ਦੋ ਦੋਸਤਾਂ ਨੇ ਇਕ ਦੂਜੇ ’ਤੇ ਕੀਤਾ ਚਾਕੂ ਨਾਲ ਹਮਲਾ, ਦੋਵਾਂ ਦੀ ਮੌਤ

ਨਵੀਂ ਦਿੱਲੀ, 14 ਜੁਲਾਈ- ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਦੋਹਰੇ ਕਤਲ ਨੇ ਸਨਸਨੀ ਮਚਾ ਦਿੱਤੀ ਹੈ। ਇਕ ਪਾਰਕ ਵਿਚ ਦੋ ਦੋਸਤਾਂ ਦਾ ਕਤਲ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਖਿਆਲਾ ਥਾਣਾ ਅਤੇ ਤਿਲਕ ਨਗਰ ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਪੱਛਮੀ ਦਿੱਲੀ ਦੇ ਤਿਲਕ ਨਗਰ ਥਾਣਾ ਖੇਤਰ ਵਿਚ ਇਕ ਦੋਹਰੇ ਕਤਲ ਦੀ ਘਟਨਾ ਸਾਹਮਣੇ ਆਈ ਹੈ। ਜਾਂਚ ਵਿਚ ਪਤਾ ਲੱਗਿਆ ਹੈ ਕਿ ਇਕ ਦੋਸਤ ਨੇ ਦੂਜੇ ਦੋਸਤ ’ਤੇ ਚਾਕੂ ਨਾਲ ਹਮਲਾ ਕੀਤਾ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਡੀ.ਸੀ.ਪੀ. ਵੈਸਟ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਸੰਦੀਪ ਅਤੇ ਆਰਿਫ਼ ਵਜੋਂ ਹੋਈ ਹੈ। ਦੋਵੇਂ ਖਿਆਲਾ ਬੀ ਬਲਾਕ ਦੇ ਰਹਿਣ ਵਾਲੇ ਸਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਦੀਨ ਦਿਆਲ ਉਪਾਧਿਆਏ ਹਸਪਤਾਲ ਭੇਜ ਦਿੱਤਾ ਗਿਆ ਹੈ।
ਦੋਵੇਂ ਦੋਸਤ ਇਕੋ ਗਲੀ ਵਿਚ ਆਪਣੇ ਪਰਿਵਾਰਾਂ ਨਾਲ ਰਹਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕਰੀਬੀ ਦੋਸਤ ਸਨ। ਦੋਵੇਂ ਵਿਆਹੇ ਹੋਏ ਸਨ ਅਤੇ ਦੋਵਾਂ ਦੇ ਬੱਚੇ ਹਨ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸੰਦੀਪ ਇਕ ਪ੍ਰਾਪਰਟੀ ਡੀਲਰ ਸੀ ਤੇ ਨਾਲ ਹੀ ਉਹ ਜਿਮ ਟ੍ਰੇਨਰ ਵੀ ਸੀ।
ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਦੋਵਾਂ ਵਿਚਕਾਰ ਝਗੜਾ ਕਿਸ ਗੱਲ ਨੂੰ ਲੈ ਕੇ ਹੋਇਆ ਸੀ। ਤਿਲਕ ਨਗਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।