ਦਿੱਲੀ ਤੋਂ ਬਾਅਦ ਬੰਬੇ ਹਾਈ ਕੋਰਟ ਨੂੰ ਮਿਲੀ ਬੰਬ ਦੀ ਨਾਲ ਉਡਾਉਣ ਦੀ ਧਮਕੀ

ਮੁੰਬਈ, 12 ਸਤੰਬਰ- ਦਿੱਲੀ ਤੋਂ ਬਾਅਦ ਬੰਬੇ ਹਾਈ ਕੋਰਟ ਨੂੰ ਬੰਬ ਦੀ ਧਮਕੀ ਮਿਲੀ ਹੈ। ਬੰਬ ਨਿਰੋਧਕ ਦਸਤਾ ਮੌਕੇ ’ਤੇ ਪਹੁੰਚ ਗਿਆ। ਪੂਰੇ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸਖ਼ਤ ਜਾਂਚ ਵਿਚ ਕੁਝ ਵੀ ਨਹੀਂ ਮਿਲਿਆ। ਇਸ ਤੋਂ ਪਹਿਲਾਂ ਪੁਲਿਸ ਨੇ ਕਿਹਾ ਕਿ ਬੰਬੇ ਹਾਈ ਕੋਰਟ ਪ੍ਰਸ਼ਾਸਨ ਨੂੰ ਅੱਜ ਦੁਪਹਿਰ ਨੂੰ ਬੰਬ ਦੀ ਧਮਕੀ ਵਾਲਾ ਇਕ ਈਮੇਲ ਮਿਲਿਆ, ਜਿਸ ਕਾਰਨ ਦਹਿਸ਼ਤ ਫੈਲ ਗਈ ਅਤੇ ਸੁਣਵਾਈ ਮੁਲਤਵੀ ਕਰਨੀ ਪਈ।
ਈ.ਮੇਲ ਮਿਲਣ ਤੋਂ ਬਾਅਦ ਹਾਈ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਇਕ ਅਧਿਕਾਰੀ ਨੇ ਕਿਹਾ ਕਿ ਧਮਕੀ ਭਰਿਆ ਈ.ਮੇਲ ਬੰਬੇ ਹਾਈ ਕੋਰਟ ਦੇ ਅਧਿਕਾਰਤ ਈ.ਮੇਲ ਪਤੇ ’ਤੇ ਆਇਆ, ਜਿਸ ਵਿਚ ਇਮਾਰਤ ਵਿਚ ਬੰਬ ਧਮਾਕੇ ਦੀ ਚਿਤਾਵਨੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵਾਲੇ ਹਾਈ ਕੋਰਟ ਪਹੁੰਚੇ ਅਤੇ ਸਾਵਧਾਨੀ ਵਜੋਂ ਸਾਰੇ ਜੱਜਾਂ, ਵਕੀਲਾਂ, ਕਰਮਚਾਰੀਆਂ ਅਤੇ ਲੋਕਾਂ ਨੂੰ ਕੰਪਲੈਕਸ ਖਾਲੀ ਕਰਨ ਲਈ ਕਿਹਾ ਗਿਆ।
ਅਧਿਕਾਰੀ ਨੇ ਅੱਗੇ ਕਿਹਾ ਕਿ ਇਮਾਰਤ ਨੂੰ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਅਨੁਸਾਰ ਖਾਲੀ ਕਰਵਾ ਲਿਆ ਗਿਆ ਸੀ। ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਸ਼ਹਿਰ ਦੇ ਕਈ ਮਹੱਤਵਪੂਰਨ ਅਦਾਰਿਆਂ ਅਤੇ ਸਕੂਲਾਂ ਨੂੰ ਇਸੇ ਤਰ੍ਹਾਂ ਦੀਆਂ ਬੰਬ ਧਮਕੀਆਂ ਮਿਲੀਆਂ ਹਨ, ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।