JALANDHAR WEATHER

27-06-2024

 ਅਵਾਰਾ ਕੁੱਤਿਆਂ ਦੀ ਸਮੱਸਿਆ

ਬੱਚਿਆਂ ਅਤੇ ਬਜ਼ੁਰਗਾਂ 'ਤੇ ਅਵਾਰਾ ਕੁੱਤੇ ਲਗਾਤਾਰ ਹਮਲਾਵਰ ਹੋ ਰਹੇ ਹਨ, ਇਸ ਨਾਲ ਹੁਣ ਤੱਕ ਕਾਫੀ ਜਾਨਾਂ ਜਾ ਚੁੱਕੀਆਂ ਹਨ, ਜਦੋਂ ਗਲੀਆਂ ਵਿੱਚ ਘੁੰਮ ਰਹੇ ਜਾਂ ਖੇਡ ਰਹੇ ਬੱਚਿਆਂ ਦੀਆਂ ਅਵਾਰਾ ਕੁੱਤਿਆਂ ਜਾਂ ਪਿਟਬੁਲ ਵਲੋਂ ਹਮਲੇ ਸਮੇਂ ਦੀਆਂ ਵੀਡਿਓ ਵਾਇਰਲ ਹੁੰਦੀਆਂ ਹਨ ਤਾਂ ਇਕ ਵਾਰ ਦਿਲ ਕੰਬ ਜਾਂਦਾ ਹੈ। ਭਾਵੇਂ ਸਰਕਾਰਾਂ ਵਲੋਂ ਇਸ 'ਤੇ ਕਾਬੂ ਪਾਉਣ ਲਈ ਸਜ਼ਾ ਅਤੇ ਜੁਰਮਾਨਾ ਵੀ ਰੱਖਿਆ ਗਿਆ ਹੈ, ਫਿਰ ਵੀ ਇਹ ਸਭ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸ ਨੂੰ ਕਾਬੂ ਪਾਉਣ ਲਈ ਅਜੇ ਹੋਰ ਉਪਰਾਲੇ ਕਰਨ ਦੀ ਬਹੁਤ ਸਖ਼ਤ ਜ਼ਰੂਰਤ ਹੈ।
ਇਸ ਤੋਂ ਇਲਾਵਾ ਸਟੰਟਬਾਜ਼ੀ 'ਤੇ ਵੀ ਸਰਕਾਰਾਂ ਨੂੰ ਪੂਰਨ ਰੋਕ ਲਗਾਉਣੀ ਚਾਹੀਦੀ ਹੈ। ਜੇਕਰ ਕਿਸੇ ਦੀ ਸਟੰਟਬਾਜ਼ੀ ਦੀ ਵੀਡਿਓ ਵਾਇਰਲ ਹੁੰਦੀ ਹੈ ਤਾਂ ਉਸ ਵੀਡਿਓ ਦੀ ਛਾਣਬੀਣ ਕਰਕੇ ਸੰਬੰਧਿਤ ਆਰੋਪੀ ਨੂੰ ਸਜ਼ਾ ਦੇ ਨਾਲ-ਨਾਲ ਜੁਰਮਾਨਾ ਵੀ ਹੋਵੇ, ਤਾਂ ਜੋ ਹੋਰਾਂ ਨੂੰ ਇਸ ਤੋਂ ਸਬਕ ਮਿਲ ਸਕੇ।

-ਕੰਵਰਦੀਪ ਸਿੰਘ ਭੱਲਾ (ਪਿੱਪਲਾਂਵਾਲਾ)
ਰਿਕਵਰੀ ਅਫ਼ਸਰ ਸਹਿਕਾਰੀ ਬੈਂਕ ਹੁਸ਼ਿਆਰਪੁਰ

ਪਾਣੀ ਨੂੰ ਬਚਾਉਣਾ ਸਾਂਝੀ ਜ਼ਿੰਮੇਵਾਰੀ

ਅੱਜ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸਾਲ 2017 ਦੀ ਇਕ ਰਿਪੋਰਟ ਮੁਤਾਬਕ 2029 ਤੱਕ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ 100 ਮੀਟਰ ਹੇਠਾਂ ਅਤੇ 2039 ਤੱਕ 300 ਮੀਟਰ ਹੇਠਾਂ ਚਲਿਆ ਜਾਵੇਗਾ।
'ਅਜੀਤ' ਅਖ਼ਬਾਰ 'ਚ ਮਿਤੀ 18 ਜੂਨ, 2024 ਨੂੰ ਛਪੀ ਇਕ ਖਬਰ ਦੇ ਮੁਤਾਬਕ ਪਤਾ ਚਲਿਆ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ 138 ਬਲਾਕਾਂ 'ਚੋਂ 109 ਬਲਾਕਾਂ ਨੂੰ ਧਰਤੀ ਹੇਠਲਾ ਪਾਣੀ ਵੱਡੀ ਪੱਧਰ 'ਤੇ ਕੱਢੇ ਜਾਣ ਕਾਰਨ ਜ਼ਿਆਦਾ ਖਪਤ ਕਰਨ ਵਾਲੇ ਬਲਾਕ ਐਲਾਨ ਦਿੱਤਾ ਗਿਆ ਹੈ। ਇਹ ਅੰਕੜੇ ਡਰਾਉਣ ਵਾਲੇ ਹਨ ਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।
ਬਿਨਾਂ ਸ਼ੱਕ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਮਾਰੂਥਲ ਵਿਚ ਬਦਲਣ ਤੋਂ ਬਚਾਉਣ ਲਈ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਹੀ ਨਹੀਂ, ਸਗੋਂ ਇਸ ਨੂੰ ਉੱਪਰ ਲਿਆਉਣ ਲਈ ਵੀ ਸਾਰਥਕ ਅਤੇ ਗੰਭੀਰ ਯਤਨ ਕਰਨ ਦੀ ਲੋੜ ਹੈ।
ਪਰ ਅਸੀਂ ਪੰਜਾਬ ਦੇ ਜਾਗਰੂਕ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਆਪਣੀ ਜ਼ਮੀਨ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਾਡੀ ਸਾਰਰਿਆਂ ਦੀ ਸਾਂਝੀ ਅਤੇ ਮੁਢਲੀ ਜ਼ਿੰਮੇਵਾਰੀ ਹੈ।
ਆਪਣੇ ਘਰਾਂ ਅਤੇ ਕੰਮਕਾਜ ਦੇ ਸਥਾਨਾਂ ਵਿਚ 'ਰੇਨ ਹਾਰਵੈਸਟਿੰਗ' ਦੀ ਤਕਨੀਕ ਨੂੰ ਅਪਣਾਈਏ, ਦੰਦ ਬੁਰਸ਼ ਦਾਤਣ ਕਰਨ, ਮੂੰਹ ਦੀ ਸ਼ੇਵ ਕਰਨ, ਨਹਾਉਣ, ਕੱਪੜੇ ਧੋਣ, ਬਰਤਨ ਸਾਫ਼ ਕਰਨ ਜਾਂ ਕਾਰ-ਸਕੂਟਰ ਧੋਣ ਆਦਿ ਸਮੇਂ ਨਲ ਨੂੰ ਬਿਨਾਂ ਜ਼ਰੂਰਤ ਖੁੱਲ੍ਹਾ ਨਾ ਛੱਡ ਕੇ ਅਸੀਂ ਆਮ ਨਾਗਰਿਕ ਇਸ ਦਿਸ਼ਾ ਵਿਚ ਯੋਗਦਾਨ ਪਾ ਸਕਦੇ ਹਾਂ।
ਕਿਸਾਨ ਭਰਾਵਾਂ ਤੋਂ ਵੀ ਉਮੀਦ ਹੈ ਕਿ ਪਾਣੀ ਦੇ ਮੌਜੂਦਾ ਗੰਭੀਰ ਸੰਕਟ ਦੇ ਮੱਦੇਨਜ਼ਰ ਉਹ ਰਿਵਾਇਤੀ ਫ਼ਸਲ ਦੇ ਮੁਕਾਬਲੇ ਹੋਰ ਫ਼ਸਲਾਂ ਬੀਜਣ ਦੇ ਵਿਕਲਪਾਂ ਨੂੰ ਤਰਜੀਹ ਦੇਣ ਬਾਰੇ ਜ਼ਰੂਰ ਵਿਚਾਰ ਕਰਨਗੇ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ, ਪੰਜਾਬ।

ਆਓ, ਹਰਿਆਵਲ ਲਹਿਰ ਚਲਾਈਏ

ਪਾਰੇ ਦੇ 46 ਡਿਗਰੀ ਪਾਰ ਹੋਣ 'ਤੇ ਗਰਮੀ ਵਧਣ ਨਾਲ ਮਨੁੱਖ, ਪਸ਼ੂ-ਪੰਛੀ, ਜੀਵ-ਜੰਤੂ ਸਭ ਹਾਲੋਂ-ਬੇਹਾਲ ਹੋ ਰਹੇ ਹਨ। ਇਹ ਤਾਂ ਹੋਣਾ ਹੀ ਹੈ ਜਦੋਂ ਅਸੀਂ ਕੁਦਰਤ ਦੇ ਸੰਤੁਲਨ ਨੂੰ ਵਿਗਾੜਾਂਗੇ ਤਾਂ ਉਸ ਲਈ ਹਰਜਾਨਾ ਤਾਂ ਭਰਨਾ ਹੀ ਪਵੇਗਾ। ਆਪਣੀ ਸਹੂਲਤ ਲਈ ਅਸੀਂ ਘਰਾਂ, ਦਫ਼ਤਰਾਂ, ਹੋਰ ਕਾਰੋਬਾਰੀ ਥਾਵਾਂ 'ਤੇ ਏਅਰਕੰਡੀਸ਼ਨਰ, ਫਰਿੱਜਾਂ ਆਦਿ ਦੀ ਵਰਤੋਂ ਕਰ ਰਹੇ ਹਾਂ। ਇਨ੍ਹਾਂ ਉਪਕਰਨਾਂ ਦੁਆਰਾ ਛੱਡੀ ਜਾਂਦੀ ਕਲੋਰੋਫਲੋਰੋਕਾਰਬਨ (ਸੀ.ਐਫ.ਸੀ.) ਵਾਤਾਵਰਨ ਵਿਚ ਤਪਸ਼ ਨੂੰ ਹੋਰ ਵਧਾ ਰਹੀ ਹੈ। ਸਹੂਲਤਾਂ ਦੇ ਅਸੀਂ ਆਦੀ ਹੋ ਗਏ ਹਾਂ, ਇਨ੍ਹਾਂ ਦੀ ਵਰਤੋਂ ਅਸੀਂ ਛੱਡ ਨਹੀਂ ਸਕਦੇ। ਦਿਨੋ-ਦਿਨ ਵਧ ਰਹੀ ਤਪਸ਼ ਨੂੰ ਘਟਾਉਣ ਲਈ ਜੇ ਅਸੀਂ ਦਿਲੋਂ ਕੁਝ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਸਹੂਲਤੀ ਉਪਕਰਨਾਂ ਵਿਚੋਂ ਖ਼ਾਸ ਕਰਕੇ ਏ.ਸੀ. ਦੀ ਲੋੜ ਅਨੁਸਾਰ ਹੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਨ 'ਤੇ ਇਕ ਤਾਂ ਬਿਜਲੀ ਦੀ ਬੱਚਤ ਹੋਵੇਗੀ ਤੇ ਦੂਜਾ ਵਾਤਾਵਰਨ 'ਚ ਹੋ ਰਹੇ ਵਿਗਾੜ ਨੂੰ ਕੁਝ ਘਟਾਇਆ ਜਾ ਸਕੇਗਾ। ਜੇ ਅਸੀਂ ਇਨ੍ਹਾਂ ਸੁੱਖ ਸਹੂਲਤਾਂ ਨੂੰ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਦੇ ਬਦਲੇ ਘੱਟੋ-ਘੱਟ ਪੰਜ-ਸੱਤ ਰੁੱਖ ਜ਼ਰੂਰ ਲਾਉਣੇ ਤੇ ਪਾਲਣੇ ਚਾਹੀਦੇ ਹਨ, ਨਹੀਂ ਤਾਂ ਸਾਨੂੰ ਇਨ੍ਹਾਂ ਸੁੱਖ ਸੁਵਿਧਾਵਾਂ ਨੂੰ ਮਾਨਣ ਦਾ ਕੋਈ ਹੱਕ ਨਹੀਂ। ਇਥੇ ਜੋ ਸਭ ਤੋਂ ਮਹੱਤਵਪੂਰਨ ਗੱਲ ਕਹਿਣੀ ਬਣਦੀ ਹੈ ਉਹ ਇਹ ਹੈ ਕਿ ਇਸ ਵਾਤਾਵਰਨ ਸੰਤੁਲਨ ਨੂੰ ਕਾਇਮ ਰੱਖਣ ਲਈ ਵਧ ਤੋਂ ਵੱਧ ਰੁੱਖ ਲਗਾਏ ਜਾਣ। ਜਿਵੇਂ ਆਪਣੇ ਹੱਕਾਂ ਲਈ ਅਸੀਂ ਵੱਖ-ਵੱਖ ਅੰਦੋਲਨ ਕਰਦੇ ਹਾਂ ਸਾਨੂੰ ਬਿਲਕੁਲ ਉਵੇਂ ਹੀ ਰੁੱਖ ਲਗਾਓ ਲਹਿਰ ਚਲਾਉਣ ਦੀ ਲੋੜ ਹੈ। ਇਹ ਉਦੋਂ ਤੱਕ ਚੱਲੇ ਜਦੋਂ ਤੱਕ ਸਾਨੂੰ ਆਪਣੀਆਂ ਕੀਤੀਆਂ ਗ਼ਲਤੀਆਂ ਦਾ ਅਹਿਸਾਸ ਨਹੀਂ ਹੁੰਦਾ ਤੇ ਇਹ ਧਰਤੀ ਮੁੜ ਹਰੀ-ਭਰੀ ਨਜ਼ਰ ਨਹੀਂ ਆਉਂਦੀ।

-ਲਾਭ ਸਿੰਘ ਸ਼ੇਰਗਿਲ
ਸੰਗਰੂਰ।