23-03-2025
ਅਜੀਤ ਸਿੰਘ ਪੱਤੋ
ਦੀਆਂ ਸਾਰੀਆਂ ਕਹਾਣੀਆਂ
ਸੰਪਾਦਕ : ਬੂਟਾ ਸਿੰਘ ਚੌਹਾਨ, ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਆਟਮ ਆਰਟ, ਪਟਿਆਲਾ
ਮੁੱਲ : 375 ਰੁਪਏ, ਸਫ਼ੇ : 252
ਸੰਪਰਕ : 98143-80749
ਅਜੀਤ ਸਿੰਘ ਪੱਤੋ ਦੀਆਂ ਇਨ੍ਹਾਂ ਸਾਰੀਆਂ ਕਹਾਣੀਆਂ ਨੂੰ ਪੜ੍ਹਦਿਆਂ ਇਹ ਗੱਲ ਸਾਫ ਜ਼ਾਹਿਰ ਹੁੰਦੀ ਹੈ ਕਿ ਉਹ ਪੰਜਾਬੀ ਦਾ ਆਪਣੇ ਸਮੇਂ ਦਾ ਵੱਡਾ ਪਰ ਅਣਗੌਲਿਆ ਕਥਾਕਾਰ ਹੈ ਜਿਸ ਨੇ ਆਪਣੀ ਕਥਾਕਾਰੀ ਅਤੇ ਸ਼ਿਲਪ ਕਾਰਨ ਆਪਣੀਆਂ ਕਹਾਣੀਆਂ ਵਿਚ ਵੱਖਰਾਪਣ ਕਾਇਮ ਕਰਕੇ ਸਾਹਿਤ ਦੀ ਝੋਲੀ ਭਰੀ ਹੈ। ਉਹ ਅਜਿਹਾ ਚੇਤਨ ਅਤੇ ਜ਼ਹੀਨ ਕਥਾਕਾਰ ਹੈ ਜਿਸ ਦੀਆਂ ਕਹਾਣੀਆਂ ਵਿਚ ਕਾਮਾ ਸ਼੍ਰੇਣੀ ਦਾ ਸੰਘਰਸ਼ ਹੈ, ਕਿਸਾਨੀ ਜੀਵਨ ਦੀ ਝਾਤ ਹੈ, ਸਰਬ ਸਾਂਝੇ ਹਿਤਾਂ ਦੀ ਪਹਿਲ ਹੈ ਅਤੇ ਮਲਵਈ ਆਂਚਲਿਕਤਾ ਦੀ ਪ੍ਰਧਾਨਤਾ ਹੈ। ਕਿਸਾਨੀ ਜੀਵਨ ਨੂੰ ਜਿਸ ਪ੍ਰਕਾਰ ਉਸ ਨੇ ਆਪਣੀਆਂ ਕਹਾਣੀਆਂ ਵਿਚ ਚਿਤਰਿਆ ਹੈ, ਉਸ ਕਿਸਮ ਦੀ ਸ਼ੈਲੀ ਘੱਟ ਕਹਾਣੀਕਾਰਾਂ ਵਿਚ ਨਜ਼ਰ ਆਉਂਦੀ ਹੈ। ਉਸ ਦੀਆਂ ਕਹਾਣੀਆਂ ਦਾ ਬਾਤ ਰਸ ਏਨਾ ਹੈ ਕਿ ਸਾਰੀਆਂ ਕਹਾਣੀਆਂ ਪੜ੍ਹਦਿਆਂ ਵੀ ਪਾਠਕ ਕਿਤੇ ਅਕੇਵਾਂ ਮਹਿਸੂਸ ਨਹੀਂ ਕਰਦਾ। ਹਰ ਕਹਾਣੀ ਆਪਣੇ-ਆਪ ਵਿਚ ਇਕ ਵੱਖਰੀ ਤਰ੍ਹਾਂ ਦੀ ਦੁਨੀਆ ਦਾ ਅਨੁਭਵ ਕਰਾਉਂਦੀ ਜਾਪਦੀ ਹੈ। ਪੇਂਡੂ ਰਹਿਤਲ ਤੇ ਮਲਵਈ ਸੱਭਿਆਚਾਰ ਨੂੰ ਪੇਸ਼ ਕਰਦੀਆਂ ਇਨ੍ਹਾਂ ਕਹਾਣੀਆਂ ਵਿਚ ਵੱਖ-ਵੱਖ ਸਮਿਆਂ ਦੀਆਂ ਲਹਿਰਾਂ ਅਤੇ ਉਨ੍ਹਾਂ ਦੇ ਦੁਖਾਂਤ ਨੂੰ ਵੀ ਬਾਖੂਬੀ ਚਿਤਰਿਆ ਗਿਆ ਹੈ। ਉਸ ਦੀ ਸ਼ੈਲੀ ਵਿਚ ਕਲਾਤਮਿਕ ਛੋਹਾਂ ਹਨ, ਮਨੋਵਿਗਿਆਨਕ ਅੰਸ਼ ਹਨ ਅਤੇ ਪਿੱਛਲ ਝਾਤ ਦੇ ਨਾਲ-ਨਾਲ ਕਾਵਿਕਤਾ ਉਸ ਦੀ ਕਥਾਕਾਰੀ ਦਾ ਖਾਸ ਗੁਣ ਹੈ। ਉਸ ਦੀ ਕਹਾਣੀ ਜ਼ਿੰਦਗੀ ਦੇ ਅਣਕਹੇ ਪਹਿਲੂਆਂ ਨੂੰ ਉਜਾਗਰ ਕਰਦਿਆਂ ਇਹ ਦਰਸਾਉਂਦੀ ਹੈ ਕਿ ਕਦੇ ਕਦੇ ਛੁਪੇ ਸੱਚ ਹੀ ਜ਼ਿੰਦਗੀ ਜਿਊਣ ਦਾ ਆਧਾਰ ਬਣਦੇ ਹਨ। ਆਪਣੀਆਂ ਕਹਾਣੀਆਂ ਵਿਚ ਉਹ ਇਸਤਰੀ ਦਾ ਕੋਮਲ ਹਿਰਦਾ ਵੀ ਚਿੱਤਰਦਾ ਹੈ ਅਤੇ ਨਾਲ ਹੀ ਉਸ ਨੂੰ ਚੇਤਨ ਰੂਪ ਵਿਚ ਵੀ ਪੇਸ਼ ਕਰਦਾ ਹੈ। ਨੂਰ ਤੇ ਨਾਰ, ਮੈਂ ਬੋਲੂੰਗੀ, ਪੇਕਿਆਂ ਵਾਲੀ ਸਹੁਰਿਆਂ ਵਾਲੀ, ਜਦੋਂ ਔਰਤ ਜਾਗੀ ਹੋਵੇ ਆਦਿ ਕਹਾਣੀਆਂ ਵਿਚ ਔਰਤ ਦੇ ਵੱਖ-ਵੱਖ ਰੂਪ ਉਸ ਨੇ ਬਾਖੂਬੀ ਪੇਸ਼ ਕੀਤੇ ਹਨ। ਸੱਚਮੁੱਚ ਉਸ ਦੀਆਂ ਸਾਰੀਆਂ ਕਹਾਣੀਆਂ ਨੂੰ ਇਕ ਪੁਸਤਕ ਵਿਚ ਪੇਸ਼ ਕਰਕੇ ਸੰਪਾਦਕ ਨੇ ਪੰਜਾਬੀ ਸਾਹਿਤ ਦੀ ਅਮੀਰੀ ਵਿਚ ਇਜ਼ਾਫਾ ਕੀਤਾ ਹੈ, ਇਹ ਸਾਰੀਆਂ ਕਹਾਣੀਆਂ ਪੜ੍ਹਦਿਆਂ ਇਹ ਮਹਿਸੂਸ ਕੀਤਾ ਜਾ ਸਕਦਾ ਹੈ।
-ਡਾ.ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਗੱਲ ਤਾਂ ਚਲਦੀ ਰਹੇ...
ਲੇਖਕ : ਸੁਰਜੀਤ ਸਖੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 230
ਸੰਪਰਕ : 95011-45039
ਵਿਚਾਰ ਅਧੀਨ ਕਾਵਿ-ਚਰਚਾ ਦੀ ਲੇਖਿਕਾ ਅਜੋਕੇ ਸਮੇਂ ਯੂ.ਐਸ.ਏ. ਦੀ ਵਸਨੀਕ ਹੈ। ਉਹ ਆਪ ਵੀ ਕਵੀ ਹੈ, ਗ਼ਜ਼ਲਾਂ ਵੀ ਲਿਖਦੀ ਹੈ। ਉਸ ਦੀ ਰੁਚੀ ਪੰਜਾਬੀ ਕਵੀਆਂ ਨੂੰ ਡੂੰਘਾਈ ਨਾਲ ਸਮਝਣ ਦੀ ਜਾਪਦੀ ਹੈ। ਅਜਿਹੀ ਰੁਚੀ ਕਾਰਨ ਹੀ ਉਸ ਨੇ ਪੰਜਾਬੀ ਕਵੀਆਂ ਨੂੰ ਸੱਦਾ ਦੇ ਕੇ ਉਨ੍ਹਾਂ ਦੀਆਂ ਕਾਵਿ-ਪੁਸਤਕਾਂ ਮੰਗਵਾਈਆਂ ਹਨ। ਉਸ ਦਾ ਵਿਚਾਰ ਹੈ ਕਿ ਕਾਵਿ ਵਿਚ ਉੱਚ-ਖ਼ਿਆਲ ਦਾ ਮਹੱਤਵ ਹੁੰਦਾ ਹੈ। ਖ਼ਿਆਲ ਦੇ ਪ੍ਰਗਟਾਵੇ ਲਈ ਸ਼ਬਦ ਤਾਂ ਆਪ-ਮੁਹਾਰੇ ਉਮੜ ਕੇ ਆ ਜਾਇਆ ਕਰਦੇ ਹਨ। ਫ਼ਲਸਰੂਪ ਉਸ ਨੇ ਜਿਨ੍ਹਾਂ ਕਵੀਆਂ ਦਾ ਨਿੱਠ ਕੇ ਅਧਿਐਨ ਕੀਤਾ ਹੈ, ਉਨ੍ਹਾਂ ਨੂੰ ਕਲਾਤਮਿਕ ਛੋਹਾਂ ਸਹਿਤ ਉਪਮਾਇਆ ਵੀ ਹੈ। ਜਿਵੇਂ : ਉਰਾਮਦੇ ਦਿਹੁੰ ਵਰਗਾ ਸ਼ਾਇਰ (ਸੁਰਜੀਤ ਪਾਤਰ), ਜਗਦੀ ਬੁਝਦੀ ਪੈਂਤੀ ਅੱਖਰਾਂ ਦੀ ਲੋਅ 'ਚ ਵਿਗਸਦਾ ਸ਼ਾਇਰ (ਗੁਰਭਜਨ ਗਿੱਲ), ਕੋਈ ਅਲਮਸਤ ਫ਼ਕੀਰ ਜਾਪਦਾ (ਜਸਵਿੰਦਰ), ਸ਼ਬਦਾਂ ਵਾਸਤੇ ਵਿਚਾਰਾਂ ਦੇ ਖੰਭ ਤਲਾਸ਼ਦਾ (ਵਿਜੇ ਵਿਵੇਕ), ਦੀਵਾਰ ਦਾ ਬੂਹਾ ਬਣਾਉਣ ਵਾਲਾ ਦੂਸਰਾ ਸ਼ਾਇਰ (ਗੁਰਤੇਜ ਕੋਹਾਰਵਾਲਾ), ਪਥਰਾਹਟ 'ਚੋਂ ਫੁੱਟਦੀ ਕਰੂੰਬਲ (ਸੁਖਵਿੰਦਰ ਅੰਮ੍ਰਿਤ), ਨਕਸਲਬਾੜੀ ਲਹਿਰ ਨਾਲ ਜੁੜਿਆ (ਸੁਖਵਿੰਦਰ ਕੰਬੋਜ), ਜੰਗਲ ਦਾ ਰਾਜ਼ਦਾਰ, ਰੁੱਖਾਂ ਦਾ ਯਾਰ (ਕੁਲਵਿੰਦਰ), ਕੇਸਰ ਦਾ ਫੁੱਲ (ਸੁਰਿੰਦਰ ਸੀਰਤ), ਮਨੁੱਖੀ ਭਾਵਨਾਵਾਂ ਨੂੰ ਸ਼ਬਦਾਂ-ਸੁਰਾਂ ਵਿਚ ਸੰਭਾਲਦਾ ਅਲਬੇਲਾ ਸ਼ਾਇਰ (ਹਰਜਿੰਦਰ ਕੰਗ), ਫੁਲਕਾਰੀ ਦੇ ਰੰਗ ਵੰਨ-ਸੁਵੰਨਤਾ ਵਿਚ ਢਾਲਦਾ (ਚਰਨਜੀਤ ਸਿੰਘ ਪੰਨੂੰ), ਕਦੇ ਜੁਗਨੂੰ, ਕਦੇ ਦੀਵਾ, ਕਦੇ ਸੂਰਜ (ਸੁਰਿੰਦਰ ਸੋਹਲ) ਆਦਿ।
ਲੇਖਿਕਾ ਨੇ ਇਨ੍ਹਾਂ 12 ਕਵੀਆਂ ਦੀਆਂ ਰਚਨਾਵਾਂ (ਗੀਤ, ਕਵਿਤਾ, ਗ਼ਜ਼ਲ, ਖੁੱਲ੍ਹੀ ਕਵਿਤਾ) ਦਾ ਵਿਆਖਿਆਤਮਿਕ ਵਿਸ਼ਲੇਸ਼ਣ ਕੀਤਾ ਹੈ। ਉਸ ਦੀ ਜੁਗਤ ਇਹ ਹੈ ਕਿ ਪਹਿਲਾਂ ਟੁਕੜੀ ਉਸਰਿਤ ਕਰਦੀ ਹੈ, ਬਾਅਦ ਵਿਚ ਆਪਣੇ ਅਨੁਭਵ ਅਨੁਸਾਰ ਉਸ ਦੀ ਵਿਆਖਿਆ ਕਰ ਜਾਂਦੀ ਹੈ। ਉਸ ਦੀ ਵਿਆਖਿਆ ਦੀ ਉਦਾਹਰਨ ਵੇਖ ਲੈਣੀ ਲਾਹੇਵੰਦ ਰਹੇਗੀ। ਜਿਵੇਂ : ਸੁਰਜੀਤ ਪਾਤਰ ਦਾ ਸ਼ੇਅਰ ਹੈ :
ਘਰਾਂ ਦੀ ਅੱਗ ਸਿਆਣੀ ਏ,
ਹੋਏ ਇਸ ਦੀ ਲਪੇਟ ਅੰਦਰ,
ਬਗਾਨੀ ਧੀ ਹੀ ਆਈ ਏ,
ਕਿ ਜਿੰਨੀ ਵਾਰ ਆਈ ਏ। (ਬਿਰਖ ਅਰਜ ਕਰੇ ਪੰਨਾ. 14)
ਸੁਰਜੀਤ ਸਖੀ ਇਸ ਦੀ ਵਿਆਖਿਆ ਇੰਝ ਕਰਦੀ ਹੈ :
''ਸਮਾਜ ਦੀ ਘਿਨੌਣੀ ਤਸਵੀਰ ਸੁਰਜੀਤ ਪਾਤਰ ਬਿਲਕੁਲ ਸਾਹਮਣੇ ਲੈ ਆਉਂਦਾ ਹੈ। ਸਵਾਲ ਉੱਠਦਾ ਹੈ ਕਿ ਅੱਗ ਦੇ ਨਾਲ ਸਿਰਫ਼ ਘਰ ਦੀਆਂ ਨੂੰਹਾਂ ਹੀ ਕਿਉਂ ਸੜਦੀਆਂ ਹਨ, ਆਪਣੀਆਂ ਧੀਆਂ ਕਿਉਂ ਨਹੀਂ?' ਪੰਨਾ 19.
ਸੁਖਵਿੰਦਰ ਅੰਮ੍ਰਿਤ ਦੀ ਕਾਵਿ-ਪੰਕਤੀ ਹੈ :
ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਕਣਕੇ,
ਰੁੱਤ ਬੇਈਮਾਨ ਹੋ ਗਈ। ਨੀਲਿਆ ਮੋਰਾ ਵੇ, ਸਫ਼ਾ-42
'ਸਖੀ' ਦੀ ਵਿਆਖਿਆ ਨੋਟ ਕਰੋ :
'ਕਿਸਾਨੀ ਜੀਵਨ ਦੀ ਇਹ ਹੋਣੀ ਵਾਰ ਵਾਰ ਵਾਪਰਦੀ ਹੈ। ਪੱਕੀ ਫ਼ਸਲ ਉੱਤੇ ਮੀਂਹ-ਝੱਖੜ ਆਉਣਾ ਜਾਂ ਗੜ੍ਹੇਮਾਰੀ ਹੋਣਾ ਤਾਂ ਆਮ ਜਿੰਨੀ ਗੱਲ ਹੈ। ਜੇ ਕਿਤੇ ਕਿਸਾਨ ਕਣਕ ਲੁਕੋ ਕੇ ਰੱਖ ਸਕਦਾ ਹੁੰਦਾ, ਤਾਂ ਅਜਿਹੇ ਭਾਣੇ ਵਾਪਰਨੋਂ ਬਚਾਅ ਹੋ ਜਾਂਦਾ ਪਰ ਪੱਕੀਆਂ ਫਸਲਾਂ ਵੇਖ ਕੇ ਰੁੱਤਾਂ ਬੇਈਮਾਨ ਹੋ ਹੀ ਜਾਂਦੀਆਂ ਨੇ। ਪੰਨਾ 107.
ਕਈ ਵਾਰ ਇਉਂ ਲਗਦਾ ਹੈ ਕਿ 'ਸਖੀ' ਕਵਿਤਾਵਾਂ/ਰਚਨਾਵਾਂ ਪੜ੍ਹਦੀ ਪੜ੍ਹਦੀ ਕਵੀ ਦਰਬਾਰ ਵਾਂਗ/ਭਾਵੁਕ ਪ੍ਰਭਾਵਿਤ ਹੋ ਕੇ ਵਾਹ! ਵਾਹ! ਵਾਹ!! ਵਾਹ ਵਾਹ ਵਾਹ!!! ਕਹਿ ਉੱਠਦੀ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vat}sh.dharamchand0{ma}&.com
ਬਿਸਾਤ
ਲੇਖਿਕਾ : ਅਰਤਿੰਦਰ ਸੰਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98153-02081
ਸ਼ਾਇਰਾ ਅਰਤਿੰਦਰ ਸੰਧੂ ਇਕ ਬਹੁ-ਵਿਧਾਈ ਲੇਖਿਕਾ ਹੈ ਜੋ ਕਿਸੇ ਵੀ ਰਸਮੀ ਜਾਣ-ਪਛਾਣ ਦੀ ਮੁਥਾਜ਼ ਨਹੀਂ ਕਿਉਂਕਿ ਉਹ ਪ੍ਰਸਿੱਧ ਸਾਹਿਤਕ ਮੈਗਜ਼ੀਨ 'ਏਕਮ' ਦਾ 2012 ਤੋਂ ਬੜੇ ਹੀ ਸਿਰੜ ਨਾਲ ਸੰਪਾਦਨਾ ਕਰਦਿਆਂ ਜਿਥੇ ਸਥਾਪਿਤ ਲੇਖਿਕਾਂ ਨੂੰ ਸਪੇਸ ਪ੍ਰਦਾਨ ਕਰਦੀ ਹੈ, ਉਥੇ ਸਿਖਾਂਦਰੂ ਦੌਰ ਵਿਚੋਂ ਗੁਜ਼ਰ ਰਹੇ ਨਵੇਂ ਲੇਖਕਾਂ ਦੀ ਵੀ ਪਿੱਠ ਥਾਪੜਦੀ ਰਹਿੰਦੀ ਹੈ। ਹਥਲੇ 16ਵੇਂ ਕਾਵਿ ਸੰਗ੍ਰਹਿ 'ਬਿਸਾਤ' ਦੀ ਤੱਥ ਵੱਥ ਦੀ ਤੰਦ ਸੂਤਰ ਪੁਸਤਕ ਦੇ ਨਾਂਅ ਤੋਂ ਸਹਿਜੇ ਹੀ ਸਾਡੇ ਹੱਥ ਆ ਜਾਂਦੀ ਹੈ ਜਦੋਂ ਉਹ ਬਹੁਤ ਹੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਦਿਆਂ ਦੱਸਦੀ ਹੈ ਕਿ ਕਿਵੇਂ ਵਕਤ ਦੀ ਬਿਸਾਤ ਦੇ ਮੋਹਰਿਆਂ ਨਾਲ ਮਾਨਵੀ ਸਰੋਕਾਰਾਂ ਲਈ ਦਸਤਪੰਜਾ ਲੈ ਰਹੇ ਹਾਂ। ਕਿਤਾਬ ਦੇ ਪਾਠ ਵਿਚੋਂ ਗੁਜ਼ਰਿਦਆਂ ਵਾਈ. ਬੀ. ਨੀਟਸ ਦਾ ਕਥਨ ਯਾਦ ਆਉਂਦਾ ਹੈ ਕਿ ਜਦੋਂ ਅਸੀਂ ਦੂਸਰਿਆਂ ਨਾਲ ਲੜਦੇ ਝਗੜਦੇ ਹਾਂ ਤਾਂ ਸਾਡੇ ਹੱਥ ਕੁਝ ਵੀ ਨਹੀਂ ਆਉਂਦਾ ਪਰ ਜਦੋਂ ਅਸੀਂ ਆਪਣੇ-ਆਪ ਨਾਲ ਲੜਦੇ ਹਾਂ ਤਾਂ ਕਵਿਤਾ ਪੈਦਾ ਹੁੰਦੀ ਹੈ। ਇੰਝ ਹੀ ਸ਼ਾਇਰਾ ਆਪਣੇ ਆਪ ਨਾਲ ਲੜਦਿਆਂ ਸਰੋਕਾਰਾਂ ਦਾ ਸਧਾਰਨੀਕਰਨ ਕਰਦੀ ਹੈ। ਅੱਜ ਦੇ ਪਦਾਰਥਕ ਪਸਾਰੇ ਦੀ ਚਕਾਚੌਂਧ ਵਿਚ ਮਨੁੱਖੀ ਰਿਸ਼ਤਿਆਂ ਦੀ ਵਿਆਕਰਨ ਦਾ ਜੋ ਵਿਗਾੜ ਪੈਦਾ ਹੋਇਆ ਹੈ ਤੇ ਮੋਹ ਦੇ ਸੀਮੈਂਟ ਨਾਲ ਉਸਾਰੇ ਮਹਿਲ ਮੁਨਾਰੇ ਢਹਿ-ਢੇਰੀ ਹੋ ਜਾਣ ਤਾਂ ਸੰਵੇਦਨਸ਼ੀਲ ਮਨੁੱਖ ਨੂੰ ਠੇਸ ਤਾਂ ਪਹੁੰਚਦੀ ਹੀ ਹੈ। ਇਹ ਰਿਸ਼ਤੇ 'ਡੈੱਡ ਲੈਟਰਜ਼ ਆਫ਼ਿਸ' ਤੱਕ ਹੀ ਮਹਿਦੂਦ ਹੋ ਜਾਂਦੇ ਹਨ। ਸ਼ਾਇਰਾ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਦਾ ਵੀ ਚੌਰਾਹੇ 'ਚ ਭਾਂਡਾ ਭੰਨਦੀ ਹੈ ਕਿ ਕਿਵੇਂ ਇਹ ਗੋਦੀ ਮੀਡੀਆ ਬਣ ਕੇ ਕਾਰਪੋਰੇਟ ਸੈਕਟਰ ਦੇ ਰੀਮੋਟ ਕੰਟਰੋਲ ਨਾਲ ਛਲੀਏ ਬਾਜ਼ਾਰ ਦਾ ਭੂਤਰਿਆ ਸਾਨ੍ਹ ਸਾਡੀਆਂ ਇੱਛਾਵਾਂ ਦੀ ਫਸਲ ਨੂੰ ਬੁਰਕ ਮਾਰਦਾ ਫਿਰਦਾ ਹੈ, ਇਸ ਨੂੰ ਨੱਥ ਪਾਉਣ ਲਈ ਅਗਾਊਂ ਜਾਗਰੂਕ ਕਰਦੀ ਹੈ। ਅੱਜਕਲ੍ਹ ਭਗਵੇਂ ਬ੍ਰਿਗੇਡ ਦੇ ਅਮੀਰਾਂ ਵਜ਼ੀਰਾਂ ਲਈ ਭੇਡ ਬੱਕਰੀਆਂ ਦੇ ਭਰੂਣ ਦੀ ਨਰਮ ਤੇ ਕੂਲੀ ਬੂਟੀਂ ਨਾਲ ਬਣੇ ਪਸ਼ਮੀਨੇ ਦੀ ਨਿਆਈ ਹਾਂ। ਸ਼ਾਇਰਾ ਡਾ. ਮੁਹੰਮਦ ਇਕਬਾਲ ਦੇ ਕਥਨ ਤੇ ਕਾਂਟਾ ਫੇਰਦਿਆਂ ਕਹਿੰਦੀ ਹੈ ਕਿ ਇਸ ਜੰਗਲੀ ਸੱਭਿਅਤਾ ਵਿਚ 'ਡਰ ਬਣ ਗਿਆ ਹੈ ਧਰਮ ਤੇ ਧਰਮ ਬਣ ਗਿਆ ਹੈ ਡਰ।' ਅਖੀਰ ਸਾਨੂੰ 'ਸ਼ਬਦ ਦੀ ਠਾਹਰ' ਵਿਚ ਜਾਣਾ ਹੀ ਪੈਣਾ ਹੈ। ਸ਼ਾਇਰਾ ਇਸ ਬਿਸਾਤ ਦੇ ਮਕੜਜਾਲ ਤੋਂ ਨਿਕਲਣ ਲਈ ਉਮੀਦ ਦਾ ਪੱਲਾ ਨਹੀਂ ਛੱਡਦੀ ਤੇ ਚੌਰਾਹੇ 'ਚ ਖੜ੍ਹ ਕੇ ਐਲਾਨ ਕਰਦੀ ਹੈ ਕਿ 'ਅੱਗ ਨੇ ਬੁੱਝਣਾ ਹੀ ਹੈ ਤੇ ਬਰਫ਼ ਨੇ ਪਿਘਲਣਾ ਹੀ ਹੈ।' ਆਪਣਾ ਕਾਵਿ-ਧਰਮ ਨਿਭਾਉਣ ਵਾਲੀ ਇਸ ਸਾਹਿਤਕ ਪੀਰੋ ਪ੍ਰੇਮਣ ਨੂੰ ਜੇ ਸਿਜਦਾ ਨਾ ਕੀਤਾ ਤਾਂ ਅਪਰਾਧਬੋਧ ਦਾ ਭਾਰ ਝੱਲਣਾ ਹੀ ਪਏਗਾ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਮੰਡੀ ਰਹੀਮ ਖਾਂ
ਲੇਖਕ : ਸੁਖਵਿੰਦਰ ਸਿੰਘ ਬਾਲੀਆਂ
ਪ੍ਰਕਾਸ਼ਕ : ਪੀਪਲਜ਼ ਫ਼ੋਰਮ ਬਰਗਾੜੀ, ਫ਼ਰੀਦਕੋਟ
ਮੁੱਲ : 250 ਰੁਪਏ, ਸਫ਼ੇ : 297
ਸੰਪਰਕ : 94656-14405
ਸਾਹਿਤਕ ਚਰਚਾ ਅਧੀਨ ਉਕਤ ਨਾਵਲ ਤੋਂ ਪਹਿਲਾਂ ਇਸ ਲੇਖਕ ਦਾ ਇਕ ਨਾਵਲ 'ਨਹਿਰੋਂ ਪਾਰ' ਆ ਚੁੱਕਾ ਹੈ। 'ਮੰਡੀ ਰਹੀਮ ਖਾਂ' ਨਾਵਲ ਅੰਦਰ ਲੇਖਕ ਨੇ ਕਈ ਕਲਾਤਮਿਕ ਜੁਗਤਾਂ ਦੀ ਵਰਤੋਂ ਕੀਤੀ ਹੈ। ਇਸ ਦਾ ਕਥਾਨਕ ਮਾਲਵੇ ਦੇ ਪਿੰਡਾਂ ਦੀ ਜੀਵਨ ਸ਼ੈਲੀ 'ਤੇ ਆਧਾਰਿਤ ਹੈ। ਨਾਵਲਕਾਰ ਨੇ ਛੋਟੇ ਕਿਸਾਨੀ ਪਰਿਵਾਰਾਂ ਦੀਆਂ ਆਰਥਿਕ ਸਮੱਸਿਆਵਾਂ ਨੂੰ ਕਾਫ਼ੀ ਨੇੜਿਓਂ ਤੱਕਿਆ ਹੈ। ਨਾਵਲੀ ਬ੍ਰਿਤਾਂਤ ਨੂੰ ਪੇਸ਼ ਕਰਨ ਲਈ ਸਮੁੱਚੇ ਨਾਵਲ ਨੂੰ ਦੋ ਭਾਗਾਂ 'ਚ ਵੰਡਿਆ ਗਿਆ ਹੈ। ਪਹਿਲੇ ਭਾਗ ਦੇ 21 ਅਤੇ ਦੂਜੇ ਦੇ 29 ਕਾਂਡ ਹਨ। ਨਾਵਲ ਦੀ ਸ਼ੈਲੀ, ਵਾਰਤਾਲਾਪ, ਪਾਤਰ ਉਸਾਰੀ ਅਤੇ ਦ੍ਰਿਸ਼ ਚਿਤਰਨ ਕਮਾਲ ਦਾ ਹੈ। ਨਾਵਲ ਦੇ ਪਾਤਰ ਆਪਸੀ ਸੰਵਾਦ ਰਚਾਉਂਦੇ ਹੋਏ ਸਮੇਂ ਅਤੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲਦੇ ਪ੍ਰਤੀਤ ਹੁੰਦੇ ਹਨ। ਪੇਸ਼ਕਾਰੀ ਅਤੇ ਉਦੇਸ਼ ਪੱਖੋਂ ਇਹ ਲੇਖਕ ਦੀ ਵਧੀਆ ਰਚਨਾ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪਿੰਡਾਂ ਦੇ ਹਾਲਾਤ ਅਤੇ ਲੋਕਾਂ ਦਾ ਜੀਵਨ, ਕੰਮ ਧੰਦਿਆਂ ਅਤੇ ਰਾਜਸੀ ਸਥਿਤੀ ਨੂੰ ਜਾਨਣ ਲਈ ਇਹ ਰਚਨਾ ਵਰਦਾਨ ਸਿੱਧ ਹੁੰਦੀ ਹੈ। ਨਾਵਲ ਦੀ ਕਹਾਣੀ ਮੀਹਾਂਵਾਲਾ ਪਿੰਡ ਦੀ ਹੈ, ਜਿੱਥੇ ਕਿ ਇਕ ਛੋਟਾ ਕਿਸਾਨ ਪਰਿਵਾਰ ਰਹਿੰਦਾ ਹੈ, ਜੋ ਆਪਣੇ ਨਿਰਬਾਹ ਲਈ ਥੋੜ੍ਹੀ ਜਿਹੀ ਜ਼ਮੀਨ 'ਚ ਗੁਜ਼ਾਰਾ ਕਰਦਾ ਹੈ। ਇਸ ਪਰਿਵਾਰ ਦੇ ਜੂਪੇ ਫ਼ੌਜੀ ਦੀ ਸੰਸਾਰ ਜੰਗ 'ਚ ਲੜਦਿਆਂ ਬਾਂਹ ਧੜ ਤੋਂ ਅਲੱਗ ਹੋਣ ਕਰਕੇ ਨੂੰ ਸਰਕਾਰ ਨੇ ਬਾਰ ਦੇ ਇਲਾਕੇ 'ਚ ਜ਼ਮੀਨ ਦਿੱਤੀ ਸੀ। ਇਸ ਬੇਆਬਾਦ ਪਈ ਜ਼ਮੀਨ ਨੂੰ ਪੰਜਾਬ ਦੇ ਕਿਸਾਨਾਂ ਨੇ ਆਪਣੇ ਪਸੀਨੇ ਨਾਲ ਵਾਹੀਯੋਗ ਬਣਾਇਆ ਸੀ। ਨੰਦ ਕੌਰ ਆਪਣੇ ਦੋਵਾਂ ਪੁੱਤਾਂ ਨੂੰ ਲੈ ਕੇ ਅਲਾਟ ਹੋਈ ਜ਼ਮੀਨ 'ਚ ਜਾ ਵਸਦੀ ਹੈ। ਜ਼ਮੀਨ ਨੂੰ ਸੰਵਾਰਨ ਲਈ ਉਹ ਆਪਣੇ ਰਿਸ਼ਤੇਦਾਰ ਅਰਜਨ ਅਤੇ ਸੀਰੀ ਬੰਤੇ ਨੂੰ ਵੀ ਆਪਣੇ ਨਾਲ਼ ਲੈ ਜਾਂਦੇ ਹਨ ਅਤੇ ਅੰਤ 'ਚ ਆਪਣਾ ਜੱਦੀ ਪਿੰਡ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਦੇਸ਼ ਵੰਡ ਉਪਰੰਤ ਦੋਹਾਂ ਮੁਲਕਾਂ ਦਰਮਿਆਨ ਫ਼ਿਰਕੂ ਦੰਗੇ ਹੁੰਦੇ ਹਨ, ਧੀਆਂ, ਭੈਣਾਂ ਅਤੇ ਤ੍ਰੀਮਤਾਂ ਦੀ ਬੇਪਤੀ ਹੁੰਦੀ ਹੈ। ਮੰਡੀ ਰਹੀਮ ਖਾਂ ਇਕ ਧਾਰਮਿਕ ਸਥਾਨ ਹੈ, ਜਿਸ ਨਾਲ ਨਾਵਲ ਦੀਆਂ ਬਹੁਤ ਸਾਰੀਆਂ ਘਟਨਾਵਾਂ ਜੁੜੀਆਂ ਹੋਈਆਂ ਹਨ। ਇੱਧਰਲੇ ਪੰਜਾਬ ਤੋਂ ਗਏ ਪਰਿਵਾਰ ਮੁੜ ਆਪਣੇ ਇਲਾਕਿਆਂ 'ਚ ਆਉਂਦੇ ਹਨ। ਨਾਵਲ ਦੇ ਅੰਤ 'ਚ ਅਰਜਨ ਨੂੰ ਉਸ ਦੀ ਵਿਆਹੀ ਹੋਇਆ ਪ੍ਰੇਮਿਕਾ ਲਾਭੋ ਦਿਸ ਪੈਂਦੀ ਹੈ, ਜਿਸ ਨਾਲ ਉਸ ਦਾ ਰਿਸ਼ਤਾ ਵੱਖ ਜਾਤ ਹੋਣ ਕਰਕੇ ਸਿਰੇ ਨਹੀਂ ਚੜ੍ਹ ਸਕਿਆ ਸੀ। ਸਮੁੱਚੇ ਨਾਵਲ ਦੀ ਕਹਾਣੀ ਬਹੁਤ ਜ਼ਿਆਦਾ ਰੌਚਕ ਅਤੇ ਉਤਸੁਕਤਾ ਭਰਪੂਰ ਹੈ। ਲੇਖਕ ਇਸ ਰਚਨਾ ਜ਼ਰੀਏ ਬਹੁਤ ਸਾਰੀਆਂ ਸਮਾਜਿਕ, ਆਰਥਿਕ ਅਤੇ ਰਾਜਸੀ ਊਣਤਾਈਆਂ ਨੂੰ ਬਾਖ਼ੂਬੀ ਨੰਗਾ ਕਰਦਾ ਹੈ ਅਤੇ ਆਪਣੇ ਉਦੇਸ਼ 'ਚ ਕਾਫ਼ੀ ਜ਼ਿਆਦਾ ਸਫ਼ਲ ਹੋਇਆ ਹੈ।
-ਮੋਹਰ ਗਿੱਲ ਸਿਰਸੜੀ
ਮੋਬਾਈਲ : 98156-59110
ਜਾਗਦੀ ਅੱਖ ਦਾ ਹਲਫਨਾਮਾ
ਸੰਪਾਦਕ : ਪਰਮਿੰਦਰ ਕੌਰ ਸਵੈਚ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 159
ਸੰਪਰਕ : 94638-36591
'ਪਰਮਿੰਦਰ ਕੌਰ ਸਵੈਚ' ਇਕ ਧੜੱਲੇਦਾਰ ਪਰਵਾਸੀ ਪੰਜਾਬੀ ਲੇਖਿਕਾ ਹੋਣ ਦੇ ਨਾਲ-ਨਾਲ ਇਕ ਬੇਬਾਕ ਅਤੇ ਬੇਖੌਫ਼ ਟਿੱਪਣੀਕਾਰ ਵੀ ਹੈ। ਹਥਲੀ ਪੁਸਤਕ ਉਸ ਦੀ ਇਸ ਬੇਬਾਕੀ ਦਾ ਸਬੂਤ ਹੈ। ਕੈਨੇਡਾ ਦੇ ਭਿਆਨਕ ਯਥਾਰਥ, ਜਿਸ ਨੂੰ ਪੰਜਾਬੀ ਭੋਗ ਰਹੇ ਹਨ ਤੋਂ ਭਲੀ-ਭਾਂਤ ਜਾਣੂ ਕਰਾਉਣ ਦੇ ਨਾਲ-ਨਾਲ ਸਾਡੇ ਅੰਦਰਲੇ ਨੂੰ ਹਲੂਣਦੀ ਵੀ ਹੈ। ਪੁਸਤਕ ਦੇ ਹਰ ਕਾਂਡ ਵਿਚ ਲੇਖਿਕਾ ਪਰਵਾਸੀ ਧਰਤੀ ਕੈਨੇਡਾ ਅਤੇ ਉਥੇ ਵੱਸਦੇ ਪੰਜਾਬੀਆਂ ਦੀ ਜ਼ਿੰਦਗੀ ਨਾਲ ਰੂ-ਬਰ ੂਕਰਵਾਉਣ ਦੇ ਨਾਲ-ਨਾਲ ਉਸ ਹਕੀਕਤ ਤੋਂ ਵੀ ਜਾਣੂ ਕਰਵਾਉਂਦੀ ਹੈ, ਜਿਸ ਤੋਂ ਅਸੀਂ ਅਣਜਾਣ ਹਾਂ। ਇਹ ਪੂਸਤਕ ਉਨ੍ਹਾਂ ਨੌਜਵਾਨਾਂ ਨੂੰ ਜ਼ਰੂਰ ਪੜ੍ਹਣੀ ਚਾਹੀਦੀ ਹੈ, ਜੋ ਵਿਦੇਸ਼ ਖਾਸ ਕਰ ਕੈਨੇਡਾ ਜਾਣ ਦਾ ਸੁਪਨਾ ਸੰਜੋਈ ਬੈਠੇ ਹਨ। ਇਸ ਪੁਸਤਕ ਵਿਚ ਸਵੈਚ ਨੇ ਕੈਨੇਡਾ ਵਿਚ ਰਹਿੰਦੇ ਪੰਜਾਬੀਆਂ ਦਾ ਨਸਲਕੁਸ਼ੀ ਨੂੰ ਭੋਗਣਾ ਅਤੇ ਹੰਢਾਉਣਾ ਸਹੀ ਮਾਇਨਿਆਂ ਵਿਚ ਉਨ੍ਹਾਂ ਲੋਕਾਂ ਨੂੰ ਜਗਾਉਣਾ ਹੈ, ਜੋ ਜਾਗਦੀਆਂ ਅੱਖਾਂ ਨਾਲ ਕੈਨੇਡਾ ਜਾਣ ਦਾ ਇਕ ਡਰਾਉਣਾ ਸੁਪਨਾ ਵੇਖ ਰਹੇ ਹਨ। ਸਵੈਚ ਨੇ ਕੈਨੇਡਾ ਵਿਚ ਨਸ਼ਿਆਂ ਦੀ ਮਹਾਂਮਾਰੀ ਅਤੇ ਪੰਜਾਬੀਆਂ ਦੇ ਬੱਚੇ ਕਿਸ ਤਰ੍ਹਾਂ ਇਸ ਮਹਾਂਮਾਰੀ ਦਾ ਸ਼ਿਕਾਰ ਬਣ ਰਹੇ ਹਨ ਨੂੰ ਬੜੇ ਵਿਸਥਾਰ ਨਾਲ ਬਿਆਨ ਕੀਤਾ ਹੈ। ਅਜੋਕੀ ਲੱਚਰ ਗਾਇਕੀ ਅਤੇ ਨਿਘਰਦੇ ਜਾ ਰਹੇ ਪੰਜਾਬੀ ਸੱਭਿਆਚਾਰ ਦੀ ਘਿਨਾਉਣੀ ਤਸਵੀਰ ਸਵੈਚ ਸਾਡੇ ਸਾਹਮਣੇ ਪੇਸ਼ ਕਰਦੀ ਹੈ। ਕੈਨੇਡਾ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸੀਬਤਾਂ ਦੀ ਅੱਖੀਂ ਵੇਖੀ ਤਸਵੀਰ ਸਵੈਚ ਤੋਂ ਵੱਧ ਹੋਰ ਕੋਈ ਨਹੀਂ ਪੇਸ਼ ਕਰ ਸਕਦਾ। ਕੈਨੇਡਾ ਦੀ ਪੁਲਿਸ ਨੂੰ ਇਕ ਟੂਣੇ ਨਾਲ ਕਿਵੇਂ ਭਾਜੜਾਂ ਪੈ ਗਈਆਂ ਪੜ੍ਹਣ ਵਾਲਾ ਕਾਂਡ ਹੈ।
