14-01-2025
ਨਾਂਹ-ਪੱਖੀ ਸੋਚ ਨੂੰ ਤਿਆਗੋ
ਉਸਾਰੂ ਸੋਚ ਨਾਲ ਇਨਸਾਨ ਵੱਡੀ ਤੋਂ ਵੱਡੀ ਮੁਸ਼ਕਿਲ ਨੂੰ ਵੀ ਜਿੱਤ ਲੈਂਦਾ ਹੈ ਪਰ ਨਾਂਹ-ਪੱਖੀ ਵਿਚਾਰਾਂ ਵਾਲਾ ਇਨਸਾਨ ਛੋਟੇ ਤੋਂ ਛੋਟੇ ਮੁਕਾਮ ਵੀ ਹਾਸਿਲ ਨਹੀਂ ਕਰ ਪਾਉਂਦਾ, ਕਿਉਂਕਿ ਉਸ ਦਾ ਹੌਸਲਾ ਪਹਿਲਾਂ ਹੀ ਢਹਿ-ਢੇਰੀ ਹੋ ਜਾਂਦਾ ਹੈ। ਨਾਂਹ-ਪੱਖੀ ਵਿਅਕਤੀ ਚੁਣੌਤੀਆਂ ਤੇ ਸੰਘਰਸ਼ਾਂ ਤੋਂ ਡਰ ਜਾਂਦਾ ਹੈ। ਉਸ ਦੀ ਨਾਂਹ-ਪੱਖੀ ਸੋਚ ਹੀ ਜੀਵਨ ਲਈ ਸਰਾਪ ਬਣ ਜਾਂਦੀ ਹੈ। ਸਾਨੂੰ ਸਵੈ ਪੜਚੋਲ ਕਰਦਿਆਂ ਨਾਂਹ-ਪੱਖੀ ਵਿਚਾਰਾਂ ਤੋਂ ਬਚਣਾ ਚਾਹੀਦਾ ਹੈ। ਕਈ ਵਾਰ ਨਕਾਰਾਤਮਕ ਵਿਚਾਰਾਂ ਵਾਲੇ ਵਿਅਕਤੀ ਨਾਲ ਉੱਠਣ ਬੈਠਣ ਕਰਕੇ ਵੀ ਸੋਚ ਅਜਿਹੀ ਬਣ ਜਾਂਦੀ ਹੈ। ਖੁਦਗਰਜ਼ੀ ਤੇ ਹੰਕਾਰ ਦਾ ਸ਼ਿਕਾਰ ਲੋਕ ਕਦੇ ਵੀ ਸਫ਼ਲਤਾ ਦੀਆਂ ਪੌੜੀਆਂ ਨਹੀਂ ਚੜ੍ਹ ਪਾਉਂਦੇ। ਇਨਸਾਨੀ ਜੀਵਨ ਵਿਚ ਚੁਣੌਤੀਆਂ ਦੇ ਉਤਰਾਅ-ਚੜ੍ਹਾਅ ਤਾਂ ਆਉਂਦੇ-ਜਾਂਦੇ ਰਹਿੰਦੇ ਹਨ। ਕੋਈ ਵਿਰਲਾ ਹੀ ਹੋਣਾ ਜਿਸ ਇਨਸਾਨ ਦੀ ਜ਼ਿੰਦਗੀ ਵਿਚ ਕਦੇ ਵੀ ਦੁੱਖ ਨਾ ਆਏ ਹੋਣ। ਚੁਣੌਤੀਆਂ ਦਾ ਸਾਹਮਣਾ ਕਰਦੇ-ਕਰਦੇ ਇਨਸਾਨ ਅੰਦਰ ਦੀਆਂ ਸਮਰਥਾਵਾਂ ਨਿਖਰ ਕੇ ਸਾਹਮਣੇ ਆ ਜਾਂਦੀਆਂ ਹਨ। ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਢਾਹ ਲਾਊ ਸੋਚਣੀ ਤੋਂ ਦੂਰ ਰਹਿ ਕੇ ਚੰਗੇ ਕਦਮ ਵਧਾਈਏ। ਜੀਵਨ ਵਿਚ ਸੁੱਖ, ਸ਼ਾਂਤੀ, ਖ਼ੁਸ਼ੀ ਦੀ ਪ੍ਰਾਪਤੀ ਲਈ ਹਾਂ-ਪੱਖੀ ਸੋਚ ਦੀ ਬਹੁਤ ਅਹਿਮੀਅਤ ਹੈ। ਹਾਂ ਪੱਖੀ ਸੋਚ ਨਾਲ ਇਨਸਾਨ ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ।
-ਸੰਜੀਵ ਸਿੰਘ ਸੈਣੀ,
ਮੁਹਾਲੀ।
ਚਾਈਨਾ ਡੋਰ 'ਤੇ ਲੱਗੇ ਪੱਕੀ ਪਾਬੰਦੀ
ਕਈ ਸਾਲ ਪਹਿਲਾਂ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਧਾਗੇ 'ਤੇ ਮੋਮ ਦਾ ਮਾਂਝਾ ਲਗਾ ਕੇ ਡੋਰ ਤਿਆਰ ਕੀਤੀ ਜਾਂਦੀ ਸੀ ਅਤੇ ਅਸੀਂ ਉਸ ਨਾਲ ਪਤੰਗਾਂ ਉਡਾਉਂਦੇ ਹੁੰਦੇ ਸੀ। ਜ਼ਿਆਦਾਤਰ ਲੋਹੜੀ ਤੇ ਬਸੰਤ ਨੂੰ ਬਟਾਲੇ ਸ਼ਹਿਰ ਤੋਂ ਜਿਹੜੀਆਂ ਪਤੰਗਾਂ ਕੱਟ ਕੇ ਆਉਂਦੀਆਂ ਸਨ ਉਹੀ ਲੁੱਟ ਕੇ ਅਗਲੇ ਦਿਨ ਚੜ੍ਹਾਉਂਦੇ ਸੀ। ਪਰ ਅੱਜਕੱਲ੍ਹ ਕੱਚ ਆਦਿ ਦੀ ਪਰਤ ਚੜ੍ਹਾ ਕੇ ਤਿਆਰ ਕੀਤੀ ਜਾਂਦੀ ਡੋਰ ਵਰਤੀ ਜਾ ਰਹੀ ਹੈ, ਜੋ ਕਿ ਮੁਕਾਬਲੇ ਦੌਰਾਨ ਕੱਟਣੀ ਮੁਸ਼ਕਿਲ ਹੈ ਅਤੇ ਜਾਨਲੇਵਾ ਸਾਬਤ ਹੋ ਰਹੀ ਹੈ। ਇਸ ਡੋਰ ਨਾਲ ਰਾਹਗੀਰ, ਪੰਛੀ ਗੰਭੀਰ ਜ਼ਖ਼ਮੀ ਹੋ ਰਹੇ ਹਨ। ਲੋਹੜੀ, ਬਸੰਤ ਦੇ ਤਿਉਹਾਰ ਨੇੜੇ ਆਉਣ 'ਤੇ ਇਸ ਡੋਰ ਦੀ ਵਿਕਰੀ ਵਧ ਰਹੀ ਹੈ। ਲੋਹੜੀ ਵਾਲੇ ਦਿਨ ਖ਼ਾਸ ਕਰਕੇ ਮਾਝੇ ਦੇ ਇਲਾਕੇ ਵਿਚ ਭਾਰੀ ਪਤੰਗਬਾਜ਼ੀ ਹੁੰਦੀ ਹੈ। ਭਾਵੇਂ ਕਿ ਪ੍ਰਸ਼ਾਸਨ ਵਲੋਂ ਚਾਈਨਾ ਡੋਰ ਵੇਚਣ ਅਤੇ ਖਰੀਦਣ 'ਤੇ ਪਾਬੰਦੀ ਹੈ, ਪਰ ਇਸ ਦੀ ਖਰੀਦੋ-ਫ਼ਰੋਖ਼ਤ ਨਿਰੰਤਰ ਜਾਰੀ ਰਹਿੰਦੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਨੇ ਹੁਕਮ ਜਾਰੀ ਕੀਤੇ ਹਨ ਅਤੇ ਅਖ਼ਬਾਰਾਂ ਵਿਚ ਇਸ਼ਤਿਹਾਰ ਵੀ ਦਿੱਤੇ ਹਨ ਕਿ ਨਾਈਲੋਨ, ਪਲਾਸਟਿਕ ਜਾਂ ਚਾਈਨਾ ਡੋਰ (ਮਾਝਾ) ਅਤੇ ਹੋਰ (ਸੰਥੈਟਿਕ) ਸਮੱਗਰੀ ਨਾਲ ਤਿਆਰ ਕੀਤੀ ਡੋਰ ਜਾਂ ਤਿੱਖੀ ਸਮੱਗਰੀ ਨਾਲ ਬਣੀ ਹੋਰ ਡੋਰ ਨੂੰ ਵੇਚਣ, ਸਟੋਰ ਕਰਨ, ਖਰੀਦਣ, ਸਪਲਾਈ ਕਰਨ ਅਤੇ ਵਰਤੋਂ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਂਦੀ ਹੈ ਅਤੇ 25 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ।
ਸਰਕਾਰ, ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹੁਕਮਾਂ ਨੂੰ ਅਮਲੀ ਜਾਮਾ ਪਵਾਉਣ ਲਈ ਜਿਥੋਂ ਡੋਰ ਪੰਜਾਬ ਵਿਚ ਆਉਂਦੀ ਹੈ ਜਾਂ ਬਣਦੀ ਹੈ, ਉੱਥੇ ਛਾਪੇ ਮਾਰੇ ਜਾਣ। ਭਾਵ ਕਿ ਚੋਰ ਦੀ ਮਾਂ ਨੂੰ ਹੀ ਫੜਨ ਤਾਂ ਹੀ ਪਾਬੰਦੀ ਲੱਗ ਸਕਦੀ ਹੈ।
-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ (ਬਟਾਲਾ)।
ਸਮੇਂ ਸਿਰ ਹੋਣ ਸਮੱਸਿਆਵਾਂ ਦੇ ਹੱਲ
ਅਸੀਂ ਦੇਖਦੇ ਹਾਂ ਕਿ ਹਰ ਰੋਜ਼ ਕਿਸੇ ਨਾ ਕਿਸੇ ਵਿਭਾਗ ਜਾਂ ਸਮੂਹ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ। ਕੋਈ ਵੀ ਬਿਨਾਂ ਗੱਲੋਂ ਬਿਨਾਂ ਵਜ੍ਹਾ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਨਹੀਂ ਹੁੰਦਾ। ਆਪਣੀਆਂ ਮੰਗਾਂ ਮਨਵਾਉਣ ਲਈ ਕੋਈ ਵੀ ਧਿਰ ਸਰਕਾਰ ਨੂੰ ਪਹਿਲਾਂ ਖੁੱਲ੍ਹਾ ਵਕਤ ਦਿੰਦੀ ਹੈ, ਪਰ ਜਦੋਂ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਪ੍ਰਕਿਰਿਆ ਨਹੀਂ ਮਿਲਦੀ, ਫਿਰ ਉਹ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੁੰਦੇ ਹਨ। ਇਸ ਨਾਲ ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਹੀ ਮੁਸ਼ਕਿਲ ਆਉਂਦੀ ਹੈ ਜੋ ਧਰਨੇ ਪ੍ਰਦਰਸ਼ਨ ਕਰ ਰਹੇ ਹਨ, ਗਰਮੀ-ਸਰਦੀ 'ਚ ਧਰਨੇ ਪ੍ਰਦਰਸ਼ਨ ਕਰਨੇ ਕੋਈ ਸੌਖਾ ਕੰਮ ਨਹੀਂ ਪਰ ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਲੋਕਾਂ ਦਾ ਕਿਸੇ ਵੀ ਮੰਗ ਨੂੰ ਮੰਨੇ ਜਾਂ ਨਾ ਮੰਨੇ ਜਾਣ 'ਚ ਕੋਈ ਸਿੱਧਾ ਫਾਇਦਾ ਜਾਂ ਨੁਕਸਾਨ ਨਹੀਂ ਹੁੰਦਾ ਪਰ ਧਰਨੇ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਮੁਸੀਬਤ ਜ਼ਰੂਰ ਝੱਲਣੀ ਪੈਂਦੀ ਹੈ। ਸੋ, ਸਰਕਾਰਾਂ ਨੂੰ ਚਾਹੀਦਾ ਹੈ ਕਿ ਸਭ ਜਾਇਜ਼ ਮੰਗਾਂ ਨੂੰ ਸਮੇਂ ਸਿਰ ਮੰਨ ਲਿਆ ਕਰੇ, ਤਾਂ ਜੋ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ,