04-05-2024
ਢਾਡੀ ਪਰੰਪਰਾ ਦੇ ਪ੍ਰਚਾਰਕ ਸਿਤਾਰੇ
ਲੇਖਕ : ਬਲਬੀਰ ਸਿੰਘ ਚੰਗਿਆੜਾ
ਸੰਪਾਦਕ : ਦਿਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 250 ਰੁਪਏ, ਸਫ਼ੇ : 232
ਸੰਪਰਕ : 98148-98570
ਗੁਰੂ ਸਾਹਿਬ ਸਮੇਂ ਤੋਂ ਹੀ ਗੁਰਬਾਣੀ ਕੀਰਤਨ ਅਤੇ ਸ਼ਬਦ ਗਾਇਨ ਕਰਨ ਦੀਆਂ ਬਹੁਤ ਸਾਰੀਆਂ ਵਿਧਾਵਾਂ ਪ੍ਰਚਲਿਤ ਹਨ। ਢਾਡੀ ਕਲਾ ਵੀ ਪੁਰਾਤਨ ਸਮੇਂ ਤੋਂ ਹੀ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਭਰਪੂਰ ਯੋਗਦਾਨ ਪਾ ਰਹੀ ਹੈ। ਹਥਲੀ ਪੁਸਤਕ ਦੇ ਲੇਖਕ ਹੰਢੇ ਹੋਏ ਪ੍ਰਚਾਰਕ ਹੋਣ ਦੇ ਨਾਲ-ਨਾਲ ਸਫ਼ਲ ਬੁਲਾਰੇ ਵਜੋਂ ਵੀ ਉਨ੍ਹਾਂ ਦਾ ਸਤਿਕਾਰ ਹਰ ਪੰਥਕ ਆਗੂ ਕਰਦਾ ਰਿਹਾ ਹੈ। ਲੇਖਕ ਨੇ ਬੜੀ ਸਖ਼ਤ ਮਿਹਨਤ ਨਾਲ ਇਸ ਪੁਸਤਕ ਵਿਚ ਪੰਜ ਦਰਜਨ ਉੱਚ ਕੋਟੀ ਦੇ ਢਾਡੀਆਂ ਅਤੇ ਦੋ ਦਰਜਨ ਦੇ ਲਗਭਗ ਗੁਰਮਤਿ ਦੇ ਪ੍ਰਚਾਰਕਾਂ ਦੇ ਜੀਵਨ ਉੱਪਰ ਪੰਛੀ ਝਾਤ ਪਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸ ਪੁਸਤਕ ਦੇ ਸੰਪਾਦਕ ਦਿਲਜੀਤ ਸਿੰਘ ਬੇਦੀ ਜੋ ਸਫ਼ਲ ਸਿੱਖ ਚਿੰਤਕ, ਲੇਖਕ ਅਤੇ ਯੋਗ ਪ੍ਰਬੰਧਕ ਹਨ, ਨੇ ਪੁਸਤਕ ਵਿਚ ਸ਼ਾਮਿਲ ਸਫ਼ਲ ਢਾਡੀ ਅਤੇ ਪ੍ਰਚਾਰਕ ਨੂੰ ਉਸ ਦੇ ਰੁਤਬੇ ਮੁਤਾਬਿਕ ਲੜੀ ਵਿਚ ਪ੍ਰੋਣ ਦੇ ਫ਼ਰਜ਼ ਨੂੰ ਨਿਭਾਇਆ ਹੈ। ਗੁਰਮਤਿ ਸੰਗੀਤ ਅਤੇ ਢਾਡੀ ਕਲਾ ਨਾਲ ਪਿਆਰ ਕਰਨ ਵਾਲੇ ਸੰਤ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲਿਆਂ ਵਲੋਂ ਸੰਸਾਰ ਤੋਂ ਵਿਦਾ ਹੋਣ ਵਾਲੇ ਪ੍ਰਚਾਰਕਾਂ ਤੇ ਢਾਡੀਆਂ ਦੇ ਪਿੰਡਾਂ/ਸ਼ਹਿਰਾਂ ਵਿਚ ਜਾ ਕੇ ਉਨ੍ਹਾਂ ਦੀ ਯਾਦ ਵਿਚ ਸਮਾਗਮ ਕਰਕੇ ਅਤੇ ਉਤਸ਼ਾਹਤ ਕਰਨ ਦਾ ਸਫ਼ਲ ਉਪਰਾਲਿਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਪੁਸਤਕ ਦੇ ਆਰੰਭ ਵਿਚ ਲੇਖਕ ਵਲੋਂ ਪੁਸਤਕ ਸੰਬੰਧੀ ਵਿਸਥਾਰ ਸਾਹਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਤੋਂ ਅਗਲੇ ਹਿੱਸੇ ਵਿਚ ਪੁਸਤਕ ਦੇ ਸੰਪਾਦਕ ਦਿਲਜੀਤ ਸਿੰਘ ਬੇਦੀ ਨੇ 'ਭਾਈ ਚੰਗਿਆੜਾ ਵਿਸ਼ਵ ਦਾ ਪ੍ਰਚਾਰਕ ਕਿਵੇਂ ਬਣਿਆ?' ਲੇਖ ਵਿਚ ਲੇਖਕ ਦੇ ਜੀਵਨ ਪਰਿਵਾਰ ਅਤੇ ਪੰਥਕ ਪਿਆਰ ਦਾ ਜ਼ਿਕਰ ਬੜੇ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਇਸ ਤੋਂ ਅੱਗੇ ਵਿਦਵਾਨ ਲੇਖਕ ਸੰਤੋਖ ਸਿੰਘ ਸਿਡਨੀ ਨੇ 'ਸਿੱਖ ਧਰਮ ਦੇ ਪ੍ਰਚਾਰਕ ਦਾ ਧਰੂ ਤਾਰਾ' ਲੇਖ ਵਿਚ ਲੇਖਕ ਦੇ ਮੁਢਲੇ ਜੀਵਨ ਤੋਂ ਸਫ਼ਰ ਨੂੰ ਬਿਆਨਿਆ ਹੈ। ਇਸ ਤੋਂ ਬਾਅਦ ਰਘਬੀਰ ਸਿੰਘ ਚੰਗਾਲ ਨੇ 'ਸਿੱਖ ਇਤਿਹਾਸ ਵਿਚ ਢਾਡੀ ਕਲਾ ਦਾ ਵਿਸ਼ੇਸ਼ ਮਹੱਤਵ' ਵਿਚ ਢਾਡੀ ਕਲਾ ਦੇ ਯੋਗਦਾਨ ਸੰਬੰਧੀ ਵਿਚਾਰਾਂ ਦੀ ਸਾਂਝ ਵੀ ਕੀਤੀ ਹੈ। ਸਮੁੱਚੀ ਪੁਸਤਕ ਦਾ ਅਧਿਐਨ ਕਰਨ ਤੋਂ ਪਿੱਛੋਂ ਪਾਠਕ ਇਸ ਵਿਚਾਰ ਨਾਲ ਮੁਤਫ਼ਿਕ ਹੋਣਗੇ ਕਿ ਢਾਡੀ ਕਲਾ ਗੁਰਮਤਿ ਦਾ ਅਨਿੱਖੜਵਾਂ ਅੰਗ ਹੈ। ਢਾਡੀ ਕਲਾ ਅਜਿਹੀ ਕਲਾ ਹੈ, ਜਿਸ ਦਾ ਪੰਜਾਬ ਦੇ ਸੱਭਿਆਚਾਰ ਤੇ ਸੰਸਕ੍ਰਿਤੀ ਨਾਲ ਵੀ ਡੂੰਘਾ ਸੰਬੰਧ ਹੈ। 'ਢਾਡੀ' ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿਚ ਵੀ ਅੰਕਿਤ ਹੈ।
ਪੁਸਤਕ ਵਿਚ ਹੁਣ ਤੱਕ ਇਕ ਸਦੀ ਵਿਚ ਹੋ ਚੁੱਕੇ ਅਤੇ ਮੌਜੂਦਾ ਢਾਡੀਆਂ ਦੀ ਮੰਤਰ-ਮੁਗਧ ਕਰਨ ਵਾਲੀ ਢਾਡੀ ਕਲਾ ਅਤੇ ਪ੍ਰਚਾਰਕਾਂ ਵਲੋਂ ਸਰੋਤਿਆਂ ਨੂੰ ਗੁਰਮਤਿ ਦੀਆਂ ਸੁਹਝ-ਰਮਜ਼ਾਂ ਨੂੰ ਸਮਝਾਉਣ ਲਈ ਸਫ਼ਲ-ਬੁਲਾਰੇ ਵਜੋਂ ਕੀਤੀ ਪੇਸ਼ਕਾਰੀ ਦਾ ਵਰਨਣ ਵੀ ਮਿਲਦਾ ਹੈ। ਸਫ਼ਲ ਢਾਡੀਆਂ ਵਿਚ 'ਗਿਆਨੀ ਸੋਹਣ ਸਿੰਘ ਸੀਤਲ', 'ਗਿਆਨੀ ਦਇਆ ਸਿੰਘ ਦਿਲਬਰ', 'ਗਿਆਨੀ ਕੁਲਵੰਤ ਸਿੰਘ ਬੀ.ਏ.', 'ਗਿਆਨੀ ਨਰਾਇਣ ਸਿੰਘ ਚੰਦਨ' ਤੋਂ ਲੈ ਕੇ ਮੌਜੂਦਾ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਢਾਡੀ ਬਲਦੇਵ ਸਿੰਘ ਐਮ.ਏ., ਗਿਆਨੀ ਚਰਨ ਸਿੰਘ ਆਲਮਗੀਰ ਸਮੇਤ ਹਰ ਸਫ਼ਲ ਅਤੇ ਅਲਫ਼ਾਜਾਂ ਦੇ ਜਾਦੂਗਰ ਢਾਡੀਆਂ ਅਤੇ ਪ੍ਰਚਾਰਕਾਂ ਨੂੰ ਪਾਠਕਾਂ ਦੇ ਸਨਮੁੱਖ ਕਰਕੇ ਲੇਖਕ ਬਲਬੀਰ ਸਿੰਘ ਚੰਗਿਆੜਾ ਨੇ ਕੁੱਜੇ ਵਿਚ ਸਮੁੰਦਰ ਬੰਦ ਕਰਨ ਦਾ ਯਤਨ ਕੀਤਾ ਹੈ। ਪੁਸਤਕ ਵਿਚ ਅਨੇਕਾਂ ਤਸਵੀਰਾਂ ਅਤੇ ਢਾਡੀਆਂ ਦੇ ਸੰਪਰਕ ਨੰਬਰ ਦੇ ਕੇ ਸਰੋਤਿਆਂ ਦੇ ਮਨ ਦੀ ਬੁੱਝੀ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਸਿੱਖ ਧਰਮ ਦੇ ਵਾਧੇ ਦਾ ਉਪਰਾਲਾ ਅਤੇ ਵਿਧੀ
ਲੇਖਕ : ਪਰਕਾਸ਼ ਸਿੰਘ
ਪ੍ਰਕਾਸ਼ਕ : ਲੇਖਕ ਖ਼ੁਦ
ਸਫ਼ੇ : 80
ਸੰਪਰਕ : 98150-10317
ਸ. ਪਰਕਾਸ਼ ਸਿੰਘ ਲੇਖਕ ਦਾ ਵਿਚਾਰ ਹੈ ਕਿ ਸਿੱਖੀ ਦੇ ਵਿਕਾਸ ਲਈ ਹਰ ਸਿੱਖ ਦੀ ਪ੍ਰਬਲ ਇੱਛਾ ਹੋਣੀ ਚਾਹੀਦੀ ਹੈ। ਇਸ ਲਈ ਦਿਮਾਗ਼, ਨੇਤਰ ਅਤੇ ਕੰਨਾਂ ਦੁਆਰਾ ਸੇਵਾ ਦੀ ਵਧੇਰੇ ਲੋੜ ਹੈ। ਗੁਰਬਾਣੀ ਦਿਮਾਗ਼ ਨਾਲ ਸੋਚਣ, ਅੱਖਾਂ ਰਾਹੀਂ ਦੇਖਣ ਅਤੇ ਕੰਨਾਂ ਰਾਹੀਂ ਸੁਣਨ ਦੀ ਪ੍ਰੇਰਨਾ ਦਿੰਦੀ ਹੈ। ਲੇਖਕ ਨੇ ਦਿਮਾਗ, ਨੇਤਰਾਂ ਅਤੇ ਕੰਨਾਂ ਦੀ ਸ਼ਕਤੀ ਵਾਲੇ ਦਸਵੰਧ ਨੂੰ ਇਸ ਪਾਸੇ ਲਗਾਉਣ 'ਤੇ ਜ਼ੋਰ ਦਿੱਤਾ ਹੈ। ਜੋ ਪ੍ਰਚਾਰ ਅਸੀਂ ਲੱਖਾਂ, ਕਰੋੜਾਂ ਰੁਪਏ ਕੀਰਤਨ ਦਰਬਾਰਾਂ, ਨਗਰ ਕੀਰਤਨਾਂ ਅਤੇ ਲੰਗਰਾਂ ਤੇ ''ਆਪਣੇ ਵਲੋਂ ਸਫਲ ਜਾਣ ਕੇ'' ਕਰ ਰਹੇ ਹਾਂ, ਉਹ ਕਰੋੜਾਂ ਰੁਪਏ ਦਾ ਦਸਵੰਧ, ਇੱਛਾ ਸ਼ਕਤੀ, ਦਿਮਾਗ, ਨੇਤਰ ਅਤੇ ਕੰਨਾਂ ਰਾਹੀਂ ਸਿੱਖੀ 'ਚ ਆ ਰਹੇ ਨਿਘਾਰ ਨੂੰ ਠੱਲ ਪਾਉਣ ਵੱਲ ਲਾਉਣਾ ਚਾਹੀਦਾ ਹੈ। ਕਿਤਾਬਚੇ ਵਿਚ 21 ਸਿਰਲੇਖ ਦਰਜ ਹਨ ਅਤੇ ਸੰਬੰਧਿਤ ਵਿਸ਼ੇ ਬਾਰੇ ਹੱਲ ਲੱਭਣ ਦੀ ਪ੍ਰੇਰਨਾ ਕੀਤੀ ਹੈ। ਕਿਤਾਬ ਵਿਚ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਵਿਚ ਵੀ ਵਿਚਾਰ ਲਿਖੇ ਹਨ। ਹਰ ਚੈਪਟਰ ਵਿਚ, ਸਿੱਖੀ ਬਾਰੇ ਕੀਮਤੀ ਸੁਝਾਓ ਹਨ ਜੋ ਪੁਸਤਕ 'ਚੋਂ ਪੜ੍ਹਨ 'ਤੇ ਹੀ ਸਿੱਖੀ ਖ਼ਜ਼ਾਨੇ ਦੀ ਸਮਝ ਪੈ ਸਕਦੀ ਹੈ। ਕਿਤਾਬ ਦੀ ਵੱਡੀ ਵਿਸ਼ੇਸ਼ਤਾ ਹੈ, ਭਾਸ਼ਾ ਬਹੁਤ ਸਰਲ ਹੈ। ਸਿੱਖ ਧਰਮ ਦੇ ਫੈਲਾਓ ਲਈ ਰਸਤੇ ਤ੍ਰਾਸ਼ਣ ਲਈ ਸ਼੍ਰੋਮਣੀ ਕਮੇਟੀ, ਕੇਂਦਰੀ ਸਿੰਘ ਸਭਾ, ਸਥਾਨਕ ਗੁਰਦੁਆਰਾ ਕਮੇਟੀਆਂ, ਕਾਰ ਸੇਵਾ ਵਾਲੇ ਬਾਬੇ, ਰਾਗੀ ਵੀਰਾਂ, ਡੇਰੇ ਦੇ ਮੁਖੀਆਂ, ਬੁੱਧੀਜੀਵੀ ਸਿੰਘਾਂ ਨੂੰ ਸੁਲਝੇ ਹੋਏ ਪ੍ਰੇਰਕ ਸ਼ਬਦਾਂ ਨਾਲ ਪ੍ਰੇਰਨਾ ਕੀਤੀ ਹੈ। ਇਹ ਕਿਤਾਬਚਾ ਸ਼ਰਧਾਵਾਨ ਸਿੱਖ ਨੇ ਸਿੱਖੀ ਦੇ ਵਿਕਾਸ ਦੀ ਲੋਚਾ ਲਈ ਲਿਖਿਆ ਹੈ। ਸਿੱਖ ਧਰਮ ਦਾ ਇਤਿਹਾਸ ਲਾਸਾਨੀ ਹੈ, ਪਰ ਇਸ ਦੇ ਬਾਵਜੂਦ ਇਹ ਧਰਮ ਬਹੁਤ ਘੱਟ ਪ੍ਰਫੁੱਲਿਤ ਹੋਇਆ। ਹਥਲੀ ਪੁਸਤਕ ਸਿੱਖ ਸੰਗਤ ਨੂੰ ਸਿੱਖ ਧਰਮ ਵਿਚ ਆਏ ਨਿਘਾਰ ਦਾ ਵਿਸ਼ਲੇਸ਼ਣ ਕਰਨ ਅਤੇ ਇਸ ਨਿਘਾਰ ਨੂੰ ਰੋਕਣ ਦੀ ਪੁਰਜ਼ੋਰ ਅਪੀਲ ਕਰਦੀ ਹੈ। ਸਿੱਖ ਧਰਮ ਦੇ ਆਰਥਿਕ, ਸਮਾਜਿਕ, ਧਾਰਮਿਕ, ਸਿੱਖਿਆ ਸੰਬੰਧੀ ਅਤੇ ਭਾਸ਼ਾਈ ਵਿਕਾਸ ਲਈ ਇਕ ਸਿੱਖ ਦੇ ਕੀ ਫਰਜ ਹਨ, ਪ੍ਰਤੀ ਹਲੂਣਾ ਦਿੰਦੀ ਹੈ। ਲੇਖਕ ਦਾ ਨਿੱਜੀ ਵਿਚਾਰ ਹੈ ਕਿ ਸਿੱਖ ਧਰਮ ਨਾ ਬਹੁਤਾ ਫੈਲਿਆ ਹੈ, ਨਾ ਫੈਲ ਰਿਹਾ ਹੈ, ਸਗੋਂ ਦਿਨ-ਬਦਿਨ ਘੱਟਦਾ ਜਾ ਰਿਹਾ ਹੈ। ਸਿੱਖ ਧਰਮ ਵਿਚ ਜੋ ਤਨ, ਮਨ, ਧਨ ਨਾਲ ਸੇਵਾ ਕਰੇ, ਉਸ ਨੂੰ ਬਹੁਤ ਵਡਿਆਈ ਦਿੱਤੀ ਜਾਂਦੀ ਹੈ। ਪਰ ਇਸ ਦੇ ਨਾਲ-ਨਾਲ ਸਿੱਖ ਧਰਮ ਵਿਚ ਦਿਮਾਗ, ਅੱਖਾਂ ਅਤੇ ਕੰਨਾਂ ਨਾਲ ਸੇਵਾ ਕਰਨ ਦੀ ਮਨਾਹੀ ਕੋਈ ਨਹੀਂ ਸਗੋਂ ਸਿੱਖ ਧਰਮ ਵਿਚ ਦਿਮਾਗ ਨਾਲ ਸੋਚਣ ਦੀ, ਅੱਖਾਂ ਰਾਹੀਂ ਦੇਖਣ ਅਤੇ ਕੰਨਾਂ ਰਾਹੀਂ ਸੁਣਨ ਵਾਸਤੇ ਪ੍ਰੇਰਨਾ ਦਿੱਤੀ ਗਈ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਡਾ. ਜਗਤਾਰ
ਦੀਆਂ ਗ਼ਜ਼ਲਾਂ ਵਿਚ ਖ਼ੂਬੀਆਂ ਤੇ ਅਲੰਕਾਰ
ਲੇਖਕ : ਨਿਸ਼ਾਨ ਸਿੰਘ ਜੌਹਲ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 176
ਸੰਪਰਕ : 94179-66662
ਪੰਜਾਬੀ ਗ਼ਜ਼ਲ ਸਾਹਿਤ ਵਿਚ ਸੰਤੁਲਿਤ ਸਮੀਖਿਆ ਦੀ ਘਾਟ ਰਹੀ ਹੈ। ਇਸ ਦੇ ਸਮੁੱਚ ਦੀ ਥਾਂ ਇਕ ਪਾਸੜ ਸਮੀਖਿਆ ਨੇ ਨਿਰਣਾਇਕ ਸਿੱਟੇ ਨਹੀਂ ਕੱਢੇ। ਗ਼ਜ਼ਲ ਦੀ ਸਵੀਕ੍ਰਿਤੀ ਅਨੁਸਾਰ ਆਲੋਚਕਾਂ ਨੇ ਇਸ ਨੂੰ ਬਣਦਾ ਸਥਾਨ ਵੀ ਨਹੀਂ ਦਿੱਤਾ। ਉਂਜ ਇਸ ਖ਼ੇਤਰ ਵਿਚ ਥੋੜ੍ਹਾ-ਬਹੁਤਾ ਕੰਮ ਹੋਇਆ ਹੈ, ਜਿਸ ਦੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ। ਡਾ. ਜਗਤਾਰ ਪੰਜਾਬੀ ਗ਼ਜ਼ਲ ਦੀ ਇਕ ਮਿੱਥ ਹੈ, ਜਿਸ ਨੂੰ ਮੌਜੂਦਾ ਦੌਰ 'ਤੇ ਭਵਿੱਖ ਵਿਚ ਤੋੜ ਸਕਣਾ ਨਾਮੁਮਕਿਨ ਹੈ। ਨਵੇਂ ਪੁਰਾਣੇ ਅਨੇਕਾਂ ਗ਼ਜ਼ਲਕਾਰਾਂ ਦੀ ਉਹ ਪ੍ਰੇਰਨਾ ਰਿਹਾ ਹੈ ਤੇ ਡਾ. ਜਗਤਾਰ ਨੇ ਬਹੁਤਿਆਂ ਦੀ ਗ਼ਜ਼ਲਕਾਰੀ ਨੂੰ ਪ੍ਰਭਾਵਿਤ ਵੀ ਕੀਤਾ ਹੈ। ਉਸ ਦੀਆਂ ਗ਼ਜ਼ਲਾਂ 'ਤੇ ਅਨੇਕਾਂ ਖੋਜ-ਕਾਰਜ ਹੋਏ ਹਨ ਤੇ ਲੇਖ ਛਾਪੇ ਗਏ ਹਨ। ਨਿਸ਼ਾਨ ਸਿੰਘ ਜੌਹਲ ਨੇ ਗ਼ਜ਼ਲ ਦੀਆਂ ਖੂਬੀਆਂ ਤੇ ਅਲੰਕਾਰਾਂ 'ਤੇ ਕਾਫ਼ੀ ਕੰਮ ਕੀਤਾ ਹੈ ਤੇ ਇਸ ਪੁਸਤਕ ਨੂੰ ਉਸ ਨੇ ਡਾ. ਜਗਤਾਰ ਦੀਆਂ ਗ਼ਜ਼ਲਾਂ ਵਿਚ ਖੂਬੀਆਂ ਤੇ ਅਲੰਕਾਰਾਂ 'ਤੇ ਕੇਂਦਰਿਤ ਕੀਤਾ ਹੈ। ਪੁਸਤਕ ਦੇ ਪਹਿਲੇ ਹਿੱਸੇ ਵਿਚ ਵਿਸ਼ੇ ਨਾਲੋਂ ਹਟ ਕੇ ਵੀ ਸੰਵਾਦ ਛੇੜੇ ਗਏ ਹਨ। 'ਦੀਪਕ ਗ਼ਜ਼ਲ ਸਕੂਲ' ਸੰਬੰਧੀ ਇਕ ਵਿਸ਼ੇਸ਼ ਭਾਗ ਮੁਕੰਮਲ ਦਸਤਾਵੇਜ਼ ਹੈ, ਜੋ ਭਵਿੱਖ ਵਿਚ ਖੋਜੀਆਂ ਦੇ ਜ਼ਰੂਰ ਕੰਮ ਆਵੇਗਾ। 'ਗ਼ਜ਼ਲ ਦੇ ਸਿਰਲੇਖ ਬਾਰੇ', 'ਉਸਤਾਦ ਦੀ ਪਰੰਪਰਾ ਕਿਉਂ ਜ਼ਰੂਰੀ' ਤੇ ਇਸ ਸਕੂਲ ਬਾਰੇ ਵਿਸਤ੍ਰਿਤ ਜਾਣਕਾਰੀ ਇਸ ਪੁਸਤਕ ਦਾ ਹਾਸਲ ਹਨ। ਅਗਲੇ ਹਿੱਸੇ ਵਿਚ ਡਾ. ਜਗਤਾਰ ਦੀਆਂ ਗ਼ਜ਼ਲਾਂ ਵਿਚ ਖ਼ੂਬੀਆਂ ਤੇ ਅਲੰਕਾਰਾਂ ਦੀ ਚਰਚਾ ਕੀਤੀ ਗਈ ਹੈ। ਪੁਸਤਕ ਵਿਚ ਵੱਖ-ਵੱਖ ਵਿਦਵਾਨਾਂ ਦੀ ਦ੍ਰਿਸ਼ਟੀ ਤੋਂ ਖੂਬੀ ਤੇ ਅਲੰਕਾਰਾਂ ਦੀਆਂ ਪਰਿਭਾਸ਼ਾਵਾਂ ਦਾ ਵਿਸ਼ੇਸ਼ ਵਰਨਣ ਕੀਤਾ ਗਿਆ ਹੈ। ਸ਼ਿਅਰਾਂ ਵਿਚ ਖ਼ੂਬੀਆਂ ਦੀਆਂ ਕਿਸਮਾਂ ਬਾਰੇ ਚਰਚਾ ਪਹਿਲਾਂ ਵੀ ਹੋਈ ਹੈ ਪਰ ਇਸ ਪੁਸਤਕ ਵਿਚ ਨਿੱਠ ਕੇ ਲਿਖਿਆ ਗਿਆ ਹੈ ਜੋ ਨਵੇਂ ਗ਼ਜ਼ਲਕਾਰਾਂ ਲਈ ਸਹਾਈ ਹੋ ਸਕਦਾ ਹੈ। ਡਾ. ਜਗਤਾਰ ਦੀ ਗ਼ਜ਼ਲਕਾਰੀ ਦੇ ਵੱਡੇ ਹਿੱਸੇ ਨੂੰ ਵਿਚਾਰਿਆ ਗਿਆ ਹੈ ਤੇ ਵਧੇਰੇ ਕਰਕੇ ਪ੍ਰਸੰਸਾ ਕੀਤੀ ਗਈ ਹੈ। ਜੌਹਲ ਨੇ ਖ਼ੂਬ ਮਿਹਨਤ ਕੀਤੀ ਹੈ ਤੇ ਉਹ ਮੁਬਾਰਕ ਦਾ ਪਾਤਰ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਸ਼ਮੀਰੋ
ਲੇਖਕ : ਜਨਮੇਜਾ ਸਿੰਘ ਜੌਹਲ
ਪ੍ਰਕਾਸ਼ਕ : ਮੰਜਕੀ ਪੰਜਾਬੀ ਸੱਥ ਭੰਗਾਲਾ, ਜਲੰਧਰ
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 98159-45018
'ਸ਼ਮੀਰੋ' ਜਨਮੇਜਾ ਸਿੰਘ ਜੌਹਲ ਦੀ ਨਵੀਂ ਪੁਸਤਕ ਹੈ, ਜਿਸ ਵਿਚ ਉਸ ਦੀਆਂ 11 ਲਘੂ ਕਹਾਣੀਆਂ ਅਤੇ ਇਕ ਰਾਜਵੰਤ ਸਿੰਘ (ਸਿਡਨੀ) ਦੁਆਰਾ ਲਿਖਿਆ ਜਨਮੇਜਾ ਸਿੰਘ ਜੌਹਲ ਦਾ ਰੇਖਾ-ਚਿੱਤਰ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਵੇਂ ਕਿ ਇਸ ਪੁਸਤਕ ਦਾ ਨਾਂਅ ਹੀ ਸਪੱਸ਼ਟ ਕਰਦਾ ਹੈ ਕਿ 'ਸ਼ਮੀਰੋ' ਕੋਈ ਇਨ੍ਹਾਂ ਕਹਾਣੀਆਂ ਵਿਚਲਾ ਪਾਤਰ ਹੋਵੇਗਾ ਜਾਂ ਫਿਰ ਕਿਸੇ ਇਕ ਕਹਾਣੀ ਵਿਚਲੇ ਪਾਤਰ ਦੇ ਨਾਂਅ 'ਤੇ ਪੁਸਤਕ ਦਾ ਨਾਮਕਰਨ ਕੀਤਾ ਗਿਆ ਹੋਵੇਗਾ। ਇਹ ਗੱਲ ਬਿਲਕੁਲ ਠੀਕ ਹੈ ਕਿ ਇਨ੍ਹਾਂ ਕਹਾਣੀਆਂ ਦਾ ਕੇਂਦਰੀ ਪਾਤਰ 'ਸ਼ਮੀਰੋ' ਨਾਂਅ ਦੀ ਔਰਤ ਹੀ ਹੈ, ਜਿਸ ਨੂੰ ਵੱਖ-ਵੱਖ ਕਹਾਣੀਆਂ ਵਿਚ ਵੱਖਰੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਹੈ। ਉਸ ਦੀਆਂ ਰੀਝਾਂ, ਖਾਹਿਸ਼ਾਂ, ਉਸ ਦੇ ਸਮਾਜਿਕ ਰੁਤਬੇ, ਉਸ ਦੇ ਸੁਭਾਅ ਦੀਆਂ ਵੱਖ-ਵੱਖ ਪਰਤਾਂ ਨੂੰ ਇਨ੍ਹਾਂ ਲਘੂ ਕਥਾਵਾਂ ਵਿਚ ਪੇਸ਼ ਕੀਤਾ ਗਿਆ ਹੈ, ਕਿਤੇ ਉਹ ਅੱਲੜ ਸੁਭਾਅ ਦੀ ਨਜ਼ਰੀਂ ਆਉਂਦੀ ਹੈ, ਕਿਤੇ ਗੰਭੀਰ ਅਤੇ ਕਿਧਰੇ ਪਰਿਵਾਰਕ ਝਮੇਲਿਆਂ ਅਤੇ ਦੁਨੀਆਦਾਰੀ ਨਿਭਾਉਂਦੀ ਔਰਤ ਦੇ ਰੂਪ ਵਿਚ ਉਸ ਦਾ ਪਾਤਰ ਚਿਤਰਨ ਕਹਾਣੀਕਾਰ ਦੁਆਰਾ ਕੀਤਾ ਗਿਆ ਹੈ। 'ਸੱਚ ਨਾ ਦੱਸੀਂ' ਵਰਗੀ ਕਹਾਣੀ ਬੇਸ਼ੱਕ ਉਸ ਦੀ ਨਾਂਹਵਾਚੀ ਆਚਰਨ ਦੀ ਪੇਸ਼ਕਾਰੀ ਕਰਦੀ ਹੈ ਕਿ ਉਹ ਝੂਠ ਬੋਲ ਕੇ ਆਪਣੇ ਪਤੀ ਦੀ ਨੌਕਰੀ ਪ੍ਰਾਪਤ ਕਰਦੀ ਹੈ ਪਰ 'ਛੁੱਟੜ' ਵਰਗੀ ਕਹਾਣੀ ਉਸ ਦੀ ਅਤ੍ਰਿਪਤ ਭਾਵਨਾਵਾਂ ਦੀ ਨਿਸ਼ਾਨਦੇਹੀ ਵੀ ਕਰਦੀ ਹੈ। ਇਸ ਪੁਸਤਕ ਦੀਆਂ ਪਹਿਲੀਆਂ ਕਹਾਣੀਆਂ 'ਸ਼ਮੀਰੋ' ਦੀ ਪਾਤਰ ਉਸਾਰੀ ਹੀ ਵੱਖ-ਵੱਖ 'ਕਹਾਣੀ-ਸਿਰਲੇਖ' ਤਹਿਤ ਕਰਦੀਆਂ ਹਨ ਪਰ 'ਮਹੰਤ' ਕਹਾਣੀ 'ਸ਼ਮੀਰੋ' ਦੀ ਜੌੜੀ ਭੈਣ, ਜੋ ਕਿ ਉਸ ਨਾਲੋਂ 15 ਕੁ ਮਿੰਟ ਛੋਟੀ ਸੀ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕਰਦੀ ਹੈ। ਇਹ 'ਬਸ਼ੀਰੋ' ਦੀ ਹੋਣੀ ਨਹੀਂ, ਸਗੋਂ ਬਹੁਤ ਸਾਰੀਆਂ ਔਰਤਾਂ ਦੀ ਹੋਣੀ ਹੈ ਜੋ ਸਮਾਜਿਕ ਤ੍ਰਿਸਕਾਰ ਕਰਕੇ ਆਪਣੇ ਰਾਹ ਆਪ ਲੱਭਦੀਆਂ ਹਨ ਅਤੇ ਜ਼ਿੰਦਗੀ ਭੋਗਦੀਆਂ ਹਨ। 'ਰੂੰਗਾ' ਕਹਾਣੀ ਜਿੱਥੇ-ਜਿੱਥੇ ਬੇਈਮਾਨ ਸਰਕਾਰੀ ਅਧਿਕਾਰੀਆਂ 'ਤੇ ਵਿਅੰਗ ਕਰਦੀ ਕਹਾਣੀ ਉਥੇ ਹੈ, 'ਚੋਰ' ਕਹਾਣੀ ਬੇਸ਼ੱਕ ਛੋਟੀ ਕਹਾਣੀ ਹੈ ਪਰ ਇਕ ਇਤਿਹਾਸਕ ਸਮੇਂ ਨੂੰ ਪਕੜਦੀ ਵਧੀਆ ਕਹਾਣੀ ਹੈ। ਪੁਸਤਕ ਦੇ ਅਖ਼ੀਰ 'ਤੇ ਰਾਜਵੰਤ ਸਿੰਘ ਸਿਡਨੀ ਨੇ ਜਨਮੇਜਾ ਸਿੰਘ ਜੌਹਲ ਦੀ ਸ਼ਖ਼ਸੀਅਤ ਨੂੰ ਪੇਸ਼ ਕਰਦਾ ਉਸ ਦੀ ਕਲਾਤਮਿਕ ਪ੍ਰਤਿਭਾ ਬਾਰੇ ਭਾਵਪੂਰਤ ਰੇਖਾ-ਚਿੱਤਰ ਉਲੀਕਿਆ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਕੁਦਰਤ ਦੇ ਚਾਨਣ
ਲੇਖਕ : ਕੁਲਵਿੰਦਰ ਸਿੰਘ ਬੱਬੂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94653-66353
ਵੱਖ-ਵੱਖ ਵਿਧਾਵਾਂ ਦੀਆਂ ਚਾਰ ਪੁਸਤਕਾਂ ਤੋਂ ਬਾਅਦ ਹਥਲਾ ਕਾਵਿ-ਸੰਗ੍ਰਹਿ 'ਕੁਦਰਤ ਦੇ ਚਾਨਣ' ਪ੍ਰੋ. ਕੁਲਵਿੰਦਰ ਸਿੰਘ ਬੱਬੂ ਦੀ ਪੰਜਵੀਂ ਪ੍ਰਕਾਸ਼ਿਤ ਪੁਸਤਕ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀਆਂ 68 ਖ਼ੂਬਸੂਰਤ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਰਿਸ਼ਤਿਆਂ ਦੀ ਸੰਜੀਦਗੀ ਦੀ ਅਭਿਲਾਸ਼ਾ ਵੀ ਹੈ ਅਤੇ ਇਨਸਾਨੀਅਤ ਦਾ ਦਰਦ ਮਹਿਸੂਸ ਕਰਨ ਦੀ ਸੰਵੇਦਨਾ ਵੀ। ਉਨ੍ਹਾਂ ਦੀਆਂ ਕਵਿਤਾਵਾਂ ਹੰਝੂਆਂ ਨੂੰ ਸੁੱਚੇ ਮੋਤੀ ਸਮਝਣ ਦੇ ਅਹਿਸਾਸ ਨਾਲ ਵੀ ਲਿਬਰੇਜ਼ ਹਨ:
ਹਨੇਰੇ ਰੁਸ਼ਨਾ, ਸੁਸਤ ਜ਼ਮੀਰ ਜਗਾ ਕੇ
ਤਖ਼ਤ ਪਲਟਾ ਦਿੰਦੇ ਦੋ ਹੀ ਹੰਝੂ।
ਪ੍ਰੋ. ਕੁਲਵਿੰਦਰ ਸਿੰਘ ਬੱਬੂ ਦੇ ਮਨ ਵਿਚ ਮਿਹਨਤਕਸ਼ ਲੋਕਾਂ ਲਈ ਅੰਤਾਂ ਦਾ ਦਰਦ ਅਤੇ ਪਿਆਰ ਹੈ। ਉਹ ਚਾਹੁੰਦੇ ਹਨ ਕਿ ਕਿਰਤੀ ਨੂੰ ਉਸ ਦੀ ਮਿਹਨਤ ਦਾ ਫ਼ਲ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜਾਣਾ ਚਾਹੀਦਾ ਹੈ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੁੰਦੀ ਦੇਖ ਕੇ ਉਨ੍ਹਾਂ ਦਾ ਮਨ ਬੜਾ ਬੇਚੈਨ ਹੋ ਜਾਂਦਾ ਹੈ ਅਤੇ ਇਸ ਲੋਕ-ਵਿਰੋਧੀ ਵਰਤਾਰੇ ਨੂੰ ਕਿਸਮਤ ਦਾ ਨਾਂਅ ਦੇਣ ਤੋਂ ਇਨਕਾਰੀ ਹੁੰਦਿਆਂ ਉਹ ਬੜੇ ਬੇਬਾਕ ਢੰਗ ਨਾਲ ਲੁੱਟ-ਰਹਿਤ ਪ੍ਰਬੰਧ ਦੀ ਉਸਾਰੀ ਲਈ ਆਵਾਜ਼ ਬੁਲੰਦ ਕਰਦੇ ਹਨ :
ਪੂੰਜੀਵਾਦੀ ਸਮਾਜ ਅੰਦਰ
ਪਤਾ ਨਹੀਂ ਕਿੰਨੀਆਂ ਹੋਰ ਖਾਣੀਆਂ ਨੇ
ਸਾਡੇ ਹਿੱਸੇ ਦੀਆਂ ਰੋਟੀਆਂ!
ਪ੍ਰੋ. ਕੁਲਵਿੰਦਰ ਸਿੰਘ ਬੱਬੂ ਇਤਿਹਾਸ ਅਤੇ ਮਿਥਿਹਾਸ ਦੇ ਬਿਰਤਾਂਤ ਵਿਚੋਂ ਸ਼ਬਦਾਵਲੀ ਸਿਰਜ ਕੇ ਲੋਕ ਮਨਾਂ ਨਾਲ ਸੰਵਾਦ ਰਚਾਉਣ ਦੀ ਮੁਹਾਰਤ ਰੱਖਦੇ ਹਨ। ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਉਹ ਵਿਹਾਰਕ ਰੂਪ ਵਿਚ ਲਾਗੂ ਹੋਇਆ ਦੇਖਣਾ ਚਾਹੁੰਦੇ ਹਨ। ਉਨ੍ਹਾਂ ਦੀ ਕਵਿਤਾ ਰਿਸ਼ਤਿਆਂ-ਨਾਤਿਆਂ ਵਿਚਲੀ ਅਪਣੱਤ ਦੀ ਬਹਾਲੀ ਅਤੇ ਜਿੱਤਾਂ-ਹਾਰਾਂ ਤੋਂ ਪਾਰ ਜਾ ਕੇ ਮੁਹੱਬਤਾਂ ਦੀ ਜੋਤ ਜਗਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੰਵੇਦਨਸ਼ੀਲਤਾ ਅਤੇ ਮਿਲਵਰਤਣ ਭਰਪੂਰ ਮਾਨਵੀ ਗੁਣ ਸੰਸਾਰ ਦੀ ਖ਼ੂਬਸੂਰਤੀ ਲਈ ਬੇਹੱਦ ਜ਼ਰੂਰੀ ਹਨ। ਉਮੀਦ ਹੈ ਕਿ ਲੋਕ ਮਨਾਂ ਦੇ ਵਿਗਿਆਨ ਦੀ ਸੂਖਮ ਸੂਝ-ਬੂਝ ਰੱਖਣ ਵਾਲੀ ਇਹ ਕਲਿਆਣਕਾਰੀ ਕਵਿਤਾ ਪੰਜਾਬੀ ਪਾਠਕਾਂ ਦੀ ਕਸੌਟੀ 'ਤੇ ਜ਼ਰੂਰ ਖਰੀ ਉੱਤਰੇਗੀ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਦਰੀਚਾ-ਏ-ਦਸਤਾਰ
ਲੇਖਕ : ਡਾ. ਆਸਾ ਸਿੰਘ ਘੁੰਮਣ
ਪ੍ਰਕਾਸ਼ਕ : ਯੂਰਪੀਅਨ ਪੰਜਾਬੀ ਸੱਥ, ਯੂ.ਕੇ.
ਮੁੱਲ : 200 ਰੁਪਏ, ਸਫ਼ੇ : 159
ਸੰਪਰਕ : 97798-53245
ਵਿਚਾਰਾਧੀਨ ਪੁਸਤਕ ਦਸਤਾਰ ਸੰਬੰਧੀ ਵਿਭਿੰਨ ਦ੍ਰਿਸ਼ਟੀਕੋਨ ਤੋਂ ਚਰਚਾ ਕਰਦੀ ਇਕ ਵਿਲੱਖਣ ਪੁਸਤਕ ਹੈ। ਆਰੰਭ ਵਿਚ ਹੀ ਲੇਖਕ ਨੇ ਦਸਤਾਰ ਸੰਬੰਧੀ ਵਿਸ਼ਵ ਪੱਧਰ ਦੇ ਹਵਾਲਿਆਂ ਨਾਲ ਵਿਭਿੰਨ ਮੁਲਕਾਂ ਦੇ ਸੱਭਿਆਚਾਰ ਵਿਚ ਇਸ ਦੀ ਹੋਂਦ ਇਸ ਦੇ ਅਨੇਕ ਨਾਵਾਂ ਦਾ ਇਤਿਹਾਸ ਉਲੀਕਿਆ ਹੈ। ਇਸ ਕਿਤਾਬ ਦੀ ਖੋਜ ਦੀ ਦ੍ਰਿਸ਼ਟੀ ਤੋਂ ਤਿੰਨ ਭਾਗਾਂ ਵਿਚ ਵੰਡ ਕੀਤੀ ਹੈ ਜਿਵੇਂ : 'ਦਸਤਾਰ ਦਾ ਧਾਰਮਿਕ ਮਹੱਤਵ, ਸਾਹਿਤਕ ਅਤੇ ਸੱਭਿਆਚਾਰਕ ਪੱਖ, ਦੇਸ਼-ਵਿਦੇਸ਼ ਵਿਚ ਛਪ ਚੁੱਕੇ' ਆਦਿ। ਪਹਿਲੇ ਭਾਗ ਵਿਚ ਗੁਰਬਾਣੀ ਵਿਚ ਆਏ ਸ਼ਬਦਾਂ (ਪੱਗ, ਪਾਗ, ਪਗੜੀ, ਦਸਤਾਰ) ਬਾਰੇ ਡੂੰਘੇ ਅਰਥਾਂ ਬਾਰੇ ਸਮਝਾਇਆ ਹੈ। ਭਾਈ ਮਿਹਰਬਾਨ ਦੀ ਸਾਖੀ, ਭਾਈ ਗੁਰਦਾਸ ਦੀ ਵਾਰ ਤੋਂ ਬਿਨਾਂ ਹੋਰ ਉਦਾਹਰਨਾਂ ਰਾਹੀਂ ਅੰਗੋਛਾ, ਪਟਕਾ, ਦਸਤਾਰ ਆਦਿ ਦੇ ਮੈਟਰਾਫਰਾਂ ਦੇ ਪ੍ਰਯੋਗ ਰਾਹੀਂ ਪਗੜੀ ਦਾ ਮਹੱਤਵ ਉਜਾਗਰ ਕੀਤਾ ਹੈ। ਹਰ ਰਹਿਤਨਾਮੇ ਵਿਚੋਂ ਦਸਤਾਰ ਦੇ ਮਹੱਤਵ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਵੱਖ-ਵੱਖ ਵਿਦਵਾਨਾਂ ਦੀਆਂ ਰਾਵਾਂ, ਅਨੇਕਾਂ ਸ਼ਬਦ-ਕੋਸ਼ਾਂ ਦੇ ਹਵਾਲੇ ਦੇ ਕੇ ਪ੍ਰਮਾਣਿਤ ਜਾਣਕਾਰੀ ਦਿੱਤੀ ਗਈ ਹੈ। ਇੰਝ ਨਤੀਜੇ ਵਜੋਂ ਪਹਿਲੇ ਭਾਗ ਦੇ ਅੰਤ 'ਤੇ ਨਿਰਣਾਜਨਕ ਗੱਲ ਕੀਤੀ ਗਈ ਹੈ। 'ਦਸਤਾਰ ਇਕ ਪਰੰਪਰਾ ਵੀ ਹੈ, ਰੀਤ ਵੀ ਹੈ, ਫੈਸ਼ਨ ਵੀ ਹੈ, ਸੱਭਿਆਚਾਰਕ ਅਤੇ ਮੌਸਮੀ ਪਹਿਰਾਵਾ ਵੀ ਪਰ ਮੁੱਖ ਤੌਰ 'ਤੇ ਧਾਰਮਿਕ ਅਮਲ ਹੈ।' ਪੰਨਾ 50. ਦੂਜੇ ਭਾਗ ਵਿਚ, ਸੋਲਾਂ ਪੰਨਿਆਂ ਵਿਚ ਵੱਖ-ਵੱਖ ਸਤਿਕਾਰਿਤ ਸ਼ਖ਼ਸੀਅਤਾਂ ਦੀਆਂ ਤਕਰੀਬਨ 48 ਰੰਗੀਨ ਤਸਵੀਰਾਂ ਦੇ ਕੇ ਦਸਤਾਰ ਦਾ ਮਹੱਤਵ ਪ੍ਰਮਾਣੀਕ੍ਰਿਤ ਕੀਤਾ ਹੈ। ਪੰਜਾਬੀ ਕਿੱਸਿਆਂ ਵਿਚ ਖ਼ਾਸ ਤੌਰ 'ਤੇ ਮੁਸਲਿਮ ਸਮਾਜ ਵਿਚ ਪੱਗ, ਪਗੜੀ, ਚੀਰੇ, ਦਸਤਾਰ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਇਹ ਸਿਰ-ਵਸਤਰ ਪੰਜਾਬੀਆਂ ਦਾ ਫੈਸ਼ਨ ਰਿਹਾ ਹੈ। ਪੰਜਾਬੀ ਦੇ ਕਾਵਿ-ਸਾਹਿਤ ਵਿਚ ਅੰਮ੍ਰਿਤਾ ਪ੍ਰੀਤਮ, ਪ੍ਰੋ. ਪੂਰਨ ਸਿੰਘ, ਸੁਰਜੀਤ ਪਾਤਰ ਅਤੇ ਸੁਖਵਿੰਦਰ ਅੰਮ੍ਰਿਤ ਵਲੋਂ ਪਗੜੀ ਨੂੰ ਰੂਪਮਾਨ ਕਰਨ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਹਨ। 'ਗ਼ਜ਼ਲ ਗੁਲਜ਼ਾਰ ਵਾਘਿਓਂ ਪਾਰ' ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਦਸਤਾਰ ਜਜ਼ਬਾਤਾਂ ਦਾ ਵਹਿਣ ਬਣਦੀ ਰਹੀ ਹੈ। ਤੀਜੇ ਭਾਗ ਵਿਚ ਵਿਚ ਨੋਟ ਕੀਤਾ ਗਿਆ ਹੈ ਕਿ ਔਰਤਾਂ ਵਿਚ ਗੋਲ ਦਸਤਾਰ ਸਜਾਉਣ ਦਾ ਰਿਵਾਜ ਵਧ ਰਿਹਾ ਹੈ। ਵੱਡੇ ਅਹੁਦਿਆਂ 'ਤੇ ਕੰਮ ਕਰਨ ਵਾਲੀਆਂ ਔਰਤਾਂ ਦੀ ਸੂਚੀ ਦਿੱਤੀ ਗਈ ਹੈ। ਨੋਬਲ ਪੁਰਸਕਾਰ ਵਿਜੇਤਾ ਡਾ. ਸੀ. ਵੀ. ਰਮਨ ਅਤੇ ਡਾ. ਅਬਦੁਸ ਸਲਾਮ ਪੱਗੜੀ ਵਾਲੀਆਂ ਅਹਿਮ ਸ਼ਖ਼ਸੀਅਤਾਂ ਬਾਰੇ ਸੂਚਿਤ ਕੀਤਾ ਗਿਆ ਹੈ। ਬਰਤਾਨੀਆ ਦੇ ਦਸਤਾਰਧਾਰੀ ਪਾਇਲਟ ਹਰਦਿੱਤ ਸਿੰਘ ਮਲਕ ਨੂੰ ਯਾਦ ਕੀਤਾ ਗਿਆ ਹੈ। ਲੇਖਕ ਨੂੰ ਦੁੱਖ ਹੈ ਕਿ ਕੁਝ ਮੁੰਡੇ ਵਾਲ ਕਟਾ ਕੇ ਪੱਗ ਬੰਨ੍ਹ ਕੇ ਸਮਾਰਟ ਅਖਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੱਗ ਬੰਨ੍ਹਣ ਦੇ ਨਿਯਮ ਇਸਲਾਮ ਧਰਮ ਅਤੇ ਸਿੱਖ ਧਰਮ ਦੋਵਾਂ ਵਿਚ ਪ੍ਰਚਲਿਤ ਹਨ। ਲੇਖਕ ਨੇ ਤੀਜੇ ਭਾਗ ਦੇ ਅਖੀਰ 'ਚ ਬਰਤਾਨਵੀ ਪਾਰਲੀਮੈਂਟ ਵਿਚ ਦਸਤਾਰ ਸੰਬੰਧੀ ਚੱਲੀ ਕਾਰਵਾਈ ਦੇ ਅੰਸ਼ ਵੀ ਦਿੱਤੇ ਹਨ। ਕੁੱਲ ਮਿਲਾ ਕੇ ਇਹ ਪੁਸਤਕ ਦਸਤਾਰ ਸੰਬੰਧੀ ਵਡਮੁੱਲਾ ਖੋਜਕਾਰਜ (ਥੀਸਿਸ) ਹੋ ਨਿਬੜੀ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
-