13-10-2024
ਪਿਆਸ
ਸ਼ਾਇਰ : ਅਮਰਜੀਤ ਕੌਂਕੇ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98142-31698
ਸੰਸਾਰ ਪੱਧਰ 'ਤੇ ਖੁੱਲ੍ਹੀ ਕਵਿਤਾ ਦੀ ਸਵੀਕ੍ਰਿਤੀ ਹੀ ਨਹੀਂ, ਸਗੋਂ ਪੂਰੀ ਪੈਂਠ ਹੈ। ਕੁਝ ਭਾਸ਼ਾਵਾਂ ਵਿਚ ਪੰਜਾਬੀ, ਹਿੰਦੀ ਤੇ ਉਰਦੂ ਵਾਂਗ ਛੰਦ-ਬੰਦਤਾ ਸੰਭਵ ਹੀ ਨਹੀਂ ਹੈ। ਆਲੋਚਨਾ ਲਈ ਇਸ ਦੀ ਆਲੋਚਨਾ ਕਰਦੇ ਰਹਿਣਾ ਸਹੀ ਨਹੀਂ ਹੈ। ਪੰਜਾਬੀ ਸਾਹਿਤ ਵਿਚ ਵੀ ਕਾਫ਼ੀ ਸ਼ਾਇਰਾਂ ਨੇ ਇਸ ਵਿਧਾ ਕਾਰਨ ਬੁਲੰਦੀ ਛੋਹੀ ਹੈ, ਇਨ੍ਹਾਂ 'ਚੋਂ ਅਮਰਜੀਤ ਕੌਂਕੇ ਵੀ ਇਕ ਸਥਾਪਿਤ ਨਾਂਅ ਹੈ। 'ਪਿਆਸ' ਉਸ ਦਾ 2013 ਵਿਚ ਛਪਿਆ ਨਜ਼ਮ ਸੰਗ੍ਰਹਿ ਹੈ ਜੋ 2024 ਵਿਚ ਮੁੜ ਛਪਿਆ ਹੈ ਜਿਸ ਵਿਚ ਉਸ ਦੀਆਂ ਛੋਟੀਆਂ-ਵੱਡੀਆਂ ਕਰੀਬ 83 ਨਜ਼ਮਾਂ ਸ਼ਾਮਿਲ ਹਨ। ਸਿਰਜਕ ਦੀ ਸਮਰੱਥਾ ਨੂੰ ਦੇਖਦੇ ਹੋਏ ਭਾਸ਼ਾ ਵਿਭਾਗ ਪੰਜਾਬ ਨੇ ਇਸ ਪੁਸਤਕ ਨੂੰ ਸ਼ਾਇਰੀ ਦੀ ਬਿਹਤਰ ਪੁਸਤਕ ਦਾ ਸਨਮਾਨ ਵੀ ਦਿੱਤਾ ਹੈ। ਸ਼ਬਦਾਂ ਨੂੰ ਹੁਨਰਮੰਦੀ ਨਾਲ ਤਰਤੀਬ ਦੇਣਾ ਸ਼ਾਇਰੀ ਹੁੰਦੀ ਹੈ ਤੇ ਕੌਂਕੇ ਇਸ ਹੁਨਰਮੰਦੀ ਦਾ ਸ਼ਾਹਸਵਾਰ ਹੈ। ਇਸ ਪੁਸਤਕ ਵਿਚਲੀਆਂ ਨਜ਼ਮਾਂ ਵਿਚ ਉਸ ਨੇ ਮਨੁੱਖੀ ਮਨ ਦੀਆਂ ਸੰਵੇਦਨਾਵਾਂ ਤੇ ਤਲਖ਼ੀਆਂ ਨੂੰ ਬੜੀ ਸੂਖ਼ਮਤਾ ਨਾਲ ਪੇਸ਼ ਕੀਤਾ ਹੈ। 'ਪਿਆਸ' ਦੀ ਪਹਿਲੀ ਨਜ਼ਮ 'ਮੈਂ ਕਵਿਤਾ ਲਿਖਦਾ ਹਾਂ' ਵਿਚ ਉਹ ਖ਼ੁਦ ਨੂੰ ਧਰਤੀ ਦਾ ਕਰਜ਼ਦਾਰ ਆਖਦਾ ਹੈ ਤੇ ਲੋਕਾਂ ਦੇ ਦਰਦ ਨਾਲ ਉਸ ਨੂੰ ਵੀ ਦਰਦ ਹੁੰਦਾ ਹੈ। ਦੂਸਰੀ ਨਜ਼ਮ 'ਕਵਿਤਾ ਦੀ ਰੁੱਤ' ਵਿਚ ਉਹ ਕਿਸੇ ਦੀ ਯਾਦ ਵਿਚ ਭਟਕਦਾ ਵਿਖਾਈ ਦਿੰਦਾ ਹੈ। ਪੁਸਤਕ ਦੇ ਸ਼ੁਰੂਆਤੀ ਪੰਨਿਆਂ 'ਤੇ ਕਵਿਤਾਵਾਂ ਦੇ ਵਿਸ਼ਿਆਂ ਦਾ ਕੰਟਰਾਸਟ ਰੌਚਿਕਤਾ ਵੀ ਪੈਦਾ ਕਰਦਾ ਹੈ ਤੇ ਪਾਠਕ ਨੂੰ ਪੁਸਤਕ ਦੇ ਅਗਲੇ ਪੰਨਿਆਂ ਦੀ ਖੋਜ ਖ਼ਬਰ ਵੀ ਪਹੁੰਚਾ ਦਿੰਦਾ ਹੈ। ਆਪਣੀ ਚੇਤਨਾ ਵਿਚ ਸ਼ਾਇਰ ਖ਼ੁਦ ਨੂੰ ਟੁਕੜਿਆਂ ਵਿਚ ਮਹਿਸੂਸ ਕਰਦਾ ਹੈ ਤੇ ਉਸ ਨੂੰ ਕਈ ਲੁਭਾਉਣੀਆਂ ਤੇ ਡਰਾਉਣੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਸ਼ਾਇਰ ਨੂੰ ਰੌਸ਼ਨੀ ਮਸਨੂਈ ਜਾਪਦੀ ਹੈ ਤੇ ਕੋਈ ਵੀ ਕਿਰਨ ਉਸ ਨੂੰ ਰੂਹ ਦੇ ਹਾਣ ਦੀ ਨਹੀਂ ਲਗਦੀ। ਸਚਮੁੱਚ ਮਾਂ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੁੰਦਾ, ਇਸ ਨਜ਼ਮ-ਸੰਗ੍ਰਹਿ ਵਿਚ ਉਸ ਦੀਆਂ ਮਾਂ ਨੂੰ ਸਮਰਪਿਤ 7 ਕਵਿਤਾਵਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ। ਸਾਰੀਆਂ ਨਜ਼ਮਾਂ ਦੇ ਵਿਸ਼ੇ ਵੱਖ-ਵੱਖ ਤੇ ਰੌਚਕ ਹਨ। ਕੌਂਕੇ ਹਰ ਮੰਜ਼ਰ ਨੂੰ ਅੰਤਿਮ ਬਿੰਦੂ ਤੱਕ ਦੇਖਦਾ ਹੈ ਤੇ ਉਸ ਦਾ ਖ਼ੂਬਸੂਰਤ ਕਾਵਿਕ ਉਲੇਖ ਕਰਦਾ ਹੈ। ਅਮਰਜੀਤ ਕੌਂਕੇ ਦੀਆਂ ਕੁਝ ਨਜ਼ਮਾਂ ਅਛੂਤੀਆਂ ਹਨ। ਜੋ ਨਜ਼ਮ ਦੇ ਪਾਠਕਾਂ ਦੀ 'ਪਿਆਸ' ਜ਼ਰੂਰ ਤ੍ਰਿਪਤ ਕਰੇਗੀ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਸ਼੍ਰੋਮਣੀ ਭਗਤ ਨਾਮਦੇਵ ਜੀ
ਲੇਖਕ : ਗੁਲਜ਼ਾਰ ਸਿੰਘ ਸ਼ੌਂਕੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 110
ਸੰਪਰਕ : 98552-28224
ਹਥਲੀ ਪੁਸਤਕ ਦੇ ਲੇਖਕ ਵਲੋਂ ਇਸ ਕਿਤਾਬ ਤੋਂ ਪਹਿਲਾਂ ਛਪੀਆਂ ਤਿੰਨ ਦਰਜਨ ਕਿਤਾਬਾਂ ਮੌਲਿਕ ਅਤੇ ਸੰਪਾਦਿਤ ਰੂਪ ਵਿਚ ਪਾਠਕਾਂ ਦੇ ਸਨਮੁੱਖ ਆ ਚੁੱਕੀਆਂ ਹਨ। ਇਹ ਪੁਸਤਕ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਜੀਵਨੀ ਨਾਲ ਸੰਬੰਧਿਤ ਵੱਖ-ਵੱਖ ਸਾਖੀਆਂ 'ਤੇ ਆਧਾਰਿਤ ਹੈ। ਵੱਖ-ਵੱਖ ਸਰੋਤਾਂ ਤੋਂ ਇਕੱਤਰ ਕੀਤੇ ਵਿਚਾਰਾਂ ਨੂੰ ਭਗਤ ਜੀ ਦੀ ਧਾਰਮਿਕ ਤੇ ਸਮਾਜ ਸੁਧਾਰਕ ਮਹਾਨ ਸ਼ਖ਼ਸੀਅਤ ਨੂੰ ਉਭਾਰਨ ਦਾ ਸਫ਼ਲ ਉਪਰਾਲਾ ਕੀਤਾ ਗਿਆ ਹੈ। ਪੁਸਤਕ ਨੂੰ ਲੇਖਕ ਨੇ ਵਾਰਤਕ ਤੇ ਕਾਵਿ-ਰੂਪ ਵਿਚ ਸ਼ਿੰਗਾਰਨ ਦਾ ਯਤਨ ਕੀਤਾ ਹੈ। ਅਸੀਂ ਇਤਿਹਾਸਕ ਪਰਿਪੇਖ ਵਿਚ ਵੇਖਦੇ ਹਾਂ ਕਿ ਭਗਤ ਨਾਮਦੇਵ ਜੀ ਦਾ ਦੇਸ਼-ਦੁਨੀਆ ਅੰਦਰ ਵਿਚਾਰੀ ਜਾਂਦੀ ਭਗਤੀ ਲਹਿਰ ਵਿਚ ਸ਼ਾਮਿਲ ਵੱਖ-ਵੱਖ ਸ਼ਖ਼ਸੀਅਤਾਂ ਵਿਚੋਂ ਇਕ ਮਹਾਨ ਤੇ ਉੱਘਾ ਸਨਮਾਨਯੋਗ ਸਥਾਨ ਹੈ। ਲੇਖਕ ਨੇ ਬੜੀ ਭਾਵਪੂਰਤ ਤੇ ਦਿਲਚਸਪ ਖੋਜਸ਼ੈਲੀ ਵਿਚ ਭਗਤ ਨਾਮਦੇਵ ਜੀ ਦੇ ਜੀਵਨ ਨੂੰ ਸ਼੍ਰੋਮਣੀ ਪ੍ਰਭੂ ਭਗਤ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਹਸਤੀ ਵਜੋਂ ਪੇਸ਼ ਕੀਤਾ ਹੈ। ਭਗਤ ਜੀ ਦੀ ਸ਼ਖ਼ਸੀਅਤ ਨੂੰ ਉਸਾਰਨ ਲਈ ਇਹ ਸਾਰੀਆਂ ਸਾਖੀਆਂ ਲੋਕ-ਵਿਸ਼ਵਾਸੀ ਹਨ। ਲੇਖਕ ਨੇ ਦੋ ਦਰਜਨ ਤੋਂ ਵੀ ਵੱਧ ਵੱਖਵੱਖ ਸਿਰਲੇਖਾਂ ਅਧੀਨ ਭਗਤ ਨਾਮਦੇਵ ਜੀ ਦੇ ਜੀਵਨ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਵਿਚ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਜੀਵਨੀ, ਕਿੱਤਾਕਾਰੀ, ਭਗਤ ਜੀ ਨੂੰ ਸਿਲਾਈ ਦਾ ਕੰਮ ਸਿੱਖਣ ਲਈ ਲਗਾਉਣਾ, ਭਗਤ ਜੀ ਵਲੋਂ ਗੁਰੂ ਧਾਰਨ ਕਰਨਾ, ਪਾਰਸ ਰਾਮ ਦਾ ਹੰਕਾਰ ਤੇ ਭਗਤੀ ਦਾ ਗਿਆਨ, ਭਗਤ ਜੀ ਦੀ ਛੱਪਰੀ, ਭਗਤ ਜੀ ਦਾ ਧਨੀ ਪੁਰਸ਼ ਨੂੰ ਉਪਦੇਸ਼, ਅਗਿਆਨੀ ਲੋਕਾਂ ਨੂੰ ਗਿਆਨ ਦੀ ਬਖ਼ਸ਼ਿਸ਼, ਰਾਕਸ਼ ਦਾ ਹਿਰਦਾ ਤਬਦੀਲ ਕਰਨਾ, ਨਿਮਰਤਾ ਅਤੇ ਗਿਆਨ ਦਾ ਸਾਗਰ ਭਗਤ ਨਾਮਦੇਵ ਜੀ, ਭਗਤ ਜੀ ਦੀ ਜਾਤ ਤੇ ਗੋਤ, ਰਾਂਕਾ ਬਾਂਕਾ ਦੇ ਪਰਿਵਾਰ ਦਾ ਤਿਆਗ, ਪੁਜਾਰੀਆਂ ਵਲੋਂ ਭਗਤ ਜੀ ਨੂੰ ਮਾਰਨ ਦੀਆਂ ਸਾਜ਼ਿਸ਼ਾਂ, ਭਗਤ ਜੀ ਨੂੰ ਜ਼ਹਿਰ ਦੇਣਾ, ਮੁਹੰਮਦ ਤੁਗ਼ਲਕ ਦਾ ਜ਼ੁਲਮ, ਦਰਵੇਸ਼ ਕੁੱਤੇ ਵਿਚੋਂ ਪ੍ਰਭੂ ਦੇ ਦਰਸ਼ਨ, ਪ੍ਰਭੂ ਤੋਂ ਚੜ੍ਹਨ ਲਈ ਘੋੜੀ ਮੰਗਣੀ, ਦਵਾਰਕਾ ਵਿਚ ਉਪਦੇਸ਼, ਪਾਖੰਡੀ ਸਾਧ ਦਾ ਪਾਖੰਡ ਨੰਗਾ ਕਰਨਾ, ਭਗਤ ਜੀ ਦਾ ਪੰਜਾਬ ਆਉਣਾ, ਘੁਮਾਣ ਵਿਚ ਨਿਵਾਸ, ਭਗਤ ਜੀ ਦਾ ਖੰਡਰਖੁਰ ਵਿਖੇ ਪੁੱਜਣਾ, ਭਗਤ ਜੀ ਦਾ ਪਰਿਵਾਰ, ਭਗਤ ਜੀ ਦੇ ਜਾਣ ਪਿੱਛੋਂ ਘੁਮਾਣ ਦਾ ਹਾਲ, ਭਗਤ ਜੀ ਦੇ ਯਾਦਗਾਰੀ ਸਥਾਨ, ਪ੍ਰਭੂ ਦੀਆਂ ਭਗਤ ਜੀ ਨਾਲ ਗੱਲਾਂ, ਸ਼ਰਧਾਲੂਆਂ ਨੇ ਭਗਤ ਨਾਮਦੇਵ ਜੀ ਨੂੰ ਯਾਦ ਕਰਨਾ, ਵਾਰਤਕ ਤੇ ਕਾਵਿ ਰੂਪ ਸ਼ਾਮਿਲ ਹਨ। ਪੁਸਤਕ ਦੇ ਆਰੰਭ ਵਿਚ ਮੁੱਖ ਸ਼ਬਦ ਸਾਖੀ ਭਗਤ ਨਾਮਦੇਵ ਜੀ ਉੱਘੇ ਸਾਹਿਤਕਾਰ ਡਾ. ਤੇਜਵੰਤ ਮਾਨ ਨੇ ਲਿਖ ਕੇ ਲੇਖਕ ਦੀ ਹੌਸਲਾ ਅਫ਼ਜਾਈ ਵੀ ਕੀਤੀ ਹੈ। ਉੱਘੇ ਬਾਲ ਲੇਖਕ ਪਵਨ ਹਰਚੰਦਪੁਰੀ ਨੇ 'ਵਾਰਤਕ ਤੇ ਕਾਵਿ-ਰੂਪਕ ਜੀਵਨੀ ਸ਼੍ਰੋਮਣੀ ਭਗਤ ਨਾਮਦੇਵ ਜੀ' ਨੂੰ ਪੁਸਤਕ ਦੇ ਰੂਪ ਵਿਚ ਪੇਸ਼ ਕਰਨ ਲਈ ਲੇਖਕ ਨੂੰ ਕੇਵਲ ਸ਼ਾਬਾਸ਼ ਹੀ ਨਹੀਂ ਦਿੱਤੀ ਸਗੋਂ ਉਤਸ਼ਾਹਿਤ ਵੀ ਕੀਤਾ ਹੈ। ਅੰਤ ਵਿਚ ਸਹਾਇਕ ਪੁਸਤਕ ਸੂਚੀ ਵੀ ਦਿੱਤੀ ਗਈ ਹੈ। ਸਮੁੱਚੇ ਰੂਪ ਵਿਚ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜੀਵਨ-ਕਾਲ ਵਿਚ ਕੀਤੇ, ਉਨ੍ਹਾਂ ਕਾਰਨਾਮਿਆਂ ਨੂੰ ਉਜਾਗਰ ਕਰਦੀ ਹੈ, ਜੋ ਪੀੜ੍ਹੀ-ਦਰ-ਪੀੜ੍ਹੀ ਪ੍ਰਭੂ ਭਗਤਾਂ ਦੇ ਆਪਣੇ ਜੀਵਨ ਵਿਚ ਆਈਆਂ ਦੁਸ਼ਵਾਰੀਆਂ ਨੂੰ ਦੂਰ ਕਰਨ ਲਈ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਕਿਵੇਂ ਪ੍ਰਭੂ ਮਿਲਾਪ ਹੁੰਦਾ ਹੈ, ਉਨ੍ਹਾਂ ਦੇ ਸਾਰੇ ਕਾਰਜ ਵੀ ਉਹ ਕਾਦਰ ਆਪ ਹੀ ਸੰਪੂਰਨ ਕਰਦਾ ਹੈ। ਲੇਖਕ ਦੀ ਸਖ਼ਤ ਘਾਲਣਾ ਲਈ ਮੁਬਾਰਕ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਭੱਖੜਾ
ਲੇਖਕ : ਗੁਰਸੇਵਕ ਲੰਬੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨਜ਼ ਰਾਮਪੁਰ (ਲੁਧਿਆਣਾ)
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 99141-50353
ਹਥਲੇ ਕਾਵਿ-ਸੰਗ੍ਰਹਿ 'ਭੱਖੜਾ' ਤੋਂ ਪਹਿਲਾਂ ਵੀ ਦੋ ਕਾਵਿ-ਸੰਗ੍ਰਹਿਆਂ ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਹਤਾਜ਼ ਨਹੀਂ ਹੈ। ਸ਼ਾਇਰ ਖ਼ੁਦ ਸਾਹਿਤ ਦਾ ਡਾਕਟਰ ਹੋਣ ਕਰਕੇ ਕਵਿਤਾ ਦੇ ਨਕਸ਼ ਪਹਿਚਾਣਦਾ ਹੈ ਤੇ ਘੜਦਾ ਵੀ ਹੈ। ਸ਼ਬਦ 'ਭੱਖੜਾ' ਦੇ ਮੈਟਾਫਰ ਨਾਲ ਉਹ ਜੀਵਨ ਦੀਆਂ ਵਿਸੰਗਤੀਆਂ ਨਾਲ ਦਸਤਪੰਜਾ ਲੈ ਕੇ ਆਪਣਾ ਕਾਵਿ-ਧਰਮ ਨਿਭਾਅ ਰਿਹਾ ਹੈ। ਭੱਖੜਾ ਜਦੋਂ ਅਸਾਡੇ ਪੈਰਾਂ ਵਿਚ ਪੁੜ ਜਾਂਦਾ ਹੈ ਤੇ ਦੁਸ਼ਵਾਰੀਆਂ ਦਾ ਚੱਕਰਵਿਊ ਵਿਚ ਘੇਰਾਬੰਦੀ ਕਰ ਲੈਂਦਾ ਹੈ। ਸ਼ਾਇਰ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਫੜਨ ਲਈ ਸਾਨੂੰ ਬਰਤੌਨਤ ਬ੍ਰੈਖਤ ਦੇ ਇਸ ਕਥਨ ਦੀ ਪੁਰਸਲਾਤ ਵਿਚੋਂ ਗੁਜ਼ਰਨਾ ਪਵੇਗਾ ਕਿ 'ਇਹ ਠੀਕ ਹੈ ਕਿ ਜਿਊਣ ਲਈ ਖਾਣਾ ਬਹੁਤ ਜ਼ਰੂਤੀ ਹੈ, ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਜਿਸ ਨੇ ਖਾਣਾ ਖਾ ਲਿਆ ਉਹ ਜੀ ਵੀ ਰਿਹਾ ਹੈ। ਭੱਖੜਾ ਸਰਕਾਰੀ ਫਾਈਲਾਂ ਵਿਚ ਵੀ ਉੱਗਿਆ ਹੋਇਆ ਹੈ, ਜੋ ਫਾਈਲਾਂ ਦੇ ਪੈਰ ਲਗਾਉਣ ਲਈ 'ਉਤਲੀ ਝਾਕ' ਰੱਖਦਾ ਹੈ। ਭੱਖੜਾ ਤਾਂ ਉਥੇ ਵੀ ਉੱਗਿਆ ਹੋਇਆ ਹੈ, ਜਦੋਂ ਲੂਣਾ ਮਜਬੂਰੀਵੱਸ ਆਈਲੈਟਸ ਦੇ ਮੱਕੜਜਾਲ ਰਾਹੀਂ ਪ੍ਰਵਾਸ ਹੰਢਾਅ ਰਹੇ ਸਲਵਾਨ ਨੂੰ ਮਿਲਣ ਲਈ ਅੰਬੈਸੀਆਂ ਦੇ ਦਰਾਂ ਅੱਗੇ ਤਲੇ ਘਿਸਾਉਂਦੀ ਫਿਰਦੀ ਹੈ। ਭੱਖੜਾ ਤਾਂ ਪ੍ਰਸ਼ਾਸਨਿਕ ਅਦਾਰਿਆਂ ਵਿਚ ਵੀ ਉੱਗਿਆ ਹੋਇਆ ਹੈ, ਜਿਥੇ ਪ੍ਰਸ਼ਾਸਨ ਆਪਣੀ ਲੋੜ ਮੁਤਾਬਿਕ ਤਾਂ ਜਾਗ ਪੈਂਦਾ ਹੈ ਪਰ ਆਪਣੀਆਂ ਕੁਤਾਹੀਆਂ ਛੁਪਾਉਣ ਲਈ ਫਿਰ ਕੁੰਭਕਰਨੀ ਨੀਂਦ ਸੌਂ ਜਾਂਦਾ ਹੈ। ਭੱਖੜਾ ਤਾਂ ਉਥੇ ਵੀ ਉੱਗਿਆ ਹੋਇਆ ਹੈ, ਜਿਥੇ ਭਗਵਾਂ ਸਿਪਾਹ ਸਲਾਹ ਕਾਰਪੋਰੇਟ ਸੈਕਟਰ ਦੇ ਰਿਮੋਰਟ ਕੰਟਰੋਲ ਨਾਲ ਖੁੱਲ੍ਹਾ ਛੱਡਿਆ ਸਾਨ੍ਹ, ਅਸਾਡੀਆਂ ਫਸਲਾਂ ਤੇ ਬੁਰਕ ਮਾਰਨ ਲਈ ਜਬਾੜੇ ਦੇ ਦੰਦ ਤਿੱਖੇ ਕਰ ਰਿਹਾ ਹੈ। ਪਰ ਇਸ ਸਾਨ੍ਹ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੁਣ ਕਿਰਤੀ ਇਸ ਸਾਨ੍ਹ ਦੇ ਨੱਥ ਪਾਉਣ ਲਈ ਰੱਸੇ ਵੱਟ ਰਹੇ ਹਨ, ਕਿਉਂਕਿ ਚੁੱਪ ਰਹਿਣਾ ਗੁੰਗੇ ਹੋਣਾ ਨਹੀਂ ਸਗੋਂ ਪ੍ਰਤੀਰੋਧਕ ਆਵਾਜ਼ ਨਾਲ ਯੁੱਧ ਦੀ ਤਿਆਰੀ ਕਰ ਰਹੇ ਹਨ। ਲੇਖਕ ਦੀ ਸ਼ਾਇਰੀ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਬਾਲ ਪਿਆਰੇ
ਲੇਖਕ : ਸੁਰਜੀਤ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 199 ਰੁਪਏ, ਸਫ਼ੇ : 56
ਸੰਪਰਕ : 98152-98459
ਵਰਤਮਾਨ ਦੌਰ ਵਿਚ ਪੰਜਾਬੀ ਬਾਲ ਸਾਹਿਤ ਵਿਚ ਭਾਂਤ-ਭਾਂਤ ਦੇ ਵਿਸ਼ਿਆਂ ਵਾਲੀਆਂ ਕਾਵਿ-ਰਚਨਾਵਾਂ ਦੀ ਪ੍ਰਵਿਰਤੀ ਵਧੇਰੇ ਵੇਖਣ ਵਿਚ ਆ ਰਹੀ ਹੈ। ਕੁਝ ਦਹਾਕੇ ਪਹਿਲਾਂ ਬਾਲ ਕਵਿਤਾਵਾਂ ਦੀ ਬੁਨਿਆਦੀ ਸੁਰ ਧਾਰਮਿਕ, ਅਧਿਆਤਮਕ, ਦੇਸ਼-ਭਗਤੀ, ਭਾਈਚਾਰਕ ਜਜ਼ਬਿਆਂ ਅਤੇ ਉਪਦੇਸ਼ਾਤਮਕ ਦ੍ਰਿਸ਼ਟੀਕੋਣ ਨਾਲ ਖ਼ਾਸ ਤੌਰ 'ਤੇ ਜੁੜੀ ਰਹੀ ਹੈ, ਪਰੰਤੂ ਗਿਆਨ-ਵਿਗਿਆਨ ਅਤੇ ਸੋਸ਼ਲ ਮੀਡੀਆ ਦੇ ਤੇਜ਼-ਤੱਰਾਰੀ ਵਾਲੇ ਅਜੋਕੇ ਸਮੇਂ ਵਿਚ ਸਾਹਿਤਕ ਪ੍ਰਵਿਰਤੀਆਂ ਵਿਚ ਆ ਰਹੇ ਪਰਿਵਰਤਨ ਕਾਰਨ ਬਾਲ ਸਾਹਿਤ ਦੇ ਵਿਸ਼ਿਆਂ ਦੀ ਪੇਸ਼ਕਾਰੀ ਵਿਚ ਵੀ ਨਵੀਨਤਾ ਆ ਰਹੀ ਹੈ।
ਬਾਲ ਸਾਹਿਤ ਦੇ ਹਵਾਲੇ ਨਾਲ ਸੁਰਜੀਤ ਸੰਧੂ ਦੀ ਨਵ ਪ੍ਰਕਾਸ਼ਿਤ ਬਾਲ-ਕਾਵਿ ਪੁਸਤਕ 'ਬਾਲ ਪਿਆਰੇ' ਉਚੇਚੇ ਜ਼ਿਕਰ ਦੀ ਲਖਾਇਕ ਬਣਦੀ ਹੈ। ਇਸ ਪੁਸਤਕ ਵਿਚ ਵਿੱਦਿਅਕ ਚੇਤਨਾ ਦੇ ਪਾਸਾਰੇ ਦੀ ਗੱਲ ਕਰਨ ਵਾਲੀਆਂ ਬਾਲ ਕਵਿਤਾਵਾਂ ਵਿਚੋਂ 'ਪੈਂਤੀ', 'ਫੱਟੀ', 'ਲੈਗੋ', 'ਪੈਨਸਿਲ', 'ਮਾਂ ਬੋਲੀ ਪੰਜਾਬੀ', 'ਵਿਦਿਅਕ ਨਾਅਰੇ' ਆਦਿ ਜ਼ਿਕਰਯੋਗ ਹਨ, ਜਦੋਂ ਕਿ 'ਮਾਤਾ ਪਿਤਾ', 'ਬਾਪੂ' ਤੇ 'ਨਿੱਕੀ ਭੈਣ' ਪੰਜਾਬੀ ਸਮਾਜ ਦੇ ਰਿਸ਼ਤੇ-ਨਾਤੇ ਅਤੇ ਸੱਭਿਆਚਾਰਕ ਸਾਂਝਾਂ ਨੂੰ ਦਰਸਾਉਂਦੀਆਂ ਹਨ। 'ਨਾਨਕਾ ਪਿੰਡ', 'ਕੁਕੜੂ ਘੜੂੰ', 'ਸੂਰਜਾ ਸੂਰਜਾ', 'ਗਿੱਲੀ ਮਿੱਟੀ ਦਾ ਘਰ', 'ਟੱਪੇ' ਅਤੇ 'ਪੱਗ' ਆਦਿ ਕਵਿਤਾਵਾਂ ਵਿਚੋਂ ਵੀ ਪੰਜਾਬੀ ਰਹਿਤਲ ਨਜ਼ਰ ਆਉਂਦੀ ਹੈ। ਕਵੀ ਨੇ ਇਨ੍ਹਾਂ ਬਾਲ ਕਵਿਤਾਵਾਂ ਵਿਚ ਨਰੋਈਆਂ ਕਦਰਾਂ-ਕੀਮਤਾਂ ਦਾ ਸੁੰਦਰ ਸੰਚਾਰ ਕੀਤਾ ਹੈ। ਪਰੰਤੂ ਦੂਜੇ ਪਾਸੇ ਬਾਲ ਸਾਹਿਤ ਦਾ ਬੁਨਿਆਦੀ ਮਕਸਦ ਬਾਲ ਪਾਠਕਾਂ ਨੂੰ ਅੰਧ ਵਿਸ਼ਵਾਸ, ਚਮਤਕਾਰੀ ਜਾਂ ਭਰਮ ਭੁਲੇਖਿਆਂ ਦੇ ਹਨੇਰੇ ਵਿਚੋਂ ਕੱਢ ਕੇ ਗਿਆਨ ਜਾਂ ਚੇਤਨਾਮਈ ਚਾਨਣ ਵੱਲ ਲਿਜਾਣਾ ਹੁੰਦਾ ਹੈ। ਇਸ ਪੁਸਤਕ ਵਿਚ 'ਬੰਨੂੰ ਵੀਰਾ ਰੱਖੜੀ ਮੈਂ ਸੋਹਣੇ ਸੋਹਣੇ ਗੁੱਟ 'ਤੇ, ਨਜ਼ਰਾਂ ਤੋਂ ਕਾਲਾ ਟਿੱਕਾ ਲਾਊਂ ਗੋਰੇ ਮੁੱਖ ਤੇ (ਪੰਨਾ 33) ਵਰਗੀਆਂ ਸਤਰਾਂ ਬਾਲ-ਮਨਾਂ ਵਿਚ ਵਹਿਮ-ਭਰਮ ਵਾਲੀ ਵਿਚਾਰਧਾਰਾ ਦ੍ਰਿੜ੍ਹ ਕਰਵਾਉਂਦੀਆਂ ਹਨ। ਅਜਿਹੀਆਂ ਸਤਰਾਂ ਦਾ ਸੰਚਾਰ ਸਾਰਥਿਕ ਨਹੀਂ। ਪੁਸਤਕ ਵਿਚ 'ਫੱਬਾ' (ਫੱਫਾ), 'ਡਾੜ੍ਹਾ' (ਰਾੜ੍ਹਾ), 'ਨਾਹਣਾ' (ਨਾਹੁਣਾ), 'ਧੋਹਣੀ (ਧੋਣੀ), ਸੁੱਟੀ (ਛੁੱਟੀ), ਠਿੱਠਾ (ਡਿੱਠਾ) ਆਦਿ ਸ਼ਾਬਦਿਕ ਗ਼ਲਤੀਆਂ ਵੀ ਬਾਲ ਪਾਠਕ ਦੇ ਭਾਸ਼ਾਈ ਗਿਆਨ ਦੇ ਵਿਕਾਸ-ਪੈਂਡੇ ਵਿਚ ਵਿਘਨਕਾਰੀ ਬਣਦੀਆਂ ਹਨ। ਪੁਸਤਕ ਦੀ ਆਖ਼ਰੀ ਕਵਿਤਾ 'ਵਿੱਦਿਅਕ ਨਾਅਰੇ' ਵਿਚ ਸਾਰੇ ਅੱਖਰਾਂ ਨਾਲ ਸੰਬੰਧਤ ਸੁੰਦਰ ਪੰਕਤੀਆਂ ਘੜੀਆਂ ਗਈਆਂ ਹਨ ਪਰੰਤੂ ਕੇਵਲ 'ਢ' ਅੱਖਰ ਅਤੇ ਇਸ ਨਾਲ ਸੰਬੰਧਿਤ ਪੰਕਤੀਆਂ ਗ਼ਾਇਬ ਹਨ। ਇਨ੍ਹਾਂ ਕੁਝ ਤਰੁੱਟੀਆਂ ਦੇ ਬਾਵਜੂਦ ਕਈ ਕਵਿਤਾਵਾਂ ਸੁੰਦਰ ਗੀਤਾਂ ਦਾ ਰੁਤਬਾ ਰੱਖਦੀਆਂ ਹਨ ਅਤੇ ਸਕੂਲੀ ਸਮਾਗਮਾਂ ਵਿਚ ਗਾਏ ਜਾਣ ਦੀ ਸਮਰੱਥਾ ਰੱਖਦੀਆਂ ਹਨ। ਕੁੱਲ ਮਿਲਾ ਕੇ ਰੰਗਦਾਰ ਰੂਪ ਵਿਚ ਛਪੀ ਇਹ ਪੁਸਤਕ ਪੜ੍ਹਨਯੋਗ ਹੈ। ਇਸ ਦੀ ਦਿੱਖ ਸੁੰਦਰ ਹੈ। ਲੇਖਕ ਤੋਂ ਹੋਰ ਆਹਲਾ ਮਿਆਰੀ ਬਾਲ ਸਾਹਿਤ-ਪੁਸਤਕਾਂ ਦੀ ਸਿਰਜਣਾ ਦੀ ਉਮੀਦ ਕੀਤੀ ਜਾਂਦੀ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਪਿਆਰੇ ਆਓ ਘਰੇ
ਕਵੀ : ਜਸਵੰਤ ਜ਼ਫ਼ਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 108
ਸੰਪਰਕ : 80540-04977
ਜਸਵੰਤ ਜ਼ਫ਼ਰ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਹ 1993 ਤੋਂ ਕਵਿਤਾ ਤੇ ਵਾਰਤਕ ਦੇ ਖੇਤਰ ਵਿਚ ਨਿਰੰਤਰ ਕਾਰਜਸ਼ੀਲ ਹੈ। ਕਵਿਤਾ ਵਿਚ ਉਹਦੀਆਂ ਇਸ ਕਿਤਾਬ ਤੋਂ ਪਹਿਲਾਂ ਤਿੰਨ ਕਿਤਾਬਾਂ (ਦੋ ਸਾਹਾਂ ਵਿਚਕਾਰ-1993, ਅਸੀਂ ਨਾਨਕ ਦੇ ਕੀ ਲੱਗਦੇ ਹਾਂ-2001, ਇਹ ਬੰਦਾ ਕੀ ਹੁੰਦਾ-2010) ਅਤੇ ਵਾਰਤਕ ਦੀਆਂ ਪੰਜ ਕਿਤਾਬਾਂ (ਸਿੱਖ ਸੁ ਖੋਜਿ ਲਹੈ-2007, ਮੈਨੂੰ ਇਉਂ ਲੱਗਿਆ-2015, ਭਗਤੁ ਸਤਿਗੁਰੂ ਹਮਾਰਾ-2016, ਨਾਨਕ ਏਵੈ ਜਾਣੀਐ-2021, ਚਮੇਲੀ ਦੇ ਫੁੱਲ-2023) ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸਤੋਂ ਬਿਨਾਂ ਇੱਕ ਨਾਟਕ (ਬੁੱਢਾ ਦਰਿਆ-2019), ਚੋਣਵੀਆਂ ਹਿੰਦੀ ਕਵਿਤਾਵਾਂ (ਜੀਤੀ ਜਾਗਤੀ ਬਾਤ-2021) ਅਤੇ ਚੋਣਵੀਆਂ ਅੰਗਰੇਜ਼ੀ ਕਵਿਤਾਵਾਂ (ਦ ਅਦਰ ਸ਼ੋਰ ਆਫ਼ ਵਰਡਜ਼) ਵੀ ਛਪ ਚੁੱਕੀਆਂ ਹਨ। ਰੀਵਿਊ ਅਧੀਨ ਕਿਤਾਬ 'ਪਿਆਰੇ ਆਓ ਘਰੇ' ਦਾ ਸਿਰਲੇਖ ਗੁਰਬਾਣੀ ਦੀ ਇਸ ਪੰਕਤੀ - 'ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ॥ ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ॥' ਤੋਂ ਪ੍ਰੇਰਿਤ ਹੈ, ਜਿਸ ਵਿਚ 69 ਕਾਵਿ ਰਚਨਾਵਾਂ ਹਨ - ਖੁੱਲ੍ਹੀਆਂ ਕਵਿਤਾਵਾਂ, ਗੀਤ, ਦੋਹੇ ਅਤੇ ਗ਼ਜ਼ਲਾਂ। ਇਸ ਪੁਸਤਕ ਵਿਚ ਵੱਖਰੇ-ਵੱਖਰੇ ਵਿਸ਼ੇ ਹਨ - ਪ੍ਰਦੂਸ਼ਣ, ਕਿਰਸਾਨੀ, ਪਿਆਰ ਆਦਿ। ਪ੍ਰਦੂਸ਼ਣ ਨੂੰ ਉਹਨੇ ਕਵਿਤਾਵਾਂ/ਗ਼ਜ਼ਲਾਂ ਵਿਚ ਵੱਖਰੀ ਤਰ੍ਹਾਂ ਉਭਾਰਿਆ ਹੈ - ਜਿਉਂਦਾ ਰਹਿ ਓ ਜੀਣ ਜੋਗਿਆ ਧਰਤ ਬੰਦੇ ਨੂੰ ਕਿੰਜ ਕਹੇ/ਪੌਣਾਂ ਰੋਜ਼ ਪਲੀਤ ਕਰੇ ਜੋ ਜਲ ਵਿਚ ਜ਼ਹਿਰਾਂ ਘੋਲ ਰਿਹਾ (104); ਵਿਰਲੇ ਟਾਵੇਂ ਲੇਖੇ ਲੱਗਦੇ ਉਂਜ ਤੇ ਆਪਣੇ ਸਾਰੇ ਹੀ ਸਾਹ/ਆਕਸੀਜਨ ਨੂੰ ਕਾਰਬਨ ਡਾਈਆਕਸਾਈਡ ਬਣਾਉਣ 'ਚ ਗੁਜ਼ਾਰਨ (106); ਅਸੀਂ ਬਣੇ ਯਾਤਰੂ ਨਾ/ਭਾਵੇਂ ਕੋਲ ਗੱਡੀਆਂ, ਸਪੀਡੀਂ ਛੱਡੀਆਂ/ਘਸਣ ਲੱਖ ਟਾਇਰ, ਫੈਲਾਈਏ ਜ਼ਹਿਰ/ਤੇਲ ਖੂਹ ਮੁੱਕਣੇ, ਧਰਤ ਪਈ ਸੁੱਕਣੇ/ਬੇਸਬਰੇ ਹੋਏ (90); ਹਵਾ ਯੁਗ ਦੇ ਵਾਸੀਓ/ਸਾਹ ਲੈਣ ਜੋਗੀ ਹਵਾ ਬਚਾ ਕੇ ਰੱਖਣਾ (42)। ਸੱਚੇ-ਸੁੱਚੇ ਤੇ ਪਿਆਰੇ-ਨਿਆਰੇ ਇਨਸਾਨ ਬਣਨ ਲਈ ਕਵੀ ਸਾਨੂੰ ਸਹਿਣਸ਼ੀਲਤਾ, ਸਿਆਣਪ ਤੇ ਨਿਮਰਤਾ ਅਪਣਾਉਣ ਦਾ ਹੋਕਾ ਦਿੰਦਾ ਹੈ (78-79)। ਉਹ ਮੰਨਦਾ ਹੈ ਕਿ ਇਸ਼ਕ ਤੇ ਜੰਗ ਵਿਚ ਸਭ ਕੁਝ ਜਾਇਜ਼ ਹੁੰਦਾ ਹੈ ਪਰ ਅੱਜਕਲ੍ਹ ਸਭ ਤੋਂ ਵੱਧ ਸਭ ਕੁਝ ਜਾਇਜ਼ ਸਿਆਸਤ ਵਿਚ ਹੋ ਰਿਹਾ ਹੈ ਤੇ ਜਿਸ ਸਿਆਸਤ ਵਿਚ ਸਭ ਕੁਝ ਜਾਇਜ਼ ਹੋਵੇ, ਉਹ ਸਭ ਤੋਂ ਨਜਾਇਜ਼ ਚੀਜ਼ ਹੁੰਦੀ ਹੈ (27)। ਜ਼ਫ਼ਰ ਸੁਹਜ ਦਾ ਕਵੀ ਹੈ। ਉਹਨੇ ਪੁਸਤਕ ਦਾ ਆਗਾਜ਼ ਬੜੇ ਹੀ ਸੌਂਦਰਯਬੋਧਕ (ਅਨੁਪ੍ਰਾਸਿਕ) ਸ਼ਬਦਾਂ ਨਾਲ ਕੀਤਾ ਹੈ - ਕੁਦਰਤ ਰੰਗ ਰੰਗੀਲੜੀ ਧਰਤ ਧਰੇ ਧਰਵਾਸ/ਮਸਤਕ ਸਹਿਜ ਸਮੁੰਦਰੀ ਤਲ ਤੇ ਤਰਦੀ ਆਸ/ਸੁਪਨ ਪੰਖੇਰੂ ਉੱਡਦੇ ਅੱਖੀਆਂ ਵਿਚ ਅਕਾਸ/ਸੀਨੇ ਸੱਧਰਾਂ ਸਾਵੀਆਂ ਹੋਠੀਂ ਅਣਮੁੱਕ ਪਿਆਸ/ਇਸ਼ਕ ਸਲਾਮਤ ਸਦਾ ਜਵਾਨੀ ਕਵਿਤਾ ਸੰਗ ਸੁਆਸ (13)। ਕਵੀ ਨੇ ਕੁਝ ਨਵੇਂ ਸਮਾਸ ਵੀ ਘੜੇ ਹਨ - ਨਾਨਕਪਨ, ਅਰਜਨਪਨ, ਗੋਬਿੰਦਪਨ (22), ਗੁਰਧਾਨੀ (17), ਮਸਨਦੀ (18) ਆਦਿ। ਇਉਂ ਸਾਰੀ ਕਿਤਾਬ ਸਾਜ਼, ਆਵਾਜ਼, ਪਰਵਾਜ਼, ਅਲਫ਼ਾਜ਼ ਨਾਲ ਵਾਬਸਤਾ ਹੈ। ਸਰਵਰਕ 'ਤੇ ਅਮਰਜੀਤ ਸਿੰਘ ਗਰੇਵਾਲ ਅਤੇ ਸੁਰਜੀਤ ਪਾਤਰ ਦੀਆਂ ਸੁਹਜਾਤਮਿਕ ਟਿੱਪਣੀਆਂ ਹਨ ਤੇ ਖ਼ੁਦ ਕਵੀ ਨੇ ਡਿਓੜੀ (ਭੂਮਿਕਾ) ਵਜੋਂ ਤਫ਼ਸੀਲ ਨਾਲ ਪੁਸਤਕ ਬਾਰੇ ਜਾਣਕਾਰੀ ਦਿੱਤੀ ਹੈ। ਮਨੁੱਖ ਨੂੰ ਇੱਕ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕਰਦੀ ਇਸ ਕਾਵਿ-ਕਿਤਾਬ ਦਾ ਖ਼ੈਰ-ਮਕਦਮ!
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਹੋਂਦ
ਲੇਖਕ : ਡਾ. ਹਰਦੀਪ ਸਿੰਘ ਰੰਧਾਵਾ
ਪ੍ਰਕਾਸ਼ਕ : ਸਵੈਵਿਮਾਨ ਪ੍ਰਕਾਸ਼ਨ, ਪਟਿਆਲਾ
ਮੁੱਲ : 220 ਰੁਪਏ, ਸਫ਼ੇ : 84
ਸੰਪਰਕ : 98145-38057ਕੁੱਲ 19 ਕਹਾਣੀਆਂ ਵਾਲੀ ਇਸ ਪੁਸਤਕ ਦੇ ਕਹਾਣੀਕਾਰ ਡਾ. ਹਰਦੀਪ ਸਿੰਘ ਰੰਧਾਵਾ ਦਾ ਪੁਸਤਕ ਦੇ ਆਰੰਭ 'ਚ ਇਹ ਆਖਣਾ ਬਿਲਕੁਲ ਸਹੀ ਹੈ ਕਿ ਸਾਹਿਤ ਲੇਖਕ ਦੀ ਚੇਤਨਾ ਦੇ ਖਜ਼ਾਨੇ ਵਿਚੋਂ ਪਲ-ਪਲ ਕਰਕੇ ਕਿਰਿਆ ਹੁੰਦਾ ਹੈ। ਉਸ ਦੀ ਜਜ਼ਬਾਤੀ ਰੌਂਅ ਦੀ ਰੇਤੀ ਨਾਲ ਤਰਾਸ਼ਿਆ ਹੁੰਦਾ ਹੈ। ਸਮਾਜ ਦੇ ਤਾਣੇ-ਬਾਣੇ ਅੰਦਰ ਵਿਚਰਦੇ ਇਨਸਾਨਾਂ ਦੇ ਯਥਾਰਥਵਾਦ ਨੂੰ ਜੋ ਸਾਹਿਤ ਚਿਤਰਦਾ ਹੈ, ਉਸ ਨੂੰ ਇਮਾਨਦਾਰ ਸਾਹਿਤ ਕਿਹਾ ਜਾਂਦਾ ਹੈ ਪਰ ਲੇਖਕ ਯਥਾਰਥ ਵਿਚ ਆਪਣਾ ਅਨੁਭਵ ਰਲਾ ਦਿੰਦਾ ਹੈ ਕਿਉਂਕਿ ਕਹਾਣੀ ਉਸ ਦੇ ਜਜ਼ਬਾਤ ਵਿਚੋਂ ਹੋ ਕੇ ਕਾਗਜ਼ ਦੀ ਹਿੱਕ 'ਤੇ ਉਤਰਦੀ ਹੈ।
ਪੁਸਤਕ ਅੰਦਰਲੀਆਂ ਸਾਰੀਆਂ ਕਹਾਣੀਆਂ ਦਾ ਸਿਲਸਿਲੇਵਾਰ ਵਿਸਥਾਰ ਦੇਣ ਨਾਲੋਂ ਸੰਖੇਪ 'ਚ ਆਖਿਆ ਜਾ ਸਕਦਾ ਹੈ ਕਿ ਡਾ. ਹਰਦੀਪ ਸਿੰਘ ਰੰਧਾਵਾ ਦੀਆਂ ਕਹਾਣੀਆਂ ਜਨ ਸਧਾਰਨ ਦੇ ਮਨ-ਮਸਤਕ ਦਾ ਬਹੁਤ ਸੂਖਮ ਚਿਤਰਨ ਕਰਦੀਆਂ ਹਨ। ਨਿਰਸੁਆਰਥ ਪਿਆਰ ਦੇ ਬਹੁਪੱਖੀ ਬਿਰਤਾਂਤ ਵੀ ਇਨ੍ਹਾਂ ਕਥਾ-ਰਚਨਾਵਾਂ 'ਚ ਮੌਜੂਦ ਹਨ। ਡਾ. ਰੰਧਾਵਾ ਦੀ ਕਥਾ ਸ਼ੈਲੀ ਦਾ ਇਕ ਵੱਡਾ ਗੁਣ ਇਹ ਹੈ ਕਿ ਉਸ ਦੇ ਲਿਖੇ ਕਈ ਵਾਕ ਅਟੱਲ ਸੱਚਾਈਆਂ ਵਰਗੇ ਜਾਪਦੇ ਹਨ। ਜਿਹਾ ਕਿ: 'ਮਨੁੱਖ ਆਪਣੀ ਸਮਾਜ ਵਿਚ ਝੂਠੀ ਹੋਂਦ ਕਾਇਮ ਰੱਖਣ ਲਈ ਆਪਣੀ ਅੰਦਰਲੀ ਆਤਮਾ ਦੀ ਆਵਾਜ਼ ਨੂੰ ਝਰੀਟ ਸੁਟਦਾ ਹੈ ਤੇ ਸਮਾਜ ਅਸੂਲਾਂ ਦਾ ਝੂਠਾ ਬੁਰਕਾ ਪਹਿਨਕੇ ਆਪਣੇ-ਆਪ 'ਚ ਸਿਆਣਾ ਬਣਨ ਦੀ ਕੋਸ਼ਿਸ਼ ਕਰਦਾ ਹੈ', 'ਹੰਝੂ ਖ਼ਾਮੋਸ਼ ਹੁੰਦੇ ਹਨ ਤੇ ਹਓਕਾ ਆਵਾਜ਼ ਪੈਦਾ ਕਰਦਾ ਹੈ', 'ਅਸੀਂ ਇਨਸਾਨ ਕਿਉਂ ਹਾਂ? ਕਿਉਂਕਿ ਸਾਡੇ ਕੋਲ ਪਿਆਰ ਦਾ ਅਨੁਭਵ ਹੈ।'
ਕਹਾਣੀਆਂ ਦੀ ਇਹ ਪੁਸਤਕ ਮਾਨਵੀ ਹੋਂਦ ਦੀ ਗਹਿਨ ਸੰਰਚਨਾ ਦੀ ਗੱਲ ਕਰਦੀ ਹੈ। ਮਨੁੱਖੀ ਹੋਂਦ ਦੇ ਅਰਥ ਭਰਪੂਰ ਹੋਣ ਦੇ ਹਾਮੀ ਭਰਦੀ ਹੈ। ਹੋਂਦਹੀਣਾ ਹੋਣਾ ਜਾਂ ਹੋ ਜਾਣਾ ਜਾਂ ਕਰ ਦੇਣਾ। ਉਂਜ ਵੀ ਹਾਨੀਕਾਰਕ ਹੁੰਦਾ ਹੈ। ਪੂਰੀ ਪੁਸਤਕ ਦੀ ਅੰਤਰਆਤਮਾ ਮਨੁੱਖੀ ਹੋਂਦ ਦੀ ਅਹਿਮੀਅਤ ਨਾਲ ਅਨੇਕਾਂ ਪੱਖਾਂ ਤੋਂ ਜੁੜੀ ਹੋਈ ਹੈ। ਪੁਸਤਕ ਅੰਦਰ ਪਰੂਫ ਰੀਡਿੰਗ ਦੀਆਂ ਕੁਝ ਉਕਾਈਆਂ ਹਨ ਜਿਨ੍ਹਾਂ ਦਾ ਅਗਲੇ ਸੋਧੇ ਸੰਸਕਰਣਾਂ 'ਚ ਠੀਕ ਕੀਤਾ ਜਾਣਾ ਜ਼ਰੂਰੀ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਦੋ ਭੈਣਾਂ
ਲੇਖਿਕਾ : ਰਮਨਪ੍ਰੀਤ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 80 ਰੁਪਏ, ਸਫ਼ੇ 24
ਸੰਪਰਕ : 99151-03490
ਹਥਲੀ ਪੁਸਤਕ 'ਦੋ ਭੈਣਾਂ' ਬਾਲ ਮਨਾਂ ਦੀ ਅਵੱਸਥਾ ਦਾ ਵਿਸ਼ਲੇਸ਼ਣ ਕਰਦੀ ਹੈ। ਇਸ ਦਾ ਮੁੱਖ-ਬੰਦ ਪ੍ਰਸਿੱਧ ਬਾਲ ਸਾਹਿਤਕਾਰ ਤਰਸੇਮ ਦਾ ਲਿਖਿਆ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਇਸ ਬਾਲ ਲੇਖਿਕਾ ਦੀ ਕਲਾ ਨੂੰ ਉਜਾਗਰ ਕਰਨ ਅਤੇ ਤਲਾਸ਼ਣ ਵਿਚ ਤਰਸੇਮ ਦਾ ਬਹੁਤ ਵੱਡਾ ਯੋਗਦਾਨ ਹੈ। ਰਮਨਪ੍ਰੀਤ ਦੁਆਰਾ ਰਚੀਆਂ ਬਾਲ ਕਹਾਣੀਆਂ 'ਦੋ ਭੈਣਾਂ' ਬਾਲ ਮਾਨਸਿਕਤਾ ਦੀ ਕੋਮਲਤਾ ਦੀ ਤਰਜਮਾਨੀ ਕਰਦੀਆਂ ਹਨ।
ਬਾਲ ਕਹਾਣੀ ਸੰਗ੍ਰਹਿ ਵਿਚ ਚਾਰ ਬਾਲ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰਾਂ ਵਿਚ ਜਿਹੜੀ ਸਾਂਝੀ ਗੱਲ ਨਜ਼ਰ ਆਉਂਦੀ ਹੈ ਉਹ ਉਨ੍ਹਾਂ ਦੀ ਆਪਸੀ ਸਾਂਝ, ਮਿਲਵਰਤਣ, ਦਿਆਲੂਪੁਣਾ, ਇਮਾਨਦਾਰੀ ਅਤੇ ਇਕ ਦੂਜੇ ਨੂੰ ਅੱਗੇ ਵਧਦਾ ਵੇਖਣਾ ਹੈ। 'ਜਨਮ ਦਿਨ' ਕਹਾਣੀ ਅਜੋਕੇ ਸਮੇਂ ਵਿਚ ਮਾਪਿਆਂ ਵਲੋਂ ਬੱਚਿਆਂ ਨੂੰ ਵਕਤ ਨਾ ਦੇਣ ਨਾਲ ਬੱਚਿਆਂ ਵਿਚ ਹੀਣ ਭਾਵਨਾ ਪੈਦਾ ਹੁੰਦੀ ਹੈ ਜੋ ਬਾਲਾਂ ਨੂੰ ਬਣਦਾ ਪਿਆਰ ਸਤਿਕਾਰ ਮਿਲਣ ਨਾਲ ਹੀ ਦੂਰ ਹੁੰਦੀ ਹੈ। 'ਜਸ਼ਨ ਅਤੇ ਭੋਲੂ' ਕਹਾਣੀ ਵਿਚ ਬੱਚੇ ਅਤੇ ਕੁੱਤੇ ਦੇ ਆਪਸੀ ਪਿਆਰ ਦੀ ਕਹਾਣੀ ਹੈ ਦੱਸਿਆ ਗਿਆ ਹੈ ਕਿ ਕੁੱਤਾ ਵੀ ਪਿਆਰ ਕਰਨ ਨਾਲ ਕਿੰਨਾ ਵਫ਼ਾਦਾਰ ਬਣ ਜਾਂਦਾ ਹੈ। 'ਇਮਾਨਦਾਰ' ਕਹਾਣੀ ਵਿਚ ਕਿਸੇ ਕਿਸਮ ਦਾ ਕੋਈ ਲਾਲਚ ਬੱਚੇ ਦੀ ਇਮਾਨਦਾਰੀ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਭਾਵੇਂ ਉਸ ਦੀ ਬਿਮਾਰ ਮਾਂ ਲਈ ਪੈਸਿਆਂ ਦੀ ਲੋੜ ਹੈ ਪਰ ਬੱਚਾ ਇਮਾਨਦਾਰੀ ਦਾ ਪੱਲਾ ਨਹੀਂ ਛੱਡਦਾ ਸਿਰਫ਼ ਤੇ ਸਿਰਫ਼ ਇਮਾਨਦਾਰੀ ਨੂੰ ਪਹਿਲ ਦਿੰਦਾ ਹੈ। 'ਦੋ ਭੈਣਾਂ' ਕਹਾਣੀ ਦੋ ਭੈਣਾਂ ਦਾ ਆਪਸੀ ਮਨ-ਮੁਟਾਓ ਤੋਂ ਸ਼ੁਰੂ ਹੋ ਕੇ ਇਕ ਭੈਣ ਦੀ ਦੂਜੀ ਭੈਣ ਲਈ ਕੀਤੀ ਕੁਰਬਾਨੀ ਦੀ ਕਹਾਣੀ ਹੈ ਜਿਸ ਵਿਚ ਉਸ ਨੇ ਆਪਣੇ ਫੇਲ੍ਹ ਹੋਣ ਦੀ ਪ੍ਰਵਾਹ ਨਾ ਕਰਦਿਆਂ ਦੂਜੀ ਭੈਣ ਨੂੰ ਆਪਣਾ ਪੈੱਨ ਦੇ ਦਿੱਤਾ ਸੀ। ਇਸ ਬਾਲ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਬੱਚੇ ਦੇ ਕੋਮਲ ਮਨ ਵਰਗੀਆਂ ਮਾਸੂਮ ਅਤੇ ਭੋਲੀਆਂ-ਭਾਲੀਆਂ ਹਨ। 12ਵੀਂ ਜਮਾਤ ਦੇ ਵਿਦਿਆਰਥੀ ਅਨਮੋਲਪ੍ਰੀਤ ਨੇ ਢੁਕਵੇਂ ਚਿੱਤਰ ਬਣਾ ਕੇ ਸਾਰੀਆਂ ਕਹਾਣੀਆਂ ਨੂੰ ਚਾਰ ਚੰਨ ਲਾ ਦਿੱਤੇ ਹਨ। ਮੈਂ ਸਾਰੇ ਮਾਪਿਆਂ ਅਤੇ ਅਧਿਆਪਕਾਂ ਨੂੰ ਬੇਨਤੀ ਕਰਾਂਗਾ ਕਿ ਅਜਿਹੀਆਂ ਕਲਾਵਾਂ ਕੁਦਰਤ ਵਲੋਂ ਬੱਚਿਆਂ ਨੂੰ ਮਿਲਿਆ ਤੋਹਫ਼ਾ ਹੁੰਦਾ ਹੈ ਪਰ ਪਰਖ ਮਾਪਿਆਂ ਅਤੇ ਅਧਿਆਪਕਾਂ ਨੇ ਹੀ ਕਰਨੀ ਹੁੰਦੀ ਹੈ ਬਾਲਾਂ ਨੂੰ ਇਸ ਬਾਰੇ ਗਿਆਨ ਨਹੀਂ ਹੁੰਦਾ ਹੈ।
ਮਾਪਿਆਂ ਅਤੇ ਅਧਿਆਪਕਾਂ ਨੇ ਉਸ ਕਲਾ ਰੂਪੀ ਬੀਜ ਨੂੰ ਪੁੰਗਰਨ ਅਤੇ ਵਧਣ ਫੁੱਲਣ ਦਾ ਵਾਤਾਵਰਨ ਦੇਣਾ ਹੁੰਦਾ ਹੈ। ਜਿੱਥੇ ਮਾਪੇ ਅਤੇ ਅਧਿਆਪਕ ਇਸ ਗੱਲੋਂ ਲਾਪ੍ਰਵਾਹੀ ਕਰ ਜਾਂਦੇ ਹਨ ਉੱਥੇ ਇਹ ਕਲਾ ਰੂਪੀ ਬੀਜ ਮਿੱਟੀ ਵਿਚ ਮਿਲ ਜਾਂਦਾ ਹੈ ਜਿਵੇਂ ਕਿਸੇ ਕਿਸਾਨ ਵਲੋਂ ਬੀਜ ਬੀਜ ਕੇ ਧਿਆਨ ਨਾ ਦੇਣਾ ਉਹ ਬੀਜ ਮਿੱਟੀ ਵਿਚ ਮਿਲ ਜਾਂਦਾ ਹੈ। ਰਮਨਪ੍ਰੀਤ ਨੇ ਛੋਟੀ ਉਮਰ ਵਿਚ ਹੀ ਬੜਾ ਮਾਅਰਕਾ ਮਾਰਿਆ ਹੈ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ ਤਾਂ ਭਵਿੱਖ ਵਿਚ ਅਜਿਹੇ ਕਾਰਜ ਨਿਰੰਤਰ ਜਾਰੀ ਰੱਖਣ ਲਈ ਦੁਆ ਵੀ ਕਰਦਾ ਹਾਂ। ਮੈਂ ਲੇਖਿਕਾ ਦੇ ਨਾਲ-ਨਾਲ ਇਸ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਸ੍ਰੀਮਦ ਭਗਵਤ ਗੀਤਾ
ਸਰਲ ਅਰਥ ਸਾਰ
ਲੇਖਕ : ਰਣਜੋਧ ਸਿੰਘ
ਪ੍ਰਕਾਸ਼ਕ : ਵਿਜ਼ਡਮ ਕੁਲੈਕਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 192
ਸੰਪਰਕ : 98144-22744
ਸ੍ਰੀਮਦ ਭਗਵਤ ਗੀਤਾ, ਭਾਰਤੀ ਦਰਸ਼ਨ ਅਤੇ ਵਿਚਾਰਧਾਰਾ ਦਾ ਇਕ ਮਹੱਤਵਪੂਰਨ ਸਰੋਤ ਹੈ। ਇਸ ਦੀ ਰਚਨਾ ਵੇਦਾਂ ਅਤੇ ਉਪਨਿਸ਼ਦਾਂ ਤੋਂ ਬਾਅਦ ਹੋਈ। ਇਸ ਕਾਰਨ ਇਸ ਗ੍ਰੰਥ ਨੂੰ 'ਵੇਦਾਂਤ' ਪਰੰਪਰਾ ਦਾ ਸ਼੍ਰੋਮਣੀ ਅੰਗ ਮੰਨਿਆ ਜਾਂਦਾ ਹੈ। ਮੂਲ ਰੂਪ ਵਿਚ ਇਹ ਰਚਨਾ ਭਾਰਤ ਦੇ ਪ੍ਰਮੁੱਖ ਮਹਾਂਕਾਵਿ 'ਮਹਾਭਾਰਤ' ਦਾ ਇਕ ਅੰਗ ਹੈ, ਇਸ ਵਿਚ ਦੁਆਪਰ, ਯੁਗ ਵਿਚ ਹੋਏ ਕੌਰਵਾਂ-ਪਾਂਡਵਾਂ ਦੇ ਯੁੱਧ ਬਾਰੇ, ਬਿਰਤਾਂਤ ਅੰਕਿਤ ਹੋਏ ਹਨ। 'ਮਹਾਂਭਾਰਤ' ਵਿਸ਼ਵ ਵਿਚ ਲਿਖੇ ਸਮੂਹ ਮਹਾਂਕਾਵਯਾ ਵਿਚੋਂ ਇਕ ਭਾਰੀ-ਗਉਰੀ ਰਚਨਾ ਹੈ। ਇਸ ਗ੍ਰੰਥ ਵਿਚ ਇਕ ਲੱਖ ਸਲੋਕ ਹਨ ਅਤੇ ਇਹ ਦੁਨੀਆ ਦੀਆਂ ਸਭ ਤੋਂ ਮਹਾਨ ਰਚਨਾਵਾਂ ਵਿਚੋਂ ਇਕ ਹੈ। ਸ. ਰਣਜੋਧ ਸਿੰਘ ਇਕ ਜਗਿਆਸੂ ਅਤੇ ਅਧਿਆਤਮਿਕ ਰੁਚੀਆਂ ਵਾਲਾ 'ਗੁਰਮੁਖ' ਹੈ। ਸ੍ਰੀਮਦ ਭਗਵਤ ਗੀਤਾ ਦੇ ਪਾਠ ਅਤੇ ਪ੍ਰਵਚਨ ਨਾਲ ਉਸ ਨੂੰ ਇਸ਼ਕ ਹੈ। ਉਸ ਦੀ ਲਾਇਬ੍ਰੇਰੀ ਵਿਚ ਇਸ ਪਵਿੱਤਰ ਟੈਕਸਟ ਦੇ ਬਹੁਤ ਸਾਰੇ ਸਰੂਪ ਪਏ ਹਨ। ਉਹ ਚਾਹੁੰਦਾ ਹੈ ਕਿ 'ਪ੍ਰਭੁ ਦੁਆਰਾ ਗਾਏ ਇਸ ਗੀਤ' ਦੀ ਸੁੰਦਰ ਕਾਪੀ ਹਰ ਪਾਠਕ ਕੋਲ ਉਪਲਬੱਧ ਹੋਵੇ।
ਇਸੇ ਮਨਸ਼ਾ ਨਾਲ ਇਸ ਪੋਥੀ ਦੀ ਪ੍ਰੋਡਕਸ਼ਨ, ਸ਼ਿੰਗਾਰ ਅਤੇ ਫੌਂਟ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਗਈ ਹੈ। ਇਸ ਤਰ੍ਹਾਂ ਇਹ ਪੋਥੀ ਕਿ ਸਾਂਭਣਯੋਗ ਰਚਨਾ ਵੀ ਹੈ।
ਇਸ ਪੋਥੀ ਦੀ ਟੈਕਸਟ ਦਾ ਸ਼ੁਭ-ਆਰੰਭ 'ਗਾਇਤਰੀ ਮੰਤਰ' ਨਾਲ ਕੀਤਾ ਗਿਆ ਹੈ : 'ਹੇ ਸੰਪੂਰਨ ਸ੍ਰਿਸ਼ਟੀ ਦੇ ਕਰਤਾ! ਪ੍ਰਾਣ ਦਾਤਾ, ਦੁਖ ਹਰਤਾ, ਪ੍ਰਭੂ! ਸਾਨੂੰ ਬੁੱਧੀ ਅਤੇ ਸਮਝ ਦਿਓ, ਅਸੀਂ ਬੁਰੇ ਕਰਮਾਂ ਤੋਂ ਬਚ ਸਕੀਏ ਅਤੇ ਚੰਗੇ ਕਰਮ ਕਰਦੇ ਹੋਏ ਆਪ ਦੀ ਉਪਾਸਨਾ ਕਰ ਸਕੀਏ।' ਭਗਵਤ ਗੀਤਾ ਦਾ ਉਚਾਰਨ, ਪਾਂਡਵਾਂ ਅਤੇ ਕੁਲ ਇਨਸਾਨੀਅਤ ਦੇ ਸਾਰਥੀ ਸ੍ਰੀ ਕ੍ਰਿਸ਼ਨ ਨੇ ਪਾਂਡਵ-ਤੀਰਅੰਦਾਜ਼ ਅਰਜੁਨ ਨੂੰ, ਸਫੂਰਤੀ ਅਤੇ ਸੰਘਰਸ਼ ਪ੍ਰਦਾਨ ਕਰਨ ਲਈ ਕੀਤਾ ਸੀ। ਉਨ੍ਹਾਂ ਦੀ ਨਜ਼ਰ ਵਿਚ ਸਾਕਾਦਾਰੀ ਨੂੰ ਲੈ ਕੇ ਲੋਕ ਮਨਾਂ ਵਿਚ ਪਾਏ ਜਾਣ ਵਾਲੇ ਵਿਸ਼ਵਾਸ ਮਿਥਿਆ ਹੁੰਦੇ ਹਨ। ਧਰਮ-ਯੁੱਧ ਵਿਚ ਕੇਵਲ ਉਹੀ ਲੋਕ ਤੁਹਾਡੇ ਕੁਟੰਬਜਨ ਹੁੰਦੇ ਹਨ, ਜੋ ਧਰਮ ਦੀ ਮਾਰਗ ਉਪਰ ਚੱਲ ਸਕਦੇ ਹੋਣ। ਅਧਰਮੀਆਂ ਅਤੇ ਸਵਾਰਥੀਆਂ ਨੂੰ ਖਤਮ ਕਰਨਾ ਹੀ 'ਧਰਮ' ਹੁੰਦਾ ਹੈ। ਕ੍ਰਿਸ਼ਨ ਜੀ ਦਾ ਇਹ ਉਪਦੇਸ਼ ਅੱਜ ਦੇ ਯੁੱਗ ਨੂੰ ਕਲਿਆਣਕਾਰੀ ਸੇਧ ਦੇਣ ਵਿਚ ਬਹੁਤ ਸਕਸ਼ਮ ਹੈ, 'ਨੇਕੀ ਕਰੋ ਪਰ ਫਲ ਦੀ ਆਸ ਨਾ ਰੱਖੋ', ਅਜੋਕੀ ਪੂੰਜੀਵਾਦੀ ਵਿਵਸਥਾ ਇਸ ਧਾਰਨਾ ਉਪਰ ਪਹਿਰਾ ਨਹੀਂ ਦਿੰਦੀ। ਇਸੇ ਕਾਰਨ ਹਰ ਤਰਫ਼, ਸਮੂਹ ਦੇਸ਼ਾਂ ਦੇ ਦਰਮਿਆਨ, ਪਰਸਪਰ ਦੁਸ਼ਮਣੀ ਅਤੇ ਹਿੰਸਾ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ ਪੁੰਨ-ਕਾਰਜ ਲਈ ਰਣਜੋਧ ਸਿੰਘ ਦਾ ਧੰਨਵਾਦ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਟੁੱਟੇ ਦਿਲਾਂ ਦੀ ਆਵਾਜ਼
ਲੇਖਿਕਾਵਾਂ : ਅਸਿਸਟੈਂਟ ਪ੍ਰੋਫ਼ੈਸਰ ਰੇਖਾ, ਅਸਿਸਟੈਂਟ ਪ੍ਰੋਫ਼ੈਸਰ ਰੇਨੂੰ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 230 ਰੁਪਏ, ਸਫ਼ੇ : 122
ਸੰਪਰਕ : 95013-78512
'ਟੁੱਟੇ ਦਿਲਾਂ ਦੀ ਆਵਾਜ਼' ਹਮ-ਰੁਤਬਾ, ਹਮ-ਉਮਰ, ਹਮ-ਸ਼ਕਲ ਦੋ ਸਕੀਆਂ ਭੈਣਾਂ, ਰੇਖਾ ਅਤੇ ਰੇਨੂੰ ਦਾ ਚੌਥਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ 'ਦਿਲ ਦੀਆਂ ਗੱਲਾਂ', 'ਪਿਆਰ ਦੇ ਪਰਿੰਦੇ' ਅਤੇ 'ਗ਼ਮਾਂ ਦੀਆਂ ਰਾਣੀਆਂ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਨ੍ਹਾਂ ਚਾਰਾਂ ਕਾਵਿ-ਸੰਗ੍ਰਹਿਆਂ ਦੇ ਸਿਰਲੇਖਾਂ 'ਚ 'ਦਿਲ', 'ਪਿਆਰ', 'ਪਰਿੰਦੇ', 'ਗ਼ਮ' ਅਤੇ ਰਾਣੀਆਂ ਸਾਂਝੇ ਅਤੇ ਕਾਵਿ-ਅਭਿਵਿਅਕਤੀ ਦੇ ਕੇਂਦਰ 'ਚ ਹਨ। ਇਸ ਕਾਵਿ-ਸੰਗ੍ਰਹਿ ਵਿਚ 'ਦੀਦਾਰ ਤੇਰਾ' ਤੋਂ ਲੈ ਕੇ 'ਸਕੂਨ' ਤੱਕ 76 ਕਵਿਤਾਵਾਂ ਹਨ। ਇਨ੍ਹਾਂ ਵਿਚ 50 ਕਵਿਤਾਵਾਂ ਰੇਨੂੰ ਦੀਆਂ ਅਤੇ 28 ਕਵਿਤਾਵਾਂ ਰੇਖਾ ਦੀਆਂ ਹਨ। ਇਹ ਸਾਰੀਆਂ ਕਵਿਤਾਵਾਂ ਦਾ ਪਾਠ ਕਰਦਿਆਂ ਕਾਵਿ-ਪਾਠਕ 'ਮੋਹ', 'ਪਿਆਰ', 'ਮੁਹੱਬਤ', 'ਇਸ਼ਕ', 'ਦਿਲ', 'ਗ਼ਮ', 'ਵਿਛੋੜਾ', 'ਪ੍ਰੇਮੀ' ਸ਼ਬਦਾਂ ਦੀਆਂ ਆਂਤਰਿਕ ਬਣਤਰਾਂ ਅਤੇ ਬੁਣਤਰਾਂ ਦੇ ਰੂ-ਬਰੂ ਹੋਵੇਗਾ। ਸਮਾਜਿਕ-ਸੰਦਰਭ 'ਚ ਰਿਸ਼ਤਿਆਂ ਦੀ ਪ੍ਰਵਾਨਿਤਾ ਸਮਾਜ ਜਾਂ ਭਾਈਚਾਰਾ ਤਹਿ ਕਰਦਾ ਹੈ। ਇਨ੍ਹਾਂ ਰਿਸ਼ਤਿਆਂ ਨੂੰ 'ਲਹੂ' ਅਤੇ 'ਅ-ਲਹੂ' ਦੇ ਰਿਸ਼ਤਿਆਂ 'ਚ ਵੰਡਿਆ ਹੁੰਦਾ ਹੈ। ਇਨ੍ਹਾਂ ਰਿਸ਼ਤਿਆਂ ਦੀ ਬੁਨਿਆਦ ਉਸ ਦੇ ਸਮਾਜਿਕ ਪਰਿਪੇਖ ਵਿਚ ਤਹਿ ਹੁੰਦੀ ਹੈ। ਇਸ ਦਾ ਸਿਰਾ ਉਸ ਸਮਾਜ ਦੇ 'ਵਿਆਹ-ਪ੍ਰਬੰਧ' ਨਾਲ ਜੁੜਿਆ ਹੁੰਦਾ ਹੈ। ਤੀਸਰੀ ਕਿਸਮ ਦੇ ਰਿਸ਼ਤੇ ਮਨੁੱਖ ਖ਼ੁਦ ਹੀ ਬਣਾਉਂਦਾ ਹੈ ਤੇ ਫਿਰ ਸਮਾਜਿਕ ਬੰਧਨਾਂ ਦੀਆਂ ਬੰਦਿਸ਼ਾਂ ਅਧੀਨ ਖ਼ੁਦ ਹੀ ਨਕਾਰਦਾ ਹੈ ਕਿਉਂਕਿ ਰਿਸ਼ਤਾ ਬਣ ਚੁੱਕਾ ਹੁੰਦਾ ਹੈ। ਇਹ ਰਿਸ਼ਤਾ ਸਰੀਰ ਦਾ ਨਹੀਂ ਰੂਹ ਦਾ ਹੁੰਦਾ ਹੈ ਜੋ ਸਦੀਵੀ ਹੈ। ਵੱਡਾ ਮਸਲਾ ਇਹ ਹੈ ਕਿ ਜੇਕਰ ਸਰੀਰ ਹੈ ਤਾਂ ਰੂਹ ਹੈ। ਦੋਵਾਂ ਵਿਚੋਂ ਜੋ ਵੀ ਇਕ ਗੁੰਮ ਹੈ ਤਾਂ ਦੂਸਰਾ ਆਪਣੇ-ਆਪ ਖ਼ਤਮ ਹੋ ਜਾਂਦਾ ਹੈ। ਸਾਰੀ ਖੇਡ ਮੈਂ ਤੋਂ ਤੂੰ ਅਸੀਂ ਤੱਕ ਦੀ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਇਸ 'ਦੁਬਿਧਾ' ਦੀ ਮਾਨਸਿਕਤਾ ਅਵਸਥਾ ਦਾ ਬਿਆਨ ਹਨ, ਜੋ ਸਤਹੀ ਸੋਚ ਦੀਆਂ ਪ੍ਰਤੀਕ ਹਨ। ਇਹ ਸਤਰਾਂ ਦੇਖੀਆਂ ਜਾ ਸਕਦੀਆਂ ਹਨ :
ਤੇਰੀਆਂ ਯਾਦਾਂ ਨੇ ਮੇਰੇ ਗਹਿਣੇ,
ਮੈਂ ਕਿਵੇਂ ਕਰ ਸੁਆਹ ਦੇਵਾਂ।
ਮੇਰੀ ਦੋਵੇਂ ਸ਼ਾਇਰਾਂ ਭੈਣਾਂ ਨੂੰ ਗੁਜ਼ਾਰਿਸ਼ ਹੈ ਕਿ ਇਨ੍ਹਾਂ ਸ਼ਬਦਾਂ ਦੀ ਤਹਿ ਤੱਕ ਜਾ ਕੇ ਸ਼ਾਇਰੀ ਕਰਨ ਤਾਂ ਬਿਹਤਰ ਰਹੇਗਾ। ਇਹੀ ਮੇਰੀ ਦੁਆ ਅਤੇ ਤਮੰਨਾ ਹੈ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਦੋਸਤੀ ਦੀ ਸੂਹੀ ਲਾਟ
