06-07-2024
ਸਾਥ ਸਾਥ
ਲੇਖਕ : ਗ.ਸ. ਨਕਸ਼ਦੀਪ ਪੰਜਕੋਹਾ
ਪ੍ਰਕਾਸ਼ਕ : ਆਟਮ ਆਰਟ, ਪਟਿਆਲਾ
ਮੁੱਲ : 150 ਰੁਪਏ ਪੰਨੇ 123
ਸੰਪਰਕ : 81469-10997
ਪ੍ਰਕਿਰਤੀ ਅਤੇ ਮਨੁੱਖ ਦਾ ਕਦੀਮੀ ਤਾਅਲੁਕ ਹੈ। ਗ.ਸ. ਨਕਸ਼ਦੀਪ ਪੰਜਕੋਹਾ ਨੇ ਆਪਣੇ ਹਥਲੇ ਬਾਲ ਨਾਵਲ 'ਸਾਥ ਸਾਥ' ਵਿਚ ਇਸੇ ਰਿਸ਼ਤੇ ਦੀਆਂ ਭਿੰਨ-ਭਿੰਨ ਤਹਿਆਂ ਫੋਲਦਿਆਂ ਇਹ ਚਿੰਤਾਜਨਕ ਪੱਖ ਸਾਹਮਣੇ ਲਿਆਂਦਾ ਹੈ ਕਿ ਵਰਤਮਾਨ ਮਨੁੱਖ ਆਪਣੀ ਲੋਭ-ਲਾਲਸਾ ਅਤੇ ਲਾਲਚੀ ਪ੍ਰਵਿਰਤੀਆਂ ਕਾਰਨ ਹਰੇ ਭਰੇ ਜੰਗਲ ਰੂਪੀ ਜ਼ਖ਼ੀਰਿਆਂ ਨੂੰ ਤਹਿਸ-ਨਹਿਸ ਹੀ ਨਹੀਂ ਕਰ ਰਿਹਾ, ਸਗੋਂ ਜੀਵ-ਜੰਤੂਆਂ ਲਈ ਸੰਕਟ ਅਤੇ ਸਹਿਮ ਪੈਦਾ ਕਰਕੇ ਆਪਣੇ ਅਤੇ ਪ੍ਰਕਿਰਤੀ ਦੇ ਕਦੀਮੀ ਰਿਸ਼ਤੇ ਨੂੰ ਵੀ ਤਾਰ-ਤਾਰ ਕਰ ਰਿਹਾ ਹੈ।
ਇਸ ਬਾਲ ਨਾਵਲ ਦੇ ਆਰੰਭਕ ਕਾਂਡ ਵਿਚ ਬਾਲ ਪਾਤਰ ਸੋਨਾ ਅਤੇ ਟਿਲਕੂ ਇਕ ਪੰਛੀ ਦੇ ਆਲ੍ਹਣੇ ਵਿਚ ਆਂਡਿਆਂ ਅਤੇ ਫਿਰ ਉਨ੍ਹਾਂ ਵਿਚੋਂ ਨਿਕਲੇ ਬੋਟਾਂ ਨੂੰ ਕਾਂਵਾਂ-ਸੱਪ ਆਦਿ ਤੋਂ ਬੜੀ ਮੁਸਤੈਦੀ ਨਾਲ ਸੁਰੱਖਿਆ ਪ੍ਰਦਾਨ ਕਰਕੇ ਜ਼ਿੰਮੇਵਾਰੀ ਨਿਭਾਉਂਦੇ ਹਨ। ਇੱਥੋਂ ਹੀ ਉਨ੍ਹਾਂ ਦੇ ਅੰਦਰ ਜੀਵ-ਜੰਤੂਆਂ ਪ੍ਰਤੀ ਸਨੇਹ ਦੀ ਭਾਵਨਾ ਉਤਪੰਨ ਹੋਣ ਲਗਦੀ ਹੈ। ਨਤੀਜਤਨ ਉਹ ਜੰਗਲਾਂ ਅਤੇ ਉਨ੍ਹਾਂ ਵਿਚ ਰਹਿੰਦੇ ਜੀਵ-ਜੰਤੂਆਂ ਦੀ ਰਖਵਾਲੀ ਦਾ ਅਹਿਦ ਲੈਂਦੇ ਹੋਏ ਸਮੁੱਚੀ ਪ੍ਰਕਿਰਤੀ ਨੂੰ ਬਚਾਉਣ ਲਈ ਤਾਣ ਲਗਾ ਦਿੰਦੇ ਹਨ।
ਸੋਨਾ ਅਤੇ ਟਿਲਕੂ ਨਾਲ ਉਨ੍ਹਾਂ ਦੀ ਇਕ ਦੋਸਤ ਜੀਤੀ ਵੀ ਉਨ੍ਹਾਂ ਦੇ ਪ੍ਰਕਿਰਤੀ ਬਚਾਉਣ ਦੇ ਮਿਸ਼ਨ ਨੂੰ ਕਾਮਯਾਬ ਬਣਾਉਣ ਵਿਚ ਉਪਯੋਗੀ ਭੂਮਿਕਾ ਨਿਭਾਉਂਦੀ ਹੈ। ਇਹ ਪਾਤਰ ਜੰਗਲ ਵਿਚ ਜਾ ਕੇ ਗਧੇ, ਤੋਤੇ, ਗਿੱਦੜ, ਹਾਥੀ, ਖ਼ਰਗੋਸ਼ ਅਤੇ ਕੱਛੂਕੁੰਮੇ ਆਦਿ ਜੀਵਾਂ ਨੂੰ ਆਪਣੀ ਮਿੱਤਰਤਾ ਅਤੇ ਸਨੇਹ ਕਾਇਮ ਕਰਦੇ ਹਨ। ਜੰਗਲ ਵਿਚ ਵਿਚਰਦਿਆਂ ਸੋਨਾ ਹੋਰੀਂ ਭਾਂਤ-ਭਾਂਤ ਦੇ ਜੀਵ ਜੰਤੂਆਂ ਦੇ ਵਿਵਹਾਰ, ਖਾਣ ਪੀਣ, ਰਹਿਣ-ਸਹਿਣ, ਉਨ੍ਹਾਂ ਦੀ ਸਰੀਰਕ ਡੀਲ-ਡੌਲ ਅਤੇ ਰੰਗ-ਰੂਪ ਨੂੰ ਬਹੁਤ ਨੇੜਿਓਂ ਤੱਕਦੇ ਹਨ ਅਤੇ ਅਨੁਭਵ ਕਰਦੇ ਹਨ ਕਿ ਪਰਿਵਾਰ ਵਾਂਗ ਵਿਚਰਨ ਵਾਲੇ ਇਨ੍ਹਾਂ ਜੀਵ-ਜੰਤੂਆਂ ਅੰਦਰ ਮਨੁੱਖ ਦੇ ਜ਼ਾਲਮਾਨਾ, ਲਾਲਚੀ ਅਤੇ ਮਤਲਬਪ੍ਰਸਤੀ ਵਿਵਹਾਰ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਕਰਕੇ ਉਹ ਮਨੁੱਖ ਨਾਲੋਂ ਦੂਰੀ ਬਣਾ ਕੇ ਰਹਿਣ ਲੱਗ ਪਏ ਹਨ ਅਤੇ ਦੋਵਾਂ ਧਿਰਾਂ ਦਰਮਿਆਨ ਹਮਲਾਵਰ-ਸਥਿਤੀ ਪੈਦਾ ਹੋ ਗਈ ਹੈ। ਇਸੇ ਦੌਰਾਨ ਜੰਗਲਾਤ ਅਫ਼ਸਰ ਦੇਸ਼ਮੁਖ ਇਨ੍ਹਾਂ ਬਾਲ ਪਾਤਰਾਂ ਦਾ ਜੀਵ ਜੰਤੂਆਂ ਅਤੇ ਜੰਗਲ ਪ੍ਰਤੀ ਪਾਕੀਜ਼ ਭਾਵਨਾ ਮਹਿਸੂਸ ਕਰਕੇ ਉਨ੍ਹਾਂ ਲਈ ਮਦਦਗਾਰ ਬਣਦਾ ਹੈ। ਉਹ ਆਪਣੇ ਇਨ੍ਹਾਂ ਦੋਸਤਾਂ ਨਾਲ ਮਿਲ ਕੇ ਨਾ ਕੇਵਲ ਜੰਗਲੀ ਜੀਵ ਜੰਤੂਆਂ ਸਗੋਂ ਪਾਣੀ ਹਵਾ ਆਦਿ ਕੁਦਰਤੀ ਸ੍ਰੋਤਾਂ ਨੂੰ ਸਵੱਛ ਬਣਾਉਣ ਵਿਚ ਪ੍ਰੇਰਕ ਬਣਦਾ ਹੈ। ਸੋਨਾ, ਟਿਲਕੂ ਅਤੇ ਜੀਤੀ ਦੀਆਂ ਪ੍ਰਕਿਰਤੀ ਨੂੰ ਬਚਾਉਣ ਲਈ ਘੜੀਆਂ ਉਸਾਰੂ ਵਿਉਂਤਬੰਦੀਆਂ ਦੀ ਮਹਿਕ ਦੂਰ ਤੱਕ ਫੈਲਣ ਲਗਦੀ ਹੈ ਅਤੇ ਮਨੁੱਖਾਂ ਵਲੋਂ 'ਹਰ ਇਕ ਨੂੰ ਜਿਊਣ ਦਾ ਹੱਕ ਹੈ' ਦੇ ਨਾਅਰੇ ਦਾ ਅਨੁਮੋਦਨ ਕੀਤਾ ਜਾਣ ਲਗਦਾ ਹੈ। ਇਸ ਬਾਲ ਨਾਵਲ ਵਿਚ ਸੋਨਾ ਹੋਰੀਂ ਜੰਗਲਾਤ ਅਫ਼ਸਰ ਦੀ ਨਿਗਰਾਨੀ ਅਧੀਨ ਖੂੰਖਾਰ ਜਾਨਵਰਾਂ ਨਾਲ ਵੀ ਹਮਦਰਦੀ ਅਤੇ ਪਿਆਰ ਦਾ ਰਿਸ਼ਤਾ ਗੰਢਦੇ ਹੋਏ ਸਮੁੱਚਾ ਵਾਤਾਵਰਨ ਖ਼ੁਸ਼ਗਵਾਰ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਨ। ਸੋਨਾ ਵੱਡਾ ਹੋ ਕੇ ਖ਼ੁਦ ਜੰਗਲਾਤ ਅਫ਼ਸਰ ਬਣਦਾ ਹੈ ਅਤੇ ਉਸ ਦੀ ਸਮੁੱਚੀ ਟੀਮ ਸੂਬੇ ਦੀ ਟੀਮ ਤੋਂ ਜੀਵ ਜੰਤੂਆਂ ਪ੍ਰਤੀ ਕਲਿਆਣਕਾਰੀ ਕਾਰਜਾਂ ਸਦਕਾ ਸਨਮਾਨ ਵੀ ਪ੍ਰਾਪਤ ਕਰਦੀ ਹੈ। ਇਸ ਬਾਲ ਨਾਵਲ ਰਾਹੀਂ ਸਲੋਥ, ਰੀਨੋ, ਪੈਂਗਲਿਨਸ, ਬੋਅਰ, ਗੂਜ਼, ਔਕ, ਮੁਰੇਲਟ, ਰੇਜ਼ਰਬਿੱਲ, ਚਿਕਾਡੀਜ਼, ਫਿੰਚਜ਼, ਗੁੱਲਜ਼, ਜੇਜ਼, ਪਿੰਜੀਅਮ, ਸਾਵੈਲੋਜ਼, ਸਿਫ਼ਟਜ਼, ਵਾਰਬਲਜ਼, ਸਕੂਏਡ, ਕੋਰਲ ਆਦਿ ਅਨੇਕ ਜੰਗਲੀ ਅਤੇ ਸਮੁੰਦਰੀ ਜੀਵ ਜੰਤੂਆਂ ਬਾਰੇ ਪਹਿਲੀ ਵਾਰੀ ਜਾਣਕਾਰੀ ਮਿਲਦੀ ਹੈ।
ਕੁੱਲ ਮਿਲਾ ਕੇ ਇਹ ਬਾਲ ਨਾਵਲ ਜੰਗਲ ਦੀ ਸੁਰੱਖਿਆ ਲਈ ਬਣੇ ਕਾਨੂੰਨ ਦਾ ਪਾਲਣ ਕਰਨ ਅਤੇ ਹਰ ਪ੍ਰਾਣੀ ਦੇ ਜਿਊਣ ਲਈ ਸਾਫ਼-ਸੁਥਰਾ ਵਾਤਾਵਰਨ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਜੀਵ ਜੰਤੂਆਂ ਨਾਲ ਸੰਬੰਧਿਤ ਨੀਤੀ ਕਥਾ ਸਰੋਤ 'ਪੰਚਤੰਤਰ' ਵਾਂਗ ਜੀਵ-ਜੰਤੂਆਂ ਦੇ ਆਪਸੀ ਸੰਵਾਦ ਨਾਲ ਇਸ ਬਾਲ ਨਾਵਲ ਨੂੰ ਦਿਲਚਸਪ ਬਣਾਇਆ ਗਿਆ ਹੈ। ਢੁਕਵੇਂ ਚਿੱਤਰਾਂ ਅਤੇ ਬਾਲ ਕਵਿਤਾਵਾਂ ਸਦਕਾ 'ਅੱਗੋਂ ਕੀ ਹੋਇਆ?' ਬਾਰੇ ਜਾਣਨ ਦੀ ਜਿਗਿਆਸਾ ਨਿਰੰਤਰ ਬਰਕਰਾਰ ਰਹਿੰਦੀ ਹੈ। ਇਸ ਕ੍ਰਿਤ ਦੀ ਆਮਦ ਨਾਲ ਪੰਜਾਬੀ ਬਾਲ-ਨਾਵਲ ਪਰੰਪਰਾ ਵਿਚ ਨਿੱਗਰ ਵਾਧਾ ਹੁੰਦਾ ਹੈ। ਮੈਂ ਬਾਲ-ਪਾਠਕਾਂ ਨੂੰ ਇਹ ਨਾਵਲ ਪੜ੍ਹਨ ਦੀ ਭਰਪੂਰ ਸਿਫ਼ਾਰਸ਼ ਕਰਦਾ ਹਾਂ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਇਹੋ ਜਿਹਾ ਸੀ ਸ਼ੇਰ ਜੰਗ ਜਾਂਗਲੀ
ਸੰਪਾਦਕ : ਅਮਰ ਸੂਫੀ, ਵਿਜੇ ਕੁਮਾਰ ਮਿੱਤਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 156
ਸੰਪਰਕ : 98555-43660
'ਇਹੋ ਜਿਹਾ ਸੀ ਸ਼ੇਰ ਜੰਗ ਜਾਂਗਲੀ' ਪੁਸਤਕ ਦੇ ਸੰਪਾਦਕ ਅਮਰ ਸੂਫੀ ਤੇ ਵਿਜੇ ਕੁਮਾਰ ਮਿੱਤਲ ਹਨ। ਸੰਪਾਦਕ ਦੀ ਕਲਾਤਮਕਤਾ ਇਹ ਹੈ ਕਿ ਸ਼ੇਰ ਜੰਗ ਜਾਂਗਲੀ ਦੀ ਜੀਵਨ ਹਿਯਾਤੀ ਨੂੰ ਸਮਝਣ ਲਈ ਵਿਨੈ, ਗਾਇਤਰੀ, ਜਗਤਾਰ, ਕੇ.ਐੱਲ. ਗਰਗ, ਵਿਨੋਦ ਸ਼ਰਮਾ, ਜਸਵੰਤ ਕੰਵਲ, ਜਸਵੰਤ ਵਿਰਦੀ, ਅਰਸ਼ਦਮੀਰ, ਜਗਜੀਤ ਆਨੰਦ, ਪ੍ਰੋਫੈਸਰ ਗੋਪਾਲ ਬੁੱਟਰ, ਸੋਹਣ ਜੋਸ਼, ਕਨ੍ਹਈਆ ਲਾਲ ਕਪੂਰ, ਪਿਆਰਾ ਸਿੰਘ ਦਾਤਾ, ਨਿਰੰਜਨ ਨੂਰ, ਜਤਿੰਦਰ ਪੰਨੂ, ਜੋਗਿੰਦਰ ਨਿਰਾਲਾ, ਮਨਮੋਹਨ ਦਾਊਂ, ਸਵਰਨ ਚੰਦਨ, ਪ੍ਰੋਫ਼ੈਸਰ ਜਸਵੰਤ ਕੈਲਫੀ, ਦੇਵਿੰਦਰ ਕੌਰ, ਸਾਥੀ ਲੁਧਿਆਣਵੀ, ਹਰਜੀਤ ਅਟਵਾਲ, ਕੇ.ਸੀ. ਮੋਹਨ, ਸ਼ਕੁੰਤਲਾ ਰਾਣੋ, ਗਿਆਨ ਸੈਦਪੁਰੀ ਤੇ ਸੁੱਚਾ ਸਿੰਘ ਜਰਮਨੀ ਦੇ ਵਿਚਾਰ ਦਰਜ ਕੀਤੇ ਹਨ। ਇਨ੍ਹਾਂ ਵਿਦਵਾਨਾਂ ਨੇ ਸ਼ੇਰ ਜੰਗ ਜਾਂਗਲੀ ਦੀ ਸੰਗਤ ਨੂੰ ਮਾਣਿਆ ਹੈ। ਉਹ ਹਾਸ- ਵਿਅੰਗ ਲੇਖਾਂ ਦੇ ਧਨੀ ਸਨ। ਉਨ੍ਹਾਂ ਦੀ ਪਹਿਲੀ ਹਾਸ-ਵਿਅੰਗ ਪੁਸਤਕ ਝੁਰ ਝੁਰ ਸੀ। ਮੋਹਨ ਸਿੰਘ ਜੋਸ਼ ਦਾ ਵਿਚਾਰ ਸੀ, ਪੰਜਾਬੀ ਸਾਹਿਤ ਨੂੰ ਦਰਜਨਾਂ ਸ਼ੇਰ ਜੰਗ ਜਾਂਗਲੀਆਂ ਦੀ ਲੋੜ ਹੈ।
ਹਾਸ-ਵਿਅੰਗ ਨੂੰ ਪੰਜਵਾਂ ਟਾਇਰ ਸਮਝਿਆ ਜਾਂਦਾ ਸੀ। ਇਹੋ ਕਾਰਨ ਸੀ ਕਿ ਹਾਸ ਵਿਅੰਗ ਦਾ ਆਲੋਚਨਾਤਮਕ ਅਧਿਐਨ ਨਾਂਹ ਦੇ ਬਰਾਬਰ ਹੈ। ਸ਼ੇਰ ਜੰਗ ਜਾਂਗਲੀ ਬੇਬਾਕੀ ਨਾਲ ਕਹਿੰਦਾ ਹੈ, ਪੰਜਾਬੀ ਸਾਹਿਤ ਦੇ ਅਖੌਤੀ ਬੁੱਧੀਜੀਵੀ ਜਾਂ ਆਲੋਚਕ ਹਾਸ-ਵਿਅੰਗ ਲੇਖਾਂ ਨੂੰ ਇਸ ਲਈ ਤਾਂ ਨਜ਼ਰ ਅੰਦਾਜ਼ ਨਹੀਂ ਕਰ ਰਹੇ ਕਿ ਕਈ ਹਾਸ-ਵਿਅੰਗ ਲੇਖਕਾਂ ਨੇ ਆਪਣੇ ਲੇਖਾਂ ਵਿਚ ਇਨ੍ਹਾਂ ਦੇ ਮਖੌਟੇ ਲਾਏ ਹਨ। ਉਹ ਹਾਸ-ਵਿਅੰਗ ਨਾਲ ਹੁੰਦੇ ਵਿਤਕਰੇ ਨੂੰ ਦੇਖ ਕੇ ਦੁਖੀ ਹੁੰਦਾ ਸੀ। ਡਾ. ਜਗਤਾਰ ਨੇ ਆਪਣੇ ਰੇਖਾ ਚਿੱਤਰ ਰਾਹੀਂ ਸ਼ੇਰ ਜੰਗ ਜਾਂਗਲੀ ਦੀ ਫੱਕਰ ਤੇ ਆਜ਼ਾਦਰਾਨਾ ਤਬੀਅਤ ਦੇ ਦਰਸ਼ਨ ਕਰਵਾਏ ਹਨ। ਉਸ ਦਾ ਵਿਰੋਧੀ ਪ੍ਰਸਥਿਤੀਆਂ ਵਿਚ ਵੀ ਚੜ੍ਹਦੀ ਕਲਾ ਵਰਗਾ ਸੁਭਾਅ ਉਜਾਗਰ ਹੁੰਦਾ ਹੈ। ਜਗਤਾਰ ਨੇ ਸ਼ੇਰ ਜੰਗ ਜਾਂਗਲੀ ਦੇ ਜੀਣ-ਥੀਣ ਦੇ ਤਜਰਬਿਆਂ ਨੂੰ ਸਾਂਝਾ ਕਰਨ ਦੇ ਨਾਲ-ਨਾਲ ਸੇਖੋਂ, ਮੀਸ਼ਾ, ਗੁਰਦਿਆਲ ਸਿੰਘ ਤੇ ਸ਼ਿਵ ਕੁਮਾਰ 'ਤੇ ਵੀ ਟਿੱਪਣੀ ਕਰਦਾ ਹੈ, ਜੋ ਪੁਰਸਕਾਰਾਂ ਦੀ ਪ੍ਰਾਪਤੀ ਲਈ ਕੋਸ਼ਿਸ਼ਾਂ ਕਰਦੇ ਸਨ। ਪੁਸਤਕ ਵਿਦਿਆਰਥੀਆਂ, ਖੋਜ ਵਿਦਿਆਰਥੀਆਂ ਤੇ ਚਿੰਤਕਾਂ ਲਈ ਵਾਚਣਯੋਗ ਹੈ, ਤਾਂ ਜੋ ਜੀਵਨ ਮੁੱਲਾਂ ਨੂੰ ਸਮਝਿਆ ਜਾ ਸਕੇ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਧੁੱਪ ਛਾਂ ਦੇ ਖ਼ਤ
ਲੇਖਕ : ਹਰਵਿੰਦਰ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 190
ਸੰਪਰਕ : 98550-36890
ਹਰਵਿੰਦਰ ਭੰਡਾਲ ਪੰਜਾਬੀ ਦਾ ਚਰਚਿਤ ਲੇਖਕ ਹੈ। ਉਸ ਨੇ ਸਾਹਿਤ ਦੀ ਲਗਭਗ ਹਰ ਵਿਧਾ ਵਿਚ ਲਿਖਿਆ ਹੈ। ਮੁੱਖ ਤੌਰ 'ਤੇ ਉਹ ਕਵੀ ਹੈ ਤੇ ਉਸ ਦੀਆਂ ਚਾਰ ਕਾਵਿ ਪੁਸਤਕਾਂ ਛਪ ਚੁੱਕੀਆਂ ਹਨ। ਇਸ ਤੋਂ ਇਲਾਵਾ ਨਾਵਲ (2), ਚਿੰਤਨ (4), ਜੀਵਨੀ (1), ਸਫ਼ਰਨਾਮਾ (1), ਇਤਿਹਾਸ (4), ਅਨੁਵਾਦ (3), ਸੰਪਾਦਨ (3), ਸਿੱਖਿਆ (5), ਸਹਿ-ਸੰਪਾਦਨ (4) ਵਿਚ ਵੀ ਉਸ ਨੇ ਜ਼ਿਕਰਯੋਗ ਕੰਮ ਕੀਤਾ ਹੈ। ਹਥਲਾ ਨਾਵਲ ਵੱਖਰੀ ਭਾਂਤ ਦਾ ਹੈ, ਜਿਸ ਵਿਚ ਉਸ ਨੇ ਖ਼ਤਾਂ ਰਾਹੀਂ ਨਾਰੀ-ਮਨ ਦੀ ਵੇਦਨਾ, ਅਭਿਲਾਖਾ ਤੇ ਕਾਮਨਾ ਨੂੰ ਅਭਿਵਿਅਕਤੀ ਦਿੱਤੀ ਹੈ। ਇਸ ਵਿਚ ਲੰਮੇ-ਲੰਮੇ (ਕ੍ਰਮਵਾਰ 62, 62 ਅਤੇ 54 ਪੰਨੇ ਦੇ) ਤਿੰਨ ਖ਼ਤਾਂ ਦਾ ਵੇਰਵਾ ਹੈ, ਜੋ ਕੁਲਜੀਤ, ਦਿਵਿਆ ਅਤੇ ਨੇਹਾ ਵਲੋਂ ਆਪਣੇ ਅਧਿਆਪਕ ਨੂੰ ਲਿਖੇ ਗਏ ਹਨ। ਇਨ੍ਹਾਂ ਖ਼ਤਾਂ ਉੱਤੇ ਮਿਤੀਆਂ ਅਤੇ ਸਥਾਨ ਦਾ ਵੀ ਜ਼ਿਕਰ ਹੈ, ਅਜਿਹੀਆਂ ਥਾਂਵਾਂ ਜੋ ਖ਼ਤਾਂ ਦੀਆਂ ਲੇਖਕਾਵਾਂ ਦੀ ਮਾਨਸਿਕ ਹਾਲਤ ਨੂੰ ਦਰਸਾਉਂਦੀਆਂ ਹਨ। ਸਾਰੇ ਹੀ ਖ਼ਤਾਂ ਦੇ ਮੁੱਢ ਵਿਚ ਸੁਰਜੀਤ ਪਾਤਰ ਦੀ ਗ਼ਜ਼ਲ ਦਾ ਇਕ-ਇਕ ਸ਼ੇਅਰ ਹੈ। ਇਹ ਸਾਰੇ ਖ਼ਤ ਪੜ੍ਹਨ ਵਾਲੀਆਂ ਕੁੜੀਆਂ ਵਲੋਂ ਆਪਣੇ ਅਧਿਆਪਕ ਨੂੰ ਲਿਖੇ ਗਏ ਹਨ। ਪਹਿਲੇ ਦੋ ਖ਼ਤਾਂ ਵਿਚ ਅਧਿਆਪਕ ਦਾ ਨਾਂਅ ਨਹੀਂ ਆਇਆ ਸਿਰਫ਼ ਤੀਜੇ ਖ਼ਤ ਵਿਚ ਨਾਂਅ ਲਿਖਿਆ ਹੈ-ਕਰਮਜੀਤ ਸਿੰਘ। ਸੰਭਵ ਹੈ ਕਿ ਇਹ ਤਿੰਨੇ ਕੁੜੀਆਂ ਇਕੋ ਅਧਿਆਪਕ ਨੂੰ ਸੰਬੋਧਿਤ ਹੋਣ। ਅਸਲ ਵਿਚ ਖ਼ਤਾਂ ਰਾਹੀਂ ਪਿੱਤਰ ਸੱਤਾ/ਮਰਦ ਪ੍ਰਧਾਨ ਸਮਾਜ ਤੇ ਡੂੰਘਾ ਪ੍ਰਹਾਰ ਕੀਤਾ ਗਿਆ ਹੈ, ਜਿਸ ਵਿਚ ਮਰਦਾਂ/ਭਰਾਵਾਂ ਵਲੋਂ ਕੁਝ ਵੀ ਕਰਨ ਦੀ ਖੁੱਲ੍ਹ ਹੈ ਪਰ ਕੁੜੀਆਂ/ਮਾਵਾਂ ਨੂੰ ਕੁਝ ਕਰਨ ਲਈ ਮਰਦਾਂ/ਭਰਾਵਾਂ ਦੇ ਮੂੰਹ ਵੱਲ ਝਾਕਣਾ ਪੈਂਦਾ ਹੈ। ਕਿਤੇ-ਕਿਤੇ ਦਾਦੀਆਂ ਵੀ ਪੋਤੀਆਂ ਦੇ ਰਾਹਾਂ ਵਿਚ ਕੰਡੇ ਖਿਲਾਰਦੀਆਂ ਹਨ। ਜਿੱਥੇ ਕਿਤੇ ਵੀ ਧੀ-ਧਿਆਣੀ ਨੇ ਕੋਈ ਖੁੱਲ੍ਹ ਲਈ, ਉਸ ਨੂੰ ਮੌਤ ਦੀ ਸਜ਼ਾ ਮਿਲੀ। ਕਿਤਾਬਾਂ, ਅਖ਼ਬਾਰ, ਟੀ.ਵੀ., ਫ਼ਿਲਮਾਂ ਤੇ ਅਧਿਆਪਕ ਜ਼ਿੰਦਗੀ/ਸਾਹ ਲੈਣ ਵੱਲ ਖੁੱਲ੍ਹਦੀਆਂ ਖਿੜਕੀਆਂ ਹਨ, ਜਿਨ੍ਹਾਂ ਰਾਹੀਂ ਆਜ਼ਾਦੀ ਤੇ ਬਰਾਬਰੀ ਦੇ ਅਰਥ ਪਤਾ ਲੱਗਦੇ ਹਨ, ਨਾਵਲ ਵਿਚ ਨਾਰੀ-ਮਨ ਦੀ ਛੁਪੀ ਸਤਹਿ ਦਾ ਮਾਰਮਿਕ ਅਵਲੋਕਨ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਕਿੱਸਾ ਕਾਕਾ ਪਰਤਾਪੀ
ਲੇਖਕ : ਸੁੱਖੀ ਜੌਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 425 ਰੁਪਏ, ਸਫ਼ੇ : 336
ਸੰਪਰਕ : 98154-88909
'ਕਿੱਸਾ ਕਾਕਾ ਪ੍ਰਤਾਪੀ' ਇਕ ਸੱਚੀ ਪ੍ਰੇਮ ਕਹਾਣੀ 'ਤੇ ਆਧਾਰਿਤ ਨਾਵਲ ਹੈ। ਇਹ ਪ੍ਰੇਮ ਗਾਥਾ ਦੀ ਘਟਨਾ ਨਾਭਾ ਰਿਆਸਤ ਦੇ ਖੰਨਾ, ਸਮਰਾਲਾ, ਰੁਪਾਲੋਂ ਤੇ ਲੋਪੋਂ ਦੇ ਮਲਵਈ ਟਿੱਬਿਆਂ ਦੇ ਇਲਾਕੇ ਵਿਚ ਕਰੀਬ ਡੇਢ ਕੁ ਸਦੀ ਪਹਿਲਾਂ ਮਹਾਰਾਜਾ ਹੀਰਾ ਸਿੰਘ ਦੇ ਸਮੇਂ ਵਾਪਰੀ ਦੱਸਦੀ ਹੈ। ਇਸ ਨਾਵਲ ਦੀ ਗਾਥਾ ਅਨੁਸਾਰ ਘਰ ਪਰਿਵਾਰ ਵਲੋਂ (ਪਰਤਾਪੀ) ਦੇ ਜਨਮ ਨੂੰ ਅਸ਼ੁਭ ਸਮਝਣ ਦੇ ਬਾਵਜੂਦ ਵੀ ਮਾਂ ਨੇ ਪਾਲਣ ਪੋਸ਼ਣ ਲਈ ਪੂਰੀ ਜਦੋਜਹਿਦ ਕੀਤੀ। ਇਹ ਨੰਨ੍ਹੀ ਪਰੀ ਜਿਉਂ-ਜਿਉਂ ਜਵਾਨੀ ਵੱਲ ਪੈਰ ਧਰਦੀ ਗਈ, ਤਿਉਂ-ਤਿਉਂ ਹੁਸਨਾਂ ਦਾ ਜਾਦੂ ਆਲੇ-ਦੁਆਲੇ ਦੇ ਸਿਰ ਚੜ੍ਹ ਕੇ ਬੋਲਣ ਲੱਗਾ। ਉਧਰ ਰੁਪਾਲੋਂ ਦੇ ਵੱਡੇ ਘਰ (ਜ਼ੈਲਦਾਰ ਸਰਦਾਰ) ਦਾ ਕਾਕਾ ਛੈਲ-ਛਬੀਲਾ ਗੱਭਰੂ ਕਿਰਪਾਲ ਸਿੰਘ ਉਰਫ਼ ਕਾਕਾ ਆਪਣੇ ਜੀਵਨ ਦੀ ਮੌਜ਼ ਮਸਤੀ ਨੂੰ ਮਾਣ ਰਿਹਾ ਹੈ। ਤੀਆਂ ਦੇ ਤਿਉਹਾਰ ਸਮੇਂ ਸਬੱਬੀਂ ਕਾਕੇ ਤੇ ਪਰਤਾਪੀ ਦੇ ਜਿਉਂ ਹੀ ਪਹਿਲੀ ਵਾਰ ਨੈਣ ਮਿਲਦੇ ਹਨ ਤਾਂ ਉਹ ਇਕ-ਦੂਜੇ ਦੇ ਹੋ ਕੇ ਰਹਿ ਗਏ। ਫਿਰ ਆਨੇ-ਬਹਾਨੇ ਮਿਲ ਕੇ ਕਈ ਕੌਲ ਇਕਰਾਰ ਵੀ ਕਰ ਲਏ ਗਏ। ਪਰ ਜਾਤ ਪਾਤ ਦੇ ਅੜਿੱਕੇ ਨੇ ਇਨ੍ਹਾਂ ਦੇ ਰਿਸ਼ਤੇ 'ਚ ਵਿਘਨ ਪਾਉਣਾ ਸ਼ੁਰੂ ਕਰ ਦਿੱਤਾ। ਪਰਤਾਪੀ ਦਾ ਪਿਉ ਨੇ ਬਰਾਦਰੀ ਤੋਂ ਬਾਹਰਲੇ ਰਿਸ਼ਤੇ ਨੂੰ ਨੱਕ ਦਾ ਸੁਆਲ ਬਣਾ ਲਿਆ ਤੇ ਆਪਣੀ ਹੱਤਕ ਸਮਝਦਿਆਂ ਉਹ ਪਰਤਾਪੀ ਦੀ ਮਰਜ਼ੀ ਦੇ ਉਲਟ ਰਿਸ਼ਤਾ ਆਪਣੀ ਬਰਾਦਰੀ ਜਾਤ ਵਿਚ ਹੀ ਤੈਅ ਕਰ ਆਇਆ। ਜੋ ਪਰਤਾਪੀ ਤੇ ਕਾਕੇ ਨੂੰ ਉੱਕਾ ਮਨਜ਼ੂਰ ਨਹੀਂ ਸੀ। ਅਣਮੰਨੇ ਨਾਲ ਵਿਆਹੀ ਗਈ ਪਰਤਾਪੀ ਦੀ ਡੋਲੀ ਨੂੰ ਜਦ ਕਾਕੇ ਨੇ ਆਪਣੀ ਢਾਣੀ ਦੇ ਹਿੱਕ ਦੇ ਜ਼ੋਰ ਨਾਲ ਖੋਹ ਲਿਆ ਤੇ ਪਰਤਾਪੀ ਮਨੋਂ ਬਹੁਤ ਖ਼ੁਸ਼ ਸੀ। ਪਰ ਲੁੱਟ ਦੇ ਸ਼ਿਕਾਰ ਉਸ ਦੇ ਸਹੁਰਿਆਂ ਨੇ ਇਸ ਨੂੰ ਆਪਣੀ ਇਕ ਵੱਡੀ ਬੇਇੱਜ਼ਤੀ ਸਮਝਦਿਆਂ ਠਾਣੇ ਜਾ ਸ਼ਿਕਾਇਤ ਕੀਤੀ ਪਰ ਵਿਕਾਊ ਠਾਣੇਦਾਰ ਨੇ ਜ਼ੈਲਦਾਰਾਂ ਦੀ ਪੂਰੀ ਪੁਸ਼ਤ ਪਨਾਹੀ ਕਰਦਿਆਂ ਪੀੜਤ ਮੁਦਈ ਨੂੰ ਹੱਥਕੜੀਆਂ ਲਾ ਕੇ ਬੇਨਿਆਈਂ/ਬੇਇਨਸਾਫ਼ੀ ਦੀ ਇੰਤਾਹ ਹੀ ਕਰ ਦਿੱਤੀ। ਪਰਤਾਪੀ ਦੇ ਮਾਪੇ ਅਤੇ ਸਹੁਰੇ ਦੀ ਹਾਲਤ ਨਾ ਮਰਿਆਂ 'ਚ ਵਾਲੀ ਹੋ ਗਈ। ਕਾਕੇ ਦੀ ਮਾਂ ਜ਼ੈਲਦਾਰਨੀ ਅਤਰੀ ਵਲੋਂ ਕਮੀਣੀ ਜਾਤ ਦੇ ਮੁੱਦੇ ਨੂੰ ਲੈ ਕੇ ਪਰਤਾਪੀ ਤੇ ਕਾਕੇ ਦੇ ਇਸ ਪ੍ਰੇਮ ਰਿਸ਼ਤੇ ਨਾਲ ਕਾਟੋ ਕਲੇਸ਼ ਪਾ ਦਿੱਤੀ ਜਿਸ ਕਰਕੇ ਕਾਕੇ ਤੇ ਪਰਤਾਪੀ ਨੂੰ ਘਰੋਂ ਬੇਘਰ ਹੋਣਾ ਪਿਆ। ਆਪਣੇ ਪਿਆਰ ਪਰਤਾਪੀ ਨੂੰ ਰਿਸ਼ਤੇਦਾਰਾਂ ਵਿਚ ਛੱਡ ਕੇ ਕਾਕਾ ਫ਼ੌਜ ਵਿਚ ਭਰਤੀ ਹੋ ਗਿਆ। ਜ਼ੈਲਦਾਰਨੀ ਨੇ ਪੈਸੇ ਦੇ ਜ਼ੋਰ ਨਾਲ ਪਰਤਾਪੀ ਦਾ ਫਾਹਾ ਵਢਾ ਦਿੱਤਾ ਹੈ।
ਇਸ ਨਾਵਲ ਵਿਚ ਸਾਰਥਿਕ ਸੰਦੇਸ਼ ਇਹ ਵੀ ਮਿਲਦਾ ਹੈ ਕਿ ਬਹੁਤ ਸਾਰੀਆਂ ਬੁਰਾਈਆਂ ਵਿਚ ਫਸੇ ਵਿਅਕਤੀ ਵੀ ਪ੍ਰੇਮ ਪਿਆਰ ਦੇ ਵੇਗ ਨਾਲ ਸਾਕਾਰਾਤਮਕ ਕੰਮਾਂ ਅਤੇ ਜੀਵਨ ਵਿਚ ਉਪਲੱਬਧੀਆਂ ਕਮਾਉਣ ਵੱਲ ਸੇਧਤ ਹੋ ਸਕਦੇ ਹਨ।
-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858
ਮਿੱਟੀ ਦਾ ਮੋਰ
ਗੀਤਕਾਰ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਆਟਮ ਆਰਟ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 185
ਸੰਪਰਕ : 98760-62329
