ਮਹਾਰਾਸ਼ਟਰ: ਵਿਆਹ ਤੋਂ 15 ਦਿਨਾਂ ਬਾਅਦ ਔਰਤ ਨੇ ਪਤੀ ਦਾ ਕੀਤਾ ਕਤਲ

ਸਾਂਗਲੀ, 12 ਜੂਨ- ਮਹਾਰਾਸ਼ਟਰ ਦੇ ਸਾਂਗਲੀ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ 27 ਸਾਲਾ ਔਰਤ ਨੇ ਆਪਣੇ ਵਿਆਹ ਤੋਂ ਸਿਰਫ਼ ਪੰਦਰਾਂ ਦਿਨ ਬਾਅਦ ਹੀ ਆਪਣੇ ਪਤੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਔਰਤ ਨੇ ਬੁੱਧਵਾਰ ਨੂੰ ਸਵੇਰੇ 12.30 ਵਜੇ ਦੇ ਕਰੀਬ ਆਪਣੇ 53 ਸਾਲਾ ਪਤੀ ਅਨਿਲ ਲੋਖੰਡੇ ’ਤੇ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ 15 ਦਿਨ ਪੁਰਾਣੇ ਵਿਆਹ ਨੂੰ ਪੂਰਾ ਕਰਨ ’ਤੇ ਜ਼ੋਰ ਦੇ ਰਿਹਾ ਸੀ, ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਜੋੜਾ ਸਾਂਗਲੀ ਜ਼ਿਲ੍ਹੇ ਦੀ ਕੁਪਵਾੜ ਤਹਿਸੀਲ ਵਿਚ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਇਹ ਲੋਖੰਡੇ ਦਾ ਦੂਜਾ ਵਿਆਹ ਸੀ ਕਿਉਂਕਿ ਉਸ ਦੀ ਪਹਿਲੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ। ਕੁਪਵਾੜ ਐਮ.ਆਈ.ਡੀ.ਸੀ. ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੁੱਸੇ ਵਿੱਚ ਆ ਕੇ ਦੋਸ਼ੀ, ਜਿਸ ਦੀ ਪਛਾਣ ਰਾਧਿਕਾ ਵਜੋਂ ਹੋਈ ਹੈ, ਨੇ ਆਪਣੇ ਪਤੀ ’ਤੇ ਕੁਹਾੜੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਔਰਤ ਨੂੰ ਬਾਅਦ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਭਾਰਤੀ ਨਿਆਏ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਉਨ੍ਹਾਂ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ।