JALANDHAR WEATHER

05-12-2024

 ਧੀਆਂ ਪ੍ਰਤੀ ਸੋਚ ਬਦਲਣ ਦੀ ਲੋੜ
ਭਾਰਤੀ ਸਮਾਜ ਮੁੱਢ ਤੋਂ ਹੀ ਮਰਦ ਪ੍ਰਧਾਨ ਰਿਹਾ ਹੈ। ਕਿਸੇ ਵੀ ਮਰਦ ਪ੍ਰਧਾਨ ਸਮਾਜ 'ਚ ਔਰਤ ਨੂੰ ਮਰਦ ਬਰਾਬਰ ਦਰਜਾ ਤੇ ਮਾਣ-ਸਨਮਾਨ ਨਹੀਂ ਮਿਲ ਸਕਦਾ। ਪੁਰਾਤਨ ਸਮੇਂ ਤੋਂ ਹੀ ਭਾਰਤੀ ਮਾਨਸਿਕਤਾ ਵਿਚ ਧਾਰਨਾ ਘਰ ਕਰ ਚੁੱਕੀ ਹੈ ਕਿ ਕੁੜੀਆਂ ਤਾਂ ਪਰਾਇਆ ਧਨ ਹੁੰਦੀਆਂ ਹਨ ਤੇ ਬੇਗਾਨੇ ਧਨ ਨਾਲ ਕਿਸੇ ਨੂੰ ਪਿਆਰ ਨਹੀਂ ਹੁੰਦਾ, ਜਿੰਨਾ ਆਪਣੇ ਧਨ ਨਾਲ ਹੁੰਦਾ ਹੈ। ਇਸੇ ਲਈ ਉਨ੍ਹਾਂ ਨੂੰ ਜਨਮ ਤੋਂ ਹੀ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਪੁੱਤਾਂ ਨੂੰ ਵੱਧ ਪਿਆਰ ਦਿੱਤਾ ਜਾਂਦਾ ਹੈ। ਪੁੱਤ ਦੇ ਜਨਮ 'ਤੇ ਘਰਾਂ 'ਚ ਲੱਡੂ ਵੰਡੇ ਜਾਂਦੇ ਹਨ। ਧੀ ਦੇ ਜਨਮ ਵੇਲੇ ਘਰ 'ਚ ਸੋਗ ਪੈ ਜਾਂਦਾ ਹੈ। ਸੋਚਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੀ ਬਿਮਾਰ ਮਾਨਸਿਕਤਾ ਨੂੰ ਲੈ ਕੇ ਅਸੀਂ ਕਿੰਨਾ ਚਿਰ ਤੁਰਦੇ ਰਹਾਂਗੇ। ਦੁਨੀਆ ਚੰਦ ਤਾਰਿਆਂ 'ਤੇ ਪਹੁੰਚ ਗਈ ਹੈ। ਅਸੀਂ ਅੱਗੇ ਵਧਣ ਦੀ ਬਜਾਏ ਪਿੱਛੇ ਵੱਲ ਜਾ ਰਹੇ ਹਾਂ। ਅੱਜ ਕੱਲ੍ਹ ਦੀਆਂ ਧੀਆਂ ਕਿਸੇ ਤੋਂ ਘੱਟ ਨਹੀਂ। ਸਮਾਂ ਮੰਗ ਕਰਦਾ ਹੈ ਕਿ ਅਸੀਂ ਆਪਣੀ ਸੋਚ ਬਦਲੀਏ ਅਤੇ ਧੀਆਂ ਦਾ ਵੀ ਪੂਰਾ ਸਨਮਾਨ ਕਰੀਏ।

-ਸ਼ਾਰਦਾ ਸ਼ਰਮਾ
ਪਿੰਡ ਤੇ ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

ਇਖਲਾਕੀ ਗਿਰਾਵਟ ਦੀ ਸਿਖ਼ਰ
ਅਜੋਕੇ ਸਮੇਂ ਸਮਾਜ ਅੰਦਰ ਇਖਲਾਕੀ ਕਦਰਾਂ ਕੀਮਤਾਂ ਦੀ ਨਾ ਕੇਵਲ ਅਣਦੇਖੀ ਹੋ ਰਹੀ ਹੈ, ਸਗੋਂ ਉਨ੍ਹਾਂ ਨੂੰ ਤਹਿਸ-ਨਹਿਸ ਕਰਨ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਇਸ ਦੀ ਮਿਸਾਲ ਅਜੀਤ ਅਖ਼ਬਾਰ ਦੇ ਮਿਤੀ 9 ਅਕਤੂਬਰ ਦੇ ਪਹਿਲੇ ਪੰਨੇ ਤੇ ਛਪੀ ਇਕ ਦਰਦਨਾਕ ਅਤੇ ਦਿਲ ਕੰਬਾਊ ਖਬਰ ਕਿ 'ਲੁਧਿਆਣਾ 'ਚ 6 ਸਾਲਾ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ' ਤੋਂ ਲਈ ਜਾ ਸਕਦੀ ਹੈ। ਖ਼ਬਰ ਮੁਤਾਬਕ ਜ਼ਿਲ੍ਹਾ ਲੁਧਿਆਣਾ ਦੇ ਥਾਣਾ ਮੋਤੀ ਨਗਰ 'ਚ ਅੰਦਰ ਪੈਂਦੇ ਇਲਾਕੇ ਦੀ 6 ਸਾਲਾ ਬੱਚੀ ਨਾਲ ਜਬਰਜਨਾਹ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਹੱਤਿਆ ਕਰਨ ਉਪਰੰਤ ਬੱਚੀ ਦੀ ਲਾਸ਼ ਨੂੰ ਨਗਨ ਹਾਲਤ 'ਚ ਲੇਬਰ ਕੁਆਰਟਰ ਦੀ ਤੀਜ਼ੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਮਨ ਸੋਚਣ ਲਈ ਮਜਬੂਰ ਹੋ ਗਿਆ ਕਿ ਸਾਡਾ ਸਮਾਜ ਕਹਿਣ ਨੂੰ ਤਾਂ ਸਾਇੰਸ ਤੇ ਕੰਪਿਊਟਰ ਯੁੱਗ 'ਚ ਵਿਚਰ ਰਿਹਾ ਹੈ ,ਪਰ ਇਹ ਕਿਸ ਪਾਸੇ ਜਾ ਰਿਹਾ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਜਦੋਂ ਸਮਾਜ ਅੰਦਰ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰਦੀ ਹੋਵੇ। ਬਿਨਾਂ ਸ਼ੱਕ ਅਜਿਹੀਆਂ ਘਟਨਾਵਾਂ ਕਿਸੇ ਵੀ ਸੱਭਿਅਕ ਸਮਾਜ ਦੇ ਮੱਥੇ 'ਤੇ ਕਲੰਕ ਹਨ। ਸੋ ਲੋੜ ਹੈ ਕਿ ਸਰਕਾਰੀ ਤੇ ਗੈਰ ਸਰਕਾਰੀ ਪੱਧਰ 'ਤੇ ਯੋਗ ਅਤੇ ਢੁਕਵੇਂ ਕਦਮ ਉਠਾਏ ਜਾਣ ਤਾਂ ਕਿ ਸਮਾਜ ਅੰਦਰ ਔਰਤਾਂ ਖ਼ਿਲਾਫ਼ ਅਜਿਹੀਆਂ ਮੰਦਭਾਗੀ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।

-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।

ਸਦਾ ਸਹੀ ਰੱਖੋ ਬੋਲਣ ਦਾ ਸਲੀਕਾ
ਸਿਆਣੇ ਕਹਿੰਦੇ ਹਨ ਕਿ ਤੁਹਾਡਾ ਬੋਲਣ ਦਾ ਤਰੀਕਾ ਤੇ ਸਲੀਕਾ ਇੰਨਾ ਵਧੀਆ ਹੋਣਾ ਚਾਹੀਦਾ ਹੈ ਕਿ ਤੁਹਾਡੇ ਸਾਹਮਣੇ ਵਾਲਾ ਵਿਅਕਤੀ ਅਸ਼! ਅਸ਼! ਕਰ ਉੱਠੇ। ਤੁਹਾਡੇ ਮੂੰਹ 'ਚੋਂ ਨਿਕਲੇ ਬੋਲਾਂ ਨਾਲ ਸਾਹਮਣੇ ਵਾਲਾ ਕੀਲਿਆ ਜਾਵੇ। ਬਹੁਤ ਵਾਰੀ ਵੇਖਿਆ ਹੈ ਕਿ ਲੋਕਾਂ ਦਾ ਗੱਲ ਕਰਨ ਦਾ ਤਰੀਕਾ ਇੰਨਾ ਖਰ੍ਹਵਾਂ ਹੁੰਦਾ ਹੈ ਕਿ ਸਾਹਮਣੇ ਵਾਲੇ ਨੂੰ ਇੰਝ ਲੱਗਦਾ ਹੈ ਜਿਵੇਂ ਤੁਸੀਂ ਉਸ ਨੂੰ ਗਾਲਾਂ ਕੱਢ ਰਹੇ ਹੋਵੋ। ਜਿਸ ਕਰਕੇ ਉਹ ਤੁਹਾਡੀ ਚੰਗੀ ਗੱਲ ਵੀ ਸੁਣਨ ਲਈ ਤਿਆਰ ਨਹੀਂ ਹੁੰਦਾ। ਤੁਹਾਡੇ ਬੋਲਣ ਦਾ ਤਰੀਕਾ ਤੁਹਾਡੀ ਸ਼ਖ਼ਸੀਅਤ ਨੂੰ ਦਰਸਾਉਂਦਾ ਹੈ। ਤੁਹਾਡੇ ਬੋਲਣ ਦਾ ਸਲੀਕਾ ਤੁਹਾਡੀ ਸ਼ਖ਼ਸੀਅਤ ਦਾ ਦੂਸਰੇ ਵਿਅਕਤੀ ਅੱਗੇ ਸੋਹਣਾ ਪ੍ਰਭਾਵ ਪਾਉਂਦਾ ਹੈ।

-ਲੈਕਚਰਾਰ ਅਜੀਤ ਖੰਨਾ

ਬਚਪਨ ਤੇ ਸੰਸਕਾਰ
ਮਾਂ ਪਿਉ ਬੱਚੇ ਨੂੰ ਕੇਵਲ ਜਨਮ ਹੀ ਨਹੀਂ ਦਿੰਦੇ ਸਗੋਂ ਉਨ੍ਹਾਂ ਨੂੰ ਸੰਸਕਾਰ ਵੀ ਦਿੰਦੇ ਹਨ। ਗਰਭ ਅਵਸਥਾ ਦੇ ਦੌਰਾਨ ਮਾਂ ਜੋ ਵੀ ਵਿਚਾਰ ਕਰਦੀ ਹੈ, ਉਸ ਦਾ ਗਰਭ ਵਿਚ ਪਲ ਰਹੇ ਬੱਚੇ 'ਤੇ ਅਚੇਤ ਹੀ ਪ੍ਰਭਾਵ ਪੈਂਦਾ ਹੈ। ਮਾਂ ਦਾ ਖਾਣ-ਪੀਣ, ਗਮੀ, ਖ਼ੁਸ਼ੀ, ਕਾਟੋ ਕਲੇਸ਼ ਤੇ ਵਿਚਾਰ ਗਰਭ ਵਿਚ ਪਲ ਰਹੇ ਬੱਚੇ 'ਤੇ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪਾਉਂਦੇ ਹਨ। ਬੱਚਿਆਂ ਦੇ ਯੋਗ ਪਾਲਣ ਪੋਸ਼ਣ ਤੇ ਵਿਕਾਸ ਵੱਲ ਉਚੇਚੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਬੱਚਿਆਂ ਦੀ ਸੰਗਤ ਉਨ੍ਹਾਂ ਦੇ ਆਚਰਣ ਤੇ ਆਦਤਾਂ 'ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਇਸ ਲਈ ਮਾਂ-ਪਿਓ ਨੂੰ ਬੱਚਿਆਂ ਦੀ ਸੰਗਤ ਬਾਰੇ ਬਹੁਤ ਸੁਚੇਤ ਰਹਿੰਦਿਆਂ ਉਨ੍ਹਾਂ ਨੂੰ ਹਰ ਹਾਲਾਤ ਵਿਚ ਮਾੜੀ ਸੰਗਤ ਤੋਂ ਬਚਾਉਣਾ ਚਾਹੀਦਾ ਹੈ। ਬੱਚਿਆਂ ਨੂੰ ਪੌਸ਼ਟਿਕ ਭੋਜਨ, ਮਿਆਰੀ ਵਿੱਦਿਆ ਤੇ ਚੰਗੇ ਸੰਸਕਾਰ ਦੇ ਕੇ ਕਾਬਲ ਬਣਾਉਣਾ ਹਰ ਮਾਂ-ਪਿਓ ਦਾ ਪਹਿਲਾ ਫਰਜ਼ ਹੈ। ਅੱਜ ਦੇ ਬੱਚੇ ਹੀ ਸਾਡੇ ਕੱਲ੍ਹ ਦੇ ਵਾਰਸ ਹਨ। ਉਨ੍ਹਾਂ ਨੇ ਹੀ ਭਵਿੱਖ ਵਿਚ ਦੇਸ਼ ਤੇ ਸਮਾਜ ਦੀ ਵਾਗਡੋਰ ਸੰਭਾਲਣੀ ਹੈ।

-ਗੌਰਵ ਮੁੰਜਾਲ ਪੀ.ਸੀ.ਐਸ.