2024-10-08
ਹੱਥੀਂ ਕੀਤੇ ਕੰਮ ਦੀ ਅਹਿਮੀਅਤ
ਅਜੋਕੇ ਸਮੇਂ ਸਮਾਜ ਵਿਚ ਇਹ ਗੱਲ ਬੜੀ ਹੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਅਸੀਂ ਹੱਥੀਂ ਕੰਮ ਕਰਨ ਨੂੰ ਤਰਜੀਹ ਦੇਣ ਦੀ ਬਜਾਏ ਦੂਸਰਿਆਂ ਦੁਆਰਾ ਕੀਤੇ ਕੰਮ ਉਪਰ ਨਿਰਭਰ ਹੋ ਗਏ ਹਾਂ ਜੋ ਕਿ ਵਧੀਆ ਗੱਲ ਨਹੀਂ ਹੈ। ਪੁਰਾਣੇ ਸਮੇਂ ਸਾਡੇ ਬਜ਼ੁਰਗ ਆਪਣੇ ਹੱਥੀਂ ਕੰਮ ਕਰਨ ਨੂੰ ਪਹਿਲ ਦਿੰਦੇ ਸਨ। ਸ਼ਾਇਦ ਇਸੇ ਕਾਰਨ ਅਸੀਂ ਪੁਰਾਣੇ ਬਜ਼ੁਰਗਾਂ ਦੇ ਮੁਕਾਬਲੇ ਜ਼ਿਆਦਾ ਸੋਹਲ ਅਤੇ ਆਰਾਮ ਪ੍ਰਸਤ ਹੋ ਗਏ ਹਾਂ। ਸਿੱਟੇ ਵਜੋਂ ਸਾਨੂੰ ਅਨੇਕ ਬਿਮਾਰੀਆਂ ਨੇ ਘੇਰ ਰੱਖਿਆ ਹੈ। ਕੋਈ ਸਮਾਂ ਸੀ ਜਦੋਂ ਪਿੰਡਾਂ ਵਿਚ ਸਾਰੇ ਦੇ ਸਾਰੇ ਪਰਿਵਾਰ ਇਕੱਠੇ ਰਹਿੰਦੇ ਸਨ ਅਤੇ ਇਕੱਠੇ ਹੀ ਖੇਤਾਂ ਵਿਚ ਕੰਮ ਕਰਦੇ ਸਨ। ਜਿਸ ਕਰਕੇ ਪਰਿਵਾਰ ਵਿਚ ਜਿਥੇ ਆਪਸੀ ਪਿਆਰ ਮੁਹੱਬਤ ਅਤੇ ਮਿਲਵਰਤਣ ਬਣੇ ਰਹਿੰਦੇ ਸਨ, ਉਥੇ ਪਰਿਵਾਰਕ ਮੈਂਬਰਾਂ ਦੀ ਸਿਹਤ ਵੀ ਨਰੋਈ ਅਤੇ ਤੰਦਰੁਸਤ ਰਹਿੰਦੀ ਸੀ। ਪਰ ਸਮੇਂ ਦੇ ਬੀਤਣ ਨਾਲ ਜਿਥੇ ਪਰਿਵਾਰਾਂ ਦੀ ਏਕਤਾ ਖ਼ਤਮ ਹੋ ਗਈ ਉਥੇ ਪਰਿਵਾਰ ਵਿਚ ਪਹਿਲਾਂ ਵਰਗਾ ਪਿਆਰ ਅਤੇ ਮਿਲਵਰਤਣ ਨਹੀਂ ਰਿਹਾ ਅਤੇ ਪਰਿਵਾਰਕ ਸਿਹਤ ਅਤੇ ਸੋਚ ਦੋਵੇਂ ਹੀ ਪ੍ਰਭਾਵਤ ਹੋ ਗਏ। ਸਾਇੰਸ ਨੇ ਮਸ਼ੀਨਰੀ ਦੀਆਂ ਕਾਢਾਂ ਮਨੁੱਖ ਦੀ ਸਹੂਲਤ ਵਾਸਤੇ ਕੱਢੀਆਂ ਸਨ, ਪਰ ਮਨੁੱਖ ਨੇ ਇਨ੍ਹਾਂ ਦੀ ਉਚਿਤ ਵਰਤੋਂ ਕਰਨ ਦੀ ਬਜਾਏ ਦੁਰਵਰਤੋਂ ਹੀ ਕੀਤੀ ਹੈ ਅਤੇ ਉਹ ਖ਼ੁਦ ਮਸ਼ੀਨਰੀ ਦਾ ਗੁਲਾਮ ਹੋ ਕੇ ਰਹਿ ਗਿਆ ਤੇ ਛੋਟੇ ਤੋਂ ਛੋਟਾ ਕੰਮ ਵੀ ਮਸ਼ੀਨਰੀ ਤੋਂ ਹੀ ਲੈਣ ਲੱਗ ਪਿਆ। ਜਿਹੜਾ ਕਿ ਉਹ ਹੱਥੀਂ ਕਰ ਸਕਦਾ ਸੀ। ਅਜਿਹਾ ਕਰਨ ਕਰਕੇ ਸਾਡੀ ਆਰਥਿਕਤਾ ਉੱਪਰ ਵੀ ਮਾੜਾ ਅਸਰ ਪਿਆ ਹੈ, ਅਰਥਾਤ ਸਾਡੇ ਖ਼ਰਚੇ ਤਾਂ ਵਧ ਗਏ, ਪਰ ਆਮਦਨ ਸੀਮਤ ਹੀ ਰਹਿ ਗਈ। ਸੋ, ਸਾਨੂੰ ਸਭ ਨੂੰ ਹੱਥੀਂ ਕੰਮ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੇ ਕੰਮ ਜਿਥੋਂ ਤਕ ਸੰਭਵ ਹੋ ਕੇ ਆਪਣੇ ਹੱਥੀਂ ਕਰਨ ਨੂੰ ਪਹਿਲ ਅਤੇ ਤਰਜੀਹ ਦੇਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜਿਥੇ ਸਾਡੇ ਖ਼ਰਚੇ ਘੱਟਣਗੇ, ਉਥੇ ਅਸੀਂ ਸਿਹਤਮੰਦ ਵੀ ਰਹਾਂਗੇ ਅਤੇ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਆਪਣੇ ਆਪ ਨੂੰ ਬਚਾਅ ਸਕਾਂਗੇ ਤੇ ਸਿਹਤਮੰਦ ਸਮਾਜ ਸਿਰਜਣ ਵਿਚ ਸਹਾਈ ਹੋਵਾਂਗੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ ਬਲਕਿ ਵੱਡੀ ਲੋੜ ਵੀ ਹੈ।
-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।
ਨਸ਼ਿਆਂ ਦੀ ਦਲਦਲ
ਪੰਜਾਬ ਵਿਚ ਨਸ਼ਿਆਂ ਦਾ ਵਪਾਰ ਦਿਨੋ ਦਿਨ ਵਧ ਰਿਹਾ ਹੈ, ਜਿਸ ਦੇ ਬਹੁਤ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ। ਰੋਜ਼ਾਨਾ ਕਿਤੇ ਨਾ ਕਿਤੇ ਨਸ਼ਿਆਂ ਦੀ ਭੇਟ ਚੜ੍ਹ ਰਹੇ ਨੌਜਵਾਨਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਨਸ਼ਿਆਂ ਦੇ ਆਦੀ ਹੋਏ ਨੌਜਵਾਨ ਗ਼ਲਤ ਰਾਹਾਂ 'ਤੇ ਚੱਲ ਕੇ ਡੂੰਘੀ ਦਲਦਲ ਵਿਚ ਫਸਦੇ ਜਾ ਰਹੇ ਹਨ। ਨਸ਼ਿਆਂ ਦੀ ਪੂਰਤੀ ਲਈ ਨਸ਼ੇੜੀ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਹਨ। ਇਸ ਦੇ ਉਲਟ ਨਸ਼ਿਆਂ ਦੇ ਵਪਾਰੀਆਂ ਦਾ ਵਪਾਰ ਦਿਨੋ ਦਿਨ ਫੈਲਦਾ ਜਾ ਰਿਹਾ ਹੈ। ਰਾਜਨੀਤਕ ਪਾਰਟੀਆਂ ਵੋਟਾਂ ਲੈਣ ਸਮੇਂ ਨਸ਼ਿਆਂ ਦੇ ਖ਼ਾਤਮੇ ਦਾ ਵਾਅਦਾ ਕਰਦੀਆਂ ਹਨ ਅਤੇ ਜਿੱਤਣ ਤੋਂ ਬਾਅਦ ਨਸ਼ਾ ਰੋਕਣ ਵਿਚ ਨਾਕਾਮ ਨਜ਼ਰ ਆਉਂਦੀਆਂ ਹਨ। ਪੰਜਾਬ ਸਰਕਾਰ ਨੂੰ ਪੂਰੀ ਇਮਾਨਦਾਰੀ ਨਾਲ ਨਸ਼ਿਆਂ ਨੂੰ ਰੋਕਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਿਆ ਜਾ ਸਕੇ।
-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਸਿਹੌੜਾ, ਲੁਧਿਆਣਾ
ਮੁਫ਼ਤ ਦੀਆਂ ਰਿਓੜੀਆਂ
ਪਿਛਲੇ ਦਿਨੀਂ ਸ. ਬਰਜਿੰਦਰ ਸਿੰਘ ਹਮਦਰਦ ਹੋਰਾਂ ਦੀ ਸੰਪਾਦਕੀ 'ਵਾਅਦਾ ਤੇਰਾ ਵਾਅਦਾ' ਪੜ੍ਹੀ। ਜਿਸ ਵਿਚ ਲੇਖਕ ਨੇ ਜਿਸ ਤਰ੍ਹਾਂ ਜੰਮੂ-ਕਸ਼ਮੀਰ ਤੇ ਹਰਿਆਣਾ ਵਿਚ ਹੋ ਰਹੀਆਂ ਚੋਣਾਂ ਦੌਰਾਨ ਮੁਫ਼ਤ ਖੋਰੀ ਦੀ ਰਾਜਨੀਤੀ ਦਾ ਸਹਾਰਾ ਲੈ ਕੇ ਰਾਜਨੀਤਕ ਪਾਰਟੀਆਂ ਵਲੋਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਨ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਹੈ ਜੋ ਕਾਬਲੇ ਗ਼ੌਰ ਤੇ ਕਾਬਲੇ-ਤਾਰੀਫ਼ ਹੈ। ਕਿੰਨਾ ਚੰਗਾ ਹੋਵੇ ਜੇ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦੀ ਜਗ੍ਹਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸੂਬਿਆਂ ਵਿਚ ਕਾਰਖਾਨੇ ਲਗਾਏ ਤੇ ਲੋਕਾਂ ਨੂੰ ਨਕਾਰਾ ਹੋਣ ਤੋਂ ਬਚਾਏ। ਰੁਜ਼ਗਾਰ ਮਿਲਣ ਨਾਲ ਹਰ ਸ਼ਹਿਰੀ ਸਰਕਾਰ ਨੂੰ ਟੈਕਸ ਦੇਵੇਗਾ, ਜਿਸ ਨਾਲ ਰਾਜ ਦੀ ਆਮਦਨ ਵਧੇਗੀ ਅਤੇ ਉਹ ਆਪਣੇ ਆਪ ਹੀ ਸਿਹਤ ਤੇ ਮੁੱਢਲੀਆਂ ਸਹੂਲਤਾਂ ਲੈ ਸਕਦੇ ਹਨ। ਸੂਬੇ ਤੇ ਕਰਜ਼ ਨਹੀਂ ਚੜ੍ਹੇਗਾ। ਸੂਬਾ ਖ਼ੁਸ਼ਹਾਲ ਹੋਵੇਗਾ। ਲੋਕਾਂ 'ਤੇ ਟੈਕਸਾਂ ਦਾ ਵਾਧੂ ਬੋਝ ਨਹੀਂ ਪਵੇਗਾ। ਇਸ ਬਾਰੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ।
-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।