03-03-2025
ਕਿਸੇ ਦੀਆਂ ਗੱਲਾਂ 'ਚ ਨਾ ਆਵੋ!
ਪਿਛਲੇ ਦਿਨੀਂ ਅਜੀਤ ਮੈਗਜ਼ੀਨ ਅੰਕ 'ਚ ਮਾਸਟਰ ਜਰਨੈਲ ਸਿੰਘ ਦੀ ਪ੍ਰੇਰਕ ਕਹਾਣੀ 'ਬਾਜ਼ ਦੀ ਸਿੱਖਿਆ' ਪੜ੍ਹੀ। ਇਸ ਕਹਾਣੀ ਨੂੰ ਪੜ੍ਹ ਕੇ ਸਾਨੂੰ ਬਾਜ਼ ਵਲੋਂ ਦਿੱਤੀ ਸਿੱਖਿਆ ਤੋਂ ਪਤਾ ਚੱਲਦਾ ਹੈ ਕਿ ਇਨਸਾਨ ਨੂੰ ਕਦੇ ਵੀ ਛੇਤੀ ਕੀਤਿਆਂ ਕਦੇ ਵੀ ਕਿਸੇ ਦੀਆਂ ਗੱਲਾਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਜੇ ਇਨਸਾਨ ਦੀ ਜ਼ਿੰਦਗੀ 'ਚ ਕੋਈ ਮੁਸੀਬਤ ਆਉਂਦੀ ਹੈ ਤਾਂ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ। ਕਿਉਂਕਿ ਰਾਤ ਤੋਂ ਪਿੱਛੋਂ ਦਿਨ ਜ਼ਰੂਰ ਚੜ੍ਹਦਾ ਹੈ। ਇਸ ਲਈ ਸਾਨੂੰ ਸ਼ਾਂਤ ਚਿਤ ਹੋ ਕੇ ਦਿਨ ਚੜ੍ਹਨ ਦੀ ਉਡੀਕ ਕਰਨੀ ਚਾਹੀਦੀ ਹੈ। ਇਸ ਕਹਾਣੀ 'ਚ ਬਾਜ਼ ਵਲੋਂ ਸ਼ਿਕਾਰੀ ਨੂੰ ਜੋ ਦੋ ਸਿੱਖਿਆਵਾਂ ਦਿੱਤੀਆਂ ਗਈਆਂ ਸਨ। ਉਸ 'ਤੇ ਸ਼ਿਕਾਰੀ ਵਲੋਂ ਅਮਲ ਨਾ ਕਰਨ ਕਰਕੇ ਹੀ ਬਾਜ਼ ਆਜ਼ਾਦ ਹੋ ਗਿਆ। ਕਿਉਂਕਿ ਸ਼ਿਕਾਰੀ ਬਾਜ਼ ਵਲੋਂ ਦਿੱਤੀ ਸਿੱਖਿਆ ਭੁੱਲ ਗਿਆ ਤੇ ਉਹ ਬਾਜ਼ ਦੀਆਂ ਝੂਠੀਆਂ ਗੱਲਾਂ 'ਚ ਆ ਗਿਆ। ਇਸ ਤਰ੍ਹਾਂ ਬਾਜ਼ ਆਪਣੀ ਸਿਆਣਪ ਨਾਲ ਆਜ਼ਾਦ ਹੋ ਗਿਆ।
-ਲੈਕਚਰਾਰ ਅਜੀਤ ਖੰਨਾ
ਏਜੰਟਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ
ਪਿਛਲੇ ਦਿਨੀਂ ਅਮਰੀਕਾ ਦੇ ਫ਼ੌਜੀ ਜਹਾਜ਼ ਵਿਚ ਹੱਥਕੜੀਆਂ ਤੇ ਬੇੜੀਆਂ ਨਾਲ ਬੱਝੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਏ 104 ਲੋਕ ਲਿਆਂਦੇ ਗਏ। ਉਨ੍ਹਾਂ ਵਿਚ 30 ਨੌਜਵਾਨ ਪੰਜਾਬ ਦੇ ਵੱਖੋ-ਵੱਖ ਜ਼ਿਲ੍ਹਿਆਂ ਦੇ ਹਨ। ਡਿਪੋਰਟ ਹੋਏ ਸਾਰੇ ਨੌਜਵਾਨਾਂ ਦੀ ਦੁੱਖ ਭਰੀ ਗਾਥਾ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਇਹ ਸਾਰੇ ਨੌਜਵਾਨ ਸੁਨਹਿਰੀ ਭਵਿੱਖ ਤੇ ਰੁਜ਼ਗਾਰ ਦੀ ਭਾਲ ਲਈ ਆਪਣੀ ਜਾਇਦਾਦ, ਗਹਿਣਾ-ਗੱਟਾ ਵੇਚ ਕੇ 45 ਲੱਖ ਤੋਂ 50 ਲੱਖ ਤੱਕ ਏਜੰਟਾਂ ਨੂੰ ਦੇ ਕੇ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਏ ਸਨ। ਨਰਕ ਭੋਗਦੇ, ਭੁੱਖੇ ਪਿਆਸੇ ਜਦੋਂ ਇਹ ਨੌਜਵਾਨ ਬੁਰੇ ਹਾਲ ਅਮਰੀਕਾ ਦਾਖਲ ਹੋਏ ਤਾਂ ਉੱਥੋਂ ਦੀ ਪੁਲਿਸ ਨੇ ਫੜ ਲਏ। ਕਈ ਤਾਂ ਅਜੇ ਇਕ ਦੋ ਮਹੀਨੇ ਪਹਿਲਾਂ ਹੀ ਗਏ ਸਨ ਤੇ ਹੁਣ ਡਿਪੋਰਟ ਕਰ ਦਿੱਤੇ ਗਏ ਹਨ। ਸਰਕਾਰ ਨੂੰ ਇਨ੍ਹਾਂ ਨੌਜਵਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਉਨ੍ਹਾਂ ਤੋਂ ਕਰੋੜਾਂ ਰੁਪਏ ਲੁੱਟ ਕੇ ਐਸ਼ ਕਰ ਰਹੇ ਏਜੰਟਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਠੱਗ ਏਜੰਟਾਂ ਵਲੋਂ ਜਬਰੀ ਵਸੂਲੀ ਗਈ ਮੋਟੀ ਰਕਮ ਵੀ ਵਾਪਸ ਕਰਵਾਈ ਜਾਵੇ।
-ਕੈਲਾਸ਼ ਠਾਕੁਰ
ਪਿੰਡ ਬਰਮਲਾ, ਨੰਗਲ ਟਾਊਨਸ਼ਿਪ
ਛੱਪੜਾਂ ਦੀ ਸਾਂਭ-ਸੰਭਾਲ ਜਰੂਰੀ
ਪਿੰਡਾਂ ਵਿਚ ਕੱਚੇ ਤਲਾਬਾਂ ਨੂੰ ਅਸੀਂ 'ਛੱਪੜ' ਆਖਦੇ ਹਾਂ। ਪਹਿਲਾਂ ਇਨ੍ਹਾਂ ਛੱਪੜਾਂ ਵਿਚ ਬਾਰਿਸ਼ ਦਾ ਪਾਣੀ ਇਕੱਠਾ ਕੀਤਾ ਜਾਂਦਾ ਸੀ ਅਤੇ ਇਸ ਪਾਣੀ ਨੂੰ ਲੋਕ ਪਸ਼ੂਆਂ ਲਈ ਇਸਤੇਮਾਲ ਕਰਦੇ ਸਨ। ਪਰ ਹੁਣ ਇਹ ਛੱਪੜ ਨਿਰੀ ਗੰਦਗੀ ਅਤੇ ਬਿਮਾਰੀਆਂ ਦੇ ਸ੍ਰੋਤ ਬਣਦੇ ਜਾ ਰਹੇ ਨੇ। ਸਾਡੇ ਘਰਾਂ ਦਾ ਗੰਦਾ ਪਾਣੀ, ਸਾਡਾ ਅਤੇ ਪਸ਼ੂਆਂ ਦਾ ਮਲ ਆਦਿ ਸਭ ਇਨ੍ਹਾਂ ਛੱਪੜਾਂ ਵਿਚ ਹੀ ਜਾਂਦਾ ਹੈ।
ਹੁਣ ਪੰਜਾਬ 'ਚ ਪਾਣੀ ਸੰਭਾਲ ਅਤੇ ਛੱਪੜ ਪੁਨਰ ਜੀਵਨ ਲਈ ਇਕ ਵਿਗਿਆਨਕ ਅਤੇ ਵਧੇਰੇ ਪ੍ਰਭਾਵਸ਼ਾਲੀ ਤਰੀਕਾ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਵਲੋਂ ਵਿਕਸਿਤ ਕੀਤਾ ਗਿਆ ਹੈ। ਇਸ ਥਾਪਰ ਮਾਡਲ ਤਹਿਤ ਸਰਕਾਰ ਪਿੰਡਾਂ ਦੇ ਛੱਪੜਾਂ ਦੀ ਨੁਹਾਰ ਬਦਲਣ ਲਈ ਯਤਨਸ਼ੀਲ ਹੋ ਰਹੀ ਹੈ। ਇਸ ਗੰਦਗੀ ਨੂੰ ਪਾਣੀ ਵਿਚੋਂ ਸਾਫ਼ ਕਰ ਕੇ ਖੇਤੀ ਸਿੰਚਾਈ ਅਤੇ ਪਾਣੀ ਨੂੰ ਪੀਣ ਯੋਗ ਬਣਾਉਣ ਦਾ ਉਪਰਾਲਾ ਕੀਤਾ ਜਾਣਾ ਹੈ। ਜਿਸ ਨਾਲ ਪਾਣੀ ਦੀ ਸੰਭਾਲ ਵੀ ਹੋਵੇਗੀ ਅਤੇ ਪਾਣੀ ਦੇ ਨਵੇਂ ਸ੍ਰੋਤ ਵੀ ਮਿਲਣਗੇ। ਇਸ ਲਈ ਸਾਡਾ ਸਭ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਅਜਿਹੇ ਕੰਮਾਂ ਵਿਚ ਵਿਘਨ ਪਾਉਣ ਦੀ ਬਜਾਏ ਪੂਰਾ ਸਹਿਯੋਗ ਕਰੀਏ।
-ਕੇਵਲ ਸਿੰਘ ਕਾਲਝਰਾਣੀ
ਅਧਿਆਪਕਾਂ ਲਈ ਵੀ ਹੋਵੇ ਡਰੈੱਸ ਕੋਡ
ਪਿਛਲੇ ਦਿਨੀਂ ਪੀ.ਐਸ.ਪੀ.ਸੀ.ਐਲ. ਮਹਿਕਮੇ ਵਲੋਂ ਜਾਰੀ ਇਕ ਪੱਤਰ ਵਿਚ ਦਫਤਰਾਂ ਵਿਚ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ। ਅਧਿਕਾਰੀ ਅਤੇ ਕਰਮਚਾਰੀ ਦਫਤਰੀ ਸਮੇਂ ਦੌਰਾਨ ਰਸਮੀ ਪਹਿਰਾਵਾ ਹੀ ਪਹਿਨਣਗੇ। ਇਹ ਮਹਿਕਮੇ ਦਾ ਸਲਾਹੁਣਯੋਗ ਕਦਮ ਹੈ ਬਸ਼ਰਤੇ ਕਿ ਹੁਕਮ ਲਾਗੂ ਹੋ ਜਾਵੇ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਲਈ ਵੀ ਡਰੈੱਸ ਕੋਡ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਦੇਸ਼ ਵਿਚ ਬਹੁਤ ਸਾਰੇ ਰਾਜਾਂ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਡਰੈੱਸ ਕੋਡ ਹੈ। ਪਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਕੋਈ ਡਰੈੱਸ ਕੋਡ ਨਹੀਂ ਹੈ ਜਿਸ ਕਰਕੇ ਅਧਿਆਪਕ ਰੰਗ-ਬਰੰਗੇ ਕੱਪੜੇ ਪਾ ਕੇ ਸਕੂਲ ਜਾਂਦੇ ਹਨ। ਬੱਚੇ ਕੋਰੀ ਸਲੇਟ ਵਾਂਗ ਹੁੰਦੇ ਹਨ ਤੇ ਉਹ ਆਪਣੇ ਅਧਿਆਪਕ ਨੂੰ ਕਾਪੀ ਕਰਦੇ ਹਨ। ਜੇਕਰ ਸਕੂਲਾਂ ਵਿਚ ਅਧਿਆਪਕ ਆਪਣੀ ਦਿੱਖ ਫੈਸ਼ਨੇਬਲ ਰੱਖਣਗੇ ਤਾਂ ਬੱਚਿਆਂ 'ਤੇ ਇਸ ਦਾ ਪ੍ਰਭਾਵ ਪਵੇਗਾ।
ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਰਸਮੀ ਡਰੈੱਸ ਕੋਡ ਵਿਚ ਸ਼ਨਾਖ਼ਤੀ ਕਾਰਡ ਪਾ ਕੇ ਰੱਖਦੇ ਹਨ। ਸੋ, ਪੰਜਾਬ ਸਰਕਾਰ ਨੂੰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਵੀ ਡਰੈੱਸ ਕੋਡ ਲਾਗੂ ਕਰਨਾ ਚਾਹੀਦਾ ਹੈ।
-ਚਰਨਜੀਤ ਸਿੰਘ ਮੁਕਤਸਰ
ਆਨਲਾਈਨ ਗੇਮ ਦਾ ਸ਼ਿਕਾਰ
ਸੋਸ਼ਲ ਮੀਡੀਏ ਦਾ ਭੂਤ ਨੌਜਵਾਨਾਂ 'ਤੇ ਇਸ ਕਦਰ ਸਵਾਰ ਹੋ ਚੁੱਕਿਆ ਹੈ ਕਿ ਮਾਪਿਆਂ ਵਲੋਂ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸੋਸ਼ਲ ਮੀਡੀਏ ਦੀ ਦਲਦਲ ਵਿਚੋਂ ਨਿਕਲਣ ਵਿਚ ਨਾਕਾਮ ਹੋ ਕੇ ਆਪਣੇ ਆਪ ਨੂੰ ਕੁਰਾਹੇ ਪਾ ਕੇ ਆਪਣੀ ਅਨਮੋਲ ਜ਼ਿੰਦਗੀ ਨੂੰ ਬਰਬਾਦ ਕਰਕੇ ਆਤਮਹੱਤਿਆ ਵਰਗੇ ਰਸਤਿਆਂ ਨੂੰ ਅਪਣਾਉਣ ਲਈ ਮਜਬੂਰ ਹੋ ਰਹੇ ਹਨ। ਤਾਜ਼ੀ ਘਟਨਾ ਪੰਜਾਬ ਦੇ ਬਟਾਲਾ ਦੀ ਹੈ, ਜਿੱਥੇ ਇਕ ਨੌਜਵਾਨ ਪਬ ਜੀ ਗੇਮ ਦਾ ਆਦੀ ਹੋ ਕੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਗਿਆ। ਅਕਸ਼ੇ ਦੇ ਮਾਪਿਆਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਮੋਬਾਈਲ ਅਤੇ ਆਨਲਾਈਨ ਗੇਮਾਂ ਦੀ ਦੁਨੀਆ ਵਿਚੋਂ ਨਿਕਲਣ ਵਿਚ ਅਸਮਰਥ ਰਿਹਾ। ਅਕਸ਼ੇ ਇਕੱਲਾ ਨਹੀਂ, ਜੋ ਆਨਲਾਈਨ ਗੇਮਾਂ ਦਾ ਸ਼ਿਕਾਰ ਹੋ ਕੇ ਮਾਨਸਿਕ ਰੋਗੀ ਬਣ ਗਿਆ, ਇਹ ਤਾਂ ਘਰ-ਘਰ ਦੀ ਕਹਾਣੀ ਹੈ ਅਤੇ ਹਰ ਘਰ ਵਿਚ ਅਕਸ਼ੇ ਮੌਜੂਦ ਹਨ। ਜ਼ਿਆਦਾ ਸਮਾਂ ਸੋਸ਼ਲ ਮੀਡੀਏ ਦੀ ਦੁਨੀਆ ਵਿਚ ਬਿਤਾਉਂਦੇ ਹਨ। ਮਾਪਿਆਂ ਅਤੇ ਅਧਿਆਪਕਾਂ ਦੀ ਨਿਗਰਾਨੀ ਦੇ ਨਾਲ-ਨਾਲ ਹੁਣ ਸਰਕਾਰ ਨੂੰ ਫੌਰੀ ਤੌਰ 'ਤੇ ਸੋਸ਼ਲ ਮੀਡੀਆ ਸੰਬੰਧੀ ਕਾਨੂੰਨ ਬਣਾਉਣਾ ਹੋਵੇਗਾ ਤਾਂ ਜੋ ਹੋਰ ਕੋਈ ਅਕਸ਼ੇ ਆਪਣਾ ਸੁਨਹਿਰੀ ਭਵਿੱਖ ਬਰਬਾਦ ਨਾ ਕਰ ਸਕੇ।
-ਰਜਵਿੰਦਰ ਪਾਲ ਸ਼ਰਮਾ
ਅਨੰਦ ਤੇ ਸਕੂਨ
ਮਨੁੱਖੀ ਜ਼ਿੰਦਗੀ ਤਲਖ਼ੀਆਂ ਭਰਪੂਰ ਹੈ। ਹਰ ਬੰਦੇ ਲਈ ਜ਼ਿੰਦਗੀ ਦੇ ਅਰਥ ਵੱਖ-ਵੱਖ ਹੋਇਆ ਕਰਦੇ ਹਨ। ਬਚਪਨ ਹੰਢਾਉਣ ਦਾ ਸਮਾਂ ਸਭ ਨੂੰ ਨਸੀਬ ਹੁੁੰਦਾ ਹੈ। ਪਰ ਬਹੁਤੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਲਗਦਾ ਕਿ ਬਚਪਨ ਕਦੋਂ ਗੁਜ਼ਰ ਗਿਆ ਹੈ। ਅਜਿਹੇ ਹਾਲਾਤ ਇਨਸਾਨ ਦੇ ਚੰਗੇ-ਮਾੜੇ ਭਵਿੱਖ ਦਾ ਅਹਿਸਾਸ ਕਰਵਾਉਂਦੇ ਹਨ। ਬਚਪਨ ਵਿਚ ਸਾਈਕਲ ਚਲਾਉਣ ਵਾਲਿਆਂ ਨੂੰ ਸਮਾਂ ਪਾ ਕੇ ਗੱਡੀਆਂ ਨਸੀਬ ਹੋ ਜਾਂਦੀਆਂ ਹਨ। ਜੇਕਰ ਅਜਿਹੇ ਇਨਸਾਨ ਨੂੰ ਉੱਚੇ-ਸੁੱਚੇ ਵਿਚਾਰਾਂ ਵਾਲੇ ਜੀਵਨ ਸਾਥੀ ਦਾ ਸਾਥ ਮਿਲ ਜਾਵੇ ਤਾਂ ਰੁਤਬੇ ਦੀਆਂ ਉਚਾਈਆਂ ਦਾ ਵਧਣਾ ਸੁਭਾਵਿਕ ਹੋ ਜਾਂਦਾ ਹੈ ਪਰ ਦੂਜੇ ਤੰਗੀਆਂ-ਤੁਰਸ਼ੀਆਂ ਦਾ ਸ਼ਿਕਾਰ ਤੇ ਘਟੀਆ ਜੀਵਨ ਸਾਥੀ ਨਾਲ ਬਾ-ਵਾਸਤਾ ਰੱਖਣ ਵਾਲਾ ਇਨਸਾਨ ਜੇਕਰ ਫਿਰ ਵੀ ਖੁੱਲੀ ਤਬੀਅਤ ਦਾ ਮਾਲਕ ਹੈ ਤਾਂ ਉਹ ਸਹੀ ਮਾਇਨੇ 'ਚ ਜ਼ਿੰਦਾਦਿਲ ਇਨਸਾਨ ਹੈ। ਬਹੁਤੇ ਇਨਸਾਨ ਆਪਣੀ ਸੂਝਬੂਝ ਨਾਲ ਹਨ੍ਹੇਰੀ ਜ਼ਿੰਦਗੀ 'ਚ ਵੀ ਜਾਨਣ ਦੀ ਕਿਰਨ ਜਗਾਈ ਰੱਖਦੇ ਹਨ। ਔਖੇ ਤੋਂ ਔਖੇ ਸਮੇਂ 'ਚ ਵੀ ਰਿਸ਼ਤੇ ਨੂੰ ਬਣਾਈ ਰੱਖਣਾ ਜ਼ਿੰਦਗੀ ਦੀ ਵੱਡੀ ਪ੍ਰਾਪਤੀ ਹੈ। ਸਾਨੂੰ ਹਰ ਵੇਲੇ ਧਿਆਨ ਰੱਖਣਾ ਪੈਣਾ ਹੈ ਕਿ ਅਨੰਦ ਤੇ ਸਕੂਨ ਹਮੇਸ਼ਾ ਸਾਡੇ ਨੇੜੇ ਰਹਿਣ।
-ਬੰਤ ਸਿੰਘ ਘੁਡਾਣੀ
ਲੁਧਿਆਣਾ।