JALANDHAR WEATHER

26-06-2024

 ਰੁੱਖ ਨਾ ਵੱਢੋ

ਸਾਡਾ ਅੰਮ੍ਰਿਤਸਰ ਸ਼ਹਿਰ ਤਰੱਕੀਆਂ ਦੇ ਰਾਹਾਂ 'ਤੇ ਹੈ। ਬਹੁਤ ਸਾਰੇ ਨਵੇਂ ਪ੍ਰੋਜੈਕਟ ਜਿਵੇਂ ਹੋਟਲ, ਨਵੀਆਂ ਕਾਲੋਨੀਆਂ ਵੱਖੋ-ਵੱਖ ਰਾਜਾਂ ਨੂੰ ਜੋੜਨ ਵਾਲੀਆਂ ਸੜਕਾਂ ਬਣ ਰਹੀਆਂ ਹਨ। ਪੰਜਾਬ 'ਚੋਂ ਅੰਮ੍ਰਿਤਸਰ ਟੂਰਿਸਟ ਹੱਬ ਬਣਨ ਦੇ ਰਾਹਾਂ 'ਤੇ ਹੈ। ਇਸ ਨਾਲ ਸਾਡੇ ਅੰਮ੍ਰਿਤਸਰ ਨੂੰ ਬਹੁਤ ਵੱਡਾ ਰੁਜ਼ਗਾਰ ਮਿਲ ਰਿਹਾ ਹੈ, ਪਰ ਇਸ ਸਭ ਕੁਝ ਦੇ ਨਾਲ ਅਸੀਂ ਕੁਦਰਤ ਦਾ ਨੁਕਸਾਨ ਵੀ ਕਰ ਰਹੇ ਹਾਂ। ਅਸੀਂ ਰੁੱਖਾਂ ਨੂੰ ਵੱਢ ਕੇ ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰ ਰਹੇ ਹਾਂ। ਇਸ ਵਾਰ ਪੈ ਰਹੀ ਅਤਿ ਦੀ ਗਰਮੀ ਅਤੇ ਵਧਦੇ ਤਾਪਮਾਨ ਨੇ ਸਾਨੂੰ ਇਹ ਇਸ਼ਾਰਾ ਦੇ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਸਾਡਾ ਪੰਜਾਬ ਧਰਤੀ ਦੇ ਸਭ ਤੋਂ ਗਰਮ ਸੂਬਿਆਂ 'ਚ ਦੂਸਰੇ, ਤੀਸਰੇ ਨੰਬਰ 'ਤੇ ਆ ਜਾਵੇਗਾ। ਇਥੇ ਜ਼ਿੰਮੇਵਾਰ ਇਕੱਲੇ ਸ਼ਹਿਰ ਦੇ ਲੋਕ ਨਹੀਂ, ਪਿੰਡਾਂ ਵਾਲੇ ਵੀ ਬਰਾਬਰ ਦੇ ਹਿੱਸੇਦਾਰ ਨੇ ਤੇ ਸਰਕਾਰਾਂ ਵੀ। ਜਦੋਂ ਸਾਨੂੰ ਰੁੱਖ ਵੱਢਣ ਦੇ ਬਦਲੇ ਥੋੜ੍ਹੇ ਜਿਹੇ ਪੈਸੇ ਵੱਧ ਦਿੱਤੇ ਜਾਂਦੇ ਨੇ ਤਾਂ ਅਸੀਂ ਪੁਰਾਣੇ ਤੋਂ ਪੁਰਾਣੇ ਰੁੱਖ ਵੀ ਵਢਾ ਦਿੰਦੇ ਹਾਂ। ਪਹਿਲਾਂ ਵੱਟਾਂ 'ਤੇ ਰੁੱਖ ਲਾਉਣ ਦਾ ਬਹੁਤ ਰਿਵਾਜ ਹੁੰਦਾ ਸੀ, ਟਾਹਲੀਆਂ, ਕਿੱਕਰ, ਤੂਤ, ਪਿੱਪਲ ਇਹ ਰੁੱਖ ਆਮ ਹੁੰਦੇ ਸਨ, ਹੁਣ ਅਸੀਂ ਰੁੱਖ ਇਸ ਕਰਕੇ ਵੀ ਵੱਟਾਂ ਤੋਂ ਵਢਾ ਦਿੱਤੇ ਕਿ ਇਨ੍ਹਾਂ ਦੀ ਛਾਂ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ। ਇਕ ਗੱਲ ਯਾਦ ਰਹੇ ਕਿ ਜੇ ਰੁੱਖ ਨਾ ਰਹੇ ਤਾਂ ਪਾਣੀ ਵੀ ਖ਼ਤਮ ਹੋ ਜਾਵੇਗਾ। ਇਸ ਲਈ ਆਓ, ਕੁਦਰਤ ਨਾਲ ਖਿਲਵਾੜ ਬੰਦ ਕਰਕੇ ਕੁਦਰਤ ਦਾ ਸਤਿਕਾਰ ਕਰੀਏ। ਰੁੱਖਾਂ ਦੀ ਕਟਾਈ ਕਰਨ ਤੋਂ ਬਾਅਦ ਰੁੱਖ ਲਗਾਉਣ ਪ੍ਰਤੀ ਸਰਕਾਰਾਂ ਵੀ ਦੋਸ਼ੀ ਹਨ, ਸਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਬਰੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਰਕਾਰ ਵੀ ਇਸ ਪ੍ਰਤੀ ਪੂਰੀ ਤਰ੍ਹਾਂ ਅਵੇਸਲੀ ਹੈ।

-ਹਰਮਨਪ੍ਰੀਤ ਸਿੰਘ (ਸਮਾਜ ਸੇਵੀ
ਕਾਲੇ ਘਨੂਪੁਰ (ਅੰਮ੍ਰਿਤਸਰ)

ਭਾਈਚਾਰਕ ਸਾਂਝ

ਪਿੱਛੇ ਜਿਹੇ ਲੋਕ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਹਨ। ਇਸ 'ਤੇ ਵੱਖ-ਵੱਖ ਮਾਹਿਰਾਂ ਨੇ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਵੱਖ-ਵੱਖ ਪਾਰਟੀਆਂ ਨੇ ਵੀ ਆਪਣੇ ਤੌਰ 'ਤੇ ਵੋਟਾਂ ਘੱਟ-ਵੱਧ ਪੈਣ ਦੀ ਸਮੀਖਿਆ ਕੀਤੀ। ਪਰ ਮੇਰੇ ਦੇਖਣ ਵਿਚ ਆਇਆ ਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਬੇਸ਼ੱਕ ਪੰਥਕ ਲਹਿਰ ਦੀ ਇਕ ਹਨੇਰੀ ਚੱਲੀ ਸੀ। ਬਿਨਾਂ ਸ਼ੱਕ ਭਾਈ ਸਰਬਜੀਤ ਸਿੰਘ ਖ਼ਾਲਸਾ ਇਥੋਂ ਕਰੀਬ 70 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਪਰ ਜਦੋਂ ਮੈਂ ਪਿੰਡਾਂ ਦੀਆਂ ਵੱਖ-ਵੱਖ ਵਾਰਡਾਂ ਦੀਆਂ ਚੋਣਾਂ ਨੂੰ ਚੰਗੀ ਤਰ੍ਹਾਂ ਘੋਖਿਆ ਤਾਂ ਮੇਰੇ ਦੇਖਣ ਵਿਚ ਆਇਆ ਕਿ ਹਰ ਪਿੰਡ ਦੀ ਗ਼ਰੀਬ ਵੋਟ ਭਾਜਪਾ ਵੱਲ ਵੱਧ ਭੁਗਤੀ। ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਇਹ ਗ਼ਰੀਬ ਲੋਕ ਪੰਥਕ ਲਹਿਰ ਵਿਚ ਕਿਉਂ ਨਹੀਂ ਕੁੱਦੇ। ਮੈਨੂੰ ਲੱਗਾ ਕਿ ਗ਼ਰੀਬ ਲੋਕ ਹਲੇ ਵੀ ਆਪਣੇ ਆਪ ਨੂੰ ਨਿਤਾਣੇ ਪੱਛੜੇ ਹੋਏ ਸਮਝ ਰਹੇ ਹਨ ਤੇ ਪੰਥ ਨੂੰ ਇਕੱਲੇ ਇਕ ਭਾਈਚਾਰੇ ਤੱਕ ਹੀ ਸੀਮਤ ਸਮਝਦੇ ਹਨ ਜਾਂ ਇਹ ਕਹਿ ਲਉ ਕਿ ਤਕੜੇ ਲੋਕ ਇਨ੍ਹਾਂ ਨੂੰ ਆਪਣੇ ਨਾਲ ਨਹੀਂ ਰਲਾ ਰਹੇ ਜਿਸ ਕਰਕੇ ਪਿੰਡਾਂ ਵਿਚ ਭਾਰੀ ਵਿਰੋਧ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੇ ਭਾਜਪਾ ਵੱਲ ਵੋਟ ਪਾਈ। ਮੈਂ ਆਪਣੇ ਪੇਂਡੂ ਵੀਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਆਪਣੇ ਪਿੰਡਾਂ ਵਿਚ ਆਪਣੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਿਓ ਅਤੇ ਖ਼ਾਸ ਕਰਕੇ ਆਪਣੇ ਆਪ ਨੂੰ ਉੱਚ ਜਾਤੀ ਜਾਂ ਧਨਾਢ ਸਮਝਣ ਵਾਲਿਆਂ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਵੀਰੋ ਪਹਿਲਾਂ ਅਸੀਂ ਇਨ੍ਹਾਂ ਗਰੀਬ ਲੋਕਾਂ ਨੂੰ ਆਪੋ ਆਪਣੇ ਗੁਰੂ ਘਰ ਬਣਾਉਣ ਲਈ ਮਜਬੂਰ ਕੀਤਾ ਤੇ ਹੁਣ ਵੀ ਜੇ ਅਸੀਂ ਇਨ੍ਹਾਂ ਨੂੰ ਬਣਦਾ ਮਾਣ-ਤਾਣ ਨਾ ਦਿੱਤਾ ਤਾਂ ਸਾਡੇ ਸਮਾਜ ਵਿਚ ਖਾਈ ਪੈ ਸਕਦੀ ਹੈ, ਜਿਸ ਦਾ ਸਾਨੂੰ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਸੋ, ਲੋਕਾਂ ਨੂੰ ਅਪੀਲ ਹੈ ਕਿ ਇਹ ਆਪਣੇ ਪਿਆਰ ਵਿਚ ਆਪਣੇ ਭਾਈਚਾਰਕ ਸਾਂਝ ਵਿਚ ਕਦੇ ਵੀ ਫ਼ਰਕ ਨਾ ਪੈਣ ਦੇਣ।

-ਜਸਕਰਨ ਲੰਡੇ
ਪਿੰਡ ਤੇ ਡਾਕ. ਲੰਡੇ, ਜ਼ਿਲਾ ਮੋਗਾ।

ਫ਼ੌਜੀਆਂ ਦਾ ਸਨਮਾਨ ਕਰੋ

ਮੇਰੇ ਦੇਸ਼ ਵਾਸੀਓ, ਤੁਸੀਂ ਅਰਾਮ ਨਾਲ ਸੌਂ ਜਾਓ ਮੈਂ ਬਾਰਡਰ 'ਤੇ ਖੜ੍ਹਾ ਹਾਂ। ਇਹ ਸੁਨੇਹਾ ਹਰ ਰੋਜ਼ ਬਾਰਡਰ ਤੋਂ ਫ਼ੌਜੀ ਵੀ ਦੇਸ਼ ਵਾਸੀਆਂ ਨੂੰ ਦਿੰਦਾ ਹੈ। ਭਾਰਤ ਮਾਤਾ ਦੀ ਅੰਦਰੂਨੀ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀ ਬੁਨਿਆਦ ਸਾਡੀ ਪਵਿਤਰ ਕੌਮ ਫ਼ੌਜੀ ਵੀਰ ਹਨ। ਜੋ ਲੋਕ ਬੇਹੁਦੇ ਵਿਅੰਗ ਕਰਦੇ ਹਨ ਉਹ ਦਿਮਾਗ਼ ਤੋਂ ਪੈਦਲ ਦੇਸ਼ ਉੱਤੇ ਬੋਝ ਹਨ। ਲਾਲ ਬਹਾਦਰ ਸ਼ਾਸਤਰੀ ਨੇ 'ਜੈ ਜਵਾਨ' ਦਾ ਸਬਕ ਸਿਖਾ ਕੇ ਜਨਤਾ ਨੂੰ ਫ਼ੌਜੀ ਦਾ ਸਨਮਾਨ ਕਰਨਾ ਸਿਖਾਇਆ ਸੀ। ਫ਼ੌਜੀ ਦੇ ਜਜ਼ਬੇ ਨੂੰ ਸਾਹਿਤ ਨੇ ਸਦੀਵੀ ਬਣਾਇਆ ਜਦੋਂ ਫ਼ੌਜੀ ਆਪਣੀ ਪਤਨੀ ਨੂੰ ਵੀ ਦੇਸ਼ ਦੇ ਹਿੱਤਾਂ ਤੋਂ ਪਰ੍ਹੇ ਕਰ ਦਿੰਦਾ ਹੈ 'ਵਾਗਾਂ ਛੱਡ ਕੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ 'ਤੇ ਬਣੀ ਹੈ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ' ਫ਼ੌਜ ਦੇ ਜਵਾਨ ਦੀ ਕਦਰ ਕਰਨਾ ਸਾਡਾ ਇਖ਼ਲਾਕ ਚਾਹੀਦਾ ਹੈ। ਭੂਗੌਲਿਕ ਤੌਰ 'ਤੇ ਸਾਡੇ ਦੇਸ਼ ਦੀ ਉਦਾਹਰਨ ਜਿਸਮ ਅਤੇ ਰੂਹ ਵਾਲੀ ਹੈ। ਦੋਵੇਂ ਇਕ ਦੂਜੇ ਤੋਂ ਬਿਨਾਂ ਨਹੀਂ ਹੋ ਸਕਦੇ। ਇਹੀ ਤੱਥ ਦੇਸ਼ ਅਤੇ ਫ਼ੌਜ ਦਾ ਹੈ। ਫ਼ੌਜ ਨੇ ਕੁਦਰਤੀ ਆਫ਼ਤਾਂ ਸਮੇਂ ਸ਼ਲਾਘਾਯੋਗ ਕੰਮ ਕੀਤੇ। ਫ਼ੌਜੀ ਦੇਸ਼ ਦਾ ਸਰਮਾਇਆ ਅਤੇ ਪੁੱਤਰ ਹੁੰਦਾ ਹੈ। ਦੇਸ਼ ਲਈ ਯੋਗਦਾਨ ਪਾਉਂਦਾ ਫ਼ੌਜੀ ਮਾਂ-ਪਿਉ ਤੋਂ ਪਹਿਲਾਂ ਭਾਰਤ ਦਾ ਸਪੂਤ ਹੁੰਦਾ ਹੈ। ਫ਼ੌਜੀ ਦੀ ਸਮੱਸਿਆ ਨੂੰ ਉਹ ਖ਼ੁਦ ਹੀ ਸਮਝ ਸਕਦਾ ਹੈ, ਬਾਕੀ ਬੰਦੇ ਤਾਂ ਆਪਣੇ ਲਈ ਜੀਊਂਦੇ ਹਨ। ਆਓ, ਦੇਸ਼ ਪ੍ਰੇਮ ਲਈ ਫ਼ੌਜੀ ਅਤੇ ਫ਼ੌਜੀ ਦੇ ਪਰਿਵਾਰਾਂ ਦਾ ਸਨਮਾਨ ਕਰਨ ਲਈ ਆਪਣੇ ਅੰਦਰੋਂ ਆਵਾਜ਼ ਬੁਲੰਦ ਕਰੀਏ। ਜੈ ਜਵਾਨ, ਜੈ ਕਿਸਾਨ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।