JALANDHAR WEATHER

18-07-2024

 ਤਨਖਾਹਾਂ ਵਿਚ ਦੇਰੀ ਕਿਉਂ?
ਪੰਜਾਬ ਸਰਕਾਰ ਦੁਆਰਾ ਤਨਖਾਹ ਕਮਿਸ਼ਨ ਦੇ ਬਕਾਏ ਅਤੇ ਭੱਤਿਆਂ ਦੀ ਕਟੌਤੀ ਤੋਂ ਬਾਅਦ ਸਮੇਂ ਸਿਰ ਤਨਖਾਹਾਂ ਜਾਰੀ ਨਾ ਕਰਨਾ ਬਹੁਤ ਮੰਦਭਾਗਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਮਹੀਨਾ ਮੁੱਕਣ ਸਾਰ ਖਜ਼ਾਨਾ ਦਫਤਰਾਂ ਤੇ ਤਨਖਾਹਾਂ ਨਾ ਜਾਰੀ ਕਰਨ ਬਾਰੇ ਜ਼ੁਬਾਨੀ ਰੋਕ ਲਗਾ ਦਿੱਤੀ ਜਾਂਦੀ ਹੈ ਅਤੇ ਇਕ ਤਾਰੀਖ ਨੂੰ ਆਉਣ ਵਾਲੀ ਤਨਖਾਹ ਚਾਰ-ਪੰਜ ਤਾਰੀਕ ਤੱਕ ਜਾਰੀ ਹੁੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦਾਅਵਾ ਕਰਦੀ ਹੈ ਕਿ ਖਜ਼ਾਨਾ ਭਰਿਆ ਹੈ, ਪੰਜਾਬ ਵਿਚ ਕਿਸੇ ਤਰ੍ਹਾਂ ਦਾ ਕੋਈ ਵਿੱਤੀ ਸੰਕਟ ਨਹੀਂ ਤਾਂ ਫਿਰ ਅਜਿਹਾ ਮੁਲਾਜ਼ਮ ਵਿਰੋਧੀ ਵਤੀਰਾ ਕਿਉਂ?
ਸਰਕਾਰ ਦੇ ਇਸ ਗ਼ਲਤ ਵਤੀਰੇ ਕਾਰਨ ਹਜ਼ਾਰਾਂ ਮੁਲਾਜ਼ਮਾਂ ਦੀਆਂ ਬੈਂਕਾਂ ਦੀਆਂ ਕਿਸ਼ਤਾਂ ਬਾਊਂਸ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਹਰਜਾਨਾ ਭਰਨਾ ਪੈਂਦਾ ਹੈ। ਸਰਕਾਰ ਦੁਆਰਾ ਸਕੂਲਾਂ ਵਿਚ ਭਰਤੀ ਹੋਏ ਸਫਾਈ ਸੇਵਕਾਂ ਦੀਆਂ ਤਨਖਾਹਾਂ ਪਿਛਲੇ ਤਿੰਨ ਮਹੀਨਿਆਂ ਤੋਂ ਜਾਰੀ ਨਹੀਂ ਹੋਈਆਂ।
ਜਦੋਂ ਪੰਜਾਬ ਦੇ ਮੁੱਖ ਮੰਤਰੀ ਖਜ਼ਾਨਾ ਭਰੇ ਹੋਣ ਦਾ ਦਾਅਵਾ ਕਰਦੇ ਹਨ ਤਾਂ ਫਿਰ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਬੇਲੋੜੀ ਦੇਰੀ ਕਿਉਂ ਕੀਤੀ ਜਾਂਦੀ ਹੈ।

-ਚਰਨਜੀਤ ਸਿੰਘ ਮੁਕਤਸਰ
ਸੈਂਟਰ ਹੈੱਡ ਟੀਚਰ, ਸਪਸ ਝਬੇਲਵਾਲੀ।

ਪਿੰਡਾਂ ਦੀਆਂ ਬੱਸਾਂ
ਅੱਜ ਪਿੰਡਾਂ ਵਿਚ ਰੁਜ਼ਗਾਰ ਦੇ ਸਾਧਨ ਬਹੁਤ ਘਟ ਚੁੱਕੇ ਹਨ। ਕਿਉਂਕਿ ਪੜ੍ਹਿਆ ਲਿਖਿਆ ਵਰਗ ਚਾਹੇ ਉਹ +2 ਵੀ ਪਾਸ ਹੋਵੇ ਖੇਤਾਂ ਵਿਚ ਜਾਂ ਘਰਾਂ ਦੀ ਮਜ਼ਦੂਰੀ ਕਰਨ ਤੋਂ ਵਰਜਦਾ ਹੈ। ਉਹ ਚਾਹੁੰਦਾ ਹੈ ਕਿ ਉਸ ਨੂੰ ਕੋਈ ਅਜਿਹਾ ਕੰਮ ਮਿਲ ਜਾਵੇ ਜਿਸ ਵਿਚ ਉਹ ਕਿਸੇ ਫੈਕਟਰੀ ਜਾਂ ਕਿਸੇ ਵੱਡੇ ਮਾਲ ਜਾਂ ਵੱਡੀ ਦੁਕਾਨ ਵਿਚ ਹੀ ਕੰਮ ਕਿਉਂ ਨਾ ਹੋਵੇ ਕਰ ਲਵੇ।
ਪਰ ਇਹ ਕੰਮ ਉਸ ਤੋਂ ਕਾਫ਼ੀ ਜ਼ਿਆਦਾ ਦੂਰ ਹਨ ਕਿਉਂਕਿ ਇਸ ਲਈ ਉਸ ਨੂੰ ਸ਼ਹਿਰ ਵਿਚ ਆਉਣਾ-ਜਾਣਾ ਪਵੇਗਾ ਅਤੇ ਘਰ ਤੋਂ ਛੇਤੀ ਜਾਣ ਜਾਂ ਘਰ ਦੇਰੀ ਨਾਲ ਪਹੁੰਚਣ ਲਈ ਉਸ ਨੂੰ ਕਿਸੇ ਸਾਧਨ ਦੀ ਜ਼ਰੂਰਤ ਪਵੇਗੀ। ਇਸ ਲਈ ਉਹ ਜੇਕਰ ਕੋਸ਼ਿਸ਼ ਵੀ ਕਰੇ ਤਾਂ ਉਸ ਨੂੰ ਉਸ ਸਾਧਨ ਕਰਕੇ ਇਹੋ ਜਿਹੀਆਂ ਨੌਕਰੀਆਂ ਛੱਡਣੀਆਂ ਪੈਂਦੀਆਂ ਹਨ। ਕਿਉਂਕਿ ਮਾਲਾਂ, ਵੱਡੇ ਦੁਕਾਨਦਾਰਾਂ ਜਾਂ ਫੈਕਟਰੀਆਂ ਵਿਚੋਂ ਜੋ ਤਨਖ਼ਾਹਾਂ ਮਿਲਦੀਆਂ ਹਨ ਉਸ ਲਈ ਉਹ ਜੇਕਰ ਆਪਣਾ ਸਾਧਨ ਇਸਤੇਮਾਲ ਕਰੇ ਤਾਂ ਉਸ ਦੀ ਸਾਰੀ ਤਨਖ਼ਾਹ ਇਸੇ ਕੰਮ 'ਤੇ ਖ਼ਰਚ ਹੋ ਜਾਵੇਗੀ ਪਰ ਇਹੀ ਜੇਕਰ ਸਰਕਾਰਾਂ ਇਨ੍ਹਾਂ ਪਿੰਡਾਂ ਨੂੰ ਦੇਰ ਸ਼ਾਮ ਤਕ ਬੱਸਾਂ ਨੂੰ ਚਲਾਉਣਾ ਯਕੀਨੀ ਕਰਦੀ ਹੈ ਤਾਂ ਯਕੀਨਨ ਪਿੰਡਾਂ ਵਿਚੋਂ ਬੇਰੁਜ਼ਗਾਰੀ 'ਤੇ ਕੁਝ ਹੱਦ ਤਕ ਰੋਕ ਲੱਗ ਸਕਦੀ ਹੈ ਅਤੇ ਫੈਕਟਰੀਆਂ, ਦੁਕਾਨਦਾਰਾਂ ਨੂੰ ਵੀ ਆਪਣੇ ਰਾਜ ਤੋਂ ਹੀ ਕੰਮ ਕਰਨ ਵਾਲੇ ਮਿਲ ਜਾਣਗੇ।
ਸਾਡੀ ਸਰਕਾਰ ਨੂੰ ਇਹ ਅਪੀਲ ਹੈ ਕਿ ਸ਼ਹਿਰਾਂ ਤੋਂ ਪਿੰਡਾਂ ਨੂੰ ਦੇਰ ਸ਼ਾਮ ਤਕ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਮਿਹਨਤ ਕਰਨ ਦੇ ਮੌਕੇ ਮਿਲ ਸਕਣ।

-ਅਸ਼ੀਸ਼ ਸ਼ਰਮਾ
ਜਲੰਧਰ

ਗਿਆਨ ਭਰਪੂਰ ਲੇਖ
ਬੀਤੇ ਦਿਨੀਂ 'ਅਜੀਤ' ਵਿਚ ਪ੍ਰਕਾਸ਼ਿਤ ਡਾ. ਅਮਨਪ੍ਰੀਤ ਸਿੰਘ ਬਰਾੜ ਅਤੇ ਸੰਦੀਪ ਸਿੰਘ ਬਰਾੜ ਦਾ ਛਪਿਆ ਲੇਖ 'ਮਾਪਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਕਾਨੂੰਨ ਅਤੇ ਵਸੀਅਤ' ਪੜ੍ਹਿਆ ,ਜੋ ਕਿ ਬਹੁਤ ਹੀ ਗਿਆਨ ਭਰਪੂਰ ਹੈ। ਇਨ੍ਹਾਂ ਗੱਲਾਂ ਦਾ ਸਾਡੀ ਜ਼ਿੰਦਗੀ 'ਚ ਖ਼ਾਸ ਕਰ ਬਜ਼ੁਰਗਾਂ ਲਈ ਬਹੁਤ ਮਹੱਤਵ ਹੈ। ਇਸ ਲਈ ਅਜਿਹੀ ਜਾਣਕਾਰੀ ਸਾਨੂੰ ਅਪਣੇ ਬਜ਼ੁਰਗਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਅਗਲੇਰੀ ਜ਼ਿੰਦਗੀ ਵੀ ਪਰਿਵਾਰ ਸਮੇਤ ਖ਼ੁਸ਼ਹਾਲ ਜੀਅ ਸਕਣ ਅਤੇ ਕਿਸੇ ਵੀ ਬਜ਼ੁਰਗ ਨੂੰ ਸਭ ਕੁਝ ਹੁੰਦੇ ਹੋਏ ਵੀ ਬਿਰਧ ਆਸ਼ਰਮਾਂ ਦਾ ਸਹਾਰਾ ਨਾ ਲੈਣਾ ਪਵੇ।

-ਡਾ. ਮੁਹੰਮਦ ਇਰਫ਼ਾਨ ਮਲਿਕ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

ਬੱਸ ਸਟੈਂਡ ਦੀ ਬੁਰੀ ਹਾਲਤ
ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਵਿਚ ਬਾਥਰੂਮਾਂ (ਪਖਾਨਿਆਂ) ਦਾ ਬਹੁਤ ਮਾੜਾ ਹਾਲ ਹੈ।
ਸਾਰੇ ਬੱਸ ਸਟੈਂਡ ਵਿਚ ਸਫਾਈ ਦਾ ਬਹੁਤ ਮਾੜਾ ਹਾਲ ਹੈ। ਪਹਿਲੀ ਗੱਲ ਤਾਂ ਏਡੇ ਵੱਡੇ ਬਸ ਸਟੈਂਡ ਵਿਚ ਸਿਰਫ਼ ਇਕ ਹੀ ਬਾਥਰੂਮ ਹੈ, ਜਿਸ ਵਿਚ ਵੀ ਮੁਸ਼ਕ ਤੇ ਗੰਦਗੀ ਦੀ ਭਰਮਾਰ ਹੈ। ਲੈਟਰੀਨ, ਫਲੱਸ਼ ਦੇ ਦਰਵਾਜ਼ੇ ਅੱਧੇ ਟੁੱਟੇ ਹੋਏ ਹਨ।
ਬਸ ਸਟੈਂਡ ਵਿਚ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਇਕ ਛੋਟੇ ਜਿਹੇ ਵਾਟਰ ਕੂਲਰ ਵਿਚ ਗਰਮ ਪਾਣੀ ਪੀਣ ਲਈ ਯਾਤਰੀ ਮਜਬੂਰ ਹਨ। ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਦਾ ਧਿਆਨ ਅਜਿਹੀਆਂ ਬੁਨਿਆਦੀ ਸਹੂਲਤਾਂ ਵੱਲ ਕਿਉਂ ਨਹੀਂ ਜਾਂਦਾ। ਸਰਕਾਰ ਵਲੋਂ ਇਸ਼ਤਿਹਾਰਾਂ ਵਿਚ ਵੱਡੇ-ਵੱਡੇ ਮਾਅਰਕੇ ਮਾਰੇ ਜਾ ਰਹੇ ਹਨ, ਪਰ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।

-ਚਰਨਜੀਤ ਸਿੰਘ
ਸੈਂਟਰ ਮੁੱਖ ਅਧਿਆਪਕ, ਸ.ਪ.ਸ. ਝਬੇਲਵਾਲੀ।