ਪਿੰਡ ਵਿਚ ਨਸ਼ਾ ਵੇਚਣ ਆਈ ਇਕ ਔਰਤ ਨੂੰ ਕੀਤਾ ਪੁਲਿਸ ਹਵਾਲੇ

ਮਾਨਾਂਵਾਲਾ, (ਅੰਮ੍ਰਿਤਸਰ), 7 ਜੁਲਾਈ (ਗੁਰਦੀਪ ਸਿੰਘ ਨਾਗੀ)- ਥਾਣਾ ਚਾਟੀਵਿੰਡ ਅਧੀਨ ਪਿੰਡ ਮਹਿਮਾ ਦੇ ਪਿੰਡ ਵਾਸੀਆਂ ਨੇ ਪਿੰਡ ਵਿਚ ਨਸ਼ਾ ਵੇਚਣ ਆਈ ਇਕ ਔਰਤ ਨੂੰ ਨਸ਼ੇ ਦੀਆਂ ਪੁੜੀਆਂ ਸਮੇਤ ਕਾਬੂ ਕਰਕੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੂੰ ਪਿੰਡ ਵਾਸੀਆਂ ਨੇ ਉਸ ਔਰਤ ਨੂੰ ਨਸ਼ੇ ਦੀਆਂ ਪੁੜੀਆਂ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਇਸ ਔਰਤ ਨੇ ਕਿਹਾ ਕਿ ਉਹ ਤਾਂ ਤੁਹਾਡੇ ਪਿੰਡ ਦੇ ਕਿਸੇ ਲੜਕੇ ਕੋਲੋਂ ਨਸ਼ਾ ਲੈਣ ਆਈ ਹੈ, ਜੋ ਆਪਣੀ ਐਕਟਿਵਾ ਛੱਡ ਕੇ ਭੱਜ ਗਿਆ, ਪਰ ਬਾਅਦ ਵਿਚ ਇਸ ਔਰਤ ਪਾਸੋਂ ਪਿੰਡ ਵਾਸੀਆਂ ਨੇ ਨਸ਼ੇ ਦੀਆਂ ਪੁੜੀਆਂ ਬਰਾਮਦ ਕੀਤੀਆਂ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਔਰਤ ਪਾਸੋਂ ਦੋ ਆਧਾਰ ਕਾਰਡ ਮਿਲੇ ਹਨ, ਜਿੰਨ੍ਹਾ ਵਿਚੋਂ ਇਕ ’ਤੇ ਇਸ ਔਰਤ ਦਾ ਪਤਾ ਚਾਟੀਵਿੰਡ ਲਹਿਲ ਅਤੇ ਦੂਜੇ ’ਤੇ ਬਠਿੰਡੇ ਦਾ ਪਤਾ ਸੀ।