ਭਾਰਤ ਨੇ 9 ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕਰਕੇ 100 ਦਹਿਸ਼ਤਗਰਦਾਂ ਨੂੰ ਮਾਰਿਆ

ਨਵੀਂ ਦਿੱਲੀ ,11 ਮਈ - ਭਾਰਤੀ ਫ਼ੌਜ, ਹਵਾਈ ਫ਼ੌਜ ਅਤੇ ਜਲ ਸੈਨਾ ਦੀ ਪ੍ਰੈੱਸ ਕਾਨਫਰੰਸ ਸ਼ੁਰੂ ਹੋ ਗਈ ਹੈ। ਇਸ ਕਾਨਫਰੰਸ ਵਿਚ, ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀ.ਜੀ.ਐਮ.ਓ.) ਲੈਫਟੀਨੈਂਟ ਜਨਰਲ ਰਾਜੀਵ ਘਈ ਆਪ੍ਰੇਸ਼ਨ ਸੰਧੂਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਦੇ ਨਾਲ ਡੀ.ਜੀ। ਏਅਰ ਆਪ੍ਰੇਸ਼ਨਜ਼ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ ਅਤੇ ਡੀ.ਜੀ. ਨੇਵਲ ਆਪ੍ਰੇਸ਼ਨਜ਼ ਵਾਈਸ ਐਡਮਿਰਲ ਏ.ਐਨ. ਪ੍ਰਮੋਦ ਵੀ ਹਨ। ਇਹ ਪਹਿਲੀ ਵਾਰ ਹੈ ਜਦੋਂ ਤਿੰਨਾਂ ਫ਼ੌਜਾਂ ਦੇ ਸੀਨੀਅਰ ਅਧਿਕਾਰੀ ਇਸ ਕਾਰਵਾਈ ਬਾਰੇ ਇਕੱਠੇ ਬ੍ਰੀਫਿੰਗ ਦੇ ਰਹੇ ਹਨ। ਕਾਨਫਰੰਸ ਦੀ ਸ਼ੁਰੂਆਤ ਸ਼ਿਵ ਤਾਂਡਵ ਦੀ ਧੁਨ ਨਾਲ ਹੋਈ। ਲੈਫਟੀਨੈਂਟ ਜਨਰਲ ਰਾਜੀਵ ਘਈ, ਵਾਈਸ ਐਡਮਿਰਲ ਏ. ਐਨ. ਪ੍ਰਮੋਦ ਤੇ ਏਅਰ ਮਾਰਸ਼ਲ ਕੁਮਾਰ ਭਾਰਤੀ ਨੇ 'ਆਪ੍ਰੇਸ਼ਨ ਸੰਧੂਰ' ਬਾਰੇ ਦੱਸਿਆ ਕਿ ਉਨ੍ਹਾਂ ਪਾਕਿਸਤਾਨ ਵਿਚ ਕਿਸੇ ਵੀ ਫੌਜੀ ਟਿਕਾਣੇ 'ਤੇ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ। ਭਾਰਤ ਨੇ 9 ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕਰਕੇ 100 ਦਹਿਸ਼ਤਗਰਦਾਂ ਨੂੰ ਮਾਰਿਆ। ਇਨ੍ਹਾਂ ਵਿਚੋਂ ਕੰਧਾਰ ਹਾਈਜੈਕ ਤੇ ਪੁਲਵਾਮਾ ਹਮਲੇ ਕਰਨ ਵਾਲੇ ਤਿੰਨ ਦਹਿਸ਼ਤਗਰਦ ਵੀ ਸ਼ਾਮਿਲ ਹਨ। 'ਆਪ੍ਰੇਸ਼ਨ ਸੰਧੂਰ' ਤਹਿਤ ਪਾਕਿਸਤਾਨ ਦੇ 40 ਫੌਜੀ ਜਵਾਨ ਤੇ ਅਧਿਕਾਰੀ ਹਲਾਕ ਹੋਏ। ਲੈਫਟੀਨੈਂਟ ਘਈ ਨੇ ਦੱਸਿਆ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਚ ਚਲਦੇ ਅੱਤਵਾਦੀ ਕੈਂਪਾਂ ਦੀ ਨਿਸ਼ਾਨਦੇਹੀ ਕੀਤੀ ਤੇ ਇਸ ਤੋਂ ਬਾਅਦ ਕਾਰਵਾਈ ਕੀਤੀ। ਏਅਰਮਾਰਸ਼ਲ ਭਾਰਤੀ ਨੇ ਦੱਸਿਆ ਕਿ ਭਾਰਤ ਨੇ ਉਨ੍ਹਾਂ ਥਾਵਾਂ ’ਤੇ ਹਮਲਾ ਕੀਤਾ ਜਿੱਥੇ ਪਾਕਿਤਸਾਨ ਤੇ ਦਹਿਸ਼ਤਗਰਦ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ।