JALANDHAR WEATHER

17-05-2024

 ਵਧਦੀ ਆਬਾਦੀ

ਪਿਛਲੇ ਦਿਨੀਂ ਜਾਰੀ ਹੋਈ ਇਕ ਰਿਪੋਰਟ ਅਨੁਸਾਰ ਭਾਰਤ ਦੀ ਆਬਾਦੀ ਇਕ ਸੌ ਚੁਤਾਲੀ ਕਰੋੜ ਤੋਂ ਟੱਪ ਚੁੱਕੀ ਹੈ। ਵਧਦੀ ਆਬਾਦੀ ਦੇਸ਼ ਲਈ ਨਵੀਆਂ ਚੁਣੌਤੀਆਂ ਲੈ ਕੇ ਆ ਰਹੀ ਹੈ। ਵਧਦੀ ਆਬਾਦੀ ਨਾਲ ਦੇਸ਼ ਵਿਚ ਬੇਰੁਜ਼ਗਾਰੀ, ਰਹਿਣਯੋਗ ਥਾਂ ਅਤੇ ਭੋਜਨ ਦੀ ਪ੍ਰਾਪਤੀ ਔਖੀ ਹੋ ਗਈ ਹੈ। ਬੇਰੁਜ਼ਗਾਰੀ ਨੇ ਪਰਿਵਾਰ ਦਾ ਪਾਲਣਮੁਸ਼ਕਿਲ ਕਰ ਦਿੱਤਾ ਹੈ। ਵਧਦੀ ਆਬਾਦੀ ਦਾ ਫਿਰ ਹੀ ਫਾਇਦਾ ਹੋਵੇਗਾ ਜੇਕਰ ਇਸ ਦੀ ਵਰਤੋਂ ਸੁਚੱਜੇ ਰੂਪ ਵਿਚ ਕੀਤੀ ਜਾਵੇ। ਆਬਾਦੀ ਨੂੰ ਰੁਜ਼ਗਾਰ ਦੀ ਪ੍ਰਾਪਤੀ ਨਾਲ ਹੀ ਦੇਸ਼ ਦੀ ਰਫਤਾਰ ਨੂੰ ਗਤੀ ਮਿਲੇਗੀ। ਦਿਨੋ-ਦਿਨ ਘੱਟ ਰਹੀਆਂ ਜ਼ਮੀਨਾਂ ਲੋੜੀਂਦੇ ਘਰ ਬਣਾਉਣ ਲਈ ਆਬਾਦੀ ਅੱਗੇ ਇਕ ਨਵਾਂ ਸੰਕਟ ਲੈ ਕੇ ਆ ਰਿਹਾ ਹੈ। ਆਬਾਦੀ ਨੂੰ ਕੰਟਰੋਲ ਕਰਨਾ ਵਾਤਾਵਰਨ ਅਤੇ ਸਮਾਜ ਵਿਚ ਵਧ ਰਹੇ ਆਰਥਿਕ ਪਾੜੇ ਨੂੰ ਘਟਾਉਣ ਲਈ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ। ਸਰਕਾਰੀ ਸਹੂਲਤਾਂ ਦਾ ਵਟਾਂਦਰਾ ਕਰਨ ਵੇਲੇ ਛੋਟੇ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇ। ਇਸ ਤਰ੍ਹਾਂ ਛੋਟੇ ਪਰਿਵਾਰ 'ਹਮ ਦੋ ਹਮਾਰੇ ਦੋ' ਅਮਲ ਵਿਚ ਆਵੇਗਾ। ਜਨਸੰਖਿਆ ਦਾ ਵਾਧਾ ਇਕ ਬੰਬ ਦੀ ਤਰ੍ਹਾਂ ਹੈ, ਜਿਸ ਦੇ ਫਟਣ ਨਾਲ ਨੁਕਸਾਨ ਹੋਵੇਗਾ। ਆਬਾਦੀ ਨੂੰ ਕੰਟਰੋਲ ਕਰਨ ਲਈ ਪਰਿਵਾਰ ਨਿਯੋਜਨ ਬਹੁਤ ਜ਼ਰੂਰੀ ਹੈ। ਪਰਿਵਾਰ ਨਿਯੋਜਨ ਨੂੰ ਉਤਸ਼ਾਹਿਤ ਕਰਨ ਲਈ ਸਿਹਤ ਵਿਭਾਗ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਨੂੰ ਹਰਕਤ ਵਿਚ ਆਉਣਾ ਚਾਹੀਦਾ ਹੈ ਤਾਂ ਜੋ ਆਬਾਦੀ ਦੇ ਵਾਧੇ ਨੂੰ ਰੋਕਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਸਮੇਂ ਦੀ ਕਦਰ

ਸਮਾਂ ਸਭ ਤੋਂ ਕੀਮਤੀ ਚੀਜ਼ ਹੈ। ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ ਜੋ ਸਾਡੀ ਚੀਜ਼ ਗੁਆਚ ਜਾਵੇ ਤਾਂ ਅਸੀਂ ਉਸ ਨੂੰ ਲੱਭ ਸਕਦੇ ਹਾਂ ਜਾਂ ਨਵੀਂ ਖ਼ਰੀਦ ਸਕਦੇ ਹਾਂ ਪਰ ਬੀਤਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ। ਸਾਨੂੰ ਆਪਣੇ ਨਿੱਕੇ-ਨਿੱਕੇ ਅੰਸ਼ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ। ਅੱਜ-ਕੱਲ੍ਹ ਲੋਕ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਫਾਲਤੂ ਗੱਲਾਂ ਵਿਚ ਨਸ਼ਟ ਕਰ ਰਹੇ ਹਨ। ਦੁਖ ਦੀ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਲੋਕ ਸਮੇਂ ਦੀ ਬਿਲਕੁਲ ਕਦਰ ਨਹੀਂ ਕਰਦੇ। ਸਮੇਂ ਦੀ ਸਹੀ ਵਰਤੋਂ ਸਾਡਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਵਿਦਿਆਰਥੀਆਂ ਲਈ ਤਾਂ ਸਮੇਂ ਦੀ ਕਦਰ ਹੋਰ ਵੀ ਜ਼ਰੂਰੀ ਹੈ। ਇਸ ਉੱਪਰ ਸਮੇਂ ਦੀ ਪਾਬੰਦੀ ਦੀ ਆਦਤ ਪਾ ਲੈਣ ਤਾਂ ਆਉਣ ਵਾਲੇ ਜੀਵਨ ਵਿਚ ਉਹ ਸਫਲ ਇਨਸਾਨ ਬਣ ਕੇ ਮਾਣ ਪ੍ਰਾਪਤ ਕਰਨਗੇ। ਅੱਜ ਦੇ ਲੋਕ ਆਪਣਾ ਜ਼ਿਆਦਾਤਰ ਸਮਾਂ ਗੱਪਾਂ ਮਾਰਨ ਵਿਚ ਕੱਢ ਦਿੰਦੇ ਹਨ। ਬੇਲੋੜੇ ਕੰਮਾਂ ਵਿਚ ਆਪਣਾ ਵਕਤ ਖ਼ਰਾਬ ਕਰਦੇ ਹਨ। ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਕਦੀ ਵੀ ਕਿਧਰੇ ਪੱਛੜ ਕੇ ਨਹੀਂ ਅੱਪੜਦਾ ਤੇ ਉਸ ਨੂੰ ਕਿਸੇ ਤਰ੍ਹਾਂ ਵੀ ਸ਼ਰਮਿੰਦਾ ਨਹੀਂ ਹੋਣਾਂ ਪੈਂਦਾ। ਇਸ ਪ੍ਰਕਾਰ ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਹਰ ਖੇਤਰ ਵਿਚ ਆਪਣੀ ਕਦਰ ਕਰਵਾਉਂਦਾ ਹੈ।

-ਮਨਪ੍ਰੀਤ ਕੌਰ
ਬੀ.ਵਾਕ (ਜੇ.ਐਮ.ਟੀ.) ਭਾਗ ਪਹਿਲਾ।

ਦਹੇਜ ਦੀ ਸਮੱਸਿਆ

ਸਮਾਂ ਬੀਤਣ ਨਾਲ ਇਹ ਸਨੇਹ ਪਿਆਰ ਦੀ ਰਸਮ ਸ਼ਰਾਪ ਬਣ ਰਹੀ ਹੈ। ਲੋਕਾਂ ਵਿਚ ਵਧਦਾ ਪਦਾਰਥਕ ਮੋਹ, ਲਾਲਚ ਅਤੇ ਅਮੀਰ ਬਣਨ ਦੀ ਲਾਲਸਾ ਕਾਰਨ ਮੁੰਡੇ ਵਾਲੇ ਕੁੜੀ ਵਾਲਿਆਂ ਤੋਂ ਵੱਧ ਤੋਂ ਵੱਧ ਦਾਜ ਦੀ ਉਮੀਦ ਲਾਉਣ ਲੱਗ ਪਏ ਤੇ ਫਿਰ ਹੌਲੀ-ਹੌਲੀ ਮੂੰਹ ਪਾੜ ਕੇ ਦਾਜ ਦੀ ਮੰਗ ਹੋਣ ਲੱਗ ਪਈ। ਇਹ ਦਾਜ ਦੀ ਮੰਗ ਪੂਰੀ ਨਾ ਹੋਣ ਦੀ ਸਥਿਤੀ ਵਿਚ ਕੁੜੀ ਅਤੇ ਉਸ ਦੇ ਮਾਪਿਆਂ ਨੂੰ ਤੰਗ ਕੀਤਾ ਜਾਣ ਲੱਗਾ। ਇਸ ਮਜਬੂਰੀ ਵੱਸ ਕੁੜੀਆਂ ਆਤਮ ਹੱਤਿਆ ਕਰਨ ਲਈ ਮਜਬੂਰ ਹੋਣ ਲੱਗੀਆਂ। ਕਈ ਥਾਵਾਂ 'ਤੇ ਸਹੁਰੇ ਘਰ ਵਲੋਂ ਕੁੜੀਆਂ ਨੂੰ ਕੁੱਟਣ-ਮਾਰਨ, ਜਿਊਂਦਾ ਸਾੜਨ ਦੀਆਂ ਘਟਨਾਵਾਂ ਵੀ ਅਖ਼ਬਾਰ ਦੀਆਂ ਸੁਰਖੀਆਂ ਬਣਨ ਲੱਗ ਪਈਆਂ। ਪਰ ਦੂਜੇ ਪਾਸੇ ਕਈ ਲੋਕਾਂ ਵਲੋਂ ਕਾਨੂੰਨ ਦੀ ਗ਼ਲਤ ਵਰਤੋਂ ਵੀ ਕੀਤੀ ਜਾਣ ਲੱਗੀ, ਜਿਸ ਕਾਰਨ ਬੇਦੋਸ਼ ਲੋਕ ਫਸ ਵੀ ਜਾਂਦੇ ਹਨ। ਇਸ ਲਈ ਮੁੰਡੇ-ਕੁੜੀਆਂ ਨੂੰ ਦਾਜ ਵਿਰੁੱਧ ਚੇਤਨਤਾ ਪੈਦਾ ਕਰਨ ਦੀ ਲੋੜ ਹੈ। ਇਸ ਕਰਕੇ ਕੁੜੀਆਂ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਸਿਰ ਖੜ੍ਹਾ ਹੋਣਾ ਪਵੇਗਾ।

-ਰਮਨਦੀਪ ਕੌਰ

ਧੀਆਂ ਨੂੰ ਸਿਖਾਓ ਸਾਰੇ ਕੰਮ

ਅੱਜਕੱਲ੍ਹ ਆਮ ਧਾਰਨਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਘਰ ਦਾ ਕੰਮ ਸਿੱਖਣ ਸਿਖਾਉਣ ਦਾ ਸਮਾਂ ਹੀ ਨਹੀਂ ਹੁੰਦਾ। ਕੁੜੀਆਂ ਘਰ ਦਾ ਕੰਮ ਸ਼ੌਂਕ ਨਾਲ ਸਿੱਖ ਸਕਦੀਆਂ ਹਨ, ਜਿਵੇਂ ਜਦੋਂ ਮਾਂ ਰਸੋਈ ਵਿਚ ਕੰਮ ਕਰਦੀ ਹੈ ਤਾਂ ਆਪਣੀ ਧੀ ਨੂੰ ਕੰਮ ਵਿਚ ਹੱਥ ਵਟਾਉਣ ਲਈ ਆਖ ਸਕਦੀ ਹੈ। ਕੱਪੜੇ ਪ੍ਰੈੱਸ ਕਰਨੇ ਹੋਣ ਜਾਂ ਕੱਪੜੇ ਧੋਣ ਦਾ ਕੰਮ ਹੋਵੇ ਤਾਂ ਰੋਜ਼ ਥੋੜ੍ਹੇ-ਥੋੜ੍ਹੇ ਅਭਿਆਸ ਕਰਦੇ ਉਹ ਇਨ੍ਹਾਂ ਕੰਮਾਂ ਵਿਚ ਪਰਿਪੱਕਤਾ ਹਾਸਿਲ ਕਰ ਲਵੇਗੀ। ਇਸ ਤਰ੍ਹਾਂ ਘਰ ਦੇ ਕੰਮਾਂ 'ਚ ਨਿਪੁੰਨ ਹੋ ਜਾਵੇਗੀ। ਜੇ ਵੇਖਿਆ ਜਾਵੇ ਤਾਂ ਅੱਜ ਦੀ ਔਰਤ ਘਰ ਵੀ ਸੰਭਾਲਦੀ ਹੈ ਤੇ ਨੌਕਰੀ ਵੀ ਕਰਦੀ ਹੈ। ਇਨ੍ਹਾਂ ਦੋਹਾਂ ਕੰਮਾਂ ਵਿਚ ਉਹ ਸੰਤੁਲਨ ਤਾਂ ਹੀ ਬਣਾ ਸਕਦੀ ਹੈ ਜੇ ਉਹ ਆਪਣੇ ਕੰਮ ਵਿਚ ਨਿਪੁੰਨ ਹੋਵੇਗੀ। ਇਕ ਪੜ੍ਹੀ-ਲਿਖੀ ਨੌਕਰੀ ਪੇਸ਼ਾ ਔਰਤ ਇਕ ਚੰਗੀ ਸੁਆਣੀ ਵੀ ਹੋਣੀ ਚਾਹੀਦੀ ਹੈ। ਜੋ ਉਸ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਗਾਉਣ ਦੇ ਬਰਾਬਰ ਹੈ। ਕੁਝ ਪਰਿਵਾਰਾਂ ਵਿਚ ਘਰੇਲੂ ਕੰਮ ਇਸ ਕਰਕੇ ਨਹੀਂ ਸਿਖਾਇਆ ਜਾਂਦਾ ਕਿ ਸਾਰੀ ਉਮਰ ਕੰਮ ਹੀ ਕਰਨਾ ਹੈ। ਘਰ ਦੇ ਕੰਮ ਕਰਨ ਜਾਂ ਸਿੱਖਣ ਨੂੰ ਹੇਠੀ ਨਹੀਂ ਸਮਝਣਾ ਚਾਹੀਦਾ।

-ਹਰਦੀਪ ਕੌਰ ਜੋਸਨ