ਅਮਰਨਾਥ ਯਾਤਰਾ: 6,400 ਸ਼ਰਧਾਲੂ ਦਾ ਤੀਜਾ ਜਥਾ ਹੋਇਆ ਰਵਾਨਾ

ਜੰਮੂ, 4 ਜੁਲਾਈ- ਅਧਿਕਾਰੀਆਂ ਨੇ ਦੱਸਿਆ ਕਿ ਸਾਲਾਨਾ ਅਮਰਨਾਥ ਯਾਤਰਾ ਵਿਚ ਸ਼ਾਮਿਲ ਹੋਣ ਲਈ ਅੱਜ ਦੋ ਵੱਖ-ਵੱਖ ਕਾਫਲਿਆਂ ਵਿਚ 6,400 ਤੋਂ ਵੱਧ ਸ਼ਰਧਾਲੂਆਂ ਦਾ ਤੀਜਾ ਜਥਾ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਤੋਂ ਜਦੋਂ 38 ਦਿਨਾਂ ਦੀ ਸਾਲਾਨਾ ਯਾਤਰਾ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਅਤੇ ਗੰਦਰਬਲ ਜ਼ਿਲ੍ਹੇ ਦੇ ਬਾਲਟਾਲ ਦੋ ਰਵਾਇਤੀ ਟ੍ਰੈਕਾਂ ਤੋਂ ਸ਼ੁਰੂ ਹੋਈ ਸੀ, ਉਦੋਂ ਤੋਂ ਹੁਣ ਤੱਕ ਲਗਭਗ 14,000 ਸ਼ਰਧਾਲੂਆਂ ਨੇ 3,880 ਮੀਟਰ ਉੱਚੀ ਗੁਫਾ ਤੀਰਥ ਸਥਾਨ ਦੇ ਦਰਸ਼ਨ ਕੀਤੇ ਹਨ। ਉਨ੍ਹਾਂ ਕਿਹਾ ਕਿ 6,411 ਸ਼ਰਧਾਲੂਆਂ ਦਾ ਤੀਜਾ ਜੱਥਾ, ਜਿਨ੍ਹਾਂ ਵਿਚ 4,723 ਪੁਰਸ਼, 1,071 ਔਰਤਾਂ, 37 ਬੱਚੇ ਅਤੇ 580 ਸਾਧੂ ਅਤੇ ਸਾਧਵੀਆਂ ਹਨ, 291 ਵਾਹਨਾਂ ਵਿਚ ਰਵਾਨਾ ਹੋਇਆ।.
ਇਹ ਜੱਥਾ ਸਵੇਰੇ 3.15 ਵਜੇ ਅਤੇ ਸਵੇਰੇ 4 ਵਜੇ ਬਾਲਟਾਲ ਅਤੇ ਪਹਿਲਗਾਮ ਲਈ ਦੋ ਸਮੂਹਾਂ ਵਿਚ ਸੀ.ਆਰ.ਪੀ.ਐਫ. ਦੀ ਸੁਰੱਖਿਆ ਹੇਠ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਇਆ। ਜਦੋਂ ਕਿ 3,622 ਸ਼ਰਧਾਲੂਆਂ ਨੇ 138 ਵਾਹਨਾਂ ਵਿਚ 48 ਕਿਲੋਮੀਟਰ ਦੇ ਰਵਾਇਤੀ ਪਹਿਲਗਾਮ ਰੂਟ ’ਤੇ ਯਾਤਰਾ ਕੀਤੀ, 153 ਵਾਹਨਾਂ ਵਿਚ ਸਵਾਰ 2,789 ਸ਼ਰਧਾਲੂਆਂ ਨੇ ਛੋਟੇ ਪਰ ਉੱਚੇ 14 ਕਿਲੋਮੀਟਰ ਬਾਲਟਾਲ ਰੂਟ ’ਤੇ ਯਾਤਰਾ ਕੀਤੀ। ਇਸ ਨਵੀਂ ਰਵਾਨਗੀ ਦੇ ਨਾਲ, ਬੀਤੇ ਬੁੱਧਵਾਰ ਤੋਂ ਉਪ ਰਾਜਪਾਲ ਮਨੋਜ ਸਿਨਹਾ ਵਲੋਂ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ, ਕੁੱਲ 17,549 ਸ਼ਰਧਾਲੂ ਜੰਮੂ ਬੇਸ ਕੈਂਪ ਤੋਂ ਵਾਦੀ ਲਈ ਰਵਾਨਾ ਹੋ ਗਏ ਹਨ। 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ, ਜਿਸ ਵਿਚ 26 ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ, ਦੇ ਬਾਵਜੂਦ ਯਾਤਰਾ ਸਖ਼ਤ ਸੁਰੱਖਿਆ ਹੇਠ ਆਮ ਵਾਂਗ ਜਾਰੀ ਹੈ, ਹਾਲਾਂਕਿ ਸਖ਼ਤ ਭਗਵਤੀ ਨਗਰ ਬੇਸ ਕੈਂਪ ਨੂੰ ਬਹੁ-ਪੱਧਰੀ ਸੁਰੱਖਿਆ ਘੇਰੇ ਹੇਠ ਰੱਖਿਆ ਗਿਆ ਹੈ।
ਹੁਣ ਤੱਕ 3.5 ਲੱਖ ਤੋਂ ਵੱਧ ਲੋਕਾਂ ਨੇ ਯਾਤਰਾ ਲਈ ਆਨਲਾਈਨ ਰਜਿਸਟਰ ਕੀਤਾ ਹੈ। ਜੰਮੂ ਭਰ ਵਿਚ 34 ਰਿਹਾਇਸ਼ ਕੇਂਦਰ ਸਥਾਪਤ ਕੀਤੇ ਗਏ ਹਨ, ਅਤੇ ਸ਼ਰਧਾਲੂਆਂ ਨੂੰ ਰੇਡੀਓ ਫਰੀਕੁਐਂਸੀ ਆਈਡੈਂਟੀਫਿਕੇਸ਼ਨ ਟੈਗ ਜਾਰੀ ਕੀਤੇ ਜਾ ਰਹੇ ਹਨ। ਸ਼ਰਧਾਲੂਆਂ ਦੀ ਮੌਕੇ ’ਤੇ ਰਜਿਸਟ੍ਰੇਸ਼ਨ ਲਈ 12 ਕਾਊਂਟਰ ਸਥਾਪਤ ਕੀਤੇ ਗਏ ਹਨ।