ਕੈਨੇਡਾ ਤੋਂ ਮਹੀਨਾ ਪਹਿਲਾਂ ਪਰਤੇ ਨੌਜਵਾਨ ਦੀ ਮਿਲੀ ਲਾਸ਼

ਮਾਛੀਵਾੜਾ ਸਾਹਿਬ, 21 ਜੁਲਾਈ (ਰਾਜਦੀਪ ਸਿੰਘ ਅਲਬੇਲਾ)- ਇਕ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਪਰਤੇ ਮਾਛੀਵਾੜਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਦੇ ਪੁੱਤਰ ਜਗਤਾਜ਼ ਪ੍ਰੀਤ ਸਿੰਘ (20) ਦੀ ਲਾਸ਼ ਅੱਜ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਨੇੜੇ ਸਰਹਿੰਦ ਨਹਿਰ ’ਚੋਂ ਮਿਲ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਉਂਦਿਆਂ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਜਗਤਾਜ਼ ਪ੍ਰੀਤ ਸਿੰਘ 19 ਜੁਲਾਈ ਨੂੰ ਬਾਜ਼ਾਰ ’ਚੋਂ ਸਮਾਨ ਲੈਣ ਲਈ ਆਪਣੇ ਹੀਰੋ ਹੋਂਡਾ ਮੋਟਰਸਾਈਕਲ ਰਾਹੀਂ 12 ਵਜੇ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ।
ਉਨ੍ਹਾਂ ਦੱਸਿਆ ਕਿ ਉਹ ਕੁਝ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦਿਖ ਰਿਹਾ ਸੀ ਜਿਸ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਹ ਨਾ ਮਿਲਿਆ। ਉਨ੍ਹਾਂ ਦੱਸਿਆ ਕਿ ਜਗਤਾਜ਼ ਪ੍ਰੀਤ ਸਿੰਘ ਦੇ ਨੀਲੇ ਰੰਗ ਦੀ ਟੀ-ਸ਼ਰਟ ਅਤੇ ਚਿੱਟੀ ਟੋਪੀ ਪਹਿਨੀ ਹੋਈ ਸੀ ਅਤੇ ਪਰਿਵਾਰਕ ਮੈਂਬਰਾਂ ਵਲੋਂ ਤਲਾਸ਼ ਦੌਰਾਨ ਉਸ ਦਾ ਮੋਟਰਸਾਈਕਲ ਅਤੇ ਟੋਪੀ ਸਰਹਿੰਦ ਨਹਿਰ ਕੰਢਿਓਂ ਮਿਲੀ। ਲਾਪਤਾ ਹੋਏ ਨੌਜਵਾਨ ਦੀ ਨਹਿਰ ਅਤੇ ਆਸਪਾਸ ਇਲਾਕਿਆਂ ਵਿਚ ਭਾਲ ਕੀਤੀ ਜਾ ਰਹੀ ਸੀ ਪਰ ਅੱਜ ਉਸਦੀ ਲਾਸ਼ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਨੇੜਿਓਂ ਸਰਹਿੰਦ ਨਹਿਰ ’ਚੋਂ ਮਿਲੀ।
ਪਰਿਵਾਰਕ ਮੈਂਬਰਾਂ ਵਲੋਂ ਜਗਤਾਜ਼ ਪ੍ਰੀਤ ਸਿੰਘ ਦਾ ਸਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।