07-07-2024
ਅਦਬ
ਗ਼ਜ਼ਲਕਾਰ : ਡਾ. ਚਰਨ ਸਿੰਘ
ਪ੍ਰਕਾਸ਼ਕ: ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 70
ਸੰਪਰਕ : 94640-49982
ਪੰਜਾਬੀ ਕਾਵਿ ਦਾ ਅਜੋਕਾ ਦੌਰ ਗ਼ਜ਼ਲ ਨੂੰ ਸਮਰਪਿਤ ਹੈ, ਗ਼ਜ਼ਲ ਦੀ ਏਨੀ ਮਕਬੂਲੀਅਤ ਬਾਰੇ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ। ਪੰਜਾਬੀ ਦਾ ਹਰ ਤੀਸਰਾ ਲੇਖਕ ਗ਼ਜ਼ਲਕਾਰ ਹੈ ਤੇ ਹਰ ਤੀਸਰੀ ਪੁਸਤਕ ਵਿਚ ਗ਼ਜ਼ਲਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ। ਆਏ ਦਿਨ ਨਵੇਂ ਗ਼ਜ਼ਲਕਾਰ ਇਸ ਕਾਫ਼ਿਲੇ ਵਿਚ ਸ਼ਮੂਲੀਅਤ ਕਰ ਰਹੇ ਹਨ ਤੇ ਗ਼ਜ਼ਲ ਦਾ ਦਾਇਰਾ ਵਸੀਹ ਹੋ ਰਿਹਾ ਹੈ। ਕੁਝ ਭਰਮ ਭੁਲੇਖੇ ਟੁੱਟ ਰਹੇ ਹਨ ਤੇ ਗ਼ਜ਼ਲ ਨੂੰ ਹੁਣ ਓਨੀ ਔਖੀ ਸਿਨਫ਼ ਨਹੀਂ ਸਮਝਿਆ ਜਾ ਰਿਹਾ। 'ਅਦਬ' ਡਾ. ਚਰਨ ਸਿੰਘ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 54 ਗ਼ਜ਼ਲਾਂ ਛਪੀਆਂ ਹਨ। ਡਾ. ਚਰਨ ਸਿੰਘ ਲੰਮਾ ਸਮਾਂ ਗ਼ਜ਼ਲਕਾਰਾਂ ਦੀ ਸੰਗਤ ਵਿਚ ਰਿਹਾ ਤੇ ਖ਼ੁਦ ਗ਼ਜ਼ਲਗੋਅ ਹੋ ਗਿਆ। ਉਸ ਦੀ ਗ਼ਜ਼ਲਕਾਰੀ ਦਾ ਸਫ਼ਰ ਬੜਾ ਛੋਟਾ ਹੈ ਪਰ ਉਹ ਜਿਸ ਸੋਚ ਤੇ ਇਰਾਦੇ ਨਾਲ ਤੁਰਿਆ ਹੈ, ਉਸ ਤੋਂ ਉਸ ਦੀ ਸਫ਼ਲਤਾ ਦੀ ਆਸ ਬੱਝਦੀ ਹੈ। 'ਅਦਬ' ਗ਼ਜ਼ਲ ਸੰਗ੍ਰਹਿ ਵਿਚਲੀਆਂ ਗ਼ਜ਼ਲਾਂ ਦੇ ਵਿਸ਼ੇ ਮਿਸ਼ਰਤ ਹਨ ਪਰ ਇਨ੍ਹਾਂ ਵਿਚ ਜ਼ਿਆਦਾਤਰ ਲੋਕ ਧਾਰਾਈ ਸਮੱਸਿਆਵਾਂ ਨੂੰ ਉਭਾਰਿਆ ਗਿਆ ਹੈ। ਜਿੱਥੇ ਉਸ ਨੇ ਪੰਜਾਬ ਦੀਆਂ ਮੁਸ਼ਕਿਲਾਂ ਨੂੰ ਕਲਮਬਧ ਕੀਤਾ ਹੈ, ਉਥੇ ਉਸ ਨੇ ਸੰਸਾਰ ਪੱਧਰੀ ਘਟਨਾਵਾਂ ਦੀ ਵੀ ਨਜ਼ਰਸਾਨੀ ਕੀਤੀ ਹੈ। ਉਹ ਜ਼ਿੰਦਗੀ ਦੇ ਕੁਹਰਾਮ ਤੋਂ ਪ੍ਰੇਸ਼ਾਨ ਹੈ, ਬੇਆਰਾਮੀ ਤੇ ਬੇਚੈਨੀ ਉਸ ਨੂੰ ਚੁੱਭਦੀ ਹੈ। ਆਪਣੀਆਂ ਗ਼ਜ਼ਲਾਂ ਵਿਚ ਗ਼ਜ਼ਲਕਾਰ ਜੂਝਦਾ, ਤਾਂਘਦਾ, ਜਾਗਦਾ ਤੇ ਸੱਚ ਦਾ ਪਰਚਮ ਉਠਾਉਂਦਾ ਨਜ਼ਰੀਂ ਆ ਰਿਹਾ ਹੈ। ਮੁਖੜਾ ਮੋੜਨ ਵਾਲੇ ਨਾਲ ਉਹ ਮਿਹਣੋਂ-ਮਿਹਣੀ ਵੀ ਹੁੰਦਾ ਹੈ। ਉਸ ਦੀ ਗ਼ਜ਼ਲ ਵਿਚ ਕੁਝ ਘਾਟੇ-ਵਾਧੇ ਹਨ ਪਰ ਕੋਸ਼ਿਸ਼ਾਂ ਨਾਲ ਕਟਾਈ ਵੀ ਆ ਜਾਂਦੀ ਹੈ ਤੇ ਸਿਲਾਈ ਵੀ। ਡਾ. ਚਰਨ ਸਿੰਘ ਦੀਆਂ ਗ਼ਜ਼ਲਾਂ ਵਿਚ ਮੁਹੱਬਤ ਦਾ ਇਜ਼ਹਾਰ ਵੀ ਹੈ ਤੇ ਇਸ 'ਚੋਂ ਉਪਜੇ ਮਿਲਣ ਤੇ ਵਿਛੜਨ ਦੇ ਪਲਾਂ ਦੀ ਦਾਸਤਾਨ ਵੀ ਹੈ। ਪੁਸਤਕ ਦੇ ਸ਼ੁਰੂਆਤੀ ਪੰਨਿਆਂ 'ਤੇ ਸੁਲੱਖਣ ਸਰਹੱਦੀ ਦਾ ਮੁੱਖ ਬੰਦ ਗ਼ਜ਼ਲਕਾਰ ਬਾਰੇ ਸੀਮਤ ਜਾਣਕਾਰੀ ਦਿੰਦਾ ਹੈ ਪਰ ਚਰਚਾਵਾਂ ਵਧੇਰੇ ਛੇੜਦਾ ਹੈ। ਡਾ. ਚਰਨ ਸਿੰਘ ਦੀ ਸ਼ਿਅਰਕਾਰੀ ਭਾਵੇਂ ਅਜੇ ਮੁਢਲੀ ਅਵਸਥਾ ਵਿਚ ਹੈ ਪਰ ਅਭਿਆਸ ਨਾਲ ਇਹ ਹੋਰ ਬਿਹਤਰ ਹੋਵੇਗੀ, ਮੈਨੂੰ ਆਸ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਇਕੋ ਤੇਰਾ ਨਾਮ ਦਾਤਿਆ
ਗੀਤਕਾਰ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94175-62053
ਗਾਇਕ ਤੇ ਗੀਤਕਾਰ ਜਗਜੀਤ ਮੁਕਤਸਰੀ ਦੀਆਂ ਧਾਰਮਿਕ ਤੇ ਸੱਭਿਆਚਾਰਕ ਗੀਤਾਂ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚਲੇ ਬਹੁਤ ਸਾਰੇ ਗੀਤ ਰਿਕਾਰਡ ਹੋ ਚੁੱਕੇ ਹਨ। ਹਥਲੀ ਪੁਸਤਕ ਵਿਚ ਦਰਜ ਗੀਤਾਂ ਦਾ ਵਿਸ਼ਾ ਸਿੱਖ ਵਿਰਸੇ ਅਤੇ ਸੱਭਿਆਚਾਰਕ ਨਾਲ ਸੰਬੰਧ ਰੱਖਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣ ਲਈ ਇਹ ਪੁਸਤਕ ਉਪਯੋਗੀ ਹੈ। ਗੀਤਕਾਰ ਨੇ ਗੀਤਾਂ ਦੀ ਭਾਸ਼ਾ ਬੜੀ ਸਰਲ ਤੇ ਠੇਠ ਵਰਤੀ ਹੈ। ਨਮੂਨੇ ਵਜੋਂ ਕੁਝ ਗੀਤਾਂ ਦੀਆਂ ਸਤਰਾਂ ਇਸ ਤਰ੍ਹਾਂ ਹਨ:
ਸਾਰੇ ਰੋਗਾਂ ਦੀ ਦਵਾਈ ਇਕੋ-ਇਕ ਹੈ,
ਇਕੋ ਤੇਰਾ ਨਾਮ ਦਾਤਿਆ।
ਪੂਰੀ ਦੁਨੀਆ ਦੇ ਵਿਚ ਇਕੋ-ਇਕ ਹੈ,
ਇਕੋ ਤੇਰਾ ਧਾਮ ਦਾਤਿਆ।
ਬੇੜਾ ਪਾਰ ਲਗਾ ਲੈ ਤੂੰ,
ਪੱਲਾ ਗੁਰੂ ਦੇ ਦਰ ਦਾ ਫੜ ਕੇ।
ਆਪਣੇ ਭਾਗ ਜਗਾ ਲੈ ਤੂੰ,
ਬਾਣੀ ਅੰਮ੍ਰਿਤ-ਬਾਣੀ ਪੜ੍ਹ ਕੇ।
ਤੀਰਥਾਂ 'ਤੇ ਜਾਣ ਵਾਲਿਆਂ,
ਤੇਰੇ ਅੰਦਰੋਂ ਮੈਲ ਨਹੀਂ ਜਾਣੀ।
ਤੂੰ ਹਉਮੈ ਵਾਲਾ ਰੋਗ ਲਾ ਲਿਆ,
ਪਹਿਲਾਂ ਪੜ੍ਹ ਲੈ ਗੁਰਾਂ ਦੀ ਬਾਣੀ।
ਤਕੜੀ 'ਚ ਤੁਲ ਜਾਣਗੇ,
ਪੁੰਨ-ਪਾਪ ਇਹ ਜਿੰਦਗੜੀਏ ਤੇਰੇ।
ਨੀ ਭਾਗ ਤੇਰੇ ਖੁੱਲ੍ਹ ਜਾਣਗੇ,
ਜਾਪ ਜਪ ਲੈ ਤੂੰ ਉਠ ਕੇ ਸਵੇਰੇ।
ਅੱਜ ਦੇ ਵਪਾਰਕ ਤੇ ਰੌਲੇ-ਰੱਪੇ ਵਾਲੇ ਦੌਰ ਵਿਚ ਇਸ ਤਰ੍ਹਾਂ ਦੇ ਧਾਰਮਿਕ ਤੇ ਸੱਭਿਆਚਾਰਕ ਗੀਤਾਂ ਦੀ ਪੁਸਤਕ ਦੀ ਬੜੀ ਲੋੜ ਹੈ। ਸਮੇਂ ਦੀ ਇਸ ਲੋੜ ਨੂੰ ਪੂਰਾ ਕਰਨ ਲਈ ਗੀਤਕਾਰ ਜਗਜੀਤ ਮੁਕਤਸਰੀ ਵਧਾਈ ਦਾ ਪਾਤਰ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਸ਼ੇਰ-ਏ-ਪੰਜਾਬ
ਮਹਾਰਾਜਾ ਰਣਜੀਤ ਸਿੰਘ
ਜਨਮ ਤੇ ਮਾਤਾ ਰਾਜ ਕੌਰ ਸਬੰਧੀ
ਫ਼ੈਲਾਇਆ ਝੂਠ ਤੇ ਸੱਚ
ਲੇਖਕ : ਮਹਿੰਦਰ ਸਿੰਘ ਗੋਸਲ
ਪ੍ਰਕਾਸ਼ਕ : ਸ਼ਿਵਾ ਪ੍ਰਿੰਟਰਜ਼, ਸੰਗਰੂਰ
ਮੁੱਲ : 300 ਰੁਪਏ, ਸਫ਼ੇ : 220
ਸੰਪਰਕ : 99148-64300
ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਉੱਪਰ ਲਗਭਗ 40 ਸਾਲ ਰਾਜ ਕੀਤਾ ਸੀ। ਭਾਰਤ ਵਿਚ ਮੁਗ਼ਲ ਰਾਜ ਦੇ ਪਤਨ ਅਤੇ ਈਸਟ ਇੰਡੀਆ ਕੰਪਨੀ ਦੇ ਵਿਸਥਾਰ ਕਾਲ ਦੌਰਾਨ ਰਣਜੀਤ ਸਿੰਘ ਨੇ ਆਪਣੀ ਯੋਗਤਾ ਅਤੇ ਸ਼ਕਤੀ ਰਾਹੀਂ ਪੰਜਾਬ ਵਿਚ ਰਾਜ ਸਥਾਪਿਤ ਕੀਤਾ ਸੀ। ਉਸ ਦੇ ਰਾਜ ਦੀਆਂ 6 ਵਿਲੱਖਣਤਾਵਾਂ ਇਹ ਹਨ ਕਿ ਉਸ ਨੇ ਧਰਮ ਨਿਰਪੱਖਤਾ ਅਤੇ ਯੋਗਤਾ 'ਤੇ ਆਧਾਰਿਤ ਰਾਜ ਦੀ ਸਥਾਪਨਾ ਕੀਤੀ ਸੀ। ਰਣਜੀਤ ਸਿੰਘ ਦੇ ਰਾਜ, ਰਾਜਨੀਤੀ, ਕੂਟਨੀਤੀ, ਲੜਾਈਆਂ, ਉਸ ਦੇ ਗੁਆਂਢੀ ਰਿਆਸਤਾਂ ਨਾਲ ਸੰਬੰਧਾਂ, ਵਿਦੇਸ਼ੀ ਯਾਤਰੀਆਂ, ਸੈਨਿਕਾਂ, ਜਰਨੈਲਾਂ ਅਤੇ ਰਾਜ ਦੇ ਪਤਨ ਬਾਰੇ ਅਨੇਕਾਂ ਸਮਕਾਲੀਨ ਅਤੇ ਤਤਕਾਲੀਨ ਇਤਿਹਾਸਕਾਰਾਂ ਦੀਆਂ ਲਿਖਤਾਂ ਵੱਖ-ਵੱਖ ਭਾਸ਼ਾਵਾਂ ਵਿਚ ਮਿਲਦੀਆਂ ਹਨ। ਮੁਢਲੀਆਂ ਲਿਖਤਾਂ ਖ਼ਾਸ ਕਰਕੇ ਯੂਰਪੀ ਅਤੇ ਫ਼ਾਰਸੀ ਸਰੋਤਾਂ ਵਿਚ ਬਹੁਤ ਸਾਰੀਆਂ ਘਟਨਾਵਾਂ, ਤੱਥਾਂ, ਲੜਾਈਆਂ, ਪਰਿਵਾਰਕ ਸੰਬੰਧਾਂ ਅਤੇ ਰਣਜੀਤ ਸਿੰਘ ਦੇ ਨਿੱਜੀ ਜੀਵਨ ਬਾਰੇ ਜਾਣਕਾਰੀ ਇਤਿਹਾਸਕ ਦ੍ਰਿਸ਼ਟੀ ਤੋਂ ਦਰੁਸਤ ਅਤੇ ਪਾਰਦਰਸ਼ੀ ਨਹੀਂ ਮਿਲਦੀ। ਇਸ ਦੇ ਮੁੱਢਲੇ ਤੌਰ 'ਤੇ ਦੋ ਕਾਰਨ ਸਮਝ ਆਉਂਦੇ ਹਨ। ਪਹਿਲਾ ਜਾਣਬੁੱਝ ਕੇ ਤੱਥਾਂ ਅਤੇ ਘਟਨਾਵਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ। ਦੂਸਰਾ ਭਾਸ਼ਾਈ ਅਤੇ ਸੱਭਿਆਚਾਰਕ ਤੌਰ 'ਤੇ ਯੂਰਪੀ ਅਤੇ ਮੁਸਲਿਮ ਲੇਖਕਾਂ ਦਾ ਰਣਜੀਤ ਸਿੰਘ ਬਾਰੇ ਅਣਜਾਣ ਹੋਣਾ ਸੀ। ਇਹ ਕਿਤਾਬ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੀਆਂ ਗਈਆਂ ਵੱਖ-ਵੱਖ ਭਾਸ਼ਾਵਾਂ ਫ਼ਾਰਸੀ, ਅੰਗਰੇਜ਼ੀ, ਉਰਦੂ ਅਤੇ ਪੰਜਾਬੀ ਕਿਤਾਬਾਂ ਦੀ ਤੁਲਨਾਤਮਿਕ ਪੜਚੋਲ ਹੈ। ਲੇਖਕ ਵਲੋਂ ਉਨ੍ਹਾਂ ਵਿਸ਼ਿਆਂ ਉੱਪਰ ਚਾਨਣਾ ਪਾਇਆ ਗਿਆ ਹੈ, ਜਿਨ੍ਹਾਂ ਬਾਰੇ ਪਹਿਲਾਂ ਬਹੁਤ ਘੱਟ ਲਿਖਿਆ ਗਿਆ ਹੈ ਜਾਂ ਗ਼ਲਤ ਢੰਗ ਨਾਲ ਬਿਆਨ ਕੀਤਾ ਹੈ। ਉਦਾਹਰਨ ਵਜੋਂ ਰਣਜੀਤ ਸਿੰਘ ਦੀ ਮਾਂ ਅਤੇ ਦਾਦੀ ਦਾ ਕਤਲ, ਹਕੀਕਤ ਸਿੰਘ ਦਾ ਰਾਜ ਭਾਗ ਤੋਂ ਲਾਂਭੇ ਹੋਣਾ, ਵਿਦੇਸ਼ੀਆਂ ਦਾ ਉੱਚ ਅਹੁਦਿਆਂ 'ਤੇ ਨਿਯੁਕਤ ਹੋਣਾ, ਰਣਜੀਤ ਸਿੰਘ ਦਾ ਮਹਾਰਾਣੀ ਜਿੰਦਾਂ ਨਾਲ ਵਿਆਹ ਹੋਣਾ ਆਦਿ ਹਨ। ਕੁਝ ਮਹੱਤਵਪੂਰਨ ਇਤਿਹਾਸਕ ਸਰੋਤ, ਜਿਨ੍ਹਾਂ ਨੂੰ ਇਸ ਕਿਤਾਬ ਵਿਚ ਅਧਿਐਨ ਦਾ ਆਧਾਰ ਬਣਾਇਆ ਗਿਆ ਹੈ, ਉਨ੍ਹਾਂ ਦੇ ਮਮੇਕਗਰੇਗਰ ਦੀ ਹਿਸਟਰੀ ਆਫ਼ ਸਿੱਖਸ, ਲੈਪਲ ਗਰਿਫ਼ਨ ਦੀ ਰਣਜੀਤ ਸਿੰਘ, ਸੱਯਦ ਮੁਹੰਮਦ ਲਤੀਫ਼ ਦੀ ਹਿਸਟਰੀ ਆਫ਼ ਪੰਜਾਬ; ਘਨੱਈਆ ਲਾਲ ਦੀ ਤਾਰੀਖ਼-ਏ-ਪੰਜਾਬ; ਕੈਪਟਨ ਅਮਰਿੰਦਰ ਸਿੰਘ ਦੀ ਆਖ਼ਰੀ ਲਮਹੇ ਦੀ ਦਾਸਤਾਨ ਅਤੇ ਪੰਡਤ ਦੇਵੀ ਪ੍ਰਸਾਦ ਦੀ ਗੁਲਸ਼ਨ-ਏ-ਪੰਜਾਬ ਆਦਿ ਕੁਝ ਮਹੱਤਵਪੂਰਨ ਹਨ। ਸੰਖੇਪ ਵਿਚ ਇਹ ਕਿਤਾਬ ਰਣਜੀਤ ਸਿੰਘ ਦੇ ਜੀਵਨ, ਕਾਲ, ਰਾਜਕਾਲ ਅਤੇ ਪਰਿਵਾਰਕ ਜੀਵਨ ਬਾਰੇ ਪਾਏ ਜਾਂਦੇ ਭਰਮ ਭੁਲੇਖਿਆਂ, ਤਾਰੀਖ਼ਾਂ ਦੀਆਂ ਗ਼ਲਤੀਆਂ, ਘਟਨਾਵਾਂ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਲਿਖਣ ਆਦਿ ਵਿਸ਼ਿਆਂ ਬਾਰੇ ਇਤਿਹਾਸ ਦੀ ਕਸਵੱਟੀ ਤੋਂ ਅਹਿਮ ਉਪਰਾਲਾ ਹੈ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਜਿਊਣ ਦਾ ਹੁਨਰ
ਲੇਖਕ : ਗੁਰਚਰਨ ਨੂਰਪੁਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98550-51099
ਗੁਰਚਰਨ ਨੂਰਪੁਰ ਪੇਸ਼ੇ ਤੋਂ ਇਕ ਸਫ਼ਲ ਡਾਕਟਰ ਹੈ। ਪਰ ਡਾਕਟਰ ਤੋਂ ਇਲਾਵਾ ਉਹ ਸਫ਼ਲ ਲੇਖਕ ਵੀ ਹੈ। 'ਅਜੀਤ' ਅਤੇ ਕੁਝ ਹੋਰ ਅਖ਼ਬਾਰਾਂ ਵਿਚ ਉਸ ਦੇ ਲੇਖ ਨਿਰੰਤਰ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਉਸ ਦੀ ਸੋਚ ਸਮੁੱਚਵਾਦੀ ਹੈ, ਉਸ ਦਾ ਵਿਚਾਰ ਹੈ ਕਿ ਮਨੁੱਖ ਦੀ ਦੇਹੀ ਅਤੇ ਮਨ ਦੀਆਂ ਅਹੁਰਾਂ ਬਾਰੇ ਕੋਈ ਖੰਡਿਤ ਨਹੀਂ, ਬਲਕਿ ਸਮੁੱਚਵਾਦੀ ਪਹੁੰਚ-ਵਿਧੀ ਅਪਣਾਉਣੀ ਚਾਹੀਦੀ ਹੈ ਕਿਉਂਕਿ ਮਨੁੱਖ ਦਾ ਸਮੁੱਚਾ ਵਜੂਦ, ਅੰਗ ਪ੍ਰਤੀਅੰਗ-ਪਰਸਪਰ ਜੁੜਿਆ ਹੋਇਆ ਹੈ। 'ਜਿਊਣ ਦਾ ਹੁਨਰ' ਪੁਸਤਕ ਦੀ ਮਾਰਫ਼ਤ ਉਹ ਆਪਣੇ ਪਾਠਕਾਂ ਨੂੰ ਸਮਝਾਉਂਦਾ ਹੈ ਕਿ ਚੰਗੇਰੇ ਅਤੇ ਸਫ਼ਲ ਜੀਵਨ ਦੀ ਪ੍ਰਾਪਤੀ ਵੀ ਇਕ ਕਲਾ ਹੈ। ਜਿਹੜਾ ਮਨੁੱਖ ਇਸ ਤੱਥ ਨੂੰ ਸਮਝ ਲੈਂਦਾ ਹੈ, ਉਹ ਸਦਾ ਪ੍ਰਸੰਨ ਅਤੇ ਸੰਤੁਸ਼ਟ ਰਹਿੰਦਾ ਹੈ। ਬੇਚੈਨੀ ਅਤੇ ਚਿੰਤਾਵਾਂ ਤੋਂ ਬਚਿਆ ਰਹਿੰਦਾ ਹੈ।
ਗੁਰਚਰਨ ਨੂਰਪੁਰ ਪੰਜਾਬੀ ਅਤੇ ਵਿਸ਼ਵ-ਸਾਹਿਤ ਦਾ ਇਕ ਗੰਭੀਰ ਪਾਠਕ ਹੈ। ਉਹ ਦੱਸਦਾ ਹੈ ਕਿ ਜਿਸ ਮਨੁੱਖ ਦਾ ਆਪਣੇ ਜੀਵਨ ਵਿਚ ਕੋਈ ਪਰਿਯੋਜਨ ਨਹੀਂ ਹੁੰਦਾ, ਉਹ ਸਦਾ ਬੇਚੈਨ ਅਤੇ ਅਸ਼ਾਂਤ ਰਹਿੰਦਾ ਹੈ। ਇਸ ਕਾਰਨ ਹਰ ਮਨੁੱਖ ਨੂੰ ਆਪਣੇ ਵਿੱਤ ਅਤੇ ਪਰਿਸਥਿਤੀਆਂ ਦੀ ਮੰਗ ਅਨੁਸਾਰ ਕੋਈ ਪਰਿਯੋਜਨ, ਵਜ੍ਹਾ ਜਾਂ 'ਇਕਾਗਾਈ' (ਜਾਪਾਨੀ ਸੰਕਲਪ) ਜ਼ਰੂਰ ਬਣਾਉਣਾ ਚਾਹੀਦਾ ਹੈ। ਅਜਿਹਾ ਮਨੁੱਖ ਤਨ ਅਤੇ ਮਨ ਦੋਹਾਂ ਪੱਖਾਂ ਤੋਂ ਸਦਾ ਖ਼ੁਸ਼ ਰਹਿੰਦਾ ਹੈ। (ਪੰ. 11), 'ਪਰਿਯੋਜਨ' ਬਾਰੇ ਉਸ ਦਾ ਸੰਕਲਪ ਅਤੇ ਸੋਚ ਸਰਵਾਰਥੀ ਹੈ। ਅਰਥਾਤ ਉਸ ਦਾ ਪ੍ਰਯੋਜਨ 'ਸਰਬੱਤ ਕੇ ਭਲੇ' ਵਾਸਤੇ ਸਮਰਪਿਤ ਹੋਣਾ ਚਾਹੀਦਾ ਹੈ। ਜਿਊਣ ਦੇ ਅਰਥ, ਆਪਣੇ-ਆਪ ਲਈ ਜਿਊਣ ਤੱਕ ਹੀ ਸੀਮਤ ਨਹੀਂ ਹਨ ਬਲਕਿ ਸਮਾਜ, ਧਰਤੀ ਅਤੇ ਆਲੇ-ਦੁਆਲੇ ਲਈ ਵੀ ਜੀਵਿਆ ਜਾਵੇ। (ਪੰਨਾ 99).
ਉਹ ਗਾਹੇ-ਬਗਾਹੇ ਆਪਣੇ ਲੇਖਾਂ ਵਿਚ ਦੱਸਦਾ ਰਹਿੰਦਾ ਹੈ ਕਿ ਅਜੋਕੇ ਦੌਰ ਦੀਆਂ ਬਹੁਤੀਆਂ ਸਮੱਸਿਆਵਾਂ ਪੂੰਜੀਵਾਦੀ-ਵਿਵਸਥਾ ਦੇ ਕਾਰਨ ਪੈਦਾ ਹੋਈਆਂ ਹਨ, ਜਿਸ ਨੇ ਮਨੁੱਖ ਨੂੰ ਲੋਭੀ-ਲਾਲਚੀ ਬਣਾ ਰੱਖਿਆ ਹੈ। ਉਹ ਆਪਣੇ ਪਾਠਕਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਸੋ ਸਾਨੂੰ ਅਜਿਹੀ ਤਬਦੀਲੀ ਲਈ ਪੂਰਨ ਤਤਪਰ ਅਤੇ ਮਜ਼ਬੂਤ ਹੋਣਾ ਚਾਹੀਦਾ ਹੈ। ਉਹ ਮੌਜੂਦਾ ਸਰਕਾਰਾਂ ਨੂੰ ਵੀ ਬੜੇ ਸੁਚੱਜੇ ਸੁਝਾਅ ਦਿੰਦਾ ਹੈ। ਪੁਸਤਕ ਵਿਚ ਸੰਕਲਿਤ ਸਾਰੇ 35 ਲੇਖਾਂ ਦੀ ਸੁਰ ਅਤੇ ਸੋਚ ਆਸ਼ਾਵਾਦੀ ਹੈ। ਇਹ ਲੇਖ ਸਹਿਜ-ਭਾਵ ਅਤੇ ਇਕਾਗਰਚਿੱਤ ਹੋ ਕੇ ਪੜ੍ਹਨ ਵਾਲੇ ਹਨ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਸ਼ਹੀਦਾਂ-ਏ-ਵਫ਼ਾ
ਲੇਖਕ : ਅੱਲਾ ਯਾਰ ਖ਼ਾਂ ਜੋਗੀ
ਅਨੁਵਾਦਕ : ਮਲਕੀਤ ਸਿੰਘ ਸੰਧੂ ਅਲਕੜਾ
ਸੰਪਾਦਕ : ਜਗਰਾਜ ਧੌਲਾ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ ਬਰਨਾਲਾ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 98722-85421
ਸ਼ਹੀਦਾਂ-ਏ-ਵਫ਼ਾ ਵਿਚ ਹਕੀਮ ਅੱਲਾ ਯਾਰ ਖਾਂ ਜੋਗੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਵਲੋਂ ਸਰਹੰਦ ਵਿਖੇ ਦਿੱਤੀ ਗਈ ਸ਼ਹਾਦਤ ਦੀ ਦਾਸਤਾਂ ਕਾਵਿਕ ਰੂਪ ਵਿਚ ਅੰਕਿਤ ਕੀਤੀ ਹੈ। ਬੀਤੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਸਾਫ਼ ਪਤਾ ਲਗਦਾ ਹੈ ਕਿ ਸਾਕਾ ਗੜ੍ਹੀ ਚਮਕੌਰ ਅਤੇ ਸਾਕਾ ਸਰਹੰਦ 1705 ਈਸਵੀਂ ਸੰਨ ਨੂੰ ਜ਼ਾਲਮ ਤੇ ਜਰਵਾਣਿਆਂ ਵਰਤਾਇਆ। ਇਹ ਸਾਕਾ ਜਾਬਰਾਂ ਵਲੋਂ ਨਾਬਰ ਹੋਏ ਲੋਕਾਂ ਨੂੰ ਦਬਾਉਣ ਵਾਸਤੇ, ਡਰਾਉਣ ਵਾਸਤੇ ਅਤੇ ਆਪਣੀ ਰਾਜਸ਼ਾਹੀ ਹੀ ਉਮਰ ਵਧਾਉਣ ਦੇ ਵਾਸਤੇ ਵਰਤਾਏ ਗਏ ਸਨ। ਨਾਬਰ ਤੋਂ ਹਮੇਸ਼ਾ ਜਾਬਰ ਡਰਦਾ ਹੁੰਦਾ ਹੈ। ਇਸੇ ਕਾਰਨ ਜਾਬਰ ਨਾਬਰ ਨੂੰ ਜ਼ੁਲਮਾਂ ਰਾਹੀਂ ਦਬਾਉਣ ਦੀ ਕਿਰਿਆ ਕਰਦਾ ਹੈ। ਪਰ ਸਰਹੰਦ ਦਾ ਸਾਕਾ ਅਜਿਹਾ ਸਾਕਾ ਕਿ ਬੱਚਿਆਂ ਦੀ ਤਾਂ ਉਮਰ ਹੀ ਖੇਡਣ ਵਾਲੀ ਸੀ ਪਰ ਜ਼ਾਲਮ ਆਖਦੇ ਸਨ, ''ਕੁੰਢਲੀਏ ਸੱਪਾਂ ਦੇ ਬੱਚਿਆਂ ਦੀਆਂ ਸਿਰੀਆਂ ਜੰਮਦਿਆਂ ਦੀਆਂ ਹੀ ਸਿੱਧ ਦੇਣੀਆਂ ਚਾਹੀਦੀਆਂ ਹਨ। ਉਹ ਭੁੱਲ ਜਾਂਦੇ ਜਾਬਰ ਤੋਂ ਨਾਬਰ ਹੋਏ ਮਨੁੱਖ ਨੂੰ ਨਾਇਕ ਮੰਨਦੇ ਹਨ ਲੋਕ ਨਾਇਕ ਜਦੋਂ ਮਾਰੇ ਜਾਂਦੇ ਹਨ ਤਾਂ ਲੋਕ ਮਨਾਂ ਉਪਰ ਉਹ ਸ਼ਹੀਦ ਦਾ ਰੁਤਬਾ ਪਾ ਜਾਂਦੇ ਹਨ। ਆਉਣ ਵਾਲੇ ਲੋਕਾਂ ਵਿਚ ਸਦਾ ਉਨ੍ਹਾਂ ਦੀ ਸ਼ਹਾਦਤ ਡਰਨ ਦੀ ਥਾਵੇਂ ਰਾਹ ਦਸੇਰਾ ਬਣ ਜਾਂਦੀ ਹੈ। ਤਿੰਨ ਸੌ ਸਾਲ ਤੋਂ ਵੱਧ ਅਰਸਾ ਹੋ ਗਿਆ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਛੋਟੇ ਲਾਲਾਂ ਦੀ ਸ਼ਹਾਦਤ ਦੀ ਚੀਸ ਅਜੇ ਲੋਕ ਮਨਾਂ ਵਿਚੋਂ ਨਹੀਂ ਗਈ। ਬਜੀਦੇ ਅਤੇ ਸੁੱਚਾ ਨੰਦ ਨੂੰ ਲੋਕ ਅੱਜ ਵੀ ਫਿਟਕਾਰ ਪਾਉਂਦੇ ਵੇਖੇ ਜਾ ਸਕਦੇ ਹਨ। ਅੱਲਾ ਯਾਰ ਖਾਂ ਜੋਗੀ ਉਸ ਦੇ ਅੰਦਰੋਂ ਚੀਸ ਨਿਕਲੀ ਤਾਂ ਉਸ ਦੀ ਕਲਮ ਰੋ ਉਠੀ। ਉਸ ਨੇ ਉਹ ਵੈਣ ਪਾਏ ਕਿ ਸਰਹੰਦ ਦੀਆਂ ਗਲੀਆਂ ਜਿਵੇਂ 1705 ਨੂੰ ਰੋਈਆਂ ਸਨ ਉਸ ਤਰ੍ਹਾਂ ਜੋਗੀ ਜੀ ਨੇ ਆਪਣੀਆਂ ਰਚਨਾਵਾਂ ਰਾਹੀਂ ਲੋਕਾਂ ਦੇ ਨੈਣਾਂ ਵਿਚੋਂ ਹੰਝੂ ਡਿਗਣ ਲਾ ਦਿੱਤੇ। ਜੋਗੀ ਜੀ ਦੇ ਦੋਵੇਂ ਮਰਸੀਏ ਮਨੁੱਖ ਮਨ ਅੰਦਰ ਦਰਦ ਗ਼ਮ, ਦੁੱਖ ਹੀ ਨਹੀਂ ਭਰਦੇ, ਸਗੋਂ ਉਹ ਤਾਂ ਇਸ ਦੀ ਵੇਦਨਾ ਅੰਦਰੋਂ ਨਫ਼ਰਤ ਰੋਸ ਤੇ ਜੋਸ਼ ਵੀ ਉਪਜਾ ਦਿੰਦਾ ਹੈ ਉਹ ਕਾਵਿਕ ਸ਼ੇਅਰਾਂ ਰਾਹੀਂ ਸਾਖ਼ਸ਼ਾਤ ਸਰੀਕ ਅੱਖਾਂ ਅੱਗੇ ਤਸਵੀਰ ਹੀ ਨਹੀਂ ਖਿਚਦੇ ਸਗੋਂ ਰੂਬਰੂ ਦਰਸ਼ਨ ਵੀ ਕਰਵਾ ਦਿੰਦੇ ਹਨ।
ਪਹਿਲਾਂ ਸ਼ਹੀਦਾਨਿ-ਵਫ਼ਾ ਦੀ 110 ਸ਼ੇਅਰਾਂ ਰਚਨਾ ਸੰਨ 1913 ਵਿਚ ਕਰਦੇ ਹਨ। ਸੰਨ 1915 ਨੂੰ ਉਹ ਗੰਜਿ-ਸ਼ਹੀਦਾਂ ਵੀ ਤਿਆਰ ਕਰ ਲੈਂਦੇ ਹਨ ਤੇ ਇਸ ਅੰਦਰ 117 ਸ਼ੇਅਰ ਆਖਦੇ ਹਨ। ਦੋਹਾਂ ਮਰਸੀਆਂ ਦੀ ਭਾਸ਼ਾ ਮੂਲ ਉਰਦੂ ਹੈ ਪਰ ਉਰਦੂ ਅੰਦਰ ਉਨ੍ਹਾਂ ਨੇ ਫ਼ਾਰਸੀ ਦੀ ਵਰਤੋਂ ਭਰਪੂਰ ਰੂਪ ਵਿਚ ਕੀਤੀ ਹੈ। ਕਿਉਂਕਿ ਆਪ ਫ਼ਾਰਸੀ ਦੇ ਆਲਮ-ਫਾਜ਼ਲ ਸਨ। ਉਰਦੂ ਉਸ ਦੀ ਮਾਤ-ਭਾਸ਼ਾ ਸੀ। ਉਨ੍ਹਾਂ ਨੂੰ ਲਾਹੌਰ ਸ਼ਹਿਰ ਵਿਚ ਰਹਿਣ ਕਰਕੇ ਪੰਜਾਬੀ ਸੱਭਿਆਚਾਰ, ਲੋਕਧਾਰਾ, ਇਤਿਹਾਸ, ਮਿਥਿਹਾਥ ਦੀ ਵੀ ਪੂਰੀ ਮੁਹਾਰਤ ਸੀ। ਜਿਹੜਾ ਉਨ੍ਹਾਂ ਦੀ ਰਚਨਾ ਅੰਦਰੋਂ ਡੁੱਲ੍ਹ ਡੁੱਲ੍ਹ ਪੈਂਦਾ ਹੈ।
ਪੁਸਤਕ ਸੰਪਾਦਕ ਲਿਖਦੇ ਹਨ ''ਕੁਝ ਰਚਨਾਵਾਂ ਸ਼ਾਹਕਾਰ ਹੁੰਦੀਆਂ ਹੋਈਆਂ ਵੀ ਅਲੋਪ ਹੀ ਰਹਿੰਦੀਆਂ ਹਨ ਜਾਂ ਉਨ੍ਹਾਂ ਦਾ ਘੇਰਾ ਸੀਮਤ ਹੋ ਜਾਂਦਾ ਹੈ। ਇਹੀ ਭਾਣਾ ਵਰਤਿਆ ਜੋਗੀ ਨਾਲ। ਕਿਉਂਕਿ ਇਹ ਦੋਵੇਂ ਰਚਨਾਵਾਂ ਉਰਦੂ ਵਿਚ ਸਨ ਤਾਂ ਹੀ ਇਹ ਪੰਜਾਬੀ ਅੱਖਾਂ ਤੋਂ ਪਰ੍ਹੇ ਰਹੀਆਂ। ਸ਼ਾਇਦ ਇਹ ਵੀ ਹੋ ਜਾਂਦਾ ਕਿ ਇਨ੍ਹਾਂ ਸ਼ਾਹਕਾਰ ਰਚਨਾਵਾਂ ਨੂੰ ਸਿਉਂਕ ਹੀ ਖਾ ਜਾਂਦੀ ਜੇਕਰ ਵੀਹਵੀਂ ਸਦੀ ਦੇ ਮੁੱਢ ਵਿਚ ਚਮਕੌਰ ਸਾਹਿਬ ਦੇ ਵਾਸੀ ਬਾਬਾ ਵੀਰ ਸਿੰਘ ਜੀ ਇਸ ਦਾ ਨੋਟਿਸ ਨਾ ਲੈਂਦੇ। ਬਾਬਾ ਵੀਰ ਸਿੰਘ ਜੀ ਨੇ ਇਕ ਕਮੇਟੀ ਬਣਾਈ। ਆਪਣੇ ਸਮੇਂ ਦਾ ਸ਼ਾਇਰ ਅੱਲਾ ਯਾਰ ਖਾਂ ਜੋਗੀ ਜੀ ਦੇ ਦੀਵਾਨ ਉਰਦੂ ਵਿਚ ਤਰਜਮਾਇਆ। ਸ਼ਹੀਦਾਨਿ-ਵਫ਼ਾ ਉਰਦੂ ਵਿਚ ਛਾਇਆ ਹੋਣ ਦਾ ਪੂਰਾ ਪੂਰਾ ਮੌਕਾ ਮੇਲ ਮਿਲ ਕੁਝ ਰਚਨਾਵਾਂ ਸ਼ਾਹਕਾਰ ਹੁੰਦੀਆਂ ਹੋਈਆਂ ਵੀ ਅਲੋਪ ਹੀ ਰਹਿੰਦੀਆਂ ਹਨ ਉਨ੍ਹਾਂ ਦਾ ਘੇਰਾ ਸੀਮਤ ਰਹਿ ਜਾਂਦਾ ਹੈ। ਪੁਸਤਕਾਂ 'ਸ਼ਹੀਦਾਂ-ਏ-ਵਫ਼ਾ' ਅਤੇ 'ਗੰਜ-ਏ-ਸ਼ਹੀਦਾਂ' ਲਿਖਤਾਂ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਨਾਲ ਵੀ ਇਹੀ ਹੋਣਾ ਸੀ ਜੇ ਵੀਹਵੀਂ ਸਦੀ ਦੇ ਮੁੱਢ ਵਿਚ ਚਮਕੌਰ ਸਾਹਿਬ ਦੇ ਰਹਿਣ ਵਾਲੇ ਬਾਬਾ ਵੀਰ ਸਿੰਘ ਜੀ ਇਸ ਦਾ ਨੋਟਿਸ ਨਾ ਲੈਂਦੇ। ਇਹ ਸ਼ਾਹਕਾਰ ਰਚਨਾਵਾਂ ਰੁਲ ਜਾਣੀਆਂ ਸਨ ਜੇ ਉਹ ਇਨ੍ਹਾਂ ਨੂੰ ਉਰਦੂ ਅੰਦਰ ਨਾ ਲਿਖਵਾਉਂਦੇ। 'ਗੰਜ-ਏ-ਸ਼ਹੀਦਾਂ' ਉਨ੍ਹਾਂ ਦੀ ਪਹਿਲੀ ਕਿਤਾਬ ਸੀ। ਹਕੀਮ ਅੱਲਾ ਯਾਰ ਖਾਂ ਜੋਗੀ ਨੇ ਇਸ ਅੰਦਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਲਾਸਾਨੀ ਕੁਰਬਾਨੀ ਦਾ ਜ਼ਿਕਰ ਕੀਤਾ ਹੈ। ਪੁਸਤਕ ਦੀ ਭਾਸ਼ਾ ਉਰਦੂ ਹੈ ਪਰ ਉਹ ਆਪਣੇ ਦੀਵਾਨ ਨੂੰ ਅਰਬੀ ਫ਼ਾਰਸੀ ਦੀ ਪੁੱਠ ਵੀ ਦਿੰਦੇ ਹਨ। ਭਾਵੇਂ ਜੋਗੀ ਜੀ ਦੇ ਵਡਾਰੂ ਦੱਖਣ ਵਲੋਂ ਆ ਕੇ ਲਾਹੌਰ ਵਸ ਗਏ ਪਰ ਜੋਗੀ ਜੀ ਦਾ ਸੰਬੰਧ ਲਾਹੌਰ ਨਾਲ ਹੀ ਹੈ। ਦੱਸਦੇ ਹਨ ਕਿ ਆਪ ਰਈਸਾਨਾ ਪੌਸ਼ਾਕ ਸ਼ੇਰਵਾਨੀ ਪਹਿਨਦੇ ਸਨ ਆਪ ਮਸ਼ਹੂਰ ਹਕੀਮ ਸਨ ਤੇ ਨਾਲ-ਨਾਲ ਕਲਮ ਵੀ ਚਲਾਉਂਦੇ ਸਨ। ਆਪ ਜੀ ਦੀ ਤਬੀਅਤ ਸੂਫ਼ੀਆਨਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਨਾਲ ਆਪਦਾ ਸਿਦਕ ਇਸ਼ਕ-ਹਕੀਕੀ ਦੇ ਮਕਾਮ ਵਾਲਾ ਸੀ। ਮਾਸਟਰ ਮਲਕੀਤ ਸਿੰਘ ਸੰਧੂ ਅਲਕੜਾ ਨੇ ਜੋਗੀ ਜੀ ਦੇ ਸ਼ੇਅਰਾਂ ਨੂੰ ਪੰਜਾਬੀ ਵਿਚ ਤਰਜਮਾ ਕਰਨ ਦੇ ਨਾਲ ਹੀ ਉਨ੍ਹਾਂ ਦੀ ਵਿਆਖਿਆ ਵੀ ਕੀਤੀ ਹੈ। ਉਨ੍ਹਾਂ ਉਰਦੂ, ਫ਼ਾਰਸੀ, ਅਰਬੀ ਦੇ ਔਖੇ ਅਲਫਾਜ਼ਾਂ ਦੇ ਸੌਖੇ ਅਤੇ ਆਮ ਸਮਝ ਵਿਚ ਆਉਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ ਵੀ ਇਸ ਪੁਸਤਕ ਵਿਚ ਲਿਖੇ ਹਨ। ਇਸ ਤਰ੍ਹਾਂ ਸੰਧੂ ਨੇ ਕਈ ਕਾਰਜ ਇਕੱਠੇ ਕਰਨ ਦਾ ਮਾਅਰਕਾ ਮਾਰਿਆ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਮੋਨੀ
ਲੇਖਕ : ਗਿਆਨੀ ਮੁਖਤਿਆਰ ਸਿੰਘ ਵੰਗੜ
ਪ੍ਰਕਾਸ਼ਕ : ਲੇਖਕ ਆਪ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 81463-36696
ਹਥਲੀ ਪੁਸਤਕ ਦਾ ਲੇਖਕ ਸੰਤ-ਸੇਵੀ ਹੋਣ ਕਰਕੇ ਇਸ ਪੁਸਤਕ ਵਿਚ ਸ਼ਾਮਿਲ ਹਰ ਘਟਨਾ ਦਾ ਵਰਣਨ ਕਰਦਿਆਂ ਪਾਠਕਾਂ ਦੇ ਸਨਮੁੱਖ ਹੁੰਦਿਆਂ ਉੱਘੇ ਧਾਰਮਿਕ ਹਸਤੀ ਸੰਤ ਬਾਬਾ ਨਾਰਾਇਣ ਸਿੰਘ ਮੋਨੀ ਦੀ ਜੀਵਨ ਗਾਥਾ ਨੂੰ ਪੇਸ਼ ਕਰਦਿਆਂ ਸ਼ਰਧਾ ਤੇ ਪ੍ਰੇਮ ਨਾਲ ਭਿੱਜੇ ਆਪਣੇ ਵਿਚਾਰਾਂ ਨੂੰ ਪਾਠਕਾਂ ਨਾਲ ਸਾਂਝਾ ਕਰਦਾ ਹੈ। ਲੇਖਕ ਮੁਤਾਬਿਕ ਇਸ ਹਥਲੀ ਪੁਸਤਕ ਵਿਚ ਸ਼ਾਮਿਲ ਹਰ ਘਟਨਾ ਦਾ ਉਹ ਚਸ਼ਮਦੀਦ ਗਵਾਹ ਹੈ। ਲੇਖਕ ਮੁਤਾਬਿਕ ਜਦੋਂ ਕੋਈ ਕਲਾਕਾਰ ਜਾਂ ਮੁਸੱਵਰ ਕਿਸੇ ਤਸਵੀਰ ਨੂੰ ਕੈਨਵਸ 'ਤੇ ਉਤਾਰਦਾ ਹੈ ਤਾਂ ਉਸ ਤਸਵੀਰ ਵਾਲੀ ਹਸਤੀ ਨੂੰ ਮਨ ਦੀ ਕੈਨਵਸ 'ਤੇ ਉਤਾਰਦਾ ਹੈ। ਇਸ ਪੁਸਤਕ ਦੇ ਆਰੰਭਿਕ ਸ਼ਬਦ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਵਲੋਂ ਅੰਕਿਤ ਕੀਤੇ ਗਏ ਹਨ। ਪੁਸਤਕ ਵਿਚ ਸ਼ਾਮਿਲ ਵੱਖ-ਵੱਖ ਘਨਟਾਵਾਂ ਤੇ ਬਿਰਤਾਂਤਾਂ ਨੂੰ ਤਿੰਨ ਦਰਜਨ ਵੱਖ-ਵੱਖ ਸਿਰਲੇਖਾਂ ਅਧੀਨ ਵੰਡਿਆ ਗਿਆ ਹੈ। ਇਨ੍ਹਾਂ ਵਿਚ ਬਾਬਾ ਜੀ ਦਾ ਜਨਮ ਸਥਾਨ, ਬਾਬਾ ਜੀ ਨਾਲ ਲੇਖਕ ਦਾ ਮਿਲਾਪ, 26 ਜੇਠ ਦੇ ਮੇਲੇ ਦੀ ਮਹੱਤਤਾ, ਬਾਬਾ ਜੀ ਦਾ ਗ੍ਰਹਿਸਤ ਜੀਵਨ, ਬਾਬਾ ਜੀ ਦੇ ਜੀਵਨ ਵਿਚ ਸਮੇਂ ਦੀ ਪਾਬੰਦੀ, ਬਾਉਲੀ ਸਾਹਿਬ ਦਾ ਸ਼ੁੱਭ ਆਰੰਭ, ਗੁ: ਟਿੱਬਾ ਸਾਹਿਬ ਤਪਾ-ਦਰਾਜ, ਕੇਂਦਰੀ ਮੰਤਰੀ ਬੂਟਾ ਸਿੰਘ ਵਲੋਂ ਅਸੀਸ ਪ੍ਰਾਪਤ ਕਰਨਾ, ਗੁ: ਨਰੈਣ ਸਰ ਮੁਹਾਲੀ ਵਿਖੇ ਲੰਗਰ ਹਾਲ ਦੀ ਆਰੰਭਰਤਾ, ਮਰਿਯਾਦਾ ਵਿਚ ਪਰਪੱਕਤਾ, ਬਾਬਾ ਜੀ ਜਵਾਨੀ ਸਮੇਂ ਪਹਿਲਵਾਨੀ ਕਰਦੇ ਸਨ, ਬਾਬਾ ਜੀ ਵਲੋਂ ਗਊਆਂ ਦੀ ਸੇਵਾ, ਸੇਵਕਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਣਾ, ਰੱਬੀ ਰੂਹਾਂ ਦੇ ਕਦਰਦਾਨ, ਟਿੱਬਾ ਸਾਹਿਬ ਤੋਂ ਸ਼ਾਨਦਾਰ ਨਗਰ ਕੀਰਤਨ, ਗ੍ਰਹਿਸਤ ਆਸ਼ਰਮ ਦੇ ਕਦਰਦਾਨ, ਘੋਰ ਬੰਦਗੀ ਦੀ ਘਟਨਾ, ਤੀਰਥ ਯਾਤਰਾ, ਮੁਹਾਲੀ ਵਿਖੇ ਪਰਿਵਾਰ ਨਾਲ ਮਿਲਾਪ, ਜੇਲ੍ਹਾਂ ਵਿਚ ਗੁਰਦੁਆਰਿਆਂ ਦੀ ਸਥਾਪਨਾ, ਬਾਬਾ ਜੀ ਦੀ ਸ਼ਖ਼ਸੀਅਤ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਲੇਖਕ ਵਲੋਂ ਲਿਖੀ ਹਰ ਘਟਨਾ ਵਿਚੋਂ ਸ਼ਰਧਾ ਤੇ ਪ੍ਰੇਮ ਦੀ ਝਲਕ ਮਿਲਦੀ ਹੈ। ਮੋਨੀ ਸ਼ਬਦ ਬਾਬਾ ਜੀ ਨਾਲ ਉਸ ਸਮੇਂ ਜੁੜਿਆ ਜਦੋਂ 12 ਸਾਲ ਕੀਤੀ ਘੋਰ ਤਪੱਸਿਆ ਤੇ ਬੰਦਗੀ ਸਮੇਂ ਆਪ ਚੁੱਪ ਦੇ ਧਾਰਨੀ ਹੋ ਗਏ। ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਚੌਰਾਸੀ ਦੇ ਘੱਲੂਘਾਰੇ ਸਮੇਂ ਸ਼ਹੀਦਾਂ ਦੀ ਯਾਦ ਵਿਚ ਇਕ ਸੌ ਇਕ ਸ੍ਰੀ ਅਖੰਡ ਪਾਠ ਸਾਹਿਬ ਵੀ ਗੁ: ਨਰੈਣਸਰ ਮੁਹਾਲੀ ਵਿਖੇ ਕਰਵਾਏ ਗਏ। ਧਰਮ ਯੁੱਧ ਸਮੇਂ ਆਪ ਨੇ ਸੈਂਕੜੇ ਗੁਰਸਿੱਖਾਂ ਨੂੰ ਨਾਲ ਲੈ ਗ੍ਰਿਫ਼ਤਾਰ ਵੀ ਹੋਏ। ਲੇਖਕ ਨੇ ਆਕਾਰ ਪੱਖੋਂ ਛੋਟੀ ਪੁਸਤਕ ਨੂੰ ਭਾਗ ਪਹਿਲਾ ਵਜੋਂ ਸ਼ਰਧਾਲੂ ਸੰਗਤ ਨੂੰ ਭੇਟ ਕੀਤਾ ਹੈ। ਨੇੜ ਭਵਿੱਖ ਵਿਚ ਪਾਠਕ ਵਿਸਥਾਰ ਸਹਿਤ ਦੂਜੇ ਭਾਗ ਦੀ ਉਡੀਕ ਕਰਨਗੇ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਅੱਗੇ ਵਧਦੇ ਜਾਵਾਂਗੇ
