02-01-2025
ਇਕੱਠੇ ਹੋਣ ਦੀ ਲੋੜ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਰੱਖੇ ਮਰਨ ਵਰਤ ਨੂੰ ਹੁਣ ਦੋ ਹਫ਼ਤਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਕੇਂਦਰ ਸਰਕਾਰ ਵਲੋਂ ਗੱਲਬਾਤ ਕਰਨ ਦਾ ਸਿਰਫ਼ ਢੌਂਗ ਹੀ ਰਚਿਆ ਜਾ ਰਿਹਾ ਹੈ। ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਹਾਲੇ ਤੱਕ ਕਿਸਾਨਾਂ ਤੱਕ ਪਹੁੰਚ ਨਹੀਂ ਕੀਤੀ। ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਸ਼ਾਂਤਮਈ ਢੰਗ ਨਾਲ ਜਾ ਰਹੇ ਕਿਸਾਨਾਂ ਦਾ ਰਸਤਾ ਰੋਕ ਕੇ ਉਨ੍ਹਾਂ 'ਤੇ ਹੰਝੂ ਗੈਸ ਦੇ ਗੋਲ਼ੇ ਦਾਗੇ ਗਏ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਖਦੇੜਿਆ ਗਿਆ ਹੈ। ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਸ਼ਾਂਤਮਈ ਢੰਗ ਨਾਲ ਆਪਣੀ ਮੰਗ ਲਈ ਪ੍ਰਦਰਸ਼ਨ ਕਰਨ ਦਾ ਸਭ ਨੂੰ ਅਧਿਕਾਰ ਹੈ ਫਿਰ ਕਿਉਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਇਹ 'ਅੰਨਦਾਤਾ' ਸ਼ਬਦ ਕੇਵਲ ਤੇ ਕੇਵਲ ਉਚਾਰਨ ਲਈ ਹੀ ਹੈ ,ਇਸ ਦੇ ਅਸਲ ਅਰਥਾਂ ਦਾ ਕੀ ਸਾਨੂੰ ਪਤਾ ਨਹੀਂ? ਕਿਸਾਨ ਆਗੂ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਬਾਕੀ ਕਿਸਾਨ ਜਥੇਬੰਦੀਆਂ ਦੇ ਵੱਡੇ-ਵੱਡੇ ਆਗੂ ਅਜੇ ਤੱਕ ਚੁੱਪ ਕਿਉਂ ਹਨ, ਹਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਿਚ ਸਿਧਾਂਤਕ ਵਖਰੇਵੇਂ ਹੋ ਸਕਦੇ ਹਨ ਪਰ ਇਸ ਸਮੇਂ ਆਪਣੇ ਵਖਰੇਵਿਆਂ ਨੂੰ ਪਰ੍ਹੇ ਰੱਖ ਕੇ ਸੰਘਰਸ਼ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸਮਰਥਨ ਦੀ ਲੋੜ ਹੈ। ਇਹ ਅਸੀਂ ਸਾਰੇ ਜਾਣਦੇ ਹਾਂ ਕਿ 'ਏਕੇ ਵਿਚ ਬਲ ਹੈ' ਇਸ ਸਮੇਂ ਏਕਾ ਦਿਖਾਉਣ ਦੀ ਬਹੁਤ ਲੋੜ ਹੈ। ਨਹੀਂ ਇਕੱਲੀ ਸੋਟੀ ਨੂੰ ਤਾਂ ਕੋਈ ਵੀ ਅਸਾਨੀ ਨਾਲ ਤੋੜ ਸਕਦਾ ਹੈ। ਸਾਰੀਆਂ ਕਿਸਾਨ ਜਥੇਬੰਦੀਆਂ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਕੋਈ ਅਣਹੋਣੀ ਹੋਣ ਤੋਂ ਪਹਿਲਾਂ ਇਕੱਠੇ ਹੋ ਜਾਣਾ ਚਾਹੀਦਾ ਹੈ ,ਤਾਂ ਕਿ ਸਰਕਾਰਾਂ 'ਤੇ ਆਪਣੀਆਂ ਮੰਗਾਂ ਮਨਵਾਉਣ ਲਈ ਦਬਾਅ ਪਾ ਸਕੇ।
-ਲਾਭ ਸਿੰਘ ਸ਼ੇਰਗਿਲ
ਸੰਗਰੂਰ।
ਘਟੀਆ ਸੋਚ
ਪਿਛਲੇ ਦਿਨੀਂ ਪਟਿਆਲਾ ਨਜ਼ਦੀਕ ਇਕ ਬੂਟਾਂ (ਜੁੱਤੀਆਂ) ਦਾ ਭਰਿਆ ਟਰੱਕ ਪਲਟ ਗਿਆ। ਇਹ ਹਾਦਸਾ ਵਾਪਰਨ ਵਾਲੀ ਜਗ੍ਹਾ ਕੋਲੋਂ ਲੰਘ ਰਹੇ ਲੋਕਾਂ ਗੱਡੀ ਦੇ ਡਰਾਈਵਰ ਦੀ ਜਾਨ ਬਚਾਉਣ ਦੀ ਬਜਾਏ ਉਸ ਦੇ ਸਮਾਨ ਬੂਟ ਲੁੱਟਣ ਲੱਗ ਪਏ, ਜਿਸ ਦੇ ਹੱਥ ਜਿੰਨਾ ਵੀ ਸਾਮਾਨ ਲੱਗਿਆ, ਲੋਕ ਬੜੀ ਬੇਸ਼ਰਮੀ ਨਾਲ ਲੁੱਟ ਕੇ ਲੈ ਗਏ। ਅਜਿਹੇ ਲੋਕਾਂ ਦੀ ਘਟੀਆ ਹਰਕਤ ਨੂੰ ਦੇਖ ਕੇ ਪੰਜਾਬ ਵਾਸੀਆਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਸ ਲੁੱਟ ਵਿਚ ਇਕੱਲੇ ਗਰੀਬ ਜਾਂ ਲੋੜਵੰਦ ਲੋਕ ਸ਼ਾਮਿਲ ਨਹੀਂ ਸਨ, ਸਗੋਂ ਵੱਡੇ ਲੋਕ ਆਪਣੀਆਂ ਗੱਡੀਆਂ, ਮੋਟਰਸਾਈਕਲ ਤੇ ਵਹੀਕਲ ਰੋਕ-ਰੋਕ ਕੇ ਜੁੱਤੇ ਲੁੱਟਦੇ ਦੇਖੇ ਗਏ। ਲੋਕਾਂ ਨੇ ਗੱਡੀ ਵਿਚ ਫਸੇ ਡਰਾਈਵਰ ਦੀ ਜਾਨ ਬਚਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ। ਪਰ ਉਸ ਦਾ ਸਾਰਾ ਸਾਮਾਨ ਹੀ ਲੁੱਟ ਲਿਆ।
ਸਾਡੀ ਸਰਕਾਰ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜੁੱਤੀਆਂ ਦੀ ਗੱਡੀ ਲੁੱਟਣ ਵਾਲੇ ਲੋਕਾਂ ਦੀ ਵੀਡੀਓ ਰਾਹੀਂ ਤੇ ਹੋਰ ਤਰੀਕਿਆਂ ਰਾਹੀਂ ਪਹਿਚਾਣ ਕਰ ਕੇ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਗਰੀਬ ਟਰੱਕ ਡਰਾਈਵਰ ਦੇ ਲੁੱਟੇ ਹੋਏ ਸਾਮਾਨ ਦੀ ਭਰਪਾਈ ਕਰਵਾਈ ਜਾਵੇ।
-ਗੁਰਤੇਜ ਸਿੰਘ ਖੁਡਾਲ
ਬਠਿੰਡਾ।
ਬੋਰਵੈੱਲ ਦੀ ਨਿਗਰਾਨੀ
ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਦੇ ਕਲੀਖੜ ਪਿੰਡ ਵਿਚ 5 ਸਾਲਾਂ ਬੱਚੇ ਆਰੀਅਨ ਦੇ ਬੋਰਵੈੱਲ ਵਿਚ ਡਿੱਗ ਕੇ ਮੌਤ ਹੋਣ ਦੀ ਖ਼ਬਰ ਨੇ ਹਰ ਵਿਅਕਤੀ ਦੀਆਂ ਅੱਖਾਂ ਨਮ ਕਰ ਦਿੱਤੀਆਂ। ਆਰੀਅਨ ਨੂੰ ਬਚਾਉਣ ਲਈ 55 ਘੰਟਿਆਂ ਤੱਕ ਬਚਾਅ ਕਾਰਜ ਚੱਲਿਆ ਪਰੰਤੂ ਉਸ ਨੂੰ ਬਚਾਉਣ ਵਿਚ ਨਾਕਾਮ ਹੈ। ਖੁੱਲ੍ਹੇ ਪਏ ਬੋਰਵੈੱਲ ਵਿਚ ਛੋਟੇ ਬੱਚੇ ਡਿੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ, ਪਰੰਤੂ ਬੀਤੀਆਂ ਘਟਨਾਵਾਂ ਤੋਂ ਸਬਕ ਲੈਣ ਵਿਚ ਅਸੀਂ ਹਮੇਸ਼ਾ ਨਾਕਾਮ ਰਹੇ। ਜਦੋਂ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਬੋਰਵੈੱਲ ਦੀ ਨਿਗਰਾਨੀ ਦੀ ਚਰਚਾ ਸ਼ੁਰੂ ਹੋ ਜਾਂਦੀ ਹੈ, ਪਰੰਤੂ ਸਮਾਂ ਬੀਤ ਜਾਣ ਬਾਅਦ ਕੇਵਲ ਚਰਚਾ ਹੈ ਪੱਲੇ ਰਹਿ ਜਾਂਦੀ ਹੈ ਅਤੇ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਬੋਰਵੈੱਲ ਦੀ ਨਿਗਰਾਨੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਛੋਟੇ ਬੱਚੇ ਤਾਂ ਅਣਜਾਣ ਹੁੰਦੇ ਹਨ ਉਨ੍ਹਾਂ ਦਾ ਧਿਆਨ ਰੱਖਣਾ ਜਿਥੇ ਮਾਤਾ-ਪਿਤਾ ਦੀ ਹੀ ਜ਼ਿੰਮੇਵਾਰੀ ਹੈ, ਉਥੇ ਸਤਾਨਕ ਪ੍ਰਸ਼ਾਸਨ ਨੂੰ ਵੀ ਖੁੱਲ੍ਹੇ ਪਏ ਬੋਰਵੈੱਲਾਂ ਦੀ ਨਿਗਰਾਨੀ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਕੋਈ ਹੋਰ ਆਰੀਅਨ ਮਾਤਾ-ਪਿਤਾ ਤੋਂ ਦੂਰ ਨਾ ਹੋ ਸਕੇ।
-ਰਜਵਿੰਦਰ ਪਾਲ ਸ਼ਰਮਾ