ਇਸ ਗੀਤ ਸੰਗ੍ਰਹਿ ਵਿਚ ਸਾਹਿਤਕ ਅਤੇ ਸੱਭਿਆਚਾਰਕ ਰੰਗ ਦੇ ਰਿਕਾਰਡ ਹੋਏ ਗੀਤ ਸ਼ਾਮਿਲ ਕੀਤੇ ਗਏ ਹਨ। ਇਹ ਸਾਫ਼-ਸੁਥਰੇ ਗੀਤ ਪ੍ਰਸਿੱਧ ਗਾਇਕ ਗਾਇਕਾਵਾਂ ਨੇ ਗਾਏ ਹਨ। ਲਗਭਗ ਸਾਰੇ ਗੀਤ ਦੁਨਿਆਵੀ ਪਿਆਰ ਮੁਹੱਬਤ ਦੁਆਲੇ ਘੁੰਮਦੇ ਹਨ। ਆਓ, ਕੁਝ ਝਲਕਾਂ ਮਾਣੀਏ:
ਤੇਰਾ ਮੇਰਾ ਝਗੜਾ ਹੈ ਹੋਰ ਮਾਹੀਆ
ਵੇ ਤੂੰ ਗੜਵਾ ਮੈਂ ਤੇਰੀ ਡੋਰ ਮਾਹੀਆ।
ਜਦ ਪ੍ਰਦੇਸਾਂ ਵਿਚ ਯਾਦ ਵਤਨ ਦੀ ਆਉਂਦੀ ਏ
ਡਾਰੋਂ ਵਿਛੜੀ ਕੂੰਜ ਦੇ ਵਾਂਗੂੰ ਰੂਹ ਕੁਰਲਾਉਂਦੀ ਏ।
ਮੋਤੀਓਂ ਮਹਿੰਗਾ ਹਰਫ਼ ਇਸ਼ਕ ਦਾ
ਤੂੰ ਕੀ ਜਾਣੇ ਸਾਰਾਂ ਵੇ।
ਰੂਹਾਂ ਨੂੰ ਜਦ ਹਾਣੀ ਲੱਭਦੇ
ਕੀ ਜਿੱਤਾਂ ਕੀ ਹਾਰਾਂ ਵੇ।
ਭੈਣ ਮਰੇ ਤਾਂ ਰੱਖੜੀ ਮਰਦੀ
ਤੇ ਵੀਰ ਮਰਨ ਤਾਂ ਬਾਹਵਾਂ।
ਬਾਪ ਮਰੇ ਬੇਫਿਕਰੀ ਮਰਦੀ,
ਤੇ ਮਾਂ ਮਰਦੀ ਤਾਂ ਛਾਵਾਂ।
ਸਾਰੇ ਜਗ ਦੀ ਉਦਾਸੀ
ਮੇਰੀ ਝੋਲੀ ਵਿਚ ਪਾ ਕੇ
ਇਕ ਵੈਰੀ ਮੇਰੇ ਹਾਸਿਆਂ
ਨੂੰ ਲੈ ਗਿਆ ਚੁਰਾ ਕੇ।
ਅੱਜਕਲ੍ਹ ਬਹੁਤੇ ਗੀਤਾਂ ਵਿਚੋਂ ਅਸ਼ਲੀਲਤਾ ਅਤੇ ਬੇਸਿਰ-ਪੈਰੀ ਤੁਕਬੰਦੀ ਹੀ ਲੱਭਦੀ ਹੈ। ਇਹ ਪੁਸਤਕ ਵਧੀਆ ਗੀਤਕਾਰੀ ਦੀ ਝਲਕ ਪੇਸ਼ ਕਰਦੀ ਹੈ। ਇਸ ਦਾ ਭਰਪੂਰ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਸਦਾ ਮੁਸਕਰਾਉਂਦੇ ਰਹੋ
ਲੇਖਿਕਾ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 175
ਸੰਪਰਕ : 98141-45047
'ਸਦਾ ਮੁਸਕਰਾਉਂਦੇ ਰਹੋ' ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਨਵ-ਪ੍ਰਕਾਸ਼ਿਤ ਕ੍ਰਿਤ ਹੈ, ਜੋ ਬ੍ਰਹਮ ਕੁਮਾਰੀ ਮਿਸ਼ਨ ਤੋਂ ਪ੍ਰੇਰਨਾ ਅਤੇ ਪ੍ਰਭਾਵ ਗ੍ਰਹਿਣ ਕਰ ਕੇ ਰਚੀ ਗਈ ਹੈ। ਲੇਖਿਕਾ ਨੇ ਇਸ ਨਿਬੰਧ ਸੰਗ੍ਰਹਿ ਨੂੰ ਵੀਹ ਅਧਿਆਇਆਂ ਵਿਚ ਵੰਡਿਆ ਹੈ। ਬੇਸ਼ੱਕ ਇਹ ਸਾਰੇ ਅਧਿਆਇ ਆਪਣੇ-ਆਪ ਵਿਚ ਸੰਪੂਰਨ ਹਨ, ਪ੍ਰੰਤੂ ਇਸ ਦੇ ਬਾਵਜੂਦ ਵੀ ਇਹ ਸਾਰੇ ਇਕ-ਦੂਜੇ ਨਾਲ ਅੰਤਰ ਸੰਬੰਧਿਤ ਹਨ। ਹਥਲੀ ਪੁਸਤਕ ਪ੍ਰੇਮ (ਪਿਆਰ) ਅਤੇ ਖ਼ੁਸ਼ੀ ਦੇ ਭਾਵਾਂ ਨੂੰ ਬੜੀ ਖੂਬਸੂਰਤੀ ਅਤੇ ਸ਼ਿੱਦਤ ਨਾਲ ਉਜਾਗਰ ਕਰਦੀ ਹੈ। ਡਾ. ਮਿਨਹਾਸ ਵਲੋਂ ਰਚਨਾ ਦੇ ਆਰੰਭ ਵਿਚ ਦਰਜ ਕੀਤੇ ਸ਼ਬਦ ਪੁਸਤਕ ਲਿਖਣ ਦਾ ਅਸਲੀ ਮੰਤਵ ਸਹਿਜ ਰੂਪ ਵਿਚ ਉਜਾਗਰ ਕਰ ਦਿੰਦੇ ਹਨ, 'ਸਾਰਾ ਸੰਸਾਰ ਪਿਆਰ ਦਾ ਭੁੱਖਾ ਹੈ। ਸਾਨੂੰ ਆਪਣੇ-ਆਪ ਨੂੰ ਪਿਆਰ ਨਾਲ ਭਰ ਕੇ ਉਦੋਂ ਤੱਕ ਇਸ ਨੂੰ ਵੰਡਦੇ ਰਹਿਣਾ ਚਾਹੀਦਾ ਹੈ, ਜਦੋਂ ਤੱਕ ਕਿ ਅਸੀਂ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਨਾ ਲੈ ਲਈਏ। ਫਿਰ ਹੀ ਅਸੀਂ ਸਹੀ ਸ਼ਬਦਾਂ ਵਿਚ ਸੱਚੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ।' ਲੇਖਿਕਾ ਨੇ ਆਪਣੇ ਇਕ ਨਿਬੰਧ 'ਖੁਸ਼ੀ ਸਭ ਤੋਂ ਚੰਗੀ ਖੁਰਾਕ' ਵਿਚ ਖੁਸ਼ੀ ਹਾਸਿਲ ਕਰਨ ਲਈ ਬਹੁਤ ਹੀ ਖੂਬਸੂਰਤ ਸ਼ਬਦਾਂ ਵਿਚ ਲਿਖਿਆ ਹੈ, 'ਹਰ ਵਿਅਕਤੀ ਆਪਣੇ ਜੀਵਨ ਵਿਚ ਖੁਸ਼ ਰਹਿਣਾ ਚਾਹੁੰਦਾ ਹੈ। ਖੁਸ਼ੀ ਨੂੰ ਪ੍ਰਾਪਤ ਕਰਨ ਦਾ ਸਰਲ ਅਤੇ ਸਿੱਧਾ ਤਰੀਕਾ ਇਹ ਹੈ ਕਿ ਖ਼ੁਸ਼ੀ ਵਾਲੀਆਂ ਬੀਤੀਆਂ ਘੜੀਆਂ ਬਾਰੇ ਸੋਚਣ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ। ਆਪਣੇ ਜੀਵਨ ਵਿਚ ਖੁਸ਼ ਰਹਿਣ ਲਈ ਸਾਨੂੰ ਸ੍ਰੇਸ਼ਠ ਧਾਰਨਾਵਾਂ ਨੂੰ ਆਪਣੇ ਮਨ, ਵਚਨ ਅਤੇ ਕਰਮ ਵਿਚ ਧਾਰਨ ਕਰਨਾ ਹੋਵੇਗਾ। ਸ੍ਰੇਸ਼ਠ ਧਾਰਨਾਵਾਂ ਅਤੇ ਖੁਸ਼ੀ ਦਾ ਆਪਸ ਵਿਚ ਸੂਰਜ ਅਤੇ ਕਿਰਨ ਵਾਲਾ ਸੰਬੰਧ ਹੈ। ਜੇ ਅਸੀਂ ਕਿਸੇ ਦੀ ਨਿੰਦਾ ਨਾ ਕਰੀਏ, ਸੁਣੀਆਂ-ਸੁਣਾਈਆਂ ਗੱਲਾਂ ਉੱਪਰ ਵਿਸ਼ਵਾਸ ਨਾ ਕਰੀਏ, ਕਿਸੇ ਲਈ ਬਦਲੇ ਦੀ ਭਾਵਨਾ ਆਪਣੇ ਅੰਦਰ ਨਾ ਰੱਖੀਏ, ਸੇਵਾ ਕਰਨ ਨੂੰ ਮਹੱਤਵ ਦੇਈਏ, ਆਪਣੇ ਅਧਿਕਾਰਾਂ ਅਤੇ ਕਰਤਵਾਂ ਵਿਚ ਸੰਤੁਲਨ ਬਣਾ ਕੇ ਰੱਖੀਏ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਊ ਸਕਦੇ ਹਾਂ।' ਇਸ ਰਚਨਾ ਦੇ ਹੋਰ ਨਿਬੰਧਾਂ ਵਿਚੋਂ 'ਦੁਆਵਾਂ ਦਿਓ ਦੁਆਵਾਂ ਲਓ', 'ਸਦਾ ਰੂਹਾਨੀ ਨਸ਼ੇ ਵਿਚ ਰਹੋ', 'ਮਨੁੱਖ ਵਿਚ ਪਰਿਵਰਤਨ ਨਾਲ ਹੋਰ ਪਰਿਵਰਤਨ', 'ਅਸਲੀ ਐਸ਼ ਆਰਾਮ ਕੀ ਹੈ?', 'ਕਰਮ ਸਿਧਾਂਤ', 'ਆਪਣੇ-ਆਪ ਨੂੰ ਆਤਮਾ ਸਮਝੋ', 'ਜਨਮ ਤੇ ਮਰਨ ਰੱਬ ਦਾ ਅਟੱਲ ਨਿਯਮ', 'ਜੈਸੀ ਸੰਗਤ ਤੈਸੀ ਰੰਗਤ', 'ਆਤਮਾ ਰੂਪੀ ਬੈਟਰੀ ਨੂੰ ਚਾਰਜ ਰੱਖੋ', 'ਸਦਾ ਮੁਸਕਰਾਉਂਦੇ ਰਹੋ', 'ਹਊਮੈ ਇਕ ਰਾਵਣ', 'ਪਰਮ ਪਿਤਾ ਪਰਮਾਤਮਾ ਦੀਆਂ ਵਡਿਆਈਆਂ', 'ਪਰਮਾਤਮਾ ਨਾਲ ਪਿਆਰ ਜਿਹਾ ਰਿਸ਼ਤਾ', 'ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ', 'ਬਾਬਾ ਲੇਖ ਰਾਜ ਜੀ ਤੇ ਉਨ੍ਹਾਂ ਦੇ ਅਨਮੋਲ ਵਚਨ', 'ਸੱਚੀ ਖੁਸ਼ੀ', 'ਮੇਰੀ ਮਾਊਂਟ ਆਬੂ ਦੀ ਯਾਤਰਾ' ਵਿਚ ਸਾਫ਼-ਸੁਥਰੀ ਪਾਕਿ ਪਵਿੱਤਰ ਜ਼ਿੰਦਗੀ ਜਿਊਣ ਦਾ ਢੰਗ ਸਰਲਤਾ ਸਹਿਤ ਸਪੱਸ਼ਟ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020