ਲੇਖਕ : ਮਹਿੰਦਰ ਸਿੰਘ ਮਾਨੂੰਪੁਰੀ
ਪ੍ਰਕਾਸ਼ਕ : ਗ੍ਰੇਸੀਅਸ ਬੁੱਕਸ, ਪਟਿਆਲਾ
ਮੁੱਲ : 300 ਰੁਪਏ, ਸਫ਼ੇ : 200
ਸੰਪਰਕ : 98764-33008
ਵੱਖ-ਵੱਖ ਵਿਧਾਵਾਂ ਦੀਆਂ ਇਕ ਦਰਜਨ ਕਿਤਾਬਾਂ ਦੇ ਰਚੈਤਾ ਮਹਿੰਦਰ ਸਿੰਘ ਮਾਨੂੰਪੁਰੀ ਬਾਲ-ਸਾਹਿਤ ਦੇ ਇਕ ਸਮਰੱਥ ਅਤੇ ਸਿਰਮੌਰ ਹਸਤਾਖ਼ਰ ਹਨ। ਹਥਲੀ ਪੁਸਤਕ 'ਅੱਗੇ ਵਧਦੇ ਜਾਵਾਂਗੇ' ਵਿਚ ਉਨ੍ਹਾਂ ਨੇ ਆਪਣੀਆਂ 204 ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਪੁਸਤਕ ਨੂੰ ਇਕਾਗਰ-ਚਿੱਤ ਹੋ ਕੇ ਪੜ੍ਹਦਿਆਂ ਪਾਠਕ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਨੂੰ ਬਾਲ-ਸਾਹਿਤ ਦੇ ਤਾਣੇ-ਬਾਣੇ ਦੀਆਂ ਗੁੰਝਲਦਾਰ ਪਰਤਾਂ ਦੇ ਨਾਲ-ਨਾਲ ਬਾਲ ਮਨੋਵਿਗਿਆਨ ਦੀ ਸੂਖਮ ਸੂਝ-ਬੂਝ ਵੀ ਹੈ:
ਜਾਗੋ! ਜਾਗੋ! ਜੱਗ ਦੇ ਬੰਦਿਓ,
ਸੱਚ ਸੁਣਾਉਂਦੀਆਂ ਬਾਲੜੀਆਂ।
ਸੁੰਨਮ-ਸੁੰਨਾ ਜੱਗ ਇਹ ਹੁੰਦਾ,
ਜੇ ਨਾ ਆਉਂਦੀਆਂ ਬਾਲੜੀਆਂ।
ਮਹਿੰਦਰ ਸਿੰਘ ਮਾਨੂੰਪੁਰੀ ਸਮਝਦੇ ਹਨ ਕਿ ਤੰਦਰੁਸਤ ਦਿਮਾਗ ਤੋਂ ਬਿਨਾਂ ਤੰਦਰੁਸਤ ਸਰੀਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਿੰਨਾ ਚਿਰ ਸਾਡੇ ਸਮਾਜ ਵਿਚੋਂ ਵਹਿਮਾਂ-ਭਰਮਾਂ ਅਤੇ ਅੰਧਵਿਸ਼ਵਾਸਾਂ ਦਾ ਹਨੇਰਾ ਦੂਰ ਨਹੀਂ ਹੋ ਜਾਂਦਾ, ਓਨਾ ਚਿਰ ਨਰੋਏ ਸਮਾਜ ਦੀ ਉਸਾਰੀ ਵੀ ਨਹੀਂ ਕੀਤੀ ਜਾ ਸਕਦੀ। ਨਰੋਏ ਸਮਾਜ ਦੀ ਉਸਾਰੀ ਲਈ ਮਨੁੱਖ ਨੂੰ ਬਚਪਨ ਤੋਂ ਹੀ ਵਿਗਿਆਨਕ ਵਿਚਾਰਧਾਰਾ ਦਾ ਧਾਰਨੀ ਬਣਾਇਆ ਜਾਣਾ ਅਜੋਕੇ ਸਮੇਂ ਦੀ ਅਣਸਰਦੀ ਲੋੜ ਹੈ:
ਮੈਂ ਵੱਡਾ ਵਿਗਿਆਨੀ ਬਣ ਕੇ,
ਜੱਗ ਨੂੰ ਚਾਨਣ ਵੰਡਾਂਗਾ।
ਅੰਧਵਿਸ਼ਵਾਸੀ ਵਾਲੇ ਨ੍ਹੇਰੇ,
ਵਿੱਦਿਆ ਪੜ੍ਹ ਕੇ ਛੰਡਾਂਗਾ।
ਮਹਿੰਦਰ ਸਿੰਘ ਮਾਨੂੰਪੁਰੀ ਦੇ ਮਿੱਤਰ-ਪਿਆਰੇ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਉਨ੍ਹਾਂ ਕੋਲ ਪੁਸਤਕਾਂ ਦਾ ਵਡਮੁੱਲਾ ਭੰਡਾਰ ਸੀ। ਆਪਣੇ ਪਿੰਡ ਵਿਚ ਉਨ੍ਹਾਂ ਨੇ ਇਕ ਵਿਸ਼ਾਲ ਲਾਇਬ੍ਰੇਰੀ ਬਣਾਈ ਹੋਈ ਸੀ। ਹਰ ਮਿਲਣ ਵਾਲੇ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਉਨ੍ਹਾਂ ਦਾ ਸੁਭਾਅ ਬਣ ਗਿਆ ਸੀ। ਪੰਜਾਬ ਸਰਕਾਰ ਵਲੋਂ ਬਾਲ ਸਾਹਿਤ ਦੀ ਪ੍ਰਫ਼ੁੱਲਤਾ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸ਼੍ਰੋਮਣੀ ਬਾਲ ਸਾਹਿਤਕਾਰ ਵਜੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਹ ਵੀ ਉਨ੍ਹਾਂ ਦੀ ਸਿਰਜਣਾ ਦਾ ਹੀ ਹਾਸਿਲ ਹੈ ਕਿ ਪਾਠਕ ਉਨ੍ਹਾਂ ਦੀ ਪੁਸਤਕ ਨੂੰ ਇਕੋ ਬੈਠਕ ਵਿਚ ਹੀ ਪੜ੍ਹੇ ਬਿਨਾਂ ਨਹੀਂ ਰਹਿ ਸਕਦਾ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਝੱਲੀ ਦਾ ਝੱਲ
ਕਵੀ : ਡਾ. ਮਨਜ਼ੂਰ ਏਜਾਜ਼
ਸੰਪਾਦਕ : ਰਵਿੰਦਰ ਸਹਿਰਾਅ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 199 ਰੁਪਏ, ਸਫ਼ੇ : 80
ਸੰਪਰਕ : 95011-45039
ਡਾ. ਮਨਜ਼ੂਰ ਏਜਾਜ਼ ਪਾਕਿਸਤਾਨ ਮੂਲ ਦਾ ਪੰਜਾਬੀ ਸ਼ਾਇਰ ਹੈ ਜੋ ਕਿ ਅਮਰੀਕਾ ਜਾ ਵਸਿਆ ਸੀ। ਇਹ ਹਥਲੀ ਪੁਸਤਕ ਉਸ ਦੀ 12ਵੀਂ ਪੰਜਾਬੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਪੰਜਾਬ ਦੀ ਲੋਕ ਤਾਰੀਖ, ਵਾਰਿਸਨਾਮਾ (5 ਜਿਲਦਾਂ), ਬੁੱਲ੍ਹਾਨਾਮਾ, ਇਨਕਲਾਬ ਜੋ ਆ ਚੁੱਕਾ ਹੈ, ਸਵੈ-ਜੀਵਨੀ, ਵਾਰਿਸ ਸ਼ਾਹ ਦੀ ਮੁਢਲੀ ਵਿਚਾਰਧਾਰਾ, ਗਾਲਿਬਨਾਮਾ, ਫ਼ਲਸਫ਼ੇ ਦੀ ਤਾਰੀਖ, ਵੱਡੀ ਜਗਤ ਸ਼ਾਇਰੀ, ਪੰਜਾਬ ਦਾ ਲੋਕ ਇਤਿਹਾਸ ਅਤੇ ਬੁੱਲ੍ਹਾਨਾਮਾ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਇਸ ਪੁਸਤਕ ਵਿਚ ਕੁੱਲ 44 ਦਰਮਿਆਨੇ ਆਕਾਰ ਦੀਆਂ ਕਵਿਤਾਵਾਂ ਹਨ, ਜਿਨ੍ਹਾਂ ਨੂੰ ਪੰਜਾਬੀ ਦੇ ਪ੍ਰਸਿੱਧ ਕਵੀ ਰਵਿੰਦਰ ਸਹਿਰਾਅ ਨੇ ਸਿਆਣਪ ਨਾਲ ਸੰਪਾਦਨ ਦਾ ਕਾਰਜ ਕੀਤਾ ਹੈ। ਡਾ. ਏਜਾਜ਼ ਨੇ ਅਮਰੀਕਾ ਵਰਗੇ ਖ਼ੁਸ਼ਹਾਲ ਦੇਸ਼ ਵਿਚ ਭਾਵੇਂ ਅਰਥ ਸ਼ਾਸਤਰ ਦੀ ਐੱਮ.ਏ. ਅਤੇ ਪੀ.ਐੱਚ.ਡੀ. ਕੀਤੀ ਅਤੇ ਵੱਕਾਰੀ ਨੌਕਰੀ ਵੀ ਕੀਤੀ ਪਰ ਉਹ ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਣਾਇਆ ਰਿਹਾ। ਉਸ ਦੀਆਂ ਪੂਰਵ ਪ੍ਰਕਾਸ਼ਿਤ ਪੁਸਤਕਾਂ ਵਿਚੋਂ ਪੰਜਾਬੀ ਲੋਕ ਦਰਸ਼ਨ ਬੋਲਦਾ ਹੈ, ਉਸ ਨੇ ਪੰਜਾਬ ਦੇ ਇਤਿਹਾਸ ਨੂੰ ਵੀ ਬੇਲਾਗ ਹੋ ਕੇ ਲਿਖਿਆ ਅਤੇ ਗੁਰੂ ਨਾਨਕ, ਵਾਰਿਸ, ਹੁਸੈਨ, ਬੁੱਲ੍ਹਾ ਅਤੇ ਹੋਰ ਸੂਫ਼ੀ ਕਵੀਆਂ ਦੀਆਂ ਨਵੀਆਂ ਪਰਤਾਂ ਖੋਲ੍ਹੀਆਂ।
ਕਵੀ ਏਜਾਜ਼ ਦੀਆਂ ਕਵਿਤਾਵਾਂ ਦੇ ਨਾਂਅ ਵੀ ਪੰਜਾਬੀ ਰਹਿਤਲ ਦੇ ਅਨੁਸਾਰੀ ਹਨ ਜਿਵੇਂ ਧਮੂੜੀ, ਹੁੱਸੜ, ਝੇੜੇ, ਚੂੜੇ ਕੱਜੇ ਚੂੜਿਆਂ ਵਾਲੀਆਂ, ਰੱਪੜ, ਕਪੂਰੀ ਰਿਓੜੀ ਕਿਉਂ ਕਰ ਲੜੇ, ਸ਼ਦਾਈ, ਝੱਲਾ ਆਦਿ ਉਸ ਦੀਆਂ ਕਵਿਤਾਵਾਂ ਵਾਰਤਕ ਕਾਵਿ ਚੰਦ ਵਿਚ ਹਨ ਪਰ ਉਸ ਦੇ ਸ਼ਬਦਾਂ ਦੀ ਮਹਿਕ ਐਸੀ ਹੈ ਕਿ ਪਾਠਕ ਨੂੰ ਇਨ੍ਹਾਂ ਦੇ ਬਹਿਰਾਂ ਛੰਦਾਂ ਦੀ ਲੋੜ ਹੀ ਨਹੀਂ ਪੈਂਦੀ। ਉਸ ਦੀਆਂ ਕਵਿਤਾਵਾਂ ਵਿਚ ਪੰਜਾਬੀ ਭਾਸ਼ਾ ਦਾ ਮੋਹ ਅਤੇ ਪੰਜਾਬੀ ਪੁੱਤਾਂ ਦਾ ਪੰਜਾਬੀ ਤੋਂ ਪਰ੍ਹਾਂ ਖਲੋਣ ਦਾ ਝੱਲ ਅਤੇ ਦੁੱਖ ਟਪਕਦਾ ਹੈ। ਕੁਝ ਕਵਿਤਾਵਾਂ ਦੀਆਂ ਟੂਕਾਂ ਹਾਜ਼ਰ ਹਨ, ਜਿਨ੍ਹਾਂ ਵਿਚ ਅਰਥਚਾਰਾ ਆਪ ਹੀ ਝਰਦਾ ਹੈ :
-'ਤੇਰੇ ਮੇਰੇ ਝੇੜੇ ਵੱਖਰੇ / ਵਿਚ ਨਿਆਈਂ ਕੋਇ ਨਾ / ਆ ਹੁਣ ਆਪਣੀਆਂ ਕਬਰਾਂ ਉੱਪਰ / ਆਪਣੇ ਆਪ ਸਿਆਪੇ ਕਰ ਕਰ / ਖੱਟੀਏ ਤਰਸ ਦੀ ਖੱਟੀ / ਕੁਤਬ ਮੀਨਾਰ ਬਣਾਈਏ (ਝੇੜੇ ਸਫ਼ਾ 22)
-ਆਪਣੇ ਚੁੰਭੇ ਬਣਦੇ ਗੁੜ ਦੀ ਮਹਿਕ ਨਿਰਾਲੀ / ਆਪਣੇ ਖਾਣ ਲਈ ਬਣਿਆ / ਜਿਸ ਵਿਚ / ਰੰਗ ਕਾਟ ਨਾ ਸੋਡਾ / ਸਾਦ ਮੁਰਾਦਾ ਕੁਝ ਬਦਰੰਗਾ / ਸ਼ਕਲੋਂ ਕੋਹਝਾ / ਹਰਫ਼ਾਂ ਵਿਚ ਸਫੈਦੀ ਵਾਲੇ, ਭੇਤ ਸੈਨਤਾਂ / ਕਹੀਆਂ ਅੰਦਰ ਅਣ-ਕਹੀਆਂ ਦੇ ਖੁਰੇ ਛਡੀਵਣ... ਲਿਖਤਾਂ (ਸਫ਼ਾ 25)
ਕਵੀ ਏਜਾਜ਼ ਅਜੀਬ ਬਿੰਬਾਂ ਚਿੰਨ੍ਹਾਂ ਰਾਹੀਂ ਆਪਣੀ ਗੱਲ ਨੂੰ ਸਾਰਥਕ ਬਣਾਉਣ ਦਾ ਯਤਨ ਕਰਦਾ ਹੈ ਪਰ ਉਹ ਮਿਸਾਲ ਦਿੰਦਾ ਪਾਠਕ ਸੁਰਤ ਤੋਂ ਦੂਰ ਚਲਾ ਜਾਂਦਾ ਹੈ। ਉਕਤ ਕਵਿਤਾ ਵਿਚ ਉਹ ਗੁੜ ਦੀ ਗੱਲ ਲਿਖਤਾਂ ਨਾਲ ਪੇਸ਼ ਕਰਦਾ ਹੈ।
-'ਆਪਣੇ ਡਰ ਵਿਚ' ਕਵਿਤਾ ਦਾ ਉਸ ਨੇ ਜੋ ਅਰਥਚਾਰਾ ਘੜਿਆ ਹੈ ਉਹ ਵੀ ਵੇਖੋ :
'ਸੱਪ ਦੋਮੂਹੀਆਂ, ਠੂਹੇ ਬਿੱਛੂ / ਸਭ ਬਲਵਾਨ ਨੇ ਉਰਲੇ ਦੇ / ਜਿਵੇਂ ਜ਼ਰ ਦੇ ਮਾਲਕ ਮੁੱਲਾਂ ਕਾਜ਼ੀ ਬਾਕੀ / ਆਪਣੇ ਡਰ ਵਿਚ ਆਪਣੇ ਭੈਅ ਤੋਂ / ਡੰਗ ਮਰੀਂਦੇ / ਜਾਤ ਦੀਆਂ ਬਸ ਕੋਹੜ ਕਿਰਲੀਆਂ / ਜੱਫਿਆਂ ਵਿਚ ਸ਼ਹਿਤੀਰ ਬਲਾਵਣ / ਸਾਡੀ ਉਲਟੀ ਮੌਤ ਤੋਂ ਰਲ ਮਿਲ / ਹਸਦੀਆਂ ਜਾਵਣ' (ਸਫ਼ਾ 28)
-ਏਜਾਜ਼ ਦੀ ਕਵਿਤਾ-ਸ਼ਬਦਾਵਲੀ ਕੇਂਦਰੀ ਪੰਜਾਬੀ ਤੋਂ ਪਰ੍ਹਾਂ ਦੀ ਹੈ ਇਹ ਸ਼ਾਇਦ ਸ਼ਰਾਇਕੀ ਦੀ ਵੀ ਅਗਾਂਹ ਉਪਬੋਲੀ ਲਗਦੀ ਹੈ :
'ਕਿੰਨੀ ਵੇਰੀਂ ਝਾਕੀ ਦੇ ਦੇ ਲੰਘੀਆਂ / ਹਾਠਾਂ ਜੋੜ ਕੇ ਝੰਬਰ ਪਾਉਂਦੇ ਆਏ ਬੱਦਲ / ਗਰਜ ਉਨ੍ਹਾਂ ਦੀ ਆਸਮਾਨਾਂ ਨੂੰ ਪਾੜ ਉਧੇੜੇ / ਚੂੜੇ ਕੱਜੇ ਚੂੜੇ ਵਾਲੀਆਂ / ਤੂਰ ਪਹਾੜ ਦੀ ਯਾਦ ਦਿਵਾਂਦੀ / ਇਸ਼ਕ ਇਨ੍ਹਾਂ ਦੀ / ਪਰ ਤ੍ਰਿਹਾਈ, ਤਿੱਸੀ ਧਰਤੀ ਅੱਖ ਬੇਸ਼ਰਮੀ' / ਚੂੜੇ ਕੱਜੇ ਚੂੜੇ ਵਾਲੀਆਂ' (ਸਫ਼ਾ 29)
ਕਵੀ ਏਜਾਜ਼ ਦੀ ਕਵਿਤਾ ਵਿਚ ਕਿਤੇ-ਕਿਤੇ ਚੰਗੀਆਂ ਤੇ ਸਾਰਥਕ ਗੱਲਾਂ ਵੀ ਹਨ : 'ਬਾਹਰ ਝੰਡਾ ਮਜ਼ਹਬ ਵਾਲਾ / ਅੰਦਰ ਹੱਟ ਦਲਾਲੀ / ਘਰੀਂ ਵਸਾਈ ਚਾਚੇ ਦੀ ਧੀ / ਦਿਲ ਦੇ ਅੰਦਰ ਸਾਲੀ / ਸਾਵੀਂ ਚੱਦਰ ਲੈ ਬਿਸਤਰ 'ਤੇ / ਤਸਬੀ ਕਰੇ ਜੁਗਲੀ...' ਅੱਲਾ ਵਾਲੀ (ਸਫ਼ਾ 66).
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਸੋਚ ਦੇ ਅੱਖਰ
ਗ਼ਜ਼ਲਕਾਰ : ਕਾਸਿਫ਼ ਤਨਵੀਰ ਕਾਸਿਫ਼
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ, ਫਗਵਾੜਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 81950-46082
ਪੌਣੀ ਸਦੀ ਪਹਿਲਾਂ ਪੰਜਾਬ ਦਾ ਜਿਸਮ ਵੰਡਿਆ ਗਿਆ ਸੀ, ਇਕ ਪੂਰਬੀ ਪੰਜਾਬ ਤੇ ਦੂਸਰਾ ਪੱਛਮੀ ਪੰਜਾਬ ਹੋਂਦ ਵਿਚ ਆਏ। ਪਰ ਇਨ੍ਹਾਂ ਦੋਵਾਂ ਹਿੱਸਿਆਂ ਦਾ ਦੁੱਖ ਸੁਖ, ਵਿਰਸਾ, ਸਕਾਫ਼ਤ, ਰਹੁ ਰੀਤਾਂ ਤੇ ਆਦਤਾਂ ਅਜੇ ਵੀ ਸਮਾਨ ਹੀ ਹਨ। ਚੰਗੀ ਗੱਲ ਇਹ ਵੀ ਹੈ ਕਿ ਦੋਵਾਂ ਪੰਜਾਬਾਂ ਵਿਚ ਸਾਹਿਤ ਰਾਹੀਂ ਵਿਚਾਰਾਂ ਦਾ ਵਟਾਂਦਰਾ ਹੁੰਦਾ ਰਹਿੰਦਾ ਹੈ ਤੇ ਇਸ ਕਾਰਨ ਸਾਂਝਾਂ ਦਾ ਪੁਲ਼ ਬਣਿਆਂ ਹੋਇਆ ਹੈ। ਏਧਰ ਓਧਰ ਇਕ ਦੂਸਰੇ ਦੇ ਸਾਹਿਤ ਨੂੰ ਛਾਪਣ ਦੀ ਰਵਾਇਤ ਵੀ ਚਿਰੋਕੀ ਹੈ। 'ਸੋਚ ਦੇ ਅੱਖਰ' ਗ਼ਜ਼ਲ ਸੰਗ੍ਰਹਿ ਦੀ ਪ੍ਰਕਾਸ਼ਨਾ ਇਸੇ ਭਾਵਨਾ ਤਹਿਤ ਹੋਈ ਪ੍ਰਤੀਤ ਹੁੰਦੀ ਹੈ, ਜਿਸ ਦੇ ਗ਼ਜ਼ਲਕਾਰ ਕਾਸਿਫ਼ ਤਨਵੀਰ ਕਾਸਿਫ਼ ਹਨ। ਇਸ ਪੇਸ਼ਕਾਰੀ ਲਈ ਪੰਜਾਬੀ ਵਿਰਸਾ ਟਰੱਸਟ ਦੀ ਸਰਾਹਨਾ ਕੀਤੀ ਜਾਣੀ ਚਾਹੀਦੀ ਹੈ। ਪਾਕਿਸਤਾਨੀ ਪੰਜਾਬੀ ਗ਼ਜ਼ਲਕਾਰ ਜ਼ਿਆਦਾਤਰ ਘੁਮਾ ਫਿਰਾ ਕੇ ਗੱਲ ਕਰਨ ਵਿਚ ਯਕੀਨ ਨਹੀਂ ਰੱਖਦੇ, ਸਗੋਂ ਉਹ ਸਿੱਧੀ ਤੇ ਸਾਦੀ ਭਾਸ਼ਾ ਦਾ ਪ੍ਰਯੋਗ ਕਰਦੇ ਹਨ। ਕਾਸਿਫ਼ ਦੀ ਗ਼ਜ਼ਲ ਵੀ ਇਸੇ ਸ਼੍ਰੇਣੀ ਵਿਚ ਆਉਂਦੀ ਹੈ। ਇਸੇ ਲਈ ਕਾਸਿਫ਼ ਕਿਧਰੇ ਡੰਗਰ ਚਾਰਨ ਦੀ ਗੱਲ ਕਰਦਾ ਹੈ ਕਿਧਰੇ ਵਿਹੜੇ ਵਿਚ ਲੀਕਾਂ ਮਾਰਨ ਦੀ ਤੇ ਕਿਧਰੇ ਉਹ ਖਾਲਮ ਖ਼ਾਲੀ ਕਾਸਿਆਂ ਦਾ ਵਰਨਣ ਕਰਦਾ ਹੈ। ਗ਼ਜ਼ਲਕਾਰ ਆਪਣੇ ਦੇਸ਼ ਤੋਂ ਦੂਰ ਰਹਿੰਦਾ ਹੈ ਇਸੇ ਲਈ ਉਸ ਨੂੰ ਆਪਣਾ ਪਿੰਡ ਤਖ਼ਤ ਹਜ਼ਾਰਾ ਮੁੜ-ਮੁੜ ਯਾਦ ਆਉਂਦਾ ਹੈ ਤੇ ਉੱਥੋਂ ਦੇ ਬੋਹੜ ਤੇ ਪਿੱਪਲ ਅਜੇ ਵੀ ਉਸ ਦੀ ਸਿਮ੍ਰਤੀ ਵਿਚ ਹਨ। ਆਪਣੀਆਂ ਗ਼ਜ਼ਲਾਂ ਵਿਚ ਕਾਸਿਫ਼ ਨੇ ਹੋਰਾਂ ਹਮਵਤਨਾਂ ਵਾਂਗ ਪੰਜਾਬੀ ਦੇ ਭੁੱਲੇ ਵਿਸਰੇ ਠੇਠ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਹੈ। ਇੱਧਰਲੇ ਪੰਜਾਬ ਦੇ ਕੁਝ ਅਸਲੋਂ ਅਲੋਪ ਹੋ ਗਏ ਸ਼ਬਦ ਵੀ ਇਨ੍ਹਾਂ ਗ਼ਜ਼ਲਾਂ ਦਾ ਸ਼ਿੰਗਾਰ ਹਨ। ਗ਼ਜ਼ਲਕਾਰ ਦੀ ਬਹੁਤੀ ਗ਼ਜ਼ਲਕਾਰੀ ਵਿਚ ਮੁਹੱਬਤ ਦੀ ਚਾਸ਼ਨੀ ਹੈ ਤੇ ਇਸ ਵਿਚ ਆਪਣੇ ਚਾਹਵਾਨ ਨਾਲ ਸੰਵਾਦ ਹਨ। ਸ਼ਾਇਦ ਇਹ ਰੰਗ ਇਸ ਲਈ ਵੀ ਭਾਰੂ ਹੈ ਕਿ ਉਹ ਝਨਾਅ ਦੇ ਕੰਢੇ ਵਸੇ ਰਾਂਝੇ ਦੇ ਪਿੰਡ ਤਖ਼ਤ ਹਜ਼ਾਰੇ ਦੀ ਪੈਦਾਇਸ਼ ਹੈ। ਇਸ ਮਿੱਟੀ 'ਚੋਂ ਪੈਦਾ ਹੋ ਕੇ ਜੇ ਮੁਹੱਬਤ ਦੀ ਗੱਲ ਨਾ ਤੁਰੇ ਤਾਂ ਉਸ ਭੋਇੰ ਨਾਲ ਇਹ ਬੇਇਨਸਾਫ਼ੀ ਹੈ। ਪੁਸਤਕ ਦੀਆਂ ਗ਼ਜ਼ਲਾਂ ਸਵਾਦਲੀਆਂ, ਮੁਹੱਬਤ ਦੇ ਖ਼ੁਮਾਰ ਵਿਚ ਰੰਗੀਆਂ ਤੇ ਵਿਰਸੇ ਨਾਲ ਜੁੜੀਆਂ ਹੋਈਆਂ ਹਨ। ਕੁਝ ਥਾਈਂ ਗ਼ਜ਼ਲ ਦਾ ਅਨੁਸ਼ਾਸਨ ਡੋਲਿਆ ਹੈ ਪਰ ਪਾਕਿਸਤਾਨ ਵਿਚ ਇਸ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਜਾਂਦੀ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਕੁਝ ਨਵਾਂ
