30-11-2024
ਯਤਨ ਜਾਰੀ ਰੱਖੋ
ਸਾਡੇ ਜੀਵਨ ਵਿਚ ਸਫਲਤਾ ਸਾਡੇ ਯਤਨਾਂ 'ਤੇ ਨਿਰਭਰ ਕਰਦੀ ਹੈ। ਸਾਰਥਿਕ ਯਤਨਾਂ ਦਾ ਨਤੀਜਾ ਦੇਰ ਨਾਲ ਪਰ ਵਧੀਆ ਮਿਲਦਾ ਹੈ। ਨਵਾਂ-ਨਵਾਂ ਕਾਰੋਬਾਰ ਜਲਦੀ ਰਫ਼ਤਾਰ ਨਹੀਂ ਫੜਦਾ ਹੁੰਦਾ। ਜਦੋਂ ਮੈਂ 'ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸਕੂਲ ਵਿਚ ਸਹਾਇਕ ਕਰਮਚਾਰੀ ਲੱਗਾ ਸੀ ਉਦੋਂ ਮੇਰੀ ਪੜ੍ਹਾਈ ਬਾਰ੍ਹਵੀਂ ਪਾਸ ਸੀ। ਸਕੂਲ ਵਿਚ ਕੰਮ ਕਰਦਿਆਂ ਬਹੁਤ ਦੇਰ ਬਾਅਦ ਪੜ੍ਹਾਈ ਦੇ ਮਹੱਤਵ ਦੀ ਸਮਝ ਆਈ। ਫਿਰ ਮੈਂ ਪ੍ਰਾਈਵੇਟ ਬੀ.ਏ. ਕਰਨ ਦਾ ਯਤਨ ਕੀਤਾ ਤੇ ਪੰਜਾਬ ਯੂਨੀਵਰਸਿਟੀ 'ਚ ਦਾਖ਼ਲਾ ਭਰਿਆ। ਬੀ.ਏ. ਭਾਗ ਪਹਿਲਾ ਵਧੀਆ ਨੰਬਰਾਂ 'ਚ ਪਾਸ ਕੀਤਾ ਪਰ ਇਕ ਅਧਿਆਪਕ ਨੇ ਮੇਰੀ ਪੜ੍ਹਾਈ ਛੁਡਵਾ ਕੇ ਹੋਰ ਕਿਸੇ ਰਸਤੇ ਪਾ ਦਿੱਤਾ। ਫਿਰ ਮੇਰੀ ਬੀ.ਏ. ਦੀ ਪੜਾਈ ਵਿਚ ਖੜੌਤ ਆ ਗਈ। ਸਕੂਲ ਵਿਚ ਕੰਮ ਬਹੁਤ ਹੁੰਦਾ ਸੀ। ਪੜ੍ਹਾਈ ਦਾ ਸਮਾਂ ਨਹੀਂ ਰਿਹਾ ਸੀ। ਜਦੋਂ ਮੇਰੀ ਪਤਨੀ ਈ.ਟੀ.ਟੀ. ਅਧਿਆਪਕ ਲੱਗ ਗਈ ਤਾਂ ਉਸ ਨੇ ਮੈਨੂੰ ਪੜ੍ਹਨ ਲਈ ਪ੍ਰੇਰਿਆ। ਮੈਂ ਈ.ਟੀ.ਟੀ. ਡਾਈਟ ਸ੍ਰੀ ਮੁਕਤਸਰ ਤੋਂ ਕਰ ਕੇ ਬੀ.ਏ. ਕਰ ਲਈ ਫਿਰ ਈ.ਟੀ.ਟੀ. ਕਰਨ ਤੋਂ ਬਾਅਦ ਅਧਿਆਪਕ ਲੱਗ ਗਿਆ। ਉਸ ਤੋਂ ਬਾਅਦ ਮੈਂ ਲਵਲੀ ਯੂਨੀਵਰਸਿਟੀ ਤੋਂ ਬੀ.ਲਿਬ/ਐਮ.ਲਿਬ ਕਰ ਗਿਆ। ਹਮੇਸ਼ਾ ਯਤਨ ਜਾਰੀ ਰੱਖੋ, ਮਿਹਨਤ ਤੋਂ ਕਦੇ ਟਾਲਾ ਨਾ ਵੱਟੋ।
-ਰਾਮ ਸਿੰਘ ਪਾਠਕ
ਵਿਦੇਸ਼ ਜਾਣ ਦਾ ਰੁਝਾਨ
ਪੰਜਾਬੀ ਨੌਜਵਾਨਾਂ ਦੀ ਵਿਦੇਸ਼ ਨੂੰ ਉਡਾਰੀ ਜਾਰੀ ਹੈ। ਕਿਸੇ ਲਈ ਵੀ ਆਪਣਾ ਘਰ-ਬਾਰ ਛੱਡਣਾ ਸੌਖਾ ਨਹੀਂ ਹੁੰਦਾ, ਅਨੇਕਾਂ ਮਜਬੂਰੀਆਂ ਕਰਕੇ ਹੀ ਆਪਣੀ ਧਰਤੀ ਤੋਂ ਵੱਖ ਹੋਣਾ ਪੈਂਦਾ ਹੈ। ਲੋਕ ਜ਼ਮੀਨ ਜਾਇਦਾਦ, ਘਰ-ਬਾਰ ਵੇਚ ਕੇ ਪਰਿਵਾਰ ਸਮੇਤ ਵਿਦੇਸ਼ਾਂ 'ਚ ਵੱਸਣ ਲਈ ਭੱਜ ਰਹੇ ਹਨ। ਤਾਜ਼ਾ ਰਿਪੋਰਟ ਮੁਤਾਬਕ ਸੂਬੇ ਵਿਚ 85 ਲੱਖ ਤੋਂ ਵਧੇ ਲੋਕਾਂ ਕੋਲ ਪਾਸਪੋਰਟ ਹਨ। ਸੂਬੇ 'ਚ ਨਸ਼ਿਆਂ ਦਾ ਫੈਲਾਅ ਤੇ ਬੇਰੁਜ਼ਗਾਰੀ ਪ੍ਰਵਾਸ ਦੇ ਮੁੱਖ ਕਾਰਨ ਹਨ। ਕੋਈ ਸਮਾਂ ਹੁੰਦਾ ਸੀ ਜਦੋਂ ਸਰਕਾਰੀ ਮੁਲਾਜ਼ਮ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਪੜ੍ਹਾਈ ਲਈ ਭੇਜਦੇ ਸਨ, ਜੋ ਪੜ੍ਹਾਈ ਕਰ ਕੇ ਵਾਪਸ ਪੰਜਾਬ ਆ ਕੇ ਇਥੇ ਹੀ ਨੌਕਰੀ ਕਰਦੇ ਸਨ। ਹੁਣ ਤਾਂ ਜੋ ਇਕ ਵਾਰ ਵਿਦੇਸ਼ ਚਲਾ ਗਿਆ ਉਹ ਵਾਪਸ ਮੁੜ ਕੇ ਨਹੀਂ ਆਉਂਦਾ।
ਪੰਜਾਬ 'ਚ ਹਜ਼ਾਰਾਂ ਨੌਜਵਾਨ ਆਈਲਟਸ ਟੈਸਟ ਦੇ ਰਹੇ ਹਨ। ਤਾਂ ਜੋ ਵਿਦੇਸ਼ਾਂ ਵਿਚ ਵਧੀਆ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਦਾਖ਼ਲਾ ਲਿਆ ਜਾ ਸਕੇ। ਬੱਚਿਆਂ ਨੂੰ ਉਚੇਰੀ ਸਿੱਖਿਆ ਤੇ ਵਧੀਆ ਰੁਜ਼ਗਾਰ ਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਸਰਕਾਰਾਂ ਨੂੰ ਵਧੀਆ ਸਨਅਤੀ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਹੀ ਨੌਜਵਾਨ ਇਥੇ ਆਪਣਾ ਵਧੀਆ ਭਵਿੱਖ ਬਣਾ ਸਕਣਗੇ।
-ਸੰਜੀਵ ਸਿੰਘ ਸੈਣੀ
ਮੁਹਾਲੀ
ਡਰਾਈਵਿੰਗ ਦੌਰਾਨ ਮੋਬਾਈਲ ਦੀ ਦੁਰਵਰਤੋਂ
ਮੋਬਾਈਲ ਫੋਨ ਵਿਗਿਆਨ ਦੀ ਇਕ ਅਦਭੁੱਤ ਖੋਜ ਹੈ ਤੇ ਇਸ ਨੇ ਮਨੁੱਖ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਪਰ ਵਿਗਿਆਨ ਦੀ ਹਰੇਕ ਖੋਜ ਦੀ ਤਰ੍ਹਾਂ ਮੋਬਾਈਲ ਨੇ ਜਿੱਥੇ ਸਾਨੂੰ ਅਨੇਕਾਂ ਫ਼ਾਇਦੇ ਪਹੁੰਚਾਏ ਹਨ, ਉੱਥੇ ਹੀ ਇਸ ਨੇ ਸਾਡੀ ਜ਼ਿੰਦਗੀ 'ਚ ਅਨੇਕਾਂ ਪ੍ਰੇਸ਼ਾਨੀਆਂ ਵੀ ਪੈਦਾ ਕੀਤੀਆਂ ਹਨ। ਇਹ ਜਾਣਨ ਦੀ ਲੋੜ ਹੈ ਕਿ ਇਸ ਦੀ ਸੁਚੱਜੀ ਵਰਤੋਂ ਦੇ ਨਾਲ ਨਾਲ ਇਸ ਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ। ਅੱਜ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਇਸ ਦਾ ਚਸਕਾ ਲੱਗ ਚੁੱਕਾ ਹੈ। ਬੱਚੇ ਵੀ ਇਸ ਦੀ ਬੁਰੀ ਆਦਤ ਤੋਂ ਪਿੱਛੇ ਨਹੀਂ ਰਹੇ ਹਨ। ਇਸ ਦੀ ਦੁਰਵਰਤੋਂ ਦੀ ਇਕ ਵੱਡੀ ਉਦਾਹਰਣ ਹੈ ਡਰਾਈਵਿੰਗ ਕਰਦਿਆਂ ਮੋਬਾਈਲ ਦੀ ਵਰਤੋਂ ਕਰਨਾ।
ਬਹੁਤ ਸਾਰੇ ਲੋਕਾਂ ਨੂੰ ਡਰਾਈਵਿੰਗ ਕਰਨ ਦੌਰਾਨ ਮੋਬਾਈਲ ਵਰਤਣ ਦੀ ਆਦਤ ਪੈ ਚੁੱਕੀ ਹੈ ਜੋ ਕਿ ਵਰਤਣ ਵਾਲੇ ਵਿਅਕਤੀ ਲਈ ਖ਼ਤਰਨਾਕ ਹੋਣ ਦੇ ਨਾਲ-ਨਾਲ ਆਲੇ-ਦੁਆਲੇ ਦੇ ਲੋਕਾਂ ਦੀਆਂ ਜਾਨਾਂ ਨੂੰ ਵੀ ਖ਼ਤਰੇ ਵਿਚ ਪਾ ਸਕਦਾ ਹੈ। ਡਰਾਈਵਿੰਗ ਦੌਰਾਨ ਮੋਬਈਲ ਵਰਤਣਾ ਬੇਹੱਦ ਲਾਪਰਵਾਹੀ ਵਾਲਾ ਵਰਤਾਰਾ ਹੈ। ਜ਼ਿਕਰਯੋਗ ਹੈ ਕਿ ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਕਰਨਾ 'ਮੋਟਰ ਵਹੀਕਲ ਐਕਟ' ਦੀ ਧਾਰਾ 184 ਤਹਿਤ ਦੋਸ਼ੀ ਨੂੰ ਜੁਰਮਾਨਾ ਤੇ ਜੇਲ੍ਹ ਕਰਨ ਦੀ ਵਿਵਸਥਾ ਹੈ, ਇਸ ਐਕਟ ਵਿਚ ਸਾਲ 2019 ਵਿਚ ਕੀਤੀ ਗਈ ਸੋਧ ਦੇ ਤਹਿਤ (ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ) ਨੂੰ 'ਖ਼ਤਰਨਾਕ ਡਰਾਈਵਿੰਗ' ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਜਿਸ ਦੇ ਤਹਿਤ ਦੋਸ਼ੀ ਨੂੰ ਪੰਜ ਹਜ਼ਾਰ ਰੁਪਏ ਤੱਕ ਜੁਰਮਾਨਾ ਤੇ ਇਕ ਸਾਲ ਤੱਕ ਦੀ ਸਜ਼ਾ ਦੇਣ ਦੀ ਵਿਵਸਥਾ ਹੈ। ਭਾਰਤ ਵਿਚ ਕੀਤੇ ਗਏ ਇਕ ਸਰਵੇ ਵਿਚ 47 ਫ਼ੀਸਦ ਵਾਹਨ ਚਾਲਕਾਂ ਨੇ ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਕਰਨ ਦੀ ਗੱਲ ਸਵੀਕਾਰੀ ਹੈ ਜਨਤਕ ਟਰਾਂਸਪੋਰਟ (ਬੱਸ) 'ਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਡਰਾਈਵਰਾਂ ਵੱਲੋਂ ਮੋਬਾਈਲ ਦੀ ਵਰਤੋਂ ਕਰਨ ਕਾਰਨ ਬੇਹੱਦ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ।
ਸੰਸਾਰ ਦੇ 200 ਦੇ ਕਰੀਬ ਦੇਸ਼ਾਂ ਤੋਂ ਲਏ ਗਏ ਸੜਕੀ-ਦੁਰਘਟਨਾਵਾਂ ਦੇ ਅੰਕੜਿਆਂ 'ਚ ਭਾਰਤ ਪਹਿਲੇ ਨੰਬਰ 'ਤੇ ਆਉਂਦਾ ਹੈ ਤੇ ਸੰਸਾਰ ਭਰ ਦੀਆਂ ਸੜਕੀ ਦੁਰਘਟਨਾਵਾਂ ਦੀਆਂ ਮੌਤਾਂ ਦਾ 11 ਫ਼ੀਸਦ ਮੌਤਾਂ ਭਾਰਤ ਵਿਚ ਹੀ ਹੁੰਦੀਆਂ ਹਨ। ਸਾਲ 2022 ਦੌਰਾਨ ਭਾਰਤ 'ਚ 4,61,312 ਤੋਂ ਵੱਧ ਸੜਕੀ ਦੁਰਘਟਨਾਵਾਂ ਹੋਈਆਂ ਸਨ ਜਿਨ੍ਹਾਂ 'ਚ 1,68,491 ਦੇ ਕਰੀਬ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਤੇ 5 ਲੱਖ ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ। ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਦੁਰਘਟਨਾਵਾਂ 'ਚ 11.9 ਫ਼ੀਸਦ ਵਾਧਾ, ਮੌਤਾਂ ਦੀ ਦਰ 'ਚ 9.4 ਫ਼ੀਸਦ ਵਾਧਾ ਤੇ ਜ਼ਖ਼ਮੀਆਂ ਦੀ ਦਰ 'ਚ 15.3 ਫ਼ੀਸਦ ਵਾਧਾ ਹੋਇਆ ਹੈ। ਜ਼ਿਕਰਯੋਗ ਕਿ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਕਾਨੂੰਨ 'ਚ ਸੋਧ ਕਰ ਕੇ ਚਾਲਕਾਂ ਨੂੰ ਸਫ਼ਰ ਦੌਰਾਨ ਮੋਬਾਈਲ ਦੀ ਵਰਤੋਂ ਕਰਨ ਦੀ ਇਜਾਜ਼ਤ ਸਿਰਫ ਰਸਤਾ ਲੱਭਣ ਭਾਵ 'ਨੇਵੀਗੇਸ਼ਨ' ਲਈ ਦਿੱਤੀ ਗਈ ਹੈ। ਇਸ ਦੌਰਾਨ ਮੋਬਾਈਲ ਨੂੰ ਡੈਸ਼ ਬੋਰਡ 'ਤੇ ਰੱਖਣਾ ਹੁੰਦਾ ਹੈ।
ਵੈਸੇ ਕਾਨੂੰਨੀ ਤੌਰ 'ਤੇ ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ 999 ਜਾਂ 112 ਨੰਬਰ ਡਾਇਲ ਕਰਨ ਭਾਵ 'ਐਮਰਜੰਸੀ ਸਹਾਇਤਾ' ਪ੍ਰਾਪਤ ਕਰਨ ਲਈ ਹੀ ਕੀਤੀ ਜਾ ਸਕਦੀ ਹੈ ਤੇ ਡਰਾਈਵਿੰਗ ਕਰਦਿਆਂ ਮੋਬਾਈਲ ਨੂੰ ਹੱਥ 'ਚ ਫੜਣਾ ਵੀ ਕਾਨੂੰਨੀ ਜੁਰਮ ਹੈ।
-ਅਸ਼ਵਨੀ ਚਤਰਥ
ਸੇਵਾ ਮੁਕਤ ਲੈਕਚਰਾਰ
ਚੰਦਰ ਨਗਰ, ਬਟਾਲਾ
ਮੋਬਾ ਨੰ: 6284220595