15-01-2025
ਕਦੋਂ ਬਣੇਗਾ ਫਾਟਕਾਂ 'ਤੇ ਓਵਰ ਬਰਿੱਜ
ਧੂਰੀ ਸ਼ਹਿਰ ਅੰਦਰ ਦਿਨੋਂ ਦਿਨ ਗੰਭੀਰ ਹੋ ਰਹੀ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਸ਼ਹਿਰ ਅੰਦਰਲੇ ਰੇਲਵੇ ਫਾਟਕਾਂ 'ਤੇ ਓਵਰ ਬਰਿੱਜ ਬਣਾਉਣ ਦੀ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਅਜੇ ਤੱਕ ਲੋਕਾਂ ਦੀ ਮੰਗ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ।
ਸ਼ਹਿਰ ਦੇ ਲੋਹਾ ਬਾਜ਼ਾਰ ਵਾਲੇ ਫਾਟਕ ਦਿਨ ਵਿੱਚ ਬਹੁਤਾ ਸਮਾਂ ਬੰਦ ਰਹਿਣ ਕਾਰਨ ਬਾਜ਼ਾਰ ਅੰਦਰ ਵਾਹਨਾਂ ਦੀਆਂ ਲਗਦੀਆਂ ਲੰਮੀਆਂ ਕਤਾਰਾਂ ਅਤੇ ਸੜਕ ਦੇ ਦੋਹੀਂ ਪਾਸੀਂ ਦੁਕਾਨਦਾਰਾਂ ਵਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਕਰਕੇ ਪੈਦਲ ਲੰਘਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਤੋਂ ਇਲਾਵਾ ਸ਼ਹਿਰੋਂ ਬਾਹਰ ਮਾਨਵਾਲਾ ਫਾਟਕ , ਦੋਹਲਾ ਫਾਟਕ ਅਤੇ ਧੋਬੀਘਾਟ ਨੇੜਲੇ ਸੰਗਰੂਰ ਵਾਲੇ ਫਾਟਕਾਂ ਦੇ ਬੰਦ ਰਹਿਣ ਕਾਰਨ ਪਿੰਡਾਂ ਤੋਂ ਸ਼ਹਿਰ ਅਤੇ ਸ਼ਹਿਰੋਂ ਬਾਹਰ ਜਾਣ ਆਉਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜ਼ਿਕਰਯੋਗ ਹੈ ਕਿ 2009 'ਚ ਤੱਤਕਾਲੀਨ ਲੋਕ ਸਭਾ ਮੈਂਬਰ ਵਿਜੇਇੰਦਰ ਸਿੰਗਲਾ ਵੱਲੋਂ ਸ਼ਹਿਰ ਅੰਦਰਲੇ ਰੇਲਵੇ ਫਾਟਕਾਂ 'ਤੇ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਆਇਰਨ ਬਰਿੱਜ ਮੰਨਜੂਰ ਕਰਵਾਇਆ ਗਿਆ ਸੀ, ਪਰ ਲੋਹਾ ਬਾਜਾਰ ਦੇ ਕੁਝ ਦੁਕਾਨਦਾਰਾਂ ਵੱਲੋਂ ਪੁਲ ਬਣਾਉਣ ਦਾ ਵਿਰੋਧ ਕੀਤੇ ਜਾਣ ਕਾਰਨ ਵਿਜੇਇੰਦਰ ਸਿੰਗਲਾ ਵਲੋਂ ਕੀਤੇ ਗਏ ਯਤਨਾਂ ਨੂੰ ਬੂਰ ਨਹੀਂ ਪਿਆ ਅਤੇ ਉਦੋਂ ਤੋਂ ਹੀ ਓਵਰ ਬਰਿੱਜ ਬਣਨ ਦਾ ਮਾਮਲਾ ਲਟਕਦਾ ਆ ਰਿਹਾ ਹੈ। ਲੋਕਾਂ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਆਵਾਜਾਈ ਦੀ ਸਮੱਸਿਆ ਦੇ ਸਥਾਈ ਹੱਲ ਲਈ ਸ਼ਹਿਰ ਅੰਦਰਲੇ ਰੇਲਵੇ ਫਾਟਕਾਂ ਦੇ ਨਾਲ ਨਾਲ ਮਾਨਵਾਲਾ ਫਾਟਕ, ਦੋਹਲਾ ਫਾਟਕ ਅਤੇ ਧੋਬੀਘਾਟ ਨੇੜਲੇ ਸੰਗਰੂਰ ਫਾਟਕਾਂ ਵਾਲੀ ਰੇਲਵੇ ਕਰਾਸਿੰਗ 'ਤੇ ਓਵਰ ਬਰਿੱਜ ਬਣਾ ਕੇ ਲੋਕਾਂ ਨੂੰ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।
-ਮਨੋਹਰ ਸਿੰਘ ਸੱਗੂ
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ, ਧੂਰੀ (ਸੰਗਰੂਰ)
ਜ਼ਹਿਰਾਂ ਦੀ ਵਰਤੋਂ ਰੋਕੋ
ਅੱਜ-ਕੱਲ੍ਹ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਫ਼ਸਲਾਂ ਦਾ ਜ਼ਿਆਦਾ ਝਾੜ ਲੈਣ ਦੇ ਲਾਲਚ ਕਾਰਨ ਕੁਝ ਲੋਕ ਬਿਨਾਂ ਸੋਚੇ ਸਮਝੇ ਇਕ-ਦੂਜੇ ਦੇ ਪਿੱਛੇ ਲੱਗ ਕੇ ਫ਼ਸਲਾਂ ਉੱਪਰ ਅੰਨ੍ਹੇਵਾਹ ਕੀਟਨਾਸ਼ਕਾਂ ਦਾ ਛਿੜਕਾਅ ਤੇ ਬਹੁਤ ਜ਼ਿਆਦਾ ਮਾਤਰਾ ਵਿਚ ਰਸਾਇਣਕ ਖਾਦਾਂ ਪਾ ਰਹੇ ਹਨ। ਅੰਨ੍ਹੇਵਾਹ ਰਸਾਇਣਿਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਜ਼ਹਿਰ ਵਰਤਣ ਬਰਾਬਰ ਹੈ। ਇਨ੍ਹਾਂ ਜ਼ਹਿਰਾਂ ਦੇ ਕਾਰਨ ਮਨੁੱਖ ਅਨੇਕਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਪੰਛੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਵੀ ਇਨ੍ਹਾਂ ਵਰਤੇ ਜਾਂਦੇ ਅੰਨ੍ਹੇਵਾਹ ਜ਼ਹਿਰਾਂ ਦੀ ਬਦੌਲਤ ਹੀ ਲੁਪਤ ਹੋ ਰਹੀਆਂ ਹਨ। ਸੋ, ਸਾਡਾ ਸਭ ਦਾ ਸਾਂਝਾ ਨੈਤਿਕ ਫਰਜ਼ ਹੈ ਕਿ ਧਰਤੀ ਉੱਪਰ ਰਹਿਣ ਵਾਲੇ ਸਭ ਜੀਵ ਜੰਤੂਆਂ ਦੀ ਤੰਦਰੁਸਤੀ ਤੇ ਸਦੀਵੀ ਹੋਂਦ ਬਣਾਈ ਰੱਖਣ ਲਈ ਕੀਟਨਾਸ਼ਕ ਤੇ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਬੰਦ ਕੀਤੀ ਜਾਵੇ।
-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਪੰਚਾਇਤੀ ਫੰਡ ਦੀ ਦੁਰਵਰਤੋਂ
ਇਕ ਪੰਚਾਇਤ ਨੂੰ ਆਪਣੇ ਹੀਲੇ ਵਸੀਲਿਆਂ ਤੇ ਹੋਈ ਆਮਦਨ ਨੂੰ ਪੰਚਾਇਤ ਫੰਡ ਵਿਚ ਰੱਖਿਆ ਜਾਂਦਾ ਹੈ। ਪੰਚਾਇਤ ਨੂੰ ਮਿਲੀਆਂ ਵਿਸ਼ੇਸ਼ ਗ੍ਰਾਂਟਾਂ ਤੋਂ ਉਲਟ 'ਪੰਚਾਇਤ ਫੰਡ' ਨੂੰ ਵਰਤਣ ਲਈ ਪੰਚਾਇਤ ਆਪਣੇ ਤੌਰ 'ਤੇ ਸੁਤੰਤਰ ਹੁੰਦੀ ਹੈ, ਪਰ ਜਾਣੇ ਅਣਜਾਣੇ ਵਿਚ ਇਸ ਦੀ ਦੁਰਵਰਤੋਂ ਵੱਡੇ ਪੱਧਰ 'ਤੇ ਹੁੰਦੀ ਹੈ। ਹੁਣ ਤੱਕ ਬਹੁਤੇ ਸਰਪੰਚਾਂ ਨੇ ਇਸ ਫੰਡ ਨੂੰ ਗਲੀਆਂ ਨਾਲੀਆਂ ਤੱਕ ਵਰਤਣਾ ਹੀ ਸੀਮਤ ਰੱਖਿਆ ਹੋਇਆ ਹੈ। ਬਿਨਾਂ ਕੰਮ ਕੀਤੇ ਇਸ ਫੰਡ ਨੂੰ ਵਾਰ-ਵਾਰ ਕਾਗਜ਼ਾਂ ਵਿਚ ਵਰਤਿਆ ਦਿਖਾਉਣਾ ਗ੍ਰਾਮ ਸਭਾ ਨਾਲ ਇਕ ਵੱਡਾ ਧੋਖਾ ਹੁੰਦਾ ਹੈ। ਬਹੁਤ ਸਾਰੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਦੀ ਵਿਉਂਤਬੰਦੀ ਪਹਿਲਾਂ ਤੋਂ ਹੀ ਕਾਫ਼ੀ ਵਧੀਆ ਹੁੰਦੀ ਹੈ, ਪਰ ਇਸ ਫੰਡ ਦੀ ਦੁਰਵਰਤੋਂ ਕਰਨ ਦੇ ਚੱਕਰ ਵਿਚ ਵਿਕਾਸ ਦੀ ਥਾਂ ਵਿਨਾਸ਼ ਹੋਣ ਲੱਗਦਾ ਹੈ। ਸਰਕਾਰ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਇਹ ਯਕੀਨੀ ਬਣਾਵੇ ਕਿ ਆਪਣੇ ਨਿੱਜੀ ਮੁਫ਼ਾਦਾਂ ਤੋਂ ਉੱਪਰ ਉੱਠ ਕੇ ਇਸ ਫੰਡ ਦੀ ਵਰਤੋਂ ਕੀਤੀ ਜਾਵੇ। ਜਿਨ੍ਹਾਂ ਪੰਚਾਇਤਾਂ ਕੋਲ ਪੰਚਾਇਤ ਫੰਡ ਨਹੀਂ ਹੈ। ਸਰਕਾਰ ਉਨ੍ਹਾਂ ਪੰਚਾਇਤਾਂ ਨੂੰ ਸਾਲਾਨਾ ਪੰਚਾਇਤ ਫੰਡ ਦੇ ਰੂਪ ਵਿਚ ਕੁਝ ਨਾ ਕੁਝ ਰਕਮ ਦੇਣ ਲਈ ਪੰਜਾਬ ਪੰਚਾਇਤੀ ਐਕਟ ਵਿਚ ਸੋਧ ਕਰਕੇ ਉਨ੍ਹਾਂ ਪੰਚਾਇਤਾਂ ਨੂੰ ਵੀ ਦੂਜੀਆਂ ਪੰਚਾਇਤਾਂ ਦੇ ਹਾਣ ਦਾ ਬਣਾਵੇ।
-ਮਾਸਟਰ ਸਰਤਾਜ ਸਿੰਘ
ਪਿੰਡ ਘੁੰਗਰਾਲੀ ਰਾਜਪੂਤਾਂ (ਲੁਧਿਆਣਾ)
ਵਧਦਾ ਹਵਾ ਪ੍ਰਦੂਸ਼ਣ
ਦਿਨ ਪ੍ਰਤੀ ਦਿਨ ਪ੍ਰਦੂਸ਼ਿਤ ਹੋਈ ਹਵਾ 'ਚ ਸਾਹ ਲੈਣਾ ਔਖਾ ਹੋ ਰਿਹਾ ਹੈ। ਧੂੰਏਂ ਕਾਰਨ ਗੰਧਲੇ ਹੋਏ ਵਾਤਾਵਰਨ ਵਿਚ ਸਾਹ ਲੈਣ ਲਈ ਸਮੱਸਿਆ ਪੈਦਾ ਹੋ ਰਹੀ ਹੈ। ਖ਼ਾਸ ਕਰ ਬਿਰਧ ਅਤੇ ਮਰੀਜ਼ ਲੋਕ ਇਸ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ। ਇਸ ਕਰਕੇ ਲੋਕ ਨਿੱਤ ਨਵੀਆਂ-ਨਵੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਹਵਾ ਵਿਚ ਫੈਲਿਆ ਧੂੰਆਂ ਜ਼ਿੰਦਗੀ ਦੀ ਗਤੀ ਨੂੰ ਰੋਕਦਾ ਹੈ। ਹਰ ਸ਼ਾਮ ਤੋਂ ਲੈ ਕੇ ਸਵੇਰ ਤੱਕ ਨੂੰ ਅਸੀਂ ਨਿੱਕੀ ਤੋਂ ਨਿੱਕੀ ਖ਼ੁਸ਼ੀ ਦਾ ਫ਼ੋਕਾ ਦਿਖਾਵਾ ਕਰਨ ਲਈ ਆਤਿਸ਼ਬਾਜ਼ੀ ਦੇ ਸ਼ੋਰ ਅਤੇ ਧੂੰਏਂ ਨਾਲ ਪ੍ਰਦੂਸ਼ਿਤ ਕਰ ਰਹੇ ਹਾਂ, ਜਿਸ ਕਾਰਨ ਹਰ ਭਲੇ ਪੁਰਸ਼ ਦੀ ਮਾਨਸਿਕ ਅਤੇ ਸਰੀਰਕ ਸ਼ਾਂਤੀ ਭੰਗ ਹੁੰਦੀ ਹੈ।
-ਐੱਸ. ਮੀਲੂ 'ਫਰੌਰ'
ਡੀ.ਜੇ. ਦਾ ਸ਼ੋਰ
ਪੰਜਾਬ ਵਿਚ ਤਕਰੀਬਨ ਨਵੰਬਰ ਮਹੀਨੇ ਦੀ ਸ਼ੁਰੂਆਤ ਨਾਲ ਹੀ ਵਿਆਹ ਸ਼ਾਦੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਜੋ ਤਕਰੀਬਨ ਮਾਰਚ ਮਹੀਨੇ ਤੱਕ ਲਗਾਤਾਰ ਜਾਰੀ ਰਹਿੰਦਾ ਹੈ। ਇਨ੍ਹਾਂ ਵਿਆਹ ਸ਼ਾਦੀਆਂ ਵਿਚ ਲੋਕਾਂ ਵਲੋਂ ਅਕਸਰ ਹੀ ਰਾਤ ਸਮੇਂ ਉੱਚੀ ਆਵਾਜ਼ ਵਿਚ ਡੀ.ਜੇ. ਲਗਾ ਕੇ ਆਪਣੀਆਂ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ। ਪ੍ਰਸ਼ਾਸਨ ਵਲੋਂ ਡੀ.ਜੇ. ਚਲਾਉਣ ਦੀ ਸਮਾਂ-ਹੱਦ ਪ੍ਰਤੀ ਕੋਈ ਸਖ਼ਤੀ ਨਾ ਹੋਣ ਕਾਰਨ ਲੋਕਾਂ ਵਲੋਂ ਅਕਸਰ ਹੀ ਇਹ ਡੀ.ਜੇ. ਸਵੇਰ ਦੇ ਤਿੰਨ-ਤਿੰਨ ਵਜੇ ਤੱਕ ਵੀ ਚਲਾਏ ਜਾਂਦੇ ਹਨ। ਇਸ ਉੱਚੀ ਆਵਾਜ਼ ਵਿਚ ਚਲਦੇ ਡੀ.ਜੇ. ਕਾਰਨ ਪੜਨ ਵਾਲੇ ਵਿਦਿਆਰਥੀਆਂ ਅਤੇ ਘਰਾਂ ਵਿਚ ਪਏ ਕਈ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੋ ਪ੍ਰਸ਼ਾਸਨ ਨੂੰ ਇਨ੍ਹਾਂ ਚੱਲਣ ਵਾਲੇ ਡੀ.ਜੇ. ਦੀ ਸਮਾਂ ਸਾਰਣੀ ਸਖ਼ਤੀ ਨਾਲ ਲਾਗੂ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਦੀਆਂ ਮਨਾਈਆਂ ਜਾ ਰਹੀਆਂ ਖ਼ੁਸ਼ੀਆਂ ਹੋਰਾਂ ਲਈ ਮੁਸੀਬਤ ਦਾ ਕਾਰਨ ਨਾ ਬਣ ਸਕਣ।
-ਰਾਜਾ ਗਿੱਲ (ਚੜਿੱਕ)
-ਚੜਿੱਕ, ਮੋਗਾ।
ਕਿਸਾਨ ਵਿਚਾਰਾ ਕੀ ਕਰੇ
ਪਹਿਲਾਂ ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਰੁਲਿਆ। ਉਨ੍ਹਾਂ ਨੂੰ ਮੰਡੀਆਂ ਵਿਚ ਕਈ-ਕਈ ਦਿਨ ਬੈਠ ਕੇ ਝੋਨਾ ਵੇਚਣਾ ਪਿਆ। ਜਿਸ ਕਰਕੇ ਕਿਸਾਨਾਂ ਦੇ ਝੋਨੇ ਦਾ ਭਾਰ ਵੀ ਘਟ ਗਿਆ। ਝੋਨਾ ਵੇਚਣ ਤੋਂ ਬਾਅਦ ਉਨ੍ਹਾਂ ਨੂੰ ਕਣਕ ਬੀਜਣ ਲਈ ਡੀ.ਏ.ਪੀ. ਖਾਦ ਲਈ ਜੱਦੋ-ਜਹਿਦ ਕਰਨੀ ਪਈ। ਜਿਸ ਕਰਕੇ ਕਣਕ ਦੀ ਬਿਜਾਈ ਪਛੜ ਗਈ ਤੇ ਹੁਣ ਬੀਜੀ ਹੋਈ ਕਣਕ ਕੁਝ ਮੌਸਮ ਤੇ ਕੁਝ ਸਰਕਾਰ ਦੀ ਅਣਗਹਿਲੀ ਕਾਰਨ ਗੁਲਾਬੀ ਸੁੰਡੀ ਦਾ ਸ਼ਿਕਾਰ ਹੋ ਗਈ ਹੈ। ਕਿਸਾਨਾਂ ਨੇ ਆਪਣੀ ਫ਼ਸਲ ਨੂੰ ਬਚਾਉਣ ਲਈ ਕਈ ਤਰ੍ਹਾਂ ਦੀ ਸਪ੍ਰੇਅ ਕੀਤੀ। ਪਰ ਕੋਈ ਵੀ ਸਪ੍ਰੇਅ 100 ਫ਼ੀਸਦੀ ਸੁੰਡੀ 'ਤੇ ਕਾਬੂ ਨਹੀਂ ਪਾ ਰਹੀ। ਕਿਸਾਨ ਦਿਨੋ-ਦਿਨ ਮੁਸ਼ਕਿਲ ਵਿਚ ਫ਼ਸਦਾ ਜਾ ਰਿਹਾ ਹੈ। ਕਿਸੇ ਵੀ ਸਰਕਾਰ ਨੇ ਕਦੇ ਵੀ ਕਿਸਾਨ ਦੀ ਬਾਂਹ ਨਹੀਂ ਫੜੀ। ਕਿਸਾਨ ਬਾਰਡਰਾਂ 'ਤੇ ਵੀ ਜੱਦੋ ਜਹਿਦ ਕਰ ਰਹੇ ਹਨ? ਉਥੇ ਬੈਠੇ ਕਿਸਾਨਾਂ ਦੀ ਵੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਤੇ ਨਾ ਹੀ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾ ਰਿਹਾ ਹੈ। ਕਿਸਾਨ ਵਿਚਾਰਾ ਕੀ ਕਰੇ। ਹੋਰ ਕੋਈ ਕੰਮ ਇਥੇ ਮਿਲਦੇ ਨਹੀਂ। ਖੇਤੀ ਘਾਟੇਵੰਦਾ ਧੰਦਾ ਬਣ ਰਹੀ ਹੈ।
-ਜਸਕਰਨ ਲੰਡੇ
ਜ਼ਿਲਾ ਮੋਗਾ।