ਲੇਖਕ : ਬਿਕਰਮਜੀਤ ਨੂਰ
ਪ੍ਰਕਾਸ਼ਕ : ਕੇ. ਪਬਲੀਕੇਸ਼ਨ, ਮਾਨਸਾ
ਮੁੱਲ : 245 ਰੁਪਏ, ਸਫ਼ੇ : 122
ਸੰਪਰਕ : 94640-76257
ਪ੍ਰਤਿਸ਼ਠਤ ਲੇਖਕ ਬਿਕਰਮਜੀਤ ਨੂਰ ਨੇ ਬੇਸ਼ੱਕ ਨਾਵਲ, ਜੀਵਨੀ, ਕਵਿਤਾ ਵਾਰਤਕ ਆਦਿ ਸਾਹਿਤਕ ਵਿਧਾਵਾਂ 'ਤੇ ਕਲਮ ਚਲਾਈ ਹੈ, ਪਰ ਉਹ ਮੂਲ ਤੌਰ 'ਤੇ ਪ੍ਰਤੀਬੱਧ ਮਿੰਨੀ ਕਹਾਣੀ ਲੇਖਕ ਹੈ। ਉਸ ਦੇ ਹੁਣ ਤੱਕ ਕਾਤਰਾਂ, ਸ਼ਨਾਖਤ, ਅਣਕਿਹਾ, ਮੰਜ਼ਿਲ, ਮੇਰੀਆਂ ਮਿੰਨੀ ਕਹਾਣੀਆਂ, ਮੂਕ ਸ਼ਬਦਾਂ ਦੀ ਵਾਪਸੀ, ਦਸ ਸਾਲ ਹੋਰ, ਰੰਗ ਅਤੇ ਬਸਤੀ ਉਦਾਸ ਹੈ ਆਦਿ ਨੌ ਮਿੰਨੀ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਹ ਸਾਹਿਤ ਵਿਚ ਕੁਝ ਨਾ ਕੁਝ ਨਵਾਂ ਕਰਨ ਦੀ ਝਾਕ ਵਿਚ ਰਹਿੰਦਾ ਹੈ। ਇਸੇ ਲੜੀ ਵਿਚ ਉਸ ਦਾ 45 ਮਿੰਨੀ ਕਹਾਣੀਆਂ ਦਾ ਦਸਵਾਂ ਸੰਗ੍ਰਹਿ 'ਕੁਝ ਨਵਾਂ' ਸਿਰਲੇਖ ਹੇਠ ਪ੍ਰਕਾਸ਼ਿਤ ਹੋਇਆ ਹੈ। ਲੇਖਕ ਬੀਤੇ 8-10 ਸਾਲ ਤੋਂ ਪ੍ਰਵਾਸੀ ਹੋ ਗਿਆ ਹੈ, ਇਸ ਲਈ ਉਸ ਦੇ ਅਨੁਭਵ ਵਿਚ ਵਿਦੇਸ਼ੀ ਸੱਭਿਆਚਾਰ, ਸੋਚ ਅਤੇ ਆਧੁਨਿਕਤਾ ਸ਼ਾਮਿਲ ਹੋਈ ਹੈ, ਨਾਲ ਦੀ ਨਾਲ ਵਿਦੇਸ਼ ਅਤੇ ਸਵਦੇਸ਼ ਦਾ ਤੁਲਨਾਤਮਿਕ ਮੁਲਾਂਕਣ ਉਸ ਦੀਆਂ ਨਵੀਆਂ ਰਚਨਾਵਾਂ ਵਿਚ ਉੱਭਰ ਕੇ ਸਾਹਮਣੇ ਆਇਆ ਹੈ। ਮਿੰਨੀ ਕਹਾਣੀ ਦੇ ਮੁਢਲੇ ਦੌਰ ਦਾ ਇਹ ਪਾਂਧੀ ਮਿੰਨੀ ਕਹਾਣੀ ਦੇ ਸ਼ਿਲਪ ਤੇ ਰੂਪਕ ਪੱਖ ਤੋਂ ਪੂਰੀ ਤਰ੍ਹਾਂ ਜਾਣੂ ਹੈ, ਸਗੋਂ ਆਪਣੀਆਂ ਮਿੰਨੀ ਕਹਾਣੀਆਂ ਰਾਹੀਂ ਉਸ ਦੀ ਪੁਸ਼ਟੀ ਵੀ ਕਰਦਾ ਹੈ। ਨੂਰ ਦੀਆਂ ਮਿੰਨੀ ਕਹਾਣੀਆਂ ਨੇ ਵੀ ਬੀਤੇ ਚਾਰ ਕੁ ਦਹਾਕਿਆਂ ਤੋਂ ਕਥਨ ਅਤੇ ਕਹਿਣ ਦੀ ਦ੍ਰਿਸ਼ਟੀ ਤੋਂ ਵਿਕਾਸ ਕੀਤਾ ਹੈ। ਹਥਲੇ ਸੰਗ੍ਰਹਿ ਦੀਆਂ ਅਹੁਦਾ, ਇਕਾਂਤਵਾਸ, ਸੋਚ, ਹਾਦਸਾ, ਗਰਮ ਖ਼ੂਨ, ਛੋਟਾ ਬੰਦਾ, ਦੋ ਪਾਤਰ, ਮਿੱਟੀ, ਰੋਟੀ ਸ਼ੈਰੀ ਦਾ ਸ਼ੌਕ ਆਦਿ ਮਿੰਨੀ ਕਹਾਣੀਆਂ ਨਾ ਸਿਰਫ ਨੂਰ ਦੀ ਮਿੰਨੀ ਕਹਾਣੀ ਯਾਤਰਾ ਦੀਆਂ ਮੀਲ ਪੱਥਰ ਹਨ, ਸਗੋਂ ਪੰਜਾਬੀ ਮਿੰਨੀ ਕਹਾਣੀ ਦਾ ਹਾਸਿਲ ਵੀ ਕਹੀਆਂ ਜਾ ਸਕਦੀਆਂ ਹਨ। ਬਾਕੀ ਮਿੰਨੀ ਕਹਾਣੀਆਂ ਵੀ ਆਪਣੇ ਉਦੇਸ਼ ਦੀ ਪ੍ਰਭਾਵਸ਼ਾਲੀ ਢੰਗ ਨਾਲ ਪੂਰਤੀ ਕਰਦੀਆਂ ਹਨ। ਇਨ੍ਹਾਂ ਮਿੰਨੀ ਕਹਾਣੀਆਂ ਦੇ ਵਿਸ਼ੇ ਭਾਰਤੀ ਸਮਾਜ ਦੇ ਕਰੂਰ ਯਥਾਰਥ ਦਾ ਸੂਖ਼ਮ ਪ੍ਰਗਟਾਅ ਤਾਂ ਕਰਦੇ ਹੀ ਹਨ। ਭੂਮੰਡਲੀਕਰਨ ਅਤੇ ਵਪਾਰੀਕਰਨ ਦੇ ਇਸ ਭਿਆਨਕ ਦੌਰ ਵਿਚ ਪਲ-ਪਲ ਖੰਡਿਤ ਹੋ ਰਹੀ ਮਨੁੱਖੀ ਮਾਨਸਿਕਤਾ ਅਤੇ ਤਿੜਕ ਰਹੇ ਮਨੱਖੀ ਰਿਸ਼ਤਿਆਂ, ਵਧ ਰਹੀ ਸੰਵੇਦਨਹੀਣਤਾ ਅਤੇ ਮਨੁੱਖ ਤੋਂ ਮਨੁੱਖ ਦੀ ਦੂਰੀ ਅਤੇ ਇਸ ਤੋਂ ਪੈਦਾ ਹੋ ਰਿਹਾ ਤਣਾਅ, ਇਕੱਲਾਪਣ ਤੇ ਉਪਰਾਮਤਾ ਦਾ ਨੂਰ ਦੀ ਕਲਮ ਨੇ ਬੜੀ ਹੀ ਸੂਖਮਤਾ ਨਾਲ ਵਿਸ਼ਲੇਸ਼ਣ ਅਤੇ ਚਿਤਰਣ ਕੀਤਾ ਹੈ। ਇੰਜ ਨੂਰ ਆਪਣੇ ਸਮਕਾਲੀਆਂ ਤੋਂ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਸਫਲ ਹੁੰਦਾ ਹੈ। 'ਕੁਝ ਨਵਾਂ' ਸਚਮੁੱਚ ਜਿੱਥੇ ਪਾਠਕਾਂ ਨੂੰ ਨਵੇਂ ਅਹਿਸਾਸਾਤ ਨਾਲ ਸਰਸ਼ਾਰ ਕਰਨ ਦੇ ਸਮਰੱਥ ਹੈ ਉੱਥੇ ਨਵੇਂ ਮਿੰਨੀ ਕਹਾਣੀ ਲੇਖਕਾਂ ਲਈ ਇਕ ਮਾਰਗਦਰਸ਼ਕ ਦੀ ਭੂਮਿਕਾ ਵੀ ਨਿਭਾਉਣ ਦੇ ਸਮਰੱਥ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਅਬ ਤੁਮ੍ਹਾਰੇ ਹਵਾਲੇ ਵਤਨ ਸਾਥੀਓ
ਲੇਖਿਕਾ : ਮਨਜੀਤ ਕੌਰ ਮੀਤ
ਮੁੱਲ : 200 ਰੁਪਏ, ਸਫ਼ੇ : 108
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰ, ਚੰਡੀਗੜ੍ਹ
ਸੰਪਰਕ : 84277-21143
ਲੇਖਿਕਾ ਲੰਬੇ ਅਰਸੇ ਤੋਂ ਲਿਖਣ-ਕਾਰਜ ਵਿਚ ਜੁਟੀ ਹੋਈ ਹੈ। ਉਸ ਦੀਆਂ ਕੁਝ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਤਿੰਨ ਛਪਾਈ ਅਧੀਨ ਹਨ। ਮੂਲ ਰੂਪ ਵਿਚ ਉਹ ਮਿੰਨੀ ਕਹਾਣੀਆਂ, ਕਹਾਣੀ ਅਤੇ ਕਵਿਤਾ ਲਿਖਣ ਵੱਲ ਰੁਚਿਤ ਹੈ। ਸਾਹਿਤ ਸਭਾਵਾਂ ਨਾਲ ਵੀ ਉਹ ਬਰਾਬਰ ਨਿਭਦੀ ਨਜ਼ਰ ਆਉਂਦੀ ਹੈ। ਵਿਚਾਰ ਅਧੀਨ ਪੁਸਤਕ ਉਸ ਦੇ ਜੀਵਨ ਤਜਰਬਿਆਂ ਨਾਲ ਸੰਬੰਧਿਤ ਹੈ ਅਤੇ ਪਾਠਕਾਂ ਨਾਲ ਉਸ ਜਜ਼ਬਾਤੀ ਸਾਂਝ ਪਾਉਣ ਦਾ ਸੁਹਿਰਦ ਯਤਨ ਕੀਤਾ ਹੈ। ਉਸ ਦਾ ਪਤੀ ਪਹਿਲਾਂ ਫ਼ੌਜ ਵਿਚ ਰਿਹਾ ਅਤੇ ਫਿਰ ਉਸ ਨੇ ਸਿਵਲ ਵਿਚ ਵੀ ਸੇਵਾਵਾਂ ਨਿਭਾਈਆਂ। ਮਨਜੀਤ ਨੂੰ ਕਿਉਂਕਿ ਵਿਦਿਆਰਥੀ ਜੀਵਨ ਤੋਂ ਹੀ ਫ਼ੌਜੀ ਪਸੰਦ ਸਨ ਤੇ ਉਸ ਨੇ ਆਪਣੇ ਮਨਪਸੰਦ ਇਕ ਫ਼ੌਜੀ ਅਫ਼ਸਰ ਨਾਲ ਹੀ ਆਪਣੀ ਵਿਆਹ ਕਰਵਾਉਣ ਦੀ ਜ਼ਿੱਦ ਪੁਗਾਈ।
ਪੁਸਤਕ ਦੇ 15 ਕਾਂਡ ਹਨ। ਇਨ੍ਹਾਂ ਨਿੱਕੇ-ਨਿੱਕੇ ਲੇਖਾਂ ਨੂੰ ਉਸ ਭਾਵਾਨਾਤਮਕ ਢੰਗ ਨਾਲ ਪਾਠਕਾਂ ਅੱਗੇ ਪੇਸ਼ ਕੀਤਾ ਹੈ। ਵਿਆਹ ਲਈ ਹਾਮੀ ਲੇਖ ਵਿਚ ਉਹ ਦੱਸਦੀ ਹੈ ਕਿ ਜਦੋਂ ਛੋਟੀ ਉਮਰ ਵਿਚ ਹੀ ਉਸ ਨੂੰ ਭਾਸ਼ਾ ਵਿਭਾਗ ਵਿਚ ਨੌਕਰੀ ਮਿਲੀ ਤਾਂ ਉਸ ਦਾ ਗੁਰਦੇਵ ਸਿੰਘ ਨਾਲ ਵਿਆਹ ਹੋ ਗਿਆ ਤੇ ਉਹ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗੇ। ਉਹ ਆਪਣੀ ਪਤਨੀ ਤੇ ਪਰਿਵਾਰ ਦਾ ਪੂਰਾ ਖ਼ਿਆਲ ਰੱਖਦਾ ਸੀ ਪਰ ਹੌਲੀ-ਹੌਲੀ ਹਾਲਾਤ ਦੇ ਮੱਦੇਨਜ਼ਰ ਉਹ ਨਿੱਤ ਸ਼ਰਾਬ ਵੀ ਪੀਣ ਲੱਗਾ ਸੀ। ਸ਼ਾਇਦ ਇਹੋ ਕਾਰਨ ਬਣ ਗਿਆ ਕਿ ਰਿਟਾਇਰਮੈਂਟ ਤੋਂ ਬਾਅਦ ਉਹ ਜਲਦੀ ਹੀ ਉਸ ਦਾ ਸਾਥ ਛੱਡ ਗਿਆ। ਜਵਾਨੀ ਵੇਲੇ ਉਹ ਉਸ ਨਾਲ ਪੰਜਾਬ ਤੇ ਭਾਰਤ ਦੇ ਕਈ ਥਾਵਾਂ 'ਤੇ ਘੁੰਮੀ-ਫਿਰੀ ਤੇ ਜੀਵਨ ਦਾ ਅਨੰਦ ਲਿਆ। ਖ਼ੁਸ਼ੀਆਂ-ਗ਼ਮੀਆਂ ਸੰਗ ਵਿਚਰਦਿਆਂ ਮਨਜੀਤ ਨੇ ਲਿਖਣਾ ਨਾ ਛੱਡਿਆ ਤੇ ਸਾਹਿਤ ਨਾਲ ਆਪਣੀ ਪ੍ਰੀਤ ਬਣਾਈ ਰੱਖੀ।
ਇਸ ਪੁਸਤਕ ਦੇ ਸਾਰੇ ਹੀ ਲੇਖ ਪੜ੍ਹਨਯੋਗ ਹਨ ਤੇ ਲੇਖਿਕਾ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਦਾ ਹੈ। ਫ਼ੌਜਣ ਬਣ ਕੇ ਮਾਣ ਖੱਟਿਆ, ਤਾਜ ਮਹਿਲ ਦੀ ਸੁੰਦਰਤਾ, ਜਬਲਪੁਰ ਦੀ ਪੋਸਟਿੰਗ, ਨਾਭੇ ਦਾ ਸਫ਼ਰ, ਚੰਡੀਮੰਦਰ ਦਾ ਨਜ਼ਾਰਾ, ਵਿਦਾਇਗੀ ਤੋਂ ਬਾਅਦ ਲਗਭਗ ਸਾਰੇ ਹੀ ਲੇਖਾਂ ਨੂੰ ਪਾਠਕ ਆਪਣੇ ਹਿਸਾਬ ਨਾਲ ਮਾਣ ਸਕਦਾ ਹੈ। ਇਨ੍ਹਾਂ ਹੀ ਅਰਥਾਂ ਵਿਚ ਪੁਸਤਕ ਦਾ ਸਵਾਗਤ ਵੀ ਹੈ ਤੇ ਸੁਹਿਰਦ ਲੇਖਿਕਾ ਮਨਜੀਤ ਕੌਰ ਮੀਤ ਨੂੰ ਮੁਬਾਰਕ ਪੇਸ਼ ਕਰਨੀ ਵੀ ਬਣਦੀ ਹੈ। ਪੰਜਾਬੀ ਸਾਹਿਤ ਜਗਤ ਉਸ ਤੋਂ ਭਵਿੱਖ ਵਿਚ ਹੋਰ ਵੀ ਉਮੀਦ ਰੱਖਦਾ ਹੈ।
-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693
ਸੁਰਿੰਦਰ ਗੀਤ ਦੀਆਂ ਕਹਾਣੀਆਂ-ਪਰਵਾਸੀ ਪ੍ਰਵਚਨ
ਸੰਪਾਦਕ : ਡਾ ਨਰੇਸ਼ ਕੁਮਾਰ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ ਪਟਿਆਲਾ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 098788-89269
ਕਵਿਤਰੀ ਸੁਰਿੰਦਰ ਗੀਤ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵਾਸੀ ਹੈ। ਕੁਝ ਸਮੇਂ ਤੋਂ ਉਹ ਕਹਾਣੀਆਂ ਲਿਖ ਰਹੀ ਹੈ। ਨਾਮਵਰ ਅਖ਼ਬਾਰਾਂ ਵਿਚ ਉਸ ਦੀ ਕਹਾਣੀ ਛਪ ਰਹੀ ਹੈ। ਪ੍ਰਸਿੱਧ ਆਲੋਚਕਾਂ ਨੇ ਉਸ ਦੀ ਕਹਾਣੀ ਦਾ ਨੋਟਿਸ ਲਿਆ ਹੈ। ਸੁਰਿੰਦਰ ਗੀਤ ਦਾ ਪਹਿਲਾ ਕਹਾਣੀ ਸੰਗ੍ਰਹਿ 'ਤੋਹਫ਼ਾ' ਛਪਿਆ, ਜਿਸ ਵਿਚ 17 ਕਹਾਣੀਆਂ ਹਨ। ਸਾਹਿਤਕਾਰ ਬਲਬੀਰ ਮਾਧੋਪੁਰੀ ਨੇ ਕਹਾਣੀ ਸੰਗ੍ਰਹਿ ਬਾਰੇ ਭਾਵਪੂਰਤ ਵਿਚਾਰ ਲਿਖੇ ਹਨ। ਹਥਲੀ ਪੁਸਤਕ ਉਸ ਦੇ ਕਹਾਣੀ ਸੰਗ੍ਰਹਿ ਬਾਰੇ 12 ਆਲੋਚਨਾਤਮਿਕ ਲੇਖਾਂ ਦੀ ਸੰਪਾਦਿਤ ਕਿਤਾਬ ਹੈ। ਇਸ ਆਲੋਚਨਾਤਮਿਕ ਕਿਤਾਬ ਦਾ ਸਿਰਲੇਖ 'ਪਰਵਾਸੀ ਪ੍ਰਵਚਨ' ਆਪਣੇ ਆਪ ਵਿਚ ਕਹਾਣੀਆਂ ਦੇ ਪਰਵਾਸੀ ਸਰੋਕਾਰਾਂ ਦੀ ਸੂਹ ਦੇ ਰਿਹਾ ਹੈ। ਇਨ੍ਹਾਂ ਬਾਰਾਂ ਚਿੰਤਨਸ਼ੀਲ ਲੇਖਾਂ ਵਿਚ ਇਕ ਲੇਖ ਸੰਪਾਦਕ ਦੀ ਕਲਮ ਤੋਂ ਹੈ। ਕਿਤਾਬ ਦਾ ਸਮਰਪਨ ਵੀ ਪਰਵਾਸੀ ਧੀਆਂ-ਪੁੱਤਰਾਂ ਦੇ ਨਾਂਅ ਹੈ। ਆਦਿਕਾ ਵਿਚ ਸੰਪਾਦਕ ਨੇ ਲਿਖਿਆ ਹੈ --- ਇਸ ਕਿਤਾਬ ਦਾ ਮਨੋਰਥ ਸੁਰਿੰਦਰ ਗੀਤ ਦੀਆਂ ਕਹਾਣੀਆਂ ਦੀਆਂ ਜੁਗਤਾਂ ਦੀ ਨਿਸ਼ਾਨ ਦੇਹੀ ਕਰਨਾ ਹੈ। ਸੁਹਿਰਦ ਆਲੋਚਕਾਂ ਵਿਚ ਡਾ. ਭੀਮ ਇੰਦਰ ਸਿੰਘ ਨੇ ਕਿਤਾਬ ਤੋਹਫਾ ਵਿਚ ਸ਼ਾਮਿਲ ਕਹਾਣੀ 'ਤਾਏ ਕੇ ਚੋਰ ਉਚੱਕੇ ਨਹੀਂ' ਦਾ ਚਿੰਤਨਮਈ ਵਿਸ਼ਲੇਸ਼ਣ ਕੀਤਾ ਹੈ। ਤਾਏ ਕੇ ਐਗਲੋ ਇੰਡੀਅਨ ਲੋਕ ਹਨ ਜੋ ਹਮਦਰਦੀ ਦੇ ਪਾਤਰ ਹਨ। ਸੁਖਵਿੰਦਰ ਕੰਬੋਜ ਦੀ ਧਾਰਨਾ ਹੈ ਕਿ ਲੇਖਿਕਾ ਸਮਾਜਿਕ ਯਥਾਰਥ ਨੂੰ ਇਕ ਵਿੱਥ 'ਤੇ ਖਲੋ ਕੇ ਵੇਖਦੀ ਹੈ। ਗ਼ਰੀਬ ਔਰਤ ਨਾਲ ਉਸ ਦੀ ਹਮਦਰਦੀ ਹੈ। ਸੰਗ੍ਰਹਿ ਦੀਆਂ ਚਰਚਿਤ ਕਹਾਣੀਆਂ ਕੈਨੇਡਾ ਦੀ ਟਿਕਟ, ਧੀ ਦਾ ਕਰਜ਼, ਬਦਲਦੇ ਰਿਸ਼ਤੇ, ਖੇਤ ਦੀ ਨੁੱਕਰੇ, ਗੁਨਾਹ, ਦੇਵਤਾ, ਮੈਂ ਚੰਗੀ ਮਾਂ ਹਾਂ, ਨਵੀਂ ਜੁੱਤੀ, ਬੇਘਰੇ, ਕੁਰਬਾਨੀ, ਕੀ ਲੋੜ ਸੀ ਪਾਪੜ ਵੇਲਣ ਦੀ, ਤਿੰਨ ਪੀੜ੍ਹੀਆਂ, ਮਾਂ, ਇਕ ਅੰਤ ਇਕ ਸ਼ੁਰੂਆਤ, ਬਾਰੇ ਪੂੰਜੀਵਾਦੀ ਵਿਸ਼ਵੀਕਰਨ ਦੇ ਯਥਾਰਥ ਦੇ ਨਜ਼ਰੀਏ ਤੋਂ ਡਾ. ਸੁਰਜੀਤ ਬਰਾੜ ਨੇ ਚਰਚਾ ਕੀਤੀ ਹੈ। ਡਾ. ਬਰਿੰਦਰ ਕੌਰ ਨੇ ਕਹਾਣੀਆਂ ਦਾ ਵਿਸ਼ਾਗਤ ਅਧਿਐਨ ਕੀਤਾ ਹੈ। ਆਲੋਚਕ ਨਿਰੰਜਨ ਬੋਹਾ ਨੇ ਕਹਾਣੀਆਂ ਵਿਚ ਬੇਤਰਤੀਬੀ ਜ਼ਿੰਦਗੀ ਦਾ ਚਿਤਰਣ ਪਾਤਰਾਂ ਦੇ ਹਵਾਲੇ ਨਾਲ ਕੀਤਾ ਹੈ। ਡਾ. ਹੀਰਾ ਸਿੰਘ ਦੇਸ਼-ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਪੀੜਾ ਨੂੰ ਮਹਿਸੂਸ ਕਰਦਾ ਹੈ। ਨਾਰੀ ਸਸ਼ਕਤੀਕਰਨ ਦੀ ਚਰਚਾ ਡਾ. ਪਰਦੀਪ ਕੌਰ ਨੇ ਕੀਤੀ ਹੈ। ਨਾਰੀ ਮਨ ਬਾਰੇ ਡਾ. ਸਤਿੰਦਰ ਕੌਰ ਨੇ ਪਾਤਰਾਂ ਦੀ ਮਾਨਸਿਕਤਾ ਨੂੰ ਛੋਹਿਆ ਹੈ। ਕਹਾਣੀ 'ਧੀ ਦਾ ਕਰਜ਼' ਦਾ ਵਿਸ਼ਲੇਸ਼ਣ ਡਾ ਗੁਰਵੰਤ ਸਿੰਘ ਨੇ ਪੇਸ਼ ਕੀਤਾ ਹੈ। ਗੁਰਦੀਪ ਸਿੰਘ ਭੁੱਲਰ ਦਾ ਕਹਾਣੀਆਂ ਦਾ ਬਹੁਪੱਖੀ ਅਧਿਐਨ ਹੈ। ਜਸਵਿੰਦਰ ਕੌਰ ਬਿੰਦਰਾ ਦਾ ਕਹਿਣਾ ਹੈ ਕਿ ਲੇਖਿਕਾ ਨਿੱਜੀ ਅਨੁਭਵਾਂ ਤੋਂ ਪਾਰ ਜਾ ਕੇ ਕਹਾਣੀ ਲਿਖੇ ਤਾਂ ਕਹਾਣੀ ਲੰਮਾ ਜੀਵਨ ਜਿਉਣ ਦੇ ਯੋਗ ਬਣੇਗੀ। ਪੁਸਤਕ ਵਿਦਿਆਰਥੀ ਵਰਗ ਤੇ ਕਹਾਣੀ ਨਾਲ ਜੁੜੇ ਚਿੰਤਕਾਂ ਲਈ ਲਾਹੇਵੰਦ ਹੈ।
-ਪ੍ਰਿੰ: ਗੁਰਮੀਤ ਸਿੰਘ ਫਾਜ਼