ਲੇਖਕ : ਸੁਰਿੰਦਰ ਗਿੱਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 126
ਸੰਪਰਕ : 99154-73505
ਸੁਰਿੰਦਰ ਗਿੱਲ ਪੰਜਾਬੀ ਕਾਵਿ ਖੇਤਰ ਦਾ ਉੱਘਾ ਹਸਤਾਖਰ ਹੈ। 1963 ਤੋਂ 2023 ਤੱਕ ਉਸ ਦੇ ਦਸ ਕਾਵਿ-ਸੰਗ੍ਰਹਿ ਛਪੇ ਹਨ। ਦੋ ਸਮੀਖਿਆ ਕਿਤਾਬਾਂ ਹਨ -ਰਾਜਨੀਤਕ ਪੰਜਾਬੀ ਕਵਿਤਾ ਤੇ ਦੀਵਾਨ ਸਿੰਘ ਕਾਲੇ ਪਾਣੀ। ਪੰਜ ਪਰਦੇਸ ਉਸ ਦਾ ਚਰਚਿਤ ਸਫ਼ਰਨਾਮਾ ਹੈ। ਉਸ ਦੀ ਤਾਜ਼ਾ ਵਾਰਤਕ ਪੁਸਤਕ ਹੁਣ ਛਪ ਕੇ ਆਈ ਹੈ। ਜਿਸ ਵਿਚ ਉਸ ਦੇ ਪਿਛਲੇ ਕੁਝ ਸਮੇਂ ਦੌਰਾਨ 30 ਲੇਖ ਲਿਖੇ ਹਨ। ਲੇਖ ਵੰਨ-ਸੁਵੰਨੇ ਹਨ। ਸੁਹਜਮਈ ਵਾਰਤਕ ਹੈ। ਉਸ ਦੇ ਆਪਣੇ ਲਿਖੇ ਅਨੁਸਾਰ ਇਹ ਲਿਖਤਾਂ ਮਿੱਤਰਾਂ ਨਾਲ ਮੋਹ ਦੀਆਂ ਯਾਦਾਂ ਹਨ। ਜੋ ਗਾਹੇ-ਬਗਾਹੇ ਲਿਖ ਹੋ ਗਈਆਂ। ਇਹ ਲੇਖ ਲਿਖਣ ਪਿੱਛੇ ਕੋਈ ਗਿਣੀ ਮਿਥੀ ਯੋਜਨਾ ਨਹੀਂ ਹੈ। ਸਗੋਂ ਵੱਖ-ਵੱਖ ਸਮਾਚਾਰ ਪੱਤਰਾਂ ਵਿਚ ਸਮੇਂ-ਸਮੇਂ 'ਤੇ ਪ੍ਰਕਾਸ਼ਿਤ ਹੋਣ ਵਾਲੀਆ ਲਿਖਤਾਂ ਹਨ। ਸਾਡੇ ਵਧੇਰੇ ਲੇਖਕ ਅਖ਼ਬਾਰਾਂ/ਮੈਗਜ਼ੀਨਾਂ ਤੋਂ ਹੀ ਸਾਹਿਤਕ ਸਫ਼ਰ ਸ਼ੁਰੂ ਕਰਦੇ ਹੋਏ ਕਿਤਾਬ ਤੱਕ ਪਹੁੰਚਦੇ ਹਨ। ਹਥਲੀ ਵਾਰਤਕ ਕਿਤਾਬ ਦੇ ਲੇਖ ਇਸ ਦੀ ਗਵਾਹੀ ਹਨ। ਲੇਖਕ 1968 ਵਿਚ ਸਖ਼ਤ ਬਿਮਾਰ ਹੁੰਦਾ ਹੈ। ਬੇਹੋਸ਼ੀ ਤੱਕ ਚਲਾ ਜਾਂਦਾ ਹੈ। ਡਾਕਟਰੀ ਇਲਾਜ ਲੰਮਾ ਸਮਾਂ ਚਲਦਾ ਹੈ। ਬਿਮਾਰੀ ਗੰਭੀਰ ਸੀ। ਲੋਕ ਪਾਗਲ ਹੋਣ ਤੱਕ ਦੀਆਂ ਗਲਾਂ ਕਰਨ ਲਗੇ। ਇਹ ਸਾਰਾ ਘਟਨਾਕ੍ਰਮ ਕਿਤਾਬ ਦੇ ਦੂਸਰੇ ਲੇਖ 'ਦੂਜਾ ਜਨਮ' ਵਿਚ ਹੈ, ਜਿਸ ਨੂੰ ਪੜ੍ਹ ਕੇ ਗੰਭੀਰਤਾ ਦੇ ਆਲਮ ਵਿਚ ਡੁੱਬ ਜਾਈਦਾ ਹੈ। ਐਨੀ ਪੁਰਾਣੀ ਯਾਦ ਪੜ੍ਹ ਕੇ ਪਾਠਕ, ਲੇਖਕ ਦੀ ਸਿਹਤ ਬਾਰੇ ਬਹੁਤ ਕੁਝ ਸੋਚਣ ਲਗਦਾ ਹੈ। ਇਹ ਸ਼ੈਲੀ ਦਾ ਕਮਾਲ ਹੈ। ਇਸ ਤਰ੍ਹਾਂ ਦੇ ਦਿਲਚਸਪ ਬਿਰਤਾਂਤ ਕਿਤਾਬ ਵਿਚ ਹਨ। ਲੇਖਕਾਂ ਵਿਚ ਸਾਹਿਤਕ ਸ਼ਖ਼ਸੀਅਤਾਂ ਦਾ ਪਿਆਰਾ ਜ਼ਿਕਰ ਹੈ। ਖਾਸ ਕਰਕੇ ਪ੍ਰੋ. ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ ਦੀ ਸਾਹਿਤਕਾਰਾਂ ਨੂੰ ਭਾਸ਼ਾ ਵਿਭਾਗ ਪੁਰਸਕਾਰ ਮਿਲਣ 'ਤੇ ਕੀਤੀ ਪਾਰਟੀ। ਖੁਸ਼ੀ ਦੀ ਇਸ ਪਾਰਟੀ ਵਿਚ ਸ਼ਿਵ ਨੇ ਇਨਾਮ ਵਿਚ ਮਿਲੀ ਰਾਸ਼ੀ ਖਰਚ ਕੇ ਸਕੂਨ ਹਾਸਿਲ ਕੀਤਾ। ਭਾਸ਼ਾ ਵਿਭਾਗ ਦੇ ਨਿਰਦੇਸ਼ਕ ਤੇ ਸਾਹਿਤਕਾਰ ਡਾ. ਜੀਤ ਸਿੰਘ ਸੀਤਲ ਦੇ ਤਕੀਆ ਕਲਾਮ 'ਵੈਰੀ ਗੁੱਡ', ਕਹਿਣ ਸਮੇਂ ਬਣੀ ਸੰਜੀਦਾ ਸਥਿਤੀ ਦਾ ਜ਼ਿਕਰ ਇਕ ਲੇਖ ਵਿਚ ਹੈ। ਕਿਤਾਬ ਦੇ ਹੋਰ ਲੇਖਾਂ ਵਿਚ ਲੇਖਕ ਦਾ ਨਿੱਜ ਵਧੇਰੇ ਹੈ। ਜਲੰਧਰ ਦੇ ਕਾਫ਼ੀ ਹਾਊਸ ਵਿਚ ਨਾਮਵਰ ਸਾਹਿਤਕਾਰਾਂ ਦੀਆਂ ਮਜਲਸਾਂ ਨੂੰ ਲੇਖਕ ਨੇ ਨੇੜਿਓਂ ਤੱਕਿਆ। ਕਿਤਾਬ ਦੇ ਕੁਝ ਲੇਖ, ਲੇਖਕ ਦੀ ਸਕੂਲ ਸਮੇਂ ਦੀ ਨੌਕਰੀ ਦੇ ਦਿਲਚਸਪ ਕਿੱਸੇ ਹਨ। ਲੇਖ 25 ਰੁਪਏ ਦਾ ਮਨੀ ਆਰਡਰ, ਸੰਪਾਦਕ ਦੀ ਰਾਜਨੀਤੀ, ਟੂਣੇ ਵਾਲਾ ਅਧਿਆਪਕ, ਐਮ. ਏ. ਪਾਸ ਡੰਗਰ ਲੋਕ ਗੀਤਾਂ ਦੇ ਆਧਾਰਿਤ ਲੇਖ, ਕੁੜਮ ਬੈਟਰੀ ਵਰਗਾ, ਵੀਰ ਘਰ ਪੁੱਤ ਜੰਮਿਆਂ, ਵਿਆਹ ਸਮੇਂ ਦੇ ਲੋਕ ਗੀਤ, ਰੂਮੀ ਪਿੰਡ 'ਚ ਮੇਮ, ਦੋਸਤੀ ਦੀ ਸੂਹੀ ਲਾਟ ਪੜ੍ਹਨ ਵਾਲੇ ਕਥਾ ਰਸ ਭਰਪੂਰ ਲੇਖ ਹਨ। ਪੁਸਤਕ ਹਰੇਕ ਵਰਗ ਦੇ ਪਾਠਕਾਂ ਲਈ ਪੜ੍ਹਨ ਵਾਲੀ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160
ਸਮੇਂ ਦੀ ਕੈਨਵਸ 'ਤੇ
ਲੇਖਿਕਾ : ਸਵਿੰਦਰ ਸੰਧੂ
ਪ੍ਰਕਾਸ਼ਕ : ਸ਼ਬਦਲੋਕ ਪਬਲੀਕੇਸ਼ਨ ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 94639-60845
ਸਮੇਂ ਦੀ ਕੈਨਵਸ ਕਾਵਿ ਸੰਗ੍ਰਹਿ ਤੋਂ ਪਹਿਲਾਂ ਸਵਿੰਦਰ ਸੰਧੂ ਨੇ ਚਾਰ ਕਾਵਿ ਸੰਗ੍ਰਹਿ ਅਤੇ ਇਕ ਵਾਰਤਕ ਪੁਸਤਕ ਦੀ ਰਚਨਾ ਕੀਤੀ ਹੈ। ਇਸ ਕਾਵਿ ਸੰਗ੍ਰਹਿ ਵਿਚ ਸ਼ਾਮਿਲ ਰਚਨਾਵਾਂ ਵਿਚ ਵਿਸ਼ੇ ਪੱਖ ਤੋਂ ਬਹੁਤ ਵਿਭਿੰਨਤਾ ਹੈ। ਸ਼ਾਇਰਾ ਨੇ ਰਾਜਨੀਤਕ, ਸਮਾਜਿਕ, ਧਾਰਮਿਕ ਸਭ ਤਰ੍ਹਾਂ ਦੇ ਵਿਸ਼ਿਆਂ ਬਾਰੇ ਕਾਵਿ ਰਚਨਾ ਕੀਤੀ ਹੈ। ਉਹ ਸਮੇਂ ਦੇ ਹਾਕਮਾਂ ਨੂੰ ਵੰਗਾਰਦਿਆਂ ਸੰਵੇਦਨਾ ਭਰਪੂਰ ਲੋਕਾਂ ਦੇ ਮਨੋਭਾਵਾਂ ਦਾ ਪ੍ਰਗਟਾਵਾ ਕਰਦੀ ਹੈ। ਉਹ ਸੁੱਤੇ ਹੋਏ ਲੋਕਾਂ ਨੂੰ ਇਨਕਲਾਬੀ ਬੋਲਾਂ ਨਾਲ ਜਗਾਉਂਦੀ ਹੈ। ਉਹ ਸ਼ਾਇਰ ਜਾਂ ਸਾਹਿਤਕਾਰਾਂ ਨੂੰ ਉਨ੍ਹਾਂ ਦੇ ਫ਼ਰਜ਼ਾਂ ਤੋਂ ਵਾਕਫ਼ ਕਰਵਾਉਂਦੀ ਹੈ, ਉਹ ਕਲਮ ਦੀ ਤਾਕਤ ਨੂੰ ਪਛਾਨਣ ਅਤੇ ਸਮੇਂ ਦਾ ਸੱਚ ਲਿਖਣ ਲਈ ਪ੍ਰੇਰਿਤ ਕਰਦੀ ਹੈ। ਸੰਗ੍ਰਹਿ ਦੀ ਪਹਿਲੀ ਕਵਿਤਾ ਸਮੇਂ ਦੀ ਕੈਨਵਸ 'ਤੇ, ਲਾਟ ਰੰਗੇ ਰੰਗ, ਰਿਸ਼ਤੇ ਨੂੰ ਡਿਸਪੋਜ਼ੇਬਲ, ਸਾਡੇ ਮਨ ਦੀਆਂ ਬਾਤਾਂ, ਟਾਈਮ ਬੈਂਕ, ਜ਼ਿੰਦਗੀ ਦੀ ਔੜ, ਚੋਰ ਸਿਪਾਹੀ, ਤ੍ਰਿੰਝਣ, ਪੌਣੀ ਸਦੀ ਦੀ ਦੁਖਦੀ ਰਗ, ਜਵਾਲਾਮੁਖੀ, ਪੁਲ ਟੁਟਦੇ ਜਾ ਰਹੇ, ਦਿਲ ਦਾ ਧੂਣਾ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਟਾਈਮ ਬੈਂਕ ਕਵਿਤਾ ਆਮ ਮਨੁੱਖ ਦਾ ਦੁਖਾਂਤ ਪੇਸ਼ ਕਰਦੀ ਹੈ। ਜੋ ਆਪਣੇ ਬੱਚਿਆਂ ਅਤੇ ਪਰਿਵਾਰ ਦੀਆਂ ਸੁੱਖ-ਸਹੂਲਤਾਂ ਲਈ ਆਪਣੇ ਜੀਵਨ ਸਾਥੀ ਨੂੰ ਵੀ ਸਮਾਂ ਨਹੀਂ ਦੇ ਪਾਉਂਦਾ...
ਹਰ ਸੁਪਨਾ / ਵੋਟਿੰਗ ਸੂਚੀ ਵਿਚ ਰਖਦਿਆਂ
ਤੌਬਾ ਸੱਜਣਾ / ਲਿਸਟ ਪੜ੍ਹਨਾ ਮੁਸ਼ਕਿਲ ਲੱਗਦਾ
ਮਾਪਿਆਂ ਦੇ ਜਿਊਣ ਦੀ / ਸ਼ਾਇਦ ਇਹੋ ਹੈ ਵਿਧਾ।
ਬਿਸਕੁਟਾਂ ਦਾ ਪੈਕਟ, ਚੋਰ ਸਿਪਾਹੀ, ਦਿਲ ਦਾ ਧੂਣਾ, ਕਵਿਤਾ ਰਾਹੀਂ ਕਵਿਤਰੀ ਨੇ ਮਾਨਵੀ ਸਰੋਕਾਰਾਂ ਦੀ ਗੱਲ ਕੀਤੀ ਹੈ। ਉਹ ਵਿਸ਼ਵ ਅਮਨ ਦੀ ਗੱਲ ਕਰਦੀ ਹੋਈ ਜੰਗ ਦੇ ਮਾਰੂ ਪ੍ਰਭਾਵਾਂ ਬਾਰੇ ਆਪਣੀ ਕਾਵਿ ਰਚਨਾ ਜੰਗ ਵਿਚ ਸੰਕੇਤ ਕਰਦੀ ਹੈ:
ਕਰੂਰਤਾ ਦਾ ਰਾਕਸ਼ / ਮਨੁੱਖਤਾ ਦੇ ਖਿੱਦੋ ਨੂੰ
ਲੀਰੋ ਲੀਰ ਕਰ ਸੁਟਦਾ ਹੈ
ਬਾਰੂਦ ਦੇ ਅਗਨ-ਕੁੰਡ ਅੰਦਰ
ਉਹ ਤਿਉਹਾਰਾਂ ਦੇ ਅਰਥ ਸਮਝਦੀ ਸਮਝਾਉਂਦੀ ਤਿਉਹਾਰਾਂ ਦੇ ਮਹੱਤਵ ਪ੍ਰਤੀ ਜਾਗਰੂਕ ਹੈ ਪਰ ਉਸ ਦੇ ਅਨੁਸਾਰ ਅਸਲੀ ਤਿਉਹਾਰ ਦਾ ਅਨੰਦ ਉਦੋਂ ਹੈ ਜਦੋਂ ਮਾਨਵੀ ਰਿਸ਼ਤਿਆਂ ਵਿਚ ਪਿਆਰ ਤੇ ਬਰਾਬਰਤਾ ਦਾ ਨਿੱਘ ਹੋਵੇਗਾ। ਦੀਵਾਲੀ ਕਵਿਤਾ ਵੇਖੀ ਜਾ ਸਕਦੀ ਹੈ। ਸਵਿੰਦਰ ਸੰਧੂ ਦੀ ਕਾਵਿ ਰਚਨਾ ਇਨਸਾਨੀ ਰਿਸ਼ਤਿਆਂ ਅਤੇ ਸੰਵੇਦਨਾਵਾਂ ਦਾ ਪ੍ਰਗਟਾ ਕਰਦੀ ਹੈ। ਉਹ ਨਾਰੀ ਨਾਲ ਹੁੰਦੇ ਸਮਾਜਿਕ ਵਿਤਕਰੇ ਪ੍ਰਤੀ ਵੀ ਸੁਚੇਤ ਹੈ:
ਮਾਵਾਂ ਭੈਣਾਂ ਦੇ ਨਗਨ ਜਿਸਮ ਦਾ
ਜਸ਼ਨ ਮਨਾਉਂਦੇ ਸੜਕਾਂ 'ਤੇ
ਧਰਮ ਦਰਾਂ ਦੇ ਮਹਿੰਗੇ ਪੁਸ਼ਾਕੇ
ਨਾਲੇ ਚਾਦਰਾ ਮਜ਼ਾਰ ਦਾ।
ਉਹ ਪੰਜਾਬ ਦੇ ਸੱਭਿਆਚਾਰਕ ਮੋਹ, ਰੀਤ ਰਿਵਾਜ ਦੀ ਗੱਲ ਕਰਦੀ ਹੈ ਤੇ ਵਿਦੇਸ਼ਾਂ ਵਿਚ ਰੋਜ਼ੀ-ਰੋਟੀ ਲਈ ਸੰਘਰਸ਼ ਕਰਦੀ ਨਵੀਂ ਪੀੜ੍ਹੀ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ। ਉਹ ਪੁਰਾਤਨ ਸੰਸਕ੍ਰਿਤੀ ਪ੍ਰਤੀ ਭਾਵੁਕ ਹੈ, ਬੇਸ਼ੱਕ ਸਮਾਜ ਦੇ ਵਿਕਾਸ ਲਈ ਪਰਿਵਰਤਨ ਦੀ ਹਾਮੀ ਵੀ ਭਰਦੀ ਹੈ ਪਰ ਨਾਲ ਹੀ ਪਰੰਪਰਾ ਨੂੰ ਵੀ ਦਿਲ ਦੇ ਕਿਸੇ ਕੋਨੇ ਵਿਚ ਵਸਾਉਂਦੀ ਨਜ਼ਰ ਆਉਂਦੀ ਹੈ। ਸਵਿੰਦਰ ਸੰਧੂ ਨੂੰ ਇਸ ਪੁਸਤਕ ਲਈ ਮੁਬਾਰਕਵਾਦ।
-ਪ੍ਰੋ. ਕੁਲਜੀਤ ਕੌਰ
ਘਰ
ਲੇਖਕ : ਹਰਜੀਤ ਅਟਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 350 ਰੁਪਏ, ਸਫ਼ੇ : 207
ਸੰਪਰਕ : 92090-00001
'ਘਰ' ਹਰਜੀਤ ਅਟਵਾਲ ਦਾ ਲਿਖਿਆ ਨਾਵਲ ਹੈ। ਇਸ ਤੋਂ ਪਹਿਲਾਂ ਉਹ 14 ਨਾਵਲ ਅਤੇ 9 ਕਹਾਣੀ ਸੰਗ੍ਰਹਿ, 2 ਨਿਬੰਧ ਸੰਗ੍ਰਹਿ, ਸਫ਼ਰਨਾਮਾ, ਜੀਵਨੀ ਤੋਂ ਇਲਾਵਾ ਸੰਪਾਦਨਾ ਦੀਆਂ ਤਿੰਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਇਸ ਪ੍ਰਕਾਰ ਨਿਸ਼ਚੇ ਹੀ ਉਹ ਬਹੁ-ਵਿਧਾਈ ਸਾਹਿਤਕਾਰ ਹੈ। ਉਹ ਪੰਜਾਬੀ ਸਾਹਿਤ ਦਾ ਸਥਾਪਿਤ ਨਾਵਲਕਾਰ ਅਤੇ ਸਮੇਂ ਦੀ ਤੋਰ ਨੂੰ ਪਛਾਣਨ ਵਾਲਾ ਕਲਾਕਾਰ ਹੈ। ਉਸ ਦੀ ਨਾਵਲਕਾਰੀ ਦੀ ਖ਼ੂਬੀ ਇਹ ਹੈ ਕਿ ਉਸ ਦਾ ਹਰ ਨਾਵਲ ਇਕ ਨਵਾਂ ਵਿਸ਼ਾ ਲੈ ਕੇ ਪਾਠਕਾਂ ਸਾਹਮਣੇ ਆਉਂਦਾ ਹੈ। 'ਘਰ' ਬਿਲਕੁਲ ਨਿਵੇਕਲੀ ਸ਼ੈਲੀ ਵਿਚ ਰਚੀ ਉਸ ਦੀ ਨਵੀਂ ਕ੍ਰਿਤ ਹੈ। ਇਸ ਨਾਵਲ ਵਿਚ 'ਘਰ' ਇਕ ਪਾਤਰ ਵਜੋਂ ਪੇਸ਼ ਹੁੰਦਾ ਹੈ। ਹਰੇਕ ਮਨੁੱਖ, ਪਸ਼ੂ, ਪੰਛੀ ਦੀ ਘਰ ਦੀ ਆਪਣੀ ਹੀ ਇਕ ਪਰਿਭਾਸ਼ਾ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਇਥੇ ਲੇਖਕ ਘਰ ਨੂੰ ਇਕ ਵੱਖਰੇ ਢੰਗ ਨਾਲ ਪੇਸ਼ ਕਰਦਾ ਹੈ। ਹਰੇਕ ਇਨਸਾਨ ਦੇ ਜੀਵਨ ਦਾ ਇਕ ਸੁਫ਼ਨਾ ਆਪਣਾ ਘਰ ਹੁੰਦਾ ਹੈ। ਸੁਫ਼ਨੇ ਨੂੰ ਹਕੀਕਤ ਵਿਚ ਬਦਲਣ ਲਈ ਘਰ ਬਣਾਉਣਾ ਉਸ ਦਾ ਇਕ ਮਕਸਦ ਬਣ ਜਾਂਦਾ ਹੈ। ਇਸ ਮਕਸਦ ਦੀ ਪੂਰਤੀ ਹਿੱਤ ਉਹ ਜੀਵਨ ਸਫ਼ਰ 'ਤੇ ਤੁਰਦਾ ਹੋਇਆ ਆਪਣੀ ਜ਼ਿੰਦਗੀ ਦੇ ਲਗਭਗ ਛੇ ਦਹਾਕੇ ਲਗਾ ਦਿੰਦਾ ਹੈ। ਸੱਚ ਤਾਂ ਇਹ ਹੈ ਕਿ ਸੁਫ਼ਨੇ ਅਤੇ ਮਕਸਦ ਵਿਚਕਾਰਲੀ ਕਸ਼ਮਕਸ਼ ਹੀ 'ਘਰ' ਨਾਵਲ ਦੀ ਪੇਸ਼ਕਾਰੀ ਹੈ।
ਹਰਜੀਤ ਅਟਵਾਲ ਦੀ ਸ਼ੈਲੀ ਬਿਲਕੁਲ ਸਿੱਧੀ ਸਾਦੀ ਅਤੇ ਪਾਠਕ ਦੇ ਧੁਰ ਅੰਦਰ ਤੱਕ ਲਹਿ ਜਾਣ ਵਾਲੀ ਰੌਚਿਕਤਾ ਭਰਪੂਰ ਹੈ। ਨਾਵਲ ਵਿਚਲੀਆਂ ਘਟਨਾਵਾਂ ਅਤੇ ਵੇਰਵਿਆਂ ਨੂੰ ਏਨੇ ਆਕਰਸ਼ਕ ਅਤੇ ਦਿਲ ਟੁੰਬਵੇਂ ਢੰਗ ਨਾਲ ਬਿਆਨ ਕੀਤਾ ਗਿਆ ਹੈ ਕਿ ਪਾਠਕ ਨੂੰ ਇੰਝ ਅਨੁਭਵ ਹੁੰਦਾ ਹੈ, ਜਿਵੇਂ ਉਸ ਦੀ ਦਾਦੀ ਜਾਂ ਨਾਨੀ ਕਹਾਣੀ ਸੁਣਾ ਰਹੀ ਹੋਵੇ। ਉਹ ਨਾਵਲ ਦਾ ਆਰੰਭ ਏਨੇ ਸਹਿਜ ਸੁਭਾਅ ਅਤੇ ਸਾਦਗੀ ਭਰੇ ਢੰਗ ਨਾਲ ਕਰਦਾ ਹੈ ਕਿ ਪਹਿਲੇ ਵਾਕ ਤੋਂ ਹੀ ਪਾਠਕ ਨਾਵਲ ਦੇ ਮੂਲ ਨਾਲ ਜੁੜ ਜਾਂਦਾ ਹੈ-'ਕਹਿੰਦੇ ਹਨ ਕਿ ਇਕ ਪੰਛੀ ਆਪਣੀ ਉਮਰ ਵਿਚ ਪੰਜ ਵਾਰ ਆਲ੍ਹਣਾ ਬਣਾਉਂਦਾ ਹੈ, ਇਕ ਜਾਨਵਰ ਆਪਣੇ ਲਈ 4 ਵਾਰ ਘੁਰਨਾ ਖੋਦਦਾ ਹੈ ਤੇ ਇਵੇਂ ਹੀ ਮਨੁੱਖ 3 ਵਾਰ ਘਰ ਬਣਾਵੇਗਾ।' ਨਾਵਲਕਾਰ ਲਈ ਆਪਣੇ ਘਰ ਦਾ ਬਹੁਤ ਮਹੱਤਵ ਹੈ। ਉਸ ਦੀ ਧਾਰਨਾ ਹੈ ਕਿ ਘਰ ਸਥਿਰਤਾ ਦੀ ਨਿਸ਼ਾਨੀ ਹੈ। ਆਪਣੀ ਹੋਂਦ ਨੂੰ ਆਪਣੀ ਬਣਾਈ ਚੀਜ਼ ਨਾਲ ਜੋੜ ਕੇ ਦੇਖਣ ਦਾ ਲੁਤਫ਼ ਹੈ। ਨਾਵਲਕਾਰ ਉੱਠਦੇ ਬੈਠਦੇ ਖਾਂਦੇ ਪੀਂਦੇ ਸੌਂਦੇ ਜਾਗਦੇ ਕੇਵਲ ਆਪਣੇ ਘਰ ਦੇ ਹੀ ਖ਼ਾਬ ਬੁਣਦਾ ਰਹਿੰਦਾ ਹੈ। ਨਾਵਲਕਾਰ ਦੀ ਅਜਿਹੀ ਮਾਨਸਿਕਤਾ ਵੇਖ ਕੇ ਉਸ ਦਾ ਇੱਕ ਦੋਸਤ ਰਿੱਕੀ ਮੌਬ ਉਸ ਨੂੰ ਆਖਦਾ ਹੈ - 'ਸਿੰਘ, ਇਹ ਕੀ ਤੂੰ ਹਰ ਵੇਲੇ ਘਰ ਘਰ ਗਾਉਂਦਾ ਰਹਿੰਨਾਂ!' ਤਦ ਘਰ ਦੇ ਸੰਕਲਪ ਬਾਰੇ ਨਾਵਲਕਾਰ ਦੇ ਮਨ ਵਿਚ ਡੂੰਘੇ ਉੱਤਰੇ ਘਰ ਦੇ ਸੰਕਲਪ ਬਾਰੇ ਪਾਠਕਾਂ ਨੂੰ ਜਾਣਕਾਰੀ ਹਾਸਲ ਹੁੰਦੀ ਹੈ -'ਘਰ ਇਕ ਕਿਲ੍ਹਾ ਐ, ਘਰ ਇਕ ਟਿਕਾਣਾ ਐ, ਘਰ ਹਿਲਦੇ ਜੁਲਦੇ ਪ੍ਰਾਣੀਆਂ ਤੋਂ ਬਾਹਰੀ ਇਕ ਅਜਿਹੀ ਚੀਜ਼ ਐ, ਜੋ ਤੁਹਾਨੂੰ ਉਡੀਕਦੀ ਐ। ਦਿਨ ਭਰ ਜ਼ਿੰਦਗੀ ਦੀ ਲੜਾਈ ਲੜਦੇ ਤੁਸੀਂ ਘਰ ਪੁੱਜ ਕੇ ਸੁਰੱਖਿਅਤ ਮਹਿਸੂਸ ਕਰਦੇ ਹੋ। ਆਰਾਮ ਕਰਕੇ ਆਪਣੇ ਅੰਦਰ ਅਗਲੇ ਦਿਨ ਦੀ ਲੜਾਈ ਲਈ ਊਰਜਾ ਭਰ ਲੈਂਦੇ ਹੋ। ਘਰ ਬੰਦੇ ਲਈ ਇਕ ਅਜੀਬ ਕਸ਼ਿਸ਼ ਰੱਖਦਾ ਹੈ।' ਇਸ ਪ੍ਰਕਾਰ ਹਰਜੀਤ ਅਟਵਾਲ ਨੇ ਆਪਣੇ ਇਸ 'ਘਰ' ਨਾਵਲ ਵਿਚ ਹਰੇਕ ਮਨੁੱਖ ਦੇ ਜੀਵਨ ਸੰਘਰਸ਼ ਨੂੰ ਉਸ ਦੇ ਸੁਪਨਿਆਂ ਦੇ ਘਰ ਨਾਲ ਜੋੜ ਕੇ ਇਕ ਖ਼ੂਬਸੂਰਤ ਸਿਰਜਣਾ ਕੀਤੀ ਹੈ। ਮੈਂ ਨਾਵਲਕਾਰ ਨੂੰ ਇਸ ਨਿਵੇਕਲੇ ਵਿਸ਼ੇ 'ਘਰ' ਉੱਤੇ ਨਾਵਲ ਰਚਣ ਲਈ ਵਧਾਈਆਂ ਦਿੰਦਾ ਹਾਂ
-ਡਾ.