12-01-2025
ਆਜ਼ਾਦੀ ਦੇ ਓਹਲੇ
ਲੇਖਕ/ਸੰਪਾਦਕ : ਸਤਵੀਰ ਸਿੰਘ ਚਾਨੀਆ
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ, ਲਾਂਬੜਾ, ਜਲੰਧਰ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 92569-73526
ਹਥਲੀ ਪੁਸਤਕ ਦੇ ਲੇਖਕ ਵਲੋਂ ਦੇਸ਼ ਦੀ ਆਜ਼ਾਦੀ ਸਮੇਂ ਹੱਸਦੇ-ਵੱਸਦੇ ਪੰਜਾਬ ਦੀ ਬਰਬਾਦੀ ਅਤੇ ਭਾਰਤ ਦੇ ਆਬਾਦ ਹੋਣ ਦੀ ਗਾਥਾ ਨੂੰ ਵੱਖ-ਵੱਖ ਉਨ੍ਹਾਂ ਸੱਜਣਾਂ-ਮਿੱਤਰਾਂ ਦੀ ਜ਼ੁਬਾਨੀ ਬਿਆਨ ਕੀਤੀਆਂ ਹੱਡ ਬੀਤੀਆਂ ਨੂੰ ਪਾਠਕਾਂ ਸਨਮੁੱਖ ਪੇਸ਼ ਕਰਨ ਦਾ ਨਿਵੇਕਲਾ ਯਤਨ ਹੈ। ਲੇਖਕ/ਸੰਪਾਦਕ ਇਸ ਤੋਂ ਪਹਿਲਾਂ ਵੀ ਇਕ ਕਿਤਾਬ ਪਾਠਕਾਂ ਦੇ ਗੋਚਰੇ ਕਰ ਚੁੱਕਾ ਹੈ। ਇਸ ਪੁਸਤਕ ਨੂੰ ਪੰਜਾਬੀ ਸੱਥ ਨੇ ਛਾਪ ਕੇ ਆਪਣੇ ਫ਼ਰਜ਼ ਦੀ ਪੂਰਤੀ ਕੀਤੀ ਹੈ। ਧਰਤੀ ਉੱਪਰ ਜਦੋਂ ਮਨੁੱਖ ਦੀ ਉਤਪਤੀ ਹੁੰਦੀ ਹੈ, ਉਸ ਸਮੇਂ ਤੋਂ ਹੀ ਇਨਸਾਨੀਅਤ ਅਤੇ ਹੈਵਾਨੀਅਤ ਆਹਮੋ-ਸਾਹਮਣੇ ਹੋ ਰਹੀ ਹੈ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਹਮੇਸ਼ਾ ਯੁੱਧ ਦਾ ਮੈਦਾਨ ਰਿਹਾ ਹੈ। ਇਸ ਦਾ ਭਿਆਨਕ ਤੇ ਡਰਾਉਣਾ ਰੂਪ 1947 ਦੇ ਰੌਲਿਆਂ ਸਮੇਂ ਧਰਮ ਦੇ ਨਾਂਅ 'ਤੇ ਪੰਜਾਬ ਦੀ ਵੰਡ ਸੀ। ਇਕੋ ਧਰਤੀ 'ਤੇ ਵੱਸਣ ਵਾਲੇ ਵੱਖ-ਵੱਖ ਧਰਮਾਂ ਨੂੰ ਵੰਡਣ ਵਾਲੇ ਰਾਜਨੀਤਕ ਲੋਕਾਂ ਨੇ ਇਸ ਜਰਖੇਜ਼ ਧਰਤੀ ਨੂੰ ਲਹੂ ਨਾਲ ਰੰਗ ਦਿੱਤਾ। ਗੁਰੂ ਸਾਹਿਬਾਨ ਤੇ ਸੂਫ਼ੀ ਸੰਤਾਂ ਦੀ ਇਹ ਧਰਤੀ ਜਿਥੋਂ ਪਿਆਰ ਤੇ ਮੁਹੱਬਤ ਦਾ ਪੈਗ਼ਾਮ ਗੂੰਜਦਾ ਸੀ, ਇਕ-ਦੂਜੇ ਦੇ ਖ਼ੂਨ ਨਾਲ ਲਾਲੋ-ਲਾਲ ਹੋ ਗਈ। ਫਿਰੰਗੀ ਵਲੋਂ ਆਜ਼ਾਦੀ ਦਾ ਐਲਾਨ ਹੁੰਦਿਆਂ ਹੀ ਅਜਿਹੀ ਫਿਰਕੂ ਹਨੇਰੀ ਚੱਲੀ ਜਿਸ ਦੀ ਪੀੜਾ ਤੇ ਦਰਦ ਨੂੰ ਬਿਆਨ ਤੋਂ ਬਾਹਰ ਹੈ। ਲੇਖਕ ਵਲੋਂ ਦਰਦ ਕਹਾਣੀਆਂ ਵਿਚ 'ਮੈਂ ਰਹਿ ਗਈ ਮਕਾਣੇ ਜਾਣੋਂ' ਦੇ ਬਿਆਨ ਕਰਤਾ 'ਮੁਜੱਫਰ ਰਿਜ਼ਮੀ ਡਾ. ਜਸਵੀਰ ਸਿੰਘ ਚਾਨੀਆ ਦੀ ਰਚਨਾ 'ਜੰਗਲ ਵਿਚ ਮੰਗਲ' ਪੰਜਾਬ ਦੀਆਂ ਬਾਰਾਂ, ਮਹਿੰਦਰ ਸਿੰਘ ਹੇਅਰ ਦੀ ਜ਼ੁਬਾਨੀ 'ਸਿੱਖ ਕਿਸਾਨੀ ਨੇ ਮਾਰੂ ਬਾਰਾਂ ਨੂੰ ਨਖਲਿਸਤਾਨ 'ਚ ਬਦਲ ਦਿੱਤਾ। ਗੁਰਦੇਵ ਸਿੰਘ ਜੌਹਲ ਦੀ ਰਚਨਾ 'ਸ਼ਾਹ ਮੁਹੰਮਦ ਲਾਣੇਦਾਰ' ਨੇ ਿੰਹਦੂ ਸਿੱਖਾਂ ਨਾਲ ਦਗਾ ਕੀਤਾ, ਵਰਿਆਣ ਸਿੰਘ ਬਾਜਵਾ ਦਾ ਬਿਆਨ 'ਅਸੀਂ ਸਿਆਲਕੋਟੀਏ ਬਾਜਵੇ ਹੁੰਦੇ ਹਾਂ', ਮੋਹਣ ਲਾਲ ਬਜੂਹਾ ਵਲੋਂ 'ਦੂਰ ਗਏ ਪਰਛਾਵੇਂ', ਦੌਲਤ ਸਿੰਘ ਗਿੱਲ ਵਲੋਂ 'ਕਰਨੈਲੀ ਕਿਆਂ ਨੇ ਤੱਤੀ ਵਾਅ ਨਾ ਲੱਗਣ ਦਿੱਤੀ', ਠੇਕੇਦਾਰ ਲਾਲ ਸਿੰਘ ਚਾਨੀਆ ਸਾਰੀ ਰਾਤ ਲਾਸ਼ਾਂ ਦੇ ਢੇਰ 'ਚ ਹੀ ਸੁੱਤੇ ਰਹੇ', ਪ੍ਰਕਾਸ਼ ਸਿੰਘ ਮਲਹੋਤਰਾ 'ਮਜ਼੍ਹਬੀ ਜਨੂੰਨੀਆਂ ਪੰਜਾਬ ਵਿਚ ਖ਼ੂਨ ਦੀ ਹੋਲੀ ਖੇਡੀ', ਇਸ ਤੋਂ ਅੱਗੇ ਜਥੇਦਾਰ ਤਰਲੋਕ ਸਿੰਘ ਤੇਹਿੰਗ, ਲਛਮਣ ਸਿੰਘ ਤੇਹਿੰਗ, ਮਾਈ ਜੀਤ ਕੌਰ ਚੰਦੀ, ਫੁੰਮਣ ਸਿੰਘ ਭੱਟੀਆਂ ਦੀ ਜ਼ੁਬਾਨੀ 'ਸਾਡੇ ਪਰਿਵਾਰ ਦੇ ਤੀਹ ਮੈਂਬਰ ਆਜ਼ਾਦੀ ਦੀ ਭੇਟ ਚੜ੍ਹੇ, ਅਮਰ ਕੌਰ ਜਲੰਧਰ ਵਲੋਂ 'ਸੋਹਣ ਸਿੰਘ ਸਦ ਨਮਸਕਾਰ ਤੈਨੂੰ', ਮੋਹਣ ਸਿੰਘ ਫੁੱਲ ਦੀ ਹੱਡੀ ਬੀਤੀ, ਲਛਮਣ ਸਿੰਘ ਖਿੰਡਾ, ਸਲਵੰਤ ਕੌਰ ਦਾਨੇਵਾਲ ਵਲੋਂ 'ਜ਼ੈਲਦਾਰ ਵਧਾਵਾ ਸਿੰਘ ਦਾ ਸਿਰ ਨੇਜੇ 'ਤੇ ਟੰਗ ਕੇ ਪਿੰਡ ਵਿਚ ਜੇਤੂ ਜਲੂਸ ਕੱਢਿਆ ਗਿਆ', ਮਾਈ ਮਹਿੰਦਰ ਸਿੰਘ ਕੌਰ ਫਾਜ਼ਲਵਾਲਾ ਦੀ ਬਿਆਨੀ ਹੱਡ ਬੀਤੀ '20 ਚੱਕ ਮੀਆਂ ਚੰਨੂੰ ਦੀ ਦਰਦ ਬਿਆਨੀ', ਗਫ਼ੂਰਾਂ ਬੀਬੀ ਜੰਡਿਆਲਾ ਮੰਜਕੀ ਵਲੋਂ 'ਭਲੇ ਸਿੱਖਾਂ ਕਰਕੇ ਅਸੀਂ ਪਾਕਿਸਤਾਨੀ ਨਾ ਬਣ ਸਕੇ', ਕਿਰਪਾਲ ਸਿੰਘ ਉੱਗੀ 'ਸੁਪਨਿਆਂ ਤੂੰ ਸੁਲਤਾਨ ਹੈਂ', ਜੋਗਿੰਦਰ ਸਿੰਘ ਉੱਗੀ ਵਲੋਂ 'ਅਸੀਂ ਸਰਗੋਧੇ ਦੇ ਜਾਏ ਹਾਂ', 'ਬੀਬੀ ਜੀਤ ਕੌਰ ਉੱਗੀ ਦੀ ਦਰਦ ਕਹਾਣੀ 'ਦਸ ਲੱਖ ਪੰਜਾਬੀਆਂ ਦੀਆਂ ਲਾਸ਼ਾਂ 'ਤੇ ਆਜ਼ਾਦ ਭਾਰਤ ਦੀ ਨੀਂਹ ਖੜ੍ਹੀ ਹੈ, ਬੁਨਿਆਦ ਵਰਗੇ ਸੱਜਣਾਂ ਦੀਆਂ ਹੰਢਾਈਆਂ, ਉਜਾੜੇ ਦੀਆਂ ਗਾਥਾਵਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। ਪੰਜਾਬੀ ਸੱਥ ਵਲੋਂ ਡਾ. ਨਿਰਮਲ ਸਿੰਘ ਲਾਂਬੜਾ ਤੇ ਮੋਤਾ ਸਿੰਘ ਸਰਾਏ ਨੇ ਪੁਸਤਕ ਰੂਪ ਵਿਚ ਪਾਠਕਾਂ ਨੂੰ ਭੇਟ ਕਰਕੇ ਅਤੇ ਟਾਈਟਲ ਦੇ ਆਖਰੀ ਪੰਨੇ 'ਤੇ ਲੇਖਕ ਸਰਦਾਰ ਪੰਛੀ ਨੇ ਦੋ ਸ਼ਬਦ ਲਿਖ ਕੇ ਸੋਨੇ 'ਤੇ ਸੁਹਾਗੇ ਵਾਲਾ ਕਾਰਜ ਕੀਤਾ ਹੈ। ਸੁਖੈਨ ਭਾਸ਼ਾ ਸ਼ੈਲੀ ਵਿਚ ਲਿਖੀਆਂ ਗੁੱਝੀਆਂ ਪੀੜਾਂ ਨੂੰ ਵਾਚਣਾ ਹਰ ਪਾਠਕ ਦੀ ਜ਼ਿੰਮੇਵਾਰੀ ਬਣਦੀ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਪ੍ਰੀਤਾਂ ਪੰਜਾਬੀ ਸੱਭਿਆਚਾਰ ਦੀਆਂ
ਲੇਖਕ : ਬਹਾਦਰ ਸਿੰਘ ਗੋਸਲ ਪ੍ਰਿੰ.
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ 200 ਰੁਪਏ, ਸਫ਼ੇ : 112
ਸੰਪਰਕ : 98764-52223
ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦਾ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਸਥਾਨ ਹੈ। ਉਸ ਦੀਆਂ ਬਾਲ ਸਾਹਿਤ ਦੀ 69, ਵਾਰਤਕ ਦੀਆਂ 30 ਅਤੇ 4 ਸੰਪਾਦਿਤ ਪੁਸਤਕਾਂ ਪ੍ਰਾਪਤ ਹੁੰਦੀਆਂ ਹਨ। ਪੁਸਤਕ 'ਪ੍ਰੀਤਾਂ ਪੰਜਾਬੀ ਸੱਭਿਆਚਾਰ ਦੀਆਂ' ਵਿਚ 24 ਵਿਸ਼ਿਆਂ ਨੂੰ ਬਾਖੂਬੀ ਨਿਭਾਉਂਦੇ ਹੋਏ ਪਾਠਕਾਂ ਦੀ ਆਪਣੇ ਅਮੀਰ ਵਿਰਸੇ ਨਾਲ ਸਾਂਝ ਸਥਾਪਿਤ ਕੀਤੀ ਹੈ। ਲੇਖ 'ਅੰਬ ਤਾਂ ਗਏ ਸੀ ਹੁਣ ਨਜ਼ਾਰੇ ਵੀ ਗਏ' ਅਧੀਨ ਕੁਰਾਲੀ ਅਤੇ ਮੋਰਿੰਡੇ ਦੀ ਵਿਲੱਖਣਤਾ ਦੇ ਦਰਸ਼ਨ ਕਰਵਾਉਂਦਾ ਹੈ। ਕੁਰਾਲੀ ਨੂੰ ਅੰਬਾਂ ਦੀ ਪੈਦਾਵਾਰ ਕਰਕੇ ਅੰਬਾਵਲੀ ਵੀ ਕਿਹਾ ਜਾਂਦਾ ਸੀ। ਮਨ ਦੀ ਸਹਿਜਭਾਵੀ ਅਵੱਸਥਾ:
ਅੰਬਾਂ ਦਿਆ ਰਾਖਿਆ ਵੇ,
ਅੰਬ ਮੈਨੂੰ ਤੋੜ ਦੇ।
ਬੱਦਲੀਆਂ ਆਈਆਂ,
ਮੈਨੂੰ ਛੇਤੀ ਘਰ ਮੋੜਦੇ।
ਪੁਸਤਕ ਵਿਚ ਭੰਡਾਂ ਦੀ ਕਲਾਤਮਿਕਤਾ ਦਾ ਜ਼ਿਕਰ ਕੀਤਾ ਗਿਆ ਹੈ। ਭੰਡਾਂ ਨੂੰ ਖੁਸ਼ੀ ਦੇ ਮੌਕਿਆਂ ਉੱਤੇ ਕੋਈ ਪੱਕੀ ਰਕਮ ਨਹੀਂ ਦਿੱਤੀ ਜਾਂਦੀ ਸੀ, ਸਗੋਂ ਇਨ੍ਹਾਂ ਦੀ ਮਿਹਨਤ ਦਾ ਨਾਮ ਹੀ ਕਮਾਈ ਦਾ ਸਾਧਨ ਸੀ। ਭੰਡਾਂ ਦੀ ਵਿਅੰਗਾਤਮਕ ਜੁਗਤ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਸੀ। ਲੇਖ 'ਚਿੱਤ ਬੱਕਰੀ ਲੈਣ ਨੂੰ ਕਰਦਾ' ਵਿਚ ਬੱਕਰੀ ਦੀ ਕਿਸਾਨੀ ਜੀਵਨ ਸ਼ੈਲੀ ਨਾਲ ਸਾਂਝ ਦਾ ਜ਼ਿਕਰ ਕੀਤਾ ਹੈ। ਪੇਂਡੂ ਜੀਵਨ ਵਿਚ ਬੱਕਰੀ ਦੀ ਹਰਮਨ ਪਿਆਰਤਾ ਕਰਕੇ ਲੋਕ-ਗੀਤਾਂ ਤੇ ਬੁਝਾਰਤਾਂ ਵਿਚ ਸਰਦਾਰੀ ਬਣ ਗਈ।
ਪਿੰਡਾਂ ਵਿਚ ਕੋਠਿਆਂ ਦੀਆਂ ਛੱਤਾਂ ਤੋਂ ਲਟੈਣਾਂ ਅਲੋਪ ਹੋ ਗਈਆਂ ਹਨ ਤੇ ਪੱਕਿਆਂ ਦੀ ਮੰਗ ਹੈ:
ਮੈਂ ਵੀ ਸੜਕ ਤੇ ਨਹਿਰ ਕਿਨਾਰੇ
ਪੱਕਾ ਚੁਬਾਰਾ ਪਾਉਣਾ
ਰੱਖਣਾ ਜੇ ਤੇਰੀ ਮਰਜ਼ੀ
ਪੇਕੇ ਜਾ ਕੇ ਮੜਕ ਨਾਲ ਆਉਣਾ।
'ਪਣ ਚੱਕੀ' ਜਾਂ 'ਘਰਾਟਾਂ ਦੀ ਚੱਕੀ' ਦਾ ਜ਼ਿਕਰ ਵੀ ਕੀਤਾ ਗਿਆ ਹੈ। ਘਰਾਟਾਂ ਦੀ ਚੱਕੀ ਦੀ ਵਿਸ਼ੇਸ਼ਤਾ ਤੇ ਕਾਰਜ-ਪ੍ਰਣਾਲੀ ਦੇ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ ਹੈ। ਪੁਸਤਕ ਵਿਚ ਸੁਹਜ ਤ੍ਰਿਪਤੀ ਦੇ ਨਾਲ-ਨਾਲ ਗਿਆਨ ਪ੍ਰਦਾਨ ਵੀ ਕੀਤਾ ਗਿਆ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਜ਼ਿੰਦਗੀ ਵਿਕਦੀ ਨਹੀਂ
ਲੇਖਕ : ਰਾਜਿੰਦਰ ਰਾਜ਼ ਸਵੱਦੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 167
ਸੰਪਰਕ : 97803-00247
1964 ਵਿਚ 'ਹਵਾੜ' ਅਤੇ 1967 ਵਿਚ 'ਜ਼ਿੰਦਗੀ ਦਾ ਚਿਹਰਾ' ਨਾਮਕ ਦੋ ਕਹਾਣੀ ਸੰਗ੍ਰਹਿ ਦੇ ਰਚੈਤਾ ਰਾਜਿੰਦਰ 'ਰਾਜ਼' ਸਵੱਦੀ ਦੀ ਕਲਮ ਤੋਂ ਹੋਰ ਰਚਨਾਵਾਂ ਦੀ ਉਮੀਦ ਕਰਦੇ ਪਾਠਕਾਂ ਨੂੰ ਉਸ ਸਮੇਂ ਬੇਹੱਦ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਜਦੋਂ 1993 ਵਿਚ ਰਜਿੰਦਰ ਰਾਜ ਸਵੱਦੀ ਉਨ੍ਹਾਂ ਨੂੰ ਹੰਝੂਆਂ ਵਿਚ ਛੱਡ ਕੇ ਸਦਾ ਲਈ ਦੂਜੀ ਦੁਨੀਆ ਵਿਚ ਤੁਰ ਗਿਆ। ਉਸ ਦੀ ਮੌਤ ਤੋਂ ਲਗਭਗ 30 ਸਾਲ ਬਾਅਦ ਉਸ ਦੇ ਪੁੱਤਰ ਰਾਜਦੀਪ ਸਿੰਘ ਤੂਰ ਨੇ ਇਨ੍ਹਾਂ ਦੋਹਾਂ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਨੂੰ ਸੰਪਾਦਿਤ ਕਰ ਕੇ ਇਕ ਪੁਸਤਕ 'ਜ਼ਿੰਦਗੀ ਵਿਕਦੀ ਨਹੀਂ' ਤਿਆਰ ਕੀਤੀ ਹੈ। ਇਸ ਇਕ ਹੀ ਪੁਸਤਕ ਵਿਚ 'ਰਾਜ਼' ਸਵੱਦੀ ਦੀਆਂ 31 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਦਾ ਅਧਿਐਨ ਕਰਨ 'ਤੇ ਰਾਜਿੰਦਰ 'ਰਾਜ਼' ਸਵੱਦੀ ਇਕ ਮਾਨਵਵਾਦੀ ਕਹਾਣੀਕਾਰ ਸਿੱਧ ਹੁੰਦਾ ਹੈ। ਉਸ ਦੇ ਕਥਾ ਜਗਤ ਵਿਚ ਉਸ ਵੇਲੇ ਦੇ ਪੰਜਾਬ ਦੇ ਪਿੰਡਾਂ ਦਾ ਜੀਵਨ ਪੇਸ਼ ਹੋਇਆ ਹੈ। ਇਹ ਉਹ ਸਮਾਂ ਸੀ ਜਦੋਂ ਅਜੇ ਮੰਡੀਕਰਨ ਤੇ ਵਿਸ਼ਵੀਕਰਨ ਇਸ ਸੱਭਿਆਚਾਰ 'ਤੇ ਅਸਰ ਅੰਦਾਜ਼ ਨਹੀਂ ਹੋਇਆ ਸੀ। ਇਨ੍ਹਾਂ ਕਹਾਣੀਆਂ ਵਿਚੋਂ ਕਿਰਦਾਰਾਂ ਦੇ ਉੱਚ ਚਰਿੱਤਰ, ਉਨ੍ਹਾਂ ਦੇ ਸੁਪਨ ਸੰਸਾਰ, ਮਨ ਦੇ ਚਾਅ, ਮਾਵਾਂ ਦੀ ਮਮਤਾ, ਪਰਿਵਾਰਾਂ ਦੇ ਆਰਥਿਕ ਸੰਘਰਸ਼, ਨਵੀਂ ਵਿਆਹੀ ਔਰਤ ਦੇ ਚਾਅ ਮਨ ਵਿਚ ਹੀ ਮਰਨ ਦੀ ਮਾਯੂਸੀ, ਧਰਮਾਂ ਤੋਂ ਆਰ-ਪਾਰ ਕੁਰਬਾਨੀ ਦਾ ਜਜ਼ਬਾ, ਮਨੁੱਖੀ ਜੀਵਨ ਦੀਆਂ ਥੁੜਾਂ ਅਤੇ ਪਾਤਰਾਂ ਦੀ ਮਨੋਵਿਗਿਆਨਿਕ ਭਾਵੁਕਤਾ ਪ੍ਰਗਟ ਹੋਈ ਹੈ। ਇਸ ਕਥਾ ਸੰਸਾਰ ਦੇ ਪਾਤਰ ਕੰਸੋ, ਬਿੱਲੂ, ਬੰਸੀ, ਦੀਪ, ਦੀਸ਼ਾ, ਬਾਬਾ ਗੁਰੀਆ, ਪਿਆਰੋ, ਸਾਧੂ ਰਾਮ ਅਤੇ ਬਲਬੀਰ ਵਰਗੇ ਕਈ ਪਾਤਰ ਵਾਸਤਵਿਕ ਪਾਤਰਾਂ ਦੇ ਅਕਸ ਪ੍ਰਦਰਸ਼ਿਤ ਕਰਦੇ ਨਜ਼ਰ ਆਉਂਦੇ ਹਨ। ਇਨ੍ਹਾਂ ਤੋਂ ਇਲਾਵਾ ਕਹਾਣੀਕਾਰਾਂ ਨੇ ਕਈ ਕਹਾਣੀਆਂ ਦੇ ਪਾਤਰਾਂ ਦੇ ਨਾਮਕਰਨ ਨਹੀਂ ਕੀਤੇ ਅਤੇ ਪਤੀ-ਪਤਨੀ, ਔਰਤ-ਮਰਦ ਜਾਂ ਹੋਰ ਜਾਤੀਵਾਚਕ ਨਾਂਵ ਵਰਤ ਕੇ ਹੀ ਕਹਾਣੀ ਲਿਖੀ ਹੈ। ਕਹਾਣੀਆਂ ਦੀ ਭਾਸ਼ਾ ਸਰਲ ਹੈ ਜਿਸ ਉਤੇ ਕਹਾਣੀਕਾਰ ਦੀ ਇਲਾਕਾਈ ਉਪ-ਬੋਲੀ ਦਾ ਪ੍ਰਭਾਵ ਪ੍ਰਤੱਖ ਹੈ। ਉਸ ਦੀ ਲੇਖਣ ਸ਼ੈਲੀ ਬਿਆਨੀਆ ਹੈ ਅਤੇ ਕਹਾਣੀ ਅਤੇ ਪਾਤਰਾਂ ਦੀ ਲੋੜ ਮੁਤਾਬਿਕ ਸੰਵਾਦ ਸ਼ੈਲੀ ਦੀ ਵਰਤੋਂ ਹੋਈ ਹੈ। ਰਾਜਦੀਪ ਸਿੰਘ ਤੂਰ ਵਲੋਂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ ਜਿਸ ਕਾਰਨ ਇਹ ਕਹਾਣੀਆਂ ਹਮੇਸ਼ਾ ਲਈ ਸਾਂਭੀਆਂ ਜਾ ਸਕੀਆਂ ਹਨ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਨੇੜਿਓਂ ਦੇਖੀ ਦੁਨੀਆਂ
ਲੇਖਕ : ਲੋਕ ਨਾਥ ਸ਼ਰਮਾ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 102
ਸੰਪਰਕ : 94171-76877
ਮਨੁੱਖ ਨੇ ਜਿਹੜੇ ਅਨੁਭਵ ਆਪਣੇ ਹੱਡੀਂ ਹੰਢਾਏ ਹੁੰਦੇ ਹਨ, ਜਦੋਂ ਉਹ ਉਨ੍ਹਾਂ ਅਨੁਭਵਾਂ ਨੂੰ ਕਿਸੇ ਪੁਸਤਕ ਰੂਪ ਵਿਚ ਪਾਠਕਾਂ ਦੇ ਰੂ-ਬਰੂ ਕਰਦਾ ਹੈ ਤਾਂ ਇਹ ਅਨੁਭਵ ਦੂਜਿਆਂ ਲਈ ਪ੍ਰੇਰਨਾ ਸਰੋਤ ਤਾਂ ਬਣਦੇ ਹੀ ਹਨ, ਨਾਲ ਦੀ ਨਾਲ ਦੂਜਿਆਂ ਦੀ ਜ਼ਿੰਦਗੀ 'ਤੇ ਅਸਰ ਅੰਦਾਜ਼ ਵੀ ਹੁੰਦੇ ਹਨ। ਲੋਕ ਨਾਥ ਸ਼ਰਮਾ ਦੀ ਵਾਰਤਕ ਪੁਸਤਕ 'ਨੇੜਿਉਂ ਦੇਖੀ ਦੁਨੀਆ' ਕੁਝ ਇਸੇ ਤਰ੍ਹਾਂ ਦੀ ਹੀ ਪੁਸਤਕ ਹੈ, ਜਿਸ ਵਿਚ ਲੇਖਕ ਨੇ ਆਪਣੀ ਜ਼ਿੰਦਗੀ ਦੇ ਕੌੜੇ-ਮਿੱਠੇ ਅਨੁਭਵ ਲਘੂ ਲੇਖਾਂ ਦੇ ਰੂਪ ਵਿਚ ਪੇਸ਼ ਕੀਤੇ ਹਨ। ਇਨ੍ਹਾਂ ਲੇਖਾਂ ਵਿਚ ਲੇਖਕ ਦੇ ਜੀਵਨ ਦੇ ਕਾਰਜ ਖੇਤਰ ਭਾਵ ਸਿੱਖਿਆ ਦੇ ਖੇਤਰ ਦੇ ਅਨੁਭਵ ਵੀ ਦਰਜ ਹਨ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਪੇਸ਼ ਆਉਂਦੀਆਂ ਚੁਣੌਤੀਆਂ ਦੇ ਨਾਲ-ਨਾਲ ਕਾਮਯਾਬੀ ਦੇ ਗੁਰ ਵੀ ਸੁਝਾਏ ਗਏ ਹਨ, ਮਿਸਾਲ ਵਜੋਂ ਲੇਖਕ ਸਿੱਖਿਆ ਦੇ ਖੇਤਰ ਵਿਚੋਂ ਜਿਥੇ ਨਕਲ ਵਰਗੀ ਲਾਹਨਤ ਨੂੰ ਦੂਰ ਕਰਨ ਦੀ ਤਾਗੀਦ ਕਰਦਾ ਹੈ, ਉਥੇ ਖੰਨੇ ਦੇ ਸਰਕਾਰੀ ਸਕੂਲ ਨੂੰ ਵੀ ਉਸ ਨੇ ਆਪਣੇ ਚੇਤਿਆਂ ਵਿਚ ਵਸਾਇਆ ਹੋਇਆ ਹੈ। ਸਮਾਜਿਕ ਰਿਸ਼ਤਿਆਂ ਦੀ ਅਹਿਮੀਅਤ ਅਤੇ ਸ਼ਰੀਕੇ ਭਾਈਚਾਰੇ ਦੁਆਰਾ ਕੀਤੀ ਬੇਵਫਾਈ ਵੀ ਇਨ੍ਹਾਂ ਲੇਖਾਂ ਵਿਚ ਬਾਖੂਬੀ ਪੇਸ਼ ਹੋਈ ਹੈ। ਲੇਖਕ ਨੇ 10 ਵਿਸ਼ਿਆਂ ਵਿਚ ਐਮ.ਏ. ਪਾਸ ਕੀਤੀ ਹੋਈ ਹੈ ਪਰ ਇਸ ਪਿੱਛੇ ਜਿਹੜੀ ਮਿਹਨਤ ਝਲਕਦੀ ਹੈ, ਉਸ ਦਾ ਜ਼ਿਕਰ ਵੀ ਪੁਸਤਕ ਵਿਚ ਹੋਇਆ ਹੈ। ਲੇਖਕ ਇਨ੍ਹਾਂ ਲੇਖਾਂ ਵਿਚ ਕਿਧਰੇ-ਕਿਧਰੇ ਆਪਣੇ ਅਤੀਤ ਨਾਲ ਵੀ ਸੰਵਾਦ ਰਚਾਉਂਦਾ ਹੈ ਕਿਉਂਕਿ ਅਤੀਤ ਵਿਚ ਭੋਗੇ ਸੁਖਮਈ ਪਲ ਉਸ ਨੂੰ ਸਕੂਨ ਪ੍ਰਦਾਨ ਕਰਦੇ ਹਨ। ਜਿਵੇਂ 'ਗਲੀਆਂ ਮੇਰੇ ਪਿੰਡ ਦੀਆਂ', ਗੁਆਂਢ 'ਚ ਵਸਦੇ ਕਰਮਯੋਗੀ ਲੋਕ, ਪਿਤਾ ਜੀ ਦੇ ਤੁਰ ਜਾਣ ਪਿਛੋਂ ਲੇਖਕ ਦੀਆਂ ਭਾਵੁਕ ਭਾਵਨਾਵਾਂ ਨੂੰ ਪੇਸ਼ ਕਰਨ ਵਾਲੇ ਲੇਖ ਹਨ। ਨਸ਼ਿਆਂ ਦਾ ਸਮਾਜ ਨੂੰ ਖੋਰਾ ਲਾਉਣਾ, ਠੱਗਾਂ ਅਤੇ ਧੋਖੇਬਾਜ਼ਾਂ ਦੀਆਂ ਚਾਲਾਂ, ਦੁਨੀਆ ਨੂੰ ਕੀ ਹੋ ਗਿਆ, ਆਦਿ ਲੇਖ ਲੇਖਕ ਦੀ ਸਮਾਜ ਪ੍ਰਤੀ ਫਿਕਰਮੰਦੀ ਦਾ ਇਜ਼ਹਾਰ ਕਰਨ ਵਾਲੇ ਹਨ। ਲੇਖਕ ਆਪਣੇ ਇਸ ਹਰੇਕ ਜੀਵਨ ਅਨੁਭਵ ਨੂੰ ਪੇਸ਼ ਕਰਨ ਤੋਂ ਪਹਿਲਾਂ ਸੰਖੇਪ ਭੂਮਿਕਾ ਵਿਸ਼ੇ ਬਾਰੇ ਬੰਨ੍ਹਣ ਤੋਂ ਬਾਅਦ ਵਿਸਥਾਰ ਦਿੰਦਿਆਂ ਫਿਰ ਆਪਣੀ ਜ਼ਿੰਦਗੀ ਵਿਚੋਂ ਕੋਈ ਨਾ ਕੋਈ ਘਟਨਾ ਪੇਸ਼ ਕਰਦਾ ਹੈ, ਜਿਸ ਨਾਲ ਉਸ ਦਾ ਕਿਸੇ ਵੀ ਘਟਨਾ, ਪ੍ਰਸਥਿਤੀ ਵਿਚਲਾ ਅਨੁਭਵ ਪ੍ਰਮਾਣਿਕ ਰੂਪ ਵਿਚ ਸਾਹਮਣੇ ਆਉਂਦਾ ਹੈ। ਲੋਕ ਨਾਥ ਸ਼ਰਮਾ ਅਨੁਭਵੀ ਲੇਖਕ ਹੈ, ਜਿਸ ਕਰਕੇ ਉਸ ਦੀ ਲਿਖਣ ਸ਼ੈਲੀ ਵੀ ਪ੍ਰਭਾਵਿਤ ਕਰਦੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਚੱਟ ਗਈ ਮਲਾਈ
ਲੇਖਿਕਾ : ਮਨਿੰਦਰ ਕੌਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 130 ਰੁਪਏ, ਸਫ਼ੇ : 32
ਸੰਪਰਕ : 94173-66998
ਬੱਚਿਆਂ ਨੂੰ ਸਾਹਿਤ ਅਤੇ ਭਾਸ਼ਾ ਨਾਲ ਜੋੜਨ ਲਈ ਅਧਿਆਪਕ ਵਰਗ ਦੀ ਮਹੱਤਵਪੂਰਨ ਭੂਮਿਕਾ ਹੈ। ਬੱਚਿਆਂ ਨਾਲ ਸਿੱਧਾ ਤਾਅਲੁਕ ਹੋਣ ਕਾਰਨ ਅਧਿਆਪਕ ਉਨ੍ਹਾਂ ਦੀ ਬਾਲ ਮਨੋਵਿਗਿਆਨਕ ਸਥਿਤੀ ਨੂੰ ਡੂੰਘੀ ਤਰ੍ਹਾਂ ਸਮਝਦਾ ਹੈ। ਮਨਿੰਦਰ ਕੌਰ ਅਜਿਹੇ ਹੀ ਅਧਿਆਪਕ-ਕਲਮਕਾਰਾਂ ਵਿਚੋਂ ਇਕ ਹੈ, ਜਿਸ ਦਾ ਅਕਸਰ ਛੋਟੀ ਉਮਰ ਦੇ ਵਿਦਿਆਰਥੀਆਂ ਨਾਲ ਵਾਹ ਪੈਂਦਾ ਹੈ। ਇਨ੍ਹਾਂ ਬਾਲ-ਬਾਲੜੀਆਂ ਦੀਆਂ ਮਾਨਸਿਕ, ਬੌਧਿਕ, ਸਰੀਰਕ ਲੋੜਾਂ ਅਤੇ ਸਮੱਸਿਆਵਾਂ ਦੇ ਨਾਲ-ਨਾਲ ਉਸ ਨੂੰ ਉਨ੍ਹਾਂ ਦੀਆਂ ਰੁਚੀਆਂ ਬਾਰੇ ਡੂੰਘਾ ਅਨੁਭਵ ਹੈ। ਇਸ ਸਮੁੱਚੇ ਵਰਤਾਰੇ ਨੂੰ ਕੇਂਦਰ ਵਿਚ ਰੱਖ ਕੇ ਇਸ ਲੇਖਿਕਾ ਨੇ ਬਾਲਾਂ ਲਈ ਆਪਣਾ ਪਲੇਠਾ ਕਾਵਿ ਸੰਗ੍ਰਹਿ 'ਚੱਟ ਗਈ ਮਲਾਈ' ਸਿਰਜਿਆ ਹੈ, ਜਿਸ ਵਿਚ ਅਜਿਹੇ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ, ਜੋ ਬਚਪਨ ਦੀ ਅਵਸਥਾ ਨਾਲ ਜੁੜੇ ਹੋਏ ਹਨ।
