ਬਿਕਰਮ ਸਿੰਘ ਮਜੀਠੀਆ ਹਮੇਸ਼ਾ ਬੋਲਦੇ ਹਨ ਸੱਚ- ਗਨੀਵ ਕੌਰ ਮਜੀਠੀਆ

ਮਜੀਠਾ, (ਅੰਮ੍ਰਿਤਸਰ), 1 ਜੁਲਾਈ- ਅੱਜ ਵਿਜੀਲੈਂਸ ਦੀ ਟੀਮ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਮਜੀਠਾ ਵਿਖੇ ਲਿਆਏ ਜਾਣ ਦੀ ਪੂਰੀ ਸੰਭਾਵਨਾ ਹੈ। ਇਸ ਨੂੰ ਦੇਖਦੇ ਹੋਏ ਗਨੀਵ ਕੌਰ ਮਜੀਠੀਆ ਆਪਣੇ ਸਮਰਥਕਾਂ ਸਮੇਤ ਮਜੀਠਾ ਪੁੱਜੇ। ਇਸ ਦੌਰਾਨ ਪੁਲਿਸ ਨੇ ਮਜੀਠੀਆ ਦੇ ਦਫ਼ਤਰ ਨੂੰ ਤਾਲੇ ਲਗਾ ਦਿੱਤੇ ਤੇ ਬੈਰੀਕੇਡਿੰਗ ਕਰ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਮੈਂ ਆਪਣੇ ਦਫ਼ਤਰ ਜਾਣਾ ਚਾਹੁੰਦੀ ਹਾਂ ਪਰ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਹਰ ਕੋਈ ਬਿਕਰਮ ਸਿੰਘ ਮਜੀਠੀਆ ਦਾ ਨਾਂਅ ਲੈ ਰਿਹਾ ਹੈ ਕਿਉਂਕਿ ਉਹ ਮਾੜੇ ਅਨਸਰਾਂ ਨੂੰ ਉਜਾਗਰ ਕਰਦਾ ਹੈ ਤੇ ਹਮੇਸ਼ਾ ਸੱਚ ਬੋਲਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਤਾਂ ਪੁਲਿਸ ਨੂੰ ਜਾਂਚ ਵਿਚ ਕੁਝ ਨਹੀਂ ਮਿਲਿਆ। ਪੁਲਿਸ ਵਲੋਂ ਰੋਕੇ ਜਾਣ ’ਤੇ ਗਨੀਵ ਕੌਰ ਪੌੜੀਆਂ ਵਿਚ ਹੀ ਬੈਠ ਗਏ ।