26-12-2024
ਬੱਚਿਆਂ ਦੀ ਅਣਦੇਖੀ ਘਾਤਕ ਹੋ ਸਕਦੀ ਹੈ
ਮਹਿੰਗਾਈ ਦੇ ਯੁੱਗ 'ਚ ਮਾਪਿਆਂ ਨੂੰ ਘਰ ਦੀਆਂ ਲੋੜਾਂ ਤੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਪੈਸਾ ਕਮਾਉਣ ਲਈ ਬੜੀ ਮੁਸ਼ੱਕਤ ਕਰਨੀ ਪੈਂਦੀ ਹੈ। ਬਹੁਤ ਸਾਰੇ ਮਾਪੇ ਪੈਸੇ ਕਮਾਉਣ ਦੇ ਚੱਕਰ ਤੇ ਕੰਮ ਧੰਦਿਆਂ ਵਿਚ ਇੰਨੇ ਬਿਜ਼ੀ ਹੋ ਜਾਂਦੇ ਹਨ ਕਿ ਉਹ ਆਪਣੇ ਬੱਚਿਆਂ ਵੱਲ ਕੋਈ ਖ਼ਾਸ ਧਿਆਨ ਨਹੀਂ ਦੇ ਪਾਉਂਦੇ। ਮਾਪਿਆਂ ਦੀ ਇਸ ਅਣਗਹਿਲੀ ਕਾਰਨ ਅਨੇਕਾਂ ਬੱਚੇ ਗ਼ਲਤ ਕੰਮਾਂ ਵਿਚ ਵੜ ਕੇ ਆਪਣਾ ਜੀਵਣ ਖਰਾਬ ਕਰ ਲੈਂਦੇ ਹਨ। ਮਾਪਿਆਂ ਵਲੋਂ ਆਪਣੇ ਲਾਡਲੇ ਜਾਂ ਲਾਡਲੀ ਦੀ ਸਹੂਲਤ ਲਈ ਉਨ੍ਹਾਂ ਨੂੰ ਮੋਬਾਈਲ ਫੋਨ ਤਾਂ ਲੈ ਦਿੱਤਾ ਜਾਂਦਾ ਹੈ ਪਰ ਇਸ ਗੱਲ ਦਾ ਬਿਲਕੁਲ ਖ਼ਿਆਲ ਨਹੀਂ ਰੱਖਿਆ ਜਾਂਦਾ ਕਿ ਉਨ੍ਹਾਂ ਦਾ ਬੱਚਾ ਇਸ ਮੋਬਾਈਲ ਫ਼ੋਨ ਦੀ ਸਹੀ ਵਰਤੋਂ ਕਰ ਰਿਹਾ ਹੈ ਜਾਂ ਦੁਰਵਰਤੋਂ ਕਰ ਰਿਹਾ ਹੈ। ਅੱਜ ਦੇ ਜ਼ਮਾਨੇ ਵਿਚ ਸਕੂਲ ਪੜ੍ਹਦੇ ਹਰੇਕ ਬੱਚੇ ਦੇ ਮਾਪਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਬੱਚੇ ਦੇ ਸਕੂਲ/ਕਾਲਜ ਵਿਚ ਕਿਸ ਤਰ੍ਹਾਂ ਦੇ ਦੋਸਤ ਮਿੱਤਰ ਹਨ, ਉਹ ਟੀ.ਵੀ. 'ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਜ਼ਿਆਦਾ ਦੇਖਦੇ ਹਨ। ਇਹ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਵਲੋਂ ਆਪਣੀਆਂ ਅੱਖਾਂ ਉੱਪਰ ਮੋਹ ਦੀਆਂ ਪੱਟੀਆਂ ਬੰਨ੍ਹ ਕੇ ਆਪਣੇ ਬੱਚਿਆਂ ਉੱਪਰ ਅੰਨਾ ਵਿਸ਼ਵਾਸ ਕੀਤਾ ਜਾਂਦਾ ਹੈ ਪਰ ਜਦੋਂ ਉਨ੍ਹਾਂ ਨੂੰ ਆਪਣੇ ਬੱਚੇ ਦਾ ਵਿਗੜਿਆ ਹੋਇਆ ਅਸਲੀ ਚਿਹਰਾ ਨਜ਼ਰ ਆਉਂਦਾ ਹੈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
-ਰਾਜਾ ਗਿੱਲ (ਚੜਿੱਕ)
ਪਿੰਡ ਤੇ ਡਾਕ. ਚੜਿੱਕ, (ਮੋਗਾ)
ਸਰੀਰਕ ਸਿਹਤ ਦਾ ਖ਼ਜ਼ਾਨਾ
ਅੱਜ ਦੇ ਜ਼ਮਾਨੇ ਵਿਚ ਸਿਹਤ ਠੀਕ ਰਹਿਣੀ ਬਹੁਤ ਜ਼ਰੂਰੀ ਹੈ। ਜੇ ਅਸੀਂ ਤੰਦਰੁਸਤ ਹਾਂ ਤਾਂ ਸੰਸਾਰ ਵੀ ਸਾਨੂੰ ਬਹੁਤ ਸੋਹਣਾ ਲਗਦਾ ਹੈ। ਨਹੀਂ ਤਾਂ ਆਪਣੇ ਹੀ ਘਰ ਦੇ ਮੈਂਬਰਾਂ ਤੋਂ ਖਿਝ ਆਉਣੀ ਸ਼ੁਰੂ ਹੋ ਜਾਂਦੀ ਹੈ। ਜੇ ਅਸੀਂ ਸਿਹਤ ਪੱਖੋਂ ਤੰਦਰੁਸਤ ਨਹੀਂ, ਤਾਂ ਚਾਹੇ ਪਾਰਕ ਜਾਂ ਖਿਲੀ ਹੋਈ ਕੁਦਰਤ ਦੀ ਗੋਦ ਵਿਚ ਬੈਠ ਜਾਈਏ, ਭਾਵੇਂ ਪੰਜ ਤਾਰਾ ਹੋਟਲ ਵਿਚ ਬੈਠ ਕੇ ਖਾਣਾ ਖਾ ਲਈਏ। ਕੁਝ ਚੰਗਾ ਨਹੀਂ ਲਗਦਾ ਤਾਂ ਫਿਰ ਅਸੀਂ ਜ਼ਿੰਦਗੀ ਨੂੰ ਕੱਟਦੇ ਹਾਂ ਮਾਣਦੇ ਨਹੀਂ। ਆਨੰਦ ਨਾਲ ਜ਼ਿੰਦਗੀ ਨਹੀਂ ਗੁਜ਼ਾਰਦੇ। ਘਰ ਵਿਚ ਕਲੇਸ਼ ਵਰਗਾ ਮਾਹੌਲ ਹੁੰਦਾ ਹੈ। ਘਰ ਦੇ ਹੀ ਮੈਂਬਰ ਇਕ ਦੂਜੇ ਨੂੰ ਵੱਢ-ਵੱਢ ਖਾਣ ਨੂੰ ਪੈਂਦੇ ਹਨ। ਚੰਗੀ ਸਿਹਤ ਲਈ ਸੈਰ ਤੇ ਕਸਰਤ ਕਰੋ। ਹੋ ਸਕੇ ਤਾਂ ਸਾਈਕਲ ਵੀ ਚਲਾਓ। ਜੰਕ ਫੂਡ ਤੋਂ ਪਰਹੇਜ਼ ਕਰੋ। ਹਮੇਸ਼ਾ ਭੁੱਖ ਰੱਖ ਕੇ ਖਾਓ। ਪੇਟ ਨੂੰ ਕੂੜਾਦਾਨ ਨਾ ਬਣਾਓ। ਘਰ ਵਿਚ ਸ਼ਾਂਤੀ ਦਾ ਮਾਹੌਲ ਪੈਦਾ ਕਰੋ। ਘਰ ਵਿਚ ਇਕ ਦੂਜੇ ਦੀ ਇੱਜ਼ਤ ਕਰੋ। ਘਰ ਪਰਿਵਾਰਕ ਸਾਂਝ, ਪਿਆਰ, ਨਿਮਰਤਾ, ਸਹਿਣਸ਼ੀਲਤਾ ਨਾਲ ਬਣਦਾ ਹੈ। ਚੰਗੇ ਵਿਚਾਰਾਂ ਵਾਲੇ ਦੋਸਤਾਂ ਦਾ ਸੰਗ ਕਰੋ।
-ਸੰਜੀਵ ਸਿੰਘ ਸੈਣੀ
ਮੁਹਾਲੀ
ਲੋਕ ਗ਼ਲਤੀ ਮੰਨਣ ਤੋਂ ਇਨਕਾਰੀ ਕਿਉਂ?
ਬਹੁਤ ਪੁਰਾਣੀ ਗੱਲ ਨਹੀਂ ਅੱਜ ਤੋਂ ਪੰਦਰਾਂ, ਵੀਹ ਸਾਲ ਪਹਿਲਾਂ ਜਦੋਂ ਕੋਈ ਗ਼ਲਤੀ ਕਰਦਾ ਸੀ ਤਾਂ ਗਲਤੀ ਮੰਨ ਵੀ ਲੈਂਦਾ ਸੀ ਕਿਉਂਕਿ ਗ਼ਲਤੀ ਹੋਣਾਂ ਬਾਰੇ ਪਤਾ ਵੀ ਲੱਗ ਜਾਂਦਾ ਸੀ। ਬੱਚਿਆਂ, ਪਿੰਡ ਤੇ ਮਹੱਲੇ ਵਾਲਿਆਂ ਨੂੰ ਵੀ ਨਸੀਹਤ ਹੋ ਜਾਂਦੀ ਸੀ। ਹੁਣ ਤਾਂ ਗ਼ਲਤੀ ਛੱਡ ਤੁਸੀਂ ਗੁਨਾਹ ਵੀ ਕਰ ਲਉ। ਉਸ ਨੂੰ ਵੀ ਸਹੀ ਸਾਬਤ ਕਰ ਦਿੱਤਾ ਜਾਂਦਾ ਹੈ। ਇੰਟਰਨੈੱਟ ਰਾਹੀਂ ਹਰ ਗੱਲ ਨੂੰ ਦੂਜੇ ਤਰੀਕੇ ਨਾਲ ਸਹੀ ਠਹਿਰਾ ਦਿੱਤਾ ਜਾਂਦਾ ਹੈ। ਵਿਊ, ਲਾਈਕ ਅਤੇ ਸ਼ੇਅਰ ਆਉਣੇ ਚਾਹੀਦੇ ਹਨ, ਤੁਸੀਂ ਕੁਝ ਵੀ ਕਰ ਸਕਦੇ ਹੋ। ਚੰਗੇ ਵਿਚਾਰ ਦੱਬੇ ਰਹਿ ਜਾਂਦੇ ਹਨ। ਸੋਸ਼ਲ ਮੀਡੀਆ ਉੱਪਰ ਅਸ਼ਲੀਲਤਾ ਇੰਨੀ ਭਾਰੀ ਪੈ ਚੁੱਕੀ ਹੈ ਲੋਕ ਕੁਝ ਵੀ ਕਹਿਣ ਕਰਨ ਤੋਂ ਗੁਰੇਜ ਨਹੀਂ ਕਰਦੇ। ਪਰ ਇਹ ਵੀ ਨਹੀਂ ਕਿ ਸਭ ਕੁਝ ਖ਼ਤਮ ਹੀ ਹੋ ਗਿਆ ਹੈ। ਜਦੋਂ ਕੁਝ ਚੰਗਾ ਵੇਖਦੇ ਹਾਂ ਅੱਖਾਂ ਵਿਚ ਚਮਕ ਅਤੇ ਚਿਹਰੇ 'ਤੇ ਖ਼ੁਸ਼ੀ ਆ ਜਾਂਦੀ ਹੈ, ਪਰ ਅਫ਼ਸੋਸ ਅਜਿਹੇ ਮੌਕੇ ਬਹੁਤ ਘੱਟ ਆਉਂਦੇ ਹਨ।
-ਹਰਜਾਪ ਸਿੰਘ
ਖੈਰਾਬਾਦ।