ਲੇਖਿਕਾ ਨੇ ਇਸ ਸੰਗ੍ਰਹਿ ਵਿਚ ਮੁੱਖ ਤੌਰ 'ਤੇ ਸਕੂਲੀ ਸਿੱਖਿਆ ਅਤੇ ਇਸ ਨਾਲ ਸੰਬੰਧਿਤ ਉਸਾਰੂ ਚੌਗਿਰਦੇ ਨੂੰ ਆਧਾਰ ਬਣਾਇਆ ਹੈ। ਇਸ ਹਵਾਲੇ ਨਾਲ ਉਸ ਦੀਆਂ ਕਵਿਤਾਵਾਂ ਵਿਚੋਂ 'ਚਲੋ ਜੀ ਚੱਲੀਏ ਸਕੂਲ ਨੂੰ', 'ਮੇਰਾ ਸਮਾਰਟ ਸਕੂਲ', 'ਅੱਖਰਾਂ ਦਾ ਮੇਲਾ', 'ਮੈਡਮ ਜੀ', 'ਮੁਹਾਰਨੀ ਗੀਤ' ਆਦਿ ਦੇ ਨਾਂ ਲਏ ਜਾ ਸਕਦੇ ਹਨ। ਇਸੇ ਪ੍ਰਕਾਰ ਭਾਂਤ-ਭਾਂਤ ਦੇ ਨਿੱਕੇ-ਵੱਡੇ ਜੀਵ ਜੰਤੂਆਂ ਨਾਲ ਸੰਬੰਧਿਤ ਕਵਿਤਾਵਾਂ ਵਿਚੋਂ 'ਚੱਟ ਗਈ ਮਲਾਈ', 'ਚੂਹਾ ਚੂਹੀ ਗਏ ਬਜ਼ਾਰ', 'ਕਾਂ ਤੇ ਚਿੜੀ', 'ਡਾ. ਬਾਂਦਰ ਦਾ ਕਲੀਨਿਕ' ਅਤੇ 'ਚਿੜੀ ਦਾ ਆਲ੍ਹਣਾ' ਆਦਿ ਹਨ। 'ਮੇਰੀ ਗੁੱਡੀ', 'ਮੀਂਹ ਵਿਚ ਕਿਸ਼ਤੀ', 'ਭਾਂਡੇ ਬੋਲਦੇ' ਆਦਿ ਕਵਿਤਾਵਾਂ ਵਿਚ ਵੀ ਬਾਲੋਪਯੋਗੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ। ਕਈ ਕਵਿਤਾਵਾਂ ਵਿਚ ਵਿਅੰਗਮਈ ਅੰਦਾਜ਼ ਦੀ ਵਰਤੋਂ ਕੀਤੀ ਗਈ ਹੈ। 'ਜੁਗਨੂੰ' ਕਵਿਤਾ ਵਿਚ ਨਿੱਕੇ ਜਿਹੇ ਜੀਵ ਜੁਗਨੂੰ ਦੇ ਮਾਧਿਅਮ ਦੁਆਰਾ ਇਉਂ ਵੱਡਾ ਸੁਨੇਹਾ ਦਿੱਤਾ ਗਿਆ ਹੈ :
ਨਿੱਕਾ ਜਿਹਾ ਇਕ ਜੁਗਨੂੰ ਸੀ
ਬੜਾ ਬਹਾਦਰ ਜੁਗਨੂੰ ਸੀ
ਨ੍ਹੇਰੇ ਤੋਂ ਨਹੀਂ ਡਰਦਾ ਸੀ
ਘੁੱਪ ਹਨੇਰੇ ਦੇ ਵਿਚ ਉਹ
ਜਗ-ਮਗ ਜਗ-ਮਗ ਕਰਦਾ ਸੀ।
(ਪੰਨਾ 10)
ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਤਿੱਤਲੀਆਂ, ਫੁੱਲ, ਮਧੂਮੱਖੀਆਂ, ਵੰਨ ਸੁਵੰਨੇ ਖਿਡੌਣੇ, ਭਾਂਤ-ਭਾਂਤ ਦੇ ਜੀਵ ਜੰਤੂ ਵਿਚਰਦੇ ਵਿਖਾਈ ਦਿੰਦੇ ਹਨ। ਅੱਖਰਾਂ ਅਤੇ ਹਿੰਦਸਿਆਂ ਵਾਲੀਆਂ ਕਵਿਤਾਵਾਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਮਦਦਗਾਰ ਸਿੱਧ ਹੁੰਦੀਆਂ ਹਨ।
ਇਨ੍ਹਾਂ ਕਵਿਤਾਵਾਂ ਰਾਹੀਂ ਬਾਲ ਮਾਨਸਿਕਤਾ ਨੂੰ ਖ਼ੂਬ ਵਧਣ-ਫੁੱਲਣ ਦਾ ਉਸਾਰੂ ਮੌਕਾ ਪ੍ਰਦਾਨ ਕੀਤਾ ਹੈ। ਇਹ ਕਵਿਤਾਵਾਂ ਬਾਲਾਂ ਦੇ ਚਰਿੱਤਰ ਨਿਰਮਾਣ ਦੀ ਉਸਾਰੀ ਤਾਂ ਕਰਦੀਆਂ ਹੀ ਹਨ, ਇਸ ਦੇ ਨਾਲ ਹੀ ਉਨ੍ਹਾਂ ਦੇ ਮਾਤ ਭਾਸ਼ਾ ਪ੍ਰਤੀ ਗਿਆਨ ਵਿਚ ਵੀ ਇਜ਼ਾਫ਼ਾ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਲੈਅ, ਤਾਲ ਅਤੇ ਦ੍ਰਿਸ਼ ਵਰਣਨ ਅਤੇ ਮਨੋਰੰਜਨ ਹੈ। ਰੰਗਦਾਰ ਚਿੱਤਰ ਬੱਚਿਆਂ ਨੂੰ ਕਵਿਤਾਵਾਂ ਪੜ੍ਹਨ ਲਈ ਪ੍ਰੇਰਦੇ ਵਿਖਾਈ ਦਿੰਦੇ ਹਨ। ਆਸ ਕੀਤੀ ਜਾਂਦੀ ਹੈ ਕਿ ਲੇਖਿਕਾ ਇਸੇ ਤਰ੍ਹਾਂ ਬਾਲ-ਮਨਾਂ ਨੂੰ ਸੇਧ ਦੇਣ ਵਾਲਾ ਸਾਹਿਤ ਸਿਰਜ ਕੇ ਮਾਂ ਬੋਲੀ ਦਾ ਗੌਰਵ ਵਧਾਉਂਦੀ ਰਹੇਗੀ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਚਾਨਣ ਦੀ ਚੋਗ
ਲੇਖਕ : ਸੁਰਜੀਤ ਦੇਵਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 150 ਰੁਪਏ, ਸਫੇ : 56.
ਸੰਪਰਕ : 92563-67202
ਹੱਥਲੀ ਪੁਸਤਕ 'ਚਾਨਣ ਦੀ ਚੋਗ' ਸੁਰਜੀਤ ਦੇਵਲ ਦੀ ਬਹੁਤ ਹੀ ਪਿਆਰੀ ਬਾਲ ਪੁਸਤਕ ਹੈ ਜਿਸ ਵਿਚ ਬੱਤੀ ਬਾਲ ਕਵਿਤਾਵਾਂ ਸ਼ਾਮਿਲ ਹਨ ਜੋ ਕਿ ਬਹੁਤ ਹੀ ਸ਼ਾਨਦਾਰ ਢੁਕਵੀਆਂ ਤਸਵੀਰਾਂ ਅਤੇ ਰੰਗਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ। ਵੱਡੀ ਗੱਲ ਹੈ ਕਿ ਸਭ ਰਚਨਾਵਾਂ ਆਯੂ-ਗੁੱਟ ਦੇ ਹਿਸਾਬ ਨਾਲ ਵੰਡੀਆਂ ਹੋਈਆਂ ਹਨ ਪਹਿਲਾ ਭਾਗ ਦੋ ਤੋਂ ਪੰਜ ਸਾਲ ਦੇ ਬੱਚਿਆਂ ਲਈ ਹੈ। ਦੂਜਾ ਭਾਗ ਪੰਜ ਤੋਂ ਨੌਂ ਸਾਲ ਦੇ ਬੱਚਿਆਂ ਲਈ ਹੈ ਅਤੇ ਤੀਜਾ ਭਾਗ ਨੌਂ ਤੋਂ ਚੌਦਾਂ ਸਾਲ ਦੇ ਬੱਚਿਆਂ ਲਈ ਹਨ। ਸਭੇ ਰਚਨਾਵਾਂ ਸਰਲ ਠੇਠ ਅਤੇ ਬਾਲਾਂ ਦੇ ਮਾਨਸਿਕ ਪੱਧਰ ਦੀਆਂ ਹਨ। ਸਾਰੀਆਂ ਰਚਨਾਵਾਂ ਜਿੱਥੇ ਬਾਲਾਂ ਦਾ ਭਰਪੂਰ ਮਨੋਰੰਜਨ ਕਰਦੀਆਂ ਹਨ, ਉਥੇ ਸੁਭਾਵਿਕ ਹੀ ਬਾਲਾਂ ਨੂੰ ਸਿੱਖਿਆਂ ਵੀ ਦਿੰਦੀਆਂ ਹਨ। ਲੇਖਕ ਬਹੁਤ ਹੀ ਅਨੁਭਵੀ ਅਤੇ ਤਜਰਬੇਕਾਰ ਹੈ ਇਸ ਤੋਂ ਪਹਿਲਾਂ ਵੀ ਸੱਤ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕਿਆ ਹੈ। ਨਰਸਰੀ ਬੱਚਿਆਂ ਲਈ ਲਿਖੀ ਕਵਿਤਾ 'ਰੋਟੀ' ਕਮਾਲ ਦੀ ਕਵਿਤਾ ਹੈ:-
-ਰੋਟੀ-
ਮਾਂ ਰਸੋਈ ਦੇ ਵਿਚ ਜਾ ਕੇ,
ਆਟਾ ਗੁੰਨੇ ਪ੍ਰਾਂਤ ਵਿਚ ਪਾ ਕੇ।
ਚੇਸਟਾ ਉੱਤਰ ਬੈੱਡ ਤੋਂ ਆਈ।
ਮਾਂ ਦੇ ਕੋਲ ਆ ਕੇ ਰੱਟ ਲਾਈ।
ਮਾਂ! ਮਾਂ! ਆਤਾ ਦੇ।
ਮਾਂ! ਮਾਂ! ਆਤਾ ਦੇ।
ਮਾਂ-ਮਾਂ ਕਹੇ ਕੀ ਕਰਨਾ ਆਟਾ।
ਚੇਸਟਾ-ਮਾਂ ਮੈਂ ਲੋਤੀ ਪਾਊਂ।
ਮਾਂ-ਤੇਰੀ ਰੋਟੀ ਕੌਣ ਖਾਊਗਾ।
ਚੇਸਟਾ-ਦਾਦੂ ਲੋਤੀ ਥਾਊ ਆ।
ਏਸੇ ਤਰ੍ਹਾਂ ਦੂਸਰੇ ਗੁੱਟ ਵਿਚ ਵੀ ਬਹੁਤ ਪਿਆਰੀਆਂ ਕਵਿਤਾਵਾਂ ਹਨ ਜਿਵੇਂ 'ਪੁਸਤਕ'।
-ਪੁਸਤਕ-
ਮਾਂ ਹਾਂ ਪੁਸਤਕ ਤੇਰੀ।
ਗੱਲ ਮੰਨੀ ਤੂੰ ਮੇਰੀ।
ਮੈਂ ਅੱਖਰਾਂ ਦੀ ਦੀਪ ਮਾਲਾ।
ਮਨ ਮਸਤਕ ਤੇਰੇ ਕਰੂੰ ਉਜਾਲਾ।
ਮੈਨੂੰ ਖੋਲ੍ਹ ਕੇ ਪੜ੍ਹਿਆ ਕਰ।
ਨਾ ਤੂੰ ਮੇਰੇ ਕੋਲੋਂ ਡਰਿਆ ਕਰ।
ਦੋਸਤੀ ਮੇਰੇ ਨਾਲ ਬਣਾ।
ਜੀਵਨ ਨੂੰ ਖ਼ੁਸ਼ਹਾਲ ਬਣਾ।
ਏਸੇ ਤਰ੍ਹਾਂ ਹੀ ਤੀਜੇ ਭਾਗ ਵਿਚ ਵੀ ਬਹੁਤ ਹੀ ਸਿੱਖਿਆਂ ਦਾਇਕ ਰਚਨਾਵਾਂ ਹਨ ਜਿਵੇਂ ''ਮਾਂ ਵਰਗੀ ਮਾਂ ਬੋਲੀ''।
-ਮਾਂ ਵਰਗੀ ਮਾਂ ਬੋਲੀ-
ਸਾਹਿਤ ਦੇ ਹੀਰਿਆਂ ਨਾਲ ਇਹ ਸ਼ਿੰਗਾਰੀ ਐ।
ਮਾਂ ਵਰਗੀ ਮਾਂ ਬੋਲੀ ਪੰਜਾਬੀ ਪਿਆਰੀ ਐ।
ਬੇ-ਮੁੱਖ ਮਾਂ ਬੋਲੀ ਤੋਂ ਕਦੇ ਵੀ ਹੋਣਾ ਨਹੀਂ।
ਮਾਂ ਦਾ ਬਣਦਾ ਮਾਣ ਕਦੇ ਵੀ ਖੋਣਾ ਨਹੀਂ।
ਪੁੱਤਾਂ ਦੇ ਸਿਰ ਮਾਂ ਕਰਦੀ ਸਰਦਾਰੀ ਐ।
ਮਾਂ ਵਰਗੀ ਮਾਂ ਬੋਲੀ............।
ਏਸੇ ਤਰ੍ਹਾਂ ਹੀ ਕੁਲਫੀ, ਭੈਣ ਨੂੰ ਵੀਰ ਪਿਆਰਾ, ਅਮਨ ਦੀ ਘੁੱਗੀ, ਮਾਂ ਦੀ ਮਮਤਾ, ਚਾਨਣ ਦੀ ਚੋਗ, ਰੁੱਖ ਲਾਵੋ ਜਨ ਜੀਵਨ ਬਚਾਵੋ, ਪਾਣੀ-ਪਾਣੀ ਕਰਦੇ ਆਦਿ ਬਹੁਤ ਹੀ ਪਿਆਰੀਆਂ ਅਤੇ ਸਿੱਖਿਆਦਾਇਕ ਰਚਨਾਵਾਂ ਹਨ। ਇਹ ਪਿਆਰੀ ਅਤੇ ਨਿਆਰੀ ਪੁਸਤਕ ਬਾਲਾਂ ਦੇ ਗਿਆਨ ਵਿਚ ਜਿੱਥੇ ਬਹੁਤ ਵਾਧਾ ਕਰੇਗੀ ਉੱਥੇ ਪੰਜਾਬ ਦੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਵੀ ਬਣੇਗੀ। ਲੇਖਕ ਨੂੰ ਮੈਂ ਸ਼ਾਬਾਸ਼ ਅਤੇ ਮੁਬਾਰਕਾਂ ਵੀ ਦਿੰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896