ਭਾਰਤੀ ਮੂਲ ਦੇ ਮੋਟਲ ਮੈਨੇਜਰ ਦਾ ਉਸ ਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਕਤਲ

ਵਾਸ਼ਿੰਗਟਨ, 12 ਸਤੰਬਰ- ਅਮਰੀਕਾ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਟੈਕਸਾਸ ਵਿਚ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਭਾਰਤੀ ਮੂਲ ਦੇ 50 ਸਾਲਾ ਮੋਟਲ ਮੈਨੇਜਰ ਦੀ ਉਸ ਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਹੱਤਿਆ ਕਰ ਦਿੱਤੀ ਗਈ। ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ੀ ਦਾ ਅਪਰਾਧਿਕ ਰਿਕਾਰਡ ਪਾਇਆ ਗਿਆ ਹੈ। ਉਹ ਮ੍ਰਿਤਕ ਦਾ ਸਾਥੀ ਦੱਸਿਆ ਜਾ ਰਿਹਾ ਹੈ।
ਇਹ ਘਟਨਾ ਬੀਤੇ ਦਿਨ ਡੱਲਾਸ ਦੇ ਡਾਊਨਟਾਊਨ ਸੂਟਸ ਮੋਟਲ ਵਿਚ ਵਾਪਰੀ। ਡੱਲਾਸ ਪੁਲਿਸ ਵਿਭਾਗ ਦੇ ਅਨੁਸਾਰ, ਕਰਨਾਟਕ ਦੇ ਮੂਲ ਨਿਵਾਸੀ ਚੰਦਰ ਮੌਲੀ ‘ਬੌਬ’ ਨਾਗਮੱਲਈਆ ਦਾ ਉਸ ਦੇ ਸਾਥੀ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਨਾਲ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਸੀ.ਸੀ.ਟੀ.ਵੀ. ਫੁਟੇਜ ਵਿਚ ਕੋਬੋਸ-ਮਾਰਟੀਨੇਜ਼ ਨੂੰ ਚਾਕੂ ਕੱਢਦੇ ਹੋਏ ਨਾਗਮੱਲਈਆ ’ਤੇ ਹਮਲਾ ਕਰਦੇ ਦੇਖਿਆ ਗਿਆ।
ਝਗੜੇ ਤੋਂ ਬਾਅਦ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਪੀੜਤ ਫਿਰ ਮੋਟਲ ਦੇ ਦਫਤਰ ਵੱਲ ਭੱਜਿਆ, ਜਿਥੇ ਉਸ ਦੀ ਪਤਨੀ ਅਤੇ 18 ਸਾਲ ਦਾ ਪੁੱਤਰ ਮੌਜੂਦ ਸਨ। ਸ਼ੱਕੀ ਨੇ ਉਸ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੇ ਦਖਲ ਦੇਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ’ਤੇ ਹਮਲਾ ਕਰ ਦਿੱਤਾ।