ਮੌਸਮ ਦੀ ਤਬਦੀਲੀ ਕਾਰਨ ਸੂਬੇ ’ਚ ਬਿਜਲੀ ਦੀ ਮੰਗ 2614 ਮੈਗਾਵਾਟ ਘਟੀ

ਲਹਿਰਾ ਮੁਹੱਬਤ, 11 ਮਈ (ਸੁਖਪਾਲ ਸਿੰਘ ਸੁੱਖੀ)- ਮੌਸਮੀ ਤਬਦੀਲੀ ਕਾਰਨ ਸੂਬੇ ਭਰ ਵਿਚ ਬਿਜਲੀ ਦੀ ਮੰਗ ਦਿਨ ਦੇ ਮੁਕਾਬਲੇ 2614 ਮੈਗਾਵਾਟ ਘੱਟ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰਾਜ ਬਿਜਲੀ ਨਿਗਮ ਦੇ ਆਪਣੇ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਦਾ ਯੂਨਿਟ ਨੰਬਰ 2 ਕਿਸੇ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ ਤੇ 3 ਨੰਬਰ ਯੂਨਿਟ ਮੰਗ ਘੱਟ ਹੋਣ ਕਾਰਨ ਬੰਦ ਪਿਆ ਹੈ । ਬਾਕੀ ਦੋ ਯੂਨਿਟ 303 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ।ਇਸ ਤੋਂ ਇਲਾਵਾ ਗੁਰੁ ਗੋਬਿੰਦ ਸਿੰਘ ਸੁਪਰ ਤਾਪ ਘਰ ਰੋਪੜ 3 ਯੂਨਿਟ 463 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ ਤੇ ਇਕ ਯੂਨਿਟ ਬੰਦ ਹੈ।ਗੁਰੂ ਅੰਗਦ ਦੇਵ ਤਾਪ ਬਿਜਲੀ ਘਰ ਗੋਇੰਦਵਾਲ ਦੇ ਇਕ ਯੂਨਿਟ 270 ਮੈਗਾਵਾਟ 'ਚੋਂ 188 ਮੈਗਾਵਾਟ ਉਤਪਾਦਨ ਕਰ ਰਿਹਾ ਤੇ ਇਕ ਯੂਨਿਟ ਬੰਦ ਹੈ।ਨਿੱਜੀ ਖੇਤਰ ਦੇ ਰਾਜਪੁਰਾ ਤਾਪ ਘਰ ਦੇ ਦੋ ਯੂਨਿਟ 1074 ਮੈਗਾਵਾਟ ਤੇ ਵੇਦਾਂਤਾ ਗੁਰੱਪ ਤਲਵੰਡੀ ਸਾਬੋ ਦੇ ਇਕ ਯੂਨਿਟ ਬੰਦ ਤੇ 2 ਯੂਨਿਟ 995 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ।ਅੱਜ ਦੁਪਹਿਰ ਸਮੇਂ ਬਿਜਲੀ ਦੀ ਮੰਗ 8540 ਮੈਗਾਵਾਟ ਸੀ ਤੇ ਜਿਸ ਵਿਚੋਂ 5293 ਮੈਗਾਵਾਟ ਬਾਹਰੀ ਖੇਤਰ ਤੋਂ ਪ੍ਰਾਪਤ ਕੀਤੀ ਜਾ ਰਹੀ ਸੀ।ਸੂਬੇ ਦੇ ਸਰਕਾਰੀ ਤੇ ਨਿੱਜੀ ਖੇਤਰ ਦੇ ਤਾਪ ਘਰਾਂ ਤੋਂ ਇਲਾਵਾ ਪਣ ਬਿਜਲੀ ਘਰ ਤੇ ਸੋਲਰ ਸ੍ਰੋਤਾਂ ਤੋਂ ਮਿਲਾ ਕੇ 3234 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ।ਸ਼ਾਮ ਦੇ ਸਮੇਂ ਖ਼ਬਰ ਲਿਖੇ ਜਾਣ ਤੱਕ ਬਿਜਲੀ ਦੀ ਮੰਗ ਮੌਸਮ ਦੀ ਤਬਦੀਲੀ ਕਾਰਨ ਘੱਟ ਕੇ 5926 ਮੈਗਾਵਾਟ ਰਹਿ ਗਈ।