JALANDHAR WEATHER

ਨਿਊਜ਼ੀਲੈਂਡ ਦੇ ਸ਼ਹਿਰ ਰੰਗਾ ਵਿਖੇ ਇਕ ਵਾਰੀ ਫਿਰ ਨਗਰ ਕੀਰਤਨ 'ਚ ਖਲਲ ਪਾਉਣ ਦੀ ਸ਼ਰਾਰਤੀ ਅਨਸਰਾਂ ਵਲੋਂ ਕੋਸ਼ਿਸ਼

ਆਕਲੈਂਡ, 11 ਜਨਵਰੀ (ਹਰਮਨਪ੍ਰੀਤ ਸਿੰਘ ਗੋਲੀਆ)-ਨਿਊਜ਼ੀਲੈਂਡ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਟੌਰੰਗਾ ਵਿਖੇ ਅੱਜ ਬਾਅਦ ਦੁਪਹਿਰ ਗੁਰਦੁਆਰਾ ਸਿੱਖ ਸੰਗਤ ਟੋਰੰਗਾ ਸਿਟੀ ਗੁਰੂ ਘਰ ਤੋਂ ਸਜਾਏ ਗਏ ਨਗਰ ਕੀਰਤਨ ਨੂੰ ਰੋਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਨਿਊਜ਼ੀਲੈਂਡ ਦੇ ਇਕ ਸਮੂਹ, ਜੋ ਅਕਸਰ ਵਿਵਾਦਾਂ ਕਾਰਨ ਚਰਚਾ 'ਚ ਰਹਿੰਦਾ ਹੈ ਤੇ ਪਿਛਲੇ ਮਹੀਨੇ ਵੀ ਜਿਸ ਨੇ ਨਿਊਜ਼ੀਲੈਂਡ ਦੇ ਆਲੈਂਡ 'ਚ ਪੈਂਦੇ ਮਨਰੇਵਾ ਖੇਤਰ 'ਚ ਨਗਰ ਕੀਰਤਨ ਰੋਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ,ਨੇ ਹੁਣ ਫਿਰ ਆਕਲੈਂਡ ਤੋਂ ਕਰੀਬ 300 ਕਿਲੋਮੀਟਰ ਦੂਰ ਟੋਰੰਗਾ ਸ਼ਹਿਰ 'ਚ ਨਗਰ ਕੀਰਤਨ ਨੂੰ ਰੋਕ ਕੇ ਜਿਥੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ, ਉੱਥੇ ਹੀ ਨਿਊਜ਼ੀਲੈਂਡ ਦਾ ਹਾਕਾ ਕਰਦਿਆਂ ਕੁਝ ਮਿੰਟਾਂ ਬਾਅਦ ਉਹ ਮੌਕੇ ਤੋਂ ਚਲੇ ਗਏ।

ਇਸ ਵਾਰ ਫਿਰ ਉਨ੍ਹਾਂ ਨੇ ਸੇਮ ਅਸਮਾਨੀ ਰੰਗ ਦੀਆਂ ਟੀ ਸ਼ਰਟਾਂ ਅਤੇ ਭਾਰਤ ਤੇ ਭਾਈਚਾਰੇ ਵਿਰੋਧੀ ਕੁਝ ਸਲੋਗਨ ਦੇ ਬੈਨਰ ਫੜੇ ਹੋਏ ਸਨ। ਟਰੰਗਾ ਵਿਖੇ ਗੁਰੂ ਘਰ ਤੋਂ ਸਜਾਏ ਗਏ ਨਗਰ ਕੀਰਤਨ 'ਚ ਜਿੱਥੇ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ, ਉੱਥੇ ਹੀ ਇਸ ਵਾਰ ਇਸ ਵਿਵਾਦਤ ਗਰੁੱਪ ਵਲੋਂ ਪਹਿਲਾਂ ਹੀ ਨਗਰ ਕੀਰਤਨ 'ਚ ਖਲਲ ਪਾਉਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਸੀ, ਜਿਸ ਦੇ ਮੱਦੇਨਜ਼ਰ ਵੱਡੀ ਗਿਣਤੀ ਵਾਲੰਟੀਅਰ ਅਤੇ ਪੁਲਿਸ ਦੇ ਮੁਲਾਜ਼ਮ ਨਗਰ ਕੀਰਤਨ 'ਚ ਹਾਜ਼ਰ ਸਨ।
ਇੱਥੇ ਜ਼ਿਕਰਯੋਗ ਹੈ ਕਿ ਇਹ ਵਿਵਾਦਤ ਗਰੁੱਪ ਨਿਊਜ਼ੀਲੈਂਡ 'ਚ ਡੈਸਟਨੀ ਚਰਚ ਦੇ ਮੁਖੀ ਬਰਾਇਨ ਧਮਾਕੀ ਵਲੋਂ ਚਲਾਇਆ ਜਾ ਰਿਹਾ ਹੈ, ਜੋ ਕਿ ਪਿਛਲੇ ਕੁਝ ਸਮੇਂ ਤੋਂ ਵੱਖੋ ਵੱਖ ਧਰਮਾਂ ਵਿਰੁੱਧ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਵਾਲੇ ਝੰਡਿਆਂ ਨੂੰ ਪੈਰਾਂ 'ਚ ਰੋਲਣ ਤੇ ਸਾੜਨ ਤੋਂ ਇਲਾਵਾ ਕੁਝ ਦੇਸ਼ਾਂ ਦੇ ਰਾਸ਼ਟਰੀ ਝੰਡਿਆਂ ਦਾ ਅਪਮਾਨ ਕਰਨ ਜਿਹੀਆਂ ਘਟਨਾਵਾਂ ਨੂੰ ਵੀ ਅੰਜਾਮ ਦੇ ਚੁੱਕਾ ਹੈ।
ਨਿਊਜ਼ੀਲੈਂਡ 'ਚ ਸਭ ਧਰਮਾਂ-ਭਾਈਚਾਰਿਆ ਅਤੇ ਸਿਆਸੀ ਆਗੂਆਂ ਵਲੋਂ ਇਸ ਵੱਲੋਂ ਕੀਤੀਆਂ ਜਾਂਦੀਆਂ ਘਟਨਾਵਾਂ ਦੀ ਹਰ ਵਾਰ ਨਿੰਦਾ ਕੀਤੀ ਜਾਂਦੀ ਰਹੀ ਹੈ ਪਰ ਅਜੇ ਤੱਕ ਇਸ ਦੇ ਉੱਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਸਿਆਸੀ ਮਾਹਿਰਾਂ ਤੇ ਨਿਊਜ਼ੀਲੈਂਡ ਵਾਸੀਆਂ ਵਿੱਚ ਇਹ ਵੀ ਚਰਚਾ ਹੈ ਕਿ ਇਹ ਗਰੁੱਪ ਹਰ ਸਮੇਂ ਚਰਚਾ 'ਚ ਰਹਿਣ ਦੇ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ ਤਾਂ ਜੋ ਮੀਡੀਆ ਦੀਆਂ ਸੁਰਖੀਆਂ ਬਟੋਰ ਸਕੇ। ਟੌਰੰਗਾ ਵਿਖੇ ਅੱਜ ਨਗਰ ਕੀਰਤਨ ਵਿੱਚ ਖਲਲ ਪਾਉਣ ਦੀ ਕੀਤੀ ਗਈ ਕੋਸ਼ਿਸ਼ ਤੋਂ ਬਾਅਦ ਜਿੱਥੇ ਸਿੱਖ ਭਾਈਚਾਰੇ 'ਚ ਇਕ ਵਾਰ ਫਿਰ ਰੋਸ ਦੀ ਲਹਿਰ ਹੈ, ਉੱਥੇ ਹੀ ਵੱਖੋ ਵੱਖ ਧਾਰਮਿਕ ਸੰਸਥਾਵਾਂ ਵਲੋਂ ਇਸ ਘਟਨਾ ਦੀ ਨਿੰਦਾ ਵੀ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