ਹੁਣ ਟਰੇਨ ਵਿਚ ਸਾਫ਼ ਅਤੇ ਸਵਾਦਿਸ਼ਟ ਭੋਜਨ ਮਿਲੇਗਾ, ਆਈ.ਆਰ.ਸੀ.ਟੀ.ਸੀ. ਨੇ ਸ਼ੁਰੂ ਕੀਤੀ ਨਵੀਂ ਸਰਵਿਸ

ਨਵੀਂ ਦਿੱਲੀ , 1 ਜੂਨ - ਆਈ.ਆਰ.ਸੀ.ਟੀ.ਸੀ. ਨੇ ਮੇਲ ਅਤੇ ਐਕਸਪ੍ਰੈਸ ਟਰੇਨਾਂ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇਕ ਵਧੀਆ ਅਤੇ ਸੁਵਿਧਾਜਨਕ ਸੇਵਾ ਸ਼ੁਰੂ ਕੀਤੀ ਹੈ। ਇਹ ਈ-ਪੈਂਟਰੀ ਸੇਵਾ, ਜੋ ਹੁਣ ਟਰੇਨ ਸੀਟ 'ਤੇ ਯਾਤਰੀਆਂ ਨੂੰ ਸਾਫ਼, ਨਿਸ਼ਚਿਤ ਕੀਮਤ ਅਤੇ ਸਮੇਂ ਸਿਰ ਭੋਜਨ ਪ੍ਰਦਾਨ ਕਰੇਗੀ। ਪਹਿਲਾਂ ਭੋਜਨ ਦੀ ਆਨਲਾਈਨ ਬੁਕਿੰਗ ਸਹੂਲਤ ਸਿਰਫ ਪ੍ਰੀਮੀਅਮ ਟਰੇਨਾਂ ਵਿਚ ਹੀ ਉਪਲਬਧ ਸੀ। ਹੁਣ ਇਹ ਸਹੂਲਤ ਮੇਲ ਅਤੇ ਐਕਸਪ੍ਰੈਸ ਟਰੇਨਾਂ ਵਿਚ ਵੀ ਸ਼ੁਰੂ ਕੀਤੀ ਗਈ ਹੈ। ਇਹ ਉਨ੍ਹਾਂ ਯਾਤਰੀਆਂ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੈ ਜੋ ਅਕਸਰ ਯਾਤਰਾ ਦੌਰਾਨ ਓਵਰਚਾਰਜਿੰਗ, ਅਣਅਧਿਕਾਰਤ ਵਿਕਰੇਤਾਵਾਂ ਅਤੇ ਘਟੀਆ ਗੁਣਵੱਤਾ ਵਾਲੇ ਭੋਜਨ ਬਾਰੇ ਸ਼ਿਕਾਇਤ ਕਰਦੇ ਸਨ। ਇਹ ਸੇਵਾ ਭਾਰਤ ਦੀ ਸਭ ਤੋਂ ਲੰਬੀ ਦੂਰੀ ਵਾਲੀ ਟਰੇਨ ਵਿਵੇਕ ਐਕਸਪ੍ਰੈਸ (22503/04) ਨਾਲ ਸ਼ੁਰੂ ਕੀਤੀ ਗਈ ਹੈ। ਆਉਣ ਵਾਲੇ 60 ਦਿਨਾਂ ਵਿਚ, ਇਸ ਨੂੰ 25 ਹੋਰ ਟਰੇਨਾਂ (100 ਰੈਕ) ਵਿਚ ਲਾਗੂ ਕੀਤਾ ਜਾਵੇਗਾ। ਸਫਲਤਾ ਤੋਂ ਬਾਅਦ ਇਸ ਨੂੰ ਦੇਸ਼ ਭਰ ਦੀਆਂ ਹੋਰ ਮੇਲ/ਐਕਸਪ੍ਰੈਸ ਟਰੇਨਾਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ।