JALANDHAR WEATHER

05-02-2025

 ਮੁੜ ਸ਼ੁਰੂ ਹੋਵੇ ਬੁੱਕ ਪੋਸਟ ਸੇਵਾ

ਸਰਕਾਰ ਵਲੋਂ ਬੁੱਕ ਪੋਸਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਪਹਿਲਾਂ ਇਸ ਸੇਵਾ ਜ਼ਰੀਏ ਕਿਤਾਬ ਨੂੰ ਪੋਸਟ ਆਫ਼ਿਸ ਰਾਹੀਂ ਭੇਜਣ 'ਤੇ ਖਰਚ ਬਹੁਤ ਘੱਟ ਆਉਂਦਾ ਸੀ। ਪਰ ਸਰਕਾਰ ਨੇ ਪਤਾ ਨੀਂ ਕਿਸ ਨੀਤੀ ਅਧੀਨ ਇਸ ਸੇਵਾ ਨੂੰ ਬੰਦ ਕਰ ਦਿੱਤਾ। ਲੋਕ ਤਾਂ ਪਹਿਲਾਂ ਹੀ ਸਾਹਿਤ ਤੋਂ ਟੁੱਟਦੇ ਜਾ ਰਹੇ ਹਨ। ਇਸ ਸੇਵਾ ਨੂੰ ਬੰਦ ਕਰਨ ਨਾਲ ਡਾਕ ਜ਼ਰੀਏ ਕਿਤਾਬ ਭੇਜਣ ਦਾ ਖਰਚ ਬਹੁਤ ਜ਼ਿਆਦਾ ਵਧ ਚੁੱਕਿਆ ਹੈ, ਜਿਸ ਕਰਕੇ ਕਿਤਾਬ ਵਿਕਰੇਤਾਵਾਂ ਨੇ ਕਿਤਾਬ ਦਾ ਖਰਚ ਵਧਾ ਦਿੱਤਾ ਹੈ, ਜਿਸ ਦਾ ਬੋਝ ਸਾਹਿਤ ਪ੍ਰੇਮੀਆਂ 'ਤੇ ਪਿਆ ਹੈ। ਕਿਤਾਬਾਂ ਦੇ ਭਾਅ ਵਧਣ ਨਾਲ ਕਿਤਾਬ ਖਰੀਦਦਾਰਾਂ ਦੀ ਗਿਣਤੀ ਵਿਚ ਬਹੁਤ ਕਮੀ ਆਈ ਹੈ। ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਅਜਿਹੇ ਫ਼ੈਸਲਿਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਸੀ। ਸਰਕਾਰ ਅੱਗੇ ਬੇਨਤੀ ਹੈ ਕਿ ਜਲਦ ਤੋਂ ਜਲਦ ਬੁੱਕ ਪੋਸਟ ਸੇਵਾ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਤਾਂ ਜੋ ਚੰਗੇ ਸਾਹਿਤ ਦੀ ਲੋਕਾਂ ਦੇ ਹੱਥਾਂ ਤੱਕ ਪਹੁੰਚ ਆਸਾਨ ਹੋਵੇ।

-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ।

ਰੀਤੀ-ਰਿਵਾਜ ਬਨਾਮ ਔਰਤ

ਪਿਛਲੇ ਦਿਨੀਂ 'ਅਜੀਤ' ਦੇ ਨਾਰੀ ਸੰਸਾਰ ਅੰਕ 'ਚ ਛਪਿਆ ਲੇਖ 'ਤਾਂ ਕਿ ਉਹ ਬਣ ਸਕੇ ਅਸਮਾਨ ਦੀ ਪਰੀ' ਪੜ੍ਹਿਆ, ਮਨ ਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਸਾਡੀਆਂ ਲੜਕੀਆਂ ਕਿਸੇ ਨਾਲੋਂ ਘੱਟ ਨਹੀਂ ਹਨ। ਪਰ ਅਜੇ ਵੀ ਸਾਡਾ ਸਮਾਜ ਲੜਕੀਆਂ ਨੂੰ ਲੜਕਿਆਂ ਬਰਾਬਰ ਨਹੀਂ ਸਮਝਦਾ ਹੈ। ਜਿਸ ਔਰਤ ਨੇ ਵੱਡੇ-ਵੱਡੇ ਸੂਰਮਿਆਂ ਨੂੰ ਜਨਮ ਦਿੱਤਾ, ਉਸ ਨੂੰ ਅਸੀਂ ਕਮਜ਼ੋਰ ਸਮਝਣ ਦੀ ਗ਼ਲਤੀ ਕਿਵੇਂ ਕਰ ਸਕਦੇ ਹਾਂ। ਸਮਾਜ ਸਾਰੇ ਰੀਤੀ-ਰਿਵਾਜ ਔਰਤ 'ਤੇ ਥੋਪ ਦਿੰਦਾ ਹੈ।
ਔਰਤ ਨਾਲ ਘਰ ਵਿਚ ਮਾੜਾ ਵਰਤਾਰਾ ਕੀਤਾ ਜਾਂਦਾ ਹੈ। ਔਰਤ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਜੇਕਰ ਔਰਤ ਚਾਹਵੇ ਕਿ ਉਸ ਦੇ ਹਿਸਾਬ ਨਾਲ ਕੋਈ ਚੱਲੇ, ਫਿਰ ਕੋਈ ਨਹੀਂ ਚੱਲੇਗਾ ਤੇ ਔਰਤ ਉੱਪਰ ਉਂਗਲ ਉਠਾਏਗਾ। ਸੋ, ਆਓ ਆਪਾਂ ਆਪਣੀ ਸੋਚ ਨੂੰ ਬਦਲੀਏ, ਸਭ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਹੱਕ ਹੈ।

-ਲਵਪ੍ਰੀਤ ਕੌਰ

ਅੰਧ ਵਿਸ਼ਵਾਸ ਦਾ ਵਧਦਾ ਕਾਰੋਬਾਰ

ਵਿਗਿਆਨ ਤੇ ਤਕਨਾਲੋਜੀ ਭਾਵੇਂ ਹਰ ਰੋਜ਼ ਨਵੀਆਂ ਬੁਲੰਦੀਆਂ ਛੋਹ ਰਹੀ ਹੈ ਪ੍ਰੰਤੂ ਉਹ ਮਨੁੱਖ ਦੀ ਸਮ੍ਰਿਤੀ ਵਿਚੋਂ ਵਹਿਮ, ਭਰਮ ਤੇ ਅੰਧ ਵਿਸ਼ਵਾਸਾਂ ਨੂੰ ਕੱਢਣ ਵਿਚ ਨਾਕਾਮ ਰਹੀ ਹੈ। ਵਿਗਿਆਨ ਦੀ ਅਣਹੋਂਦ ਅਤੇ ਸਿੱਖਿਆ ਦਾ ਪ੍ਰਸਾਰ ਘੱਟ ਹੋਣ ਕਰਕੇ ਸਦੀਆਂ ਤੋਂ ਚਲੇ ਆ ਰਹੇ ਵਹਿਮ-ਭਰਮ ਅੱਜ ਵੀ ਉਸੇ ਤਰ੍ਹਾਂ ਜਾਰੀ ਹਨ। ਆਪਣੇ ਆਪ ਨੂੰ ਤਾਂਤਰਿਕ ਅਤੇ ਹਰੇਕ ਸਮੱਸਿਆ ਦਾ ਹੱਲ ਦੱਸਣ ਵਾਲੇ ਢੋਂਗੀ ਤਾਂਤਰਿਕਾਂ ਦੀਆਂ ਗੱਲਾਂ ਵਿਚ ਆ ਕੇ ਭੋਲੇ-ਭਾਲੇ ਲੋਕ ਅੱਜ ਵੀ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਦਿੰਦੇ ਹਨ। ਅੰਧ ਵਿਸ਼ਵਾਸਾਂ ਦੇ ਵਧ ਰਹੇ ਪ੍ਰਭਾਵ ਨੂੰ ਦਰਸਾਉਂਦੀ ਅਜਿਹੀ ਘਟਨਾ ਛੱਤੀਸਗੜ੍ਹ ਦੇ ਰਾਏਪੁਰ ਵਿਚ ਵਾਪਰੀ ਜਿਥੇ ਇਕ ਵਿਅਕਤੀ ਨੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ 20 ਸੈਂਟੀਮੀਟਰ ਲੰਮਾ ਚੂਚਾ ਸਾਬਤਾ ਹੀ ਨਿਗਲ਼ ਲਿਆ ਜਿਸ ਕਰਕੇ ਉਸਦੀ ਮੌਤ ਹੋ ਗਈ।
ਅੰਧ ਵਿਸ਼ਵਾਸ ਅਤੇ ਡੇਰੇਵਾਦ ਦੇ ਚੱਕਰਾਂ ਵਿਚ ਪੈ ਕੇ ਔਰਤਾਂ ਦੇ ਸ਼ੋਸ਼ਣ ਹੋਣ ਦੀਆਂ ਘਟਨਾਵਾਂ ਵੀ ਘੱਟ ਨਹੀਂ। ਅੰਧ ਵਿਸ਼ਵਾਸਾਂ ਅਤੇ ਢੋਂਗੀ ਬਾਬਿਆਂ ਤੇ ਨਕੇਲ ਕੱਸਣ ਲਈ ਜਿਥੇ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਹੋਵੇਗਾ ਉਥੇ ਵਿਗਿਆਨਕ ਚੇਤਨਾ ਨੂੰ ਹਰ ਇਕ ਵਿਅਕਤੀ ਤੱਕ ਪਹੁੰਚਾਉਣਾ ਹੋਵੇਗਾ।

-ਰਜਵਿੰਦਰ ਪਾਲ ਸ਼ਰਮਾ