੂੜ ਸਭ ਸੰਸਾਰ।
-ਯਾਦ ਮਿਠਾਸ ਹੈ, ਜੋ ਮੱਲੋ ਮੱਲੀ
ਫੁੱਲਾਂ 'ਚ ਵੜੀ, ਫੁੱਲ ਖਿੜ ਪਏ।
ਇਸ ਕਾਵਿ-ਸੰਗ੍ਰਹਿ ਦਾ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਸਿਰਨਾਵਾਂ
ਲੇਖਕ : ਸੁਰਜੀਤ ਮੰਨਣਹਾਨੀ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਹੁਸ਼ਿਆਰਪੁਰ
ਮੁੱਲ : 125 ਰੁਪਏ, ਸਫ਼ੇ : 69
ਸੰਪਰਕ : 94649-28345
ਸ਼ਾਇਰ ਸੁਰਜੀਤ ਮੰਨਣਹਾਨੀ ਹਥਲੇ ਕਾਵਿ-ਸੰਗ੍ਰਹਿ 'ਸਿਰਨਾਵਾਂ' ਤੋਂ ਪਹਿਲਾਂ ਵੀ ਤਿੰਨ ਪੁਸਤਕਾਂ, ਦੋ ਕਾਵਿ-ਸੰਗ੍ਰਹਿਆਂ 'ਡਿਗਦੇ ਅੱਥਰੂ', 'ਮਾਂ ਦੀ ਗੋਦ' ਅਤੇ 'ਦੀਵੇ ਥੱਲੇ ਚਾਨਣ' (ਮਿੰਨੀ ਕਹਾਣੀ ਸੰਗ੍ਰਹਿ) ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਸਰਕਾਰੀ ਸੈਕੰਡਰੀ ਸਕੂਲ ਨੰਗਲ ਖ਼ੁਰਦ (ਹੁਸ਼ਿਆਰਪਰ) ਵਿਖੇ ਬਤੌਰ ਸਾਇੰਸ ਅਧਿਆਪਕ ਸੇਵਾਵਾਂ ਨਿਭਾਅ ਰਿਹਾ ਹੈ। ਸ਼ਾਇਰ ਨੇ ਇਸ ਪੁਸਤਕ ਨੂੰ ਚਾਰ ਹਿੱਸਿਆਂ ਭਾਗ-1 ਧਾਰਮਿਕ, ਭਾਗ-2 ਸਮਾਜਿਕ/ ਸੱਭਿਆਚਾਰਕ, ਭਾਗ-3 ਪਿੰਡ ਦੀਆਂ ਯਾਦਾਂ ਅਤੇ ਭਾਗ-4 ਕੋਰੋਨਾ ਵਿਚ ਵੰਡਿਆ ਹੈ। ਸ਼ਾਇਰ ਭਾਵੇਂ ਇਕ ਸਾਇੰਸ ਅਧਿਆਪਕ ਹੈ ਪਰ ਉਹ ਅਧਿਆਤਮਿਕ ਆਸਥਾ ਨੂੰ ਨੱਕੋ-ਨੱਕ ਪਰਨਾਇਆ ਹੋਇਆ ਹੈ ਤੇ ਇਸੇ ਕਰਕੇ ਉਨ੍ਹਾਂ ਨੇ ਇਹ ਪੁਸਤਕ ਸੰਤ ਬਾਬਾ ਬਲਵੀਰ ਸਿੰਘ ਡੇਰਾ ਮੰਨਣਹਾਨਾ (ਹੁਸ਼ਿਆਰਪੁਰ) ਨੂੰ ਸਮਰਪਿਤ ਕੀਤੀ ਹੈ। ਸ਼ਾਇਰ ਕਿਸੇ ਭਾਸ਼ਾਈ ਘੁਣਤਰਾਂ ਜਾਂ ਕਾਵਿਕ ਚੱਕਰਵਿਊ ਦੀ ਘੁੰਮਣਘੇਰੀ ਵਿਚ ਨਹੀਂ ਪੈਂਦਾ ਤੇ ਸਾਦ ਮੁਰਾਦੀ ਭਾਸ਼ਾ ਵਿਚ ਆਪਣਾ ਕਾਵਿ-ਧਰਮ ਨਿਭਾਅ ਰਿਹਾ ਹੈ। ਇਸ ਸੰਗ੍ਰਹਿ ਦੇ ਧਾਰਮਿਕ ਭਾਗ ਵਿਚ ਸੰਤਾਂ ਦੀ ਮਹਿਮਾ, ਸੰਤਾਂ ਦੇ ਪਰਉਪਕਾਰ ਅਤੇ ਸੰਤਾਂ ਦੀ ਧੂੜੀ ਨੂੰ ਮਸਤਕ ਨਾਲ ਲਗਾ ਕੇ ਇਨਸਾਨ ਵਿਚ ਵਸਦੇ ਕਾਮ, ਕ੍ਰੋਧ, ਲੋਭ, ਵਰਗੇ ਵਿਕਾਰਾਂ ਤੋਂ ਮੁਕਤ ਹੋ ਕੇ ਨੇਕੀ ਦੇ ਰਸਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ ਕਿਉਂਕਿ ਚੰਗੇ ਕਰਮ ਹੀ ਬੰਦੇ ਦੇ ਨਾਲ ਜਾਣੇ ਹਨ ਤੇ ਆਖ਼ਿਰ ਵਿਚ ਸਿਵਿਆਂ ਦੇ ਵਾਸੀ ਹੋਣਾ ਹੀ ਪੈਣਾ ਹੈ। ਸ਼ਾਇਰ ਕਿਉਂਕਿ ਇਕ ਅਧਿਆਪਕ ਹੈ ਤੇ ਬੱਚਿਆਂ ਨੂੰ ਅਧਿਆਪਕ ਦਾ ਸਤਿਕਾਰ ਕਰਨ ਦਾ ਅਹਿਦ ਵੀ ਕਰਾਉਂਦਾ ਹੈ। ਸ਼ਾਇਰ ਅੱਜ ਦੇ ਲੱਚਰ ਕਿਸਮ ਦੇ ਗਾਏ ਗੀਤਾਂ ਜਿਨ੍ਹਾਂ ਨੂੰ ਗਾਇਕ ਸੱਭਿਆਚਾਰ ਕਹਿੰਦੇ ਹਨ ਤੇ ਸ਼ਾਇਰ ਉਨ੍ਹਾਂ ਨੂੰ ਅਸੱਭਿਆਚਾਰ ਕਹਿ ਕੇ ਆਪਣਾ ਨਜ਼ਲਾ ਝਾੜਦਾ ਹੈ ਤੇ ਹਰਖ ਵੀ ਪੈਦਾ ਕਰਦਾ ਹੈ ਕਿ ਅਸਲੀ ਸੱਭਿਆਚਾਰ ਨੂੰ ਪ੍ਰਨਾਏ ਗੀਤਕਾਰਾਂ ਨੂੰ ਕੋਈ ਨਹੀਂ ਪੁੱਛਦਾ। ਸਟੇਜਾਂ 'ਤੇ ਲੱਕ ਮਟਕਾਉਣ ਵਾਲੇ ਗਾਇਕ ਗੀਤਕਾਰੀ ਵਿਚ ਪ੍ਰਦੂਸ਼ਣ ਫੈਲਾ ਰਹੇ ਹਨ। ਆਪਣੇ 'ਵਿਦੇਸ਼ੀ ਦੋਸਤ ਨੂੰ ਚਿੱਠੀ' ਨਜ਼ਮ ਵਿਚ ਉਹ ਦੱਸਦੇ ਹਨ ਕਿ ਉਂਝ ਇੰਡੀਆ ਚਲੀ ਜਾਂਦਾ ਹੈ ਪਰ ਏਥੇ ਚੋਆਂ ਵਿਚ ਗਾਂਜੇ ਦੇ ਸੂਟੇ ਮਾਰਨ ਵਾਲੇ ਪੰਜਾਬ ਅੰਦਰ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਵਿਚ ਗਰਕ ਹੋ ਰਹੇ ਹਨ ਤੇ ਰੰਗਲੇ ਪੰਜਾਬ ਨੂੰ ਗੰਦਲਾ ਤੇ ਕੰਗਲਾ ਪੰਜਾਬ ਬਣਾਉਣ ਦੇ ਰਸਤੇ ਪਏ ਹੋਏ ਹਨ। ਉਹ ਅੱਜ ਦੇ ਗਿਰਗਿਟ ਵਾਂਗੂ ਰੰਗ ਬਦਲਦੇ ਲੀਡਰਾਂ ਦੇ ਦੋਹਰੇ ਮਾਪਦੰਡਾਂ ਅਤੇ ਲਾਰਿਆਂ ਦੇ ਗੁਬਾਰੇ ਉਡਾਉਣ ਵਾਲੇ ਸਿਆਸਤਦਾਨਾਂ ਨੂੰ ਚੌਰਾਹੇ 'ਚ ਨੰਗਿਆਂ ਕਰਕੇ ਉਨ੍ਹਾਂ ਦੇ ਖ਼ੂਬ ਬਖੀਏ ਉਧੇੜਦਾ ਹੈ। ਕੋਰੋਨਾ ਕਾਲ ਵੇਲੇ ਜਨਤਾ ਵਲੋਂ ਪੇਸ਼ ਦੁਸ਼ਵਾਰੀਆਂ ਕਿ ਕਿਵੇਂ ਆਪਣੇ ਹੀ ਦੇਸ਼ ਵਿਚ ਲੋਕੀਂ ਪ੍ਰਦੇਸੀ ਹੋ ਗਏ ਸਨ, ਦਾ ਖ਼ੂਬ ਜ਼ਿਕਰ ਕੀਤਾ ਹੈ। ਭਰੂਣ ਹੱਤਿਆ, ਰੱਖੜੀ, ਕੁੱਤੇ, ਰਿਟਾਇਰਮੈਂਟ ਤੋਂ ਬਾਅਦ ਵਰਗੀਆਂ ਨਜ਼ਮਾਂ ਵਿਸ਼ੇਸ਼ ਧਿਆਨ ਖਿੱਚਦੀਆਂ ਹਨ। ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਹੱਸਦਾ ਮੁਰਦਾ
ਕਵੀ : ਮਨਪ੍ਰੀਤ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 84275-60570
'ਹੱਸਦਾ ਮੁਰਦਾ' ਮਨਪ੍ਰੀਤ ਸਿੰਘ ਦਾ ਦੂਸਰਾ ਕਾਵਿ ਸੰਗ੍ਰਹਿ ਹੈ, ਇਸ ਤੋਂ ਪਹਿਲਾਂ 'ਠੰਢਾ ਸੂਰਜ' ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕਾ ਹੈ। ਕਵੀ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਦਾ ਹੈ ਕਿ ਇਹ ਪੁਸਤਕ ਸਾਡੇ ਸਾਰਿਆਂ ਦੇ ਜੀਵਨ ਦੇ ਕੁਝ ਪਲਾਂ ਦਾ ਪ੍ਰਗਟਾਵਾ ਹੈ, ਅੱਜ ਇਨਸਾਨ ਅੰਦਰੋਂ ਉਦਾਸੀ ਤੇ ਗਮ ਨਾਲ ਭਰਿਆ ਹੈ। ਪਰ ਬਾਹਰੋਂ ਮੁਸਕਰਾਉਂਦਾ ਨਜ਼ਰ ਆਉਂਦਾ ਹੈ। ਕਵੀ ਨੇ ਹੱਸਦਾ ਮੁਰਦਾ ਇਕ ਪਾਤਰ ਸਿਰਜਿਆ ਹੈ ਜੋ ਸਮਾਜ ਵਿਚ ਵਿਚਰਦਾ ਹੋਇਆ ਬਹੁਤ ਸਾਰੇ ਦੁੱਖ ਹੰਢਾ ਰਿਹਾ ਹੈ।
ਬੂਹਾ ਬੰਦ ਤੇ ਤਾਲਾ ਲੱਗਾ
ਸੋਚ ਮੇਰੀ ਨੂੰ ਜਾਲਾ ਲੱਗਾ
ਉਸ ਨੇ ਨਾਰੀ ਦੀ ਮਹੱਤਤਾ ਨੂੰ ਸਮਝਦੇ ਹੋਏ ਨਾਰੀ ਮਨ ਦੀ ਗੱਲ ਕੀਤੀ ਹੈ, ਉਹ ਨਾਰੀ ਨੂੰ ਆਜ਼ਾਦ ਅਤੇ ਚੇਤਨਾ ਭਰਪੂਰ ਮੰਨਦਾ ਹੈ:
ਹਿਰਨੀ ਨਾਲ ਤੁਸਾਂ ਤੁਲਨਾ ਦਿੱਤੀ
ਵੰਗਾਰ ਦੇਂਦੀ ਇਹ ਸ਼ੀਹਾਂ ਨੂੰ
ਰੁੱਖਾਂ ਵਾਂਗ ਇਹ ਛਾਵਾਂ ਕਰਦੀ
ਸਭ ਪਰਿਵਾਰ ਦੇ ਜੀਆਂ ਨੂੰ
ਅਜੋਕੇ ਸਮੇਂ ਵਿਚ ਕੁਝ ਮਨੁੱਖਾਂ ਦੇ ਵਿਖਾਵੇ ਭਰੇ ਵਿਹਾਰ ਨਾਲ ਇਕ ਬਨਾਵਟ ਅਤੇ ਪਖੰਡ ਬਾਰੇ ਵੀ ਕਵੀ ਚੇਤਨਾ ਹੁੰਦਾ ਹੈ ਤੇ ਚੇਤੰਨ ਕਰਦਾ ਹੈ।
ਬੰਦਿਆਂ ਪਾਏ ਮਖੌਟੇ ਨੇ
ਇਕ ਹੱਥ ਮਾਲਾ ਵੇਖੀ ਏ
ਦੂਜੇ ਹੱਥ ਵਿਚ ਸੋਟੇ ਨੇ
ਕਵੀ ਨੇ ਅਜੋਕੇ ਦੌਰ ਵਿਚ ਸੰਵੇਦਨਹੀਨ ਮਨੁੱਖ ਦੇ ਭਾਵ ਪੇਸ਼ ਕੀਤੇ ਹਨ, ਜਿਸ ਦੇ ਕੋਲ ਸੂਖਮ ਭਾਵ ਨਹੀਂ ਹਨ ਜੋ ਸਥਿਤੀਆਂ ਵੇਖਦਾ ਹੈ ਪਰ ਬੁਰਾ ਵੇਖ ਕੇ ਬੁਰਾ ਸੁਣ ਕੇ ਉਸ ਪ੍ਰਤੀ ਪ੍ਰਤੀਕਰਮ ਵਿਰਲੇ ਲੋਕ ਹੀ ਦਿੰਦੇ ਹਨ:
ਰੰਗ ਬਰੰਗੀਆਂ ਤਸਵੀਰਾਂ ਵੇਖਦਾਂ ਵਾਂ,
ਮਰੀਆਂ ਸਭ ਜ਼ਮੀਰਾਂ
ਵੇਖਨਾਂ ਵਾਂ
ਖੁਦ ਨੂੰ ਆਜ਼ਾਦ ਨੇ
ਦੱਸਣ ਵਾਲੇ
ਬੰਨ੍ਹੇ ਨਾਲ ਜ਼ੰਜੀਰਾਂ ਵੇਖਨਾਂ।
ਸਮੁੱਚੀ ਪੁਸਤਕ ਗ਼ਜ਼ਲ ਅਤੇ ਨਜ਼ਮ ਸੰਗ੍ਰਹਿ ਹੈ, ਜੋ ਸਾਨੂੰ ਚਿੰਤਨ ਅਤੇ ਚੇਤਨਾ ਲਈ ਮਜਬੂਰ ਕਰਦੀ ਹੈ ਕਿ ਅਸੀਂ ਚੁਫੇਰੇ ਦਾ ਮਾਹੌਲ ਵੇਖ ਕੇ ਉਸ ਪ੍ਰਤੀ ਆਪਣੀ ਸੰਵੇਦਨਾ ਜ਼ਾਹਿਰ ਕਰੀਏ। ਸਵਾਲ, ਹਾਸਾ, ਭੋਗ, ਸ਼ੀਸ਼ੇ ਵਾਂਗੂ, ਛਾਵਾਂ, ਬੇਦੋਸ਼, ਖ਼ੈਰ, ਰਾਹੀਆ, ਆਲ੍ਹਣੇ, ਯਾਦ, ਮਖੌਟੇ, ਮਾਏਂ, ਪਰੀਤਾਂ, ਰੋਟੀ, ਤਸਵੀਰਾਂ, ਚਿੱਠੀ, ਘੜੀਆਂ, ਦੇਵੀ, ਕੀ ਦੱਸਾਂ, ਸਿਆਣੀ, ਤੋਹਫ਼ੇ, ਇੰਟਰਨੈੱਟ, ਦਾਣੇ, ਘੜੇ, ਮੁਰਦੇ ਤੋਂ ਸੱਭਿਆਚਾਰ ਆਦਿ ਰਚਨਾਵਾਂ ਪਾਠਕਾਂ ਦਾ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਸਮੁੱਚੇ ਤੌਰ 'ਤੇ ਇਹ ਕਾਵਿ ਪੁਸਤਕ ਕਵੀ ਦੇ ਮਨੋਭਾਵਾਂ ਦਾ ਖੂਬਸੂਰਤ ਪ੍ਰਗਟਾਵਾ ਹੈ ਪੁਸਤਕ ਲਈ ਮੁਬਾਰਕਬਾਦ।
ਚਾਰ ਦਿਸ਼ਾਵਾਂ
ਤਿੰਨ ਤਿੰਨ ਅੱਖਰ
ਲੇਖਕ : ਸੁਰਜੀਤ ਸਿੰਘ ਦਿਹੜ
ਪ੍ਰਕਾਸ਼ਨ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94638-80119
'ਚਾਰ ਦਿਸ਼ਾਵਾਂ ਤਿੰਨ ਤਿੰਨ ਅੱਖਰ' ਹਾਇਕੂ ਸੰਗ੍ਰਹਿ ਹੈ, ਜੋ ਕਿ ਸੁਰਜੀਤ ਸਿੰਘ ਦਿਹੜ ਦੀ ਲਿਖੀ ਚੌਥੀ ਪੁਸਤਕ ਹੈ। ਹਾਇਕੂ ਲਘੂ ਕਵਿਤਾ ਹੁੰਦੀ ਹੈ, ਇਹ ਜਾਪਾਨੀ ਭਾਸ਼ਾ ਵਿਚ ਰਚੀ ਜਾਂਦੀ ਵਿਧਾ ਹੈ, ਜੋ ਪਿਛਲੇ ਲੰਬੇ ਅਰਸੇ ਤੋਂ ਪੰਜਾਬੀ ਸਾਹਿਤ ਵਿਚ ਵੀ ਪੜ੍ਹੀ-ਲਿਖੀ ਜਾ ਰਹੀ ਹੈ। ਸੁਰਜੀਤ ਸਿੰਘ ਦਿਹੜ ਦੀ ਹਾਇਕੂ ਰਚਨਾ ਵਿਚ ਆਸ਼ਾਵਾਦੀ, ਪ੍ਰਗਤੀਵਾਦੀ ਅਗਾਂਹਵਧੂ ਵਿਸ਼ਿਆਂ ਦੀ ਪੇਸ਼ਕਾਰੀ ਹੋਈ ਹੈ। ਹਾਇਕੂ ਵਿਚ ਇਕ ਅਟੱਲ ਸੱਚਾਈ ਹੁੰਦੀ ਹੈ, ਜੋ ਜੀਵਨ ਦੀਆਂ ਸੱਚਾਈਆਂ ਅਤੇ ਮਾਨਵੀ ਸੰਵੇਦਨਾਵਾਂ ਦਾ ਪ੍ਰਗਟਾਵਾ ਹੁੰਦੀ ਹੈ। ਲੇਖਕ ਨੇ ਹਾਇਕੂ ਲਿਖਣ ਦੀ ਪ੍ਰੇਰਨਾ ਦਾ ਵੀ ਜ਼ਿਕਰ ਕੀਤਾ ਹੈ ਕਿ ਇਹ ਪ੍ਰੇਰਨਾ ਉਸ ਨੂੰ ਸ਼ਾਇਰ ਮਲਵਿੰਦਰ ਦੀ ਪੁੱਤਰੀ ਸਿਮਰਜੀਤ ਕੌਰ ਬਰਾੜ ਦੀ ਪੁਸਤਕ 'ਮਨ ਅੰਦਰ ਪ੍ਰਕਾਸ਼' ਤੋਂ ਮਿਲੀ।
ਉਸ ਨੇ ਰਿਸ਼ਤਿਆਂ ਸੰਬੰਧੀ ਬਹੁਤ ਭਾਵਪੂਰਤ ਹਾਇਕੂ ਲਿਖੇ ਹਨ। ਲੋਕ ਚੇਤਨਾ ਨੂੰ ਪ੍ਰਗਟਾਉਂਦੀਆਂ ਕਾਵਿ ਰਚਨਾਵਾਂ ਕਵੀ ਦੀ ਅਗਾਂਹਵਧੂ ਸੋਚ ਦਾ ਸਾਰਥਿਕ ਪ੍ਰਗਟਾਵਾ ਹਨ। ਛੋਟੀ ਜਿਹੀ ਕਾਵਿ ਸਤਰ ਪਾਠਕਾਂ ਨੂੰ ਵੱਡਾ ਸੰਦੇਸ਼ ਦੇ ਜਾਂਦੀ ਹੈ।
ਇਕੱਠੇ ਹੋਏ
ਕਿਸਾਨ ਮਜ਼ਦੂਰ
ਜਾਗ ਪਏ
ਵਾਤਾਵਰਨ ਸੰਬੰਧੀ ਕਵੀ ਚੇਤਨਾ ਪੈਦਾ ਕਰਦਾ ਹੈ, ਮਨੁੱਖ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਦਾ ਹੈ:
ਰਾਵੀ, ਬਿਆਸ, ਸਤਲੁਜ, ਘੱਗਰ, ਮੁੱਕਦੇ ਜਾਂਦੇ
ਕੁਦਰਤ ਨੂੰ ਬਰਬਾਦ ਕਰਦੇ
ਲੋਕ ਲਾਲਚੀ।
ਰਾਜਨੀਤਕ, ਭ੍ਰਿਸ਼ਟਾਚਾਰ ਦਰਸਾਉਂਦੀਆਂ ਸਤਰਾਂ ਮਨੁੱਖੀ ਮਨ ਨੂੰ ਪ੍ਰਭਵਿਤ ਕਰਦੀਆਂ ਹਨ:
ਵੋਟਾਂ ਪਾ ਦਿੰਦੇ,
ਸ਼ਰਾਬ ਦੀ ਬੋਤਲ
ਲੈਣ ਵਾਸਤੇ।
ਪੰਜਾਬੀ ਬੋਲੀ ਦੀ ਪ੍ਰਸੰਸਾ, ਸਰਬੱਤ ਦੇ ਭਲੇ ਬਾਰੇ, ਦੇਸ਼ ਵੰਡ ਬਾਰੇ, ਮਾਨਵੀ ਗੁਣ ਸਬਰ, ਸੰਤੋਖ, ਦਯਾ ਕਰੁਣਾ, ਪਰਉਪਕਾਰ ਬਾਰੇ, ਸਿੱਖ ਇਤਿਹਾਸ ਬਾਰੇ, ਦੇਸ਼ ਦੀਆਂ ਸਮਾਜਿਕ ਰਾਜਨੀਤਕ ਸਮੱਸਿਆਵਾਂ ਬਾਰੇ, ਪੇਂਡੂ ਸੱਭਿਆਚਾਰ, ਦੇਸ਼ ਭਗਤਾਂ ਬਾਰੇ, ਸਮੇਂ ਦੀ ਕਦਰ ਬਾਰੇ, ਵਿਸ਼ਵੀਕਰਨ ਦੇ ਵਰਤਾਰੇ ਵਿਚ ਬਦਲਦੇ ਮਾਨਵੀ ਵਰਤਾਰੇ, ਨਾਰੀ ਸੰਵੇਦਨਾ ਬਾਰੇ, ਨਵੀਂ ਪੀੜ੍ਹੀ ਦੀ ਨਵੀਂ ਸੋਚ ਬਾਰੇ, ਵਾਤਾਵਰਨ ਚੁਣੌਤੀਆਂ, ਨਸ਼ਿਆਂ ਬਾਰੇ, ਭਰੂਣ ਹੱਤਿਆ, ਸਰਹੱਦ 'ਤੇ ਸ਼ਹੀ