JALANDHAR WEATHER

04-02-2025

 ਵਤਨਾਂ ਵੱਲ ਉਡਾਰੀ

ਅੱਜ ਦੇਸ਼ ਦੇ ਵੱਖ-ਵੱਖ ਸਮੁੰਦਰਾਂ, ਦਰਿਆਵਾਂ ਤੇ ਝੀਲਾਂ ਵਿਚ ਪ੍ਰਵਾਸੀ ਪੰਛੀਆਂ ਨੂੰ ਅਠਖੇਲੀਆਂ ਕਰਦਿਆਂ ਦੇਖਿਆ ਜਾ ਸਕਦਾ ਹੈ। ਇਹ ਪ੍ਰਵਾਸੀ ਪੰਛੀ ਹਰ ਸਾਲ ਸਰਦੀ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਸੈਂਕੜੇ ਮੀਲਾਂ ਦਾ ਸਫ਼ਰ ਕਰ ਕੇ ਪਹੁੰਚਦੇ ਹਨ। ਵੱਖ-ਵੱਖ ਦੇਸ਼ਾਂ ਤੇ ਵੱਖ-ਵੱਖ ਨਸਲਾਂ ਦੇ ਇਹ ਪੰਛੀ ਹਰ ਇਕ ਮਨ ਨੂੰ ਮੋਹ ਰਹੇ ਹਨ। ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਪਿਛਲੇ ਸਾਲ 2 ਲੱਖ ਦੇ ਕਰੀਬ ਦੱਸੀ ਗਈ ਸੀ। ਐਤਕੀਂ ਇਹ ਗਿਣਤੀ ਕਿਤੇ ਜ਼ਿਆਦਾ ਦੱਸੀ ਜਾ ਰਹੀ ਹੈ। ਹਰ ਸਾਲ ਸਤੰਬਰ ਮਹੀਨੇ ਵਿਚ ਇਹ ਭਾਰਤ ਵਿਚ ਆਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਫਰਵਰੀ ਵਿਚ ਮਹੀਨੇ ਦੇ ਆਖਰੀ ਦਿਨਾਂ 'ਚ ਆਪਣੇ ਵਤਨਾਂ ਵੱਲ ਉਡਾਰੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਉਡਾਰੀ ਉਨ੍ਹਾਂ ਲੋਕਾਂ ਲਈ ਪ੍ਰੇਰਨਾਮਈ ਹੈ ਜੋ ਆਲਸ ਵਸ ਹੋ ਕੇ ਜ਼ਿੰਦਗੀ 'ਚ ਕਾਮਯਾਬੀ ਦੇ ਕਦਮਾਂ ਨੂੰ ਰੋਕੀ ਰੱਖਦੇ ਹਨ। ਆਓ, ਉਪਰੋਕਤ ਪੰਛੀਆਂ ਤੋਂ ਪ੍ਰੇਰਨਾ ਲੈ ਕੇ ਕਾਮਯਾਬੀ ਦੀਆਂ ਉਡਾਰੀਆਂ ਭਰੀਏ।

-ਬੰਤ ਸਿੰਘ ਘੁਡਾਣੀ
ਲੁਧਿਆਣਾ।

ਅੰਨ ਦੀ ਬੇਕਦਰੀ ਨਾ ਕਰੋ

ਅੱਜਕਲ੍ਹ ਉੱਤਰੀ ਭਾਰਤ ਵਿਚ ਵਿਆਹਾਂ ਦਾ ਬਹੁਤ ਜ਼ੋਰ ਹੈ। ਪੰਜਾਬ ਵਿਚ ਵਿਆਹਾਂ 'ਤੇ ਬਹੁਤ ਖਰਚ ਕੀਤਾ ਜਾਂਦਾ ਹੈ। ਅਮੀਰਾਂ ਦੀ ਤਾਂ ਗੱਲ ਛੱਡੋ, ਮਾਤੜ੍ਹ ਵੀ ਪਿਛੇ ਨਹੀਂ ਰਹਿੰਦਾ। ਖਾਣੇ ਤੋਂ ਪਹਿਲਾਂ ਅਨੇਕਾਂ ਤਰ੍ਹਾਂ ਦੇ ਸਨੈਕਸ, ਭੱਲਾ ਪਾਪੜੀ, ਆਲੂ ਟਿੱਕੀ, ਨੂਡਲਜ਼, ਪਾਓ-ਭਾਜੀ, ਡੋਸਾ ਤੇ ਅਨੇਕਾਂ ਹੋਰ ਫਾਸਡ ਫੂਡ ਪਰੋਸੇ ਜਾਂਦੇ ਹਨ। ਵਿਆਹਾਂ ਵਿਚ ਗਏ ਸਭ ਬੱਚੇ, ਬੁੱਢੇ, ਨੱਡੇ ਸਭ ਸਨੈਕਸ ਦਾ ਆਨੰਦ ਮਾਣਦੇ ਹਨ। ਸੁਆਦ-ਸੁਾਦ ਵਿਚ ਭੁੱਖ ਤੋਂ ਜ਼ਿਆਦਾ ਖਾ ਲੈਂਦੇ ਹਨ। ਉਸ ਤੋਂ ਬਾਅਦ ਜਦੋਂ ਦੁਪਹਿਰ ਦੀ ਰੋਟੀ ਸਮੇਂ ਅਨੇਕਾਂ ਪਕਵਾਨ ਲੱਗੇ ਵੇਖਦੇ ਹਨ ਤਾਂ ਜ਼ਿਆਦਾ ਲੋਕ ਪੇਟ ਨਾਲੋਂ ਜੀਭ ਦੀ ਜ਼ਿਆਦਾ ਸੁਣਦੇ ਹਨ। ਖਾਣੇ ਨਾਲ ਪਲੇਟ ਭਰ ਲੈਂਦੇ ਹਨ ਪਰ ਢਿੱਡ ਵਿਚ ਜਗਵਾ ਮਸਾਂ ਦੋ ਚਮਚ ਖਾਣੇ ਦੀ ਹੁੰਦੀ ਹੈ। ਫਿਰ ਬਹੁਤੇ ਲੋਕ ਭਰੀਆਂ, ਅੱਧ ਭਰੀਆਂ ਪਲੇਟਾਂ ਕੂੜੇਦਾਨ ਵਿਚ ਸੁੱਟ ਦਿੰਦੇ ਹਨ। ਜ਼ਾਰ ਸੋਚ ਕੇ ਵੇਖੋ, ਉਸ ਕੂੜੇਦਾਨ ਵਿਚ ਸੁੱਟੇ ਭੋਜਨ ਨਾਲ ਕਿੰਨੇ ਗ਼ਰੀਬ ਲੋਕਾਂ ਦਾ ਢਿੱਡ ਭਰ ਸਕਦਾ ਹੈ। ਸਾਨੂੰ ਲੋੜ ਮੁਤਾਬਿਕ ਜਿੰਨੀ ਭੁੱਖ ਹੈ, ਓਨਾ ਹੀ ਖਾਣਾ ਲੈਣਾ ਚਾਹੀਦਾ ਹੈ। ਸਾਨੂੰ ਅੰਨ ਦੀ ਬੇਕਦਰੀ ਨਹੀਂ ਕਰਨੀ ਚਾਹੀਦੀ। ਜੇ ਅੰਨ ਨੂੰ ਦੇਵਤਾ ਮੰਨਦੇ ਹਾਂ ਤਾਂ ਫਿਰ ਨਿਰਾਦਰ ਕਿਉਂ?

-ਕੈਲਾਸ ਠਾਕੁਰ
ਪਿੰਡ ਬਰਮਲਾ, ਨੰਗਲ ਟਾਊਨਸ਼ਿਪ।

ਪੰਜਾਬ ਦੇ ਹਾਲਾਤ

ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਹੈ। ਪੰਜਾਬ ਵਿਚ ਮਾਰ-ਕੁੱਟ, ਗੁੰਡਾਗਰਦੀ, ਲੁੱਟਾਂ-ਖੋਹਾਂ, ਗੋਲੀਆਂ ਚਲਣੀਆਂ ਅਤੇ ਕਤਲ ਵਰਗੀਆਂ ਘਟਨਾਵਾਂ ਆਮ ਜਿਹੀ ਗੱਲ ਹੋ ਗਈ ਹੈ। ਨਸ਼ੇ ਵੇਚਣ ਅਤੇ ਖਾਣ ਵਾਲੇ ਲੋਕ ਸ਼ਰੇਆਮ ਲੋਕਾਂ ਨੂੰ ਡਰਾ-ਧਮਕਾ, ਮਾਰ-ਕੁੱਟ ਕਰ ਰਹੇ ਹਨ। ਹੁਣ ਤਾਂ ਨਸ਼ੇ ਵੇਚਣ ਵਾਲੇ ਲੋਕਾਂ ਦੇ ਹੌਸਲੇ ਏਨੇ ਵਧ ਗਏ ਹਨ ਕਿ ਉਨ੍ਹਾਂ ਨੂੰ ਰੋਕਣ ਵਾਲੇ ਲੋਕਾਂ ਦੇ ਘਰਾਂ ਤੱਕ ਨੂੰ ਅੱਗਾਂ ਲਗਾਈਆਂ ਜਾ ਰਹੀਆਂ ਹਨ।
ਪੰਜਾਬ ਦੇ ਕਈ ਇਲਾਕਿਆਂ ਵਿਚ ਤਾਂ ਤੁਸੀਂ ਰਾਤ ਨੂੰ ਸਫ਼ਰ ਵੀ ਨਹੀਂ ਕਰ ਸਕਦੇ। ਬੁਹਤ ਸਾਰੇ ਲੁਟੇਰੇ ਗਰੋਹ ਲੋਕਾਂ ਦੀ ਮਾਰ-ਕੁੱਟ ਅਤੇ ਲੁੱਟ-ਮਾਰ ਕਰ ਕੇ ਸਭ ਕੁਝ ਲੁੱਟ ਲੈਂਦੇ ਹਨ। ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਰੋਜ਼ਾਨਾ ਹੀ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਕਰਕੇ ਬਹੁਤ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੈ। ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਦੇ ਵਿਗੜ ਰਹੇ ਮਾਹੌਲ ਨੂੰ ਰੋਕਣ ਲਈ ਸੂਬੇ ਦਾ ਮਾਹੌਲ ਖਰਾਬ ਕਰਨ ਵਾਲੇ ਗ਼ਲਤ ਅਨਸਰਾਂ 'ਤੇ ਤੁਰੰਤ ਨਾਥ ਪਾਈ ਜਾਵੇ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

ਮੋਬਾਈਲ ਅਤੇ ਮੋਟਰਸਾਈਕਲ

ਅੱਜਕਲ੍ਹ ਆਮ ਵੇਖਣ ਨੂੰ ਆਇਆ ਹੈ ਕਿ ਸੜਕਾਂ 'ਤੇ ਡਰਾਈਵਿੰਗ ਕਰਦੇ ਸਮੇਂ ਵੀ ਮੁੰਡੇ ਕੁੜੀਆਂ ਅਕਸਰ ਕੰਨਾਂ ਨੂੰ ਮੋਬਾਈਲ ਫੋਨ ਜਾਂ ਈਅਰ ਫੋਨ ਲਗਾ ਕੇ ਆਪਣੀ ਮਸਤੀ ਕਰਦੇ ਫਿਰਦੇ ਹਨ। ਮੋਟਰਸਾਈਕਲਾਂ 'ਤੇ ਲੱਗੇ ਹੂਟਰਾਂ ਦੀਆਂ ਉੱਚੀਆਂ ਆਵਾਜ਼ਾਂ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ। ਅੱਜਕਲ੍ਹ ਮੁੰਡੇ ਆਪਣੇ ਵਾਹਨਾਂ ਉਤੇ ਭੱਦੀਆਂ ਲਾਈਟਾਂ ਅਤੇ ਸਟਿੱਕਰ ਲਗਾ ਕੇ ਭਲਵਾਨੀ ਗੇੜੀਆਂ ਮਾਰਨ ਵਿਚ ਫ਼ਖਰ ਮਹਿਸੂਸ ਕਰਦੇ ਹਨ। ਟਾਇਰਾਂ ਉਤੇ ਗੁਬਾਰੇ ਜਾਂ ਬੋਤਲਾਂ ਕੱਟ ਕੇ ਲਗਾਉਣੀਆਂ ਤਾਂ ਜੋ ਵਾਹਨ ਚਲਾਉਂਦੇ ਸਮੇਂ ਉੱਚੀ-ਉੱਚੀ ਵੰਨ-ਸੁਵੰਨੀਆਂ ਆਵਾਜ਼ਾਂ ਨਾਲ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ ਜਾ ਸਕੇ।
ਮੁੰਡਿਆਂ ਨੇ ਇਸ ਨੂੰ ਅੱਜਕਲ੍ਹ ਸਟੇਟਸ ਸਿੰਬਲ ਬਣਾ ਲਿਆ ਹੈ। ਇਹ ਸਭ ਜਿਥੇ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ, ਉਥੇ ਹੀ ਸ਼ੋਰ ਪ੍ਰਦੂਸ਼ਣ ਵੀ ਕਰਦੇ ਹਨ। ਸਰਕਾਰ ਨੂੰ ਇਸ ਵਰਤਾਰੇ ਨੂੰ ਸਖ਼ਤੀ ਨਾਲ ਨਜਿੱਠਣ ਦੀ ਪਹਿਲ ਕਦਮੀ ਕਰਨੀ ਚਾਹੀਦੀ ਹੈ ਤਾਂ ਕਿ ਹਰ ਕੋਈ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ।

-ਰੇਣੂ ਕੌਸ਼ਲ
(ਸਟੇਟ ਐਵਾਰਡੀ), ਨੰਗਲ ਡੈਮ।