ਬੀ.ਏ ਦਾ ਪੇਪਰ ਸਿਲੇਬਸ ’ਚ ਬਾਹਰੋ ਆਉਣ ਕਾਰਨ ਚਿੰਤਾਂ ’ਚ ਵਿਦਿਆਰਥੀ

ਰੂੜੇਕੇ ਕਲਾਂ, (ਬਰਨਾਲਾ), 21 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪਿਛਲੇ ਦਿਨੀਂ ਬੀ.ਏ ਸਮੈਸਟਰ 4 ਪ੍ਰਾਈਵੇਟ ਵਿਦਿਆਰਥੀਆਂ ਦਾ ਸ਼ਾਮ ਸਮੇਂ ਲਿਆ ਗਿਆ ਅੰਗਰੇਜੀ ਕਾਮਿਊਨੀਕੇਸ਼ਨ ਸਕਿੱਲਜ਼ ਦਾ ਪੇਪਰ ਸਿਲੇਬਸ ਤੋਂ ਬਾਹਰੋਂ ਆਉਣ ਕਰਕੇ ਵਿਦਿਆਰਥੀ ਚਿੰਤਾਂ ਵਿਚ ਹਨ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਬੀ.ਏ ਸਮੈਸਟਰ 4 ਪ੍ਰਾਈਵੇਟ ਵਿਦਿਆਰਥੀਆਂ ਦਾ 20 ਮਈ 2025 ਸ਼ਾਮ ਨੂੰ ਅੰਗਰੇਜੀ ਕਮਿਊਨੀਕੇਸ਼ਨ ਸਕਿੱਲਜ਼ ਦਾ ਪੇਪਰ ਲਿਆ ਗਿਆ ਸੀ। ਪੀੜ੍ਹਤ ਵਿਦਿਆਰਥੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਅੰਗਰੇਜੀ ਕਮਿਊਨੀਕੇਸ਼ਨ ਸਕਿੱਲਜ਼ ਵਿਸ਼ੇ ਦਾ ਸਿਲੇਬਸ ਬਦਲ ਦਿੱਤਾ ਗਿਆ ਸੀ। ਪ੍ਰਾਈਵੇਟ ਬੀ.ਏ. ਕਰ ਰਹੇ ਵਿਦਿਆਰਥੀਆਂ ਨੇ ਨਵੇਂ ਸਿਲੇਬਸ ਅਨੁਸਾਰ ਆਪਣੇ ਪੇਪਰ ਦੀ ਤਿਆਰੀ ਕੀਤੀ ਸੀ। ਪੇਪਰ ਦਾ ਪਹਿਲਾ ਸਾਰਾ ਭਾਗ ਜੋ ਕਿ ਕਰੀਬ 42 ਨੰਬਰਾਂ ਦਾ ਸੀ। ਪੁਰਾਣੇ ਸਿਲੇਬਸ ਵਿਚੋਂ ਪਾ ਦਿੱਤਾ ਗਿਆ ਸੀ। ਜਦੋਂ ਇਸ ਸੰਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰੀਖਿਆਵਾਂ ਕੰਟਰੋਲ ਸੈਲ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹ੍ਹਾਂ ਕਿਹਾ ਕਿ ਪੇਪਰ ਪੁਰਾਣੇ ਸਿਲੇਬਸ ਵਿਚੋਂ ਆਉਣ ਸੰਬੰਧੀ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਸ ਸੰਬੰਧੀ ਕਮੇਟੀ ਦੀ ਮੀਟਿੰਗ ਵਿਚ ਵਿਚਾਰ ਕਰਨ ਉਪਰੰਤ ਅਗਲਾ ਫੈਸਲਾ ਲਿਆ ਜਾਵੇਗਾ। ਵਿਦਿਆਰਥੀਆਂ ਨੂੰ ਆਈ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।