ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਸਣੇ ਮਾਂ ਦੀ ਮੌਤ, ਪਿਤਾ ਗੰਭੀਰ ਜ਼ਖ਼ਮੀ
ਤਪਾ ਮੰਡੀ, (ਸੰਗਰੂਰ), 16 ਦਸੰਬਰ (ਪ੍ਰਵੀਨ ਗਰਗ)- ਤਪਾ ਇਲਾਕੇ ਅੰਦਰ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਘੁੰਨਸ ਡਰੇਨ ਨਜ਼ਦੀਕ ਕਾਰ ਅਤੇ ਟਰੱਕ ਦੀ ਹੋਈ ਭਿਆਨਕ ਟੱਕਰ 'ਚ ਕਾਰ ਸਵਾਰ ਤਪਾ ਦੀ ਮਾਂ ਧੀ ਦੀ ਮੌਤ ਹੋ ਗਈ, ਜਦ ਕਿ ਮ੍ਰਿਤਕ ਬੱਚੀ ਦਾ ਪਿਤਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਮੰਗਲੇਸ਼ ਗਰਗ ਪੁੱਤਰ ਨਰੇਸ਼ ਕੁਮਾਰ ਨਿਵਾਸੀ ਮਾਡਲ ਟਾਊਨ ਤਪਾ ਆਪਣੀ ਪਤਨੀ ਵਿਸ਼ੈਲੀ ਅਤੇ ਬੇਟੀ ਮਾਇਰਾ (2) ਸਮੇਤ ਕਾਰ 'ਚ ਸਵਾਰ ਹੋ ਕੇ ਬਰਨਾਲਾ ਤੋਂ ਤਪਾ ਪਰਤ ਰਹੇ ਸਨ।
ਜਦ ਉਹ ਮੁੱਖ ਮਾਰਗ ’ਤੇ ਘੁੰਨਸ ਡਰੇਨ ਨਜ਼ਦੀਕ ਪੁੱਜੇ ਤਾਂ ਕਾਰ ਦੇ ਅੱਗੇ ਜਾ ਰਹੇ ਇਕ ਟਰੱਕ ਨਾਲ ਟੱਕਰ ਹੋ ਗਈ, ਜਿਸ ਕਾਰਨ ਕਾਰ 'ਚ ਸਵਾਰ ਤਿੰਨੋ ਜਣੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਮੌਕੇ ’ਤੇ ਪੁੱਜੇ, ਜਿੰਨ੍ਹਾਂ ਨੇ ਜ਼ਖ਼ਮੀਆਂ ਨੂੰ ਚੁੱਕ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ, ਜਿਥੇ ਬੱਚੀ ਦੀ ਮੌਤ ਹੋ ਗਈ ਅਤੇ ਡਾਕਟਰਾਂ ਨੇ ਗੰਭੀਰ ਜ਼ਖ਼ਮੀ ਪਤੀ ਪਤਨੀ ਨੂੰ ਮੁਢਲੀ ਸਹਾਇਤਾ ਦੇ ਕੇ ਲੁਧਿਆਣਾ ਰੈਫਰ ਕਰ ਦਿੱਤਾ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਪਤਨੀ ਦਮ ਤੋੜ ਗਈ, ਜਦ ਕਿ ਪਤੀ ਡੀ.ਐਮ.ਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ, ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਉਧਰ ਦੂਜੇ ਪਾਸੇ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਸਨ ਤੇ ਉਨ੍ਹਾਂ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;
;