ਸਟੇਸ਼ਨਾਂ ਦੀ ਚੋਣ ਨਾ ਕਰਾਉਣ ਕਾਰਨ ਪਦਉੱਨਤ ਲੈਕਚਰਾਰਾਂ ਵਿਚ ਰੋਸ ਦੀ ਲਹਿਰ

ਸੁਲਤਾਨਪੁਰ ਲੋਧੀ ,14 ਸਤੰਬਰ (ਥਿੰਦ) -ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਪਦਉੱਨਤ ਕੀਤੇ ਗਏ ਲੈਕਚਰਾਰਾਂ ਨੂੰ ਸਟੇਸ਼ਨਾਂ ਦੀ ਚੋਣ ਨਾ ਕਰਵਾਉਣ ਦੇ ਕਾਰਨ ਸਮੁੱਚੇ ਪਦਉੱਨਤ ਲੈਕਚਰਾਰ ਕੇਡਰ ਦੇ ਵਿਚ ਰੋਸ ਦੀ ਲਹਿਰ ਹੈ। ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਕਪੂਰਥਲਾ ਬਲਾਕ ਸੁਲਤਾਨਪੁਰ ਲੋਧੀ ਤੋਂ ਪਦਉੱਨਤ ਲੈਕਚਰਾਰਾਂ ਦੇ ਪ੍ਰਧਾਨ ਨਰੇਸ਼ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਰਧਾਰਿਤ ਸਮੇਂ ਦੇ ਵਿਚ ਬਦਲੀਆਂ ਨਾ ਕਰਕੇ ਅਤੇ ਬਦਲੀਆਂ ਨੂੰ ਲੰਬਾ ਖਿੱਚਣ ਕਾਰਨ ਪਦਉੱਨਤ ਲੈਕਚਰਾਰਾਂ ਨੂੰ ਸਟੇਸ਼ਨ ਚੋਆਇਸ ਕਰਾਉਣ ਵਿਚ ਹੋ ਰਹੀ ਦੇਰੀ ਕਾਰਨ ਸਮੁੱਚੇ ਕੇਡਰ ਦੇ ਵਿਚ ਗੁੱਸੇ ਦੀ ਲਹਿਰ ਹੈ, ਕਿਉਂ ਜੋ ਵਿਭਾਗ ਵਲੋਂ ਨਾ ਸਮੇਂ ਸਿਰ ਨਿਯੁਕਤੀਆਂ ਹੋ ਸਕੀਆਂ ਨਾ ਬਦਲੀਆਂ ਤੇ ਨਾ ਹੀ ਤਰੱਕੀਆਂ। ਕੇਡਰ ਯੂਨੀਅਨ ਆਗੂ ਸੰਦੀਪ ਦੁਰਗਾਪੁਰ ,ਗੁਰਦੇਵ ਸਿੰਘ , ਦੀਦਾਰ ਸਿੰਘ ਤੇ ਹਰਵਿੰਦਰ ਢਿੱਲੋਂ ਨੇ ਕਿਹਾ ਕਿ ਵਿਭਾਗ ਵਲੋਂ 19 ਜੁਲਾਈ ਨੂੰ ਬਾਇਓਲੋਜੀ,ਇਕਨੋਮਿਕਸ, ਮੈਥ ਫਿਜਿਕਸ ਅਤੇ ਹਿੰਦੀ ਦੀਆਂ ਕੁੱਲ 164 ਪ੍ਰਮੋਸ਼ਨਾਂ ਅਤੇ 5 ਅਗਸਤ ਨੂੰ ਰਾਜਨੀਤਿਕ ਸ਼ਾਸਤਰ, ਪੰਜਾਬੀ ਅੰਗਰੇਜ਼ੀ, ਕਮਰਸ, ਸੰਸਕ੍ਰਿਤ, ਫਾਈਨ ਆਰਟਸ,ਹੋਮ ਸਾਇੰਸ ਅਤੇ ਸਮਾਜ ਸ਼ਾਸਤਰ ਦੀਆਂ ਕੁੱਲ 844 ਪ੍ਰਮੋਸ਼ਨਾਂ ਅਤੇ 14 ਅਗਸਤ ਨੂੰ ਹਿਸਟਰੀ ,ਕਮਿਸਟਰੀ ਅਤੇ ਜੋਗਰਾਫੀ ਦੀਆਂ ਕੁੱਲ 222 ਪ੍ਰਮੋਸ਼ਨਾਂ ਕੀਤੀਆਂ ਗਈਆਂ।
ਇਨ੍ਹਾਂ ਪਦਉੱਨਤ ਲੈਕਚਰਾਰਾਂ ਵਲੋਂ ਸੰਬੰਧਿਤ ਡੀ.ਈ.ਓ. ਦਫ਼ਤਰ ਵਿਚ ਹਾਜ਼ਰੀ ਰਿਪੋਰਟ ਪੇਸ਼ ਕਰਨ ਦੇ ਬਾਵਜੂਦ ਅੱਜ ਤਕਰੀਬਨ ਪੌਣੇ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਇਕ ਪਦਉੱਨਤ ਲੈਕਚਰਾਰ ਨੂੰ ਸਟੇਸ਼ਨ ਚੋਆਇਸ ਨਹੀਂ ਕਰਵਾਈ ਗਈ। ਜਿਸ ਕਾਰਨ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਸੈਸ਼ਨ ਦਾ ਅੱਧਾ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੜ੍ਹਾਈ ਪ੍ਰਭਾਵਿਤ ਹੋ ਰਹੀ। ਪਦਉੱਨਤ ਲੈਕਚਰਾਰ ਫਰੰਟ ਇਹ ਮੰਗ ਕਰਦਾ ਕਿ ਇਨ੍ਹਾਂ ਸਾਰੇ ਲੈਕਚਰਰਾਂ ਨੂੰ ਮਿਊਚੁਅਲ ਹੋਣ ਵਾਲੀਆਂ ਬਦਲੀਆਂ ਦਾ ਰਾਊਂਡ ਚੱਲਣ ਦੇ ਤੁਰੰਤ ਬਾਅਦ ਸਟੇਸ਼ਨ ਚੋਆਇਸ ਕਰਵਾਈ ਜਾਵੇ।