ਪੰਜਾਬੀ ਮੁਟਿਆਰਾਂ ਵਿਚ ਵਧਦਾ ਜਿਨਸੀ ਰੁਝਾਨ ਬੜੀ ਗੰਭੀਰ ਸਮੱਸਿਆ ਹੈ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ, ਦੂਜੇ ਪਾਸੇ ਔਰਤਾਂ ਦੀ ਸੱਤਾ ਦੇ ਗਲਿਆਰਿਆਂ ਵਿਚ ਆਮਦ ਵੀ ਧਿਆਨ ਦੀ ਮੰਗ ਕਰਦੀ ਹੈ। ਕੈਨੇਡਾ ਵਿਚ ਨਿੱਤ ਹੁੰਦੀ ਗੈਂਗਵਾਰ ਨੇ ਵੀ ਅੰਤਰਰਾਸ਼ਟਰੀ ਪੱਧਰ ਉੱਤੇ ਪੰਜਾਬੀਆਂ ਅਤੇ ਪੰਜਾਬ ਦੀ ਛਵੀ ਨੂੰ ਢਾਹ ਲਾਈ ਹੈ। ਅੰਤਰਰਾਸ਼ਟਰੀ ਪੱਧਰ 'ਤੇ ਨਾ ਕੇਵਲ ਪੰਜਾਬ ਸਗੋਂ ਪੰਜਾਬੀਆਂ ਦਾ ਜੋ ਮਾਣ-ਸਤਿਕਾਰ ਸੀ ਉਹ ਅੱਜ ਕੈਨੇਡਾ ਵਿਚ ਵੱਸਦੇ ਅਤੇ ਗ਼ੈਰ ਕਨੂੰਨੀ ਢੰਗ ਨਾਲ ਕੈਨੇਡਾ ਪਹੁੰਚੇ ਪੰਜਾਬੀਆਂ ਅਤੇ ਪੰਜਾਬੀਆਂ ਕਰਕੇ ਕੈਨੇਡਾ ਵਿਚ ਹੋ ਰਹੀ ਅਸ਼ਾਂਤੀ, ਗੈਂਗਵਾਰ, ਲੱਚਰ ਗਾਇਕੀ ਨੇ ਸਾਰੀ ਦੁਨੀਆ ਵਿਚ ਪੰਜਾਬੀਆਂ ਦੀ ਹਾਲਤ ਹਾਸੋਹੀਣੀ ਕਰ ਦਿੱਤੀ ਹੈ। ਸਵੈਚ, ਕਿਉਂਕਿ ਆਪ ਕੈਨੈਡਾ ਦੀ ਵਾਸੀ ਹੈ ਤੇ ਉਸ ਨੇ ਕੈਨੇਡਾ ਅਤੇ ਕੈਨੇਡਾ ਵਿਚ ਵਸਦੇ ਪੰਜਾਬੀਆਂ ਦੇ ਹਾਲਾਤਾਂ ਨੂੰ ਅੱਖੀਂ ਵੇਖੀ ਹਕੀਕਤ ਰਾਹੀਂ ਬਿਆਨ ਕਰਦੇ ਹੋਏ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਪੰਜਾਬ ਦੀ ਧਰਤੀ ਕੈਨੇਡਾ ਦੀ ਧਰਤੀ ਨਾਲੋਂ ਕਿਤੇ ਚੰਗੀ ਹੈ ਤੇ ਆਪਣੀ ਅਤੇ ਕੈਨੇਡਾ ਦੀ ਧਰਤੀ ਉਸ ਮਤਰੇਈ ਮਾਂ ਵਰਗੀ ਹੈ, ਜਿਸ ਨੇ ਆਪਣੇ ਕੋਲ ਤਾਂ ਬੁਲਾਇਆ ਪਰ ਨਾ ਉਸ ਮਤਰੇਈ ਧਰਤੀ ਨੇ ਕਦੀ ਬੁੱਕਲ ਦੇ ਨਿੱਘ ਦੇ ਨਾਤੇ ਨਾ ਹੀ ਗਲ ਲਾਉਣਾ।
-ਡਾ.ਜਸਬੀਰ ਕੌਰ
ਮੋਬਾਈਲ : 98721-17774
ਮੁਰਦਾ ਘਰ
ਲੇਖਕ : ਜਗਦੰਬਾ ਪ੍ਰਸਾਦ ਦੀਕਸ਼ਿਤ
ਅਨੁਵਾਦ : ਪ੍ਰੋ. ਜਸਪਾਲ ਘਈ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 152
ਸੰਪਰਕ : 99150-99926
ਨਾਵਲਕਾਰ ਜਗਦੰਬਾ ਪ੍ਰਸਾਦ ਹਿੰਦੀ ਨਾਵਲ ਦਾ ਨਾਮਵਰ ਚਿਹਰਾ ਹੈ। ਮੱਧ ਪ੍ਰਦੇਸ਼ ਦੇ ਇਸ ਨਾਵਲਕਾਰ ਨੇ ਹਿੰਦੀ ਗਲਪ ਰਚਨਾਵਾਂ ਦੇ ਨਾਲ ਹਿੰਦੀ ਫ਼ਿਲਮਾਂ ਵਿਚ ਵੀ ਚੰਗਾ ਨਾਮ ਕਮਾਇਆ। ਯਾਦਗਾਰੀ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ ਹਨ। ਮਾਰਕਸਵਾਦੀ ਵਿਚਾਰਾਂ ਵਾਲੇ ਇਸ ਲੇਖਕ ਨੇ ਆਦਿ ਵਾਸੀ ਅੰਦੋਲਨ ਵਿਚ 1970 ਵਿਚ ਗ੍ਰਿਫ਼ਤਾਰੀ ਦਿੱਤੀ। 1972 ਵਿਚ ਅੰਗਰੇਜ਼ੀ ਅਖ਼ਬਾਰ ਦਾ ਸੰਪਾਦਨ ਕੀਤਾ। ਚਰਚਾ ਅਧੀਨ ਨਾਵਲ ਵਿਚ ਮਹਾਨਗਰ ਮੁੰਬਈ ਦੇ ਉਸ ਇਲਾਕੇ ਦੀ ਦਾਸਤਾਨ ਹੈ, ਜਿਸ ਵਿਚ ਔਰਤਾਂ ਆਪਣਾ ਦੇਹ ਵਪਾਰ ਕਰਕੇ ਗੁਜ਼ਾਰਾ ਕਰਦੀਆਂ ਹਨ। ਕਾਮ ਪੂਰਤੀ ਲਈ ਆਪਣੇ ਗਾਹਕਾਂ ਨੂੰ ਆਵਾਜ਼ਾਂ ਮਾਰਦੀਆਂ ਹਨ। ਗਾਲ੍ਹਾਂ ਕੱਢਦੀਆਂ ਹਨ। ਨਾਵਲਕਾਰ ਨੇ ਸਾਰੀ ਸਥਿਤੀ ਨੂੰ ਯਥਾਰਥਕ ਰੂਪ ਵਿਚ ਲਿਖਿਆ ਹੈ। ਪਾਤਰਾਂ ਦੀ ਹੂਬਹੂ ਪੇਸ਼ਕਾਰੀ ਹੈ। ਦੇਹ ਵਪਾਰ ਵਿਚ ਗਰਸੀਆਂ ਔਰਤਾਂ ਨੂੰ ਲੇਖਕ ਨੇ 'ਰੰਡੀਆਂ' ਲਿਖਿਆ ਹੈ। ਇਹ ਔਰਤਾਂ ਗ਼ਰੀਬੀ ਕਰਕੇ, ਪੈਸੇ-ਪੈਸੇ ਦੀਆਂ ਮੁਥਾਜ ਹਨ, ਕੁਰਬਲ ਕੁਰਬਲ ਕਰਦੀ ਜ਼ਿੰਦਗੀ, ਚਾਹ ਦੇ ਕੱਪ ਪਿੱਛੇ ਲੜਾਈ ਝਗੜੇ ਨਸ਼ੇਖੋਰ, ਕੂੜੇ ਦੇ ਢੇਰ, ਮੱਖੀਆਂ ਮੱਛਰਾਂ ਦੀ ਭਰਮਾਰ, ਪੀਣ ਲਈ ਗੰਦਾ ਪਾਣੀ, ਕੁਲੀ, ਡਰਾਈਵਰ, ਪਾਨ ਵੇਚਣ ਵਾਲੇ, ਰੇੜ੍ਹੀਆਂ ਫੜ੍ਹੀਆਂ ਵਾਲੇ ਦਲਾਲ, ਅਮੀਰਜ਼ਾਦੇ, ਸਾਰੇ ਆਪਣੀ ਕਾਮ ਪੂਰਤੀ ਕਰਦੇ ਹਨ। ਨਾਵਲ ਵਿਚ ਇਹ ਕੁਝ ਕਰਦੇ ਨੰਗੇ ਚਿੱਟੇ ਦ੍ਰਿਸ਼ ਹਨ। ਇਕ ਦ੍ਰਿਸ਼ ਵਿਚ ਇਕ ਔਰਤ ਲੜਕੇ ਨੂੰ ਜਨਮ ਦਿੰਦੀ ਹੈ। ਉਸ ਦਾ ਜਨੇਪਾ ਝੁੱਗੀ ਵਿਚ ਹੀ ਕਰਾਇਆ ਜਾਂਦਾ ਹੈ। ਇਹ ਦ੍ਰਿਸ਼ ਲੇਖਕ ਨੇ ਬਹੁਤ ਕਲਾਤਮਿਕ ਸ਼ੈਲੀ ਵਿਚ ਪੇਸ਼ ਕੀਤਾ ਹੈ।
ਪਾਤਰਾਂ ਵਿਚ ਮੈਨਾ, ਪੋਪਟ, ਬਸ਼ੀਰਨ, ਚਮੇਲੀ, ਪਾਰਬਤੀ, ਮਲਬਾਰੀ, ਪੁਲੀਸ, ਹੁਸੀਨਾ, ਪੇਸ਼ੇ ਵਿਚ ਫਸੀ ਨਵੀਂ ਕੁੜੀ, ਜਬਾਰ ਸਮਗਲਿੰਗ ਦੈ ਅਨੈਤਿਕ ਕੰਮ ਵਿਚ ਫਸੇ ਪਾਤਰ ਹਨ। ਝੁੱਗੀਆਂ ਦੇ ਅੰਦਰਲੇ ਕਰੂਰ ਦ੍ਰਿਸ਼ ਨਾਵਲ ਵਿਚ ਹਨ। ਜਦੋਂ ਰੰਡੀਆਂ ਨੂੰ ਪੁਲਿਸ ਫੜਨ ਆਉਂਦੀ ਹੈ ਤਾਂ ਝੁੱਗੀਆਂ ਵਿਚ ਹੁੰਦੀ ਭੱਜਦੜ ਦੇ ਦ੍ਰਿਸ਼ ਹਨ। ਫਿਰ ਹਵਾਲਾਤ, ਅਦਾਲਤ ਪੇਸ਼ੀ, ਜ਼ਮਾਨਤਾਂ ਵਕੀਲ ਜੱਜ ਰੌਲਾ ਪਾਉਂਦੀਆ ਰੰਡੀਆਂ, ਜੇਲ੍ਹ ਵਿਚ ਰੋਟੀ ਲਈ ਖਿੱਚਾਧੂਹੀ, ਬਾਹਰੋਂ ਸਪਲਾਈ ਹੁੰਦੇ ਨਸ਼ਿਆਂ ਦੀ ਭਰਮਾਰ ਤੇ ਹੋਰ ਬਹੁਤ ਕੁਝ ਨਾਵਲ ਵਿਚ ਹੈ। ਹੋਟਲਾਂ ਦੀ ਜੂਠ ਖਾਣ ਵੇਲੇ ਦਾ ਦ੍ਰਿਸ਼ ਨਾਵਲ ਵਿਚ ਹੈ। 101 ਚਾਹ ਦੇ ਕੱਪ ਪਿੱਛੇ ਗਾਲ੍ਹਾਂ ਲੜਾਈ ਜਿਹੇ ਦ੍ਰਿਸ਼ ਨਾਵਲ ਵਿਚ ਕਰੂਰਤਾ ਦਾ ਰੰਗ ਪੇਸ਼ ਕਰਦੇ ਹਨ। ਨਾਵਲ ਦੇ ਅਖੀਰ ਵਿਚ ਪੋਪਟ (ਮੈਨਾ ਦਾ ਪਤੀ) ਗੱਡੀ ਅਗੇ ਛਾਲ ਮਾਰ ਕੇ ਮਰ ਜਾਂਦਾ ਹੈ। ਲਾਸ਼ ਮੁਰਦਾ ਘਰ ਵਿਚ ਰੱਖੀ ਜਾਂਦੀ ਹੈ। ਮੈਨਾ ਤੇ ਸਾਥਣ ਬਸ਼ੀਰਨ ਲਾਸ਼ ਦੀ ਪਛਾਣ ਕਰਦੀਆਂ ਹਨ। ਇਸ ਮੌਕੇ ਮੌਤ ਬਾਰੇ ਦਾਰਸ਼ਨਿਕ ਵਿਚਾਰ ਹਨ। ਨਾਵਲ ਦੇ ਛੇ ਵਿਸਤਰਿਤ ਕਾਂਡ ਹਨ। ਅਨੁਵਾਦ ਚੰਗਾ ਤੇ ਮਿਆਰੀ ਹੈ।
-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160